Skip to content

Skip to table of contents

ਅਧਿਐਨ ਲੇਖ 40

ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀ

ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀ

“ਜਿਹੜੇ ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕਰਦੇ ਹਨ, ਉਹ ਤਾਰਿਆਂ ਵਾਂਗ ਹਮੇਸ਼ਾ-ਹਮੇਸ਼ਾ ਲਈ ਚਮਕਣਗੇ।”​—ਦਾਨੀ. 12:3.

ਗੀਤ 151 ਉਹ ਉਨ੍ਹਾਂ ਨੂੰ ਪੁਕਾਰੇਗਾ

ਖ਼ਾਸ ਗੱਲਾਂ *

1. ਅਸੀਂ ਕਿਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ?

 ਜ਼ਰਾ ਕਲਪਨਾ ਕਰੋ ਕਿ ਯਿਸੂ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋ ਚੁੱਕਾ ਹੈ। ਤੁਸੀਂ ਉਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਤੁਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਫਿਰ ਤੋਂ ਦੇਖੋਗੇ। ਆਖ਼ਰਕਾਰ ਉਹ ਸਮਾਂ ਆ ਹੀ ਗਿਆ। ਚਾਰੇ ਪਾਸੇ ਖ਼ੁਸ਼ੀਆਂ ਦੀ ਬਹਾਰ ਹੈ। ਹਰ ਕੋਈ ਆਪਣੇ ਅਜ਼ੀਜ਼ਾਂ ਨੂੰ ਗਲ਼ੇ ਲਾ ਰਿਹਾ ਹੈ। ਸੱਚੀਂ! ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਯਹੋਵਾਹ ਵੀ ਸਾਡੇ ਵਾਂਗ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। (ਅੱਯੂ. 14:15) ਜਿਵੇਂ ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ, “ਧਰਮੀ” ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹੋਣਗੇ ਅਤੇ ਉਨ੍ਹਾਂ ਕੋਲ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਹੋਵੇਗਾ। (ਰਸੂ. 24:15; ਯੂਹੰ. 5:29) ਸ਼ਾਇਦ ਸਾਡੇ ਬਹੁਤ ਸਾਰੇ ਅਜ਼ੀਜ਼ਾਂ ਨੂੰ ਆਰਮਾਗੇਡਨ ਤੋਂ ਜਲਦੀ ਬਾਅਦ ਜੀਉਂਦਾ ਕੀਤਾ ਜਾਵੇ। * “ਕੁਧਰਮੀ” ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ। “ਕੁਧਰਮੀ” ਲੋਕਾਂ ਵਿਚ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਜੀਉਂਦੇ-ਜੀ ਯਹੋਵਾਹ ਬਾਰੇ ਸਿੱਖਣ ਜਾਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਜੀਉਂਦੇ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ, ਯਾਨੀ ਉਨ੍ਹਾਂ ਨੂੰ ਪਰਖਿਆ ਜਾਵੇਗਾ।

2-3. (ੳ) ਯਸਾਯਾਹ 11:9, 10 ਮੁਤਾਬਕ ਲੋਕਾਂ ਨੂੰ ਕੀ-ਕੀ ਸਿਖਾਇਆ ਜਾਵੇਗਾ ਅਤੇ ਕਿਉਂ? (ਅ) ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?

2 ਜੀਉਂਦੇ ਕੀਤੇ ਗਏ ਲੋਕਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਪਵੇਗੀ। (ਯਸਾ. 26:9; 61:11) ਇਸ ਲਈ ਇਤਿਹਾਸ ਵਿਚ ਪਹਿਲੀ ਵਾਰ ਬਹੁਤ ਵੱਡੇ ਪੱਧਰ ʼਤੇ ਸਿੱਖਿਆ ਦੇਣ ਦਾ ਪ੍ਰੋਗ੍ਰਾਮ ਚਲਾਇਆ ਜਾਵੇਗਾ। (ਯਸਾਯਾਹ 11:9, 10 ਪੜ੍ਹੋ।) ਜੀਉਂਦੇ ਕੀਤੇ ਗਏ ਕੁਧਰਮੀ ਲੋਕਾਂ ਨੂੰ ਯਿਸੂ ਮਸੀਹ, ਪਰਮੇਸ਼ੁਰ ਦੇ ਰਾਜ ਅਤੇ ਰਿਹਾਈ ਦੀ ਕੀਮਤ ਬਾਰੇ ਸਿੱਖਣਾ ਪਵੇਗਾ। ਉਨ੍ਹਾਂ ਨੂੰ ਇਹ ਵੀ ਸਿੱਖਣਾ ਪਵੇਗਾ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਕਿੰਨਾ ਜ਼ਰੂਰੀ ਹੈ ਅਤੇ ਸਿਰਫ਼ ਉਸੇ ਨੂੰ ਰਾਜ ਕਰਨ ਦਾ ਹੱਕ ਕਿਉਂ ਹੈ। ਜੀਉਂਦੇ ਕੀਤੇ ਗਏ ਧਰਮੀ ਲੋਕਾਂ ਨੂੰ ਵੀ ਸਿੱਖਣਾ ਪਵੇਗਾ ਕਿ ਯਹੋਵਾਹ ਨੇ ਹੌਲੀ-ਹੌਲੀ ਧਰਤੀ ਤੇ ਇਨਸਾਨਾਂ ਲਈ ਆਪਣੇ ਮਕਸਦ ਬਾਰੇ ਕੀ-ਕੀ ਦੱਸਿਆ ਹੈ। ਉਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਵੀ ਬਹੁਤ ਸਾਰੀਆਂ ਗੱਲਾਂ ਸਿੱਖਣੀਆਂ ਪੈਣਗੀਆਂ ਜਿਨ੍ਹਾਂ ਦੀ ਮੌਤ ਪੂਰੀ ਬਾਈਬਲ ਲਿਖੇ ਜਾਣ ਤੋਂ ਪਹਿਲਾਂ ਹੋ ਗਈ ਸੀ।

