Skip to content

Skip to table of contents

ਅਧਿਐਨ ਲੇਖ 8

“ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!”

“ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!”

“ਹੋਸ਼ ਵਿਚ ਰਹੋ, ਖ਼ਬਰਦਾਰ ਰਹੋ!”​—1 ਪਤ. 5:8.

ਗੀਤ 144 ਇਨਾਮ ʼਤੇ ਨਜ਼ਰ ਰੱਖੋ!

ਖ਼ਾਸ ਗੱਲਾਂ a

1. ਆਖ਼ਰੀ ਸਮੇਂ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਦੱਸਿਆ ਅਤੇ ਉਨ੍ਹਾਂ ਨੂੰ ਕਿਹੜੀ ਚੇਤਾਵਨੀ ਦਿੱਤੀ?

 ਯਿਸੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਦੇ ਚਾਰ ਚੇਲਿਆਂ ਨੇ ਉਸ ਨੂੰ ਪੁੱਛਿਆ: “ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:3) ਉਹ ਚੇਲੇ ਸ਼ਾਇਦ ਇਹ ਜਾਣਨਾ ਚਾਹੁੰਦੇ ਸਨ ਕਿ ਉਹ ਕਿਵੇਂ ਪਛਾਣ ਸਕਦੇ ਸਨ ਕਿ ਯਰੂਸ਼ਲਮ ਅਤੇ ਉਸ ਦੇ ਮੰਦਰ ਦਾ ਨਾਸ਼ ਹੋਣ ਵਾਲਾ ਸੀ। ਜਵਾਬ ਵਿਚ ਯਿਸੂ ਨੇ ਨਾ ਸਿਰਫ਼ ਉਨ੍ਹਾਂ ਨੂੰ ਯਰੂਸ਼ਲਮ ਅਤੇ ਉਸ ਦੇ ਮੰਦਰ ਦੇ ਨਾਸ਼ ਬਾਰੇ ਦੱਸਿਆ, ਸਗੋਂ “ਇਸ ਯੁਗ ਦੇ ਆਖ਼ਰੀ ਸਮੇਂ” ਬਾਰੇ ਵੀ ਦੱਸਿਆ ਜਿਸ ਵਿਚ ਅਸੀਂ ਰਹਿ ਰਹੇ ਹਾਂ। ਆਖ਼ਰੀ ਸਮੇਂ ਬਾਰੇ ਦੱਸਦਿਆਂ ਯਿਸੂ ਨੇ ਕਿਹਾ: “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” ਫਿਰ ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ‘ਜਾਗਦੇ ਰਹਿਣ’ ਅਤੇ “ਖ਼ਬਰਦਾਰ ਰਹਿਣ।”​—ਮਰ. 13:32-37.

2. ਪਹਿਲੀ ਸਦੀ ਦੇ ਮਸੀਹੀਆਂ ਨੂੰ ਖ਼ਬਰਦਾਰ ਰਹਿਣ ਦੀ ਕਿਉਂ ਲੋੜ ਸੀ?

2 ਪਹਿਲੀ ਸਦੀ ਦੇ ਯਹੂਦੀ ਮਸੀਹੀਆਂ ਨੂੰ ਖ਼ਬਰਦਾਰ ਰਹਿਣ ਦੀ ਲੋੜ ਸੀ ਕਿਉਂਕਿ ਉਨ੍ਹਾਂ ਦੀਆਂ ਜਾਨਾਂ ਦਾ ਸਵਾਲ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਹ ਕਿਵੇਂ ਜਾਣ ਸਕਦੇ ਸਨ ਕਿ ਯਰੂਸ਼ਲਮ ਅਤੇ ਉਸ ਦੇ ਮੰਦਰ ਦਾ ਨਾਸ਼ ਹੋਣ ਵਾਲਾ ਹੈ। ਯਿਸੂ ਨੇ ਕਿਹਾ: “ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ, ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ।” ਉਸ ਮੌਕੇ ʼਤੇ ਯਹੂਦੀਆਂ ਲਈ ਜ਼ਰੂਰੀ ਸੀ ਕਿ ਉਹ ਯਿਸੂ ਦੀ ਚੇਤਾਵਨੀ ਮੁਤਾਬਕ ਕਦਮ ਚੁੱਕਣ ਅਤੇ “ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।” (ਲੂਕਾ 21:20, 21) ਜਿਨ੍ਹਾਂ ਨੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ, ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ? ਜਦੋਂ ਰੋਮੀ ਫ਼ੌਜ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਉਦੋਂ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਅੱਜ ਅਸੀਂ ਇਸ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। ਇਸ ਲਈ ਸਾਨੂੰ ਵੀ ਹੋਸ਼ ਵਿਚ ਅਤੇ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਦੁਨੀਆਂ ਦੀਆਂ ਘਟਨਾਵਾਂ ਵੱਲ ਧਿਆਨ ਦਿੰਦੇ ਵੇਲੇ ਅਸੀਂ ਖ਼ਬਰਦਾਰ ਕਿਵੇਂ ਰਹਿ ਸਕਦੇ ਹਾਂ, ਆਪਣੇ ਵੱਲ ਧਿਆਨ ਕਿਵੇਂ ਦੇ ਸਕਦੇ ਹਾਂ ਅਤੇ ਅੱਜ ਸਾਡੇ ਕੋਲ ਜੋ ਸਮਾਂ ਰਹਿ ਗਿਆ ਹੈ, ਉਸ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ।

