Skip to content

Skip to table of contents

ਅਧਿਐਨ ਲੇਖ 35

ਧੀਰਜ ਦਿਖਾਉਂਦੇ ਰਹੋ

ਧੀਰਜ ਦਿਖਾਉਂਦੇ ਰਹੋ

“ਧੀਰਜ ਨੂੰ ਪਹਿਨ ਲਓ।”​ਕੁਲੁ. 3:12.

ਗੀਤ 114 “ਧੀਰਜ ਰੱਖੋ”

ਖ਼ਾਸ ਗੱਲਾਂ a

1. ਤੁਸੀਂ ਧੀਰਜ ਦਿਖਾਉਣ ਵਾਲੇ ਲੋਕਾਂ ਨੂੰ ਕਿਉਂ ਪਸੰਦ ਕਰਦੇ ਹੋ?

 ਅਸੀਂ ਧੀਰਜ ਦਿਖਾਉਣ ਵਾਲੇ ਲੋਕਾਂ ਨੂੰ ਪਸੰਦ ਕਰਦੇ ਹਾਂ। ਕਿਉਂ? ਕਿਉਂਕਿ ਜੇ ਉਨ੍ਹਾਂ ਨੂੰ ਕਿਸੇ ਗੱਲ ਲਈ ਇੰਤਜ਼ਾਰ ਕਰਨਾ ਪਵੇ, ਤਾਂ ਉਹ ਖਿੱਝਦੇ ਨਹੀਂ ਹਨ। ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਉਹ ਗੁੱਸੇ ਵਿਚ ਨਹੀਂ ਭੜਕਦੇ, ਸਗੋਂ ਧੀਰਜ ਰੱਖਦੇ ਹਨ। ਨਾਲੇ ਅਸੀਂ ਉਸ ਭੈਣ ਜਾਂ ਭਰਾ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਨੂੰ ਬਾਈਬਲ ਸਟੱਡੀ ਕਰਾਈ ਸੀ। ਜਦੋਂ ਸਾਨੂੰ ਬਾਈਬਲ ਦੀ ਕੋਈ ਸਿੱਖਿਆ ਸਮਝਣੀ, ਕਬੂਲ ਕਰਨੀ ਜਾਂ ਲਾਗੂ ਕਰਨੀ ਔਖੀ ਲੱਗਦੀ ਸੀ, ਤਾਂ ਉਸ ਨੇ ਧੀਰਜ ਰੱਖਿਆ। ਸਭ ਤੋਂ ਜ਼ਿਆਦਾ, ਅਸੀਂ ਯਹੋਵਾਹ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਨਾਲ ਧੀਰਜ ਦਿਖਾਉਂਦਾ ਹੈ।​—ਰੋਮੀ. 2:4.

2. ਕਿਹੜੇ ਹਾਲਾਤਾਂ ਵਿਚ ਸ਼ਾਇਦ ਸਾਡੇ ਲਈ ਧੀਰਜ ਰੱਖਣਾ ਔਖਾ ਹੋਵੇ?

2 ਭਾਵੇਂ ਕਿ ਸਾਨੂੰ ਧੀਰਜ ਦਿਖਾਉਣ ਵਾਲੇ ਲੋਕ ਪਸੰਦ ਹਨ, ਪਰ ਸ਼ਾਇਦ ਸਾਡੇ ਲਈ ਹਮੇਸ਼ਾ ਧੀਰਜ ਰੱਖਣਾ ਸੌਖਾ ਨਾ ਹੋਵੇ। ਉਦਾਹਰਣ ਲਈ, ਜੇ ਅਸੀਂ ਟ੍ਰੈਫਿਕ ਵਿਚ ਫਸੇ ਹੋਏ ਹਾਂ ਤੇ ਲੇਟ ਹੋ ਰਹੇ ਹਾਂ, ਤਾਂ ਸ਼ਾਇਦ ਸਾਡੇ ਲਈ ਸ਼ਾਂਤ ਰਹਿਣਾ ਔਖਾ ਹੋਵੇ। ਜਦੋਂ ਸਾਨੂੰ ਦੂਸਰੇ ਖਿਝ ਚੜ੍ਹਾਉਂਦੇ ਹਨ, ਤਾਂ ਸ਼ਾਇਦ ਸਾਨੂੰ ਗੁੱਸਾ ਚੜ੍ਹ ਜਾਵੇ। ਨਾਲੇ ਕਦੇ-ਕਦਾਈਂ ਯਹੋਵਾਹ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਦਾ ਇੰਤਜ਼ਾਰ ਕਰਨਾ ਸਾਡੇ ਲਈ ਔਖਾ ਹੋਵੇ। ਕੀ ਤੁਸੀਂ ਹੋਰ ਧੀਰਜਵਾਨ ਬਣਨਾ ਚਾਹੁੰਦੇ ਹੋ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਧੀਰਜਵਾਨ ਬਣਨ ਦਾ ਕੀ ਮਤਲਬ ਹੈ ਅਤੇ ਇਹ ਗੁਣ ਇੰਨਾ ਜ਼ਰੂਰੀ ਕਿਉਂ ਹੈ। ਨਾਲੇ ਅਸੀਂ ਦੇਖਾਂਗੇ ਕਿਹੜੀਆਂ ਗੱਲਾਂ ਹੋਰ ਧੀਰਜਵਾਨ ਬਣਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਧੀਰਜਵਾਨ ਬਣਨ ਦਾ ਕੀ ਮਤਲਬ ਹੈ?

3. ਗੁੱਸਾ ਚੜ੍ਹਾਏ ਜਾਣ ʼਤੇ ਇਕ ਧੀਰਜਵਾਨ ਵਿਅਕਤੀ ਕੀ ਕਰਦਾ ਹੈ?