3 ਇਸ ਲੇਖ ਵਿਚ ਅਸੀਂ ਇਨ੍ਹਾਂ ਦੋ ਸਵਾਲਾਂ ਦੇ ਜਵਾਬ ਜਾਣਾਂਗੇ: ਸਿੱਖਿਆ ਦੇਣ ਦਾ ਕੰਮ ਇੰਨੇ ਵੱਡੇ ਪੱਧਰ ʼਤੇ ਕਿਵੇਂ ਕੀਤਾ ਜਾਵੇਗਾ? ਸਿੱਖਿਆ ਦੇ ਪ੍ਰੋਗ੍ਰਾਮ ਤੋਂ ਫ਼ਾਇਦਾ ਲੈਣ ਵਾਲਿਆਂ ਅਤੇ ਫ਼ਾਇਦਾ ਨਾ ਲੈਣ ਵਾਲਿਆਂ ਨਾਲ ਕੀ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਸਾਡੇ ਲਈ ਬਹੁਤ ਜ਼ਰੂਰੀ ਹਨ। ਦਾਨੀਏਲ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਕੁਝ ਭਵਿੱਖਬਾਣੀਆਂ ਦੀ ਮਦਦ ਨਾਲ ਇਸ ਗੱਲ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ ਕਿ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਤੋਂ ਬਾਅਦ ਕੀ ਹੋਵੇਗਾ। ਇਸ ਲੇਖ ਵਿਚ ਅਸੀਂ ਇਸ ਬਾਰੇ ਜਾਣਾਂਗੇ। ਆਓ ਆਪਾਂ ਪਹਿਲਾਂ ਦਾਨੀਏਲ 12:1, 2 ਵਿਚ ਲਿਖੀ ਭਵਿੱਖਬਾਣੀ ʼਤੇ ਗੌਰ ਕਰੀਏ।

‘ਜ਼ਮੀਨ ਦੀ ਮਿੱਟੀ ਵਿਚ ਸੁੱਤੇ ਲੋਕ ਜਾਗ ਉੱਠਣਗੇ’

4-5. ਦਾਨੀਏਲ 12:1 ਵਿਚ ਅੰਤ ਦੇ ਸਮੇਂ ਬਾਰੇ ਕੀ ਦੱਸਿਆ ਗਿਆ ਹੈ?

4 ਦਾਨੀਏਲ 12:1 ਪੜ੍ਹੋ। ਦਾਨੀਏਲ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਅੰਤ ਦੇ ਸਮੇਂ ਦੌਰਾਨ ਇਕ ਤੋਂ ਬਾਅਦ ਇਕ ਕਿਹੜੀਆਂ ਘਟਨਾਵਾਂ ਵਾਪਰਨਗੀਆਂ। ਉਦਾਹਰਣ ਲਈ, ਦਾਨੀਏਲ 12:1 ਵਿਚ ਦੱਸਿਆ ਗਿਆ ਹੈ ਕਿ ਮੀਕਾਏਲ ਯਾਨੀ ਯਿਸੂ ਮਸੀਹ ਪਰਮੇਸ਼ੁਰ ਦੇ ਲੋਕਾਂ ਦੇ “ਪੱਖ ਵਿਚ ਖੜ੍ਹਾ ਹੈ।” ਭਵਿੱਖਬਾਣੀ ਦਾ ਇਹ ਹਿੱਸਾ 1914 ਵਿਚ ਪੂਰਾ ਹੋਣਾ ਸ਼ੁਰੂ ਹੋਇਆ ਜਦੋਂ ਯਿਸੂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ।

5 ਦਾਨੀਏਲ ਨੂੰ ਇਹ ਵੀ ਦੱਸਿਆ ਗਿਆ ਕਿ “ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ” ਹੋਵੇਗਾ ਅਤੇ ਉਸ ਸਮੇਂ ਦੌਰਾਨ ਯਿਸੂ “ਖੜ੍ਹਾ ਹੋਵੇਗਾ।” ਇਹ ‘ਕਸ਼ਟ ਦਾ ਸਮਾਂ’ “ਮਹਾਂਕਸ਼ਟ” ਹੈ ਜਿਸ ਬਾਰੇ ਮੱਤੀ 24:21 ਵਿਚ ਦੱਸਿਆ ਗਿਆ ਹੈ। ਕਸ਼ਟ ਦੇ ਸਮੇਂ ਦੇ ਅਖ਼ੀਰ ਵਿਚ ਯਾਨੀ ਆਰਮਾਗੇਡਨ ਦੇ ਯੁੱਧ ਵੇਲੇ ਯਿਸੂ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਨ ਲਈ ਖੜ੍ਹਾ ਹੋਵੇਗਾ। ਪ੍ਰਕਾਸ਼ ਦੀ ਕਿਤਾਬ ਵਿਚ ਇਨ੍ਹਾਂ ਲੋਕਾਂ ਨੂੰ “ਵੱਡੀ ਭੀੜ” ਕਿਹਾ ਗਿਆ ਹੈ ਜੋ ‘ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇਗੀ।’​—ਪ੍ਰਕਾ. 7:9, 14.