ਦੁਨੀਆਂ ਦੀਆਂ ਘਟਨਾਵਾਂ ਵੱਲ ਧਿਆਨ ਦਿੰਦੇ ਵੇਲੇ ਖ਼ਬਰਦਾਰ ਰਹੋ

4. ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਵੱਲ ਧਿਆਨ ਦੇ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

4 ਸਾਨੂੰ ਇਸ ਗੱਲ ਵਿਚ ਦਿਲਚਸਪੀ ਹੈ ਕਿ ਅੱਜ ਦੁਨੀਆਂ ਵਿਚ ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਵਿਚ ਦਿਲਚਸਪੀ ਲੈਣੀ ਗ਼ਲਤ ਨਹੀਂ ਹੈ। ਇਨ੍ਹਾਂ ਤੋਂ ਅਸੀਂ ਜਾਣ ਪਾਉਂਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਮਿਸਾਲ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ ਕੁਝ ਖ਼ਾਸ ਘਟਨਾਵਾਂ ਬਾਰੇ ਦੱਸਿਆ ਸੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। (ਮੱਤੀ 24:3-14) ਪਤਰਸ ਰਸੂਲ ਨੇ ਵੀ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਵੱਲ ਧਿਆਨ ਦੇਈਏ ਤਾਂਕਿ ਸਾਡੀ ਨਿਹਚਾ ਪੱਕੀ ਰਹੇ। (2 ਪਤ. 1:19-21) ਬਾਈਬਲ ਦੀ ਆਖ਼ਰੀ ਕਿਤਾਬ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ।” (ਪ੍ਰਕਾ. 1:1) ਇਸ ਲਈ ਅੱਜ ਅਸੀਂ ਦੁਨੀਆਂ ਦੀਆਂ ਘਟਨਾਵਾਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਾਂ। ਨਾਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਘਟਨਾਵਾਂ ਨਾਲ ਸ਼ਾਇਦ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਸ਼ਾਇਦ ਅਸੀਂ ਇਨ੍ਹਾਂ ਬਾਰੇ ਦੂਜਿਆਂ ਨਾਲ ਵੀ ਗੱਲ ਕਰਨ ਲਈ ਬੇਤਾਬ ਹੋਈਏ।

ਬਾਈਬਲ ਦੀਆਂ ਭਵਿੱਖਬਾਣੀਆਂ ʼਤੇ ਗੌਰ ਕਰਦਿਆਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ ਅਤੇ ਕੀ ਕਰਨਾ ਚਾਹੀਦਾ ਹੈ? (ਪੈਰਾ 5 ਦੇਖੋ) b

5. ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ ਅਤੇ ਕੀ ਕਰਨਾ ਚਾਹੀਦਾ ਹੈ? (ਤਸਵੀਰਾਂ ਵੀ ਦੇਖੋ।)

5 ਬਾਈਬਲ ਦੀ ਕਿਸੇ ਭਵਿੱਖਬਾਣੀ ਬਾਰੇ ਗੱਲ ਕਰਦੇ ਵੇਲੇ ਸਾਨੂੰ ਤੀਰ-ਤੁੱਕੇ ਨਹੀਂ ਲਾਉਣੇ ਚਾਹੀਦੇ। ਕਿਉਂ? ਕਿਉਂਕਿ ਅਸੀਂ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਹਿਣੀ ਚਾਹੁੰਦੇ ਜਿਸ ਨਾਲ ਮੰਡਲੀ ਦੀ ਏਕਤਾ ਭੰਗ ਹੋਵੇ। ਉਦਾਹਰਣ ਲਈ, ਸ਼ਾਇਦ ਅਸੀਂ ਦੁਨੀਆਂ ਦੇ ਨੇਤਾਵਾਂ ਨੂੰ ਗੱਲਬਾਤ ਕਰਦੇ ਸੁਣੀਏ ਕਿ ਉਹ ਕੋਈ ਵੱਡੀ ਮੁਸ਼ਕਲ ਕਿਵੇਂ ਸੁਲਝਾਉਣਗੇ ਅਤੇ ਸ਼ਾਂਤੀ ਤੇ ਸੁਰੱਖਿਆ ਕਿਵੇਂ ਲਿਆਉਣਗੇ। ਅਜਿਹੀ ਗੱਲਬਾਤ ਸੁਣ ਕੇ ਸਾਨੂੰ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ 1 ਥੱਸਲੁਨੀਕੀਆਂ 5:3 ਵਿਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ। ਇਸ ਦੀ ਬਜਾਇ, ਸਾਨੂੰ ਸੰਗਠਨ ਵੱਲੋਂ ਦਿੱਤੀ ਜਾਂਦੀ ਨਵੀਂ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਤਿਆਰ ਕੀਤੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਮੁਤਾਬਕ ਗੱਲਬਾਤ ਕਰਦੇ ਹਾਂ, ਤਾਂ ਅਸੀਂ ਮੰਡਲੀ ਦੀ ਏਕਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਾਂ ਅਤੇ ਸਾਡੀ “ਇੱਕੋ ਜਿਹੀ ਸੋਚ” ਬਣੀ ਰਹਿੰਦੀ ਹੈ।​—1 ਕੁਰਿੰ. 1:10; 4:6.

