Skip to content

Skip to table of contents

ਅਧਿਐਨ ਲੇਖ 9

ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰੋ!

ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰੋ!

“ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।”​—ਰਸੂ. 17:28.

ਗੀਤ 141 ਜੀਵਨ ਇਕ ਕਰਿਸ਼ਮਾ

ਖ਼ਾਸ ਗੱਲਾਂ a

1. ਯਹੋਵਾਹ ਲਈ ਸਾਡੀ ਜ਼ਿੰਦਗੀ ਕਿੰਨੀ ਕੁ ਕੀਮਤੀ ਹੈ?

 ਜ਼ਰਾ ਕਲਪਨਾ ਕਰੋ ਕਿ ਤੁਹਾਡੇ ਡੈਡੀ ਨੇ ਤੁਹਾਨੂੰ ਤੋਹਫ਼ੇ ਵਿਚ ਇਕ ਘਰ ਦਿੱਤਾ ਹੈ। ਇਹ ਘਰ ਬਹੁਤ ਹੀ ਸੋਹਣਾ ਅਤੇ ਮਜ਼ਬੂਤ ਹੈ। ਚਾਹੇ ਕਿ ਕਿਸੇ ਨਾ ਕਿਸੇ ਜਗ੍ਹਾ ਤੋਂ ਇਸ ਦਾ ਪੇਂਟ ਥੋੜ੍ਹਾ-ਬਹੁਤ ਲਹਿ ਗਿਆ ਹੈ, ਫਿਰ ਵੀ ਇਸ ਘਰ ਦੀ ਕੀਮਤ ਲੱਖਾਂ ਵਿਚ ਹੈ। ਤਾਂ ਫਿਰ ਕੀ ਤੁਸੀਂ ਇਸ ਤੋਹਫ਼ੇ ਦੀ ਕਦਰ ਨਹੀਂ ਕਰੋਗੇ? ਕੀ ਤੁਸੀਂ ਉਸ ਨੂੰ ਚੰਗੀ ਹਾਲਤ ਵਿਚ ਰੱਖਣ ਦੀ ਕੋਸ਼ਿਸ਼ ਨਹੀਂ ਕਰੋਗੇ? ਯਹੋਵਾਹ ਨੇ ਵੀ ਸਾਨੂੰ ਇਕ ਕੀਮਤੀ ਤੋਹਫ਼ਾ ਦਿੱਤਾ ਹੈ, ਉਹ ਹੈ ਸਾਡੀ ਜ਼ਿੰਦਗੀ। ਅਸਲ ਵਿਚ, ਯਹੋਵਾਹ ਲਈ ਸਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਕਿ ਉਸ ਨੇ ਸਾਡੀ ਖ਼ਾਤਰ ਆਪਣੇ ਪੁੱਤਰ ਤਕ ਦੀ ਕੁਰਬਾਨੀ ਦੇ ਦਿੱਤੀ।​—ਯੂਹੰ. 3:16.

2. ਦੂਜਾ ਕੁਰਿੰਥੀਆਂ 7:1 ਮੁਤਾਬਕ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?

2 ਯਹੋਵਾਹ ਜ਼ਿੰਦਗੀ ਦਾ ਸੋਮਾ ਹੈ। (ਜ਼ਬੂ. 36:9) ਪੌਲੁਸ ਰਸੂਲ ਇਹ ਗੱਲ ਮੰਨਦਾ ਸੀ, ਇਸ ਲਈ ਉਸ ਨੇ ਕਿਹਾ: “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” (ਰਸੂ. 17:25, 28) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਨੂੰ ਜੀਉਂਦੇ ਰੱਖਣ ਲਈ ਹਰ ਜ਼ਰੂਰੀ ਚੀਜ਼ ਦਿੰਦਾ ਹੈ। (ਰਸੂ. 14:15-17) ਪਰ ਸਾਡੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਯਹੋਵਾਹ ਅੱਜ ਕੋਈ ਚਮਤਕਾਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਆਪਣੀ ਸਿਹਤ ਦਾ ਖ਼ਿਆਲ ਰੱਖੀਏ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਰਹੀਏ। (2 ਕੁਰਿੰਥੀਆਂ 7:1 ਪੜ੍ਹੋ।) ਪਰ ਸਾਡੇ ਲਈ ਚੰਗੀ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਅਤੇ ਆਪਣੀ ਜਾਨ ਦੀ ਹਿਫਾਜ਼ਤ ਕਰਨੀ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਆਓ ਆਪਾਂ ਦੇਖੀਏ।

ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰੋ

3. ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਇਕ ਕਾਰਨ ਕੀ ਹੈ?

3 ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਇਕ ਕਾਰਨ ਇਹ ਹੈ ਕਿ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। (ਮਰ. 12:30) ਅਸੀਂ ਹਰ ਉਸ ਚੀਜ਼ ਤੋਂ ਦੂਰ ਰਹਿੰਦੇ ਹਾਂ ਜਿਸ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਕਿਉਂ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ‘ਆਪਣੇ ਸਰੀਰ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਈਏ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ।’ (ਰੋਮੀ. 12:1) ਇਹ ਤਾਂ ਸੱਚ ਹੈ ਕਿ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਦੀ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਅਸੀਂ ਕਦੇ-ਨਾ-ਕਦੇ ਬੀਮਾਰ ਹੋ ਹੀ ਜਾਂਦੇ ਹਾਂ। ਪਰ ਜਦੋਂ ਅਸੀਂ ਚੰਗੀ ਤਰ੍ਹਾਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਿੰਨੀ ਕਦਰ ਕਰਦੇ ਹਾਂ!

4. ਰਾਜਾ ਦਾਊਦ ਕੀ ਕਰਨਾ ਚਾਹੁੰਦਾ ਸੀ?