6. ਵੱਡੀ ਭੀੜ ਦੇ ਮਹਾਂਕਸ਼ਟ ਵਿੱਚੋਂ ਬਚ ਨਿਕਲਣ ਤੋਂ ਬਾਅਦ ਕੀ ਹੋਵੇਗਾ? ਸਮਝਾਓ। (ਧਰਤੀ ʼਤੇ ਮਰੇ ਹੋਇਆਂ ਨੂੰ ਜੀਉਂਦਾ ਕੀਤੇ ਜਾਣ ਬਾਰੇ ਹੋਰ ਜਾਣਕਾਰੀ ਲੈਣ ਲਈ ਪਹਿਰਾਬੁਰਜ ਦੇ ਇਸੇ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਵੀ ਦੇਖੋ।)

6 ਦਾਨੀਏਲ 12:2 ਪੜ੍ਹੋ। ਵੱਡੀ ਭੀੜ ਦੇ ਮਹਾਂਕਸ਼ਟ ਵਿੱਚੋਂ ਬਚ ਨਿਕਲਣ ਤੋਂ ਬਾਅਦ ਕੀ ਹੋਵੇਗਾ? ਆਇਤ ਵਿਚ ਦੱਸਿਆ ਗਿਆ ਹੈ: “ਜ਼ਮੀਨ ਦੀ ਮਿੱਟੀ ਵਿਚ ਸੁੱਤੇ ਪਏ ਲੋਕਾਂ ਵਿੱਚੋਂ ਬਹੁਤ ਸਾਰੇ ਜਾਗ ਉੱਠਣਗੇ।” ਪਹਿਲਾਂ ਅਸੀਂ ਮੰਨਦੇ ਸੀ ਕਿ ਇਹ ਭਵਿੱਖਬਾਣੀ ਆਖ਼ਰੀ ਦਿਨਾਂ ਵਿਚ ਪੂਰੀ ਹੋਈ ਜਦੋਂ ਪਰਮੇਸ਼ੁਰ ਨੇ ਆਪਣੇ ਲੋਕਾਂ ਵਿਚ ਦੁਬਾਰਾ ਜਾਨ ਪਾਈ। * ਪਰ ਇਹ ਭਵਿੱਖਬਾਣੀ ਨਵੀਂ ਦੁਨੀਆਂ ਵਿਚ ਪੂਰੀ ਹੋਵੇਗੀ ਜਦੋਂ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜ਼ਰਾ ਦਾਨੀਏਲ 12:2 ਵਿਚ “ਮਿੱਟੀ” ਸ਼ਬਦ ʼਤੇ ਧਿਆਨ ਦਿਓ। ਆਪਣੀ ਮੌਤ ਬਾਰੇ ਗੱਲ ਕਰਦਿਆਂ ਅੱਯੂਬ ਨੇ ਵੀ “ਮਿੱਟੀ ਵਿਚ ਮਿਲ” ਜਾਣ ਜਾਂ “ਕਬਰ” ਵਿਚ ਜਾਣ ਵਰਗੇ ਸ਼ਬਦ ਵਰਤੇ ਸਨ। (ਅੱਯੂ. 17:16) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਦਾਨੀਏਲ 12:2 ਵਿਚ ਉਨ੍ਹਾਂ ਲੋਕਾਂ ਨੂੰ ਜੀਉਂਦੇ ਕਰਨ ਦੀ ਗੱਲ ਕੀਤੀ ਗਈ ਹੈ ਜੋ ਮਿੱਟੀ ਵਿਚ ਮਿਲ ਗਏ ਹਨ ਯਾਨੀ ਸੱਚੀ-ਮੁੱਚੀਂ ਮਰ ਗਏ ਹਨ। ਇਨ੍ਹਾਂ ਨੂੰ ਅੰਤ ਦੇ ਸਮੇਂ ਤੋਂ ਬਾਅਦ ਯਾਨੀ ਆਰਮਾਗੇਡਨ ਤੋਂ ਬਾਅਦ ਜੀਉਂਦਾ ਕੀਤਾ ਜਾਵੇਗਾ।

7. (ੳ) ਇਸ ਗੱਲ ਦਾ ਕੀ ਮਤਲਬ ਹੈ ਕਿ ਕੁਝ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਲਈ ਜੀਉਂਦਾ ਕੀਤਾ ਜਾਵੇਗਾ? (ਅ) ਕਿਸ ਅਰਥ ਵਿਚ ਉਨ੍ਹਾਂ ਨੂੰ “ਬਿਹਤਰ ਜ਼ਿੰਦਗੀ” ਮਿਲੇਗੀ?

7 ਦਾਨੀਏਲ 12:2 ਵਿਚ ਲਿਖਿਆ ਹੈ ਕਿ ਕੁਝ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਲਈ ਜੀਉਂਦਾ ਕੀਤਾ ਜਾਵੇਗਾ। ਇਸ ਦਾ ਕੀ ਮਤਲਬ ਹੈ? 1,000 ਸਾਲ ਦੌਰਾਨ ਜਿਹੜੇ ਲੋਕ ਯਹੋਵਾਹ ਤੇ ਯਿਸੂ ਨੂੰ ਜਾਣਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਕਹਿਣਾ ਮੰਨਣਗੇ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰ. 17:3) ਜੀਉਂਦੇ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਪੁਰਾਣੇ ਜ਼ਮਾਨੇ ਵਿਚ ਜੀਉਂਦੇ ਕੀਤੇ ਗਏ ਲੋਕਾਂ ਨਾਲੋਂ “ਬਿਹਤਰ ਜ਼ਿੰਦਗੀ” ਮਿਲੇਗੀ। (ਇਬ. 11:35) ਇੱਦਾਂ ਕਿਉਂ? ਕਿਉਂਕਿ ਪੁਰਾਣੇ ਸਮੇਂ ਵਿਚ ਉਹ ਨਾਮੁਕੰਮਲ ਲੋਕ ਫਿਰ ਤੋਂ ਮਰ ਗਏ।

8. ਕੁਝ ਲੋਕਾਂ ਨੂੰ “ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ” ਜਾਣ ਵਾਸਤੇ ਕਿਉਂ ਜੀਉਂਦਾ ਕੀਤਾ ਜਾਵੇਗਾ?

