Skip to content

Skip to table of contents

ਅਧਿਐਨ ਲੇਖ 36

ਜ਼ਰੂਰੀ ਭਾਰ ਚੁੱਕੋ ਤੇ ਗ਼ੈਰ-ਜ਼ਰੂਰੀ ਬੋਝ ਸੁੱਟ ਦਿਓ

ਜ਼ਰੂਰੀ ਭਾਰ ਚੁੱਕੋ ਤੇ ਗ਼ੈਰ-ਜ਼ਰੂਰੀ ਬੋਝ ਸੁੱਟ ਦਿਓ

‘ਆਓ ਆਪਾਂ ਵੀ ਹਰ ਬੋਝ ਨੂੰ ਆਪਣੇ ਉੱਪਰੋਂ ਲਾਹ ਕੇ ਸੁੱਟ ਦੇਈਏ ਅਤੇ ਧੀਰਜ ਨਾਲ ਉਸ ਦੌੜ ਵਿਚ ਦੌੜਦੇ ਰਹੀਏ ਜੋ ਸਾਡੇ ਸਾਮ੍ਹਣੇ ਹੈ।’​—ਇਬ. 12:1.

ਗੀਤ 33 ਆਪਣਾ ਬੋਝ ਯਹੋਵਾਹ ʼਤੇ ਸੁੱਟੋ

ਖ਼ਾਸ ਗੱਲਾਂ a

1. ਇਬਰਾਨੀਆਂ 12:1 ਮੁਤਾਬਕ ਆਪਣੀ ਦੌੜ ਪੂਰੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

 ਬਾਈਬਲ ਵਿਚ ਮਸੀਹੀਆਂ ਦੀ ਜ਼ਿੰਦਗੀ ਦੀ ਤੁਲਨਾ ਇਕ ਦੌੜ ਨਾਲ ਕੀਤੀ ਗਈ ਹੈ। ਆਪਣੀ ਦੌੜ ਪੂਰੀ ਕਰਨ ਵਾਲੇ ਦੌੜਾਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲੇਗਾ। (2 ਤਿਮੋ. 4:7, 8) ਇਸ ਦੌੜ ਵਿਚ ਲਗਾਤਾਰ ਦੌੜਦੇ ਰਹਿਣ ਲਈ ਸਾਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ, ਖ਼ਾਸ ਕਰਕੇ ਹੁਣ ਕਿਉਂਕਿ ਅਸੀਂ ਆਪਣੀ ਮੰਜ਼ਲ ਦੇ ਬਿਲਕੁਲ ਨੇੜੇ ਹਾਂ। ਪੌਲੁਸ ਰਸੂਲ ਨੇ ਆਪਣੀ ਦੌੜ ਪੂਰੀ ਕੀਤੀ ਸੀ ਅਤੇ ਉਸ ਨੇ ਦੱਸਿਆ ਕਿ ਇਸ ਦੌੜ ਨੂੰ ਜਿੱਤਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਅਸੀਂ ‘ਹਰ ਬੋਝ ਆਪਣੇ ਉੱਪਰੋਂ ਲਾਹ ਕੇ ਸੁੱਟ ਦੇਈਏ ਅਤੇ ਧੀਰਜ ਨਾਲ ਉਸ ਦੌੜ ਵਿਚ ਦੌੜਦੇ ਰਹੀਏ ਜੋ ਸਾਡੇ ਸਾਮ੍ਹਣੇ ਹੈ।’​ਇਬਰਾਨੀਆਂ 12:1 ਪੜ੍ਹੋ।

2. ‘ਹਰ ਬੋਝ ਨੂੰ ਆਪਣੇ ਉੱਪਰੋਂ ਲਾਹ ਕੇ ਸੁੱਟ ਦੇਣ’ ਦਾ ਕੀ ਮਤਲਬ ਹੈ?

2 ਜਦੋਂ ਪੌਲੁਸ ਨੇ ਲਿਖਿਆ ਕਿ ਸਾਨੂੰ ‘ਹਰ ਬੋਝ ਨੂੰ ਆਪਣੇ ਉੱਪਰੋਂ ਲਾਹ ਕੇ ਸੁੱਟ ਦੇਣਾ’ ਚਾਹੀਦਾ ਹੈ, ਤਾਂ ਕੀ ਉਸ ਦਾ ਇਹ ਮਤਲਬ ਸੀ ਕਿ ਇਕ ਮਸੀਹੀ ਨੂੰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਚੁੱਕਣਾ ਪੈਣਾ? ਨਹੀਂ, ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ। ਇਸ ਦੀ ਬਜਾਇ, ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਹਰ ਤਰ੍ਹਾਂ ਦਾ ਗ਼ੈਰ-ਜ਼ਰੂਰੀ ਬੋਝ ਸੁੱਟ ਦੇਣਾ ਚਾਹੀਦਾ ਹੈ। ਅਜਿਹੇ ਬੋਝ ਕਰਕੇ ਅਸੀਂ ਥੱਕ ਸਕਦੇ ਹਾਂ ਅਤੇ ਸਾਡੀ ਦੌੜਨ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ। ਧੀਰਜ ਨਾਲ ਦੌੜਦੇ ਰਹਿਣ ਲਈ ਸਾਨੂੰ ਫ਼ੌਰਨ ਪਛਾਣਨ ਦੀ ਲੋੜ ਹੈ ਕਿ ਅਸੀਂ ਕੋਈ ਗ਼ੈਰ-ਜ਼ਰੂਰੀ ਬੋਝ ਤਾਂ ਨਹੀਂ ਚੁੱਕਿਆ ਹੋਇਆ। ਜੇ ਹਾਂ, ਤਾਂ ਸਾਨੂੰ ਤੁਰੰਤ ਇਸ ਨੂੰ ਸੁੱਟ ਦੇਣਾ ਚਾਹੀਦਾ ਹੈ। ਪਰ ਸਾਡੇ ਲਈ ਕੁਝ ਭਾਰ ਚੁੱਕਣੇ ਜ਼ਰੂਰੀ ਹਨ। ਜੇ ਅਸੀਂ ਉਹ ਨਾ ਚੁੱਕੀਏ, ਤਾਂ ਅਸੀਂ ਇਸ ਦੌੜ ਵਿਚ ਦੌੜਨ ਦੇ ਯੋਗ ਨਹੀਂ ਰਹਾਂਗੇ। (2 ਤਿਮੋ. 2:5) ਸਾਡੇ ਲਈ ਕਿਹੜੇ ਭਾਰ ਚੁੱਕਣੇ ਜ਼ਰੂਰੀ ਹਨ?

