Skip to content

Skip to table of contents

ਜੀਵਨੀ

ਯਹੋਵਾਹ ਬਾਰੇ ਸਿੱਖ ਕੇ ਅਤੇ ਸਿਖਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ

ਯਹੋਵਾਹ ਬਾਰੇ ਸਿੱਖ ਕੇ ਅਤੇ ਸਿਖਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ

ਮੇਰੀ ਪਰਵਰਿਸ਼ ਅਮਰੀਕਾ ਦੇ ਪੈਨਸਿਲਵੇਨੀਆ ਪ੍ਰਾਂਤ ਦੇ ਈਸਟਨ ਸ਼ਹਿਰ ਵਿਚ ਹੋਈ। ਛੋਟੇ ਹੁੰਦਿਆਂ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਇਕ ਵੱਡਾ ਆਦਮੀ ਬਣਾ, ਇਸ ਲਈ ਮੈਂ ਯੂਨੀਵਰਸਿਟੀ ਜਾਣਾ ਚਾਹੁੰਦਾ ਸੀ। ਮੈਨੂੰ ਪੜ੍ਹਨਾ-ਲਿਖਣਾ ਬਹੁਤ ਪਸੰਦ ਸੀ ਅਤੇ ਹਿਸਾਬ ਤੇ ਸਾਇੰਸ ਵਿਚ ਮੇਰੇ ਬਹੁਤ ਵਧੀਆ ਨੰਬਰ ਆਉਂਦੇ ਸਨ। 1956 ਵਿਚ ਸਾਰੇ ਕਾਲੇ ਬੱਚਿਆਂ ਵਿੱਚੋਂ ਮੇਰੇ ਸਭ ਤੋਂ ਜ਼ਿਆਦਾ ਨੰਬਰ ਆਏ ਸਨ। ਇਸ ਲਈ ਇਕ ਸੰਗਠਨ ਨੇ ਮੈਨੂੰ 25 ਡਾਲਰ (ਲਗਭਗ 120 ਰੁਪਏ) ਇਨਾਮ ਵਿਚ ਦਿੱਤੇ। ਬਾਅਦ ਵਿਚ ਮੇਰਾ ਟੀਚਾ ਬਦਲ ਗਿਆ। ਆਓ ਮੈਂ ਤੁਹਾਨੂੰ ਇਸ ਦਾ ਕਾਰਨ ਦੱਸਦਾ ਹਾਂ।

ਮੈਂ ਯਹੋਵਾਹ ਬਾਰੇ ਕਿਵੇਂ ਸਿੱਖਿਆ

ਲਗਭਗ 1940 ਵਿਚ ਮੇਰੇ ਮੰਮੀ-ਡੈਡੀ ਨੇ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਚਾਹੇ ਉਨ੍ਹਾਂ ਨੇ ਜ਼ਿਆਦਾ ਦੇਰ ਸਟੱਡੀ ਨਹੀਂ ਕੀਤੀ, ਫਿਰ ਵੀ ਮੇਰੇ ਮੰਮੀ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਰਹੇ। 1950 ਵਿਚ ਨਿਊਯਾਰਕ ਸਿਟੀ ਵਿਚ ਅੰਤਰਰਾਸ਼ਟਰੀ ਸੰਮੇਲਨ ਹੋਇਆ ਅਤੇ ਸਾਡਾ ਪਰਿਵਾਰ ਵੀ ਉਸ ਸੰਮੇਲਨ ʼਤੇ ਗਿਆ।

ਸੰਮੇਲਨ ਤੋਂ ਕੁਝ ਸਮੇਂ ਬਾਅਦ ਹੀ ਭਰਾ ਲੌਰੈਂਸ ਜੈਫਰੀਜ਼ ਸਾਨੂੰ ਮਿਲਣ ਆਉਣ ਲੱਗ ਪਿਆ। ਉਹ ਮੈਨੂੰ ਬਾਈਬਲ ਦੀਆਂ ਕੁਝ ਸੱਚਾਈਆਂ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੁਰੂ-ਸ਼ੁਰੂ ਵਿਚ ਕੁਝ ਮਾਮਲਿਆਂ ਬਾਰੇ ਮੇਰੀ ਸੋਚ ਉਸ ਤੋਂ ਬਿਲਕੁਲ ਵੱਖਰੀ ਸੀ। ਮੇਰਾ ਮੰਨਣਾ ਸੀ ਕਿ ਯਹੋਵਾਹ ਦੇ ਗਵਾਹਾਂ ਨੂੰ ਨਿਰਪੱਖ ਰਹਿਣ ਦੀ ਬਜਾਇ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਫ਼ੌਜ ਵਿਚ ਭਰਤੀ ਹੋਣਾ ਚਾਹੀਦਾ ਹੈ। ਮੈਂ ਭਰਾ ਨੂੰ ਕਿਹਾ ਕਿ ਜੇ ਸਾਰੇ ਅਮਰੀਕੀ ਯੁੱਧ ਵਿਚ ਜਾਣ ਤੋਂ ਮਨ੍ਹਾ ਕਰ ਦੇਣਗੇ, ਤਾਂ ਦੁਸ਼ਮਣ ਸਾਡੇ ਦੇਸ਼ ਉੱਤੇ ਕਬਜ਼ਾ ਕਰ ਲੈਣਗੇ। ਭਰਾ ਜੈਫਰੀਜ਼ ਨੇ ਧੀਰਜ ਰੱਖਿਆ ਤੇ ਮੇਰੇ ਨਾਲ ਤਰਕ ਕੀਤਾ: “ਤੈਨੂੰ ਕੀ ਲੱਗਦਾ ਜੇ ਅਮਰੀਕਾ ਵਿਚ ਸਾਰੇ ਲੋਕ ਯਹੋਵਾਹ ਦੇ ਗਵਾਹ ਹੋਣ ਅਤੇ ਦੁਸ਼ਮਣ ਉਨ੍ਹਾਂ ਉੱਤੇ ਹਮਲਾ ਕਰ ਦੇਣ, ਤਾਂ ਕੀ ਯਹੋਵਾਹ ਕੁਝ ਵੀ ਨਹੀਂ ਕਰੇਗਾ?” ਭਰਾ ਨੇ ਜਿਸ ਤਰੀਕੇ ਨਾਲ ਮੇਰੀ ਇਸ ਗੱਲ ਦਾ ਅਤੇ ਬਾਕੀ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ, ਉਸ ਨਾਲ ਮੈਨੂੰ ਸਮਝ ਆ ਗਈ ਕਿ ਮੈਂ ਹੀ ਗ਼ਲਤ ਸੀ। ਉਸ ਨਾਲ ਗੱਲਬਾਤ ਕਰ ਕੇ ਮੇਰੇ ਦਿਲ ਵਿਚ ਬਾਈਬਲ ਦੀਆਂ ਸੱਚਾਈਆਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਦੀ ਇੱਛਾ ਪੈਦਾ ਹੋਈ।