8 ਕੀ ਜੀਉਂਦੇ ਕੀਤੇ ਗਏ ਸਾਰੇ ਲੋਕ ਯਹੋਵਾਹ ਤੋਂ ਸਿੱਖਣਾ ਚਾਹੁਣਗੇ? ਨਹੀਂ। ਦਾਨੀਏਲ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਨੂੰ “ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ” ਜਾਣ ਵਾਸਤੇ ਜੀਉਂਦਾ ਕੀਤਾ ਜਾਵੇਗਾ। ਕਿਉਂ? ਕਿਉਂਕਿ ਉਨ੍ਹਾਂ ਦਾ ਰਵੱਈਆ ਬਾਗ਼ੀ ਹੋਵੇਗਾ, ਇਸ ਲਈ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਜਾਣਗੇ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। ਇਸ ਦੀ ਬਜਾਇ, ਉਨ੍ਹਾਂ ਨੂੰ “ਘਿਰਣਾ ਦੇ ਲਾਇਕ” ਠਹਿਰਾਇਆ ਜਾਵੇਗਾ ਯਾਨੀ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦਾਨੀਏਲ 12:2 ਵਿਚ ਉਨ੍ਹਾਂ ਸਾਰੇ ਲੋਕਾਂ ਦੇ ਆਖ਼ਰੀ ਅੰਜਾਮ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ। ਉਨ੍ਹਾਂ ਦਾ ਕੀ ਅੰਜਾਮ ਹੋਵੇਗਾ, ਇਸ ਦਾ ਫ਼ੈਸਲਾ ਉਨ੍ਹਾਂ ਦੇ ਕੰਮਾਂ ਦੇ ਆਧਾਰ ʼਤੇ ਕੀਤਾ ਜਾਵੇਗਾ ਜੋ ਉਹ ਜੀਉਂਦੇ ਹੋਣ ਤੋਂ ਬਾਅਦ ਕਰਨਗੇ। * (ਪ੍ਰਕਾ. 20:12) ਕੁਝ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਤੇ ਕੁਝ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।

‘ਬਹੁਤ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ’ ਕੀਤੀ ਜਾਵੇਗੀ

9-10. ਦਾਨੀਏਲ 12:3 ਮੁਤਾਬਕ ਮਹਾਂਕਸ਼ਟ ਤੋਂ ਬਾਅਦ ਹੋਰ ਕੀ ਹੋਵੇਗਾ? (ਅ) ਕੌਣ “ਅੰਬਰ ਦੇ ਚਾਨਣ ਵਾਂਗ ਤੇਜ਼ ਚਮਕਣਗੇ”? ਸਮਝਾਓ।

9 ਦਾਨੀਏਲ 12:3 ਪੜ੍ਹੋ। ‘ਕਸ਼ਟ ਦੇ ਸਮੇਂ’ ਤੋਂ ਬਾਅਦ ਹੋਰ ਕੀ ਹੋਵੇਗਾ? ਆਇਤ 2 ਵਾਂਗ ਆਇਤ 3 ਵਿਚ ਵੀ ਦੱਸਿਆ ਗਿਆ ਹੈ ਕਿ ਮਹਾਂਕਸ਼ਟ ਤੋਂ ਬਾਅਦ ਕੀ ਹੋਵੇਗਾ।

10 ਕੌਣ “ਅੰਬਰ ਦੇ ਚਾਨਣ ਵਾਂਗ ਤੇਜ਼ ਚਮਕਣਗੇ”? ਇਸ ਸਵਾਲ ਦਾ ਜਵਾਬ ਸਾਨੂੰ ਮੱਤੀ 13:43 ਵਿਚ ਦਰਜ ਯਿਸੂ ਦੀ ਗੱਲ ਤੋਂ ਮਿਲਦਾ ਹੈ। ਇੱਥੇ ਲਿਖਿਆ ਹੈ: “ਉਸ ਵੇਲੇ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿਚ ਸੂਰਜ ਵਾਂਗ ਚਮਕਣਗੇ।” ਇਸ ਆਇਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਿਸੂ ‘ਰਾਜ ਦੇ ਪੁੱਤਰਾਂ’ ਯਾਨੀ ਆਪਣੇ ਚੁਣੇ ਹੋਏ ਭਰਾਵਾਂ ਬਾਰੇ ਗੱਲ ਕਰ ਰਿਹਾ ਸੀ ਜੋ ਸਵਰਗ ਵਿਚ ਉਸ ਨਾਲ ਰਾਜ ਕਰਨਗੇ। (ਮੱਤੀ 13:38) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦਾਨੀਏਲ 12:3 ਵਿਚ ਚੁਣੇ ਹੋਇਆਂ ਬਾਰੇ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਗੱਲ ਕੀਤੀ ਗਈ ਹੈ ਜੋ ਉਹ 1,000 ਸਾਲ ਦੇ ਰਾਜ ਦੌਰਾਨ ਕਰਨਗੇ।

ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਮਸੀਹ ਦੀ ਅਗਵਾਈ ਅਧੀਨ ਸਿੱਖਿਆ ਦੇਣ ਦਾ ਕੰਮ ਕੀਤਾ ਜਾਵੇਗਾ ਅਤੇ 1,44,000 ਜਣੇ ਇਸ ਕੰਮ ਵਿਚ ਯਿਸੂ ਦਾ ਪੂਰਾ-ਪੂਰਾ ਸਾਥ ਦੇਣਗੇ (ਪੈਰਾ 11 ਦੇਖੋ)

11-12. ਇਕ ਹਜ਼ਾਰ ਸਾਲ ਦੌਰਾਨ 1,44,000 ਜਣੇ ਕਿਹੜੇ ਕੰਮ ਕਰਨਗੇ?