3. (ੳ) ਗਲਾਤੀਆਂ 6:5 ਮੁਤਾਬਕ ਸਾਨੂੰ ਕੀ ਚੁੱਕਣਾ ਪੈਣਾ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ ਅਤੇ ਕਿਉਂ?

3 ਗਲਾਤੀਆਂ 6:5 ਪੜ੍ਹੋ। ਪੌਲੁਸ ਨੇ ਦੱਸਿਆ ਕਿ ਸਾਨੂੰ ਕਿਹੜਾ ਭਾਰ ਚੁੱਕਣਾ ਪੈਣਾ। ਉਸ ਨੇ ਲਿਖਿਆ ਕਿ “ਹਰੇਕ ਨੂੰ ਆਪੋ-ਆਪਣਾ ਭਾਰ ਚੁੱਕਣਾ ਪਵੇਗਾ।” ਪੌਲੁਸ ਨੇ ਇੱਥੇ ਜਿਸ ਭਾਰ ਦਾ ਜ਼ਿਕਰ ਕੀਤਾ, ਉਹ ਹੈ ਪਰਮੇਸ਼ੁਰ ਸਾਮ੍ਹਣੇ ਸਾਡੀ ਜ਼ਿੰਮੇਵਾਰੀ। ਇਹ ਭਾਰ ਸਾਨੂੰ ਖ਼ੁਦ ਚੁੱਕਣਾ ਪੈਣਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਭਾਰ ਵਿਚ ਕੀ ਕੁਝ ਸ਼ਾਮਲ ਹੈ ਅਤੇ ਅਸੀਂ ਇਹ ਕਿਵੇਂ ਚੁੱਕ ਸਕਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਸ਼ਾਇਦ ਕਿਹੜਾ ਗ਼ੈਰ-ਜ਼ਰੂਰੀ ਬੋਝ ਚੁੱਕਿਆ ਹੋਇਆ ਹੈ ਅਤੇ ਸਿੱਖਾਂਗੇ ਕਿ ਅਸੀਂ ਇਸ ਨੂੰ ਲਾਹ ਕੇ ਕਿਵੇਂ ਸੁੱਟ ਸਕਦੇ ਹਾਂ। ਜ਼ਰੂਰੀ ਭਾਰ ਚੁੱਕਣ ਅਤੇ ਗ਼ੈਰ-ਜ਼ਰੂਰੀ ਬੋਝ ਸੁੱਟਣ ਕਰਕੇ ਹੀ ਅਸੀਂ ਆਪਣੀ ਜ਼ਿੰਦਗੀ ਦੀ ਦੌੜ ਪੂਰੀ ਕਰ ਸਕਾਂਗੇ।

ਸਾਡੇ ਲਈ ਕਿਹੜੇ ਭਾਰ ਚੁੱਕਣੇ ਜ਼ਰੂਰੀ ਹਨ?

ਸਾਡੇ ਲਈ ਜਿਹੜੇ ਭਾਰ ਚੁੱਕਣੇ ਜ਼ਰੂਰੀ ਹਨ, ਉਨ੍ਹਾਂ ਵਿਚ ਸਮਰਪਣ ਦਾ ਵਾਅਦਾ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਆਪਣੇ ਫ਼ੈਸਲਿਆਂ ਲਈ ਜ਼ਿੰਮੇਵਾਰ ਹੋਣਾ ਸ਼ਾਮਲ ਹੈ (ਪੈਰੇ 4-9 ਦੇਖੋ)

4. ਸਮਰਪਣ ਦਾ ਵਾਅਦਾ ਸਾਡੇ ਲਈ ਬੋਝ ਕਿਉਂ ਨਹੀਂ ਹੈ? (ਤਸਵੀਰ ਵੀ ਦੇਖੋ।)

4 ਸਮਰਪਣ ਦਾ ਵਾਅਦਾ। ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਅਸੀਂ ਉਸ ਦੀ ਭਗਤੀ ਕਰਨ ਅਤੇ ਉਸ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਸਾਨੂੰ ਇਹ ਵਾਅਦਾ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਸਮਰਪਣ ਦੇ ਵਾਅਦੇ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਇਕ ਅਹਿਮ ਜ਼ਿੰਮੇਵਾਰੀ ਹੈ, ਪਰ ਇਹ ਸਾਡੇ ਲਈ ਬੋਝ ਨਹੀਂ ਹੈ। ਕਿਉਂ? ਕਿਉਂਕਿ ਯਹੋਵਾਹ ਨੇ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਬਣਾਇਆ ਹੈ। (ਪ੍ਰਕਾ. 4:11) ਉਸ ਨੇ ਸਾਡੇ ਵਿਚ ਇਹ ਇੱਛਾ ਪਾਈ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਦੀ ਭਗਤੀ ਕਰੀਏ। ਨਾਲੇ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ʼਤੇ ਬਣਾਇਆ ਹੈ। ਇਸ ਕਰਕੇ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ ਅਤੇ ਉਸ ਦੀ ਇੱਛਾ ਪੂਰੀ ਕਰ ਕੇ ਸਾਨੂੰ ਖ਼ੁਸ਼ੀ ਵੀ ਮਿਲ ਸਕਦੀ ਹੈ। (ਜ਼ਬੂ. 40:8) ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਤੇ ਉਸ ਦੇ ਪੁੱਤਰ ਦੀ ਰੀਸ ਕਰ ਕੇ ਸਾਨੂੰ “ਤਾਜ਼ਗੀ” ਮਿਲਦੀ ਹੈ।​—ਮੱਤੀ 11:28-30.