3 ਆਓ ਆਪਾਂ ਦੇਖੀਏ ਕਿ ਧੀਰਜਵਾਨ ਵਿਅਕਤੀ ਵਿਚ ਕਿਹੜੀਆਂ ਚਾਰ ਖ਼ਾਸ ਗੱਲਾਂ ਹੁੰਦੀਆਂ ਹਨ। ਪਹਿਲੀ, ਧੀਰਜਵਾਨ ਵਿਅਕਤੀ ਛੇਤੀ ਗੁੱਸਾ ਨਹੀਂ ਕਰਦਾ। ਗੁੱਸਾ ਚੜ੍ਹਾਏ ਜਾਣ ਜਾਂ ਤਣਾਅ ਵਿਚ ਹੋਣ ʼਤੇ ਉਹ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕਦਾ ਹੈ। “ਛੇਤੀ ਗੁੱਸਾ ਨਹੀਂ ਕਰਦਾ” ਸ਼ਬਦਾਂ ਦਾ ਜ਼ਿਕਰ ਬਾਈਬਲ ਵਿਚ ਸਭ ਤੋਂ ਪਹਿਲਾਂ ਉਦੋਂ ਆਉਂਦਾ ਹੈ ਜਦੋਂ ਯਹੋਵਾਹ ਆਪਣੇ ਬਾਰੇ ਦੱਸਦਾ ਹੈ ਕਿ ਉਹ ‘ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਅਤੇ ਸੱਚਾਈ ਨਾਲ ਭਰਪੂਰ ਹੈ।’​—ਕੂਚ 34:6.

4. ਧੀਰਜਵਾਨ ਵਿਅਕਤੀ ਇੰਤਜ਼ਾਰ ਕਰਦਿਆਂ ਕੀ ਕਰਦਾ ਹੈ?

4 ਦੂਜੀ, ਧੀਰਜਵਾਨ ਵਿਅਕਤੀ ਸ਼ਾਂਤੀ ਨਾਲ ਇੰਤਜ਼ਾਰ ਕਰਦਾ ਹੈ। ਜੇ ਧੀਰਜਵਾਨ ਵਿਅਕਤੀ ਨੂੰ ਕਿਸੇ ਚੀਜ਼ ਦਾ ਇੰਤਜ਼ਾਰ ਕਰਦਿਆਂ ਉਮੀਦ ਨਾਲੋਂ ਜ਼ਿਆਦਾ ਸਮਾਂ ਹੋ ਗਿਆ ਹੈ, ਤਾਂ ਉਹ ਬੇਚੈਨ ਨਹੀਂ ਹੁੰਦਾ ਤੇ ਨਾ ਹੀ ਖਿੱਝਦਾ ਹੈ। (ਉਪ. 7:8) ਸਾਨੂੰ ਬਹੁਤ ਸਾਰੇ ਹਾਲਾਤਾਂ ਵਿਚ ਸ਼ਾਂਤੀ ਨਾਲ ਇੰਤਜ਼ਾਰ ਕਰਨ ਦੀ ਲੋੜ ਹੈ। ਉਦਾਹਰਣ ਲਈ, ਜਦੋਂ ਕੋਈ ਗੱਲ ਕਰਦਾ ਹੈ, ਤਾਂ ਸਾਨੂੰ ਬਿਨਾਂ ਟੋਕੇ ਉਸ ਦੀ ਗੱਲ ਧੀਰਜ ਨਾਲ ਸੁਣਨ ਦੀ ਲੋੜ ਹੈ। (ਅੱਯੂ. 36:2) ਨਾਲੇ ਜਦੋਂ ਅਸੀਂ ਆਪਣੇ ਬਾਈਬਲ ਵਿਦਿਆਰਥੀ ਦੀ ਬਾਈਬਲ ਦੀ ਕੋਈ ਸਿੱਖਿਆ ਸਮਝਣ ਜਾਂ ਕੋਈ ਬੁਰੀ ਆਦਤ ʼਤੇ ਕਾਬੂ ਪਾਉਣ ਵਿਚ ਮਦਦ ਕਰਦੇ ਹਾਂ, ਤਾਂ ਸ਼ਾਇਦ ਸਾਨੂੰ ਧੀਰਜ ਰੱਖਣਾ ਪਵੇ।

5. ਧੀਰਜ ਦਾ ਗੁਣ ਦਿਖਾਉਣ ਦਾ ਇਕ ਹੋਰ ਤਰੀਕਾ ਕਿਹੜਾ ਹੈ?

5 ਤੀਜੀ, ਧੀਰਜਵਾਨ ਵਿਅਕਤੀ ਕਾਹਲੀ ਵਿਚ ਕੁਝ ਨਹੀਂ ਕਰਦਾ। ਇਹ ਤਾਂ ਹੈ ਕਿ ਕੁਝ ਹਾਲਾਤਾਂ ਵਿਚ ਸਾਨੂੰ ਫਟਾਫਟ ਕਦਮ ਚੁੱਕਣਾ ਪੈਂਦਾ ਹੈ। ਪਰ ਜਦੋਂ ਕਿਸੇ ਧੀਰਜਵਾਨ ਵਿਅਕਤੀ ਨੇ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੁੰਦਾ ਹੈ, ਤਾਂ ਉਹ ਨਾ ਤਾਂ ਉਸ ਨੂੰ ਕਾਹਲੀ ਵਿਚ ਸ਼ੁਰੂ ਕਰਦਾ ਹੈ ਅਤੇ ਨਾ ਹੀ ਕਾਹਲੀ ਵਿਚ ਖ਼ਤਮ ਕਰਦਾ ਹੈ। ਇਸ ਦੀ ਬਜਾਇ, ਉਹ ਥੋੜ੍ਹਾ ਸਮਾਂ ਵੱਖਰਾ ਰੱਖ ਕੇ ਸੋਚਦਾ ਹੈ ਕਿ ਇਸ ਕੰਮ ਨੂੰ ਕਰਨ ਵਿਚ ਕਿੰਨਾ ਸਮਾਂ ਲੱਗੇਗਾ। ਫਿਰ ਉਹ ਇਸ ਕੰਮ ਨੂੰ ਕਰਨ ਵਿਚ ਉੱਨਾ ਸਮਾਂ ਲਾਉਂਦਾ ਹੈ, ਜਿੰਨਾ ਜ਼ਰੂਰੀ ਹੁੰਦਾ ਹੈ।

6. ਅਜ਼ਮਾਇਸ਼ਾਂ ਜਾਂ ਮੁਸ਼ਕਲਾਂ ਝੱਲਦਿਆਂ ਇਕ ਧੀਰਜਵਾਨ ਵਿਅਕਤੀ ਕੀ ਕਰਦਾ ਹੈ?

