Skip to content

Skip to table of contents

ਅਧਿਐਨ ਲੇਖ 25

ਯਹੋਵਾਹ ਮਾਫ਼ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ

ਯਹੋਵਾਹ ਮਾਫ਼ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ

“ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”​—ਕੁਲੁ. 3:13.

ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

ਖ਼ਾਸ ਗੱਲਾਂ *

1. ਦਿਲੋਂ ਤੋਬਾ ਕਰਨ ਵਾਲਿਆਂ ਨੂੰ ਯਹੋਵਾਹ ਨੇ ਕਿਹੜਾ ਭਰੋਸਾ ਦਿਵਾਇਆ?

 ਯਹੋਵਾਹ ਸਾਡਾ ਸ੍ਰਿਸ਼ਟੀਕਰਤਾ, ਕਾਨੂੰਨ ਬਣਾਉਣ ਵਾਲਾ ਅਤੇ ਸਭ ਤੋਂ ਵਧੀਆ ਨਿਆਂਕਾਰ ਹੈ। (ਜ਼ਬੂ. 100:3; ਯਸਾ. 33:22) ਇਸ ਕਰਕੇ ਉਸ ਕੋਲ ਸਾਨੂੰ ਮਾਫ਼ ਕਰਨ ਦਾ ਅਧਿਕਾਰ ਹੈ। ਪਰ ਉਹ ਸਾਡਾ ਪਿਆਰਾ ਪਿਤਾ ਵੀ ਹੈ ਅਤੇ ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਜਦੋਂ ਕੋਈ ਪਾਪ ਹੋ ਜਾਣ ਤੇ ਅਸੀਂ ਦਿਲੋਂ ਤੋਬਾ ਕਰਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂ. 86:5) ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਆਪਣੇ ਲੋਕਾਂ ਨੂੰ ਪਿਆਰ ਨਾਲ ਭਰੋਸਾ ਦਿਵਾਇਆ: “ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ, ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ।”​—ਯਸਾ. 1:18.

2. ਜੇ ਅਸੀਂ ਦੂਜਿਆਂ ਨਾਲ ਚੰਗਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੁੰਦੇ ਹੈ?

2 ਨਾਮੁਕੰਮਲ ਹੋਣ ਕਰਕੇ ਅਸੀਂ ਅਕਸਰ ਕੁਝ ਅਜਿਹਾ ਕਹਿ ਜਾਂ ਕਰ ਦਿੰਦੇ ਹਾਂ ਜਿਸ ਨਾਲ ਦੂਜਿਆਂ ਨੂੰ ਠੇਸ ਪਹੁੰਚਦੀ ਹੈ। (ਯਾਕੂ. 3:2) ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਾ ਹੀ ਨਹੀਂ ਸਕਦੇ। ਜੇ ਅਸੀਂ ਇਕ-ਦੂਜੇ ਨੂੰ ਮਾਫ਼ ਕਰਨਾ ਸਿੱਖੀਏ, ਤਾਂ ਅਸੀਂ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਾਈ ਰੱਖ ਸਕਾਂਗੇ। (ਕਹਾ. 17:9; 19:11; ਮੱਤੀ 18:21, 22) ਜਦੋਂ ਅਸੀਂ ਇਕ-ਦੂਜੇ ਨੂੰ ਛੋਟੀਆਂ-ਮੋਟੀਆਂ ਗੱਲਾਂ ਵਿਚ ਠੇਸ ਪਹੁੰਚਾਉਂਦੇ ਹਾਂ, ਤਾਂ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਮਾਫ਼ ਕਰੀਏ। (ਕੁਲੁ. 3:13) ਇਸ ਤਰ੍ਹਾਂ ਕਰਨ ਦਾ ਸਾਡੇ ਕੋਲ ਇਕ ਚੰਗਾ ਕਾਰਨ ਹੈ ਕਿ ਸਾਡਾ ਪਿਤਾ ਯਹੋਵਾਹ ਸਾਨੂੰ “ਖੁੱਲ੍ਹੇ ਦਿਲ ਨਾਲ ਮਾਫ਼” ਕਰਦਾ ਹੈ।​—ਯਸਾ. 55:7.

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਨਾਮੁਕੰਮਲ ਹੋਣ ਦੇ ਬਾਵਜੂਦ ਅਸੀਂ ਮਾਫ਼ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ। ਨਾਲੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਜਾਣਾਂਗੇ: ਕਿਹੜੇ ਪਾਪਾਂ ਬਾਰੇ ਸਾਨੂੰ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ? ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ? ਨਾਲੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੂੰ ਦੂਜਿਆਂ ਦੇ ਪਾਪਾਂ ਕਰਕੇ ਬਹੁਤ ਜ਼ਿਆਦਾ ਦੁੱਖ ਸਹਿਣੇ ਪਏ?

ਜਦੋਂ ਕੋਈ ਮਸੀਹੀ ਗੰਭੀਰ ਪਾਪ ਕਰਦਾ ਹੈ

4. (ੳ) ਜੇ ਯਹੋਵਾਹ ਦਾ ਕੋਈ ਸੇਵਕ ਗੰਭੀਰ ਪਾਪ ਕਰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? (ਅ) ਕਿਸੇ ਵਿਅਕਤੀ ਦੇ ਗੰਭੀਰ ਪਾਪ ਬਾਰੇ ਪਤਾ ਲੱਗਣ ਤੇ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?

4 ਗੰਭੀਰ ਪਾਪਾਂ ਬਾਰੇ ਸਾਨੂੰ ਬਜ਼ੁਰਗਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। 1 ਕੁਰਿੰਥੀਆਂ 6:9, 10 ਵਿਚ ਇਹੋ ਜਿਹੇ ਪਾਪਾਂ ਬਾਰੇ ਦੱਸਿਆ ਗਿਆ ਹੈ। ਗੰਭੀਰ ਪਾਪ ਕਰ ਕੇ ਇਕ ਵਿਅਕਤੀ ਪਰਮੇਸ਼ੁਰ ਦੇ ਕਾਨੂੰਨ ਦੀ ਘੋਰ ਉਲੰਘਣਾ ਕਰਦਾ ਹੈ। ਜੇ ਕੋਈ ਮਸੀਹੀ ਅਜਿਹਾ ਪਾਪ ਕਰਦਾ ਹੈ, ਤਾਂ ਉਸ ਨੂੰ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਨੇ ਚਾਹੀਦੇ ਹਨ ਅਤੇ ਇਸ ਬਾਰੇ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਵੀ ਦੱਸਣਾ ਚਾਹੀਦਾ ਹੈ। (ਜ਼ਬੂ. 32:5; ਯਾਕੂ. 5:14) ਸਿਰਫ਼ ਯਹੋਵਾਹ ਕੋਲ ਹੀ ਕਿਸੇ ਦੇ ਪਾਪ ਮਾਫ਼ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਉਹ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਇਸ ਤਰ੍ਹਾਂ ਕਰਦਾ ਹੈ। * ਪਰ ਯਹੋਵਾਹ ਨੇ ਮੰਡਲੀ ਦੇ ਬਜ਼ੁਰਗਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਬਾਈਬਲ ਦੇ ਅਸੂਲਾਂ ਦੇ ਆਧਾਰ ʼਤੇ ਇਹ ਫ਼ੈਸਲਾ ਕਰਨ ਕਿ ਗੰਭੀਰ ਪਾਪ ਕਰਨ ਵਾਲਾ ਵਿਅਕਤੀ ਮੰਡਲੀ ਵਿਚ ਰਹਿ ਸਕਦਾ ਹੈ ਜਾਂ ਨਹੀਂ। (1 ਕੁਰਿੰ. 5:12) ਇਹ ਫ਼ੈਸਲਾ ਕਰਦੇ ਹੋਏ ਬਜ਼ੁਰਗ ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖਦੇ ਹਨ: ਕੀ ਉਸ ਮਸੀਹੀ ਨੇ ਜਾਣ-ਬੁੱਝ ਕੇ ਪਾਪ ਕੀਤਾ? ਕੀ ਉਸ ਨੇ ਸਕੀਮ ਘੜ ਕੇ ਪਾਪ ਕੀਤਾ? ਕੀ ਉਹ ਲੰਬੇ ਸਮੇਂ ਤੋਂ ਇਹ ਪਾਪ ਕਰ ਰਿਹਾ ਸੀ? ਸਭ ਤੋਂ ਜ਼ਰੂਰੀ ਗੱਲ, ਕੀ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਦਿਲੋਂ ਤੋਬਾ ਕੀਤੀ ਹੈ? ਨਾਲੇ ਕੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ?​—ਰਸੂ. 3:19.