11 ਚੁਣੇ ਹੋਏ ਮਸੀਹੀ “ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ” ਕਿਵੇਂ ਕਰਨਗੇ? 1,000 ਸਾਲ ਦੇ ਰਾਜ ਦੌਰਾਨ ਯਿਸੂ ਮਸੀਹ ਦੀ ਅਗਵਾਈ ਅਧੀਨ ਸਿੱਖਿਆ ਦੇਣ ਦਾ ਕੰਮ ਕੀਤਾ ਜਾਵੇਗਾ ਅਤੇ 1,44,000 ਜਣੇ ਇਸ ਕੰਮ ਵਿਚ ਯਿਸੂ ਦਾ ਪੂਰਾ-ਪੂਰਾ ਸਾਥ ਦੇਣਗੇ। ਚੁਣੇ ਹੋਏ ਮਸੀਹੀ ਸਿਰਫ਼ ਰਾਜਿਆਂ ਵਜੋਂ ਹੀ ਨਹੀਂ, ਸਗੋਂ ਪੁਜਾਰੀਆਂ ਵਜੋਂ ਵੀ ਸੇਵਾ ਕਰਨਗੇ। (ਪ੍ਰਕਾ. 1:6; 5:10; 20:6) ਉਹ “ਕੌਮਾਂ ਦਾ ਇਲਾਜ” ਕਰਨਗੇ ਯਾਨੀ ਹੌਲੀ-ਹੌਲੀ ਸਾਰੇ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। (ਪ੍ਰਕਾ. 22:1, 2; ਹਿਜ਼. 47:12) ਇਹ ਕੰਮ ਕਰ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੇਗੀ।

12 ਕਿਨ੍ਹਾਂ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀ? ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਜੋ ਆਰਮਾਗੇਡਨ ਦੇ ਯੁੱਧ ਵਿੱਚੋਂ ਬਚ ਨਿਕਲਣਗੇ। ਇਸ ਵਿਚ ਉਹ ਬੱਚੇ ਵੀ ਸ਼ਾਮਲ ਹੋਣਗੇ ਜੋ ਸ਼ਾਇਦ ਨਵੀਂ ਦੁਨੀਆਂ ਵਿਚ ਪੈਦਾ ਹੋਣਗੇ। ਹਜ਼ਾਰ ਸਾਲ ਦੇ ਅਖ਼ੀਰ ਵਿਚ ਧਰਤੀ ʼਤੇ ਰਹਿਣ ਵਾਲੇ ਸਾਰੇ ਲੋਕ ਮੁਕੰਮਲ ਹੋ ਜਾਣਗੇ। ਤਾਂ ਫਿਰ ਇਨ੍ਹਾਂ ਸਾਰੇ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਕਦੋਂ ਲਿਖੇ ਜਾਣਗੇ?

ਆਖ਼ਰੀ ਪਰੀਖਿਆ

13-14. ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਧਰਤੀ ʼਤੇ ਰਹਿਣ ਵਾਲੇ ਸਾਰੇ ਮੁਕੰਮਲ ਇਨਸਾਨਾਂ ਨੂੰ ਕੀ ਸਾਬਤ ਕਰਨਾ ਪਵੇਗਾ?

13 ਧਿਆਨ ਦਿਓ ਕਿ ਮੁਕੰਮਲ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ। ਜ਼ਰਾ ਆਦਮ ਤੇ ਹੱਵਾਹ ਬਾਰੇ ਸੋਚੋ। ਉਹ ਦੋਵੇਂ ਮੁਕੰਮਲ ਸਨ। ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਨ੍ਹਾਂ ਨੂੰ ਸਾਬਤ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਦੇ ਆਗਿਆਕਾਰ ਸਨ। ਪਰ ਦੁੱਖ ਦੀ ਗੱਲ ਹੈ ਕਿ ਉਹ ਯਹੋਵਾਹ ਦੇ ਆਗਿਆਕਾਰ ਨਹੀਂ ਰਹੇ ਜਿਸ ਕਰਕੇ ਉਹ ਮੁਕੰਮਲ ਹੋਣ ਦੇ ਬਾਵਜੂਦ ਹਮੇਸ਼ਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠੇ।​—ਰੋਮੀ. 5:12.

14 ਇਕ ਹਜ਼ਾਰ ਸਾਲ ਦੇ ਅਖ਼ੀਰ ਵਿਚ ਧਰਤੀ ʼਤੇ ਰਹਿਣ ਵਾਲੇ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ। ਪਰ ਕੀ ਸਾਰੇ ਮੁਕੰਮਲ ਲੋਕ ਯਹੋਵਾਹ ਦੀ ਹਕੂਮਤ ਅਧੀਨ ਹਮੇਸ਼ਾ ਲਈ ਰਹਿਣਗੇ? ਜਾਂ ਫਿਰ ਕੀ ਆਦਮ ਤੇ ਹੱਵਾਹ ਵਾਂਗ ਮੁਕੰਮਲ ਹੋਣ ਦੇ ਬਾਵਜੂਦ ਵੀ ਕੁਝ ਲੋਕ ਯਹੋਵਾਹ ਖ਼ਿਲਾਫ਼ ਬਗਾਵਤ ਕਰਨਗੇ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਅੱਜ ਸਾਡੇ ਲਈ ਬਹੁਤ ਜ਼ਰੂਰੀ ਹਨ।

15-16. (ੳ) ਸਾਰੇ ਇਨਸਾਨਾਂ ਕੋਲ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਦਾ ਕਦੋਂ ਮੌਕਾ ਹੋਵੇਗਾ? (ਅ) ਆਖ਼ਰੀ ਪਰੀਖਿਆ ਦਾ ਕੀ ਨਤੀਜਾ ਨਿਕਲੇਗਾ?