ਮੇਰਾ ਬਪਤਿਸਮਾ

ਮੇਰੇ ਮੰਮੀ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਸਾਰੇ ਰਸਾਲੇ ਸੰਭਾਲ ਕੇ ਰੱਖਦੇ ਸਨ ਜੋ ਉਸ ਨੂੰ ਮਿਲਦੇ ਸਨ। ਮੈਂ ਦਿਨ ਦੇ ਕਈ-ਕਈ ਘੰਟੇ ਉਹ ਰਸਾਲੇ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਅਹਿਸਾਸ ਹੋ ਗਿਆ ਕਿ ਇਹੀ ਸੱਚਾਈ ਹੈ। ਇਸ ਲਈ ਮੈਂ ਭਰਾ ਜੈਫਰੀਜ਼ ਤੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਬਾਕਾਇਦਾ ਮੀਟਿੰਗਾਂ ʼਤੇ ਵੀ ਜਾਣਾ ਸ਼ੁਰੂ ਕਰ ਦਿੱਤਾ। ਸੱਚਾਈ ਨੇ ਮੇਰੇ ਦਿਲ ਵਿਚ ਘਰ ਕਰ ਲਿਆ, ਇਸ ਲਈ ਮੈਂ ਖ਼ੁਸ਼-ਖ਼ਬਰੀ ਦਾ ਪ੍ਰਚਾਰਕ ਬਣ ਗਿਆ। ਜਦੋਂ ਮੈਨੂੰ ਇਹ ਗੱਲ ਸਮਝ ਆ ਗਈ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ,” ਤਾਂ ਮੇਰੇ ਟੀਚੇ ਬਦਲ ਗਏ। (ਸਫ਼. 1:14) ਮੈਂ ਯੂਨੀਵਰਸਿਟੀ ਜਾਣ ਦੀ ਬਜਾਇ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣਾ ਚਾਹੁੰਦਾ ਸੀ।

13 ਜੂਨ 1956 ਵਿਚ ਮੇਰੀ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਹੋ ਗਈ। ਇਸ ਤੋਂ ਤਿੰਨ ਦਿਨਾਂ ਬਾਅਦ ਮੈਂ ਸੰਮੇਲਨ ਵਿਚ ਬਪਤਿਸਮਾ ਲੈ ਲਿਆ। ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਯਹੋਵਾਹ ਬਾਰੇ ਸਿੱਖ ਕੇ ਅਤੇ ਦੂਜਿਆਂ ਨੂੰ ਉਸ ਬਾਰੇ ਸਿਖਾ ਕੇ ਮੈਨੂੰ ਇੰਨੀਆਂ ਬਰਕਤਾਂ ਮਿਲਣਗੀਆਂ।

ਪਾਇਨੀਅਰਿੰਗ ਕਰਦਿਆਂ ਬਹੁਤ ਕੁਝ ਸਿੱਖਿਆ ਅਤੇ ਦੂਜਿਆਂ ਨੂੰ ਸਿਖਾਇਆ

ਆਪਣੇ ਬਪਤਿਸਮੇ ਤੋਂ ਛੇ ਮਹੀਨਿਆਂ ਬਾਅਦ, ਮੈਂ ਰੈਗੂਲਰ ਪਾਇਨੀਅਰ ਬਣ ਗਿਆ। ਇਸੇ ਮਹੀਨੇ ਅੰਗ੍ਰੇਜ਼ੀ ਦੀ ਸਾਡੀ ਰਾਜ ਸੇਵਕਾਈ ਵਿਚ ਇਕ ਲੇਖ ਆਇਆ ਸੀ ਜਿਸ ਦਾ ਵਿਸ਼ਾ ਸੀ “ਕੀ ਤੁਸੀਂ ਉੱਥੇ ਜਾ ਕੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ?” ਮੈਂ ਖ਼ੁਦ ਵੀ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦਾ ਸੀ ਜਿੱਥੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ।​​—ਮੱਤੀ 24:14.

ਮੈਂ ਦੱਖਣੀ ਕੈਰੋਲਾਇਨਾ ਦੇ ਐੱਜਫੀਲਡ ਸ਼ਹਿਰ ਚਲਾ ਗਿਆ। ਉੱਥੇ ਦੀ ਮੰਡਲੀ ਵਿਚ ਸਿਰਫ਼ ਚਾਰ ਪ੍ਰਚਾਰਕ ਸਨ ਅਤੇ ਮੇਰੇ ਉੱਥੇ ਆਉਣ ਨਾਲ ਅਸੀਂ ਪੰਜ ਜਣੇ ਹੋ ਗਏ। ਸਾਡੀਆਂ ਮੀਟਿੰਗਾਂ ਇਕ ਭਰਾ ਦੇ ਘਰ ਵਿਚ ਹੁੰਦੀਆਂ ਸਨ। ਹਰ ਮਹੀਨੇ ਮੈਂ 100 ਘੰਟੇ ਪ੍ਰਚਾਰ ਕਰਦਾ ਸੀ। ਮੈਂ ਮੰਡਲੀ ਵਿਚ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਅਤੇ ਮੀਟਿੰਗਾਂ ਵਿਚ ਆਪਣੇ ਭਾਗ ਪੇਸ਼ ਕਰਨ ਵਿਚ ਰੁੱਝਿਆ ਰਹਿੰਦਾ ਸੀ। ਜਿੰਨਾ ਜ਼ਿਆਦਾ ਮੈਂ ਮੰਡਲੀ ਦੇ ਕੰਮ ਕਰਦਾ ਸੀ, ਉੱਨਾ ਜ਼ਿਆਦਾ ਮੈਂ ਯਹੋਵਾਹ ਬਾਰੇ ਸਿੱਖਦਾ ਸੀ।

ਮੈਂ ਇਕ ਵਿਧਵਾ ਔਰਤ ਨੂੰ ਬਾਈਬਲ ਸਟੱਡੀ ਕਰਾਉਂਦਾ ਸੀ। ਜੌਨਸਟਨ ਸ਼ਹਿਰ ਵਿਚ ਉਸ ਦਾ ਇਕ ਬਿਜ਼ਨਿਸ ਸੀ ਅਤੇ ਉਸ ਨੇ ਮੈਨੂੰ ਕੰਮ ਤੇ ਰੱਖ ਲਿਆ। ਮੈਂ ਹਫ਼ਤੇ ਵਿਚ ਕੁਝ ਦਿਨ ਉਸ ਲਈ ਕੰਮ ਕਰਦਾ ਸੀ। ਉਸ ਨੇ ਆਪਣੀ ਇਕ ਛੋਟੀ ਜਿਹੀ ਇਮਾਰਤ ਸਾਨੂੰ ਮੀਟਿੰਗਾਂ ਲਈ ਦੇ ਦਿੱਤੀ।