6 ਚੌਥੀ, ਧੀਰਜਵਾਨ ਵਿਅਕਤੀ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਅਜ਼ਮਾਇਸ਼ਾਂ ਝੱਲਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਅਸੀਂ ਕਿਸੇ ਅਜ਼ਮਾਇਸ਼ ਨੂੰ ਝੱਲ ਰਹੇ ਹੁੰਦੇ ਹਾਂ, ਤਾਂ ਸ਼ਾਇਦ ਅਸੀਂ ਆਪਣੇ ਕਰੀਬੀ ਦੋਸਤ ਨੂੰ ਦੱਸੀਏ ਕਿ ਅਸੀਂ ਕਿੱਦਾਂ ਮਹਿਸੂਸ ਕਰ ਰਹੇ ਹਾਂ ਤੇ ਇੱਦਾਂ ਕਰਨਾ ਗ਼ਲਤ ਵੀ ਨਹੀਂ ਹੈ। ਪਰ ਧੀਰਜਵਾਨ ਵਿਅਕਤੀ ਆਪਣੀਆਂ ਮੁਸ਼ਕਲਾਂ ਬਾਰੇ ਹੀ ਨਹੀਂ ਸੋਚਦਾ ਰਹੇਗਾ, ਸਗੋਂ ਉਹ ਚੰਗੀਆਂ ਗੱਲਾਂ ʼਤੇ ਧਿਆਨ ਲਾਵੇਗਾ ਅਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। (ਕੁਲੁ. 1:11) ਮਸੀਹੀਆਂ ਵਜੋਂ, ਸਾਨੂੰ ਇਨ੍ਹਾਂ ਸਾਰੇ ਤਰੀਕਿਆਂ ਰਾਹੀਂ ਧੀਰਜ ਦਿਖਾਉਣ ਦੀ ਲੋੜ ਹੈ। ਕਿਉਂ? ਆਓ ਆਪਾਂ ਕੁਝ ਕਾਰਨਾਂ ʼਤੇ ਗੌਰ ਕਰੀਏ।

ਧੀਰਜ ਰੱਖਣਾ ਇੰਨਾ ਜ਼ਰੂਰੀ ਕਿਉਂ ਹੈ?

ਜਿਸ ਤਰ੍ਹਾਂ ਇਕ ਕਿਸਾਨ ਧੀਰਜ ਨਾਲ ਉਡੀਕ ਕਰਦਾ ਹੈ ਅਤੇ ਭਰੋਸਾ ਰੱਖਦਾ ਹੈ ਕਿ ਉਹ ਜ਼ਰੂਰ ਫ਼ਸਲ ਵੱਢੇਗਾ, ਉਸੇ ਤਰ੍ਹਾਂ ਅਸੀਂ ਧੀਰਜ ਨਾਲ ਉਡੀਕ ਕਰਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਆਪਣੇ ਤੈਅ ਕੀਤੇ ਸਮੇਂ ʼਤੇ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ (ਪੈਰਾ 7 ਦੇਖੋ)

7. ਯਾਕੂਬ 5:7, 8 ਮੁਤਾਬਕ ਧੀਰਜ ਰੱਖਣਾ ਇੰਨਾ ਜ਼ਰੂਰੀ ਕਿਉਂ ਹੈ? (ਤਸਵੀਰ ਵੀ ਦੇਖੋ।)

7 ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਧੀਰਜ ਰੱਖੀਏ। ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਸਾਨੂੰ ਵੀ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰਨ ਦੀ ਲੋੜ ਹੈ ਜਦੋਂ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰੇਗਾ। (ਇਬ. 6:11, 12) ਬਾਈਬਲ ਸਾਡੇ ਹਾਲਾਤਾਂ ਦੀ ਤੁਲਨਾ ਇਕ ਕਿਸਾਨ ਨਾਲ ਕਰਦੀ ਹੈ। (ਯਾਕੂਬ 5:7, 8 ਪੜ੍ਹੋ।) ਕਿਸਾਨ ਸਖ਼ਤ ਮਿਹਨਤ ਕਰ ਕੇ ਆਪਣੀ ਫ਼ਸਲ ਬੀਜਦਾ ਅਤੇ ਪਾਣੀ ਲਾਉਂਦਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੀ ਫ਼ਸਲ ਕਦੋਂ ਵਧੇਗੀ। ਇਸ ਲਈ ਉਹ ਧੀਰਜ ਨਾਲ ਉਡੀਕ ਕਰਦਾ ਹੈ ਅਤੇ ਭਰੋਸਾ ਰੱਖਦਾ ਹੈ ਕਿ ਉਹ ਜ਼ਰੂਰ ਫ਼ਸਲ ਵੱਢੇਗਾ। ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹਿਣਾ ਚਾਹੀਦਾ ਹੈ ਚਾਹੇ ਕਿ ਅਸੀਂ “ਨਹੀਂ ਜਾਣਦੇ ਕਿ [ਸਾਡਾ] ਪ੍ਰਭੂ ਕਿਹੜੇ ਦਿਨ ਆਵੇਗਾ।” (ਮੱਤੀ 24:42) ਅਸੀਂ ਧੀਰਜ ਨਾਲ ਉਡੀਕ ਕਰਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਆਪਣੇ ਤੈਅ ਕੀਤੇ ਸਮੇਂ ʼਤੇ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ। ਪਰ ਜੇ ਅਸੀਂ ਬੇਸਬਰੇ ਹੁੰਦੇ ਹਾਂ, ਤਾਂ ਸ਼ਾਇਦ ਸਾਨੂੰ ਉਡੀਕ ਕਰਨੀ ਔਖੀ ਲੱਗੇ ਅਤੇ ਅਸੀਂ ਹੌਲੀ-ਹੌਲੀ ਸੱਚਾਈ ਤੋਂ ਦੂਰ ਹੋ ਜਾਈਏ। ਨਾਲੇ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਪਿੱਛੇ ਭੱਜਣ ਲੱਗ ਪਈਏ ਜਿਨ੍ਹਾਂ ਤੋਂ ਸ਼ਾਇਦ ਸਾਨੂੰ ਉਸੇ ਵੇਲੇ ਹੀ ਖ਼ੁਸ਼ੀ ਮਿਲੇ। ਪਰ ਜੇ ਅਸੀਂ ਧੀਰਜ ਰੱਖੀਏ, ਤਾਂ ਅਸੀਂ ਅੰਤ ਤਕ ਸਹਿੰਦੇ ਰਹਾਂਗੇ ਅਤੇ ਬਚਾਏ ਜਾਵਾਂਗੇ।​—ਮੀਕਾ. 7:7; ਮੱਤੀ 24:13.