6. ਦੂਜਾ ਪਤਰਸ 3:11-13 ਤੋਂ ਅਸੀਂ ਕੀ ਸਿੱਖਦੇ ਹਾਂ?

6 ਦੂਜਾ ਪਤਰਸ 3:11-13 ਪੜ੍ਹੋ। ਇਨ੍ਹਾਂ ਆਇਤਾਂ ਵਿਚ ਪਤਰਸ ਰਸੂਲ ਸਾਡੀ ਮਦਦ ਕਰਦਾ ਹੈ ਕਿ ਅਸੀਂ ਸਹੀ ਇਰਾਦੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ʼਤੇ ਗੌਰ ਕਰੀਏ। ਉਹ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ‘ਯਹੋਵਾਹ ਦੇ ਦਿਨ ਨੂੰ ਯਾਦ ਰੱਖੀਏ।’ ਕਿਉਂ? ਇਸ ਲਈ ਨਹੀਂ ਕਿ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰੀਏ ਕਿ ਉਹ ‘ਦਿਨ ਜਾਂ ਘੜੀ’ ਕਦੋਂ ਆਵੇਗੀ ਜਦੋਂ ਯਹੋਵਾਹ ਆਰਮਾਗੇਡਨ ਲੈ ਕੇ ਆਵੇਗਾ। ਇਸ ਦੀ ਬਜਾਇ, ਅਸੀਂ ਧਿਆਨ ਰੱਖੀਏ ਕਿ ਸਾਡੇ ਕੋਲ ਜੋ ਸਮਾਂ ਰਹਿ ਗਿਆ ਹੈ, ਉਸ ਵਿਚ ਅਸੀਂ ‘ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖੀਏ ਅਤੇ ਭਗਤੀ ਦੇ ਕੰਮ ਕਰਨ’ ਵਿਚ ਲੱਗੇ ਰਹੀਏ। (ਮੱਤੀ 24:36; ਲੂਕਾ 12:40) ਦੂਜੇ ਸ਼ਬਦਾਂ ਵਿਚ ਕਹੀਏ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਚਾਲ-ਚਲਣ ਯਹੋਵਾਹ ਦੇ ਅਸੂਲਾਂ ਮੁਤਾਬਕ ਹੋਵੇ ਅਤੇ ਉਸ ਦੀ ਸੇਵਾ ਵਿਚ ਅਸੀਂ ਜੋ ਵੀ ਕਰਦੇ ਹਾਂ, ਉਸ ਤੋਂ ਜ਼ਾਹਰ ਹੋਵੇ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ। ਇਸ ਤਰ੍ਹਾਂ ਕਰਦੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਵੱਲ ਧਿਆਨ ਦਿੰਦੇ ਰਹੀਏ।

ਆਪਣੇ ਆਪ ਵੱਲ ਧਿਆਨ ਦੇਣ ਦਾ ਕੀ ਮਤਲਬ ਹੈ?

7. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਆਪ ਵੱਲ ਧਿਆਨ ਦਿੰਦੇ ਹਾਂ? (ਲੂਕਾ 21:34)

7 ਯਿਸੂ ਨੇ ਆਪਣੇ ਚੇਲਿਆਂ ਨੂੰ ਨਾ ਸਿਰਫ਼ ਦੁਨੀਆਂ ਦੀ ਘਟਨਾਵਾਂ ਵੱਲ, ਸਗੋਂ ਆਪਣੇ ਆਪ ਵੱਲ ਵੀ ਧਿਆਨ ਦੇਣ ਲਈ ਕਿਹਾ ਸੀ। ਆਪਣੇ ਚੇਲਿਆਂ ਨੂੰ ਖ਼ਬਰਦਾਰ ਕਰਦਿਆਂ ਉਸ ਨੇ ਕਿਹਾ: “ਤੁਸੀਂ ਧਿਆਨ ਰੱਖੋ।” (ਲੂਕਾ 21:34, 35 ਪੜ੍ਹੋ।) ਜਿਹੜਾ ਵਿਅਕਤੀ ਆਪਣੇ ਆਪ ਵੱਲ ਧਿਆਨ ਦਿੰਦਾ ਹੈ, ਉਹ ਅਜਿਹੀ ਹਰ ਗੱਲ ਤੋਂ ਖ਼ਬਰਦਾਰ ਰਹਿੰਦਾ ਹੈ ਅਤੇ ਉਸ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖਦਾ ਹੈ।​—ਕਹਾ. 22:3; ਯਹੂ. 20, 21.

8. ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕੀ ਕਿਹਾ ਸੀ?

8 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਆਪ ਵੱਲ ਧਿਆਨ ਦਿੰਦੇ ਰਹਿਣ। ਮਿਸਾਲ ਲਈ, ਉਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਕਿਹਾ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ।” (ਅਫ਼. 5:15, 16) ਸ਼ੈਤਾਨ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਦੇਵੇ। ਇਸ ਲਈ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ‘ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ ਕਿ ਯਹੋਵਾਹ ਦੀ ਕੀ ਇੱਛਾ ਹੈ’ ਤਾਂਕਿ ਅਸੀਂ ਆਪਣੇ ਆਪ ਨੂੰ ਸ਼ੈਤਾਨ ਦੇ ਸਾਰੇ ਹਮਲਿਆਂ ਤੋਂ ਬਚਾ ਸਕੀਏ।​—ਅਫ਼. 5:17.

9. ਅਸੀਂ ਯਹੋਵਾਹ ਦੀ ਇੱਛਾ ਕਿਵੇਂ ਜਾਣ ਸਕਦੇ ਹਾਂ?

9 ਬਾਈਬਲ ਵਿਚ ਅਜਿਹੇ ਹਰ ਖ਼ਤਰੇ ਬਾਰੇ ਨਹੀਂ ਦੱਸਿਆ ਗਿਆ ਜਿਸ ਕਰਕੇ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਸਾਨੂੰ ਕਈ ਵਾਰ ਅਜਿਹੇ ਮਾਮਲਿਆਂ ਬਾਰੇ ਫ਼ੈਸਲੇ ਕਰਨੇ ਪੈਂਦੇ ਹਨ ਜਿਨ੍ਹਾਂ ਬਾਰੇ ਬਾਈਬਲ ਵਿਚ ਕੋਈ ਸਿੱਧੀ ਸਲਾਹ ਨਹੀਂ ਦਿੱਤੀ ਹੁੰਦੀ। ਇਸ ਲਈ ਸਹੀ ਫ਼ੈਸਲੇ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਤਾ ਕਰੀਏ ਕਿ “ਯਹੋਵਾਹ ਦੀ ਕੀ ਇੱਛਾ ਹੈ।” ਅਸੀਂ ਇਹ ਕਿੱਦਾਂ ਪਤਾ ਕਰ ਸਕਦੇ ਹਾਂ? ਸਾਨੂੰ ਬਾਕਾਇਦਾ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਦੀ ਇੱਛਾ ਨੂੰ ਸਮਝਾਂਗੇ, ਉੱਨਾ ਜ਼ਿਆਦਾ ਸਾਡੇ ਵਿਚ “ਮਸੀਹ ਦਾ ਮਨ” ਪੈਦਾ ਹੋਵੇਗਾ ਅਤੇ ਅਸੀਂ “ਬੁੱਧੀਮਾਨ ਇਨਸਾਨਾਂ ਵਾਂਗ” ਚੱਲ ਸਕਾਂਗੇ। ਇਸ ਤਰ੍ਹਾਂ ਅਸੀਂ ਉਨ੍ਹਾਂ ਮਾਮਲਿਆਂ ਬਾਰੇ ਵੀ ਸਹੀ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਬਾਰੇ ਬਾਈਬਲ ਵਿਚ ਸਿੱਧਾ-ਸਿੱਧਾ ਕੋਈ ਕਾਨੂੰਨ ਨਹੀਂ ਦਿੱਤਾ ਗਿਆ। (1 ਕੁਰਿੰ. 2:14-16) ਜਿਨ੍ਹਾਂ ਖ਼ਤਰਿਆਂ ਕਰਕੇ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ, ਉਨ੍ਹਾਂ ਵਿੱਚੋਂ ਕੁਝ ਖ਼ਤਰੇ ਅਸੀਂ ਸੌਖਿਆਂ ਹੀ ਪਛਾਣ ਲੈਂਦੇ ਹਾਂ, ਪਰ ਕੁਝ ਖ਼ਤਰੇ ਗੁੱਝੇ ਹੁੰਦੇ ਹਨ ਜਿਨ੍ਹਾਂ ਨੂੰ ਪਛਾਣਨਾ ਇੰਨਾ ਸੌਖਾ ਨਹੀਂ ਹੁੰਦਾ।

10. ਸਾਨੂੰ ਕਿਨ੍ਹਾਂ ਖ਼ਤਰਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ?