ਭਰਾ ਲੌਰੈਂਸ ਜੈਫਰੀਜ਼ ਨੇ ਮੇਰੀ ਬਾਈਬਲ ਸਟੱਡੀ ਕਰਾਈ ਸੀ ਅਤੇ ਉਨ੍ਹਾਂ ਦਾ ਮੁੰਡਾ ਜੌਲੀ ਬਰੁਕਲਿਨ ਸ਼ਹਿਰ ਤੋਂ ਮੇਰੇ ਕੋਲ ਆ ਗਿਆ। ਅਸੀਂ ਦੋਵੇਂ ਐੱਜਫੀਲਡ ਵਿਚ ਮਿਲ ਕੇ ਪਾਇਨੀਅਰਿੰਗ ਕਰਨ ਲੱਗ ਪਏ। ਅਸੀਂ ਇਕ ਟ੍ਰੇਲਰ (ਗੱਡੀ ਨਾਲ ਜੁੜਿਆ ਛੋਟਾ ਜਿਹਾ ਘਰ) ਵਿਚ ਰਹਿੰਦੇ ਸੀ, ਜੋ ਸਾਨੂੰ ਇਕ ਭਰਾ ਨੇ ਦਿੱਤਾ ਸੀ।

ਇੱਥੇ ਕੰਮ ਦੇ ਬਹੁਤ ਘੱਟ ਪੈਸੇ ਮਿਲਦੇ ਸੀ। ਸਾਰਾ-ਸਾਰਾ ਦਿਨ ਕੰਮ ਕਰ ਕੇ ਵੀ ਅਸੀਂ ਦੋ ਜਾਂ ਤਿੰਨ ਡਾਲਰ ਹੀ ਕਮਾ ਪਾਉਂਦੇ ਸੀ। ਇਕ ਵਾਰ ਮੇਰੇ ਕੋਲ ਕੁਝ ਰਾਸ਼ਨ ਖ਼ਰੀਦਣ ਜੋਗੇ ਹੀ ਪੈਸੇ ਬਚੇ ਸਨ। ਜਿੱਦਾਂ ਹੀ ਮੈਂ ਰਾਸ਼ਨ ਖ਼ਰੀਦ ਕੇ ਦੁਕਾਨ ਤੋਂ ਬਾਹਰ ਆਇਆ, ਤਾਂ ਇਕ ਆਦਮੀ ਨੇ ਮੇਰੇ ਕੋਲ ਆ ਕੇ ਪੁੱਛਿਆ: “ਤੂੰ ਮੇਰੇ ਲਈ ਕੰਮ ਕਰੇਗਾ? ਮੈਂ ਤੈਨੂੰ ਇਕ ਘੰਟੇ ਦਾ ਇਕ ਡਾਲਰ ਦਿਆਂਗਾ।” ਉਸ ਨੇ ਮੈਨੂੰ ਇਕ ਉਸਾਰੀ ਦੀ ਜਗ੍ਹਾ ʼਤੇ ਤਿੰਨ ਦਿਨ ਲਈ ਸਫ਼ਾਈ ਕਰਨ ਦਾ ਕੰਮ ਦਿੱਤਾ। ਇਹ ਗੱਲ ਬਿਲਕੁਲ ਸਾਫ਼ ਸੀ ਕਿ ਯਹੋਵਾਹ ਮੇਰੀ ਮਦਦ ਕਰ ਰਿਹਾ ਸੀ ਤਾਂਕਿ ਮੈਂ ਐੱਜਫੀਲਡ ਵਿਚ ਰਹਿ ਕੇ ਉਸ ਦੀ ਸੇਵਾ ਕਰਦਾ ਰਹਾਂ। ਚਾਹੇ ਮੇਰੀ ਕਮਾਈ ਬਹੁਤ ਥੋੜ੍ਹੀ ਸੀ, ਫਿਰ ਵੀ ਮੈਂ 1958 ਵਿਚ ਅੰਤਰਰਾਸ਼ਟਰੀ ਸੰਮੇਲਨ ਵਿਚ ਹਾਜ਼ਰ ਹੋ ਸਕਿਆ।

ਸਾਡੇ ਵਿਆਹ ਦਾ ਦਿਨ

ਸੰਮੇਲਨ ਦਾ ਦੂਜਾ ਦਿਨ ਮੇਰੇ ਲਈ ਬਹੁਤ ਖ਼ਾਸ ਸੀ। ਉਸ ਦਿਨ ਮੈਂ ਰੂਬੀ ਵੌਡਲਿੰਗਟਨ ਨੂੰ ਮਿਲਿਆ ਜੋ ਟੈਨਿਸੀ ਰਾਜ ਦੇ ਗੈਲੇਟਨ ਸ਼ਹਿਰ ਵਿਚ ਪਾਇਨੀਅਰ ਸੇਵਾ ਕਰ ਰਹੀ ਸੀ। ਅਸੀਂ ਦੋਵੇਂ ਮਿਸ਼ਨਰੀ ਸੇਵਾ ਕਰਨੀ ਚਾਹੁੰਦੇ ਸੀ। ਇਸ ਲਈ ਅਸੀਂ ਸੰਮੇਲਨ ਵਿਚ ਰੱਖੀ ਗਿਲਿਅਡ ਮੀਟਿੰਗ ਵਿਚ ਹਾਜ਼ਰ ਹੋਏ। ਬਾਅਦ ਵਿਚ ਅਸੀਂ ਇਕ-ਦੂਜੇ ਨੂੰ ਚਿੱਠੀਆਂ ਲਿਖਣ ਲੱਗ ਪਏ। ਫਿਰ ਮੈਨੂੰ ਗੈਲੇਟੰਨ ਵਿਚ ਪਬਲਿਕ ਭਾਸ਼ਣ ਦੇਣ ਲਈ ਬੁਲਾਇਆ ਗਿਆ। ਉਸ ਵੇਲੇ ਮੈਂ ਰੂਬੀ ਨੂੰ ਵਿਆਹ ਲਈ ਪੁੱਛਿਆ। ਫਿਰ ਮੈਂ ਰੂਬੀ ਦੀ ਮੰਡਲੀ ਵਿਚ ਚਲਾ ਗਿਆ ਅਤੇ 1959 ਵਿਚ ਅਸੀਂ ਵਿਆਹ ਕਰਾ ਲਿਆ।