8. ਧੀਰਜ ਰੱਖਣ ਕਰਕੇ ਅਸੀਂ ਦੂਜਿਆਂ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈ ਰੱਖ ਸਕਦੇ ਹਾਂ? (ਕੁਲੁੱਸੀਆਂ 3:12, 13)

8 ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਵਧੀਆ ਰਿਸ਼ਤੇ ਬਣਦੇ ਹਨ। ਇਸ ਗੁਣ ਕਰਕੇ ਅਸੀਂ ਧਿਆਨ ਨਾਲ ਦੂਜਿਆਂ ਦੀ ਗੱਲ ਸੁਣਦੇ ਹਾਂ। (ਯਾਕੂ. 1:19) ਅਸੀਂ ਦੂਜਿਆਂ ਨਾਲ ਸ਼ਾਂਤੀ ਵੀ ਬਣਾਈ ਰੱਖਦੇ ਹਾਂ। ਤਣਾਅ ਵਿਚ ਹੁੰਦਿਆਂ ਅਸੀਂ ਕਿਸੇ ਨੂੰ ਬੁਰਾ-ਭਲਾ ਨਹੀਂ ਕਹਿੰਦੇ ਤੇ ਨਾ ਹੀ ਬਿਨਾਂ ਸੋਚੇ-ਸਮਝੇ ਕੁਝ ਕਰਦੇ ਹਾਂ। ਨਾਲੇ ਜੇ ਕੋਈ ਸਾਨੂੰ ਠੇਸ ਪਹੁੰਚਾਵੇ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੋਵਾਂਗੇ ਅਤੇ ਨਾ ਹੀ ਬਦਲਾ ਲਵਾਂਗੇ। ਇਸ ਦੀ ਬਜਾਇ, ਅਸੀਂ ‘ਇਕ-ਦੂਜੇ ਦੀ ਸਹਿੰਦੇ ਰਹਾਂਗੇ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹਾਂਗੇ।’​—ਕੁਲੁੱਸੀਆਂ 3:12, 13 ਪੜ੍ਹੋ।

9. ਸਹੀ ਫ਼ੈਸਲੇ ਕਰਨ ਵਿਚ ਧੀਰਜ ਦਾ ਗੁਣ ਕਿਵੇਂ ਸਾਡੀ ਮਦਦ ਕਰਦਾ ਹੈ? (ਕਹਾਉਤਾਂ 21:5)

9 ਧੀਰਜ ਰੱਖਣ ਕਰਕੇ ਅਸੀਂ ਸਹੀ ਫ਼ੈਸਲੇ ਵੀ ਕਰ ਸਕਦੇ ਹਾਂ। ਅਸੀਂ ਕਾਹਲੀ ਵਿਚ ਜਾਂ ਬਿਨਾਂ ਸੋਚੇ-ਸਮਝੇ ਕੋਈ ਫ਼ੈਸਲਾ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਸਮਾਂ ਲਾ ਕੇ ਖੋਜਬੀਨ ਕਰਾਂਗੇ ਅਤੇ ਸੋਚਾਂਗੇ ਕਿ ਸਾਡੇ ਲਈ ਕੀ ਕਰਨਾ ਸਭ ਤੋਂ ਵਧੀਆ ਹੋਵੇਗਾ। (ਕਹਾਉਤਾਂ 21:5 ਪੜ੍ਹੋ।) ਉਦਾਹਰਣ ਲਈ, ਜੇ ਅਸੀਂ ਕੰਮ ਲੱਭ ਰਹੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਉਹ ਕੰਮ ਕਰਨ ਲਈ ਤਿਆਰ ਹੋ ਜਾਈਏ ਜੋ ਸਾਨੂੰ ਸਭ ਤੋਂ ਪਹਿਲਾ ਮਿਲੇ। ਫਿਰ ਚਾਹੇ ਇਸ ਕਰਕੇ ਅਸੀਂ ਮੀਟਿੰਗਾਂ ਜਾਂ ਪ੍ਰਚਾਰ ਵਿਚ ਘੱਟ-ਵੱਧ ਹੀ ਜਾ ਸਕੀਏ। ਪਰ ਜੇ ਅਸੀਂ ਧੀਰਜ ਰੱਖੀਏ, ਤਾਂ ਅਸੀਂ ਸਮਾਂ ਕੱਢ ਕੇ ਸੋਚਾਂਗੇ ਕਿ ਕੰਮ ਦੀ ਜਗ੍ਹਾ ਕਿੱਥੇ ਹੈ, ਕੰਮ ʼਤੇ ਕਿੰਨਾ ਟਾਈਮ ਲੱਗੇਗਾ ਅਤੇ ਇਸ ਦਾ ਸਾਡੇ ਪਰਿਵਾਰ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪਵੇਗਾ। ਧੀਰਜਵਾਨ ਹੋਣ ਕਰਕੇ ਅਸੀਂ ਗ਼ਲਤ ਫ਼ੈਸਲੇ ਲੈਣ ਤੋਂ ਬਚ ਸਕਦੇ ਹਾਂ।

ਅਸੀਂ ਹੋਰ ਧੀਰਜਵਾਨ ਕਿਵੇਂ ਬਣ ਸਕਦੇ ਹਾਂ?