(ਪੈਰੇ 4-5 ਦੇਖੋ)

5. ਕਿਹੜੀਆਂ ਗੱਲਾਂ ਸਮਰਪਣ ਦਾ ਵਾਅਦਾ ਪੂਰਾ ਕਰਨ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ? (1 ਯੂਹੰਨਾ 5:3)

5 ਤੁਸੀਂ ਇਹ ਭਾਰ ਕਿਵੇਂ ਚੁੱਕ ਸਕਦੇ ਹੋ? ਦੋ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ। ਪਹਿਲੀ, ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰਦੇ ਰਹੋ। ਉਸ ਨੇ ਤੁਹਾਡੇ ਲਈ ਹੁਣ ਤਕ ਜੋ ਵੀ ਕੀਤਾ ਹੈ ਅਤੇ ਭਵਿੱਖ ਵਿਚ ਤੁਹਾਨੂੰ ਜੋ ਬਰਕਤਾਂ ਦੇਵੇਗਾ, ਉਸ ʼਤੇ ਸੋਚ-ਵਿਚਾਰ ਕਰਦੇ ਰਹੋ। ਪਰਮੇਸ਼ੁਰ ਲਈ ਤੁਹਾਡਾ ਪਿਆਰ ਜਿੰਨਾ ਜ਼ਿਆਦਾ ਗੂੜ੍ਹਾ ਹੋਵੇਗਾ, ਉਸ ਦਾ ਕਹਿਣਾ ਮੰਨਣਾ ਤੁਹਾਡੇ ਲਈ ਉੱਨਾ ਜ਼ਿਆਦਾ ਸੌਖਾ ਹੋਵੇਗਾ। (1 ਯੂਹੰਨਾ 5:3 ਪੜ੍ਹੋ।) ਦੂਜੀ, ਯਿਸੂ ਦੀ ਰੀਸ ਕਰੋ। ਉਹ ਯਹੋਵਾਹ ਦੀ ਇੱਛਾ ਪੂਰੀ ਕਰ ਸਕਿਆ ਕਿਉਂਕਿ ਉਸ ਨੇ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਆਪਣਾ ਧਿਆਨ ਇਨਾਮ ʼਤੇ ਲਾਈ ਰੱਖਿਆ। (ਇਬ. 5:7; 12:2) ਯਿਸੂ ਵਾਂਗ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਨੂੰ ਯਾਦ ਰੱਖੋ। ਪਰਮੇਸ਼ੁਰ ਨੂੰ ਪਿਆਰ ਕਰਦੇ ਰਹਿਣ ਅਤੇ ਉਸ ਦੇ ਪੁੱਤਰ ਦੀ ਰੀਸ ਕਰਦੇ ਰਹਿਣ ਨਾਲ ਤੁਸੀਂ ਆਪਣਾ ਸਮਰਪਣ ਦਾ ਵਾਅਦਾ ਪੂਰਾ ਕਰ ਸਕੋਗੇ।

6. ਸਾਨੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਕਿਉਂ ਨਿਭਾਉਣੀਆਂ ਚਾਹੀਦੀਆਂ ਹਨ? (ਤਸਵੀਰ ਵੀ ਦੇਖੋ।)

6 ਸਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ। ਜ਼ਿੰਦਗੀ ਦੀ ਦੌੜ ਵਿਚ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਯਹੋਵਾਹ ਅਤੇ ਯਿਸੂ ਨੂੰ ਪਿਆਰ ਕਰਨਾ ਚਾਹੀਦਾ ਹੈ। (ਮੱਤੀ 10:37) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਇਸ ਲਈ ਨਜ਼ਰਅੰਦਾਜ਼ ਕਰ ਸਕਦੇ ਹਾਂ ਕਿਉਂਕਿ ਉਹ ਪਰਮੇਸ਼ੁਰ ਅਤੇ ਯਿਸੂ ਨੂੰ ਖ਼ੁਸ਼ ਕਰਨ ਦੇ ਰਾਹ ਵਿਚ ਰੁਕਾਵਟ ਬਣ ਰਹੀਆਂ ਹਨ। ਇਸ ਤੋਂ ਉਲਟ, ਯਹੋਵਾਹ ਤੇ ਯਿਸੂ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ। (1 ਤਿਮੋ. 5:4, 8) ਨਾਲੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਕੇ ਸਾਨੂੰ ਵੀ ਖ਼ੁਸ਼ੀ ਮਿਲੇਗੀ। ਕਿਉਂ? ਕਿਉਂਕਿ ਯਹੋਵਾਹ ਨੂੰ ਪਤਾ ਹੈ ਕਿ ਪਰਿਵਾਰ ਉਦੋਂ ਖ਼ੁਸ਼ ਹੁੰਦੇ ਹਨ ਜਦੋਂ ਪਤੀ-ਪਤਨੀ ਇਕ-ਦੂਜੇ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਂਦੇ ਹਨ, ਜਦੋਂ ਮਾਪੇ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਜਦੋਂ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹਨ।​—ਅਫ਼. 5:33; 6:1, 4.

(ਪੈਰੇ 6-7 ਦੇਖੋ)

7. ਤੁਸੀਂ ਪਰਿਵਾਰ ਵਿਚ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾ ਸਕਦੇ ਹੋ?