ਮੰਡਲੀ ਵਿਚ ਸੇਵਾ ਕਰਦਿਆਂ ਮੈਂ ਬਹੁਤ ਕੁਝ ਸਿੱਖਿਆ ਅਤੇ ਦੂਸਰਿਆਂ ਨੂੰ ਵੀ ਸਿਖਾਇਆ

ਮੈਂ ਗੈਲੈਟਨ ਦੀ ਮੰਡਲੀ ਵਿਚ ਸੇਵਾ ਕਰਦਾ ਸੀ ਅਤੇ 23 ਸਾਲ ਦੀ ਉਮਰ ਵਿਚ ਮੈਨੂੰ ਮੰਡਲੀ ਦਾ ਸਹਾਇਕ ਸੇਵਕ (ਹੁਣ ਮੰਡਲੀ ਦੇ ਸੇਵਕ ਨੂੰ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ ਕਿਹਾ ਜਾਂਦਾ ਹੈ) ਨਿਯੁਕਤ ਕੀਤਾ ਗਿਆ। ਉਸ ਵੇਲੇ ਸਾਡੀ ਮੰਡਲੀ ਵਿਚ ਇਕ ਨਵਾਂ ਸਰਕਟ ਓਵਰਸੀਅਰ ਆਇਆ। ਉਸ ਦਾ ਨਾਂ ਚਾਰਲਸ ਟੌਮਸਨ ਸੀ। ਸਰਕਟ ਓਵਰਸੀਅਰ ਬਣਨ ਤੋਂ ਬਾਅਦ, ਉਹ ਸਭ ਤੋਂ ਪਹਿਲਾਂ ਸਾਡੀ ਮੰਡਲੀ ਦਾ ਦੌਰਾ ਕਰਨ ਆਇਆ ਸੀ। ਉਸ ਨੂੰ ਬਹੁਤ ਤਜਰਬਾ ਸੀ, ਫਿਰ ਵੀ ਉਸ ਨੇ ਮੈਨੂੰ ਪੁੱਛਿਆ ਕਿ ਉਹ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦਾ ਸੀ ਅਤੇ ਦੂਜੇ ਸਰਕਟ ਓਵਰਸੀਅਰ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਸਨ। ਮੈਂ ਉਸ ਤੋਂ ਸਿੱਖਿਆ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਵਾਲ ਪੁੱਛਣੇ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ।

ਮਈ 1964 ਵਿਚ ਮੈਨੂੰ ਰਾਜ ਸੇਵਕਾਈ ਸਕੂਲ ਲਈ ਬੁਲਾਇਆ ਗਿਆ। ਇਹ ਇਕ ਮਹੀਨੇ ਦਾ ਕੋਰਸ ਸੀ ਅਤੇ ਇਹ ਸਕੂਲ ਨਿਊਯਾਰਕ ਦੇ ਸਾਉਥ ਲੈਂਸਿੰਗ ਸ਼ਹਿਰ ਵਿਚ ਹੋਇਆ। ਇਸ ਸਕੂਲ ਵਿਚ ਸਿਖਲਾਈ ਦੇਣ ਵਾਲੇ ਭਰਾਵਾਂ ਨੇ ਮੈਨੂੰ ਯਹੋਵਾਹ ਬਾਰੇ ਹੋਰ ਸਿੱਖਣ ਅਤੇ ਉਸ ਦੇ ਹੋਰ ਵੀ ਨੇੜੇ ਜਾਣ ਦੀ ਹੱਲਾਸ਼ੇਰੀ ਦਿੱਤੀ।

ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕਰਦਿਆਂ ਬਹੁਤ ਕੁਝ ਸਿੱਖਿਆ ਅਤੇ ਸਿਖਾਇਆ ਵੀ

ਜਨਵਰੀ 1965 ਵਿਚ ਮੈਨੂੰ ਅਤੇ ਰੂਬੀ ਨੂੰ ਸਰਕਟ ਦਾ ਕੰਮ ਕਰਨ ਦਾ ਸੱਦਾ ਮਿਲਿਆ। ਸਾਡੇ ਸਰਕਟ ਦਾ ਇਲਾਕਾ ਬਹੁਤ ਵੱਡਾ ਸੀ। ਇਹ ਇਲਾਕਾ ਟੈਨੇਸੀ ਰਾਜ ਦੇ ਨੌਕਸਵਿਲ ਸ਼ਹਿਰ ਤੋਂ ਲੈ ਕੇ ਵਰਜੀਨੀਆ ਰਾਜ ਦੇ ਰਿਚਮੰਡ ਸ਼ਹਿਰ ਤਕ ਸੀ। ਅਸੀਂ ਉੱਤਰੀ ਕੈਰੋਲਾਇਨਾ, ਕੈਂਟਕੀ ਅਤੇ ਵੈਸਟ ਵਰਜੀਨੀਆ ਰਾਜ ਦੀਆਂ ਮੰਡਲੀਆਂ ਦਾ ਵੀ ਦੌਰਾ ਕਰਦੇ ਸੀ। ਉਸ ਵੇਲੇ ਅਮਰੀਕਾ ਦੇ ਦੱਖਣੀ ਇਲਾਕੇ ਵਿਚ ਕਾਲੇ-ਗੋਰੇ ਲੋਕਾਂ ਦਾ ਇਕ-ਦੂਜੇ ਨਾਲ ਮਿਲਣਾ-ਗਿਲਣਾ ਗ਼ੈਰ-ਕਾਨੂੰਨੀ ਸੀ। ਇਸ ਲਈ ਮੈਂ ਸਿਰਫ਼ ਉਨ੍ਹਾਂ ਮੰਡਲੀਆਂ ਦਾ ਦੌਰਾ ਕਰਦਾ ਸੀ ਜਿਨ੍ਹਾਂ ਵਿਚ ਕਾਲੇ ਭੈਣ-ਭਰਾ ਸਨ। ਇਹ ਭੈਣ-ਭਰਾ ਬਹੁਤ ਗ਼ਰੀਬ ਸਨ। ਇਸ ਲਈ ਸਾਡੇ ਤੋਂ ਜਿੰਨਾ ਹੋ ਸਕਦਾ ਸੀ, ਅਸੀਂ ਉਨ੍ਹਾਂ ਦੀ ਮਦਦ ਕਰਦੇ ਸੀ। ਇਕ ਤਜਰਬੇਕਾਰ ਸਰਕਟ ਓਵਰਸੀਅਰ ਨੇ ਮੈਨੂੰ ਇਕ ਬਹੁਤ ਵਧੀਆ ਸਲਾਹ ਦਿੱਤੀ। ਉਸ ਨੇ ਕਿਹਾ: “ਤੂੰ ਕਦੇ ਵੀ ਕਿਸੇ ਮੰਡਲੀ ਵਿਚ ਭੈਣਾਂ-ਭਰਾਵਾਂ ਦਾ ਬੌਸ ਬਣ ਕੇ ਨਹੀਂ, ਸਗੋਂ ਉਨ੍ਹਾਂ ਦਾ ਭਰਾ ਬਣ ਕੇ ਜਾਈਂ। ਤੂੰ ਉਨ੍ਹਾਂ ਦੀ ਮਦਦ ਤਾਂ ਹੀ ਕਰ ਸਕੇਂਗਾ ਜੇ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਤੂੰ ਉਨ੍ਹਾਂ ਦਾ ਭਰਾ ਹੈ।”