4 ਰਾਜਾ ਦਾਊਦ ਨੇ ਸਮਝਾਇਆ ਕਿ ਉਹ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਿਉਂ ਕਰਦਾ ਸੀ। ਉਸ ਨੇ ਲਿਖਿਆ: “ਕੀ ਫ਼ਾਇਦਾ ਜੇ ਮੈਂ ਮਰ ਕੇ ਕਬਰ ਵਿਚ ਚਲਾ ਗਿਆ? ਕੀ ਮਿੱਟੀ ਤੇਰੀ ਮਹਿਮਾ ਕਰੇਗੀ? ਕੀ ਇਹ ਤੇਰੀ ਵਫ਼ਾਦਾਰੀ ਨੂੰ ਬਿਆਨ ਕਰੇਗੀ?” (ਜ਼ਬੂ. 30:9) ਦਾਊਦ ਨੇ ਸ਼ਾਇਦ ਇਹ ਸ਼ਬਦ ਉਦੋਂ ਲਿਖੇ ਸਨ ਜਦੋਂ ਉਹ ਸਿਆਣੀ ਉਮਰ ਦਾ ਹੋ ਗਿਆ ਸੀ। ਪਰ ਉਹ ਹਰ ਹਾਲ ਵਿਚ ਸਿਹਤਮੰਦ ਰਹਿਣਾ ਚਾਹੁੰਦਾ ਸੀ ਅਤੇ ਲੰਬੀ ਜ਼ਿੰਦਗੀ ਜੀਉਣੀ ਚਾਹੁੰਦਾ ਸੀ ਤਾਂਕਿ ਉਹ ਯਹੋਵਾਹ ਦੀ ਮਹਿਮਾ ਕਰਦਾ ਰਹਿ ਸਕੇ। ਬਿਨਾਂ ਸ਼ੱਕ, ਸਾਡਾ ਸਾਰਿਆਂ ਦਾ ਵੀ ਇਹੀ ਇਰਾਦਾ ਹੈ।

5. ਚਾਹੇ ਅਸੀਂ ਸਿਆਣੀ ਉਮਰ ਦੇ ਹਾਂ ਜਾਂ ਬੀਮਾਰ ਹਾਂ, ਫਿਰ ਵੀ ਅਸੀਂ ਕੀ ਕਰ ਸਕਦੇ ਹਾਂ?

5 ਬੀਮਾਰੀ ਅਤੇ ਬੁਢਾਪੇ ਕਰਕੇ ਸ਼ਾਇਦ ਅਸੀਂ ਉਹ ਸਾਰੇ ਕੰਮ ਨਾ ਕਰ ਸਕੀਏ ਜੋ ਅਸੀਂ ਪਹਿਲਾਂ ਕਰਦੇ ਸੀ। ਇਸ ਕਰਕੇ ਹੋ ਸਕਦਾ ਹੈ ਕਿ ਸਾਨੂੰ ਆਪਣੇ ਆਪ ʼਤੇ ਗੁੱਸਾ ਆਵੇ ਅਤੇ ਅਸੀਂ ਦੁਖੀ ਹੋ ਜਾਈਏ। ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਸਾਨੂੰ ਆਪਣੀ ਸਿਹਤ ਦਾ ਪੂਰਾ-ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਕਿਉਂ? ਕਿਉਂਕਿ ਚਾਹੇ ਅਸੀਂ ਸਿਆਣੀ ਉਮਰ ਦੇ ਹੋਈਏ ਜਾਂ ਬੀਮਾਰ ਹੋਈਏ, ਫਿਰ ਵੀ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਰਹਿ ਸਕਦੇ ਹਾਂ ਜਿਸ ਤਰ੍ਹਾਂ ਰਾਜਾ ਦਾਊਦ ਨੇ ਕੀਤੀ ਸੀ। ਇਹ ਗੱਲ ਸਾਡੇ ਦਿਲ ਨੂੰ ਛੂਹ ਜਾਂਦੀ ਹੈ ਕਿ ਬੀਮਾਰੀ ਦੀ ਹਾਲਤ ਜਾਂ ਸਿਆਣੀ ਉਮਰ ਵਿਚ ਵੀ ਯਹੋਵਾਹ ਸਾਨੂੰ ਪਹਿਲਾਂ ਜਿੰਨਾ ਹੀ ਅਨਮੋਲ ਸਮਝਦਾ ਹੈ! (ਮੱਤੀ 10:29-31) ਇੱਥੋਂ ਤਕ ਕਿ ਜੇ ਸਾਡੀ ਮੌਤ ਹੋ ਜਾਵੇ, ਤਾਂ ਵੀ ਯਹੋਵਾਹ ਸਾਨੂੰ ਜੀਉਂਦਾ ਕਰ ਦੇਵੇਗਾ। ਉਹ ਇਸ ਤਰ੍ਹਾਂ ਕਰਨ ਲਈ ਤਰਸਦਾ ਹੈ! (ਅੱਯੂ. 14:14, 15) ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਦ ਤਕ ਅਸੀਂ ਜੀਉਂਦੇ ਹਾਂ, ਉਦੋਂ ਤਕ ਅਸੀਂ ਆਪਣੀ ਸਿਹਤ ਦਾ ਪੂਰਾ ਖ਼ਿਆਲ ਰੱਖੀਏ ਅਤੇ ਆਪਣੀ ਜਾਨ ਦੀ ਹਿਫਾਜ਼ਤ ਕਰੀਏ।

ਬੁਰੀਆਂ ਆਦਤਾਂ ਤੋਂ ਬਚੋ

6. ਖਾਣ-ਪੀਣ ਦੀਆਂ ਆਦਤਾਂ ਬਾਰੇ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?