5. ਮੰਡਲੀ ਦੇ ਬਜ਼ੁਰਗ ਜੋ ਫ਼ੈਸਲਾ ਕਰਦੇ ਹਨ, ਉਸ ਨਾਲ ਕੀ ਫ਼ਾਇਦਾ ਹੁੰਦਾ ਹੈ?

5 ਜਦੋਂ ਬਜ਼ੁਰਗ ਪਾਪ ਕਰਨ ਵਾਲੇ ਵਿਅਕਤੀ ਨੂੰ ਮਿਲਦੇ ਹਨ, ਤਾਂ ਉਹ ਉਹੀ ਫ਼ੈਸਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਯਹੋਵਾਹ ਨੇ ਸਵਰਗ ਵਿਚ ਪਹਿਲਾਂ ਹੀ ਲਿਆ ਹੋਵੇਗਾ। ਯਹੋਵਾਹ ਮੁਤਾਬਕ ਫ਼ੈਸਲਾ ਕਰਨ ਲਈ ਬਜ਼ੁਰਗ ਪ੍ਰਾਰਥਨਾ ਕਰ ਕੇ ਬਾਈਬਲ ਦੇ ਅਸੂਲਾਂ ਅਤੇ ਮਾਮਲੇ ਨੂੰ ਨਜਿੱਠਣ ਸੰਬੰਧੀ ਹਿਦਾਇਤਾਂ ʼਤੇ ਸੋਚ-ਵਿਚਾਰ ਕਰਦੇ ਹਨ। (ਮੱਤੀ 18:18) ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ? ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਜਿਸ ਨਾਲ ਯਹੋਵਾਹ ਦੀਆਂ ਅਨਮੋਲ ਭੇਡਾਂ ਦੀ ਰਾਖੀ ਹੁੰਦੀ ਹੈ। (1 ਕੁਰਿੰ. 5:6, 7, 11-13; ਤੀਤੁ. 3:10, 11) ਇਸ ਫ਼ੈਸਲੇ ਕਰਕੇ ਪਾਪੀ ਨੂੰ ਵੀ ਤੋਬਾ ਕਰਨ ਅਤੇ ਯਹੋਵਾਹ ਕੋਲ ਵਾਪਸ ਆਉਣ ਦਾ ਮੌਕਾ ਮਿਲਦਾ ਹੈ। (ਲੂਕਾ 5:32) ਬਜ਼ੁਰਗ ਦਿਲੋਂ ਤੋਬਾ ਕਰਨ ਵਾਲੇ ਪਾਪੀ ਲਈ ਪ੍ਰਾਰਥਨਾ ਕਰਦੇ ਹਨ ਕਿ ਯਹੋਵਾਹ ਪਾਪੀ ਦੀ ਉਸ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਮਦਦ ਕਰੇ।​—ਯਾਕੂ. 5:15.

6. ਜੇ ਕਿਸੇ ਵਿਅਕਤੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ, ਤਾਂ ਕੀ ਯਹੋਵਾਹ ਉਸ ਨੂੰ ਮਾਫ਼ ਕਰਦਾ ਹੈ? ਸਮਝਾਓ।

6 ਜੇ ਬਜ਼ੁਰਗ ਦੇਖਦੇ ਹਨ ਕਿ ਕੋਈ ਵਿਅਕਤੀ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦਾ, ਤਾਂ ਉਹ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੰਦੇ ਹਨ। ਨਾਲੇ ਜੇ ਉਸ ਵਿਅਕਤੀ ਨੇ ਦੇਸ਼ ਦਾ ਕੋਈ ਕਾਨੂੰਨ ਤੋੜਿਆ ਹੈ, ਤਾਂ ਬਜ਼ੁਰਗ ਉਸ ਨੂੰ ਸਜ਼ਾ ਤੋਂ ਨਹੀਂ ਬਚਾਉਣਗੇ। ਯਹੋਵਾਹ ਨੇ ਸਰਕਾਰਾਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਕਾਨੂੰਨ ਤੋੜਨ ਵਾਲੇ ਦਾ ਨਿਆਂ ਕਰਨ ਅਤੇ ਉਸ ਨੂੰ ਸਜ਼ਾ ਦੇਣ, ਭਾਵੇਂ ਉਸ ਨੇ ਤੋਬਾ ਕੀਤੀ ਹੈ ਜਾਂ ਨਹੀਂ। (ਰੋਮੀ. 13:4) ਪਰ ਜੇ ਬਾਅਦ ਵਿਚ ਉਸ ਵਿਅਕਤੀ ਦੀ ਅਕਲ ਟਿਕਾਣੇ ਆ ਜਾਂਦੀ ਹੈ ਤੇ ਉਹ ਦਿਲੋਂ ਤੋਬਾ ਕਰਦਾ ਹੈ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਦਾ ਹੈ, ਤਾਂ ਯਹੋਵਾਹ ਉਸ ਨੂੰ ਮਾਫ਼ ਕਰਨ ਲਈ ਤਿਆਰ ਹੈ, ਫਿਰ ਚਾਹੇ ਉਸ ਨੇ ਗੰਭੀਰ ਪਾਪ ਹੀ ਕਿਉਂ ਨਾ ਕੀਤਾ ਹੋਵੇ।​—ਲੂਕਾ 15:17-24; 2 ਇਤਿ. 33:9, 12, 13; 1 ਤਿਮੋ. 1:15.