ਇਕ ਵਾਰ ਜਦੋਂ ਅਸੀਂ ਇਕ ਛੋਟੀ ਜਿਹੀ ਮੰਡਲੀ ਦਾ ਦੌਰਾ ਕਰਨ ਗਏ, ਤਾਂ ਉੱਥੇ ਮੇਰੀ ਪਤਨੀ ਰੂਬੀ ਨੂੰ ਇਕ ਨੌਜਵਾਨ ਔਰਤ ਮਿਲੀ। ਉਸ ਦੀ ਇਕ ਸਾਲ ਦੀ ਧੀ ਸੀ। ਮੰਡਲੀ ਵਿਚ ਭੈਣਾਂ-ਭਰਾਵਾਂ ਲਈ ਉਸ ਦੀ ਸਟੱਡੀ ਕਰਾਉਣੀ ਮੁਸ਼ਕਲ ਸੀ। ਇਸ ਕਰਕੇ ਰੂਬੀ ਨੇ ਚਿੱਠੀਆਂ ਲਿਖ ਕੇ ਉਸ ਨੂੰ ਸਟੱਡੀ ਕਰਾਉਣੀ ਸ਼ੁਰੂ ਕੀਤੀ। ਅਗਲੀ ਵਾਰ ਜਦੋਂ ਅਸੀਂ ਉਸ ਮੰਡਲੀ ਦਾ ਦੌਰਾ ਕਰਨ ਗਏ, ਤਾਂ ਉਹ ਔਰਤ ਸਾਰੀਆਂ ਮੀਟਿੰਗਾਂ ʼਤੇ ਆਉਣ ਲੱਗ ਪਈ। ਬਾਅਦ ਵਿਚ ਦੋ ਸਪੈਸ਼ਲ ਪਾਇਨੀਅਰ ਭੈਣਾਂ ਉਸ ਮੰਡਲੀ ਵਿਚ ਆਈਆਂ ਤੇ ਉਨ੍ਹਾਂ ਨੇ ਉਸ ਦੀ ਸਟੱਡੀ ਕਰਾਉਣੀ ਜਾਰੀ ਰੱਖੀ। ਉਸ ਔਰਤ ਨੇ ਛੇਤੀ ਹੀ ਬਪਤਿਸਮਾ ਲੈ ਲਿਆ। ਲਗਭਗ 30 ਸਾਲ ਬਾਅਦ 1995 ਵਿਚ ਜਦੋਂ ਅਸੀਂ ਪੈਟਰਸਨ ਬੈਥਲ ਵਿਚ ਸੀ, ਤਾਂ ਇਕ ਨੌਜਵਾਨ ਕੁੜੀ ਆ ਕੇ ਰੂਬੀ ਨੂੰ ਮਿਲੀ। ਉਸ ਨੇ ਦੱਸਿਆ ਕਿ ਉਹ ਉਸੇ ਔਰਤ ਦੀ ਕੁੜੀ ਹੈ ਜਿਸ ਨੂੰ ਰੂਬੀ ਨੇ ਸਟੱਡੀ ਕਰਵਾਈ ਸੀ। ਉਹ ਕੁੜੀ ਤੇ ਉਸ ਦਾ ਪਤੀ ਗਿਲਿਅਡ ਸਕੂਲ ਦੀ 100ਵੀਂ ਕਲਾਸ ਵਿਚ ਸਿਖਲਾਈ ਲੈਣ ਲਈ ਆਏ ਸਨ।

ਸਾਡਾ ਦੂਸਰਾ ਸਰਕਟ ਮੱਧ ਫ਼ਲੋਰਿਡਾ ਸੀ। ਉਸ ਵੇਲੇ ਸਾਨੂੰ ਗੱਡੀ ਦੀ ਲੋੜ ਸੀ ਅਤੇ ਸਾਨੂੰ ਬਹੁਤ ਘੱਟ ਪੈਸਿਆਂ ਵਿਚ ਵਧੀਆ ਗੱਡੀ ਮਿਲ ਗਈ। ਪਰ ਪਹਿਲੇ ਹਫ਼ਤੇ ਹੀ ਗੱਡੀ ਦੇ ਇੰਜਣ ਵਿਚ ਖ਼ਰਾਬੀ ਆ ਗਈ ਤੇ ਸਾਡੇ ਕੋਲ ਗੱਡੀ ਠੀਕ ਕਰਾਉਣ ਜੋਗੇ ਪੈਸੇ ਵੀ ਨਹੀਂ ਸਨ। ਮੈਂ ਇਕ ਭਰਾ ਨੂੰ ਮਦਦ ਵਾਸਤੇ ਪੁੱਛਿਆ। ਉਸ ਨੇ ਆਪਣੇ ਇਕ ਮਕੈਨਿਕ ਨੂੰ ਗੱਡੀ ਠੀਕ ਕਰਨ ਲਈ ਭੇਜਿਆ। ਜਦੋਂ ਮੈਂ ਭਰਾ ਨੂੰ ਪੈਸਿਆਂ ਲਈ ਪੁੱਛਿਆ, ਤਾਂ ਉਸ ਨੇ ਕਿਹਾ, “ਕੋਈ ਗੱਲ ਨਹੀਂ।” ਉਸ ਨੇ ਸਾਡੇ ਤੋਂ ਇਕ ਵੀ ਪੈਸਾ ਨਹੀਂ ਲਿਆ, ਸਗੋਂ ਸਾਨੂੰ ਪੈਸੇ ਦਿੱਤੇ। ਇਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਯਹੋਵਾਹ ਆਪਣੇ ਸੇਵਕਾਂ ਦੀ ਕਿੰਨੀ ਜ਼ਿਆਦਾ ਪਰਵਾਹ ਕਰਦਾ ਹੈ। ਇਸ ਤੋਂ ਮੈਨੂੰ ਇਹ ਵੀ ਸਿੱਖਣ ਲਈ ਮਿਲਿਆ ਕਿ ਸਾਨੂੰ ਵੀ ਦੂਜਿਆਂ ਨੂੰ ਖੁੱਲ੍ਹ-ਦਿਲੀ ਦਿਖਾਉਣੀ ਚਾਹੀਦੀ ਹੈ।