6 ਬਾਈਬਲ ਕੋਈ ਸਿਹਤ-ਸੰਭਾਲ ਜਾਂ ਚੰਗੇ ਖਾਣ-ਪੀਣ ਬਾਰੇ ਦੱਸਣ ਵਾਲੀ ਕਿਤਾਬ ਨਹੀਂ ਹੈ। ਪਰ ਇਹ ਸਾਨੂੰ ਇਨ੍ਹਾਂ ਗੱਲਾਂ ਬਾਰੇ ਯਹੋਵਾਹ ਦੀ ਸੋਚ ਜ਼ਰੂਰ ਦੱਸਦੀ ਹੈ। ਉਦਾਹਰਣ ਲਈ, ਯਹੋਵਾਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ “ਨੁਕਸਾਨਦੇਹ ਕੰਮਾਂ ਤੋਂ” ਦੂਰ ਰਹੀਏ ਜਿਨ੍ਹਾਂ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। (ਉਪ. 11:10) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਬਹੁਤ ਜ਼ਿਆਦਾ ਸ਼ਰਾਬ ਨਾ ਪੀਈਏ ਅਤੇ ਨਾ ਹੀ ਹੱਦੋਂ ਵੱਧ ਖਾਈਏ। ਕਿਉਂਕਿ ਇਨ੍ਹਾਂ ਆਦਤਾਂ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ, ਇੱਥੋਂ ਤਕ ਕਿ ਸਾਡੀ ਜਾਨ ਵੀ ਜਾ ਸਕਦੀ ਹੈ। (ਕਹਾ. 23:20) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਹ ਫ਼ੈਸਲਾ ਲੈਂਦੇ ਵੇਲੇ ਸੰਜਮ ਤੋਂ ਕੰਮ ਲਈਏ ਕਿ ਅਸੀਂ ਕੀ ਖਾਣਾ-ਪੀਣਾ ਹੈ ਤੇ ਕਿੰਨਾ ਖਾਣਾ-ਪੀਣਾ ਹੈ।​—1 ਕੁਰਿੰ. 6:12; 9:25.

7. ਕਹਾਉਤਾਂ 2:11 ਵਿਚ ਦਿੱਤੀ ਸਲਾਹ ਮੰਨ ਕੇ ਅਸੀਂ ਸਿਹਤ ਦੇ ਮਾਮਲੇ ਵਿਚ ਕਿੱਦਾਂ ਸਹੀ ਫ਼ੈਸਲੇ ਕਰ ਸਕਦੇ ਹਾਂ?

7 ਜਦੋਂ ਅਸੀਂ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਯਹੋਵਾਹ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਲਈ ਕਦਰ ਦਿਖਾਉਂਦੇ ਹਾਂ। (ਜ਼ਬੂ. 119:99, 100; ਕਹਾਉਤਾਂ 2:11 ਪੜ੍ਹੋ।) ਉਦਾਹਰਣ ਲਈ, ਖਾਣ-ਪੀਣ ਦੀ ਹੀ ਗੱਲ ਲੈ ਲਓ। ਜੇ ਸਾਨੂੰ ਕੋਈ ਖਾਣਾ ਬਹੁਤ ਪਸੰਦ ਹੈ ਅਤੇ ਸਾਨੂੰ ਪਤਾ ਹੈ ਕਿ ਉਸ ਨੂੰ ਖਾ ਕੇ ਅਸੀਂ ਬੀਮਾਰ ਹੋ ਜਾਂਦੇ ਹਾਂ, ਤਾਂ ਇਹ ਸਮਝਦਾਰੀ ਹੋਵੇਗੀ ਕਿ ਅਸੀਂ ਉਹ ਨਾ ਖਾਈਏ। ਚੰਗੀ ਨੀਂਦ ਲੈ ਕੇ, ਬਾਕਾਇਦਾ ਕਸਰਤ ਕਰ ਕੇ ਅਤੇ ਆਪਣੇ ਆਪ ਨੂੰ ਤੇ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣ ਦੀ ਚੰਗੀ ਆਦਤ ਪਾ ਕੇ ਵੀ ਅਸੀਂ ਸਮਝਦਾਰੀ ਤੋਂ ਕੰਮ ਲੈ ਰਹੇ ਹੁੰਦੇ ਹਾਂ।

ਸਾਵਧਾਨੀ ਵਰਤੋ ਅਤੇ ਸੁਰੱਖਿਅਤ ਰਹੋ

8. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਸਾਵਧਾਨੀ ਵਰਤੀਏ ਅਤੇ ਸੁਰੱਖਿਅਤ ਰਹੀਏ?

8 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜੋ ਕਾਨੂੰਨ ਦਿੱਤਾ ਸੀ, ਉਸ ਦੀਆਂ ਗੱਲਾਂ ਨੂੰ ਮੰਨ ਕੇ ਉਹ ਘਰ ਅਤੇ ਕੰਮ ਦੀ ਥਾਂ ʼਤੇ ਹਾਦਸਿਆਂ ਤੋਂ ਬਚ ਸਕਦੇ ਸਨ ਅਤੇ ਸੁਰੱਖਿਅਤ ਰਹਿ ਸਕਦੇ ਸਨ। (ਕੂਚ 21:28, 29; ਬਿਵ. 22:8) ਜੇ ਕਿਸੇ ਕੋਲੋਂ ਅਣਜਾਣੇ ਵਿਚ ਵੀ ਕੁਝ ਅਜਿਹਾ ਹੋ ਜਾਂਦਾ ਸੀ ਜਿਸ ਨਾਲ ਕਿਸੇ ਦੀ ਜਾਨ ਚਲੀ ਜਾਂਦੀ ਸੀ, ਤਾਂ ਉਸ ਨੂੰ ਇਸ ਦਾ ਗੰਭੀਰ ਨਤੀਜਾ ਭੁਗਤਣਾ ਪੈਂਦਾ ਸੀ। (ਬਿਵ. 19:4, 5) ਕਾਨੂੰਨ ਵਿਚ ਇਹ ਵੀ ਕਿਹਾ ਗਿਆ ਸੀ ਕਿ ਜੇ ਕੋਈ ਵਿਅਕਤੀ ਅਣਜਾਣੇ ਵਿਚ ਕਿਸੇ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚਾਉਂਦਾ ਸੀ, ਤਾਂ ਉਸ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ। (ਕੂਚ 21:22, 23) ਇਸ ਤਰ੍ਹਾਂ ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਸਾਵਧਾਨੀ ਵਰਤੀਏ ਅਤੇ ਸੁਰੱਖਿਅਤ ਰਹੀਏ।