10 ਜਿਨ੍ਹਾਂ ਗੱਲਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ, ਉਨ੍ਹਾਂ ਵਿੱਚੋਂ ਕੁਝ ਹਨ: ਇਸ਼ਕਬਾਜ਼ੀ ਜਾਂ ਫਲਰਟ ਕਰਨਾ, ਬੇਹਿਸਾਬੀ ਸ਼ਰਾਬ ਪੀਣੀ, ਹੱਦੋਂ ਵੱਧ ਖਾਣਾ-ਪੀਣਾ, ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕਹਿਣੀਆਂ, ਮਾਰ-ਧਾੜ ਵਾਲੇ ਪ੍ਰੋਗ੍ਰਾਮ ਜਾਂ ਫ਼ਿਲਮਾਂ ਦੇਖਣੀਆਂ, ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਅਤੇ ਹੋਰ ਇਹੋ ਜਿਹੇ ਕੰਮ। ਸਾਨੂੰ ਅਜਿਹੇ ਸਾਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। (ਜ਼ਬੂ. 101:3) ਸਾਡਾ ਦੁਸ਼ਮਣ ਸ਼ੈਤਾਨ ਹਮੇਸ਼ਾ ਇਸੇ ਤਾਕ ਵਿਚ ਰਹਿੰਦਾ ਹੈ ਕਿ ਉਹ ਕਿਸੇ ਤਰ੍ਹਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਦੇਵੇ। (1 ਪਤ. 5:8) ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਸ਼ੈਤਾਨ ਸਾਡੇ ਮਨ ਵਿਚ ਜ਼ਹਿਰੀਲੇ ਬੀ ਬੀਜ ਸਕਦਾ ਹੈ, ਜਿਵੇਂ ਕਿ ਸ਼ਾਇਦ ਅਸੀਂ ਦੂਜਿਆਂ ਨਾਲ ਈਰਖਾ ਕਰਨ ਲੱਗ ਪਈਏ, ਝੂਠ ਬੋਲਣ ਜਾਂ ਬੇਈਮਾਨੀ ਕਰਨ ਲੱਗ ਪਈਏ, ਲਾਲਚ ਕਰਨ ਲੱਗ ਪਈਏ, ਘਮੰਡੀ ਬਣ ਜਾਈਏ, ਦੂਜਿਆਂ ਪ੍ਰਤੀ ਨਾਰਾਜ਼ਗੀ ਪਾਲ਼ੀ ਰੱਖੀਏ ਜਾਂ ਉਨ੍ਹਾਂ ਨਾਲ ਨਫ਼ਰਤ ਕਰਨ ਲੱਗ ਪਈਏ। (ਗਲਾ. 5:19-21) ਸ਼ੁਰੂ-ਸ਼ੁਰੂ ਵਿਚ ਸ਼ਾਇਦ ਸਾਨੂੰ ਲੱਗੇ ਕਿ ਇਹ ਇੰਨੇ ਵੀ ਖ਼ਤਰਨਾਕ ਨਹੀਂ ਹਨ, ਪਰ ਜੇ ਅਸੀਂ ਉਸੇ ਵੇਲੇ ਆਪਣੇ ਮਨ ਵਿੱਚੋਂ ਇਨ੍ਹਾਂ ਨੂੰ ਨਹੀਂ ਕੱਢਦੇ, ਤਾਂ ਇਹ ਜ਼ਹਿਰੀਲੇ ਬੀ ਵਧਦੇ ਜਾਣਗੇ ਅਤੇ ਇਨ੍ਹਾਂ ਨਾਲ ਸਾਡਾ ਬਹੁਤ ਨੁਕਸਾਨ ਹੋ ਸਕਦਾ ਹੈ।​—ਯਾਕੂ. 1:14, 15.

11. ਇਕ ਗੁੱਝਾ ਖ਼ਤਰਾ ਕਿਹੜਾ ਹੈ ਜਿਸ ਤੋਂ ਸਾਨੂੰ ਦੂਰ ਭੱਜਣਾ ਚਾਹੀਦਾ ਹੈ ਅਤੇ ਕਿਉਂ?