7. ਜੇ ਕੋਈ ਸਾਡੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਅਸੀਂ ਕਿਸ ਅਰਥ ਵਿਚ ਉਸ ਨੂੰ ਮਾਫ਼ ਕਰਦੇ ਹਾਂ?

7 ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਪਾਪੀ ਨੂੰ ਮਾਫ਼ ਕਰਨ ਦੀ ਜ਼ਿੰਮੇਵਾਰੀ ਉਸ ਨੇ ਸਾਨੂੰ ਨਹੀਂ ਦਿੱਤੀ, ਸਗੋਂ ਉਹ ਖ਼ੁਦ ਇਸ ਗੱਲ ਦਾ ਫ਼ੈਸਲਾ ਕਰਦਾ ਹੈ। ਪਰ ਫਿਰ ਵੀ ਮਾਫ਼ ਕਰਨ ਬਾਰੇ ਸਾਨੂੰ ਕੁਝ ਫ਼ੈਸਲੇ ਕਰਨੇ ਪੈਂਦੇ ਹਨ। ਕਿਹੜੇ ਫ਼ੈਸਲੇ? ਜਦੋਂ ਕੋਈ ਵਿਅਕਤੀ ਸਾਡੇ ਖ਼ਿਲਾਫ਼ ਕੋਈ ਪਾਪ ਕਰਦਾ ਹੈ, ਇੱਥੋਂ ਤਕ ਕਿ ਕੋਈ ਗੰਭੀਰ ਪਾਪ ਕਰਦਾ ਅਤੇ ਸਾਡੇ ਤੋਂ ਮਾਫ਼ੀ ਮੰਗਦਾ ਹੈ, ਤਾਂ ਅਸੀਂ ਉਸ ਨੂੰ ਮਾਫ਼ ਕਰ ਦਿੰਦੇ ਹਾਂ। ਪਰ ਜੇ ਉਹ ਸਾਡੇ ਤੋਂ ਮਾਫ਼ੀ ਨਾ ਵੀ ਮੰਗੇ, ਤਾਂ ਵੀ ਅਸੀਂ ਉਸ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦੇ ਹਾਂ। ਉਸ ਨੂੰ ਮਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਮਨ ਵਿਚ ਉਸ ਵਿਅਕਤੀ ਖ਼ਿਲਾਫ਼ ਨਾਰਾਜ਼ਗੀ ਜਾਂ ਗੁੱਸਾ ਨਹੀਂ ਰੱਖਣਾ ਚਾਹੁੰਦੇ। ਇਹ ਗੱਲ ਤਾਂ ਸੱਚ ਹੈ ਕਿ ਇਸ ਤਰ੍ਹਾਂ ਕਰਨਾ ਬਿਲਕੁਲ ਵੀ ਸੌਖਾ ਨਹੀਂ ਹੁੰਦਾ ਕਿਉਂਕਿ ਸਾਡੇ ਦਿਲ ਦੇ ਜ਼ਖ਼ਮਾਂ ਨੂੰ ਭਰਨ ਵਿਚ ਸਮਾਂ ਲੱਗਦਾ ਹੈ। ਇਸ ਬਾਰੇ 15 ਸਤੰਬਰ 1994 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਕਿਹਾ ਗਿਆ ਸੀ: “ਜਦੋਂ ਤੁਸੀਂ ਕਿਸੇ ਪਾਪੀ ਨੂੰ ਮਾਫ਼ ਕਰਦੇ ਹੋ, ਤਾਂ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੁੰਦਾ ਕਿ ਤੁਸੀਂ ਉਸ ਦੇ ਪਾਪ ਨੂੰ ਨਜ਼ਰਅੰਦਾਜ਼ ਕਰ ਰਹੇ ਹੋ। ਮਸੀਹੀਆਂ ਲਈ ਕਿਸੇ ਨੂੰ ਮਾਫ਼ ਕਰਨ ਦਾ ਮਤਲਬ ਹੈ ਕਿ ਉਹ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਮਾਮਲੇ ਨੂੰ ਉਸ ਦੇ ਹੱਥਾਂ ਵਿਚ ਛੱਡ ਦਿੰਦੇ ਹਨ। ਨਾਲੇ ਉਹ ਭਰੋਸਾ ਰੱਖਦੇ ਹਨ ਕਿ ਯਹੋਵਾਹ ਹੀ ਪੂਰੀ ਕਾਇਨਾਤ ਵਿਚ ਸਭ ਤੋਂ ਵਧੀਆ ਨਿਆਂਕਾਰ ਹੈ ਅਤੇ ਉਹ ਸਹੀ ਸਮੇਂ ʼਤੇ ਬਿਲਕੁਲ ਸਹੀ ਨਿਆਂ ਕਰਦਾ ਹੈ।” ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਦੂਸਰਿਆਂ ਨੂੰ ਮਾਫ਼ ਕਰੀਏ ਅਤੇ ਨਿਆਂ ਕਰਨ ਲਈ ਮਾਮਲੇ ਨੂੰ ਉਸ ਦੇ ਹੱਥਾਂ ਵਿਚ ਛੱਡ ਦੇਈਏ?

ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ

8. ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਯਹੋਵਾਹ ਦੀ ਦਇਆ ਪ੍ਰਤੀ ਸ਼ੁਕਰਗੁਜ਼ਾਰੀ ਕਿਵੇਂ ਦਿਖਾਉਂਦੇ ਹਾਂ?

8 ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਯਹੋਵਾਹ ਪ੍ਰਤੀ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ। ਇਕ ਮਿਸਾਲ ਵਿਚ ਯਿਸੂ ਨੇ ਯਹੋਵਾਹ ਦੀ ਤੁਲਨਾ ਰਾਜੇ ਨਾਲ ਕੀਤੀ ਸੀ। ਉਸ ਰਾਜੇ ਨੇ ਆਪਣੇ ਇਕ ਨੌਕਰ ਦਾ ਕਾਫ਼ੀ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਕਿਉਂਕਿ ਨੌਕਰ ਕਰਜ਼ਾ ਚੁਕਾ ਨਹੀਂ ਸਕਦਾ ਸੀ। ਪਰ ਉਸ ਨੌਕਰ ਨੇ ਦੂਜੇ ਨੌਕਰ ʼਤੇ ਦਇਆ ਨਹੀਂ ਕੀਤੀ ਜਿਸ ਨੇ ਉਸ ਦਾ ਬਹੁਤ ਹੀ ਘੱਟ ਕਰਜ਼ਾ ਚੁਕਾਉਣਾ ਸੀ। (ਮੱਤੀ 18:23-35) ਇਸ ਮਿਸਾਲ ਰਾਹੀਂ ਯਿਸੂ ਸਾਨੂੰ ਕੀ ਸਿਖਾ ਰਿਹਾ ਸੀ? ਜੇ ਅਸੀਂ ਯਹੋਵਾਹ ਦੀ ਦਇਆ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ, ਤਾਂ ਅਸੀਂ ਵੀ ਦੂਜਿਆਂ ਨੂੰ ਮਾਫ਼ ਕਰਾਂਗੇ। (ਜ਼ਬੂ. 103:9) ਕੁਝ ਸਾਲ ਪਹਿਲਾਂ ਇਕ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ: “ਯਹੋਵਾਹ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸਾਨੂੰ ਮਾਫ਼ ਕਰਦਾ ਅਤੇ ਸਾਡੇ ʼਤੇ ਦਇਆ ਕਰਦਾ ਹੈ। ਇਸ ਲਈ ਚਾਹੇ ਅਸੀਂ ਦੂਜਿਆਂ ਨੂੰ ਕਿੰਨੀ ਵਾਰ ਮਾਫ਼ ਕਿਉਂ ਨਾ ਕਰ ਦੇਈਏ, ਪਰ ਅਸੀਂ ਕਦੇ ਵੀ ਇਸ ਮਾਮਲੇ ਵਿਚ ਪਰਮੇਸ਼ੁਰ ਦੀ ਬਰਾਬਰੀ ਨਹੀਂ ਕਰ ਸਕਦੇ।”