10. ਇਕ ਮਸੀਹੀ ਕੀ ਕਰ ਸਕਦਾ ਹੈ ਤਾਂਕਿ ਉਹ ਧੀਰਜ ਰੱਖ ਸਕੇ ਅਤੇ ਇਹ ਗੁਣ ਉਸ ਦੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਵੇ?

10 ਹੋਰ ਜ਼ਿਆਦਾ ਧੀਰਜਵਾਨ ਬਣਨ ਲਈ ਪ੍ਰਾਰਥਨਾ ਕਰੋ। ਧੀਰਜ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਗੁਣ ਹੈ। (ਗਲਾ. 5:22, 23) ਇਸ ਲਈ ਅਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਅਤੇ ਬੇਨਤੀ ਕਰ ਸਕਦੇ ਹਾਂ ਕਿ ਅਸੀਂ ਧੀਰਜ ਰੱਖ ਸਕੀਏ। ਜੇ ਅਸੀਂ ਅਜਿਹੇ ਹਾਲਾਤ ਦਾ ਸਾਮ੍ਹਣਾ ਕਰ ਰਹੇ ਹਾਂ ਜਦੋਂ ਸਾਨੂੰ ਧੀਰਜ ਰੱਖਣਾ ਔਖਾ ਲੱਗੇ, ਤਾਂ ਅਸੀਂ ਪਵਿੱਤਰ ਸ਼ਕਤੀ ‘ਮੰਗਦੇ ਰਹਿ’ ਸਕਦੇ ਹਾਂ। (ਲੂਕਾ 11:9, 13) ਨਾਲੇ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਕਿ ਅਸੀਂ ਹਾਲਾਤਾਂ ਪ੍ਰਤੀ ਉਸ ਵਰਗਾ ਨਜ਼ਰੀਆ ਰੱਖ ਸਕੀਏ। ਫਿਰ ਪ੍ਰਾਰਥਨਾ ਕਰਨ ਤੋਂ ਬਾਅਦ ਸਾਨੂੰ ਹਰ ਰੋਜ਼ ਪੂਰੀ ਵਾਹ ਲਾ ਕੇ ਧੀਰਜ ਦਿਖਾਉਣ ਦੀ ਲੋੜ ਹੈ। ਅਸੀਂ ਜਿੰਨਾ ਜ਼ਿਆਦਾ ਧੀਰਜ ਲਈ ਪ੍ਰਾਰਥਨਾ ਕਰਾਂਗੇ ਅਤੇ ਧੀਰਜ ਰੱਖਣ ਦੀ ਕੋਸ਼ਿਸ਼ ਕਰਾਂਗੇ, ਇਹ ਗੁਣ ਉੱਨਾ ਜ਼ਿਆਦਾ ਸਾਡੇ ਦਿਲਾਂ ਵਿਚ ਜੜ੍ਹ ਫੜ ਲਵੇਗਾ ਅਤੇ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਵੇਗਾ।

11-12. ਯਹੋਵਾਹ ਨੇ ਧੀਰਜ ਕਿਵੇਂ ਦਿਖਾਇਆ ਹੈ?

11 ਬਾਈਬਲ ਵਿਚ ਦਿੱਤੀਆਂ ਮਿਸਾਲਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋ। ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਧੀਰਜ ਰੱਖਿਆ ਸੀ। ਉਨ੍ਹਾਂ ਦੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕਰ ਕੇ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਅਲੱਗ-ਅਲੱਗ ਹਾਲਾਤਾਂ ਵਿਚ ਧੀਰਜ ਕਿਵੇਂ ਦਿਖਾ ਸਕਦੇ ਹਾਂ। ਆਓ ਉਨ੍ਹਾਂ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੀਏ। ਪਰ ਸਭ ਤੋਂ ਪਹਿਲਾਂ ਅਸੀਂ ਯਹੋਵਾਹ ʼਤੇ ਗੌਰ ਕਰਾਂਗੇ ਜੋ ਧੀਰਜ ਦੀ ਸਭ ਤੋਂ ਸ਼ਾਨਦਾਰ ਮਿਸਾਲ ਹੈ।

12 ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਅਤੇ ਦੋਸ਼ ਲਾਇਆ ਕਿ ਉਹ ਚੰਗਾ ਅਤੇ ਪਿਆਰ ਕਰਨ ਵਾਲਾ ਰਾਜਾ ਨਹੀਂ ਹੈ। ਯਹੋਵਾਹ ਚਾਹੁੰਦਾ ਤਾਂ ਉਹ ਉਸੇ ਵੇਲੇ ਸ਼ੈਤਾਨ ਨੂੰ ਖ਼ਤਮ ਕਰ ਸਕਦਾ ਸੀ। ਪਰ ਯਹੋਵਾਹ ਨੇ ਧੀਰਜ ਅਤੇ ਸੰਜਮ ਦੇ ਗੁਣ ਦਿਖਾਏ। ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਸਾਬਤ ਕਰਨ ਵਿਚ ਸਮਾਂ ਲੱਗੇਗਾ ਕਿ ਉਸ ਦੀ ਹਕੂਮਤ ਹੀ ਸਭ ਤੋਂ ਵਧੀਆ ਹੈ। ਨਾਲੇ ਸੋਚੋ ਕਿ ਯਹੋਵਾਹ ਇੰਨੇ ਸਾਲਾਂ ਤੋਂ ਧੀਰਜ ਰੱਖ ਰਿਹਾ ਹੈ ਅਤੇ ਉਸ ʼਤੇ ਜੋ ਦੋਸ਼ ਲਾਏ ਗਏ ਹਨ, ਉਹ ਉਨ੍ਹਾਂ ਨੂੰ ਸਹਿ ਰਿਹਾ ਹੈ। ਇਸ ਤੋਂ ਇਲਾਵਾ, ਯਹੋਵਾਹ ਇਸ ਲਈ ਵੀ ਧੀਰਜ ਰੱਖ ਰਿਹਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲ ਸਕੇ। (2 ਪਤ. 3:9, 15) ਨਤੀਜੇ ਵਜੋਂ, ਲੱਖਾਂ ਹੀ ਲੋਕ ਉਸ ਬਾਰੇ ਜਾਣ ਸਕੇ ਹਨ। ਜੇ ਅਸੀਂ ਇਸ ਗੱਲ ʼਤੇ ਧਿਆਨ ਲਾਈਏ ਕਿ ਯਹੋਵਾਹ ਦੇ ਧੀਰਜ ਦੇ ਕਿੰਨੇ ਫ਼ਾਇਦੇ ਹੁੰਦੇ ਹਨ, ਤਾਂ ਸਾਡੇ ਲਈ ਉਸ ਸਮੇਂ ਦੀ ਉਡੀਕ ਕਰਨੀ ਹੋਰ ਸੌਖੀ ਹੋਵੇਗੀ ਜਦੋਂ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ।