11 ਇਕ ਗੁੱਝਾ ਖ਼ਤਰਾ ਹੈ, ਬੁਰੀ ਸੰਗਤੀ। ਜ਼ਰਾ ਸੋਚੋ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਕੰਮ ਕਰਦੇ ਹੋ ਜੋ ਯਹੋਵਾਹ ਦਾ ਗਵਾਹ ਨਹੀਂ ਹੈ। ਤੁਸੀਂ ਚਾਹੁੰਦੇ ਹੋ ਕਿ ਉਹ ਗਵਾਹਾਂ ਬਾਰੇ ਚੰਗਾ ਸੋਚੇ। ਇਸ ਲਈ ਤੁਸੀਂ ਉਸ ਦੀ ਮਦਦ ਕਰਦੇ ਹੋ ਅਤੇ ਉਸ ਨਾਲ ਵਧੀਆ ਢੰਗ ਨਾਲ ਪੇਸ਼ ਆਉਂਦੇ ਹੋ। ਕਦੇ-ਕਦੇ ਤੁਸੀਂ ਉਸ ਨਾਲ ਦੁਪਹਿਰ ਦਾ ਖਾਣਾ ਵੀ ਖਾਂਦੇ ਹੋ। ਪਰ ਕੁਝ ਦਿਨਾਂ ਬਾਅਦ ਤੁਸੀਂ ਹਰ ਦੁਪਹਿਰ ਉਸ ਨਾਲ ਖਾਣਾ ਖਾਣ ਲੱਗਦੇ ਹੋ। ਫਿਰ ਤੁਸੀਂ ਦੇਖਦੇ ਹੋ ਕਿ ਕਦੇ-ਕਦੇ ਉਹ ਅਨੈਤਿਕ ਕੰਮਾਂ ਬਾਰੇ ਗੱਲ ਕਰਦਾ ਹੈ। ਪਹਿਲਾਂ ਤਾਂ ਤੁਸੀਂ ਉਸ ਦੀਆਂ ਗੱਲਾਂ ʼਤੇ ਕੋਈ ਧਿਆਨ ਨਹੀਂ ਦਿੰਦੇ। ਪਰ ਫਿਰ ਤੁਹਾਨੂੰ ਅਜਿਹੀਆਂ ਗੱਲਾਂ ਸੁਣਨ ਦੀ ਇੰਨੀ ਆਦਤ ਪੈ ਜਾਂਦੀ ਹੈ ਕਿ ਇਹ ਗੱਲਾਂ ਹੁਣ ਤੁਹਾਨੂੰ ਬੁਰੀਆਂ ਨਹੀਂ ਲੱਗਦੀਆਂ। ਫਿਰ ਇਕ ਦਿਨ ਕੰਮ ਤੋਂ ਬਾਅਦ ਉਹ ਤੁਹਾਨੂੰ ਸ਼ਰਾਬ ਪੀਣ ਲਈ ਬੁਲਾਉਂਦਾ ਹੈ ਅਤੇ ਤੁਸੀਂ ਮੰਨ ਜਾਂਦੇ ਹੋ। ਹੌਲੀ-ਹੌਲੀ ਤੁਸੀਂ ਉਸ ਵਾਂਗ ਸੋਚਣ ਲੱਗ ਪੈਂਦੇ ਹੋ। ਹੁਣ ਕੀ ਤੁਹਾਨੂੰ ਨਹੀਂ ਲੱਗਦਾ ਕਿ ਛੇਤੀ ਹੀ ਤੁਸੀਂ ਉਸ ਵਰਗੇ ਕੰਮ ਵੀ ਕਰਨ ਲੱਗ ਪਓਗੇ? ਮੰਨਿਆ ਕਿ ਸਾਨੂੰ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਪਰ ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਉਨ੍ਹਾਂ ਨਾਲ ਜਿੰਨਾ ਸਮਾਂ ਬਿਤਾਵਾਂਗੇ, ਅਸੀਂ ਉੱਨਾ ਹੀ ਉਨ੍ਹਾਂ ਵਰਗੇ ਬਣਦੇ ਜਾਵਾਂਗੇ। (1 ਕੁਰਿੰ. 15:33) ਇਸ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਗੱਲ ਯਾਦ ਰੱਖੀਏ ਅਤੇ ਆਪਣੇ ਆਪ ਵੱਲ ਧਿਆਨ ਦਿੰਦੇ ਰਹੀਏ। ਫਿਰ ਅਸੀਂ ਅਜਿਹੇ ਲੋਕਾਂ ਨਾਲ ਬੇਵਜ੍ਹਾ ਸਮਾਂ ਨਹੀਂ ਬਿਤਾਵਾਂਗੇ ਜੋ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ। (2 ਕੁਰਿੰ. 6:15) ਇਸ ਲਈ ਅਸੀਂ ਜਦੋਂ ਵੀ ਕੋਈ ਖ਼ਤਰਾ ਦੇਖਦੇ ਹਾਂ, ਤਾਂ ਸਾਨੂੰ ਉਸ ਤੋਂ ਦੂਰ ਭੱਜਣਾ ਚਾਹੀਦਾ ਹੈ।

ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ

12. ਯਰੂਸ਼ਲਮ ਅਤੇ ਉਸ ਦੇ ਮੰਦਰ ਦੇ ਨਾਸ਼ ਦੀ ਉਡੀਕ ਕਰਦਿਆਂ ਚੇਲਿਆਂ ਨੇ ਕੀ ਕਰਨਾ ਸੀ?

