Skip to content

Skip to table of contents

1923​—ਸੌ ਸਾਲ ਪਹਿਲਾਂ

1923​—ਸੌ ਸਾਲ ਪਹਿਲਾਂ

‘ਸਾਨੂੰ ਉਮੀਦ ਹੈ ਕਿ 1923 ਇਕ ਬਹੁਤ ਹੀ ਦਿਲਚਸਪ ਸਾਲ ਹੋਵੇਗਾ। ਸਾਡੇ ਕੋਲ ਇਕ ਵੱਡਾ ਸਨਮਾਨ ਹੈ ਕਿ ਅਸੀਂ ਦੁਖੀ ਲੋਕਾਂ ਨੂੰ ਇਸ ਗੱਲ ਦੀ ਗਵਾਹੀ ਦੇ ਸਕਦੇ ਹਾਂ ਕਿ ਬਹੁਤ ਜਲਦ ਚੰਗਾ ਸਮਾਂ ਆਉਣ ਵਾਲਾ ਹੈ।’ ਇਹ ਗੱਲ 1 ਜਨਵਰੀ 1923 ਦੇ ਪਹਿਰਾਬੁਰਜ ਵਿਚ ਲਿਖੀ ਗਈ ਸੀ। ਸੱਚ-ਮੁੱਚ, ਇਹ ਸਾਲ ਬਹੁਤ ਦਿਲਚਸਪ ਰਿਹਾ। ਇਸ ਸਾਲ ਬਾਈਬਲ ਸਟੂਡੈਂਟਸ ਨੇ ਆਪਣੀਆਂ ਮੀਟਿੰਗਾਂ, ਵੱਡੇ ਸੰਮੇਲਨਾਂ ਅਤੇ ਪ੍ਰਚਾਰ ਕਰਨ ਦੇ ਤਰੀਕੇ ਵਿਚ ਬਹੁਤ ਸਾਰੇ ਬਦਲਾਅ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਵਿਚ ਏਕਤਾ ਹੋਰ ਵੀ ਵਧ ਗਈ। ਇਹ ਏਕਤਾ ਅੱਜ ਵੀ ਸਾਫ਼ ਦੇਖੀ ਜਾ ਸਕਦੀ ਹੈ।

ਮੀਟਿੰਗਾਂ ਕਰਕੇ ਏਕਤਾ ਹੋਰ ਵਧੀ

ਕਲੰਡਰ ਜਿਸ ਵਿਚ ਆਇਤਾਂ ਅਤੇ ਗੀਤ ਦੇ ਨੰਬਰ ਦਿੱਤੇ ਗਏ ਹਨ

ਇਸ ਸਾਲ ਦੌਰਾਨ ਸੰਗਠਨ ਨੇ ਕੁਝ ਫੇਰ-ਬਦਲ ਕੀਤੇ ਜਿਸ ਕਰਕੇ ਬਾਈਬਲ ਸਟੂਡੈਂਟਸ ਵਿਚ ਏਕਤਾ ਹੋਰ ਵੀ ਵੱਧ ਗਈ। ਹਰ ਹਫ਼ਤੇ ਹੋਣ ਵਾਲੀ ‘ਪ੍ਰਾਰਥਨਾ, ਤਾਰੀਫ਼ ਅਤੇ ਗਵਾਹੀ ਮੀਟਿੰਗ’ ਵਿਚ ਜਿਸ ਬਚਨ ʼਤੇ ਚਰਚਾ ਕੀਤੀ ਜਾਣੀ ਸੀ, ਉਸ ਬਚਨ ਨੂੰ ਪਹਿਰਾਬੁਰਜ ਰਸਾਲੇ ਵਿਚ ਸਮਝਾਇਆ ਜਾਣ ਲੱਗਾ। ਇਸ ਤੋਂ ਇਲਾਵਾ, ਬਾਈਬਲ ਸਟੂਡੈਂਟਸ ਇਕ ਕਲੰਡਰ ਵੀ ਛਾਪਣ ਲੱਗ ਪਏ ਜਿਸ ਵਿਚ ਹਰ ਹਫ਼ਤੇ ਮੀਟਿੰਗ ਵਿਚ ਚਰਚਾ ਕੀਤਾ ਜਾਣ ਵਾਲਾ ਬਚਨ ਅਤੇ ਹਰ ਰੋਜ਼ ਲਈ ਇਕ ਗੀਤ ਵੀ ਹੁੰਦਾ ਸੀ। ਇਨ੍ਹਾਂ ਗੀਤਾਂ ਨੂੰ ਲੋਕ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਜਾਂ ਪਰਿਵਾਰਕ ਸਟੱਡੀ ਕਰਦੇ ਵੇਲੇ ਗਾ ਸਕਦੇ ਸਨ।