9. ਯਹੋਵਾਹ ਕਿਨ੍ਹਾਂ ʼਤੇ ਦਇਆ ਕਰਦਾ ਹੈ? (ਮੱਤੀ 6:14, 15)

9 ਮਾਫ਼ ਕਰਨ ਵਾਲਿਆਂ ਨੂੰ ਮਾਫ਼ ਕੀਤਾ ਜਾਵੇਗਾ। ਯਹੋਵਾਹ ਉਨ੍ਹਾਂ ʼਤੇ ਦਇਆ ਕਰਦਾ ਹੈ ਜੋ ਦੂਜਿਆਂ ʼਤੇ ਦਇਆ ਕਰਦੇ ਹਨ। (ਮੱਤੀ 5:7; ਯਾਕੂ. 2:13) ਯਿਸੂ ਨੇ ਵੀ ਇਹੀ ਗੱਲ ਆਪਣੇ ਚੇਲਿਆਂ ਨੂੰ ਸਿਖਾਈ ਸੀ ਜਦੋਂ ਉਸ ਨੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:14, 15 ਪੜ੍ਹੋ।) ਕਾਫ਼ੀ ਸਮਾਂ ਪਹਿਲਾਂ ਯਹੋਵਾਹ ਨੇ ਆਪਣੇ ਸੇਵਕ ਅੱਯੂਬ ਨੂੰ ਵੀ ਇਹੀ ਗੱਲ ਸਿਖਾਈ ਸੀ। ਅੱਯੂਬ ਦੇ ਦੋਸਤਾਂ ਅਲੀਫਾਜ਼, ਬਿਲਦਦ ਅਤੇ ਸੋਫਰ ਨੇ ਉਸ ਨੂੰ ਬੁਰਾ-ਭਲਾ ਕਹਿ ਕੇ ਉਸ ਦਾ ਦਿਲ ਦੁਖਾਇਆ। ਪਰ ਯਹੋਵਾਹ ਨੇ ਅੱਯੂਬ ਨੂੰ ਉਨ੍ਹਾਂ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ। ਜਦੋਂ ਅੱਯੂਬ ਨੇ ਇੱਦਾਂ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ।​—ਅੱਯੂ. 42:8-10.

10. ਨਾਰਾਜ਼ਗੀ ਪਾਲ਼ੀ ਰੱਖਣ ਨਾਲ ਕੀ ਨੁਕਸਾਨ ਹੁੰਦਾ ਹੈ? (ਅਫ਼ਸੀਆਂ 4:31, 32)

10 ਨਾਰਾਜ਼ਗੀ ਪਾਲ਼ੀ ਰੱਖਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਕਿਸੇ ਖ਼ਿਲਾਫ਼ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ਣੀ ਆਪਣੇ ਦਿਲ ਉੱਤੇ ਇਕ ਭਾਰੀ ਬੋਝ ਰੱਖਣ ਵਾਂਗ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਬੋਝ ਨੂੰ ਲਾਹ ਕੇ ਸੁੱਟ ਦੇਈਏ। (ਅਫ਼ਸੀਆਂ 4:31, 32 ਪੜ੍ਹੋ।) ਇਸ ਲਈ ਉਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ‘ਗੁੱਸਾ ਕਰਨੋਂ ਹਟ ਜਾਈਏ ਅਤੇ ਕ੍ਰੋਧ ਨੂੰ ਛੱਡ ਦੇਈਏ।’ (ਜ਼ਬੂ. 37:8) ਇਸ ਸਲਾਹ ਨੂੰ ਮੰਨਣਾ ਕਿੰਨੀ ਹੀ ਸਮਝਦਾਰੀ ਦੀ ਗੱਲ ਹੈ! ਪਰ ਜੇ ਅਸੀਂ ਅੰਦਰੋਂ-ਅੰਦਰ ਖਿੱਝਦੇ ਰਹਿੰਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਜ਼ਹਿਰ ਪੀ ਰਹੇ ਹੋਈਏ। ਇਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ ਤੇ ਅਸੀਂ ਪਰੇਸ਼ਾਨ ਰਹਿਣ ਲੱਗ ਪਵਾਂਗੇ ਅਤੇ ਸਾਡੀ ਸਿਹਤ ਵੀ ਖ਼ਰਾਬ ਰਹਿਣ ਲੱਗ ਜਾਵੇਗੀ। (ਕਹਾ. 14:30) ਪਰ ਜੇ ਅਸੀਂ ਦੂਜਿਆਂ ਨੂੰ ਮਾਫ਼ ਕਰ ਦਿੰਦੇ ਹਾਂ, ਤਾਂ ਇਸ ਨਾਲ ਸਾਡਾ ਹੀ ਭਲਾ ਹੋਵੇਗਾ। (ਕਹਾ. 11:17) ਨਾਲੇ ਸਾਡੇ ਮਨ ਤੇ ਦਿਲ ਨੂੰ ਸ਼ਾਂਤੀ ਮਿਲੇਗੀ ਅਤੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕਾਂਗੇ।

11. ਬਾਈਬਲ ਬਦਲਾ ਲੈਣ ਬਾਰੇ ਕੀ ਕਹਿੰਦੀ ਹੈ? (ਰੋਮੀਆਂ 12:19-21)