ਜਦੋਂ ਅਸੀਂ ਕਿਸੇ ਮੰਡਲੀ ਦਾ ਦੌਰਾ ਕਰਨ ਜਾਂਦੇ ਸੀ, ਤਾਂ ਅਸੀਂ ਭੈਣਾਂ-ਭਰਾਵਾਂ ਦੇ ਘਰ ਰੁਕਦੇ ਸੀ। ਇਸ ਕਰਕੇ ਸਾਡੇ ਬਹੁਤ ਸਾਰੇ ਦੋਸਤ ਬਣੇ। ਇਕ ਵਾਰ ਅਸੀਂ ਇਕ ਪਰਿਵਾਰ ਦੇ ਘਰ ਰੁਕੇ ਸੀ ਅਤੇ ਮੈਂ ਮੰਡਲੀ ਦੀ ਰਿਪੋਰਟ ਟਾਈਪ-ਰਾਈਟਰ ʼਤੇ ਟਾਈਪ ਕਰ ਰਿਹਾ ਸੀ। ਮੈਨੂੰ ਅਚਾਨਕ ਹੀ ਕਿਤੇ ਜਾਣਾ ਪਿਆ ਜਿਸ ਕਰਕੇ ਮੈਂ ਸਾਰਾ ਕੁਝ ਵਿੱਚੇ ਹੀ ਛੱਡ ਕੇ ਚਲਾ ਗਿਆ। ਪਰ ਜਦੋਂ ਮੈਂ ਸ਼ਾਮ ਨੂੰ ਵਾਪਸ ਆਇਆ, ਤਾਂ ਮੈਂ ਦੇਖਿਆ ਕਿ ਉਸ ਪਰਿਵਾਰ ਦੇ ਤਿੰਨ ਸਾਲ ਦੇ ਮੁੰਡੇ ਨੇ ਮੇਰੇ ਟਾਈਪ-ਰਾਈਟਰ ਦੇ ਬਹੁਤ ਸਾਰੇ ਬਟਨ ਦਬਾ ਦਿੱਤੇ ਸਨ। ਮੈਂ ਕਈ ਸਾਲਾਂ ਤਕ ਉਸ ਮੁੰਡੇ ਨੂੰ ਇਸ ਗੱਲ ਲਈ ਛੇੜਦਾ ਰਿਹਾ ਕਿ ਉਸ ਨੇ ਰਿਪੋਰਟ ਟਾਈਪ ਕਰਨ ਵਿਚ ਮੇਰੀ ਕਿੰਨੀ ਮਦਦ ਕੀਤੀ ਸੀ।

1971 ਵਿਚ ਮੈਨੂੰ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਮੈਨੂੰ ਨਿਊਯਾਰਕ ਸਿਟੀ ਵਿਚ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕਰਨ ਲਈ ਭੇਜਿਆ ਜਾ ਰਿਹਾ ਹੈ। ਜਦੋਂ ਅਸੀਂ ਇਹ ਚਿੱਠੀ ਪੜ੍ਹੀ, ਤਾਂ ਸਾਨੂੰ ਯਕੀਨ ਨਹੀਂ ਹੋਇਆ ਕਿਉਂਕਿ ਉਸ ਵੇਲੇ ਮੈਂ ਸਿਰਫ਼ 34 ਸਾਲਾਂ ਦਾ ਸੀ। ਉੱਥੇ ਦੇ ਭੈਣਾਂ-ਭਰਾਵਾਂ ਨੇ ਆਪਣੇ ਪਹਿਲੇ ਕਾਲੇ ਜ਼ਿਲ੍ਹਾ ਨਿਗਾਹਬਾਨ ਦਾ ਦਿਲੋਂ ਸੁਆਗਤ ਕੀਤਾ।

ਜ਼ਿਲ੍ਹਾ ਨਿਗਾਹਬਾਨ ਹੋਣ ਕਰਕੇ ਹਰੇਕ ਹਫ਼ਤੇ ਦੇ ਅਖ਼ੀਰ ਵਿਚ ਹੋਣ ਵਾਲੇ ਸੰਮੇਲਨਾਂ ਵਿਚ ਮੈਨੂੰ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾ ਕੇ ਖ਼ੁਸ਼ੀ ਮਿਲਦੀ ਸੀ। ਮੈਂ ਅਜਿਹੇ ਕਈ ਸਰਕਟ ਓਵਰਸੀਅਰਾਂ ਨਾਲ ਸੇਵਾ ਕੀਤੀ ਜਿਨ੍ਹਾਂ ਨੂੰ ਮੇਰੇ ਨਾਲੋਂ ਕਿਤੇ ਜ਼ਿਆਦਾ ਤਜਰਬਾ ਸੀ। ਉਨ੍ਹਾਂ ਵਿੱਚੋਂ ਇਕ ਭਰਾ ਨੇ ਤਾਂ ਮੇਰੇ ਬਪਤਿਸਮੇ ਦਾ ਭਾਸ਼ਣ ਦਿੱਤਾ ਸੀ। ਇਕ ਹੋਰ ਭਰਾ ਥੀਓਡੋਰ ਜੈਰਸ ਅੱਗੇ ਜਾ ਕੇ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ। ਕਈ ਭਰਾ ਬਰੁਕਲਿਨ ਬੈਥਲ ਵਿਚ ਸੇਵਾ ਕਰ ਰਹੇ ਸਨ ਜਿਨ੍ਹਾਂ ਨੂੰ ਬਹੁਤ ਤਜਰਬਾ ਸੀ। ਪਰ ਇਹ ਸਾਰੇ ਭਰਾ ਬਹੁਤ ਨਿਮਰ ਸਨ। ਇੰਨਾ ਜ਼ਿਆਦਾ ਤਜਰਬਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਕਦੇ ਵੀ ਮੇਰੇ ʼਤੇ ਰੋਅਬ ਨਹੀਂ ਪਾਇਆ। ਮੈਂ ਆਪਣੀ ਅੱਖੀਂ ਦੇਖਿਆ ਸੀ ਕਿ ਇਹ ਪਿਆਰ ਕਰਨ ਵਾਲੇ ਚਰਵਾਹੇ ਪਰਮੇਸ਼ੁਰ ਦੇ ਬਚਨ ʼਤੇ ਭਰੋਸਾ ਕਰਦੇ ਸਨ ਅਤੇ ਪੂਰੀ ਵਫ਼ਾਦਾਰੀ ਨਾਲ ਉਸ ਦੇ ਸੰਗਠਨ ਦਾ ਸਾਥ ਦਿੰਦੇ ਸਨ। ਇਨ੍ਹਾਂ ਨਿਮਰ ਭਰਾਵਾਂ ਕਰਕੇ ਮੈਂ ਜ਼ਿਲ੍ਹਾ ਨਿਗਾਹਬਾਨ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਸਕਿਆ।