7 ਤੁਸੀਂ ਇਹ ਭਾਰ ਕਿਵੇਂ ਚੁੱਕ ਸਕਦੇ ਹੋ? ਚਾਹੇ ਤੁਸੀਂ ਪਤੀ, ਪਤਨੀ ਜਾਂ ਬੱਚੇ ਹੋ, ਪਰ ਤੁਸੀਂ ਸਾਰੇ ਜਣੇ ਬਾਈਬਲ ਵਿਚ ਦਿੱਤੀਆਂ ਵਧੀਆ ਸਲਾਹਾਂ ʼਤੇ ਭਰੋਸਾ ਕਰ ਸਕਦੇ ਹੋ। ਉਹ ਨਾ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ ਜਾਂ ਜੋ ਤੁਹਾਡੇ ਇਲਾਕੇ ਦੇ ਲੋਕ ਕਰਦੇ ਹਨ ਜਾਂ ਜੋ ਮਾਹਰ ਕਰਨ ਲਈ ਕਹਿੰਦੇ ਹਨ। (ਕਹਾ. 24:3, 4) ਇਸ ਤੋਂ ਉਲਟ, ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹੋ। ਇਨ੍ਹਾਂ ਵਿਚ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਬਾਰੇ ਵਧੀਆ ਸੁਝਾਅ ਦਿੱਤੇ ਜਾਂਦੇ ਹਨ। ਮਿਸਾਲ ਲਈ, “ਪਰਿਵਾਰ ਦੀ ਮਦਦ ਲਈ” ਲੜੀਵਾਰ ਲੇਖਾਂ ਵਿਚ ਵਿਆਹੁਤਾ ਜੋੜਿਆਂ, ਮਾਪਿਆਂ ਅਤੇ ਨੌਜਵਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ। b ਚਾਹੇ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਬਾਈਬਲ ਦੀਆਂ ਸਲਾਹਾਂ ਨੂੰ ਨਾ ਮੰਨਣ, ਪਰ ਤੁਸੀਂ ਇਨ੍ਹਾਂ ਨੂੰ ਮੰਨਣ ਦਾ ਪੱਕਾ ਇਰਾਦਾ ਕਰੋ। ਇਸ ਤਰ੍ਹਾਂ ਕਰ ਕੇ ਤੁਹਾਡੇ ਪਰਿਵਾਰ ਨੂੰ ਫ਼ਾਇਦਾ ਹੋਵੇਗਾ ਅਤੇ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ।​—1 ਪਤ. 3:1, 2.

8. ਸਾਡੇ ਫ਼ੈਸਲਿਆਂ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?

8 ਆਪਣੇ ਫ਼ੈਸਲਿਆਂ ਦੀ ਜ਼ਿੰਮੇਵਾਰੀ ਲਓ। ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਇਸ ਲਈ ਉਹ ਚਾਹੁੰਦਾ ਹੈ ਕਿ ਅਸੀਂ ਜੋ ਵਧੀਆ ਫ਼ੈਸਲੇ ਕੀਤੇ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਈਏ। ਪਰ ਉਹ ਸਾਨੂੰ ਗ਼ਲਤ ਫ਼ੈਸਲਿਆਂ ਦੇ ਮਾੜੇ ਨਤੀਜਿਆਂ ਤੋਂ ਵੀ ਨਹੀਂ ਬਚਾਉਂਦਾ। (ਗਲਾ. 6:7, 8) ਇਸ ਕਰਕੇ ਜੇ ਅਸੀਂ ਕੋਈ ਗ਼ਲਤ ਫ਼ੈਸਲਾ ਕੀਤਾ ਹੈ, ਕਿਸੇ ਨੂੰ ਬਿਨਾਂ ਸੋਚੇ-ਸਮਝੇ ਕੁਝ ਕਿਹਾ ਹੈ ਅਤੇ ਕਾਹਲੀ ਵਿਚ ਕੋਈ ਕੰਮ ਕੀਤਾ ਹੈ, ਤਾਂ ਅਸੀਂ ਇਸ ਦੇ ਨਤੀਜਿਆਂ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ। ਅਸੀਂ ਜੋ ਕੀਤਾ ਹੈ, ਉਸ ਕਰਕੇ ਸ਼ਾਇਦ ਸਾਡੀ ਜ਼ਮੀਰ ਸਾਨੂੰ ਲਾਹਨਤਾਂ ਪਾਵੇ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੇ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰ ਹਾਂ, ਤਾਂ ਅਸੀਂ ਪ੍ਰੇਰਿਤ ਹੁੰਦੇ ਹਾਂ ਕਿ ਅਸੀਂ ਆਪਣੇ ਪਾਪ ਕਬੂਲ ਕਰੀਏ, ਆਪਣੀਆਂ ਗ਼ਲਤੀਆਂ ਸੁਧਾਰੀਏ ਅਤੇ ਉਨ੍ਹਾਂ ਨੂੰ ਦੁਹਰਾਉਣ ਤੋਂ ਪਰਹੇਜ਼ ਕਰੀਏ। ਇਸ ਤਰ੍ਹਾਂ ਕਰ ਕੇ ਅਸੀਂ ਜ਼ਿੰਦਗੀ ਦੀ ਦੌੜ ਦੌੜਦੇ ਰਹਿ ਸਕਦੇ ਹਾਂ।

(ਪੈਰੇ 8-9 ਦੇਖੋ)

9. ਜੇ ਤੁਹਾਡੇ ਤੋਂ ਕੋਈ ਗ਼ਲਤ ਫ਼ੈਸਲਾ ਹੋ ਗਿਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)

9 ਤੁਸੀਂ ਇਹ ਭਾਰ ਕਿਵੇਂ ਚੁੱਕ ਸਕਦੇ ਹੋ? ਜੇ ਤੁਹਾਡੇ ਤੋਂ ਕੋਈ ਗ਼ਲਤ ਫ਼ੈਸਲਾ ਹੋ ਗਿਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਇਹ ਗੱਲ ਯਾਦ ਰੱਖੋ ਕਿ ਜੋ ਹੋ ਚੁੱਕਾ ਹੈ, ਤੁਸੀਂ ਉਸ ਨੂੰ ਬਦਲ ਨਹੀਂ ਸਕਦੇ। ਇਸ ਲਈ ਆਪਣੇ ਗ਼ਲਤ ਫ਼ੈਸਲੇ ਦੀ ਸਫ਼ਾਈ ਪੇਸ਼ ਕਰਨ ਅਤੇ ਖ਼ੁਦ ਨੂੰ ਜਾਂ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਵਿਚ ਆਪਣਾ ਸਮਾਂ ਤੇ ਤਾਕਤ ਬਰਬਾਦ ਨਾ ਕਰੋ। ਇਸ ਦੀ ਬਜਾਇ, ਆਪਣੀਆਂ ਗ਼ਲਤੀਆਂ ਮੰਨੋ ਅਤੇ ਹੁਣ ਤੁਸੀਂ ਜੋ ਕਰ ਸਕਦੇ ਹੋ, ਉਹ ਕਰਨ ਵਿਚ ਪੂਰੀ ਵਾਹ ਲਾਓ। ਜੇ ਤੁਸੀਂ ਕਿਸੇ ਗ਼ਲਤੀ ਕਰਕੇ ਦੋਸ਼ੀ ਮਹਿਸੂਸ ਕਰ ਰਹੇ ਹੋ, ਤਾਂ ਨਿਮਰਤਾ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰੋ, ਆਪਣੀ ਗ਼ਲਤੀ ਮੰਨੋ ਅਤੇ ਉਸ ਤੋਂ ਮਾਫ਼ੀ ਮੰਗੋ। (ਜ਼ਬੂ. 25:11; 51:3, 4) ਨਾਲੇ ਉਨ੍ਹਾਂ ਤੋਂ ਵੀ ਮਾਫ਼ੀ ਮੰਗੋ ਜਿਨ੍ਹਾਂ ਦਾ ਸ਼ਾਇਦ ਤੁਸੀਂ ਦਿਲ ਦੁਖਾਇਆ ਹੈ। ਨਾਲੇ ਲੋੜ ਪੈਣ ਤੇ ਬਜ਼ੁਰਗਾਂ ਤੋਂ ਮਦਦ ਲਓ। (ਯਾਕੂ. 5:14, 15) ਆਪਣੀਆਂ ਗ਼ਲਤੀਆਂ ਤੋਂ ਸਿੱਖੋ ਅਤੇ ਉਨ੍ਹਾਂ ਨੂੰ ਦੁਹਰਾਉਣ ਤੋਂ ਬਚੋ। ਇਸ ਤਰ੍ਹਾਂ ਕਰ ਕੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ʼਤੇ ਦਇਆ ਕਰੇਗਾ ਅਤੇ ਹਰ ਤਰੀਕੇ ਨਾਲ ਤੁਹਾਡੀ ਮਦਦ ਕਰੇਗਾ।​—ਜ਼ਬੂ. 103:8-13.