11 ਬਦਲਾ ਲੈਣਾ ਯਹੋਵਾਹ ਦਾ ਕੰਮ ਹੈ। ਯਹੋਵਾਹ ਨੇ ਸਾਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਅਸੀਂ ਆਪਣੇ ਖ਼ਿਲਾਫ਼ ਪਾਪ ਕਰਨ ਵਾਲਿਆਂ ਤੋਂ ਬਦਲਾ ਲਈਏ। (ਰੋਮੀਆਂ 12:19-21 ਪੜ੍ਹੋ।) ਨਾਮੁਕੰਮਲ ਹੋਣ ਕਰਕੇ ਸਾਡੇ ਕੋਲ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। (ਇਬ. 4:13) ਨਾਲੇ ਕਈ ਵਾਰ ਸਾਡੀਆਂ ਭਾਵਨਾਵਾਂ ਸਾਡੇ ʼਤੇ ਇੰਨੀਆਂ ਹਾਵੀ ਹੋ ਜਾਂਦੀਆਂ ਹਨ ਕਿ ਅਸੀਂ ਪਰਮੇਸ਼ੁਰ ਵਾਂਗ ਸਹੀ-ਸਹੀ ਨਿਆਂ ਨਹੀਂ ਕਰ ਪਾਉਂਦੇ। ਯਹੋਵਾਹ ਨੇ ਯਾਕੂਬ ਨੂੰ ਇਹ ਲਿਖਣ ਲਈ ਉਕਸਾਇਆ: “ਗੁੱਸੇ ਵਿਚ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਨਹੀਂ ਕਰਦਾ।” (ਯਾਕੂ. 1:20) ਅਸੀਂ ਇਸ ਗੱਲ ਦਾ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਹੀ ਕਦਮ ਚੁੱਕੇਗਾ ਅਤੇ ਇਸ ਗੱਲ ਦਾ ਧਿਆਨ ਰੱਖੇਗਾ ਕਿ ਸਾਨੂੰ ਬਿਲਕੁਲ ਸਹੀ ਨਿਆਂ ਮਿਲੇ।

ਨਾਰਾਜ਼ਗੀ ਅਤੇ ਗੁੱਸੇ ਨੂੰ ਛੱਡ ਦਿਓ। ਮਾਮਲੇ ਨੂੰ ਪਰਮੇਸ਼ੁਰ ਦੇ ਹੱਥਾਂ ਵਿੱਚ ਛੱਡ ਦਿਓ। ਉਹ ਪਾਪ ਕਰਕੇ ਹੋਏ ਹਰ ਨੁਕਸਾਨ ਦੀ ਭਰਪਾਈ ਕਰੇਗਾ (ਪੈਰਾ 12 ਦੇਖੋ)

12. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ਦੇ ਨਿਆਂ ʼਤੇ ਪੂਰਾ ਭਰੋਸਾ ਹੈ?

12 ਮਾਫ਼ ਕਰ ਕੇ ਅਸੀਂ ਯਹੋਵਾਹ ਦੇ ਨਿਆਂ ʼਤੇ ਪੂਰਾ ਭਰੋਸਾ ਦਿਖਾਉਂਦੇ ਹਾਂ। ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਕੇ ਅਸੀਂ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਪਾਪ ਕਰਕੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ। ਉਸ ਨੇ ਵਾਅਦਾ ਕੀਤਾ ਹੈ ਕਿ ਨਵੀਂ ਦੁਨੀਆਂ ਵਿਚ ਦੁੱਖ ਪਹੁੰਚਾਉਣ ਵਾਲੀਆਂ ਬੁਰੀਆਂ ਯਾਦਾਂ ਕਦੇ ਵੀ ਸਾਡੇ “ਮਨ ਵਿਚ ਨਹੀਂ ਆਉਣਗੀਆਂ, ਨਾ ਹੀ ਉਹ ਦਿਲ ਵਿਚ ਆਉਣਗੀਆਂ।” (ਯਸਾ. 65:17) ਪਰ ਜਦੋਂ ਕਿਸੇ ਵਿਅਕਤੀ ਕਰਕੇ ਸਾਡੇ ਦਿਲ ਨੂੰ ਗਹਿਰੀ ਸੱਟ ਲੱਗਦੀ ਹੈ, ਤਾਂ ਕੀ ਉਦੋਂ ਆਪਣੇ ਦਿਲ ਵਿੱਚੋਂ ਨਾਰਾਜ਼ਗੀ ਅਤੇ ਗੁੱਸੇ ਨੂੰ ਕੱਢਣਾ ਮੁਮਕਿਨ ਹੈ? ਆਓ ਆਪਾਂ ਦੇਖੀਏ ਕਿ ਕਈ ਭੈਣਾਂ-ਭਰਾਵਾਂ ਨੇ ਇਹ ਕਿਵੇਂ ਕੀਤਾ ਹੈ।

ਮਾਫ਼ ਕਰੋ ਤੇ ਬਰਕਤਾਂ ਪਾਓ

13-14. ਮਾਫ਼ ਕਰਨ ਬਾਰੇ ਤੁਸੀਂ ਟੋਨੀ ਤੇ ਹੋਜ਼ੇ ਦੇ ਤਜਰਬੇ ਤੋਂ ਕੀ ਸਿੱਖਿਆ?

13 ਸਾਡੇ ਕਈ ਭੈਣਾਂ-ਭਰਾਵਾਂ ਨੇ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਦਾ ਫ਼ੈਸਲਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