ਇਨ੍ਹਾਂ ਹਾਲਾਤਾਂ ਵਿਚ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੀ ਕਦਰ ਕਰਦੇ ਹਾਂ? (ਪੈਰਾ 9 ਦੇਖੋ)

9. ਹਾਦਸਿਆਂ ਤੋਂ ਬਚਣ ਲਈ ਅਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

9 ਜਦੋਂ ਅਸੀਂ ਘਰੇ ਅਤੇ ਕੰਮ ʼਤੇ ਸੁਰੱਖਿਅਤ ਰਹਿਣ ਲਈ ਸਾਵਧਾਨੀ ਵਰਤਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ। ਉਦਾਹਰਣ ਲਈ, ਅਸੀਂ ਧਿਆਨ ਰੱਖਦੇ ਹਾਂ ਕਿ ਤੇਜ਼ ਧਾਰ ਵਾਲੀਆਂ ਚੀਜ਼ਾਂ, ਦਵਾਈਆਂ ਤੇ ਕੈਮੀਕਲ ਵਗੈਰਾ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਣ। ਨਾਲੇ ਇਨ੍ਹਾਂ ਚੀਜ਼ਾਂ ਨੂੰ ਸੁੱਟਣ ਵੇਲੇ ਅਸੀਂ ਧਿਆਨ ਰੱਖਦੇ ਹਾਂ ਕਿ ਇਨ੍ਹਾਂ ਕਰਕੇ ਦੂਜਿਆਂ ਦਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ, ਅਸੀਂ ਅੱਗ ਬਾਲ਼ਣ, ਪਾਣੀ ਉਬਾਲਣ ਜਾਂ ਕੋਈ ਹੋਰ ਔਜ਼ਾਰ ਇਸਤੇਮਾਲ ਕਰਦਿਆਂ ਸਾਵਧਾਨੀ ਵਰਤਦੇ ਹਾਂ ਅਤੇ ਇਨ੍ਹਾਂ ਨੂੰ ਇੱਦਾਂ ਹੀ ਛੱਡ ਕੇ ਨਹੀਂ ਚਲੇ ਜਾਂਦੇ। ਅਸੀਂ ਉਦੋਂ ਗੱਡੀ ਨਹੀਂ ਚਲਾਉਂਦੇ ਜਦੋਂ ਸ਼ਰਾਬ ਜਾਂ ਕਿਸੇ ਦਵਾਈ ਦੇ ਅਸਰ ਕਰਕੇ ਜਾਂ ਨੀਂਦ ਨਾ ਪੂਰੀ ਹੋਣ ਕਰਕੇ ਸਾਡੇ ਲਈ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣੀ ਔਖੀ ਹੋਵੇ। ਨਾਲੇ ਅਸੀਂ ਗੱਡੀ ਚਲਾਉਂਦਿਆਂ ਫ਼ੋਨ ਵਗੈਰਾ ਵੀ ਇਸਤੇਮਾਲ ਨਹੀਂ ਕਰਦੇ।

ਜਦੋਂ ਕੋਈ ਆਫ਼ਤ ਆਉਂਦੀ ਹੈ

10. ਕੋਈ ਆਫ਼ਤ ਆਉਣ ਤੋਂ ਪਹਿਲਾਂ ਜਾਂ ਉਸ ਦੌਰਾਨ ਅਸੀਂ ਆਪਣੇ ਬਚਾਅ ਲਈ ਕੀ ਕਰ ਸਕਦੇ ਹਾਂ?

10 ਕੁਝ ਆਫ਼ਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਉਣ ਤੋਂ ਅਸੀਂ ਰੋਕ ਨਹੀਂ ਸਕਦੇ, ਜਿਵੇਂ ਕਿ ਕੁਦਰਤੀ ਆਫ਼ਤਾਂ, ਮਹਾਂਮਾਰੀਆਂ ਅਤੇ ਦੰਗੇ-ਫ਼ਸਾਦ। ਪਰ ਜਦੋਂ ਇੱਦਾਂ ਦੀ ਕੋਈ ਆਫ਼ਤ ਆਉਂਦੀ ਹੈ, ਤਾਂ ਅਸੀਂ ਆਪਣੇ ਬਚਾਅ ਲਈ ਕਾਫ਼ੀ ਕੁਝ ਕਰ ਸਕਦੇ ਹਾਂ। ਉਦਾਹਰਣ ਲਈ, ਜੇ ਸਾਡੇ ਇਲਾਕੇ ਵਿਚ ਕਰਫਿਊ ਲੱਗ ਜਾਵੇ ਜਾਂ ਕੁਝ ਪਾਬੰਦੀਆਂ ਲਗਾ ਦਿੱਤੀਆਂ ਜਾਣ ਜਾਂ ਸਾਨੂੰ ਆਪਣੇ ਇਲਾਕੇ ਨੂੰ ਖਾਲੀ ਕਰਨ ਲਈ ਕਿਹਾ ਜਾਵੇ, ਤਾਂ ਸਾਨੂੰ ਉਨ੍ਹਾਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ। (ਰੋਮੀ. 13:1, 5-7) ਕੁਝ ਆਫ਼ਤਾਂ ਬਾਰੇ ਸਾਨੂੰ ਪਹਿਲਾਂ ਤੋਂ ਹੀ ਪਤਾ ਲੱਗ ਸਕਦਾ ਹੈ। ਇਸ ਲਈ ਅਧਿਕਾਰੀ ਜੋ ਹਿਦਾਇਤਾਂ ਦਿੰਦੇ ਹਨ, ਉਨ੍ਹਾਂ ਨੂੰ ਮੰਨ ਕੇ ਅਸੀਂ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਸਕਦੇ ਹਾਂ। ਉਦਾਹਰਣ ਲਈ, ਅਸੀਂ ਕਾਫ਼ੀ ਮਾਤਰਾ ਵਿਚ ਪਾਣੀ, ਛੇਤੀ ਖ਼ਰਾਬ ਨਾ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਜ਼ਰੂਰੀ ਦਵਾਈਆਂ ਜਾਂ ਛੋਟੀ ਜਿਹੀ ਫ਼ਸਟ-ਏਡ ਕਿੱਟ ਤਿਆਰ ਰੱਖ ਸਕਦੇ ਹਾਂ।