ਸਾਨੂੰ ਕਿਹੜੇ ਬੋਝ “ਲਾਹ ਕੇ ਸੁੱਟ” ਦੇਣੇ ਚਾਹੀਦੇ ਹਨ?

10. ਆਪਣੇ ਆਪ ਤੋਂ ਹੱਦੋਂ ਵੱਧ ਉਮੀਦਾਂ ਰੱਖਣੀਆਂ ਭਾਰੀ ਬੋਝ ਕਿਉਂ ਹਨ? (ਗਲਾਤੀਆਂ 6:4)

10 ਆਪਣੇ ਆਪ ਤੋਂ ਹੱਦੋਂ ਵੱਧ ਉਮੀਦਾਂ ਰੱਖਣੀਆਂ। ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਅਸੀਂ ਆਪਣੇ ਆਪ ʼਤੇ ਬੋਝ ਪਾ ਸਕਦੇ ਹਾਂ। (ਗਲਾਤੀਆਂ 6:4 ਪੜ੍ਹੋ।) ਜੇ ਅਸੀਂ ਦੂਜਿਆਂ ਨਾਲ ਆਪਣੀ ਤੁਲਨਾ ਕਰਦੇ ਰਹਿੰਦੇ ਹਾਂ, ਤਾਂ ਸਾਡੇ ਵਿਚ ਈਰਖਾ ਤੇ ਮੁਕਾਬਲੇਬਾਜ਼ੀ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ। (ਗਲਾ. 5:26) ਜੇ ਅਸੀਂ ਦੂਜਿਆਂ ਨੂੰ ਦੇਖ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਨਹੀਂ ਕਰ ਸਕਦੇ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਨੁਕਸਾਨ ਪਹੁੰਚਾ ਲਈਏ। ਨਾਲੇ ਜ਼ਰਾ ਸੋਚੋ, ਬਾਈਬਲ ਕਹਿੰਦੀ ਹੈ ਕਿ “ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ।” (ਕਹਾ. 13:12) ਤਾਂ ਫਿਰ ਸੋਚੋ ਸਾਨੂੰ ਉਦੋਂ ਕਿੰਨਾ ਦੁੱਖ ਲੱਗੇਗਾ ਜੇ ਅਸੀਂ ਆਪਣੇ ਆਪ ਤੋਂ ਅਜਿਹੀ ਕੋਈ ਉਮੀਦ ਰੱਖੀਏ ਜੋ ਸ਼ਾਇਦ ਕਦੇ ਪੂਰੀ ਹੀ ਨਾ ਹੋਵੇ! ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸ਼ਾਇਦ ਅਸੀਂ ਥੱਕ ਜਾਈਏ ਅਤੇ ਜ਼ਿੰਦਗੀ ਦੀ ਦੌੜ ਵਿਚ ਹੌਲੀ ਹੋ ਜਾਈਏ।​—ਕਹਾ. 24:10.

11. ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਆਪਣੇ ਆਪ ਤੋਂ ਹੱਦੋਂ ਵੱਧ ਉਮੀਦਾਂ ਨਾ ਲਾਓ?