15 ਸ਼ੈਤਾਨ ਨੂੰ 1,000 ਸਾਲ ਲਈ ਕੈਦ ਕਰ ਦਿੱਤਾ ਜਾਵੇਗਾ। ਇਸ ਸਮੇਂ ਦੌਰਾਨ ਉਹ ਲੋਕਾਂ ਨੂੰ ਕੁਰਾਹੇ ਨਹੀਂ ਪਾ ਸਕੇਗਾ। ਪਰ 1,000 ਸਾਲ ਖ਼ਤਮ ਹੋਣ ਤੇ ਉਸ ਨੂੰ ਕੈਦ ਵਿੱਚੋਂ ਰਿਹਾ ਕੀਤਾ ਜਾਵੇਗਾ। ਉਸ ਸਮੇਂ ਉਹ ਸਾਰੇ ਮੁਕੰਮਲ ਇਨਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਪਰੀਖਿਆ ਦੌਰਾਨ ਸਾਰੇ ਮੁਕੰਮਲ ਇਨਸਾਨਾਂ ਕੋਲ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਉਹ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ ਜਾਂ ਨਹੀਂ ਅਤੇ ਉਸ ਦੀ ਹਕੂਮਤ ਅਧੀਨ ਰਹਿਣਾ ਚਾਹੁੰਦੇ ਹਨ ਜਾਂ ਨਹੀਂ। (ਪ੍ਰਕਾ. 20:7-10) ਇਸ ਮਾਮਲੇ ਬਾਰੇ ਹਰ ਇਨਸਾਨ ਜੋ ਵੀ ਫ਼ੈਸਲਾ ਕਰੇਗਾ, ਉਸ ਦੇ ਆਧਾਰ ʼਤੇ ਹੀ ਤੈਅ ਕੀਤਾ ਜਾਵੇਗਾ ਕਿ ਉਸ ਦਾ ਨਾਂ ਜੀਵਨ ਦੀ ਕਿਤਾਬ ਵਿਚ ਲਿਖਿਆ ਜਾਵੇਗਾ ਜਾਂ ਨਹੀਂ।

16 ਉਸ ਸਮੇਂ ਵੀ ਆਦਮ ਤੇ ਹੱਵਾਹ ਵਾਂਗ ਅਣਗਿਣਤ ਲੋਕ ਯਹੋਵਾਹ ਦੀ ਹਕੂਮਤ ਅਧੀਨ ਨਹੀਂ ਰਹਿਣਾ ਚਾਹੁਣਗੇ। ਉਨ੍ਹਾਂ ਲੋਕਾਂ ਦਾ ਕੀ ਅੰਜਾਮ ਹੋਵੇਗਾ? ਪ੍ਰਕਾਸ਼ ਦੀ ਕਿਤਾਬ 20:15 ਵਿਚ ਲਿਖਿਆ ਹੈ: “ਜਿਸ ਕਿਸੇ ਦਾ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਮਿਲਿਆ, ਉਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।” ਜੀ ਹਾਂ, ਬਗਾਵਤ ਕਰਨ ਵਾਲੇ ਸਾਰੇ ਇਨਸਾਨਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਪਰ ਜ਼ਿਆਦਾਤਰ ਲੋਕ ਇਸ ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਸਾਬਤ ਹੋਣਗੇ। ਉਨ੍ਹਾਂ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਲਿਖੇ ਜਾਣਗੇ।

“ਅੰਤ ਦੇ ਸਮੇਂ” ਦੌਰਾਨ

17. ਦੂਤ ਨੇ ਦਾਨੀਏਲ ਨੂੰ ਸਾਡੇ ਸਮੇਂ ਬਾਰੇ ਕੀ ਦੱਸਿਆ? (ਦਾਨੀਏਲ 12:4, 8-10)

17 ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਣਗੀਆਂ। ਇਕ ਦੂਤ ਨੇ ਦਾਨੀਏਲ ਨੂੰ “ਅੰਤ ਦੇ ਸਮੇਂ” ਯਾਨੀ ਸਾਡੇ ਸਮੇਂ ਬਾਰੇ ਅਹਿਮ ਜਾਣਕਾਰੀ ਦਿੱਤੀ। (ਦਾਨੀਏਲ 12:4, 8-10 ਪੜ੍ਹੋ; 2 ਤਿਮੋ. 3:1-5) ਦੂਤ ਨੇ ਦਾਨੀਏਲ ਨੂੰ ਕਿਹਾ: “ਸੱਚਾ ਗਿਆਨ ਬਹੁਤ ਵਧ ਜਾਵੇਗਾ।” ਇਹ ਗੱਲ ਸੱਚ ਹੈ ਕਿ ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਦਾਨੀਏਲ ਦੀ ਕਿਤਾਬ ਵਿਚ ਦਰਜ ਭਵਿੱਖਬਾਣੀਆਂ ਦੀ ਹੋਰ ਵੀ ਚੰਗੀ ਤਰ੍ਹਾਂ ਸਮਝ ਹਾਸਲ ਹੋਈ ਹੈ। ਪਰ ਦੂਤ ਨੇ ਦਾਨੀਏਲ ਨੂੰ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ “ਦੁਸ਼ਟ ਲੋਕ ਦੁਸ਼ਟ ਕੰਮ ਕਰਦੇ ਰਹਿਣਗੇ ਅਤੇ ਕੋਈ ਦੁਸ਼ਟ ਇਨਸਾਨ ਇਨ੍ਹਾਂ ਗੱਲਾਂ ਨੂੰ ਨਹੀਂ ਸਮਝੇਗਾ।”

18. ਬਹੁਤ ਜਲਦ ਦੁਸ਼ਟ ਲੋਕਾਂ ਨਾਲ ਕੀ ਹੋਵੇਗਾ?