14 ਜ਼ਰਾ ਫ਼ਿਲਪੀਨ ਵਿਚ ਰਹਿਣ ਵਾਲੇ ਟੋਨੀ * ਦੇ ਤਜਰਬੇ ʼਤੇ ਗੌਰ ਕਰੋ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਉਹ ਬਹੁਤ ਹੀ ਜ਼ਿਆਦਾ ਗੁੱਸੇਖ਼ੋਰ ਸੀ ਅਤੇ ਨਿੱਕੀ-ਮੋਟੀ ਗੱਲ ʼਤੇ ਮਾਰ-ਕੁਟਾਈ ਕਰਨ ਲੱਗ ਪੈਂਦਾ ਸੀ। ਇਕ ਦਿਨ ਉਸ ਨੂੰ ਪਤਾ ਲੱਗਾ ਕਿ ਹੋਜ਼ੇ ਨਾਂ ਦੇ ਇਕ ਆਦਮੀ ਨੇ ਉਸ ਦੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਸੀ। ਹੋਜ਼ੇ ਨੂੰ ਇਸ ਜੁਰਮ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਸਜ਼ਾ ਹੋ ਗਈ ਸੀ। ਬਾਅਦ ਵਿਚ ਹੋਜ਼ੇ ਜੇਲ੍ਹ ਵਿੱਚੋਂ ਰਿਹਾ ਹੋ ਗਿਆ। ਟੋਨੀ ਦਾ ਦਿਲ ਅਜੇ ਵੀ ਹੋਜ਼ੇ ਲਈ ਗੁੱਸੇ ਨਾਲ ਭਰਿਆ ਹੋਇਆ ਸੀ ਅਤੇ ਉਹ ਉਸ ਤੋਂ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। ਟੋਨੀ ਨੇ ਸਹੁੰ ਖਾਧੀ ਸੀ ਕਿ ਉਹ ਉਸ ਨੂੰ ਲੱਭ ਕੇ ਜਾਨੋਂ ਮਾਰ ਦੇਵੇਗਾ। ਉਸ ਨੂੰ ਮਾਰਨ ਲਈ ਟੋਨੀ ਨੇ ਬੰਦੂਕ ਤਕ ਖ਼ਰੀਦ ਲਈ। ਪਰ ਬਾਅਦ ਵਿਚ ਟੋਨੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ। ਉਹ ਦੱਸਦਾ ਹੈ: “ਜਿੱਦਾਂ-ਜਿੱਦਾਂ ਮੈਂ ਬਾਈਬਲ ਤੋਂ ਸਿੱਖਦਾ ਗਿਆ, ਉੱਦਾਂ-ਉੱਦਾਂ ਮੈਨੂੰ ਅਹਿਸਾਸ ਹੁੰਦਾ ਗਿਆ ਕਿ ਮੈਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਅਤੇ ਆਪਣੇ ਗੁੱਸੇ ʼਤੇ ਕਾਬੂ ਪਾਉਣ ਦੀ ਲੋੜ ਹੈ।” ਸਮੇਂ ਦੇ ਬੀਤਣ ਨਾਲ ਟੋਨੀ ਨੇ ਬਪਤਿਸਮਾ ਲੈ ਲਿਆ ਅਤੇ ਅੱਗੇ ਜਾ ਕੇ ਉਸ ਨੂੰ ਮੰਡਲੀ ਦੇ ਬਜ਼ੁਰਗ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਜ਼ਰਾ ਕਲਪਨਾ ਕਰੋ ਕਿ ਟੋਨੀ ਨੂੰ ਇਹ ਜਾਣ ਕੇ ਕਿੰਨੀ ਹੈਰਾਨੀ ਹੋਈ ਹੋਣੀ ਕਿ ਹੋਜ਼ੇ ਵੀ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ ਹੈ। ਜਦੋਂ ਉਹ ਦੋਵੇਂ ਮਿਲੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਘੁੱਟ ਕੇ ਜੱਫੀ ਪਾਈ ਅਤੇ ਟੋਨੀ ਨੇ ਹੋਜ਼ੇ ਨੂੰ ਦੱਸਿਆ ਕਿ ਉਸ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ। ਟੋਨੀ ਕਹਿੰਦਾ ਹੈ ਕਿ ਉਹ ਦੱਸ ਨਹੀਂ ਸਕਦਾ ਕਿ ਹੋਜ਼ੇ ਨੂੰ ਮਾਫ਼ ਕਰ ਕੇ ਉਸ ਨੂੰ ਕਿੰਨੀ ਖ਼ੁਸ਼ੀ ਅਤੇ ਸਕੂਨ ਮਿਲਿਆ ਹੈ। ਜੀ ਹਾਂ, ਟੋਨੀ ਨੇ ਹੋਜ਼ੇ ਨੂੰ ਮਾਫ਼ ਕੀਤਾ, ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ।

ਪੀਟਰ ਤੇ ਸੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਆਪਣੇ ਦਿਲ ਵਿੱਚੋਂ ਨਾਰਾਜ਼ਗੀ ਅਤੇ ਗੁੱਸੇ ਨੂੰ ਕੱਢਣਾ ਮੁਮਕਿਨ ਹੈ (ਪੈਰੇ 15-16 ਦੇਖੋ)

15-16. ਮਾਫ਼ ਕਰਨ ਬਾਰੇ ਤੁਸੀਂ ਭਰਾ ਪੀਟਰ ਤੇ ਭੈਣ ਸੂ ਦੇ ਤਜਰਬੇ ਤੋਂ ਕੀ ਸਿੱਖਿਆ?

15 ਹੁਣ ਜ਼ਰਾ ਭਰਾ ਪੀਟਰ ਤੇ ਭੈਣ ਸੂ ਦੇ ਤਜਰਬੇ ʼਤੇ ਗੌਰ ਕਰੋ। ਸਾਲ 1985 ਦੀ ਗੱਲ ਹੈ, ਉਹ ਕਿੰਗਡਮ ਹਾਲ ਵਿਚ ਸਨ ਅਤੇ ਮੀਟਿੰਗ ਚੱਲ ਰਹੀ ਸੀ। ਅਚਾਨਕ ਹੀ ਉੱਥੇ ਇਕ ਜ਼ੋਰਦਾਰ ਧਮਾਕਾ ਹੋਇਆ ਕਿਉਂਕਿ ਇਕ ਆਦਮੀ ਨੇ ਕਿੰਗਡਮ ਹਾਲ ਵਿਚ ਬੰਬ ਰੱਖ ਦਿੱਤਾ ਸੀ! ਇਸ ਧਮਾਕੇ ਕਰਕੇ ਭੈਣ ਸੂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜਿਸ ਕਰਕੇ ਉਹ ਅੱਜ ਤਕ ਨਾ ਤਾਂ ਚੰਗੀ ਤਰ੍ਹਾਂ ਦੇਖ ਸਕਦੀ ਹੈ ਤੇ ਨਾ ਹੀ ਸੁਣ ਸਕਦੀ ਹੈ ਅਤੇ ਉਸ ਦੀ ਸੁੰਘਣ ਦੀ ਸ਼ਕਤੀ ਵੀ ਚਲੀ ਗਈ ਹੈ। * ਭਰਾ ਪੀਟਰ ਤੇ ਸੂ ਕਈ ਵਾਰ ਉਸ ਦਿਨ ਨੂੰ ਯਾਦ ਕਰਦੇ ਹੋਏ ਸੋਚਦੇ ਹਨ ਕਿ ‘ਉਹ ਕਿਹੋ ਜਿਹਾ ਇਨਸਾਨ ਹੋਣਾ ਜਿਸ ਨੇ ਇੰਨਾ ਬੁਰਾ ਕਰਨ ਬਾਰੇ ਸੋਚਿਆ?’ ਕਈ ਸਾਲਾਂ ਬਾਅਦ ਉਸ ਆਦਮੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਉਮਰ ਕੈਦ ਹੋ ਗਈ। ਜਦੋਂ ਭਰਾ ਪੀਟਰ ਤੇ ਭੈਣ ਸੂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਉਸ ਆਦਮੀ ਨੂੰ ਮਾਫ਼ ਕਰ ਦਿੱਤਾ ਹੈ, ਤਾਂ ਉਨ੍ਹਾਂ ਨੇ ਕਿਹਾ: “ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਗੁੱਸਾ ਥੁੱਕ ਦੇਈਏ ਅਤੇ ਨਾਰਾਜ਼ਗੀ ਨਾ ਪਾਲ਼ੀਏ ਕਿਉਂਕਿ ਇਸ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਅਸੀਂ ਪਰੇਸ਼ਾਨ ਰਹਿਣ ਲੱਗ ਪੈਂਦੇ ਹਾਂ, ਸਾਡੀ ਖ਼ੁਸ਼ੀ ਚਲੀ ਜਾਂਦੀ ਹੈ ਅਤੇ ਇਸ ਦਾ ਸਾਡੀ ਸਿਹਤ ʼਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਉਸ ਧਮਾਕੇ ਤੋਂ ਥੋੜ੍ਹੇ ਸਮੇਂ ਬਾਅਦ ਹੀ ਅਸੀਂ ਯਹੋਵਾਹ ਨੂੰ ਬੇਨਤੀ ਕੀਤੀ ਕਿ ਅਸੀਂ ਉਸ ਵਿਅਕਤੀ ਨੂੰ ਮਾਫ਼ ਕਰ ਦੇਈਏ ਅਤੇ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਿਤਾਈਏ।”

16 ਕੀ ਉਨ੍ਹਾਂ ਲਈ ਉਸ ਆਦਮੀ ਨੂੰ ਮਾਫ਼ ਕਰਨਾ ਸੌਖਾ ਸੀ? ਨਹੀਂ। ਉਹ ਅੱਗੇ ਦੱਸਦੇ ਹਨ: “ਹੁਣ ਵੀ ਜਦੋਂ ਸੂ ਨੂੰ ਆਪਣੀਆਂ ਸੱਟਾਂ ਕਰਕੇ ਤਕਲੀਫ਼ ਹੁੰਦੀ ਹੈ, ਤਾਂ ਸਾਡੀਆਂ ਬੁਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਅਤੇ ਸਾਨੂੰ ਗੁੱਸਾ ਆਉਣ ਲੱਗ ਪੈਂਦਾ ਹੈ। ਪਰ ਅਸੀਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਨਹੀਂ ਰਹਿੰਦੇ ਜਿਸ ਕਰਕੇ ਸਾਡਾ ਗੁੱਸਾ ਸ਼ਾਂਤ ਹੋ ਜਾਂਦਾ ਹੈ। ਸੱਚ ਦੱਸੀਏ ਤਾਂ ਜੇ ਉਹ ਬੰਬ ਰੱਖਣ ਵਾਲਾ ਆਦਮੀ ਅੱਜ ਸਾਡਾ ਭਰਾ ਬਣ ਜਾਵੇ, ਤਾਂ ਅਸੀਂ ਉਸ ਦਾ ਸੁਆਗਤ ਕਰਾਂਗੇ। ਅਸੀਂ ਆਪਣੇ ਇਸ ਤਜਰਬੇ ਤੋਂ ਸਿੱਖਿਆ ਕਿ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਅਸੀਂ ਸਾਰੀਆਂ ਬੁਰੀਆਂ ਯਾਦਾਂ ਨੂੰ ਭੁਲਾ ਸਕਦੇ ਹਾਂ। ਸਾਨੂੰ ਇਹ ਜਾਣ ਕੇ ਵੀ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਬਹੁਤ ਜਲਦ ਇਸ ਨੁਕਸਾਨ ਦੀ ਭਰਪਾਈ ਕਰੇਗਾ।”

17. ਮਾਫ਼ ਕਰਨ ਬਾਰੇ ਤੁਸੀਂ ਮਾਇਰਾ ਦੇ ਤਜਰਬੇ ਤੋਂ ਕੀ ਸਿੱਖਿਆ?

17 ਆਓ ਹੁਣ ਆਪਾਂ ਮਾਇਰਾ ਦੇ ਤਜਰਬੇ ʼਤੇ ਗੌਰ ਕਰੀਏ। ਜਦੋਂ ਮਾਇਰਾ ਨੂੰ ਸੱਚਾਈ ਮਿਲੀ, ਤਾਂ ਉਸ ਵੇਲੇ ਉਸ ਦਾ ਵਿਆਹ ਹੋ ਚੁੱਕਾ ਸੀ ਅਤੇ ਉਸ ਦੇ ਦੋ ਬੱਚੇ ਸਨ। ਪਰ ਉਸ ਦੇ ਪਤੀ ਨੇ ਸੱਚਾਈ ਕਬੂਲ ਨਹੀਂ ਕੀਤੀ। ਥੋੜ੍ਹੇ ਸਮੇਂ ਬਾਅਦ ਉਸ ਦੇ ਪਤੀ ਨੇ ਹਰਾਮਕਾਰੀ ਕੀਤੀ ਅਤੇ ਉਸ ਨੂੰ ਤੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ। ਮਾਇਰਾ ਦੱਸਦੀ ਹੈ: “ਜਦੋਂ ਮੇਰਾ ਪਤੀ ਮੈਨੂੰ ਤੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ, ਤਾਂ ਮੈਨੂੰ ਬਹੁਤ ਜ਼ਿਆਦਾ ਧੱਕਾ ਲੱਗਾ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੇਰੇ ਨਾਲ ਇੱਦਾਂ ਹੋ ਗਿਆ ਸੀ! ਕਈ ਵਾਰ ਮੈਨੂੰ ਇੰਨਾ ਗੁੱਸਾ ਆਉਂਦਾ ਸੀ ਕਿ ਮੈਂ ਆਪਣੇ ਆਪ ਨੂੰ ਹੀ ਦੋਸ਼ੀ ਸਮਝਣ ਲੱਗ ਪੈਂਦੀ ਸੀ। ਮੈਂ ਦੱਸ ਵੀ ਨਹੀਂ ਸਕਦੀ ਕਿ ਮੈਂ ਉਸ ਵੇਲੇ ਕਿੰਨੀ ਦੁਖੀ ਸੀ।” ਉਨ੍ਹਾਂ ਦਾ ਵਿਆਹ ਟੁੱਟਣ ਤੋਂ ਕਾਫ਼ੀ ਸਮਾਂ ਬਾਅਦ ਵੀ ਉਸ ਦੇ ਦਿਲ ਦੇ ਜ਼ਖ਼ਮ ਨਹੀਂ ਭਰੇ। ਮਾਇਰਾ ਅੱਗੇ ਕਹਿੰਦੀ ਹੈ: “ਇਸ ਦੁੱਖ ਕਰਕੇ ਮੈਂ ਇੰਨਾ ਜ਼ਿਆਦਾ ਟੁੱਟ ਗਈ ਸੀ ਕਿ ਮੈਨੂੰ ਕਈ ਮਹੀਨਿਆਂ ਤਕ ਗੁੱਸਾ ਆਉਂਦਾ ਰਿਹਾ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਇਸ ਦਾ ਯਹੋਵਾਹ ਤੇ ਭੈਣਾਂ-ਭਰਾਵਾਂ ਨਾਲ ਮੇਰੇ ਰਿਸ਼ਤੇ ʼਤੇ ਅਸਰ ਪੈ ਰਿਹਾ ਸੀ।” ਮਾਇਰਾ ਹੁਣ ਦੱਸਦੀ ਹੈ ਕਿ ਉਸ ਨੇ ਆਪਣੇ ਦਿਲ ਵਿੱਚੋਂ ਆਪਣੇ ਪਤੀ ਲਈ ਗੁੱਸਾ ਤੇ ਨਾਰਾਜ਼ਗੀ ਕੱਢ ਦਿੱਤੀ ਹੈ। ਉਸ ਨੂੰ ਉਮੀਦ ਹੈ ਕਿ ਇਕ ਦਿਨ ਉਸ ਦਾ ਪਤੀ ਯਹੋਵਾਹ ਬਾਰੇ ਸਿੱਖੇਗਾ। ਮਾਇਰਾ ਨਾਲ ਜੋ ਕੁਝ ਹੋਇਆ, ਉਸ ʼਤੇ ਆਪਣਾ ਧਿਆਨ ਲਾਉਣ ਦੀ ਬਜਾਇ ਉਸ ਨੇ ਆਪਣਾ ਧਿਆਨ ਯਹੋਵਾਹ ਦੇ ਵਾਅਦਿਆਂ ʼਤੇ ਲਾਇਆ। ਉਸ ਨੇ ਆਪਣੇ ਦੋਹਾਂ ਬੱਚਿਆਂ ਦੀ ਪਰਵਰਿਸ਼ ਕੀਤੀ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਇਆ। ਅੱਜ ਉਹ ਬਹੁਤ ਖ਼ੁਸ਼ ਹੈ ਕਿ ਉਹ ਆਪਣੇ ਦੋਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰ ਪਾ ਰਹੀ ਹੈ।

ਯਹੋਵਾਹ ਨਾਲੋਂ ਵਧੀਆ ਨਿਆਂਕਾਰ ਕੋਈ ਨਹੀਂ

18. ਸਭ ਤੋਂ ਵੱਡਾ ਨਿਆਂਕਾਰ ਹੋਣ ਕਰਕੇ ਅਸੀਂ ਯਹੋਵਾਹ ʼਤੇ ਕਿਉਂ ਭਰੋਸਾ ਰੱਖ ਸਕਦੇ ਹਾਂ?

18 ਸਾਨੂੰ ਇਹ ਜਾਣ ਕੇ ਕਿੰਨੀ ਰਾਹਤ ਮਿਲਦੀ ਹੈ ਕਿ ਦੂਜਿਆਂ ਦਾ ਨਿਆਂ ਕਰਨ ਦੀ ਭਾਰੀ ਜ਼ਿੰਮੇਵਾਰੀ ਯਹੋਵਾਹ ਨੇ ਸਾਨੂੰ ਨਹੀਂ ਦਿੱਤੀ ਹੈ! ਸਭ ਤੋਂ ਵੱਡਾ ਨਿਆਂਕਾਰ ਹੋਣ ਕਰਕੇ ਯਹੋਵਾਹ ਆਪ ਇਹ ਅਹਿਮ ਕੰਮ ਕਰਦਾ ਹੈ। (ਰੋਮੀ. 14:10-12) ਇਸ ਲਈ ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਨਿਆਂ ਕਰਦਿਆਂ ਯਹੋਵਾਹ ਹਮੇਸ਼ਾ ਸਹੀ ਤੇ ਗ਼ਲਤ ਬਾਰੇ ਆਪਣੇ ਮਿਆਰਾਂ ਨੂੰ ਧਿਆਨ ਵਿਚ ਰੱਖਦਾ ਹੈ। (ਉਤ. 18:25; 1 ਰਾਜ. 8:32) ਉਹ ਕਦੇ ਵੀ ਅਨਿਆਂ ਨਹੀਂ ਕਰਦਾ!

19. ਆਉਣ ਵਾਲੇ ਸਮੇਂ ਵਿਚ ਯਹੋਵਾਹ ਕੀ ਕਰੇਗਾ?

19 ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਕਈ ਵਾਰ ਅਜਿਹੇ ਕੰਮ ਕਰਦੇ ਹਾਂ ਜਿਸ ਕਰਕੇ ਦੂਜਿਆਂ ਨੂੰ ਦੁੱਖ ਲੱਗਦਾ ਹੈ ਜਾਂ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਪਰ ਅਸੀਂ ਉਸ ਸਮੇਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਯਹੋਵਾਹ ਸਾਰਾ ਕੁਝ ਠੀਕ ਕਰ ਦੇਵੇਗਾ। ਉਸ ਸਮੇਂ ਸਾਡੇ ਸਰੀਰ ਅਤੇ ਦਿਲ ਦੇ ਸਾਰੇ ਜ਼ਖ਼ਮ ਹਮੇਸ਼ਾ ਲਈ ਭਰ ਜਾਣਗੇ। ਨਾਲੇ ਸਾਨੂੰ ਕਦੇ ਵੀ ਬੁਰੀਆਂ ਯਾਦਾਂ ਨਹੀਂ ਸਤਾਉਣਗੀਆਂ। (ਜ਼ਬੂ. 72:12-14; ਪ੍ਰਕਾ. 21:3, 4) ਪਰ ਜਦ ਤਕ ਉਹ ਸਮਾਂ ਨਹੀਂ ਆਉਂਦਾ, ਆਓ ਆਪਾਂ ਸਾਰੇ ਯਹੋਵਾਹ ਦੀ ਰੀਸ ਕਰਦਿਆਂ ਇਕ-ਦੂਜੇ ਨੂੰ ਮਾਫ਼ ਕਰਦੇ ਰਹੀਏ।

ਗੀਤ 18 ਰਿਹਾਈ ਲਈ ਅਹਿਸਾਨਮੰਦ

^ ਦਿਲੋਂ ਤੋਬਾ ਕਰਨ ਵਾਲੇ ਪਾਪੀ ਨੂੰ ਮਾਫ਼ ਕਰਨ ਲਈ ਯਹੋਵਾਹ ਤਿਆਰ ਰਹਿੰਦਾ ਹੈ। ਮਸੀਹੀ ਹੋਣ ਦੇ ਨਾਤੇ ਦੂਜਿਆਂ ਨੂੰ ਮਾਫ਼ ਕਰਨ ਦੇ ਮਾਮਲੇ ਵਿਚ ਅਸੀਂ ਉਸ ਦੀ ਰੀਸ ਕਰਨੀ ਚਾਹੁੰਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਹੜੇ ਕੁਝ ਪਾਪ ਖ਼ੁਦ ਮਾਫ਼ ਕਰ ਸਕਦੇ ਹਾਂ ਅਤੇ ਕਿਹੜੇ ਪਾਪਾਂ ਬਾਰੇ ਮੰਡਲੀ ਦੇ ਬਜ਼ੁਰਗਾਂ ਨੂੰ ਦੱਸਣਾ ਜ਼ਰੂਰੀ ਹੈ। ਨਾਲੇ ਅਸੀਂ ਜਾਣਾਂਗੇ ਕਿ ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਮਾਫ਼ ਕਰੀਏ ਅਤੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ।

^ 15 ਅਪ੍ਰੈਲ 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿੱਚੋਂ “ਪਾਠਕਾਂ ਵੱਲੋਂ ਸਵਾਲ” ਦੇਖੋ।

^ ਕੁਝ ਨਾਂ ਬਦਲੇ ਗਏ ਹਨ।

^ 8 ਜਨਵਰੀ 1992 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 9-13 ʼਤੇ ਦਿੱਤਾ ਲੇਖ ਪੜ੍ਹੋ। ਨਾਲੇ JW ਬ੍ਰਾਡਕਾਸਟਿੰਗ ʼਤੇ ਸ਼ੁਲਸ: ਸਦਮੇ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ (ਹਿੰਦੀ) ਨਾਂ ਦੀ ਵੀਡੀਓ ਦੇਖੋ।