11 ਤੁਸੀਂ ਇਹ ਬੋਝ ਕਿਵੇਂ ਲਾਹ ਕੇ ਸੁੱਟ ਸਕਦੇ ਹੋ? ਯਹੋਵਾਹ ਤੁਹਾਡੇ ਤੋਂ ਜਿੰਨੀ ਉਮੀਦ ਰੱਖਦਾ ਹੈ, ਉਸ ਤੋਂ ਵੱਧ ਆਪਣੇ ਆਪ ਤੋਂ ਉਮੀਦ ਨਾ ਰੱਖੋ। ਯਹੋਵਾਹ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੀ ਉਮੀਦ ਨਹੀਂ ਰੱਖਦਾ ਜੋ ਤੁਸੀਂ ਉਸ ਨੂੰ ਦੇ ਨਹੀਂ ਸਕਦੇ। (2 ਕੁਰਿੰ. 8:12) ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਕੰਮਾਂ ਦੀ ਤੁਲਨਾ ਦੂਜਿਆਂ ਦੇ ਕੰਮਾਂ ਨਾਲ ਨਹੀਂ ਕਰਦਾ। (ਮੱਤੀ 25:20-23) ਉਹ ਤੁਹਾਡੀ ਦਿਲੋਂ ਕੀਤੀ ਸੇਵਾ, ਤੁਹਾਡੀ ਵਫ਼ਾਦਾਰੀ ਅਤੇ ਤੁਹਾਡੇ ਧੀਰਜ ਨੂੰ ਬਹੁਤ ਅਨਮੋਲ ਸਮਝਦਾ ਹੈ। ਨਿਮਰਤਾ ਨਾਲ ਕਬੂਲ ਕਰੋ ਕਿ ਆਪਣੀ ਉਮਰ, ਸਿਹਤ ਅਤੇ ਹਾਲਾਤਾਂ ਕਰਕੇ ਸ਼ਾਇਦ ਤੁਸੀਂ ਪਹਿਲਾਂ ਜਿੰਨਾ ਨਹੀਂ ਕਰ ਸਕਦੇ। ਜੇ ਸਿਹਤ ਜਾਂ ਉਮਰ ਕਰਕੇ ਤੁਸੀਂ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ, ਤਾਂ ਬਰਜ਼ਿੱਲਈ ਵਾਂਗ ਜ਼ਿੰਮੇਵਾਰੀ ਲੈਣ ਤੋਂ ਮਨ੍ਹਾ ਕਰ ਦਿਓ। (2 ਸਮੂ. 19:35, 36) ਮੂਸਾ ਵਾਂਗ ਦੂਜਿਆਂ ਤੋਂ ਮਦਦ ਲਓ ਅਤੇ ਜੇ ਹੋ ਸਕੇ, ਤਾਂ ਦੂਜਿਆਂ ਨੂੰ ਜ਼ਿੰਮੇਵਾਰੀਆਂ ਵੰਡ ਦਿਓ। (ਕੂਚ 18:21, 22) ਨਿਮਰ ਹੋਣ ਕਰਕੇ ਤੁਸੀਂ ਆਪਣੇ ਆਪ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਲਾਓਗੇ ਜਿਸ ਕਰਕੇ ਤੁਸੀਂ ਜ਼ਿੰਦਗੀ ਦੀ ਦੌੜ ਦੌੜਦੇ ਰਹਿ ਸਕਦੇ ਹੋ।

12. ਕੀ ਅਸੀਂ ਦੂਜਿਆਂ ਦੇ ਗ਼ਲਤ ਫ਼ੈਸਲਿਆਂ ਲਈ ਜ਼ਿੰਮੇਵਾਰ ਹਾਂ? ਸਮਝਾਓ।

12 ਦੂਜਿਆਂ ਦੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਉਣਾ। ਅਸੀਂ ਦੂਜਿਆਂ ਲਈ ਫ਼ੈਸਲੇ ਨਹੀਂ ਕਰ ਸਕਦੇ ਤੇ ਨਾ ਹੀ ਉਨ੍ਹਾਂ ਦੇ ਗ਼ਲਤ ਫ਼ੈਸਲਿਆਂ ਦੇ ਨਤੀਜਿਆਂ ਤੋਂ ਹਮੇਸ਼ਾ ਉਨ੍ਹਾਂ ਨੂੰ ਬਚਾ ਸਕਦੇ ਹਾਂ। ਉਦਾਹਰਣ ਲਈ, ਕੋਈ ਬੱਚਾ ਸ਼ਾਇਦ ਅੱਗੇ ਜਾ ਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵੇ। ਇਸ ਫ਼ੈਸਲੇ ਕਰਕੇ ਮਾਪਿਆਂ ਨੂੰ ਬਹੁਤ ਦੁੱਖ ਲੱਗ ਸਕਦਾ ਹੈ। ਪਰ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਗ਼ਲਤ ਫ਼ੈਸਲਿਆਂ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਉਹ ਆਪਣੇ ʼਤੇ ਭਾਰੀ ਬੋਝ ਪਾ ਲੈਂਦੇ ਹਨ। ਯਹੋਵਾਹ ਨਹੀਂ ਚਾਹੁੰਦਾ ਕਿ ਉਹ ਇਹ ਬੋਝ ਚੁੱਕਣ।​—ਰੋਮੀ. 14:12.

13. ਜੇ ਬੱਚੇ ਨੇ ਕੋਈ ਗ਼ਲਤ ਫ਼ੈਸਲਾ ਲਿਆ ਹੈ, ਤਾਂ ਮਾਪੇ ਕੀ ਕਰ ਸਕਦੇ ਹਨ?

13 ਤੁਸੀਂ ਇਹ ਬੋਝ ਕਿਵੇਂ ਲਾਹ ਕੇ ਸੁੱਟ ਸਕਦੇ ਹੋ? ਯਾਦ ਰੱਖੋ ਕਿ ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਫ਼ੈਸਲੇ ਆਪ ਕਰੀਏ। ਇਸ ਵਿਚ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਵੀ ਸ਼ਾਮਲ ਹੈ। ਯਹੋਵਾਹ ਜਾਣਦਾ ਹੈ ਕਿ ਤੁਸੀਂ ਮੁਕੰਮਲ ਮਾਪੇ ਨਹੀਂ ਹੋ। ਪਰ ਉਹ ਚਾਹੁੰਦਾ ਹੈ ਕਿ ਤੁਸੀਂ ਪੂਰੀ ਵਾਹ ਲਾ ਕੇ ਜੋ ਕਰ ਸਕਦੇ ਹੋ, ਉਹ ਕਰੋ। ਤੁਹਾਡਾ ਬੱਚਾ ਜੋ ਵੀ ਫ਼ੈਸਲਾ ਕਰਦਾ ਹੈ, ਉਸ ਲਈ ਉਹ ਜ਼ਿੰਮੇਵਾਰ ਹੈ, ਨਾ ਕਿ ਤੁਸੀਂ। (ਕਹਾ. 20:11) ਫਿਰ ਵੀ ਸ਼ਾਇਦ ਤੁਸੀਂ ਉਨ੍ਹਾਂ ਗ਼ਲਤੀਆਂ ਬਾਰੇ ਸੋਚਦੇ ਰਹੋ ਜੋ ਤੁਸੀਂ ਮਾਪਿਆਂ ਵਜੋਂ ਕੀਤੀਆਂ ਸਨ। ਜੇ ਇੱਦਾਂ ਹੈ, ਤਾਂ ਯਹੋਵਾਹ ਨੂੰ ਆਪਣੀਆਂ ਭਾਵਨਾਵਾਂ ਦੱਸੋ ਅਤੇ ਉਸ ਤੋਂ ਮਾਫ਼ੀ ਮੰਗੋ। ਉਹ ਜਾਣਦਾ ਹੈ ਕਿ ਤੁਸੀਂ ਬੀਤੇ ਸਮੇਂ ਵਿਚ ਵਾਪਸ ਨਹੀਂ ਜਾ ਸਕਦੇ ਅਤੇ ਜੋ ਹੋਇਆ ਹੈ, ਉਸ ਨੂੰ ਬਦਲ ਨਹੀਂ ਸਕਦੇ। ਪਰ ਉਹ ਇਹ ਵੀ ਉਮੀਦ ਨਹੀਂ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਦੇ ਅੰਜਾਮ ਭੁਗਤਣ ਤੋਂ ਬਚਾਓ। ਯਾਦ ਰੱਖੋ ਕਿ ਜੇ ਤੁਹਾਡਾ ਬੱਚਾ ਯਹੋਵਾਹ ਕੋਲ ਮੁੜ ਆਉਣ ਦੀ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕਰਦਾ ਹੈ, ਤਾਂ ਯਹੋਵਾਹ ਤੁਹਾਡੇ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਲੈ ਲਵੇਗਾ।​—ਲੂਕਾ 15:18-20.

14. ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ ਇਕ ਬੋਝ ਕਿਉਂ ਹੈ ਜਿਸ ਨੂੰ ਸਾਨੂੰ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ?

14 ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ। ਜਦੋਂ ਸਾਡੇ ਤੋਂ ਕੋਈ ਪਾਪ ਹੋ ਜਾਂਦਾ ਹੈ, ਤਾਂ ਦੋਸ਼ੀ ਮਹਿਸੂਸ ਕਰਨਾ ਸੁਭਾਵਕ ਹੈ। ਪਰ ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰੀਏ। ਸਾਨੂੰ ਇਸ ਬੋਝ ਨੂੰ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰ ਰਹੇ ਹਾਂ? ਜੇ ਅਸੀਂ ਆਪਣਾ ਪਾਪ ਕਬੂਲ ਕਰ ਲਿਆ ਹੈ, ਤੋਬਾ ਕੀਤੀ ਹੈ ਅਤੇ ਆਪਣੇ ਪਾਪ ਦੁਹਰਾਉਣ ਤੋਂ ਬਚਣ ਲਈ ਕਦਮ ਚੁੱਕੇ ਹਨ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ। (ਰਸੂ. 3:19) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਇਹ ਸਾਰੇ ਕਦਮ ਚੁੱਕਣ ਤੋਂ ਬਾਅਦ ਵੀ ਦੋਸ਼ੀ ਮਹਿਸੂਸ ਕਰਦੇ ਰਹੀਏ। ਉਹ ਜਾਣਦਾ ਹੈ ਕਿ ਦੋਸ਼ੀ ਮਹਿਸੂਸ ਕਰਦੇ ਰਹਿਣਾ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ! (ਜ਼ਬੂ. 31:10) ਜੇ ਅਸੀਂ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਈਏ, ਤਾਂ ਸ਼ਾਇਦ ਅਸੀਂ ਜ਼ਿੰਦਗੀ ਦੀ ਦੌੜ ਵਿਚ ਹਾਰ ਮੰਨ ਲਈਏ।​—2 ਕੁਰਿੰ. 2:7.

ਜਦੋਂ ਤੁਸੀਂ ਦਿਲੋਂ ਆਪਣੇ ਪਾਪਾਂ ਤੋਂ ਤੋਬਾ ਕਰ ਲੈਂਦੇ ਹੋ, ਤਾਂ ਯਹੋਵਾਹ ਤੁਹਾਡੇ ਪਾਪਾਂ ਬਾਰੇ ਸੋਚਦਾ ਨਹੀਂ ਰਹਿੰਦਾ ਤੇ ਨਾ ਹੀ ਤੁਹਾਨੂੰ ਸੋਚਦੇ ਰਹਿਣਾ ਚਾਹੀਦਾ ਹੈ (ਪੈਰਾ 15 ਦੇਖੋ)

15. ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ? (1 ਯੂਹੰਨਾ 3:19, 20) (ਤਸਵੀਰ ਵੀ ਦੇਖੋ।)

15 ਤੁਸੀਂ ਇਹ ਬੋਝ ਕਿਵੇਂ ਲਾਹ ਕੇ ਸੁੱਟ ਸਕਦੇ ਹੋ? ਜਦੋਂ ਤੁਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਦੇ ਹੋ, ਤਾਂ ਆਪਣਾ ਧਿਆਨ ਇਸ ਗੱਲ ʼਤੇ ਲਾਓ ਕਿ ਯਹੋਵਾਹ ਤੁਹਾਨੂੰ “ਦਿਲੋਂ ਮਾਫ਼” ਕਰਦਾ ਹੈ। (ਜ਼ਬੂ. 130:4) ਜਦੋਂ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ, ਤਾਂ ਉਹ ਵਾਅਦਾ ਕਰਦਾ ਹੈ: “ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।” (ਯਿਰ. 31:34) ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਜਿਹੜੇ ਪਾਪ ਮਾਫ਼ ਕਰ ਦਿੱਤੇ ਹਨ, ਉਹ ਤੁਹਾਨੂੰ ਉਨ੍ਹਾਂ ਦੀ ਸਜ਼ਾ ਨਹੀਂ ਦੇਵੇਗਾ। ਇਸ ਕਰਕੇ ਇਹ ਨਾ ਸੋਚੋ ਕਿ ਤੁਸੀਂ ਅੱਜ ਜੋ ਮੁਸ਼ਕਲਾਂ ਝੱਲ ਰਹੇ ਹੋ, ਉਹ ਇਸ ਕਰਕੇ ਹਨ ਕਿਉਂਕਿ ਯਹੋਵਾਹ ਨੇ ਤੁਹਾਨੂੰ ਮਾਫ਼ ਨਹੀਂ ਕੀਤਾ। ਨਾਲੇ ਜੇ ਤੁਹਾਡੀ ਗ਼ਲਤੀ ਕਰਕੇ ਮੰਡਲੀ ਵਿਚ ਤੁਹਾਡੇ ਤੋਂ ਕੁਝ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ ਹਨ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਤੁਹਾਡੇ ਪਾਪਾਂ ਬਾਰੇ ਸੋਚਦਾ ਨਹੀਂ ਰਹਿੰਦਾ ਤੇ ਨਾ ਹੀ ਤੁਹਾਨੂੰ ਸੋਚਦੇ ਰਹਿਣਾ ਚਾਹੀਦਾ ਹੈ।​1 ਯੂਹੰਨਾ 3:19, 20 ਪੜ੍ਹੋ।