11. ਜੇ ਸਾਡੇ ਇਲਾਕੇ ਵਿਚ ਕੋਈ ਛੂਤ ਦੀ ਬੀਮਾਰੀ ਫੈਲ ਰਹੀ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

11 ਅਸੀਂ ਜਿਸ ਇਲਾਕੇ ਵਿਚ ਰਹਿ ਰਹੇ ਹਾਂ ਜੇ ਉੱਥੇ ਕੋਈ ਛੂਤ ਦੀ ਬੀਮਾਰੀ ਫੈਲ ਰਹੀ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਅਧਿਕਾਰੀਆਂ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ, ਜਿਵੇਂ ਕਿ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ, ਹੱਥ ਧੋਣੇ, ਮਾਸਕ ਪਾਉਣਾ, ਬੀਮਾਰੀ ਦੇ ਲੱਛਣ ਹੋਣ ʼਤੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰਨਾ। ਇਨ੍ਹਾਂ ਹਿਦਾਇਤਾਂ ਨੂੰ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਦਿਲੋਂ ਕਦਰ ਕਰਦੇ ਹਾਂ।

12. ਕੋਈ ਵੀ ਆਫ਼ਤ ਆਉਣ ਤੇ ਅਸੀਂ ਕਹਾਉਤਾਂ 14:15 ਵਿਚ ਦਿੱਤਾ ਅਸੂਲ ਕਿਵੇਂ ਲਾਗੂ ਕਰ ਸਕਦੇ ਹਾਂ?

12 ਇਨ੍ਹਾਂ ਹਾਲਾਤਾਂ ਵਿਚ ਸ਼ਾਇਦ ਸਾਨੂੰ ਆਪਣੇ ਦੋਸਤਾਂ ਜਾਂ ਗੁਆਂਢੀਆਂ ਤੋਂ ਅਤੇ ਖ਼ਬਰਾਂ ਵਿਚ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਜੋ ਸੱਚ ਨਹੀਂ ਹੁੰਦੀਆਂ। ਲੋਕਾਂ ਦੀ “ਹਰ ਗੱਲ” ਉੱਤੇ ਅੱਖਾਂ ਬੰਦ ਕਰ ਕੇ ਯਕੀਨ ਕਰਨ ਦੀ ਬਜਾਇ ਸਾਨੂੰ ਭਰੋਸੇਮੰਦ ਸਰਕਾਰੀ ਅਧਿਕਾਰੀਆਂ ਅਤੇ ਡਾਕਟਰਾਂ ਤੋਂ ਮਿਲਣ ਵਾਲੀ ਜਾਣਕਾਰੀ ʼਤੇ ਧਿਆਨ ਦੇਣਾ ਚਾਹੀਦਾ ਹੈ। (ਕਹਾਉਤਾਂ 14:15 ਪੜ੍ਹੋ।) ਪ੍ਰਬੰਧਕ ਸਭਾ ਅਤੇ ਬ੍ਰਾਂਚ ਆਫ਼ਿਸ ਦੇ ਭਰਾ ਸਹੀ ਜਾਣਕਾਰੀ ਇਕੱਠੀ ਕਰਨ ਲਈ ਬਹੁਤ ਮਿਹਨਤ ਕਰਦੇ ਹਨ ਅਤੇ ਇਸ ਤੋਂ ਬਾਅਦ ਹੀ ਉਹ ਮੀਟਿੰਗਾਂ ਜਾਂ ਪ੍ਰਚਾਰ ਬਾਰੇ ਕੋਈ ਹਿਦਾਇਤ ਦਿੰਦੇ ਹਨ। (ਇਬ. 13:17) ਜੇ ਅਸੀਂ ਇਨ੍ਹਾਂ ਹਿਦਾਇਤਾਂ ਨੂੰ ਮੰਨਾਂਗੇ, ਤਾਂ ਸਾਡੀ ਅਤੇ ਦੂਜਿਆਂ ਦੀ ਹਿਫਾਜ਼ਤ ਹੋਵੇਗੀ। ਨਾਲੇ ਹੋ ਸਕਦਾ ਹੈ ਕਿ ਇਸ ਕਰਕੇ ਸਾਡੇ ਇਲਾਕੇ ਦੇ ਲੋਕ ਯਹੋਵਾਹ ਦੇ ਗਵਾਹਾਂ ਦੀ ਹੋਰ ਵੀ ਇੱਜ਼ਤ ਕਰਨ ਲੱਗ ਪੈਣ।​—1 ਪਤ. 2:12.

ਖ਼ੂਨ ਦਾ ਮਸਲਾ ਉੱਠਣ ਤੋਂ ਪਹਿਲਾਂ ਹੀ ਤਿਆਰੀ ਕਰੋ

13. ਖ਼ੂਨ ਚੜ੍ਹਾਉਣ ਦਾ ਮਸਲਾ ਖੜ੍ਹਾ ਹੋਣ ਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ?

13 ਕਈ ਲੋਕ ਇਹ ਗੱਲ ਜਾਣਦੇ ਹਨ ਕਿ ਯਹੋਵਾਹ ਦੇ ਗਵਾਹ ਖ਼ੂਨ ਨੂੰ ਪਵਿੱਤਰ ਮੰਨਦੇ ਹਨ ਅਤੇ ਇਸ ਲਈ ਉਹ ਖ਼ੂਨ ਨਹੀਂ ਲੈਂਦੇ। ਅਸੀਂ ਖ਼ੂਨ ਨਾ ਲੈਣ ਦਾ ਫ਼ੈਸਲਾ ਕਰ ਕੇ ਯਹੋਵਾਹ ਦਾ ਕਹਿਣਾ ਮੰਨਦੇ ਹਾਂ, ਅਸੀਂ ਉਦੋਂ ਵੀ ਇੱਦਾਂ ਕਰਦੇ ਹਾਂ ਜਦੋਂ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ। (ਰਸੂ. 15:28, 29) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਆਪਣੀ ਜਾਨ ਪਿਆਰੀ ਨਹੀਂ ਹੈ। ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ। ਇਸ ਲਈ ਅਸੀਂ ਉਨ੍ਹਾਂ ਡਾਕਟਰਾਂ ਕੋਲ ਜਾਂਦੇ ਹਾਂ ਜੋ ਬਿਨਾਂ ਖ਼ੂਨ ਚੜ੍ਹਾਏ ਵਧੀਆ ਤੋਂ ਵਧੀਆ ਇਲਾਜ ਕਰਨ ਲਈ ਤਿਆਰ ਹੋਣ।

14. ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਸ਼ਾਇਦ ਕੋਈ ਵੱਡਾ ਇਲਾਜ ਜਾਂ ਓਪਰੇਸ਼ਨ ਕਰਾਉਣ ਦੀ ਨੌਬਤ ਹੀ ਨਾ ਆਵੇ?

14 ਜੇ ਅਸੀਂ ਇਸ ਲੇਖ ਵਿਚ ਦਿੱਤੇ ਸੁਝਾਅ ਮੰਨੀਏ ਅਤੇ ਆਪਣੀ ਸਿਹਤ ਦਾ ਖ਼ਿਆਲ ਰੱਖੀਏ, ਤਾਂ ਸ਼ਾਇਦ ਕੋਈ ਵੱਡਾ ਇਲਾਜ ਜਾਂ ਓਪਰੇਸ਼ਨ ਕਰਾਉਣ ਦੀ ਨੌਬਤ ਹੀ ਨਾ ਆਵੇ। ਨਾਲੇ ਜੇ ਓਪਰੇਸ਼ਨ ਕਰਾਉਣਾ ਵੀ ਪਵੇ, ਤਾਂ ਸਿਹਤਮੰਦ ਹੋਣ ਕਾਰਨ ਸਾਨੂੰ ਉਸ ਦੌਰਾਨ ਜ਼ਿਆਦਾ ਮੁਸ਼ਕਲ ਨਹੀਂ ਆਵੇਗੀ ਅਤੇ ਓਪਰੇਸ਼ਨ ਤੋਂ ਬਾਅਦ ਅਸੀਂ ਜਲਦੀ ਠੀਕ ਹੋ ਸਕਾਂਗੇ। ਘਰ ਵਿਚ ਅਤੇ ਕੰਮ ʼਤੇ ਸੁਰੱਖਿਆ ਦਾ ਧਿਆਨ ਰੱਖ ਕੇ ਅਤੇ ਟ੍ਰੈਫਿਕ ਨਿਯਮਾਂ ਨੂੰ ਮੰਨ ਕੇ ਅਸੀਂ ਕਾਫ਼ੀ ਹੱਦ ਤਕ ਹਾਦਸਿਆਂ ਅਤੇ ਵੱਡੇ ਓਪਰੇਸ਼ਨਾਂ ਤੋਂ ਬਚ ਸਕਦੇ ਹਾਂ।

ਅਸੀਂ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ। ਇਸ ਕਰਕੇ ਅਸੀਂ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਭਰਦੇ ਹਾਂ ਅਤੇ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਹਾਂ (ਪੈਰਾ 15 ਦੇਖੋ) d

15. (ੳ) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਹਮੇਸ਼ਾ ਆਪਣੇ ਕੋਲ ਰੱਖੀਏ? (ਤਸਵੀਰ ਵੀ ਦੇਖੋ।) (ਅ) ਜਿਵੇਂ ਵੀਡੀਓ ਵਿਚ ਦਿਖਾਇਆ ਗਿਆ ਹੈ, ਅਸੀਂ ਖ਼ੂਨ ਦੇ ਮਾਮਲੇ ਵਿਚ ਸੋਚ-ਸਮਝ ਕੇ ਫ਼ੈਸਲੇ ਕਿਵੇਂ ਕਰ ਸਕਦੇ ਹਾਂ?

15 ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰਦੇ ਹਾਂ। ਇਸ ਕਰਕੇ ਅਸੀਂ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਭਰਦੇ ਹਾਂ ਅਤੇ ਹਮੇਸ਼ਾ ਇਸ ਨੂੰ ਆਪਣੇ ਕੋਲ ਰੱਖਦੇ ਹਾਂ। b ਇਸ ਕਾਰਡ ਵਿਚ ਅਸੀਂ ਲਿਖਦੇ ਹਾਂ ਕਿ ਖ਼ੂਨ ਲੈਣ ਅਤੇ ਕੋਈ ਇਲਾਜ ਕਰਾਉਣ ਬਾਰੇ ਸਾਡਾ ਕੀ ਫ਼ੈਸਲਾ ਹੈ। ਇਸ ਵਿਚ ਅਸੀਂ ਆਪਣੀ ਸਿਹਤ ਅਤੇ ਇਲਾਜ ਨਾਲ ਜੁੜੀ ਹੋਰ ਜਾਣਕਾਰੀ ਵੀ ਲਿਖ ਸਕਦੇ ਹਾਂ। ਕੀ ਤੁਸੀਂ ਆਪਣਾ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਭਰਿਆ ਹੈ? ਕਿਤੇ ਇਸ ਵਿਚ ਲਿਖੀ ਜਾਣਕਾਰੀ ਪੁਰਾਣੀ ਤਾਂ ਨਹੀਂ ਹੋ ਗਈ? ਜੇ ਤੁਹਾਡਾ ਇਹ ਕਾਰਡ ਭਰਨ ਵਾਲਾ ਹੈ ਜਾਂ ਇਸ ਵਿਚ ਕੋਈ ਫੇਰ-ਬਦਲ ਕਰਨ ਦੀ ਲੋੜ ਹੈ, ਤਾਂ ਟਾਲ-ਮਟੋਲ ਨਾ ਕਰੋ। ਇਸ ਕਾਰਡ ਵਿਚ ਆਪਣਾ ਫ਼ੈਸਲਾ ਸਾਫ਼-ਸਾਫ਼ ਲਿਖਣਾ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਜੇ ਕੱਲ੍ਹ ਨੂੰ ਸਾਨੂੰ ਕੁਝ ਹੋ ਜਾਂਦਾ ਹੈ, ਤਾਂ ਬਿਨਾਂ ਦੇਰ ਕੀਤਿਆਂ ਸਾਡਾ ਇਲਾਜ ਸ਼ੁਰੂ ਕੀਤਾ ਜਾ ਸਕੇਗਾ। ਨਾਲੇ ਡਾਕਟਰਾਂ ਨੂੰ ਵੀ ਪਤਾ ਹੋਵੇਗਾ ਕਿ ਉਹ ਇਸ ਤਰ੍ਹਾਂ ਦਾ ਕੋਈ ਇਲਾਜ ਨਾ ਕਰਨ ਜਾਂ ਸਾਨੂੰ ਇੱਦਾਂ ਦੀ ਕੋਈ ਦਵਾਈ ਨਾ ਦੇਣ ਜਿਸ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ। c

16. ਜੇ ਸਾਨੂੰ ਪਤਾ ਨਹੀਂ ਲੱਗਦਾ ਕਿ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਕਿੱਦਾਂ ਭਰਨਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

16 ਚਾਹੇ ਤੁਸੀਂ ਜਵਾਨ ਹੋ ਅਤੇ ਤੁਹਾਡੀ ਸਿਹਤ ਵਧੀਆ ਹੈ, ਪਰ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ ਅਤੇ ਕਦੇ ਵੀ ਕੋਈ ਬੀਮਾਰ ਹੋ ਸਕਦਾ ਹੈ। (ਉਪ. 9:11) ਇਸ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਸਾਰੇ ਆਪਣਾ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਭਰੀਏ। ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹ ਕਾਰਡ ਕਿੱਦਾਂ ਭਰਨਾ ਹੈ, ਤਾਂ ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਦੀ ਮਦਦ ਲੈ ਸਕਦੇ ਹੋ ਕਿਉਂਕਿ ਆਮ ਤੌਰ ਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸ ਨੂੰ ਕਿਵੇਂ ਭਰਨਾ ਹੈ। ਉਹ ਤੁਹਾਨੂੰ ਸਮਝਾ ਸਕਦੇ ਹਨ ਕਿ ਖ਼ੂਨ ਨਾਲ ਜੁੜੇ ਕੁਝ ਮਾਮਲਿਆਂ ਵਿਚ ਕਿਹੜੇ ਫ਼ੈਸਲੇ ਕੀਤੇ ਜਾ ਸਕਦੇ ਹਨ ਅਤੇ ਤੁਸੀਂ ਆਪਣੇ ਫ਼ੈਸਲੇ ਇਸ ਕਾਰਡ ਵਿਚ ਕਿਵੇਂ ਲਿਖ ਸਕਦੇ ਹੋ। ਪਰ ਯਾਦ ਰੱਖੋ ਕਿ ਬਜ਼ੁਰਗ ਤੁਹਾਡੇ ਲਈ ਕੋਈ ਫ਼ੈਸਲਾ ਨਹੀਂ ਕਰਨਗੇ, ਸਗੋਂ ਇਹ ਤੁਹਾਡੀ ਜ਼ਿੰਮੇਵਾਰੀ ਹੈ।​—ਗਲਾ. 6:4, 5.

ਸਮਝਦਾਰ ਬਣੋ

17. ਅਸੀਂ ਸਿਹਤ ਨਾਲ ਜੁੜੇ ਮਾਮਲਿਆਂ ਵਿਚ ਸਮਝਦਾਰੀ ਤੋਂ ਕੰਮ ਕਿਵੇਂ ਲੈ ਸਕਦੇ ਹਾਂ?