ਦੁਬਾਰਾ ਸਰਕਟ ਕੰਮ ਕੀਤਾ

1974 ਵਿਚ ਪ੍ਰਬੰਧਕ ਸਭਾ ਨੇ ਕੁਝ ਸਰਕਟ ਓਵਰਸੀਅਰਾਂ ਨੂੰ ਜ਼ਿਲ੍ਹਾ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਅਤੇ ਮੈਨੂੰ ਦੁਬਾਰਾ ਦੱਖਣੀ ਕੈਰੋਲਾਇਨਾ ਵਿਚ ਸਰਕਟ ਓਵਰਸੀਅਰ ਵਜੋਂ ਸੇਵਾ ਕਰਨ ਲਈ ਭੇਜਿਆ। ਉਸ ਸਮੇਂ ਤਕ ਦੱਖਣੀ ਅਮਰੀਕਾ ਵਿਚ ਕਾਲੇ-ਗੋਰੇ ਭੈਣ-ਭਰਾ ਇਕੱਠੇ ਮੀਟਿੰਗਾਂ ਵਿਚ ਹਾਜ਼ਰ ਹੋ ਸਕਦੇ ਸਨ। ਇਸ ਕਰਕੇ ਸਾਰੇ ਭੈਣ-ਭਰਾ ਬਹੁਤ ਖ਼ੁਸ਼ ਸਨ।

1976 ਦੇ ਅਖ਼ੀਰ ਵਿਚ ਮੈਨੂੰ ਜਾਰਜੀਆ ਰਾਜ ਦੇ ਇਕ ਸਰਕਟ ਵਿਚ ਸੇਵਾ ਕਰਨ ਲਈ ਕਿਹਾ ਗਿਆ। ਮੈਂ ਐਟਲਾਂਟਾ ਅਤੇ ਕੋਲੰਬਸ ਸ਼ਹਿਰ ਦੀਆਂ ਮੰਡਲੀਆਂ ਦਾ ਦੌਰਾ ਕਰਨਾ ਸੀ। ਇਕ ਵਾਰ ਉੱਥੇ ਕੁਝ ਵਿਅਕਤੀਆਂ ਨੇ ਇਕ ਕਾਲੇ ਭਰਾ ਦੇ ਘਰ ਨੂੰ ਅੱਗ ਲਾ ਦਿੱਤੀ। ਉਸ ਦੀ ਪਤਨੀ ਬਹੁਤ ਜ਼ਖ਼ਮੀ ਹੋ ਗਈ ਜਿਸ ਕਰਕੇ ਉਸ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ। ਪਰ ਉਨ੍ਹਾਂ ਦੇ ਪੰਜ ਬੱਚੇ ਮੌਤ ਦੇ ਮੂੰਹ ਵਿਚ ਚਲੇ ਗਏ। ਮੈਂ ਉਨ੍ਹਾਂ ਬੱਚਿਆਂ ਦੇ ਸੰਸਕਾਰ ਦਾ ਭਾਸ਼ਣ ਦਿੱਤਾ। ਮੈਨੂੰ ਯਾਦ ਹੈ ਕਿ ਭਰਾ ਅਤੇ ਉਸ ਦੀ ਪਤਨੀ ਨੂੰ ਹੌਸਲਾ ਦੇਣ ਲਈ ਇਕ ਤੋਂ ਬਾਅਦ ਇਕ ਕਾਲੇ ਅਤੇ ਗੋਰੇ ਭੈਣ-ਭਰਾ ਆਉਂਦੇ ਰਹੇ। ਭੈਣਾਂ-ਭਰਾਵਾਂ ਦਾ ਇਹ ਪਿਆਰ ਮੇਰੇ ਦਿਲ ਨੂੰ ਛੂਹ ਗਿਆ। ਇਸੇ ਪਿਆਰ ਕਰਕੇ ਭੈਣ-ਭਰਾ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਸਹਿ ਪਾਉਂਦੇ ਹਨ।

ਬੈਥਲ ਵਿਚ ਬਹੁਤ ਕੁਝ ਸਿੱਖਿਆ ਅਤੇ ਦੂਸਰਿਆਂ ਨੂੰ ਵੀ ਸਿਖਾਇਆ

1977 ਵਿਚ ਸਾਨੂੰ ਬਰੁਕਲਿਨ ਬੈਥਲ ਵਿਚ ਕਿਸੇ ਕੰਮ ਵਿਚ ਮਦਦ ਕਰਨ ਲਈ ਬੁਲਾਇਆ ਗਿਆ। ਇਹ ਕੰਮ ਕੁਝ ਮਹੀਨਿਆਂ ਦਾ ਸੀ, ਪਰ ਕੰਮ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਪ੍ਰਬੰਧਕ ਸਭਾ ਦੇ ਦੋ ਭਰਾ ਸਾਨੂੰ ਮਿਲਣ ਆਏ। ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਅਸੀਂ ਦੋਵੇਂ ਬੈਥਲ ਵਿਚ ਸੇਵਾ ਜਾਰੀ ਰੱਖਣਾ ਚਾਹੁੰਦੇ ਹਾਂ। ਅਸੀਂ ਹਾਂ ਕਹਿ ਦਿੱਤੀ।

ਮੈ 24 ਸਾਲਾਂ ਤਕ ਸੇਵਾ ਵਿਭਾਗ ਵਿਚ ਕੰਮ ਕੀਤਾ। ਇਸ ਵਿਭਾਗ ਵਿਚ ਅਕਸਰ ਭਰਾਵਾਂ ਨੂੰ ਨਾਜ਼ੁਕ ਤੇ ਗੁੰਝਲਦਾਰ ਮਸਲਿਆਂ ਬਾਰੇ ਸਵਾਲਾਂ ਦੇ ਸੋਚ-ਸਮਝ ਕੇ ਜਵਾਬ ਦੇਣੇ ਪੈਂਦੇ ਹਨ। ਸਮੇਂ-ਸਮੇਂ ਤੇ ਪ੍ਰਬੰਧਕ ਸਭਾ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹਿਦਾਇਤਾਂ ਦਿੰਦੀ ਹੈ ਜਿਨ੍ਹਾਂ ਦੀ ਮਦਦ ਨਾਲ ਭਰਾ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਪਾਉਂਦੇ ਹਨ। ਨਾਲੇ ਇਨ੍ਹਾਂ ਹਿਦਾਇਤਾਂ ਦੇ ਆਧਾਰ ʼਤੇ ਸਰਕਟ ਓਵਰਸੀਅਰਾਂ, ਬਜ਼ੁਰਗਾਂ ਅਤੇ ਪਾਇਨੀਅਰਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਹ ਸਿਖਲਾਈ ਲੈਣ ਵਾਲੇ ਭੈਣ-ਭਰਾ ਹੋਰ ਵੀ ਸਮਝਦਾਰ ਮਸੀਹੀ ਬਣ ਪਾਉਂਦੇ ਹਨ। ਨਤੀਜੇ ਵਜੋਂ, ਯਹੋਵਾਹ ਦਾ ਸੰਗਠਨ ਮਜ਼ਬੂਤ ਹੁੰਦਾ ਹੈ।