ਬਾਈਬਲ ਸਟੂਡੈਂਟਸ ਆਪਣੀਆਂ ਮੀਟਿੰਗਾਂ ਵਿਚ “ਗਵਾਹੀ” ਵੀ ਦਿੰਦੇ ਹੁੰਦੇ ਸਨ। ਕਈ ਵਾਰ ਉਹ ਪ੍ਰਚਾਰ ਵਿਚ ਹੋਇਆ ਕੋਈ ਤਜਰਬਾ ਦੱਸਦੇ ਸਨ, ਯਹੋਵਾਹ ਦਾ ਧੰਨਵਾਦ ਕਰਦੇ ਸਨ, ਕੋਈ ਗੀਤ ਗਾਉਂਦੇ ਸਨ ਅਤੇ ਕਈ ਵਾਰ ਤਾਂ ਪ੍ਰਾਰਥਨਾ ਵੀ ਕਰਨ ਲੱਗ ਪੈਂਦੇ ਸਨ। ਭੈਣ ਈਵਾ ਬਾਰਨੀ ਦਾ ਬਪਤਿਸਮਾ 1923 ਵਿਚ ਹੋਇਆ, ਉਦੋਂ ਉਹ 15 ਸਾਲਾਂ ਦੀ ਸੀ। ਉਸ ਨੇ ਦੱਸਿਆ: “ਜੇ ਕਿਸੇ ਨੇ ‘ਗਵਾਹੀ’ ਦੇਣੀ ਹੁੰਦੀ ਸੀ, ਤਾਂ ਉਹ ਖੜ੍ਹਾ ਹੋ ਜਾਂਦਾ ਸੀ ਅਤੇ ਕੁਝ ਇੱਦਾਂ ਬੋਲਦਾ ਸੀ, ‘ਪ੍ਰਭੂ ਨੇ ਮੇਰੇ ਲਈ ਜੋ ਚੰਗੇ ਕੰਮ ਕੀਤੇ ਹਨ, ਉਨ੍ਹਾਂ ਲਈ ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’” ਕੁਝ ਭਰਾਵਾਂ ਨੂੰ ਇੱਦਾਂ “ਗਵਾਹੀ” ਦੇਣੀ ਬਹੁਤ ਵਧੀਆ ਲੱਗਦੀ ਸੀ। ਭੈਣ ਬਾਰਨੀ ਨੇ ਅੱਗੇ ਦੱਸਿਆ: “ਸਿਆਣੀ ਉਮਰ ਦੇ ਪਿਆਰੇ ਭਰਾ ਗੋਡਵਿਨ ਕੋਲ ਪ੍ਰਭੂ ਦਾ ਧੰਨਵਾਦ ਕਰਨ ਲਈ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸਨ। ਪਰ ਜਦੋਂ ਉਸ ਦੀ ਪਤਨੀ ਦੇਖਦੀ ਸੀ ਕਿ ਮੀਟਿੰਗ ਚਲਾਉਣ ਵਾਲਾ ਭਰਾ ਥੋੜ੍ਹਾ ਪਰੇਸ਼ਾਨ ਹੋ ਰਿਹਾ ਹੈ, ਤਾਂ ਉਹ ਪਿੱਛਿਓਂ ਆਪਣੇ ਪਤੀ ਦਾ ਕੋਰਟ ਖਿੱਚ ਦਿੰਦੀ ਸੀ ਅਤੇ ਉਹ ਬਹਿ ਜਾਂਦਾ ਸੀ।”