12 ਯਿਸੂ ਦੇ ਚੇਲਿਆਂ ਨੂੰ ਪਤਾ ਸੀ ਕਿ ਯਰੂਸ਼ਲਮ ਅਤੇ ਉਸ ਦੇ ਮੰਦਰ ਦਾ ਨਾਸ਼ ਹੋਣ ਵਾਲਾ ਸੀ, ਪਰ ਉਦੋਂ ਤਕ ਉਨ੍ਹਾਂ ਨੇ ਹੱਥ ʼਤੇ ਹੱਥ ਧਰ ਕੇ ਬੈਠੇ ਨਹੀਂ ਰਹਿਣਾ ਸੀ। ਯਿਸੂ ਨੇ ਉਨ੍ਹਾਂ ਨੂੰ ਇਕ ਕੰਮ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ “ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। (ਰਸੂ. 1:6-8) ਉਨ੍ਹਾਂ ਚੇਲਿਆਂ ਨੂੰ ਕਿੰਨੀ ਵੱਡੀ ਜ਼ਿੰਮੇਵਾਰੀ ਮਿਲੀ ਸੀ! ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਨ੍ਹਾਂ ਨੇ ਜੀ-ਜਾਨ ਲਾ ਕੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਿਆ।

13. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੀਏ? (ਕੁਲੁੱਸੀਆਂ 4:5)

13 ਕੁਲੁੱਸੀਆਂ 4:5 ਪੜ੍ਹੋ। ਜਦੋਂ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਦੇ ਹਾਂ, ਤਾਂ ਅਸੀਂ ਆਪਣੇ ਆਪ ਵੱਲ ਧਿਆਨ ਦੇ ਰਹੇ ਹੁੰਦੇ ਹਾਂ। ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣਾ ਸਮਾਂ ਕਿਨ੍ਹਾਂ ਕੰਮਾਂ ਵਿਚ ਲਾਉਂਦੇ ਹਾਂ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਕਿਸੇ ʼਤੇ ਵੀ “ਬੁਰਾ ਸਮਾਂ” ਆ ਸਕਦਾ ਹੈ। (ਉਪ. 9:11) ਹੋ ਸਕਦਾ ਹੈ ਕਿ ਅਚਾਨਕ ਸਾਡੀ ਮੌਤ ਹੋ ਜਾਵੇ।

ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ? (ਪੈਰੇ 14-15 ਦੇਖੋ)

14-15. ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ? (ਇਬਰਾਨੀਆਂ 6:11, 12) (ਤਸਵੀਰ ਵੀ ਦੇਖੋ।)

14 ਅੱਜ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ? ਯਹੋਵਾਹ ਦੀ ਇੱਛਾ ਪੂਰੀ ਕਰ ਕੇ ਅਤੇ ਉਸ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਕੇ। (ਯੂਹੰ. 14:21) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ‘ਤਕੜੇ ਹੋਈਏ, ਦ੍ਰਿੜ੍ਹ ਬਣੀਏ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੀਏ।’ (1 ਕੁਰਿੰ. 15:58) ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਪਹਿਲਾਂ ਜਾਂ ਸਾਡੀ ਮੌਤ ਤੋਂ ਪਹਿਲਾਂ ਸਾਨੂੰ ਇਹ ਸੋਚ ਕੇ ਬਿਲਕੁਲ ਵੀ ਅਫ਼ਸੋਸ ਨਹੀਂ ਹੋਵੇਗਾ, ‘ਕਾਸ਼! ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਕੁਝ ਕੀਤਾ ਹੁੰਦਾ।’​—ਮੱਤੀ 24:13; ਰੋਮੀ. 14:8.

15 ਯਿਸੂ ਦੇ ਚੇਲੇ ਅੱਜ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰ ਰਹੇ ਹਨ ਅਤੇ ਯਿਸੂ ਲਗਾਤਾਰ ਉਨ੍ਹਾਂ ਦੀ ਅਗਵਾਈ ਕਰ ਰਿਹਾ ਹੈ। ਸਾਡੀਆਂ ਮੀਟਿੰਗਾਂ ਅਤੇ ਪ੍ਰਕਾਸ਼ਨਾਂ ਰਾਹੀਂ ਯਿਸੂ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਿਖਲਾਈ ਦੇ ਰਿਹਾ ਹੈ। ਨਾਲੇ ਉਹ ਇਸ ਕੰਮ ਨੂੰ ਕਰਨ ਲਈ ਸਾਨੂੰ ਹਰ ਜ਼ਰੂਰੀ ਚੀਜ਼ ਦੇ ਰਿਹਾ ਹੈ। (ਮੱਤੀ 28:18-20) ਪਰ ਉਹ ਸਾਡੇ ਤੋਂ ਕੀ ਉਮੀਦ ਕਰਦਾ ਹੈ? ਇਹੀ ਕਿ ਜਦ ਤਕ ਯਹੋਵਾਹ ਇਸ ਦੁਨੀਆਂ ਦਾ ਅੰਤ ਨਹੀਂ ਕਰ ਦਿੰਦਾ, ਉਦੋਂ ਤਕ ਅਸੀਂ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਸਖ਼ਤ ਮਿਹਨਤ ਕਰਦੇ ਰਹੀਏ ਅਤੇ ਖ਼ਬਰਦਾਰ ਰਹੀਏ। ਇਸ ਤਰ੍ਹਾਂ ਅਸੀਂ ਇਬਰਾਨੀਆਂ 6:11, 12 ਵਿਚ ਦਿੱਤੀ ਸਲਾਹ ਮੰਨ ਕੇ “ਅਖ਼ੀਰ ਤਕ” ਪੱਕਾ ਭਰੋਸਾ ਰੱਖਾਂਗੇ ਕਿ ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ।​—ਪੜ੍ਹੋ।

16. ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

16 ਯਹੋਵਾਹ ਨੇ ਉਸ ਦਿਨ ਅਤੇ ਘੜੀ ਨੂੰ ਤੈਅ ਕਰ ਦਿੱਤਾ ਹੈ ਜਦੋਂ ਉਹ ਸ਼ੈਤਾਨ ਦੀ ਦੁਨੀਆਂ ਦਾ ਅੰਤ ਕਰੇਗਾ। ਉਸ ਤੋਂ ਬਾਅਦ ਯਹੋਵਾਹ ਨਵੀਂ ਦੁਨੀਆਂ ਬਾਰੇ ਉਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕਰੇਗਾ ਜੋ ਉਸ ਨੇ ਆਪਣੇ ਬਚਨ ਵਿਚ ਲਿਖਵਾਈਆਂ ਹਨ। ਉਦੋਂ ਤਕ ਸ਼ਾਇਦ ਕਦੇ-ਕਦੇ ਸਾਨੂੰ ਲੱਗੇ ਕਿ ਅੰਤ ਆਉਣ ਵਿਚ ਹਾਲੇ ਬਹੁਤ ਸਮਾਂ ਪਿਆ ਹੈ। ਪਰ ਯਹੋਵਾਹ ਦਾ ਦਿਨ ਤੈਅ ਕੀਤੇ ਸਮੇਂ ʼਤੇ ਜ਼ਰੂਰ ਆਵੇਗਾ, “ਇਹ ਦੇਰ ਨਾ ਕਰੇਗਾ!” (ਹੱਬ. 2:3) ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ‘ਯਹੋਵਾਹ ਦਾ ਰਾਹ ਤੱਕਦੇ ਰਹਾਂਗੇ’ ਅਤੇ “ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ” ਕਰਦੇ ਰਹਾਂਗੇ।​—ਮੀਕਾ. 7:7.

ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ

a ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਦੁਨੀਆਂ ਦੀਆਂ ਘਟਨਾਵਾਂ ਵੱਲ ਧਿਆਨ ਦਿੰਦੇ ਵੇਲੇ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਅਤੇ ਅਸੀਂ ਖ਼ਬਰਦਾਰ ਕਿਵੇਂ ਰਹਿ ਸਕਦੇ ਹਾਂ। ਫਿਰ ਅਸੀਂ ਦੇਖਾਂਗੇ ਕਿ ਅਸੀਂ ਖ਼ੁਦ ਵੱਲ ਧਿਆਨ ਕਿਵੇਂ ਦੇ ਸਕਦੇ ਹਾਂ ਅਤੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ।

b ਤਸਵੀਰਾਂ ਬਾਰੇ ਜਾਣਕਾਰੀ: (ਉੱਪਰ) ਇਕ ਜੋੜਾ ਖ਼ਬਰਾਂ ਦੇਖਦਾ ਹੈ। ਫਿਰ ਮੀਟਿੰਗ ਤੋਂ ਬਾਅਦ ਉਹ ਦੂਜੇ ਭੈਣਾਂ-ਭਰਾਵਾਂ ਨੂੰ ਇਨ੍ਹਾਂ ਖ਼ਬਰਾਂ ਬਾਰੇ ਆਪਣੀ ਨਿੱਜੀ ਰਾਇ ਦੱਸ ਰਿਹਾ ਹੈ। (ਹੇਠਾਂ) ਇਕ ਜੋੜਾ ਪ੍ਰਬੰਧਕ ਸਭਾ ਵੱਲੋਂ ਅਪਡੇਟ ਦੇਖਦਾ ਹੈ ਤਾਂਕਿ ਉਸ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਨਵੀਂ ਸਮਝ ਪਤਾ ਹੋਵੇ। ਨਾਲੇ ਉਹ ਵਫ਼ਾਦਾਰ ਨੌਕਰ ਵੱਲੋਂ ਤਿਆਰ ਕੀਤੇ ਪ੍ਰਕਾਸ਼ਨ ਦੂਜਿਆਂ ਨੂੰ ਦੇ ਰਿਹਾ ਹੈ।