1995 ਤੋਂ 2018 ਤਕ ਮੈਂ ਹੈੱਡਕੁਆਰਟਰ ਵੱਲੋਂ ਵੱਖੋ-ਵੱਖਰੇ ਬ੍ਰਾਂਚ-ਆਫ਼ਿਸਾਂ ਦਾ ਦੌਰਾ ਕਰਨ ਜਾਂਦਾ ਸੀ। ਮੈਂ ਬ੍ਰਾਂਚ ਕਮੇਟੀ ਤੇ ਬੈਥਲ ਪਰਿਵਾਰ ਦੇ ਮੈਂਬਰਾਂ ਅਤੇ ਮਿਸ਼ਨਰੀਆਂ ਨੂੰ ਹੌਸਲਾ ਦਿੰਦਾ ਸੀ। ਜੇ ਉਹ ਪਰੇਸ਼ਾਨ ਹੁੰਦੇ ਸਨ ਜਾਂ ਉਨ੍ਹਾਂ ਦੇ ਮਨ ਵਿਚ ਕੋਈ ਸਵਾਲ ਹੁੰਦਾ ਸੀ, ਤਾਂ ਅਸੀਂ ਉਸ ਬਾਰੇ ਵੀ ਗੱਲ ਕਰਦੇ ਸੀ। ਭੈਣਾਂ-ਭਰਾਵਾਂ ਦੇ ਤਜਰਬੇ ਸੁਣ ਕੇ ਸਾਡਾ ਵੀ ਹੌਸਲਾ ਵਧਦਾ ਸੀ। ਮਿਸਾਲ ਲਈ, ਅਸੀਂ ਸਾਲ 2000 ਵਿਚ ਰਵਾਂਡਾ ਦੇ ਬ੍ਰਾਂਚ-ਆਫ਼ਿਸ ਦਾ ਦੌਰਾ ਕਰਨ ਗਏ। 1994 ਦੇ ਨਸਲੀ ਕਤਲੇਆਮ ਦੌਰਾਨ ਉੱਥੋਂ ਦੇ ਭੈਣਾਂ-ਭਰਾਵਾਂ ਨੇ ਅਤੇ ਬੈਥਲ ਪਰਿਵਾਰ ਦੇ ਮੈਂਬਰਾਂ ਨੇ ਜੋ ਕੁਝ ਸਿਹਾ ਸੀ, ਉਸ ਬਾਰੇ ਸੁਣ ਕੇ ਸਾਡੇ ਦਿਲ ਟੁੰਬੇ ਗਏ। ਬਹੁਤ ਜਣਿਆਂ ਦੇ ਅਜ਼ੀਜ਼ ਮਾਰੇ ਗਏ। ਉਨ੍ਹਾਂ ਨੇ ਜੋ ਕੁਝ ਸਿਹਾ, ਉਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਨਿਹਚਾ, ਉਮੀਦ ਅਤੇ ਖੁਸ਼ੀ ਕਦੇ ਨਹੀਂ ਗੁਆਈ।

ਸਾਡੇ ਵਿਆਹ ਦੀ 50ਵੀਂ ਸਾਲਗਿਰ੍ਹਾ

ਹੁਣ ਸਾਡੀ ਉਮਰ 80 ਸਾਲਾਂ ਤੋਂ ਜ਼ਿਆਦਾ ਹੈ। ਮੈਂ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹਾਂ। ਮੈਂ ਕਦੇ ਵੀ ਯੂਨੀਵਰਸਿਟੀ ਤਾਂ ਨਹੀਂ ਗਿਆ, ਪਰ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਮੈਨੂੰ ਜੋ ਸਿਖਲਾਈ ਮਿਲੀ ਹੈ, ਉਸ ਅੱਗੇ ਯੂਨੀਵਰਸਿਟੀ ਦੀ ਪੜ੍ਹਾਈ ਕੁਝ ਵੀ ਨਹੀਂ ਹੈ। ਇਸ ਸਿਖਲਾਈ ਕਰਕੇ ਮੈਂ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਚੰਗੀ ਤਰ੍ਹਾਂ ਸਿਖਾ ਸਕਿਆ ਜਿਸ ਨਾਲ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਫ਼ਾਇਦਾ ਹੋਵੇਗਾ। (2 ਕੁਰਿੰ. 3:5; 2 ਤਿਮੋ. 2:2) ਮੈਂ ਆਪ ਦੇਖਿਆ ਹੈ ਕਿ ਬਾਈਬਲ ਦੇ ਸੰਦੇਸ਼ ਨਾਲ ਲੋਕਾਂ ਦੀ ਜ਼ਿੰਦਗੀ ਬਿਹਤਰ ਬਣੀ ਹੈ ਅਤੇ ਉਹ ਸ੍ਰਿਸ਼ਟੀਕਰਤਾ ਨਾਲ ਰਿਸ਼ਤਾ ਜੋੜ ਸਕੇ ਹਨ। (ਯਾਕੂ. 4:8) ਜਦੋਂ ਵੀ ਹੋ ਸਕੇ ਮੈਂ ਅਤੇ ਰੂਬੀ ਦੂਜਿਆਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਖੁਸ਼ੀ ਨਾਲ ਯਹੋਵਾਹ ਬਾਰੇ ਸਿੱਖਦੇ ਰਹਿਣ ਅਤੇ ਬਾਈਬਲ ਸੱਚਾਈਆਂ ਦੂਜਿਆਂ ਨੂੰ ਸਿਖਾਉਂਦੇ ਰਹਿਣ ਕਿਉਂਕਿ ਯਹੋਵਾਹ ਦੇ ਸੇਵਕਾਂ ਲਈ ਇਸ ਤੋਂ ਵੱਡਾ ਸਨਮਾਨ ਕੋਈ ਹੋਰ ਹੋ ਹੀ ਨਹੀਂ ਸਕਦਾ!