ਹਰ ਮੰਡਲੀ ਮਹੀਨੇ ਵਿਚ ਇਕ ਵਾਰ ‘ਪ੍ਰਾਰਥਨਾ, ਤਾਰੀਫ਼ ਅਤੇ ਗਵਾਹੀ’ ਦੀ ਖ਼ਾਸ ਸਭਾ ਕਰਦੀ ਸੀ। 1 ਅਪ੍ਰੈਲ 1923 ਦੇ ਪਹਿਰਾਬੁਰਜ ਵਿਚ ਇਸ ਮੀਟਿੰਗ ਬਾਰੇ ਇਸ ਤਰ੍ਹਾਂ ਦੱਸਿਆ ਗਿਆ ਸੀ: “ਮੀਟਿੰਗ ਦੇ ਅੱਧੇ ਟਾਈਮ ਭੈਣਾਂ-ਭਰਾਵਾਂ ਨੂੰ ਪ੍ਰਚਾਰ ਵਿਚ ਹੋਏ ਤਜਰਬੇ ਸੁਣਾਉਣੇ ਚਾਹੀਦੇ ਹਨ ਅਤੇ ਇਕ-ਦੂਜੇ ਦਾ ਹੌਸਲਾ ਵਧਾਉਣ ਲਈ ‘ਗਵਾਹੀ’ ਦੇਣੀ ਚਾਹੀਦੀ ਹੈ। . . . ਸਾਨੂੰ ਯਕੀਨ ਹੈ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਕੇ ਭੈਣ-ਭਰਾ ਇਕ-ਦੂਜੇ ਦੇ ਹੋਰ ਵੀ ਨੇੜੇ ਆਉਣਗੇ।”

ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਰਹਿਣ ਵਾਲੇ ਭਰਾ ਚਾਰਲਸ ਮਾਰਟਿਨ ਨੂੰ ਇਨ੍ਹਾਂ ਮੀਟਿੰਗਾਂ ਤੋਂ ਬਹੁਤ ਜ਼ਿਆਦਾ ਫ਼ਾਇਦਾ ਹੋਇਆ। ਉਸ ਵੇਲੇ ਉਹ 19 ਸਾਲਾਂ ਦਾ ਸੀ ਅਤੇ ਇਕ ਪ੍ਰਚਾਰਕ ਸੀ। ਉਸ ਨੇ ਬਾਅਦ ਵਿਚ ਦੱਸਿਆ: “ਇਨ੍ਹਾਂ ਮੀਟਿੰਗਾਂ ਵਿਚ ਹੀ ਮੈਂ ਪਹਿਲੀ ਵਾਰ ਸਿੱਖਿਆ ਕਿ ਘਰ-ਘਰ ਪ੍ਰਚਾਰ ਕਰਦੇ ਵੇਲੇ ਮੈਨੂੰ ਕੀ ਕਹਿਣਾ ਚਾਹੀਦਾ ਹੈ। ਅਕਸਰ ਇੱਦਾਂ ਹੀ ਹੁੰਦਾ ਸੀ ਕਿ ਭੈਣ-ਭਰਾ ਪ੍ਰਚਾਰ ਵਿਚ ਹੋਇਆ ਕੋਈ ਤਜਰਬਾ ਦੱਸਦੇ ਸਨ। ਇਸ ਤੋਂ ਮੈਂ ਜਾਣ ਸਕਿਆ ਕਿ ਮੈਂ ਲੋਕਾਂ ਨਾਲ ਕਿਵੇਂ ਗੱਲ ਕਰ ਸਕਦਾ ਹਾਂ ਅਤੇ ਜੇ ਕੋਈ ਮੈਨੂੰ ਸਵਾਲ ਪੁੱਛੇ, ਤਾਂ ਮੈਂ ਉਸ ਨੂੰ ਕਿਵੇਂ ਜਵਾਬ ਦੇ ਸਕਦਾ ਹਾਂ।”

ਪ੍ਰਚਾਰ ਕੰਮ ਕਰਕੇ ਏਕਤਾ ਹੋਰ ਵਧੀ

1 ਮਈ 1923 ਦਾ ਬੁਲੇਟਿਨ

ਪ੍ਰਚਾਰ ਲਈ “ਸੇਵਾ ਦਿਵਸ” ਰੱਖੇ ਜਾਣ ਲੱਗੇ। ਇਸ ਕਰਕੇ ਵੀ ਸੰਗਠਨ ਦੇ ਭੈਣਾਂ-ਭਰਾਵਾਂ ਵਿਚ ਏਕਤਾ ਹੋਰ ਵਧੀ। 1 ਅਪ੍ਰੈਲ 1923 ਦੇ ਪਹਿਰਾਬੁਰਜ ਵਿਚ ਇਹ ਘੋਸ਼ਣਾ ਕੀਤੀ ਗਈ: ‘ਮੰਗਲਵਾਰ 1 ਮਈ 1923 ਨੂੰ ਸੇਵਾ ਦਿਵਸ ਰੱਖਿਆ ਜਾ ਰਿਹਾ ਹੈ ਤਾਂਕਿ ਸਾਰੇ ਮਿਲ ਕੇ ਇਕ ਹੀ ਕੰਮ ਕਰਨ। ਨਾਲੇ ਹੁਣ ਤੋਂ ਹਰ ਮਹੀਨੇ ਦਾ ਪਹਿਲਾ ਮੰਗਲਵਾਰ ਸੇਵਾ ਦਿਵਸ ਹੋਵੇਗਾ। ਸਾਰੀਆਂ ਮੰਡਲੀਆਂ ਦੇ ਹਰੇਕ ਵਿਅਕਤੀ ਨੂੰ ਇਸ ਦਿਨ ਥੋੜ੍ਹਾ-ਬਹੁਤਾ ਪ੍ਰਚਾਰ ਜ਼ਰੂਰ ਕਰਨਾ ਚਾਹੀਦਾ ਹੈ।’

ਨੌਜਵਾਨ ਬਾਈਬਲ ਸਟੂਡੈਂਟਸ ਨੇ ਵੀ ਇਸ ਕੰਮ ਵਿਚ ਹਿੱਸਾ ਲਿਆ। ਭੈਣ ਹੇਜ਼ਲ ਬਰਫਰਡ ਉਸ ਵੇਲੇ ਸਿਰਫ਼ 16 ਸਾਲਾਂ ਦੀ ਸੀ। ਉਹ ਦੱਸਦੀ ਹੈ: “ਬੁਲੇਟਿਨ ਵਿਚ ਗੱਲਬਾਤ ਕਰਨ ਲਈ ਸੁਝਾਅ ਦਿੱਤੇ ਜਾਂਦੇ ਸਨ ਜਿਨ੍ਹਾਂ ਨੂੰ ਅਸੀਂ ਯਾਦ ਕਰਨਾ ਹੁੰਦਾ ਸੀ। a ਮੈਂ ਅਤੇ ਨਾਨਾ ਜੀ ਜੋਸ਼ ਨਾਲ ਇਨ੍ਹਾਂ ਵਿਚ ਹਿੱਸਾ ਲੈਂਦੇ ਸੀ।” ਪਰ ਫਿਰ ਕਿਸੇ ਨੇ ਭੈਣ ਬਰਫਰਡ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਤਾ ਕਿਹਨੇ? ਇਕ ਸਿਆਣੀ ਉਮਰ ਦੇ ਭਰਾ ਨੇ। ਉਹ ਦੱਸਦੀ ਹੈ: “[ਉਸ] ਭਰਾ ਨੇ ਸਖ਼ਤੀ ਨਾਲ ਕਿਹਾ ਕਿ ਮੈਨੂੰ ਲੋਕਾਂ ਨਾਲ ਜਾ ਕੇ ਗੱਲਬਾਤ ਨਹੀਂ ਕਰਨੀ ਚਾਹੀਦੀ। ਅਸਲ ਵਿਚ, ਉਸ ਵੇਲੇ ਹਰ ਕੋਈ ਇਹ ਗੱਲ ਨਹੀਂ ਸਮਝਦਾ ਸੀ ਕਿ ਸਾਰੇ ਬਾਈਬਲ ਸਟੂਡੈਂਟਸ ਨੂੰ ਸਾਡੇ ਮਹਾਨ ਸ੍ਰਿਸ਼ਟੀਕਰਤਾ ਦੀ ਮਹਿਮਾ ਕਰਨੀ ਚਾਹੀਦੀ ਹੈ ਜਿਨ੍ਹਾਂ ਵਿਚ ‘ਗੱਭਰੂ ਤੇ ਮੁਟਿਆਰਾਂ’ ਵੀ ਸ਼ਾਮਲ ਹਨ।” (ਜ਼ਬੂ. 148:12, 13) ਭੈਣ ਬਰਫਰਡ ਨੂੰ ਥੋੜ੍ਹਾ ਧੱਕਾ ਤਾਂ ਲੱਗਾ, ਪਰ ਉਸ ਨੇ ਹਾਰ ਨਹੀਂ ਮੰਨੀ, ਉਹ ਪ੍ਰਚਾਰ ਕਰਦੀ ਰਹੀ। ਬਾਅਦ ਵਿਚ ਉਹ ਗਿਲਿਅਡ ਸਕੂਲ ਦੀ ਦੂਜੀ ਕਲਾਸ ਵਿਚ ਗਈ ਅਤੇ ਫਿਰ ਉਸ ਨੇ ਪਨਾਮਾ ਵਿਚ ਮਿਸ਼ਨਰੀ ਸੇਵਾ ਕੀਤੀ। ਸਮੇਂ ਦੇ ਬੀਤਣ ਨਾਲ ਭਰਾਵਾਂ ਨੇ ਆਪਣੀ ਸੋਚ ਬਦਲੀ ਅਤੇ ਉਹ ਸਮਝ ਗਏ ਕਿ ਨੌਜਵਾਨ ਭੈਣਾਂ-ਭਰਾਵਾਂ ਨੂੰ ਵੀ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ।

ਸੰਮੇਲਨਾਂ ਕਰਕੇ ਏਕਤਾ ਹੋਰ ਵਧੀ

ਸਥਾਨਕ ਅਤੇ ਵੱਡੇ ਸੰਮੇਲਨਾਂ ਕਰਕੇ ਵੀ ਭੈਣਾਂ-ਭਰਾਵਾਂ ਵਿਚ ਏਕਤਾ ਵਧੀ। ਇਨ੍ਹਾਂ ਵਿੱਚੋਂ ਕਈ ਸੰਮੇਲਨਾਂ ਵਿਚ ਪ੍ਰਚਾਰ ਲਈ ਸੇਵਾ ਦਿਵਸ ਰੱਖੇ ਜਾਂਦੇ ਸਨ। ਜਿਵੇਂ ਇਕ ਵਾਰ ਜਦੋਂ ਕੈਨੇਡਾ ਦੇ ਵਿਨੀਪੈਗ ਵਿਚ ਇਕ ਵੱਡਾ ਸੰਮੇਲਨ ਹੋਇਆ, ਤਾਂ ਉੱਥੇ ਵੀ 31 ਮਾਰਚ ਨੂੰ ਸੇਵਾ ਦਿਵਸ ਰੱਖਿਆ ਗਿਆ। ਇਸ ਨੂੰ “ਵਿਨੀਪੈਗ ਵਿਚ ਜ਼ੋਰਦਾਰ ਧਮਾਕਾ” ਨਾਂ ਦਿੱਤਾ ਗਿਆ। ਸੰਮੇਲਨ ਵਿਚ ਆਏ ਸਾਰੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਕਿ ਉਹ ਉਸ ਦਿਨ ਸ਼ਹਿਰ ਵਿਚ ਪ੍ਰਚਾਰ ਕਰਨ। ਜਦੋਂ ਵੀ ਸੇਵਾ ਦਿਵਸ ਰੱਖੇ ਜਾਂਦੇ ਸਨ, ਤਾਂ ਇਨ੍ਹਾਂ ਦੌਰਾਨ ਭੈਣ-ਭਰਾ ਬਹੁਤ ਸਾਰੇ ਲੋਕਾਂ ਨਾਲ ਮਿਲ ਸਕਦੇ ਸਨ। ਇਸ ਕਰਕੇ ਸਾਡੇ ਕੰਮ ਵਿਚ ਕਾਫ਼ੀ ਵਾਧਾ ਹੋਇਆ। 5 ਅਗਸਤ ਨੂੰ ਵਿਨੀਪੈਗ ਵਿਚ ਇਕ ਹੋਰ ਵੱਡਾ ਸੰਮੇਲਨ ਰੱਖਿਆ ਗਿਆ ਜਿਸ ਵਿਚ ਲਗਭਗ 7,000 ਲੋਕ ਹਾਜ਼ਰ ਹੋਏ। ਇਸ ਤੋਂ ਪਹਿਲਾਂ ਕੈਨੇਡਾ ਵਿਚ ਹੋਏ ਕਿਸੇ ਵੀ ਵੱਡੇ ਸੰਮੇਲਨ ਵਿਚ ਇੰਨੇ ਸਾਰੇ ਲੋਕ ਨਹੀਂ ਆਏ ਸਨ।

1923 ਵਿਚ ਯਹੋਵਾਹ ਦੇ ਲੋਕਾਂ ਦਾ ਇਕ ਬਹੁਤ ਹੀ ਖ਼ਾਸ ਸੰਮੇਲਨ ਹੋਇਆ। ਇਹ 18-26 ਅਗਸਤ ਨੂੰ ਕੈਲੇਫ਼ੋਰਨੀਆ ਦੇ ਲਾਸ ਏਂਜਲੀਜ਼ ਸ਼ਹਿਰ ਵਿਚ ਹੋਇਆ। ਵੱਡੇ ਸੰਮੇਲਨ ਤੋਂ ਕੁਝ ਹਫ਼ਤੇ ਪਹਿਲਾਂ ਹੀ ਅਖ਼ਬਾਰਾਂ ਵਿਚ ਇਸ ਦੇ ਇਸ਼ਤਿਹਾਰ ਆਉਣ ਲੱਗ ਪਏ। ਨਾਲੇ ਬਾਈਬਲ ਸਟੂਡੈਂਟਸ ਨੇ ਲੋਕਾਂ ਨੂੰ ਇਸ ਸੰਮੇਲਨ ʼਤੇ ਆਉਣ ਦਾ ਸੱਦਾ ਦੇਣ ਲਈ 5,00,000 ਤੋਂ ਵੀ ਜ਼ਿਆਦਾ ਪਰਚੇ ਵੰਡੇ। ਆਵਾਜਾਈ ਦੇ ਸਾਧਨਾਂ ਅਤੇ ਲੋਕਾਂ ਦੀਆਂ ਗੱਡੀਆਂ ʼਤੇ ਵੀ ਵੱਡੇ ਸੰਮੇਲਨ ਦੇ ਬੈਨਰ ਲਾਏ ਗਏ।