ਜਿੱਤਣ ਲਈ ਦੌੜੋ

16. ਦੌੜਾਕਾਂ ਵਜੋਂ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

16 ਜ਼ਿੰਦਗੀ ਦੀ ਦੌੜ ਦੌੜਦੇ ਵੇਲੇ ਸਾਨੂੰ ‘ਇਸ ਤਰ੍ਹਾਂ ਦੌੜਨਾ ਚਾਹੀਦਾ ਹੈ ਕਿ ਅਸੀਂ ਇਨਾਮ ਜਿੱਤ ਸਕੀਏ।’ (1 ਕੁਰਿੰ. 9:24) ਅਸੀਂ ਇਸ ਤਰ੍ਹਾਂ ਤਾਂ ਹੀ ਕਰ ਸਕਦੇ ਹਾਂ ਜੇ ਸਾਨੂੰ ਪਤਾ ਹੈ ਕਿ ਸਾਨੂੰ ਕਿਹੜੇ ਭਾਰ ਚੁੱਕਣੇ ਚਾਹੀਦੇ ਹਨ ਤੇ ਕਿਹੜੇ ਬੋਝ ਸੁੱਟ ਦੇਣੇ ਚਾਹੀਦੇ ਹਨ। ਇਸ ਲੇਖ ਵਿਚ ਅਸੀਂ ਸਿਰਫ਼ ਇਨ੍ਹਾਂ ਦੀਆਂ ਕੁਝ ਉਦਾਹਰਣਾਂ ʼਤੇ ਹੀ ਚਰਚਾ ਕੀਤੀ ਹੈ। ਪਰ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਬੋਝ ਹੋ ਸਕਦੇ ਹਨ ਜੋ ਸ਼ਾਇਦ ਅਸੀਂ ਚੁੱਕੇ ਹੋਏ ਹੋਣ। ਜਿੱਦਾਂ ਯਿਸੂ ਨੇ ਕਿਹਾ ਸੀ ਕਿ “ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ।” (ਲੂਕਾ 21:34) ਇਨ੍ਹਾਂ ਅਤੇ ਹੋਰ ਆਇਤਾਂ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਜ਼ਿੰਦਗੀ ਦੀ ਦੌੜ ਦੌੜਦੇ ਰਹਿਣ ਲਈ ਸਾਨੂੰ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ।

17. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੀ ਦੌੜ ਜਿੱਤ ਲਵਾਂਗੇ?

17 ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੀ ਦੌੜ ਜਿੱਤ ਲਵਾਂਗੇ ਕਿਉਂਕਿ ਯਹੋਵਾਹ ਸਾਨੂੰ ਤਾਕਤ ਦੇਵੇਗਾ। (ਯਸਾ. 40:29-31) ਇਸ ਲਈ ਇਸ ਦੌੜ ਵਿਚ ਆਪਣੀ ਰਫ਼ਤਾਰ ਹੌਲੀ ਨਾ ਹੋਣ ਦਿਓ। ਪੌਲੁਸ ਰਸੂਲ ਦੀ ਰੀਸ ਕਰੋ ਜਿਸ ਨੇ ਆਪਣੇ ਅੱਗੇ ਰੱਖੇ ਇਨਾਮ ਨੂੰ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। (ਫ਼ਿਲਿ. 3:13, 14) ਕੋਈ ਵੀ ਤੁਹਾਡੇ ਲਈ ਇਹ ਦੌੜ ਨਹੀਂ ਦੌੜ ਸਕਦਾ, ਪਰ ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੀ ਦੌੜ ਜ਼ਰੂਰ ਪੂਰੀ ਕਰ ਸਕਦੇ ਹੋ। ਯਹੋਵਾਹ ਜ਼ਰੂਰੀ ਭਾਰ ਚੁੱਕਣ ਅਤੇ ਗ਼ੈਰ-ਜ਼ਰੂਰੀ ਬੋਝ ਸੁੱਟਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। (ਜ਼ਬੂ. 68:19) ਯਹੋਵਾਹ ਤੁਹਾਡੇ ਨਾਲ ਹੈ, ਇਸ ਲਈ ਤੁਸੀਂ ਧੀਰਜ ਨਾਲ ਇਹ ਦੌੜ ਦੌੜਦੇ ਰਹਿ ਸਕੋਗੇ ਅਤੇ ਜਿੱਤ ਸਕੋਗੇ।

ਗੀਤ 65 ਅੱਗੇ ਵਧਦੇ ਰਹੋ!

a ਇਹ ਲੇਖ ਜ਼ਿੰਦਗੀ ਦੀ ਦੌੜ ਦੌੜਨ ਵਿਚ ਸਾਡੀ ਮਦਦ ਕਰੇਗਾ। ਦੌੜਾਕਾਂ ਵਜੋਂ, ਸਾਡੇ ਲਈ ਕੁਝ ਭਾਰ ਚੁੱਕਣੇ ਜ਼ਰੂਰੀ ਹਨ। ਇਨ੍ਹਾਂ ਵਿਚ ਸਮਰਪਣ ਦਾ ਵਾਅਦਾ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਆਪਣੇ ਫ਼ੈਸਲਿਆਂ ਲਈ ਜ਼ਿੰਮੇਵਾਰ ਹੋਣਾ ਸ਼ਾਮਲ ਹੈ। ਪਰ ਸਾਨੂੰ ਉਹ ਗ਼ੈਰ-ਜ਼ਰੂਰੀ ਬੋਝ ਸੁੱਟ ਦੇਣੇ ਚਾਹੀਦੇ ਹਨ ਜਿਨ੍ਹਾਂ ਕਰਕੇ ਸਾਡੀ ਦੌੜਨ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ। ਇਹ ਬੋਝ ਕਿਹੜੇ ਹਨ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।