18 ਅੱਜ ਸਾਨੂੰ ਲੱਗਦਾ ਹੈ ਕਿ ਦੁਸ਼ਟਾਂ ਨੂੰ ਉਨ੍ਹਾਂ ਦੇ ਦੁਸ਼ਟ ਕੰਮਾਂ ਦੀ ਕੋਈ ਸਜ਼ਾ ਨਹੀਂ ਮਿਲਦੀ। (ਮਲਾ. 3:14, 15) ਪਰ ਬਹੁਤ ਜਲਦ ਯਿਸੂ ਬੱਕਰੀਆਂ ਵਰਗੇ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਭੇਡਾਂ ਵਰਗੇ ਲੋਕਾਂ ਤੋਂ ਅਲੱਗ ਕਰੇਗਾ। (ਮੱਤੀ 25:31-33) ਮਹਾਂਕਸ਼ਟ ਵਿਚ ਦੁਸ਼ਟ ਲੋਕ ਬਚ ਨਹੀਂ ਸਕਣਗੇ ਤੇ ਨਾ ਹੀ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਦੇ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਨਹੀਂ ਲਿਖੇ ਜਾਣਗੇ ਜਿਸ ਦਾ ਜ਼ਿਕਰ ਮਲਾਕੀ 3:16 ਵਿਚ ਕੀਤਾ ਗਿਆ ਹੈ।

19. ਅੱਜ ਸਾਡੇ ਕੋਲ ਕੀ ਸਾਬਤ ਕਰਨ ਦਾ ਮੌਕਾ ਹੈ ਅਤੇ ਕਿਉਂ? (ਮਲਾਕੀ 3:16-18)

19 ਅੱਜ ਸਾਡੇ ਕੋਲ ਇਹ ਸਾਬਤ ਕਰਨ ਦਾ ਮੌਕਾ ਹੈ ਕਿ ਅਸੀਂ ਦੁਸ਼ਟ ਇਨਸਾਨ ਨਹੀਂ ਹਾਂ। (ਮਲਾਕੀ 3:16-18 ਪੜ੍ਹੋ।) ਯਹੋਵਾਹ ਉਨ੍ਹਾਂ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ ਜਿਨ੍ਹਾਂ ਨੂੰ ਉਹ ਆਪਣੇ “ਖ਼ਾਸ ਲੋਕ” ਜਾਂ “ਆਪਣੀ ਕੀਮਤੀ ਜਾਇਦਾਦ” ਸਮਝਦਾ ਹੈ। ਬਿਨਾਂ ਸ਼ੱਕ, ਅਸੀਂ ਵੀ ਇਨ੍ਹਾਂ ਖ਼ਾਸ ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ।

ਉਦੋਂ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਦਾਨੀਏਲ, ਸਾਡੇ ਪਿਆਰੇ ਅਤੇ ਹੋਰ ਬਹੁਤ ਸਾਰੇ ਲੋਕ ਮੌਤ ਦੀ ਨੀਂਦ ਤੋਂ ਜਾਗ ਉੱਠਣਗੇ (ਪੈਰਾ 20 ਦੇਖੋ)

20. (ੳ) ਯਹੋਵਾਹ ਨੇ ਦਾਨੀਏਲ ਨਾਲ ਕਿਹੜਾ ਵਾਅਦਾ ਕੀਤਾ? (ਅ) ਤੁਸੀਂ ਉਸ ਵਾਅਦੇ ਦੇ ਪੂਰਾ ਹੋਣ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ?

20 ਅਸੀਂ ਅਹਿਮ ਸਮੇਂ ਵਿਚ ਰਹਿ ਰਹੇ ਹਾਂ ਕਿਉਂਕਿ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਾਡੇ ਸਮੇਂ ਵਿਚ ਪੂਰੀਆਂ ਹੋਈਆਂ ਹਨ। ਬਹੁਤ ਜਲਦ ਸ਼ਾਨਦਾਰ ਘਟਨਾਵਾਂ ਵਾਪਰਨਗੀਆਂ। ਅਸੀਂ ਆਪਣੀਆਂ ਅੱਖਾਂ ਸਾਮ੍ਹਣੇ ਦੁਸ਼ਟ ਲੋਕਾਂ ਦਾ ਨਾਮੋ-ਨਿਸ਼ਾਨ ਮਿਟਦਾ ਦੇਖਾਂਗੇ। ਇਸ ਤੋਂ ਬਾਅਦ, ਅਸੀਂ ਦਾਨੀਏਲ ਨਾਲ ਕੀਤਾ ਯਹੋਵਾਹ ਦਾ ਇਹ ਵਾਅਦਾ ਪੂਰਾ ਹੁੰਦਾ ਦੇਖਾਂਗੇ: “ਤੂੰ ਆਪਣਾ ਹਿੱਸਾ ਲੈਣ ਲਈ ਉੱਠ ਖੜ੍ਹਾ ਹੋਵੇਂਗਾ।” (ਦਾਨੀ. 12:13) ਕੀ ਤੁਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਦਾਨੀਏਲ ਅਤੇ ਤੁਹਾਡੇ ਆਪਣੇ ਪਿਆਰੇ ਮੌਤ ਦੀ ਨੀਂਦ ਤੋਂ ਜਾਗ ਉੱਠਣਗੇ? ਜੇ ਹਾਂ, ਤਾਂ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਪੂਰੀ ਕੋਸ਼ਿਸ਼ ਕਰੋ। ਜੇ ਤੁਸੀਂ ਵਫ਼ਾਦਾਰ ਰਹੋਗੇ, ਤਾਂ ਭਰੋਸਾ ਰੱਖੋ ਕਿ ਤੁਹਾਡੇ ਨਾਂ ਯਹੋਵਾਹ ਦੀ ਜੀਵਨ ਦੀ ਕਿਤਾਬ ਵਿਚ ਲਿਖੇ ਰਹਿਣਗੇ।

ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ

^ ਦਾਨੀਏਲ 12:2, 3 ਵਿਚ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਵੱਡੇ ਪੈਮਾਨੇ ʼਤੇ ਸਿੱਖਿਆ ਦੇਣ ਦਾ ਕੰਮ ਕੀਤਾ ਜਾਵੇਗਾ। ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਇਸ ਕੰਮ ਬਾਰੇ ਸਾਡੀ ਸਮਝ ਵਿਚ ਕੀ ਸੁਧਾਰ ਕੀਤਾ ਗਿਆ ਹੈ। ਅਸੀਂ ਦੇਖਾਂਗੇ ਕਿ ਇਹ ਸਿੱਖਿਆ ਦੇਣ ਦਾ ਕੰਮ ਕਦੋਂ ਹੋਵੇਗਾ ਅਤੇ ਇਸ ਵਿਚ ਕੌਣ-ਕੌਣ ਸ਼ਾਮਲ ਹੋਣਗੇ। ਅਸੀਂ ਇਹ ਵੀ ਜਾਣਾਂਗੇ ਕਿ ਇਹ ਸਿੱਖਿਆ ਧਰਤੀ ʼਤੇ ਰਹਿੰਦੇ ਲੋਕਾਂ ਨੂੰ ਆਖ਼ਰੀ ਪਰੀਖਿਆ ਲਈ ਕਿਵੇਂ ਤਿਆਰ ਕਰੇਗੀ ਜੋ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਹੋਵੇਗੀ।

^ ਸ਼ਾਇਦ ਸਭ ਤੋਂ ਪਹਿਲਾਂ ਉਨ੍ਹਾਂ ਵਫ਼ਾਦਾਰ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਦੀ ਮੌਤ ਇਨ੍ਹਾਂ ਆਖ਼ਰੀ ਦਿਨਾਂ ਵਿਚ ਹੋਈ ਅਤੇ ਫਿਰ ਸ਼ਾਇਦ ਉਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇ ਜਿਹੜੇ ਉਨ੍ਹਾਂ ਤੋਂ ਕੁਝ ਸਮਾਂ ਪਹਿਲਾਂ ਮਰੇ ਸਨ। ਇੱਦਾਂ ਇਕ ਪੀੜ੍ਹੀ ਦੇ ਲੋਕ ਪਿਛਲੀ ਪੀੜ੍ਹੀ ਦੇ ਲੋਕਾਂ ਦਾ ਸੁਆਗਤ ਕਰ ਸਕਣਗੇ ਜਿਨ੍ਹਾਂ ਨੂੰ ਉਹ ਜਾਣਦੇ ਹੋਣਗੇ। ਭਾਵੇਂ ਅਸੀਂ ਨਹੀਂ ਜਾਣਦੇ ਕਿਸ ਨੂੰ ਕਦੋਂ ਜੀਉਂਦਾ ਕੀਤਾ ਜਾਵੇਗਾ, ਪਰ ਅਸੀਂ ਇਸ ਗੱਲ ਦਾ ਯਕੀਨ ਰੱਖ ਸਕਦੇ ਹਾਂ ਕਿ ਸਾਰਾ ਕੁਝ ਸਹੀ ਢੰਗ ਨਾਲ ਹੋਵੇਗਾ। ਇਹ ਅਸੀਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਬਾਈਬਲ ਵਿਚ ਦੱਸਿਆ ਹੈ ਕਿ ਜਿਨ੍ਹਾਂ ਨੂੰ ਸਵਰਗ ਜਾਣ ਲਈ ਜੀਉਂਦਾ ਕੀਤਾ ਜਾਂਦਾ ਹੈ, ਉਨ੍ਹਾਂ ਨੂੰ “ਵਾਰੀ ਸਿਰ” ਜੀਉਂਦਾ ਕੀਤਾ ਜਾਂਦਾ ਹੈ।​—1 ਕੁਰਿੰ. 14:33; 15:23.

^ ਇਸ ਆਇਤ ਬਾਰੇ ਪਹਿਲਾਂ ਜੋ ਸਾਡੀ ਸਮਝ ਸੀ, ਉਸ ਬਾਰੇ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦੇ ਅਧਿਆਇ 17 ਅਤੇ 1 ਜੁਲਾਈ 1987 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-25 ʼਤੇ ਦੱਸਿਆ ਗਿਆ ਹੈ।

^ ਇਸ ਤੋਂ ਉਲਟ, ਰਸੂਲਾਂ ਦੇ ਕੰਮ 24:15 ਵਿਚ ਲੋਕਾਂ ਨੂੰ ਉਨ੍ਹਾਂ ਕੰਮਾਂ ਦੇ ਆਧਾਰ ʼਤੇ “ਧਰਮੀ” ਜਾਂ “ਕੁਧਰਮੀ” ਕਿਹਾ ਗਿਆ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ। ਉਸੇ ਤਰ੍ਹਾਂ ਯੂਹੰਨਾ 5:29 ਵਿਚ ਲੋਕਾਂ ਦੇ “ਚੰਗੇ” ਅਤੇ “ਨੀਚ ਕੰਮਾਂ” ਦੀ ਗੱਲ ਕੀਤੀ ਗਈ ਹੈ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ।