Skip to content

Skip to table of contents

ਅਧਿਐਨ ਲੇਖ 27

‘ਯਹੋਵਾਹ ʼਤੇ ਉਮੀਦ ਲਾਈ ਰੱਖੋ’

‘ਯਹੋਵਾਹ ʼਤੇ ਉਮੀਦ ਲਾਈ ਰੱਖੋ’

“ਯਹੋਵਾਹ ʼਤੇ ਉਮੀਦ ਲਾਈ ਰੱਖ; ਦਲੇਰ ਬਣ ਅਤੇ ਆਪਣਾ ਮਨ ਤਕੜਾ ਕਰ।”​—ਜ਼ਬੂ. 27:14.

ਗੀਤ 142 ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਖ਼ਾਸ ਗੱਲਾਂ *

1. (ੳ) ਯਹੋਵਾਹ ਨੇ ਸਾਨੂੰ ਕਿਹੜੀ ਉਮੀਦ ਦਿੱਤੀ ਹੈ? (ਅ) “ਯਹੋਵਾਹ ʼਤੇ ਉਮੀਦ” ਲਾਈ ਰੱਖਣ ਦਾ ਕੀ ਮਤਲਬ ਹੈ? (“ਸ਼ਬਦਾਂ ਦਾ ਮਤਲਬ” ਦੇਖੇ।)

 ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਬੀਮਾਰੀਆਂ, ਦੁੱਖ-ਦਰਦ ਅਤੇ ਮੌਤ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾ. 21:3, 4) ਉਹ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣ ਵਿਚ “ਹਲੀਮ” ਲੋਕਾਂ ਦੀ ਮਦਦ ਕਰੇਗਾ। (ਜ਼ਬੂ. 37:9-11) ਭਾਵੇਂ ਕਿ ਅੱਜ ਵੀ ਸਾਡਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੈ, ਪਰ ਭਵਿੱਖ ਵਿਚ ਅਸੀਂ ਉਸ ਦੇ ਹੋਰ ਵੀ ਨੇੜੇ ਮਹਿਸੂਸ ਕਰਾਂਗੇ। ਕਿੰਨੀ ਹੀ ਸ਼ਾਨਦਾਰ ਉਮੀਦ! ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ? ਕਿਉਂਕਿ ਹੁਣ ਤਕ ਉਸ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਸ ਕਰਕੇ ਅਸੀਂ “ਯਹੋਵਾਹ ʼਤੇ ਉਮੀਦ ਲਾਈ ਰੱਖ” ਸਕਦੇ ਹਾਂ। * (ਜ਼ਬੂ. 27:14) ਅਸੀਂ ਉਮੀਦ ਕਿਵੇਂ ਲਾਈ ਰੱਖ ਸਕਦੇ ਹਾਂ? ਸਾਨੂੰ ਧੀਰਜ ਰੱਖਦਿਆਂ ਖ਼ੁਸ਼ੀ-ਖ਼ੁਸ਼ੀ ਉਸ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰੇਗਾ।​—ਯਸਾ. 55:10, 11.

2. ਯਹੋਵਾਹ ਨੇ ਕਿਹੜੀ ਗੱਲ ਸਾਬਤ ਕੀਤੀ ਹੈ?

2 ਯਹੋਵਾਹ ਨੇ ਇਹ ਗੱਲ ਸਾਬਤ ਕੀਤੀ ਹੈ ਕਿ ਉਹ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਪ੍ਰਕਾਸ਼ ਦੀ ਕਿਤਾਬ ਵਿਚ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਸਾਡੇ ਸਮੇਂ ਵਿਚ ਸਾਰੀਆਂ ਕੌਮਾਂ, ਨਸਲਾਂ ਅਤੇ ਭਾਸ਼ਾਵਾਂ ਦੇ ਲੋਕ ਮਿਲ ਕੇ ਉਸ ਦੀ ਭਗਤੀ ਕਰਨਗੇ। ਇਸ ਖ਼ਾਸ ਸਮੂਹ ਦੇ ਲੋਕਾਂ ਨੂੰ “ਵੱਡੀ ਭੀੜ” ਕਿਹਾ ਗਿਆ ਹੈ। (ਪ੍ਰਕਾ. 7:9, 10) ਇਸ ਭੀੜ ਵਿਚ ਆਦਮੀ, ਔਰਤਾਂ ਤੇ ਬੱਚੇ ਵੀ ਹਨ। ਚਾਹੇ ਇਹ ਲੋਕ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਵੱਖੋ-ਵੱਖਰੇ ਦੇਸ਼ਾਂ ਤੇ ਪਿਛੋਕੜਾਂ ਤੋਂ ਹਨ, ਪਰ ਫਿਰ ਵੀ ਇਨ੍ਹਾਂ ਲੋਕਾਂ ਵਿਚ ਸ਼ਾਂਤੀ, ਏਕਤਾ ਅਤੇ ਭਾਈਚਾਰਾ ਹੈ। (ਜ਼ਬੂ. 133:1; ਯੂਹੰ. 10:16) ਇਸ ਦੇ ਨਾਲ-ਨਾਲ ਵੱਡੀ ਭੀੜ ਦੇ ਲੋਕ ਜੋਸ਼ੀਲੇ ਪ੍ਰਚਾਰਕ ਵੀ ਹਨ ਅਤੇ ਸੋਹਣੀ ਧਰਤੀ ਦੀ ਉਮੀਦ ਬਾਰੇ ਦੂਜਿਆਂ ਨੂੰ ਦੱਸਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। (ਮੱਤੀ 28:19, 20; ਪ੍ਰਕਾ. 14:6, 7; 22:17) ਜੇ ਤੁਸੀਂ ਇਸ ਵੱਡੀ ਭੀੜ ਦਾ ਹਿੱਸਾ ਹੋ, ਤਾਂ ਤੁਹਾਡੇ ਲਈ ਵੀ ਚੰਗੇ ਭਵਿੱਖ ਦੀ ਉਮੀਦ ਬਹੁਤ ਅਨਮੋਲ ਹੋਣੀ।

3. ਸ਼ੈਤਾਨ ਦੀ ਕੀ ਮਕਸਦ ਹੈ?

3 ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਯਹੋਵਾਹ ʼਤੇ ਉਮੀਦ ਲਾਉਣੀ ਛੱਡ ਦਿਓ। ਉਸ ਦਾ ਮਕਸਦ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਯਹੋਵਾਹ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਆਪਣੇ ਵਾਅਦੇ ਪੂਰੇ ਨਹੀਂ ਕਰੇਗਾ। ਜੇ ਸ਼ੈਤਾਨ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦਾ ਹੈ, ਤਾਂ ਅਸੀਂ ਹਿੰਮਤ ਹਾਰ ਬੈਠਾਂਗੇ ਅਤੇ ਇੱਥੋਂ ਤਕ ਕਿ ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਕਰਨੀ ਵੀ ਛੱਡ ਦੇਈਏ। ਸ਼ੈਤਾਨ ਨੇ ਅੱਯੂਬ ਨਾਲ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ।

4. ਇਸ ਲੇਖ ਵਿਚ ਅਸੀਂ ਕੀ-ਕੀ ਦੇਖਾਂਗੇ? (ਅੱਯੂਬ 1:9-12)

4 ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਸ਼ੈਤਾਨ ਨੇ ਅੱਯੂਬ ਦੀ ਵਫ਼ਾਦਾਰੀ ਤੋੜਨ ਲਈ ਕਿਹੜੀਆਂ ਚਾਲਾਂ ਚੱਲੀਆਂ। (ਅੱਯੂਬ 1:9-12 ਪੜ੍ਹੋ।) ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਅੱਯੂਬ ਤੋਂ ਕੀ ਸਿੱਖ ਸਕਦੇ ਹਾਂ। ਨਾਲੇ ਸਾਨੂੰ ਇਹ ਗੱਲ ਯਾਦ ਕਿਉਂ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ।

ਸ਼ੈਤਾਨ ਵੱਲੋਂ ਅੱਯੂਬ ਦੀ ਉਮੀਦ ਖ਼ਤਮ ਕਰਨ ਦੀ ਕੋਸ਼ਿਸ਼

5-6. ਥੋੜ੍ਹੇ ਹੀ ਸਮੇਂ ਵਿਚ ਅੱਯੂਬ ਨਾਲ ਕੀ-ਕੀ ਹੋਇਆ?

5 ਅੱਯੂਬ ਦੀ ਜ਼ਿੰਦਗੀ ਵਿਚ ਸਭ ਕੁਝ ਵਧੀਆ ਚੱਲ ਰਿਹਾ ਸੀ। ਉਸ ਦੀ ਯਹੋਵਾਹ ਨਾਲ ਗੂੜ੍ਹੀ ਦੋਸਤੀ ਸੀ। ਉਸ ਦਾ ਵੱਡਾ ਤੇ ਖ਼ੁਸ਼ ਪਰਿਵਾਰ ਸੀ ਅਤੇ ਉਹ ਬਹੁਤ ਅਮੀਰ ਸੀ। (ਅੱਯੂ. 1:1-5) ਪਰ ਸਿਰਫ਼ ਇਕ ਦਿਨ ਵਿਚ ਹੀ ਉਸ ਦੀ ਪੂਰੀ ਦੁਨੀਆਂ ਉੱਜੜ ਗਈ। ਸਭ ਤੋਂ ਪਹਿਲਾਂ, ਉਸ ਦੇ ਸਾਰੇ ਜਾਨਵਰ ਮਾਰੇ ਗਏ। (ਅੱਯੂ. 1:13-17) ਫਿਰ ਉਸ ਦੇ ਜਿਗਰ ਦੇ ਟੁਕੜੇ, ਉਸ ਦੇ ਸਾਰੇ ਬੱਚੇ ਮਾਰੇ ਗਏ। ਜ਼ਰਾ ਸੋਚੋ ਕਿ ਉਹ ਘੜੀ ਅੱਯੂਬ ਲਈ ਕਿੰਨੀ ਦੁੱਖਾਂ ਭਰੀ ਹੋਣੀ! ਜਦੋਂ ਮਾਪਿਆਂ ਦਾ ਇਕ ਬੱਚਾ ਮਰ ਜਾਂਦਾ ਹੈ, ਤਾਂ ਉਹ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਹੁਣ ਜ਼ਰਾ ਸੋਚੋ ਕਿ ਅੱਯੂਬ ਅਤੇ ਉਸ ਦੀ ਪਤਨੀ ਨੂੰ ਉਦੋਂ ਕਿੰਨਾ ਜ਼ਿਆਦਾ ਦੁੱਖ ਅਤੇ ਸਦਮਾ ਲੱਗਾ ਹੋਣਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੌਤ ਨੇ ਉਨ੍ਹਾਂ ਦੇ ਦਸ ਦੇ ਦਸ ਬੱਚਿਆਂ ਨੂੰ ਨਿਗਲ਼ ਲਿਆ। ਉਹ ਪੂਰੀ ਤਰ੍ਹਾਂ ਨਿਰਾਸ਼ਾ ਵਿਚ ਡੁੱਬ ਗਏ ਹੋਣੇ। ਅੱਯੂਬ ਨੇ ਸੋਗ ਮਨਾਉਂਦਿਆਂ ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ʼਤੇ ਡਿੱਗ ਪਿਆ।​—ਅੱਯੂ. 1:18-20.

6 ਫਿਰ ਸ਼ੈਤਾਨ ਨੇ ਅੱਯੂਬ ਨੂੰ ਇਕ ਦਰਦਨਾਕ ਬੀਮਾਰੀ ਲਾ ਦਿੱਤੀ ਅਤੇ ਉਸ ਦਾ ਆਦਰ-ਮਾਣ ਖੋਹ ਲਿਆ। (ਅੱਯੂ. 2:6-8; 7:5) ਇਕ ਸਮੇਂ ʼਤੇ ਲੋਕ ਉਸ ਦਾ ਬਹੁਤ ਇੱਜ਼ਤ-ਮਾਣ ਕਰਦੇ ਸਨ। ਉਹ ਉਸ ਤੋਂ ਸਲਾਹ ਲੈਣ ਆਉਂਦੇ ਸਨ। (ਅੱਯੂ. 29:7, 8, 21) ਪਰ ਹੁਣ ਉਨ੍ਹਾਂ ਸਾਰਿਆਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ। ਉਸ ਦੇ ਆਪਣੇ ਭਰਾਵਾਂ, ਕਰੀਬੀ ਦੋਸਤਾਂ ਅਤੇ ਇੱਥੋਂ ਤਕ ਕੇ ਉਸ ਦੇ ਆਪਣੇ ਨੌਕਰਾਂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਸੀ।​—ਅੱਯੂ. 19:13, 14, 16.

ਅੱਜ ਬਹੁਤ ਸਾਰੇ ਗਵਾਹ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਦੁੱਖ-ਤਕਲੀਫ਼ਾਂ ਸਹਿੰਦੇ ਵੇਲੇ ਅੱਯੂਬ ʼਤੇ ਕੀ ਬੀਤੀ ਹੋਣੀ (ਪੈਰਾ 7 ਦੇਖੋ) *

7. (ੳ) ਅੱਯੂਬ ਮੁਤਾਬਕ ਉਸ ਦੀਆਂ ਸਾਰੀਆਂ ਮੁਸ਼ਕਲਾਂ ਪਿੱਛੇ ਕਿਸ ਦਾ ਹੱਥ ਸੀ, ਪਰ ਉਸ ਨੇ ਕੀ ਨਹੀਂ ਕੀਤਾ? (ਅ) ਅੱਜ ਸ਼ਾਇਦ ਸਾਨੂੰ ਵੀ ਕਿਹੜੀਆਂ ਮੁਸ਼ਕਲਾਂ ਵਿੱਚੋਂ ਨਿਕਲਣਾ ਪੈ ਸਕਦਾ ਹੈ? (ਇਸ ਪੈਰੇ ਲਈ ਦਿੱਤੀ ਤਸਵੀਰ ਦੇਖੋ।)

7 ਸ਼ੈਤਾਨ ਚਾਹੁੰਦਾ ਸੀ ਕਿ ਅੱਯੂਬ ਇਹ ਸੋਚੇ ਕਿ ਉਸ ʼਤੇ ਇਹ ਸਾਰੇ ਦੁੱਖ ਇਸ ਕਰਕੇ ਆਏ ਕਿਉਂਕਿ ਯਹੋਵਾਹ ਉਸ ਤੋਂ ਗੁੱਸੇ ਸੀ। ਉਦਾਹਰਣ ਲਈ, ਸ਼ੈਤਾਨ ਨੇ ਜ਼ੋਰਦਾਰ ਹਨੇਰੀ ਵਗਾ ਕੇ ਉਸ ਘਰ ਨੂੰ ਡੇਗ ਦਿੱਤਾ ਜਿੱਥੇ ਅੱਯੂਬ ਦੇ ਸਾਰੇ ਬੱਚੇ ਇਕੱਠੇ ਖਾਣਾ ਖਾ ਰਹੇ ਸਨ। (ਅੱਯੂ. 1:18, 19) ਨਾਲੇ ਸ਼ੈਤਾਨ ਨੇ ਆਕਾਸ਼ੋਂ ਅੱਗ ਵਰ੍ਹਾ ਕੇ ਅੱਯੂਬ ਦੇ ਜਾਨਵਰਾਂ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਨੌਕਰਾਂ ਨੂੰ ਸਾੜ ਕੇ ਭਸਮ ਕਰ ਦਿੱਤਾ। (ਅੱਯੂ. 1:16) ਜ਼ੋਰਦਾਰ ਹਨੇਰੀ ਅਤੇ ਆਕਾਸ਼ੋਂ ਅੱਗ ਵਰ੍ਹਨ ਕਰਕੇ ਅੱਯੂਬ ਨੂੰ ਲੱਗਾ ਕਿ ਇਸ ਸਭ ਪਿੱਛੇ ਯਹੋਵਾਹ ਦਾ ਹੀ ਹੱਥ ਹੋਣਾ। ਇਸ ਲਈ ਉਸ ਨੇ ਸੋਚਿਆ ਕਿ ਯਹੋਵਾਹ ਉਸ ਤੋਂ ਗੁੱਸੇ ਸੀ ਅਤੇ ਉਸ ਨੂੰ ਸਜ਼ਾ ਦੇ ਰਿਹਾ ਸੀ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅੱਯੂਬ ਨੇ ਆਪਣੇ ਸਵਰਗੀ ਪਿਤਾ ਬਾਰੇ ਕੁਝ ਵੀ ਬੁਰਾ-ਭਲਾ ਨਹੀਂ ਕਿਹਾ। ਉਸ ਨੇ ਇਹ ਗੱਲ ਮੰਨੀ ਕਿ ਕਈ ਸਾਲਾਂ ਤਕ ਯਹੋਵਾਹ ਨੇ ਉਸ ਨੂੰ ਕਾਫ਼ੀ ਕੁਝ ਚੰਗਾ-ਚੰਗਾ ਦਿੱਤਾ ਸੀ। ਉਸ ਨੇ ਸੋਚਿਆ ਕਿ ਜੇ ਉਹ ਇਹ ਸਾਰਾ ਕੁਝ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਸਕਦਾ ਸੀ, ਤਾਂ ਫਿਰ ਜੋ ਕੁਝ ਵੀ ਉਸ ਨਾਲ ਬੁਰਾ ਹੋਇਆ, ਉਹ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਿਉਂ ਨਹੀਂ ਕਰ ਸਕਦਾ। ਫਿਰ ਉਸ ਨੇ ਕਿਹਾ: “ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਰਹੇ।” (ਅੱਯੂ. 1:20, 21; 2:10) ਭਾਵੇਂ ਕਿ ਇਸ ਸਮੇਂ ਤਕ ਅੱਯੂਬ ਦੇ ਸਾਰੇ ਜਾਨਵਰ ਤੇ ਦਸ ਦੇ ਦਸ ਬੱਚੇ ਮਾਰੇ ਗਏ ਅਤੇ ਉਸ ਨੂੰ ਦਰਦਨਾਕ ਬੀਮਾਰੀ ਲੱਗ ਗਈ, ਫਿਰ ਵੀ ਉਸ ਨੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਛੱਡੀ। ਪਰ ਸ਼ੈਤਾਨ ਨੂੰ ਇੰਨਾ ਸਾਰਾ ਕੁਝ ਕਰ ਕੇ ਵੀ ਚੈਨ ਨਹੀਂ ਆਇਆ।

8. ਫਿਰ ਸ਼ੈਤਾਨ ਨੇ ਅੱਯੂਬ ਖ਼ਿਲਾਫ਼ ਕਿਹੜੀ ਚਾਲ ਚੱਲੀ?

8 ਫਿਰ ਸ਼ੈਤਾਨ ਨੇ ਅੱਯੂਬ ਖ਼ਿਲਾਫ਼ ਅਗਲੀ ਚਾਲ ਚੱਲੀ। ਉਸ ਨੇ ਅੱਯੂਬ ਦੇ ਤਿੰਨ ਝੂਠੇ ਦੋਸਤਾਂ ਨੂੰ ਵਰਤ ਕੇ ਉਸ ਨੂੰ ਅਹਿਸਾਸ ਕਰਾਇਆ ਕਿ ਉਹ ਕਿਸੇ ਕੰਮ ਦਾ ਨਹੀਂ ਸੀ। ਉਨ੍ਹਾਂ ਤਿੰਨਾਂ ਆਦਮੀਆਂ ਨੇ ਦਾਅਵਾ ਕੀਤਾ ਕਿ ਅੱਯੂਬ ਨੇ ਜ਼ਰੂਰ ਕੋਈ ਗ਼ਲਤ ਕੰਮ ਕੀਤਾ ਹੋਣਾ ਜਿਸ ਕਰਕੇ ਉਸ ʼਤੇ ਇਹ ਸਾਰੇ ਦੁੱਖ ਆਏ ਸਨ। (ਅੱਯੂ. 22:5-9) ਇੱਥੋਂ ਤਕ ਕਿ ਉਨ੍ਹਾਂ ਨੇ ਅੱਯੂਬ ਨੂੰ ਇਸ ਗੱਲ ʼਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਚਾਹੇ ਉਸ ਨੇ ਕੋਈ ਗ਼ਲਤੀ ਨਾ ਵੀ ਕੀਤੀ ਹੋਵੇ, ਫਿਰ ਵੀ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜੋ ਕੁਝ ਕੀਤਾ, ਉਸ ਦੀ ਪਰਮੇਸ਼ੁਰ ਨੂੰ ਕੋਈ ਕਦਰ ਨਹੀਂ। (ਅੱਯੂ. 4:18; 22:2, 3; 25:4) ਅਸਲ ਵਿਚ, ਉਹ ਅੱਯੂਬ ਦੇ ਦਿਲ ਵਿਚ ਇਹ ਸ਼ੱਕ ਪੈਦਾ ਕਰ ਰਹੇ ਸਨ ਕਿ ਪਰਮੇਸ਼ੁਰ ਨਾ ਤਾਂ ਉਸ ਨੂੰ ਪਿਆਰ ਕਰਦਾ ਹੈ ਤੇ ਨਾ ਹੀ ਉਸ ਨੂੰ ਅੱਯੂਬ ਦੀ ਕੋਈ ਪਰਵਾਹ ਹੈ ਅਤੇ ਪਰਮੇਸ਼ੁਰ ਨੂੰ ਉਸ ਦੀ ਸੇਵਾ ਦੀ ਵੀ ਕੋਈ ਕਦਰ ਨਹੀਂ ਹੈ। ਉਨ੍ਹਾਂ ਦੀਆਂ ਗੱਲਾਂ ਤੋਂ ਅੱਯੂਬ ਨੂੰ ਲੱਗ ਸਕਦਾ ਸੀ ਕਿ ਉਸ ਲਈ ਕੋਈ ਉਮੀਦ ਨਹੀਂ ਸੀ।

9. ਕਿਹੜੀ ਗੱਲ ਨੇ ਅੱਯੂਬ ਦੀ ਹਿੰਮਤ ਰੱਖਣ ਅਤੇ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ?

9 ਜ਼ਰਾ ਕਲਪਨਾ ਕਰੋ ਕਿ ਅੱਯੂਬ ਸੁਆਹ ਵਿਚ ਬੈਠਾ ਹੋਇਆ ਹੈ ਅਤੇ ਦਰਦ ਨਾਲ ਤੜਫ਼ ਰਿਹਾ ਹੈ। (ਅੱਯੂ. 2:8) ਉਹ ਦੁੱਖਾਂ ਦੇ ਭਾਰ ਹੇਠ ਦੱਬਿਆ ਹੋਇਆ ਹੈ ਅਤੇ ਉਸ ਨੂੰ ਆਪਣੇ ਬੱਚਿਆਂ ਦੀ ਮੌਤ ਦਾ ਗਮ ਸਤਾ ਰਿਹਾ ਹੈ। ਉਸ ਦੇ ਤਿੰਨੇ ਦੋਸਤ ਬੇਦਰਦੀ ਨਾਲ ਉਸ ਨੂੰ ਬੁਰਾ-ਭਲਾ ਕਹਿ ਰਹੇ ਹਨ ਅਤੇ ਉਸ ਦਾ ਚੰਗਾ ਨਾਂ ਮਿੱਟੀ ਵਿਚ ਰੋਲ਼ ਰਹੇ ਹਨ। ਪਹਿਲਾਂ-ਪਹਿਲ ਤਾਂ ਅੱਯੂਬ ਚੁੱਪ ਕਰ ਕੇ ਬੈਠਾ ਰਹਿੰਦਾ ਹੈ। (ਅੱਯੂ. 2:13–3:1) ਅੱਯੂਬ ਦੀ ਖ਼ਾਮੋਸ਼ੀ ਕਰਕੇ ਜੇ ਉਸ ਦੇ ਦੋਸਤਾਂ ਨੂੰ ਲੱਗਦਾ ਹੈ ਕਿ ਉਹ ਪਰਮੇਸ਼ੁਰ ਨੂੰ ਬੁਰਾ-ਭਲਾ ਕਹੇਗਾ ਅਤੇ ਉਸ ਨੂੰ ਛੱਡ ਦੇਵੇਗਾ, ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਗ਼ਲਤਫ਼ਹਿਮੀ ਹੈ। ਅੱਯੂਬ ਛੇਤੀ ਹੀ ਉਨ੍ਹਾਂ ਦੀ ਇਸ ਗ਼ਲਤਫ਼ਹਿਮੀ ਨੂੰ ਦੂਰ ਕਰਦਾ ਹੈ। ਉਹ ਆਪਣਾ ਸਿਰ ਉੱਪਰ ਚੁੱਕਦਾ ਹੈ ਅਤੇ ਉਨ੍ਹਾਂ ਵੱਲ ਦੇਖ ਕੇ ਕਹਿੰਦਾ ਹੈ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ!” (ਅੱਯੂ. 27:5) ਇੰਨੇ ਦੁੱਖਾਂ ਦੇ ਬਾਵਜੂਦ ਵੀ ਕਿਹੜੀ ਗੱਲ ਨੇ ਅੱਯੂਬ ਦੀ ਹਿੰਮਤ ਰੱਖਣ ਅਤੇ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ? ਉਸ ਨੇ ਔਖੀਆਂ ਤੋਂ ਔਖੀਆਂ ਘੜੀਆਂ ਵਿਚ ਵੀ ਉਮੀਦ ਨਹੀਂ ਛੱਡੀ। ਉਸ ਨੂੰ ਪੂਰੀ ਉਮੀਦ ਸੀ ਕਿ ਪਰਮੇਸ਼ੁਰ ਉਸ ਨੂੰ ਜ਼ਰੂਰ ਦੁੱਖਾਂ ਵਿੱਚੋਂ ਕੱਢੇਗਾ ਅਤੇ ਉਸ ਨੂੰ ਇਸ ਗੱਲ ʼਤੇ ਵੀ ਪੱਕਾ ਭਰੋਸਾ ਸੀ ਕਿ ਜੇ ਉਹ ਮਰ ਵੀ ਗਿਆ, ਤਾਂ ਵੀ ਯਹੋਵਾਹ ਉਸ ਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ।​—ਅੱਯੂ. 14:13-15.

ਅਸੀਂ ਅੱਯੂਬ ਦੀ ਰੀਸ ਕਿਵੇਂ ਕਰ ਸਕਦੇ ਹਾਂ?

10. ਅੱਯੂਬ ਦੀ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ?

10 ਅੱਯੂਬ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਸ਼ੈਤਾਨ ਸਾਡੇ ʼਤੇ ਯਹੋਵਾਹ ਨੂੰ ਛੱਡਣ ਦਾ ਜ਼ੋਰ ਨਹੀਂ ਪਾ ਸਕਦਾ ਅਤੇ ਯਹੋਵਾਹ ਸਾਡੀ ਹਾਲਤ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਅਸੀਂ ਇਹ ਵੀ ਸਿੱਖਦੇ ਹਾਂ ਕਿ ਸ਼ੈਤਾਨ ਕਿਹੜੀਆਂ ਚਾਲਾਂ ਚੱਲ ਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਆਓ ਦੇਖੀਏ ਕਿ ਅਸੀਂ ਅੱਯੂਬ ਦੇ ਤਜਰਬੇ ਤੋਂ ਕਿਹੜੇ ਖ਼ਾਸ ਸਬਕ ਸਿੱਖ ਸਕਦੇ ਹਾਂ।

11. ਯਾਕੂਬ 4:7 ਮੁਤਾਬਕ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

11 ਅੱਯੂਬ ਨੇ ਇਹ ਗੱਲ ਸਾਬਤ ਕੀਤੀ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਕਰਦੇ ਰਹਾਂਗੇ, ਤਾਂ ਅਸੀਂ ਕਿਸੇ ਵੀ ਮੁਸ਼ਕਲ ਨੂੰ ਸਹਿ ਸਕਾਂਗੇ ਅਤੇ ਸ਼ੈਤਾਨ ਦਾ ਵਿਰੋਧ ਕਰਨ ਵਿਚ ਸਫ਼ਲ ਹੋਵਾਂਗੇ। ਬਾਈਬਲ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੀ ਹੈ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਸ਼ੈਤਾਨ ਸਾਡੇ ਕੋਲੋਂ ਭੱਜ ਜਾਵੇਗਾ।​ਯਾਕੂਬ 4:7 ਪੜ੍ਹੋ।

12. ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ʼਤੇ ਪੱਕਾ ਭਰੋਸਾ ਹੋਣ ਕਰਕੇ ਅੱਯੂਬ ਨੂੰ ਹਿੰਮਤ ਕਿਵੇਂ ਮਿਲੀ?

12 ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ʼਤੇ ਸਾਡਾ ਭਰੋਸਾ ਪੱਕਾ ਹੋਣਾ ਚਾਹੀਦਾ ਹੈ। ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਸ਼ੈਤਾਨ ਅਕਸਰ ਮੌਤ ਦਾ ਡਰ ਵਰਤ ਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਅੱਯੂਬ ਨਾਲ ਵੀ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਅੱਯੂਬ ਆਪਣੀ ਜਾਨ ਬਚਾਉਣ ਲਈ ਸਾਰਾ ਕੁਝ ਦਾਅ ʼਤੇ ਲਾ ਦੇਵੇਗਾ, ਇੱਥੋਂ ਤਕ ਕਿ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਵੀ। ਪਰ ਸ਼ੈਤਾਨ ਦਾ ਇਹ ਦਾਅਵਾ ਕਿੰਨਾ ਗ਼ਲਤ ਸੀ। ਚਾਹੇ ਅੱਯੂਬ ਔਖੀ ਤੋਂ ਔਖੀ ਘੜੀ ਵਿਚ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਮਰਨ ਹੀ ਵਾਲਾ ਹੈ, ਫਿਰ ਵੀ ਉਸ ਨੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਛੱਡੀ। ਉਸ ਨੂੰ ਯਹੋਵਾਹ ਦੀ ਭਲਿਆਈ ʼਤੇ ਪੱਕਾ ਭਰੋਸਾ ਸੀ ਅਤੇ ਉਸ ਨੂੰ ਇਸ ਗੱਲ ਦੀ ਪੱਕੀ ਉਮੀਦ ਸੀ ਕਿ ਯਹੋਵਾਹ ਜ਼ਰੂਰ ਉਸ ਨੂੰ ਇਹ ਸਾਰੇ ਦੁੱਖ ਸਹਿਣ ਦੀ ਤਾਕਤ ਦੇਵੇਗਾ। ਅੱਯੂਬ ਨੂੰ ਨਿਹਚਾ ਸੀ ਕਿ ਜੇ ਯਹੋਵਾਹ ਨੇ ਉਸ ਦੇ ਜੀਉਂਦਿਆਂ ਸਾਰਾ ਕੁਝ ਠੀਕ ਨਹੀਂ ਕੀਤਾ, ਤਾਂ ਉਹ ਜ਼ਰੂਰ ਉਸ ਨੂੰ ਦੁਬਾਰਾ ਜੀ ਉਠਾਵੇਗਾ। ਜੇ ਅਸੀਂ ਵੀ ਅੱਯੂਬ ਵਾਂਗ ਇਸ ਉਮੀਦ ʼਤੇ ਪੱਕਾ ਭਰੋਸਾ ਰੱਖਾਂਗੇ, ਤਾਂ ਮੌਤ ਦਾ ਡਰ ਵੀ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਨੂੰ ਤੋੜ ਨਹੀਂ ਸਕੇਗਾ।

13. ਸ਼ੈਤਾਨ ਨੇ ਅੱਯੂਬ ਦੇ ਸਮੇਂ ਵਿਚ ਜੋ ਚਾਲਾਂ ਚੱਲੀਆਂ, ਸਾਨੂੰ ਉਨ੍ਹਾਂ ʼਤੇ ਗੌਰ ਕਿਉਂ ਕਰਨਾ ਚਾਹੀਦਾ ਹੈ?