ਜੇ ਸਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਧੀਰਜ ਰੱਖਦੇ ਹੋਏ ਅਸੀਂ ਛੇਤੀ ਗੁੱਸੇ ਨਹੀਂ ਹੁੰਦੇ (ਪੈਰਾ 13 ਦੇਖੋ)

13. ਯਿਸੂ ਨੇ ਆਪਣੇ ਪਿਤਾ ਵਾਂਗ ਧੀਰਜ ਕਿਵੇਂ ਦਿਖਾਇਆ? (ਤਸਵੀਰ ਵੀ ਦੇਖੋ।)

13 ਯਿਸੂ ਨੇ ਆਪਣੇ ਪਿਤਾ ਦੇ ਧੀਰਜ ਦੀ ਹੂ-ਬਹੂ ਰੀਸ ਕੀਤੀ ਅਤੇ ਧਰਤੀ ʼਤੇ ਹੁੰਦਿਆਂ ਉਸ ਨੇ ਇਹ ਗੁਣ ਦਿਖਾਇਆ। ਪਰ ਉਸ ਲਈ ਹਮੇਸ਼ਾ ਧੀਰਜ ਦਿਖਾਉਣਾ ਸੌਖਾ ਨਹੀਂ ਰਿਹਾ ਹੋਣਾ, ਖ਼ਾਸ ਕਰਕੇ ਕਪਟੀ ਫ਼ਰੀਸੀਆਂ ਤੇ ਗ੍ਰੰਥੀਆਂ ਨਾਲ ਪੇਸ਼ ਆਉਂਦੇ ਵੇਲੇ। (ਯੂਹੰ. 8:25-27) ਯਿਸੂ ਆਪਣੇ ਪਿਤਾ ਵਾਂਗ ਛੇਤੀ ਗੁੱਸਾ ਨਹੀਂ ਕਰਦਾ ਸੀ। ਜਦੋਂ ਉਸ ਦੀ ਬੇਇੱਜ਼ਤੀ ਕੀਤੀ ਗਈ ਜਾਂ ਉਸ ਦਾ ਗੁੱਸਾ ਭੜਕਾਇਆ ਗਿਆ, ਤਾਂ ਵੀ ਉਸ ਨੇ ਬਦਲਾ ਨਹੀਂ ਲਿਆ। (1 ਪਤ. 2:23) ਯਿਸੂ ਨੇ ਬਿਨਾਂ ਸ਼ਿਕਾਇਤ ਕੀਤੇ ਅਜ਼ਮਾਇਸ਼ਾਂ ਨੂੰ ਧੀਰਜ ਨਾਲ ਸਹਿਆ। ਇਸੇ ਲਈ ਬਾਈਬਲ ਸਾਨੂੰ ਕਹਿੰਦੀ ਹੈ ਕਿ ਅਸੀਂ ‘ਉਸ ਉੱਤੇ ਗੌਰ ਕਰੀਏ ਜਿਸ ਨੇ ਪਾਪੀਆਂ ਦੀਆਂ ਬਹੁਤ ਅਪਮਾਨਜਨਕ ਗੱਲਾਂ ਬਰਦਾਸ਼ਤ ਕੀਤੀਆਂ।’ (ਇਬ. 12:2, 3) ਯਹੋਵਾਹ ਦੀ ਮਦਦ ਨਾਲ ਅਸੀਂ ਵੀ ਹਰ ਅਜ਼ਮਾਇਸ਼ ਨੂੰ ਧੀਰਜ ਨਾਲ ਸਹਿ ਸਕਦੇ ਹਾਂ।

ਜੇ ਅਸੀਂ ਅਬਰਾਹਾਮ ਵਾਂਗ ਧੀਰਜ ਰੱਖਦੇ ਹਾਂ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨਾ ਸਿਰਫ਼ ਹੁਣ ਸਾਨੂੰ ਇਨਾਮ ਦੇਵੇਗਾ, ਸਗੋਂ ਨਵੀਂ ਦੁਨੀਆਂ ਵਿਚ ਵੀ ਬੇਸ਼ੁਮਾਰ ਬਰਕਤਾਂ ਦੇਵੇਗਾ (ਪੈਰਾ 14 ਦੇਖੋ)

14. ਧੀਰਜ ਰੱਖਣ ਬਾਰੇ ਅਸੀਂ ਅਬਰਾਹਾਮ ਤੋਂ ਕੀ ਸਿੱਖ ਸਕਦੇ ਹਾਂ? (ਇਬਰਾਨੀਆਂ 6:15) (ਤਸਵੀਰ ਵੀ ਦੇਖੋ।)