17 ਸਿਹਤ ਅਤੇ ਇਲਾਜ ਨਾਲ ਜੁੜੇ ਇਸ ਤਰ੍ਹਾਂ ਦੇ ਕਈ ਫ਼ੈਸਲੇ ਹੁੰਦੇ ਹਨ ਜੋ ਅਸੀਂ ਬਾਈਬਲ ਦੁਆਰਾ ਸਿਖਾਈ ਆਪਣੀ ਜ਼ਮੀਰ ਮੁਤਾਬਕ ਕਰਦੇ ਹਾਂ। (ਰਸੂ. 24:16; 1 ਤਿਮੋ. 3:9) ਇਸ ਲਈ ਕੋਈ ਫ਼ੈਸਲਾ ਕਰਦਿਆਂ ਅਤੇ ਇਸ ਬਾਰੇ ਦੂਜਿਆਂ ਨਾਲ ਗੱਲ ਕਰਦਿਆਂ ਅਸੀਂ ਫ਼ਿਲਿੱਪੀਆਂ 4:5 ਵਿਚ ਦਿੱਤਾ ਅਸੂਲ ਲਾਗੂ ਕਰਦੇ ਹਾਂ। ਇੱਥੇ ਲਿਖਿਆ ਹੈ: “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।” ਸਮਝਦਾਰੀ ਤੋਂ ਕੰਮ ਲੈਂਦੇ ਹੋਏ ਅਸੀਂ ਨਾ ਤਾਂ ਆਪਣੀ ਸਿਹਤ ਦੀ ਹੱਦੋਂ ਵੱਧ ਫ਼ਿਕਰ ਕਰਦੇ ਹਾਂ ਅਤੇ ਨਾ ਹੀ ਦੂਜਿਆਂ ʼਤੇ ਆਪਣੀ ਰਾਇ ਥੋਪਦੇ ਹਾਂ। ਭਾਵੇਂ ਸਾਡੇ ਭੈਣਾਂ-ਭਰਾਵਾਂ ਦੇ ਫ਼ੈਸਲੇ ਸਾਡੇ ਨਾਲੋਂ ਵੱਖਰੇ ਹੋਣ, ਫਿਰ ਵੀ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ।​—ਰੋਮੀ. 14:10-12.

18. ਅਸੀਂ ਜ਼ਿੰਦਗੀ ਦੇ ਤੋਹਫ਼ੇ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

18 ਅਸੀਂ ਜ਼ਿੰਦਗੀ ਦੇ ਸੋਮੇ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ, ਇਸ ਕਰਕੇ ਅਸੀਂ ਆਪਣੀ ਜਾਨ ਦੀ ਹਿਫਾਜ਼ਤ ਕਰਦੇ ਹਾਂ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਾਂ। (ਪ੍ਰਕਾ. 4:11) ਅੱਜ ਇਸ ਦੁਨੀਆਂ ਵਿਚ ਸਾਨੂੰ ਕਈ ਬੀਮਾਰੀਆਂ ਅਤੇ ਆਫ਼ਤਾਂ ਸਹਿਣੀਆਂ ਪੈਂਦੀਆਂ ਹਨ। ਪਰ ਸਾਡਾ ਸਿਰਜਣਹਾਰ ਸਾਡੇ ਲਈ ਇਹ ਜ਼ਿੰਦਗੀ ਨਹੀਂ ਚਾਹੁੰਦਾ ਸੀ। ਇਸ ਲਈ ਉਹ ਸਾਨੂੰ ਬਹੁਤ ਜਲਦੀ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿੱਥੇ ਕੋਈ ਦੁੱਖ-ਦਰਦ ਅਤੇ ਮੌਤ ਨਹੀਂ ਹੋਵੇਗੀ। (ਪ੍ਰਕਾ. 21:4) ਪਰ ਉਦੋਂ ਤਕ ਆਓ ਆਪਾਂ ਆਪਣੀ ਸਿਹਤ ਦਾ ਧਿਆਨ ਰੱਖੀਏ ਅਤੇ ਆਪਣੇ ਪਿਆਰੇ ਸਵਰਗੀ ਪਿਤਾ ਯਹੋਵਾਹ ਦੀ ਸੇਵਾ ਕਰਦੇ ਰਹੀਏ!

ਗੀਤ 140 ਸਦਾ ਦੀ ਜ਼ਿੰਦਗੀ

a ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਹੋਰ ਜ਼ਿਆਦਾ ਕਦਰ ਕਿਵੇਂ ਕਰ ਸਕਦੇ ਹਾਂ। ਅਸੀਂ ਦੇਖਾਂਗੇ ਕਿ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ ਤਾਂਕਿ ਸਾਡੀ ਸਿਹਤ ਠੀਕ ਰਹੇ ਅਤੇ ਕੋਈ ਆਫ਼ਤ ਆਉਣ ਤੇ ਅਸੀਂ ਸੁਰੱਖਿਅਤ ਰਹੀਏ। ਅਸੀਂ ਇਹ ਵੀ ਦੇਖਾਂਗੇ ਕਿ ਹਾਦਸਿਆਂ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਅਸੀਂ ਗੌਰ ਕਰਾਂਗੇ ਕਿ ਕਿਸੇ ਮੈਡੀਕਲ ਐਮਰਜੈਂਸੀ ਦੇ ਆਉਣ ਤੋਂ ਪਹਿਲਾਂ ਹੀ ਅਸੀਂ ਇਸ ਲਈ ਤਿਆਰ ਕਿਵੇਂ ਰਹਿ ਸਕਦੇ ਹਾਂ।

b ਇਸ ਨੂੰ ਡੀ. ਪੀ. ਏ. (DPA) ਕਾਰਡ ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਇਸ ਨੂੰ ਨੋ ਬਲੱਡ ਕਾਰਡ ਵੀ ਕਿਹਾ ਜਾਂਦਾ ਹੈ।

d ਤਸਵੀਰ ਬਾਰੇ ਜਾਣਕਾਰੀ: ਇਕ ਜਵਾਨ ਭਰਾ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ ਭਰ ਰਿਹਾ ਹੈ ਅਤੇ ਉਹ ਧਿਆਨ ਰੱਖਦਾ ਹੈ ਕਿ ਉਹ ਹਮੇਸ਼ਾ ਇਸ ਨੂੰ ਆਪਣੇ ਨਾਲ ਲੈ ਕੇ ਜਾਵੇ।