13 ਸ਼ੈਤਾਨ ਅੱਜ ਵੀ ਉਹੀ ਚਾਲਾਂ ਚੱਲਦਾ ਹੈ ਜੋ ਉਸ ਨੇ ਅੱਯੂਬ ਦੇ ਸਮੇਂ ਵਿਚ ਚੱਲੀਆਂ ਸਨ। ਜ਼ਰਾ ਗੌਰ ਕਰੋ ਕਿ ਉਸ ਨੇ ਸਿਰਫ਼ ਅੱਯੂਬ ʼਤੇ ਹੀ ਇਹ ਇਲਜ਼ਾਮ ਨਹੀਂ ਲਾਇਆ, ਸਗੋਂ ਉਸ ਨੇ ਸਾਰੇ ਇਨਸਾਨਾਂ ਬਾਰੇ ਕਿਹਾ: “ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ।” (ਅੱਯੂ. 2:4, 5) ਦਰਅਸਲ, ਸ਼ੈਤਾਨ ਦਾਅਵਾ ਕਰਦਾ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪਿਆਰ ਨਹੀਂ ਕਰਦੇ। ਇਸ ਲਈ ਅਸੀਂ ਆਪਣੇ ਜਾਨ ਬਚਾਉਣ ਲਈ ਉਸ ਤੋਂ ਮੂੰਹ ਫੇਰ ਲਵਾਂਗੇ। ਬਾਅਦ ਵਿਚ ਸ਼ੈਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਪਰਮੇਸ਼ੁਰ ਸਾਨੂੰ ਪਿਆਰ ਨਹੀਂ ਕਰਦਾ ਅਤੇ ਅਸੀਂ ਉਸ ਨੂੰ ਖ਼ੁਸ਼ ਕਰਨ ਲਈ ਜੋ ਕੁਝ ਕਰਦੇ ਹਾਂ, ਉਹ ਸਭ ਕੁਝ ਬੇਕਾਰ ਹੈ। ਸਾਨੂੰ ਸ਼ੈਤਾਨ ਦੀਆਂ ਚਾਲਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ, ਇਸ ਲਈ ਅਸੀਂ ਉਸ ਦੇ ਝੂਠ ਵਿਚ ਫਸਣ ਦੀ ਬਜਾਇ ਯਹੋਵਾਹ ʼਤੇ ਉਮੀਦ ਲਾਈ ਰੱਖਾਂਗੇ।

14. ਦੁੱਖ-ਮੁਸੀਬਤਾਂ ਆਉਣ ʼਤੇ ਕਿਹੜੀ ਗੱਲ ਜ਼ਾਹਰ ਹੁੰਦੀ ਹੈ? ਮਿਸਾਲ ਦੇ ਕੇ ਸਮਝਾਓ।

14 ਜਦੋਂ ਅੱਯੂਬ ʼਤੇ ਦੁੱਖ-ਮੁਸੀਬਤਾਂ ਆਈਆਂ, ਤਾਂ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਜਾਣ ਸਕਿਆ ਅਤੇ ਉਨ੍ਹਾਂ ਨੂੰ ਸੁਧਾਰ ਸਕਿਆ। ਅੱਯੂਬ ਜਾਣ ਸਕਿਆ ਕਿ ਉਸ ਨੂੰ ਆਪਣੇ ਵਿਚ ਹੋਰ ਵੀ ਜ਼ਿਆਦਾ ਨਿਮਰਤਾ ਪੈਦਾ ਕਰਨ ਦੀ ਲੋੜ ਸੀ। (ਅੱਯੂ. 42:3) ਜਦੋਂ ਸਾਡੇ ʼਤੇ ਵੀ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਤਾਂ ਸਾਨੂੰ ਆਪਣੇ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਜ਼ਰਾ ਭਰਾ ਨਿਕੋਲਾਏ * ਦੀ ਮਿਸਾਲ ʼਤੇ ਗੌਰ ਕਰੋ। ਉਸ ਦੀ ਸਿਹਤ ਬਹੁਤ ਖ਼ਰਾਬ ਸੀ, ਪਰ ਫਿਰ ਵੀ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਉਹ ਦੱਸਦਾ ਹੈ: “ਜੇਲ੍ਹ ਜਾਣਾ ਐਕਸ-ਰੇ ਕਰਾਉਣ ਵਾਂਗ ਹੈ ਜਿਸ ਤੋਂ ਇਕ ਮਸੀਹੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ।” ਜਦੋਂ ਅਸੀਂ ਜਾਣ ਜਾਂਦੇ ਹਾਂ ਕਿ ਸਾਡੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ, ਤਾਂ ਅਸੀਂ ਆਪਣੇ ਵਿਚ ਸੁਧਾਰ ਕਰ ਪਾਉਂਦੇ ਹਾਂ।

15. ਸਾਨੂੰ ਕਿਸ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਉਂ?

15 ਸਾਨੂੰ ਯਹੋਵਾਹ ਦੀ ਗੱਲ ਸੁਣਨ ਦੀ ਲੋੜ ਹੈ, ਨਾ ਕਿ ਆਪਣੇ ਦੁਸ਼ਮਣਾਂ ਦੀ। ਜਦੋਂ ਯਹੋਵਾਹ ਨੇ ਅੱਯੂਬ ਨਾਲ ਗੱਲ ਕੀਤੀ, ਤਾਂ ਉਸ ਨੇ ਬੜੇ ਧਿਆਨ ਨਾਲ ਯਹੋਵਾਹ ਦੀ ਗੱਲ ਸੁਣੀ। ਪਰਮੇਸ਼ੁਰ ਨੇ ਸਵਾਲ ਪੁੱਛ-ਪੁੱਛ ਕੇ ਉਸ ਨਾਲ ਗੱਲ ਕੀਤੀ। ਦਰਅਸਲ, ਯਹੋਵਾਹ ਅੱਯੂਬ ਨੂੰ ਕਹਿ ਰਿਹਾ ਸੀ: ‘ਕੀ ਤੂੰ ਮੇਰੀ ਤਾਕਤ ਨਾਲ ਬਣਾਈ ਸ੍ਰਿਸ਼ਟੀ ਨੂੰ ਦੇਖਦਾ ਹੈਂ? ਮੈਨੂੰ ਪਤਾ ਹੈ ਕਿ ਤੇਰੇ ʼਤੇ ਕੀ ਬੀਤ ਰਹੀ ਹੈ। ਕੀ ਤੈਨੂੰ ਲੱਗਦਾ ਕਿ ਮੈਨੂੰ ਤੇਰੀ ਕੋਈ ਪਰਵਾਹ ਨਹੀਂ?’ ਅੱਯੂਬ ਨੇ ਯਹੋਵਾਹ ਦੀ ਭਲਿਆਈ ਲਈ ਦਿਲੋਂ ਕਦਰ ਦਿਖਾਈ ਅਤੇ ਨਿਮਰਤਾ ਨਾਲ ਜਵਾਬ ਦਿੱਤਾ: “ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਹੈ, ਪਰ ਹੁਣ ਮੈਂ ਆਪਣੀ ਅੱਖੀਂ ਤੈਨੂੰ ਦੇਖਦਾ ਹਾਂ।” (ਅੱਯੂ. 42:5) ਜਦੋਂ ਅੱਯੂਬ ਨੇ ਇਹ ਗੱਲ ਕਹੀ, ਤਾਂ ਸ਼ਾਇਦ ਉਸ ਵੇਲੇ ਵੀ ਉਹ ਸੁਆਹ ਵਿਚ ਹੀ ਬੈਠਾ ਹੋਇਆ ਸੀ ਤੇ ਉਸ ਦਾ ਪੂਰਾ ਸਰੀਰ ਦਰਦਨਾਕ ਫੋੜਿਆਂ ਨਾਲ ਭਰਿਆ ਹੋਇਆ ਸੀ ਅਤੇ ਉਹ ਆਪਣੇ ਬੱਚਿਆਂ ਦੀ ਮੌਤ ਦਾ ਸੋਗ ਮਨਾ ਰਿਹਾ ਸੀ। ਉਸ ਵੇਲੇ ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ।​—ਅੱਯੂ. 42:7, 8.

16. ਯਸਾਯਾਹ 49:15, 16 ਮੁਤਾਬਕ ਮੁਸ਼ਕਲਾਂ ਦੌਰਾਨ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ?

16 ਅੱਜ ਵੀ ਸ਼ਾਇਦ ਲੋਕ ਸਾਡੀ ਬੇਇੱਜ਼ਤੀ ਕਰਨ ਅਤੇ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਣ ਜਿਵੇਂ ਅਸੀਂ ਬੇਕਾਰ ਹੋਈਏ। ਉਹ ਸ਼ਾਇਦ ਸਾਡਾ ਜਾਂ ਸਾਡੇ ਸੰਗਠਨ ਦਾ ਨਾਂ ਮਿੱਟੀ ਵਿਚ ਰੋਲ਼ਣ ਦੀ ਕੋਸ਼ਿਸ਼ ਕਰਨ ਅਤੇ ਸਾਡੇ “ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ” ਕਹਿਣ। (ਮੱਤੀ 5:11) ਅੱਯੂਬ ਦੀ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨੂੰ ਸਾਡੇ ʼਤੇ ਪੂਰਾ ਭਰੋਸਾ ਹੈ ਕਿ ਅਸੀਂ ਮੁਸ਼ਕਲਾਂ ਦੌਰਾਨ ਉਸ ਦੇ ਵਫ਼ਾਦਾਰ ਰਹਾਂਗੇ। ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਲੋਕਾਂ ਦਾ ਸਾਥ ਕਦੇ ਨਹੀਂ ਛੱਡਦਾ ਜੋ ਉਸ ʼਤੇ ਉਮੀਦ ਲਾਈ ਰੱਖਦੇ ਹਨ। (ਯਸਾਯਾਹ 49:15, 16 ਪੜ੍ਹੋ।) ਸਾਨੂੰ ਪਰਮੇਸ਼ੁਰ ਦੇ ਦੁਸ਼ਮਣਾਂ ਦੀਆਂ ਝੂਠੀਆਂ ਗੱਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ ਚਾਹੀਦਾ! ਤੁਰਕੀ ਵਿਚ ਰਹਿਣ ਵਾਲੇ ਭਰਾ ਜੇਮਜ਼ ਦੇ ਪਰਿਵਾਰ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ, ਉਹ ਦੱਸਦਾ ਹੈ: “ਸਾਨੂੰ ਅਹਿਸਾਸ ਹੋਇਆ ਕਿ ਅਸੀਂ ਪਰਮੇਸ਼ੁਰ ਦੇ ਲੋਕਾਂ ਵਿਰੁੱਧ ਕਹੀਆਂ ਝੂਠੀਆਂ ਗੱਲਾਂ ਸੁਣ ਕੇ ਨਿਰਾਸ਼ ਹੋ ਰਹੇ ਸੀ। ਇਸ ਲਈ ਅਸੀਂ ਪਰਮੇਸ਼ੁਰ ਦੇ ਰਾਜ ਦੀ ਉਮੀਦ ʼਤੇ ਆਪਣਾ ਧਿਆਨ ਲਾਈ ਰੱਖਿਆ ਅਤੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਰੁੱਝੇ ਰਹੇ। ਇਸ ਤਰ੍ਹਾਂ ਕਰ ਕੇ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖੀ।” ਅੱਯੂਬ ਵਾਂਗ ਸਾਨੂੰ ਵੀ ਯਹੋਵਾਹ ਦੀ ਹੀ ਗੱਲ ਸੁਣਨੀ ਚਾਹੀਦੀ ਹੈ! ਸਾਡੇ ਦੁਸ਼ਮਣਾਂ ਦੀਆਂ ਝੂਠੀਆਂ ਗੱਲਾਂ ਕਦੇ ਵੀ ਸਾਡੀ ਉਮੀਦ ਨੂੰ ਖ਼ਤਮ ਨਹੀਂ ਕਰ ਸਕਦੀਆਂ।

ਉਮੀਦ ਰੱਖਣ ਨਾਲ ਤੁਹਾਡੀ ਰਾਖੀ ਹੁੰਦੀ ਹੈ

ਅੱਯੂਬ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਮਿਲਿਆ। ਉਹ ਤੇ ਉਸ ਦੀ ਪਤਨੀ ਲੰਬੇ ਸਮੇਂ ਤਕ ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਦਾ ਆਨੰਦ ਮਾਣਦੇ ਰਹੇ (ਪੈਰਾ 17 ਦੇਖੋ) *

17. ਇਬਰਾਨੀਆਂ ਅਧਿਆਇ 11 ਵਿਚ ਦੱਸੇ ਵਫ਼ਾਦਾਰ ਸੇਵਕਾਂ ਤੋਂ ਅਸੀਂ ਕੀ ਸਿੱਖਦੇ ਹਾਂ?

17 ਯਹੋਵਾਹ ਦੇ ਬਾਕੀ ਸੇਵਕਾਂ ਵਾਂਗ ਅੱਯੂਬ ਨੇ ਦੁੱਖ-ਮੁਸੀਬਤਾਂ ਦੌਰਾਨ ਹਿੰਮਤ ਨਹੀਂ ਹਾਰੀ ਅਤੇ ਆਪਣੀ ਵਫ਼ਾਦਾਰੀ ਬਣਾਈ ਰੱਖੀ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਅਜਿਹੇ ਕਈ ਵਫ਼ਾਦਾਰ ਸੇਵਕਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ‘ਗਵਾਹਾਂ ਦਾ ਵੱਡਾ ਬੱਦਲ’ ਕਿਹਾ। (ਇਬ. 12:1) ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਸਹਿਣੀਆਂ ਪਈਆਂ, ਪਰ ਫਿਰ ਵੀ ਉਹ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹੇ। (ਇਬ. 11:36-40) ਉਨ੍ਹਾਂ ਨੇ ਜੋ ਧੀਰਜ ਰੱਖਿਆ ਅਤੇ ਸਖ਼ਤ ਮਿਹਨਤ ਕੀਤੀ, ਕੀ ਉਹ ਸਭ ਕੁਝ ਬੇਕਾਰ ਗਿਆ? ਬਿਲਕੁਲ ਨਹੀਂ! ਚਾਹੇ ਉਨ੍ਹਾਂ ਨੇ ਜੀਉਂਦੇ-ਜੀ ਯਹੋਵਾਹ ਦੇ ਵਾਅਦੇ ਪੂਰੇ ਹੁੰਦੇ ਨਹੀਂ ਦੇਖੇ, ਪਰ ਫਿਰ ਵੀ ਉਨ੍ਹਾਂ ਨੇ ਯਹੋਵਾਹ ʼਤੇ ਉਮੀਦ ਲਾਈ ਰੱਖੀ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਸੀ, ਇਸ ਕਰਕੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੁੰਦੇ ਦੇਖਣਗੇ। (ਇਬ. 11:4, 5) ਉਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਵੀ ਯਹੋਵਾਹ ʼਤੇ ਉਮੀਦ ਲਾਈ ਰੱਖੀਏ।

18. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (ਇਬਰਾਨੀਆਂ 11:6)

18 ਅੱਜ ਦੁਨੀਆਂ ਦੇ ਲੋਕ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। (2 ਤਿਮੋ. 3:13) ਨਾਲੇ ਸ਼ੈਤਾਨ ਨੇ ਵੀ ਪਰਮੇਸ਼ੁਰ ਦੀ ਸੇਵਕਾਂ ਨੂੰ ਪਰਖਣਾ ਨਹੀਂ ਛੱਡਿਆ ਹੈ। ਫਿਰ ਵੀ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਚਾਹੇ ਸਾਨੂੰ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ ਅਤੇ “ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ” ਰੱਖਾਂਗੇ। (1 ਤਿਮੋ. 4:10) ਯਾਦ ਰੱਖੋ ਕਿ ਯਹੋਵਾਹ ਨੇ ਅੱਯੂਬ ਨੂੰ ਜੋ ਇਨਾਮ ਦਿੱਤਾ, ਉਸ ਤੋਂ ਸਾਬਤ ਹੋਇਆ ਕਿ “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂ. 5:11) ਆਓ ਅਸੀਂ ਵੀ ਯਹੋਵਾਹ ਦੇ ਵਫ਼ਾਦਾਰ ਰਹੀਏ ਅਤੇ ਭਰੋਸਾ ਰੱਖੀਏ ਕਿ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦੇਵੇਗਾ “ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।”​—ਇਬਰਾਨੀਆਂ 11:6 ਪੜ੍ਹੋ।

ਗੀਤ 150 ਯਹੋਵਾਹ ਵਿਚ ਪਨਾਹ ਲਓ

^ ਜਦੋਂ ਅਸੀਂ ਅਜਿਹੇ ਵਿਅਕਤੀ ਬਾਰੇ ਸੋਚਦੇ ਹਾਂ ਜਿਸ ʼਤੇ ਬਹੁਤ ਜ਼ਿਆਦਾ ਮੁਸੀਬਤਾਂ ਆਈਆਂ, ਤਾਂ ਸਾਡੇ ਮਨ ਵਿਚ ਅੱਯੂਬ ਦਾ ਖ਼ਿਆਲ ਆਉਂਦਾ ਹੈ। ਉਹ ਹਮੇਸ਼ਾ ਯਹੋਵਾਹ ਦਾ ਵਫ਼ਾਦਾਰ ਰਿਹਾ। ਉਸ ਦੀ ਕਹਾਣੀ ਤੋਂ ਅਸੀਂ ਸਿੱਖਾਂਗੇ ਕਿ ਸ਼ੈਤਾਨ ਸਾਨੂੰ ਯਹੋਵਾਹ ਨੂੰ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਯਹੋਵਾਹ ਸਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਨਾਲੇ ਯਹੋਵਾਹ ਨੇ ਅੱਯੂਬ ਦੀਆਂ ਮੁਸੀਬਤਾਂ ਨੂੰ ਜਿਸ ਤਰ੍ਹਾਂ ਦੂਰ ਕੀਤਾ, ਉਸੇ ਤਰ੍ਹਾਂ ਉਹ ਸਾਡੀਆਂ ਮੁਸੀਬਤਾਂ ਨੂੰ ਵੀ ਦੂਰ ਕਰੇਗਾ। ਜੇ ਅਸੀਂ ਆਪਣੇ ਕੰਮਾਂ ਰਾਹੀਂ ਇਨ੍ਹਾਂ ਗੱਲਾਂ ʼਤੇ ਭਰੋਸਾ ਦਿਖਾਉਂਦੇ ਹਾਂ, ਤਾਂ ਅਸੀਂ ‘ਯਹੋਵਾਹ ʼਤੇ ਉਮੀਦ’ ਲਾਈ ਰੱਖਣ ਵਾਲਿਆਂ ਵਿੱਚੋਂ ਹੋਵਾਂਗੇ।

^ ਸ਼ਬਦਾਂ ਦਾ ਮਤਲਬ: ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਉਮੀਦ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿਸੇ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਾ। ਨਾਲੇ ਇਸ ਦਾ ਮਤਲਬ ਕਿਸੇ ʼਤੇ ਭਰੋਸਾ ਰੱਖਣਾ ਜਾਂ ਨਿਰਭਰ ਹੋਣਾ ਵੀ ਹੋ ਸਕਦਾ ਹੈ।​—ਜ਼ਬੂ. 25:2, 3; 62:5.

^ ਕੁਝ ਨਾਂ ਬਦਲੇ ਗਏ ਹਨ।

^ ਤਸਵੀਰਾਂ ਬਾਰੇ ਜਾਣਕਾਰੀ: ਅੱਯੂਬ ਅਤੇ ਉਸ ਦੀ ਪਤਨੀ ਨੇ ਇਕ ਦਰਦਨਾਕ ਹਾਦਸੇ ਵਿਚ ਆਪਣੇ ਸਾਰੇ ਬੱਚਿਆਂ ਨੂੰ ਗੁਆ ਲਿਆ।

^ ਤਸਵੀਰਾਂ ਬਾਰੇ ਜਾਣਕਾਰੀ: ਅੱਯੂਬ ਨੇ ਬਹੁਤ ਸਾਰੇ ਦੁੱਖਾਂ ਦੇ ਬਾਵਜੂਦ ਵਫ਼ਾਦਾਰੀ ਬਣਾਈ ਰੱਖੀ। ਉਹ ਅਤੇ ਉਸ ਦੀ ਪਤਨੀ ਦੇਖਦੇ ਹੋਏ ਕਿ ਯਹੋਵਾਹ ਨੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨੀਆਂ ਬਰਕਤਾਂ ਦਿੱਤੀਆਂ ਹਨ।