14 ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕੁਝ ਜਣੇ ਲੰਬੇ ਸਮੇਂ ਤੋਂ ਅੰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ ਸਾਨੂੰ ਲੱਗਦਾ ਹੈ ਕਿ ਸਾਡੇ ਜੀਉਂਦੇ-ਜੀ ਅੰਤ ਨਹੀਂ ਆਉਣਾ। ਜੇ ਇੱਦਾਂ ਹੈ, ਤਾਂ ਕਿਹੜੀ ਗੱਲ ਇੰਤਜ਼ਾਰ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ? ਜ਼ਰਾ ਅਬਰਾਹਾਮ ਦੀ ਮਿਸਾਲ ʼਤੇ ਗੌਰ ਕਰੋ। ਅਬਰਾਹਾਮ 75 ਸਾਲਾਂ ਦਾ ਸੀ ਤੇ ਉਸ ਦੇ ਕੋਈ ਔਲਾਦ ਨਹੀਂ ਸੀ। ਉਸ ਸਮੇਂ ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ: “ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।” (ਉਤ. 12:1-4) ਕੀ ਅਬਰਾਹਾਮ ਨੇ ਇਹ ਵਾਅਦਾ ਪੂਰਾ ਹੁੰਦਾ ਦੇਖਿਆ? ਜੀ ਹਾਂ, ਪਰ ਪੂਰੀ ਤਰ੍ਹਾਂ ਨਹੀਂ। ਫ਼ਰਾਤ ਦਰਿਆ ਪਾਰ ਕਰ ਕੇ ਉਸ ਨੇ 25 ਸਾਲ ਇੰਤਜ਼ਾਰ ਕੀਤਾ। ਫਿਰ ਯਹੋਵਾਹ ਨੇ ਚਮਤਕਾਰ ਕੀਤਾ ਤੇ ਅਬਰਾਹਾਮ ਦੇ ਇਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਇਸਹਾਕ ਸੀ। ਫਿਰ 60 ਸਾਲ ਬਾਅਦ ਉਸ ਦੇ ਦੋ ਪੋਤੇ ਹੋਏ, ਏਸਾਓ ਅਤੇ ਯਾਕੂਬ। (ਇਬਰਾਨੀਆਂ 6:15 ਪੜ੍ਹੋ।) ਪਰ ਅਬਰਾਹਾਮ ਨੇ ਕਦੇ ਵੀ ਆਪਣੀ ਪੀੜ੍ਹੀ ਨੂੰ ਇਕ ਵੱਡੀ ਕੌਮ ਬਣਦਿਆਂ ਅਤੇ ਵਾਅਦਾ ਕੀਤੇ ਹੋਏ ਦੇਸ਼ ਦੇ ਵਾਰਸ ਬਣਦਿਆਂ ਨਹੀਂ ਦੇਖਿਆ। ਪਰ ਉਹ ਵਫ਼ਾਦਾਰ ਸੀ ਜਿਸ ਕਰਕੇ ਯਹੋਵਾਹ ਨਾਲ ਉਸ ਦੀ ਗੂੜ੍ਹੀ ਦੋਸਤੀ ਸੀ। (ਯਾਕੂ. 2:23) ਨਾਲੇ ਜਦੋਂ ਅਬਰਾਹਾਮ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਸ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਵੇਗੀ ਕਿ ਉਸ ਦੀ ਨਿਹਚਾ ਅਤੇ ਧੀਰਜ ਕਰਕੇ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲੀਆਂ। (ਉਤ. 22:18) ਅਸੀਂ ਅਬਰਾਹਾਮ ਤੋਂ ਕੀ ਸਿੱਖਦੇ ਹਾਂ? ਸ਼ਾਇਦ ਅਸੀਂ ਹੁਣ ਆਪਣੀਆਂ ਅੱਖਾਂ ਨਾਲ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੁੰਦੇ ਨਾ ਦੇਖ ਸਕੀਏ। ਪਰ ਜੇ ਅਸੀਂ ਅਬਰਾਹਾਮ ਵਾਂਗ ਧੀਰਜ ਰੱਖੀਏ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨਾ ਸਿਰਫ਼ ਹੁਣ ਸਾਨੂੰ ਇਨਾਮ ਦੇਵੇਗਾ, ਸਗੋਂ ਨਵੀਂ ਦੁਨੀਆਂ ਵਿਚ ਵੀ ਬੇਸ਼ੁਮਾਰ ਬਰਕਤਾਂ ਦੇਵੇਗਾ।​—ਮਰ. 10:29, 30.

15. ਅਸੀਂ ਕਿਸ ਬਾਰੇ ਬਾਈਬਲ ਦਾ ਨਿੱਜੀ ਤੌਰ ʼਤੇ ਅਧਿਐਨ ਕਰ ਸਕਦੇ ਹਾਂ?

15 ਬਾਈਬਲ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਧੀਰਜ ਦਿਖਾਇਆ ਸੀ। (ਯਾਕੂ. 5:10) ਕਿਉਂ ਨਾ ਤੁਸੀਂ ਇਨ੍ਹਾਂ ਦੀਆਂ ਮਿਸਾਲਾਂ ਦਾ ਅਧਿਐਨ ਕਰੋ? b ਤੁਸੀਂ ਦਾਊਦ ਬਾਰੇ ਅਧਿਐਨ ਕਰ ਸਕਦੇ ਹੋ। ਦਾਊਦ ਨੂੰ ਛੋਟੀ ਉਮਰ ਵਿਚ ਹੀ ਇਜ਼ਰਾਈਲ ਦੇ ਰਾਜੇ ਵਜੋਂ ਨਿਯੁਕਤ ਕਰ ਦਿੱਤਾ ਗਿਆ ਸੀ। ਪਰ ਉਸ ਨੂੰ ਰਾਜੇ ਵਜੋਂ ਹਕੂਮਤ ਹਾਸਲ ਕਰਨ ਲਈ ਕਈ ਸਾਲਾਂ ਤਕ ਉਡੀਕ ਕਰਨੀ ਪਈ। ਮਸੀਹ ਦੀ ਉਡੀਕ ਕਰਦਿਆਂ ਸ਼ਿਮਓਨ ਅਤੇ ਅੱਨਾ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। (ਲੂਕਾ 2:25, 36-38) ਇਸ ਤਰ੍ਹਾਂ ਦੀਆਂ ਮਿਸਾਲਾਂ ਦਾ ਅਧਿਐਨ ਕਰਦਿਆਂ ਇਨ੍ਹਾਂ ਸਵਾਲਾਂ ਬਾਰੇ ਸੋਚੋ: ‘ਇਹ ਵਿਅਕਤੀ ਧੀਰਜ ਕਿਉਂ ਰੱਖ ਸਕਿਆ? ਉਸ ਨੂੰ ਧੀਰਜ ਰੱਖਣ ਦੇ ਕਿਹੜੇ ਫ਼ਾਇਦੇ ਹੋਏ? ਮੈਂ ਉਸ ਦੀ ਰੀਸ ਕਿਵੇਂ ਕਰ ਸਕਦਾ ਹਾਂ?’ ਤੁਹਾਨੂੰ ਸ਼ਾਇਦ ਉਨ੍ਹਾਂ ਦੀਆਂ ਮਿਸਾਲਾਂ ਤੋਂ ਵੀ ਫ਼ਾਇਦਾ ਹੋਵੇ ਜਿਨ੍ਹਾਂ ਨੇ ਧੀਰਜ ਨਹੀਂ ਰੱਖਿਆ। (1 ਸਮੂ. 13:8-14) ਤੁਸੀਂ ਸ਼ਾਇਦ ਪੁੱਛੋ: ‘ਇਹ ਵਿਅਕਤੀ ਧੀਰਜ ਕਿਉਂ ਨਹੀਂ ਰੱਖ ਸਕਿਆ? ਧੀਰਜ ਨਾ ਰੱਖਣ ਕਰਕੇ ਉਸ ਨੂੰ ਕਿਹੜੇ ਅੰਜਾਮ ਭੁਗਤਣੇ ਪਏ?’

16. ਧੀਰਜਵਾਨ ਬਣਨ ਦੇ ਕੁਝ ਫ਼ਾਇਦੇ ਕਿਹੜੇ ਹਨ?

16 ਧੀਰਜਵਾਨ ਬਣਨ ਦੇ ਫ਼ਾਇਦਿਆਂ ʼਤੇ ਗੌਰ ਕਰੋ। ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਜ਼ਿਆਦਾ ਖ਼ੁਸ਼ ਤੇ ਸ਼ਾਂਤ ਰਹਿ ਪਾਉਂਦੇ ਹਾਂ। ਇਸ ਕਰਕੇ ਕਾਫ਼ੀ ਹੱਦ ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਸਾਨੂੰ ਬਿਨਾਂ ਵਜ੍ਹਾ ਤਣਾਅ ਨਹੀਂ ਹੁੰਦਾ। ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਰਿਸ਼ਤੇ ਵਧੀਆ ਬਣਦੇ ਹਨ। ਨਾਲੇ ਸਾਡੀ ਮੰਡਲੀ ਦੀ ਏਕਤਾ ਹੋਰ ਵੀ ਵਧਦੀ ਹੈ। ਜੇ ਸਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੁੰਦੇ ਅਤੇ ਗੱਲ ਹੋਰ ਨਹੀਂ ਵਿਗੜਦੀ। (ਜ਼ਬੂ. 37:8, ਫੁਟਨੋਟ; ਕਹਾ. 14:29) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਧੀਰਜ ਰੱਖਣ ਕਰਕੇ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰਦੇ ਹਾਂ ਅਤੇ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ।

17. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

17 ਧੀਰਜ ਕਿੰਨਾ ਹੀ ਵਧੀਆ ਅਤੇ ਫ਼ਾਇਦੇਮੰਦ ਗੁਣ ਹੈ। ਭਾਵੇਂ ਕਿ ਸਾਡੇ ਲਈ ਧੀਰਜ ਰੱਖਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਗੁਣ ਦਿਖਾਉਂਦੇ ਰਹਿ ਸਕਦੇ ਹਾਂ। ਨਾਲੇ ਨਵੀਂ ਦੁਨੀਆਂ ਦੀ ‘ਧੀਰਜ ਨਾਲ ਉਡੀਕ ਕਰਦਿਆਂ’ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਅਤੇ ਹਿਫਾਜ਼ਤ ਕਰੇਗਾ। (ਮੀਕਾ. 7:7) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਧੀਰਜ ਨੂੰ ਪਹਿਨਦੇ ਰਹਾਂਗੇ।

ਗੀਤ 41 ਮੇਰੀ ਪ੍ਰਾਰਥਨਾ ਸੁਣ

a ਸ਼ੈਤਾਨ ਦੀ ਦੁਨੀਆਂ ਵਿਚ ਅੱਜ ਜ਼ਿਆਦਾਤਰ ਲੋਕ ਧੀਰਜ ਨਹੀਂ ਦਿਖਾਉਂਦੇ। ਪਰ ਬਾਈਬਲ ਸਾਨੂੰ ਕਹਿੰਦੀ ਹੈ ਕਿ ਧੀਰਜ ਨੂੰ ਪਹਿਨ ਲਓ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਹ ਗੁਣ ਇੰਨਾ ਜ਼ਰੂਰੀ ਕਿਉਂ ਹੈ ਅਤੇ ਅਸੀਂ ਹੋਰ ਧੀਰਜਵਾਨ ਕਿਵੇਂ ਬਣ ਸਕਦੇ ਹਾਂ।

b ਧੀਰਜ ਰੱਖਣ ਬਾਰੇ ਬਾਈਬਲ ਵਿਚ ਦਿੱਤੀਆਂ ਮਿਸਾਲਾਂ ਲੱਭਣ ਲਈ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਭਾਵਨਾਵਾਂ, ਗੁਣ ਅਤੇ ਰਵੱਈਆ” ਵਿਸ਼ੇ ਹੇਠਾਂ ਉਪ-ਸਿਰਲੇਖ “ਧੀਰਜ” ਦੇਖੋ।