1923 ਵਿਚ ਲਾਸ ਏਂਜਲੀਜ਼ ਸ਼ਹਿਰ ਵਿਚ ਬਾਈਬਲ ਸਟੂਡੈਂਟਸ ਦਾ ਵੱਡਾ ਸੰਮੇਲਨ

ਸ਼ਨੀਵਾਰ 25 ਅਗਸਤ ਨੂੰ ਭਰਾ ਰਦਰਫ਼ਰਡ ਨੇ ਇਕ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਭੇਡਾਂ ਅਤੇ ਬੱਕਰੀਆਂ।” ਇਸ ਭਾਸ਼ਣ ਵਿਚ ਉਸ ਨੇ ਸਾਫ਼-ਸਾਫ਼ ਦੱਸਿਆ ਕਿ “ਭੇਡਾਂ” ਉਹ ਨੇਕਦਿਲ ਲੋਕ ਹਨ ਜੋ ਬਾਗ਼ ਵਰਗੀ ਸੋਹਣੀ ਧਰਤੀ ʼਤੇ ਰਹਿਣਗੇ। ਉਸ ਨੇ ਇਕ ਮਤਾ ਵੀ ਪੜ੍ਹਿਆ ਜਿਸ ਦਾ ਨਾਂ ਸੀ, “ਇਕ ਚੇਤਾਵਨੀ।” ਇਸ ਮਤੇ ਵਿਚ ਉਸ ਨੇ ਈਸਾਈ-ਜਗਤ ਦੀ ਨਿੰਦਿਆ ਕੀਤੀ ਅਤੇ ਨੇਕਦਿਲ ਲੋਕਾਂ ਨੂੰ ਗੁਜ਼ਾਰਸ਼ ਕੀਤੀ ਕਿ ਉਹ “ਮਹਾਂ ਬਾਬਲ” ਵਿੱਚੋਂ ਨਿਕਲ ਆਉਣ। (ਪ੍ਰਕਾ. 18:2, 4) ਬਾਅਦ ਵਿਚ ਦੁਨੀਆਂ ਭਰ ਵਿਚ ਬਾਈਬਲ ਸਟੂਡੈਂਟਸ ਨੇ ਜੋਸ਼ ਨਾਲ ਇਸ ਮਤੇ ਦੀਆਂ ਲੱਖਾਂ ਹੀ ਕਾਪੀਆਂ ਵੰਡੀਆਂ।

“ਅਜਿਹੀਆਂ ਮੀਟਿੰਗਾਂ ਕਰਕੇ ਭੈਣ-ਭਰਾ ਇਕ-ਦੂਜੇ ਦੇ ਹੋਰ ਵੀ ਨੇੜੇ ਆ ਜਾਣਗੇ”

ਸੰਮੇਲਨ ਦੇ ਆਖ਼ਰੀ ਦਿਨ 30,000 ਤੋਂ ਵੀ ਜ਼ਿਆਦਾ ਲੋਕ ਭਰਾ ਰਦਰਫ਼ਰਡ ਦਾ ਪਬਲਿਕ ਭਾਸ਼ਣ ਸੁਣਨ ਆਏ। ਉਸ ਦਾ ਵਿਸ਼ਾ ਸੀ, “ਸਾਰੀਆਂ ਕੌਮਾਂ ਆਰਮਾਗੇਡਨ ਵੱਲ ਵਧ ਰਹੀਆਂ ਹਨ, ਪਰ ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਬਾਈਬਲ ਸਟੂਡੈਂਟਸ ਨੂੰ ਉਮੀਦ ਸੀ ਕਿ ਇਸ ਵੱਡੇ ਸੰਮੇਲਨ ਵਿਚ ਹਜ਼ਾਰਾਂ ਲੋਕ ਆਉਣਗੇ। ਇਸ ਲਈ ਉਨ੍ਹਾਂ ਨੇ ਲਾਸ ਏਂਜਲੀਜ਼ ਕੋਲੀਜ਼ੀਅਮ ਨਾਂ ਦਾ ਸਟੇਡੀਅਮ ਕਿਰਾਏ ʼਤੇ ਲਿਆ ਜੋ ਨਵਾਂ-ਨਵਾਂ ਬਣਿਆ ਸੀ। ਉਹ ਚਾਹੁੰਦੇ ਸਨ ਕਿ ਸਾਰੇ ਜਣੇ ਭਾਸ਼ਣ ਨੂੰ ਚੰਗੀ ਤਰ੍ਹਾਂ ਸੁਣ ਸਕਣ ਜਿਸ ਕਰਕੇ ਉਨ੍ਹਾਂ ਨੇ ਸਟੇਡੀਅਮ ਦੇ ਲਾਊਡਸਪੀਕਰ ਵਰਤੇ। ਉਸ ਸਮੇਂ ਇਹ ਨਵੇਂ-ਨਵੇਂ ਆਏ ਸਨ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕਾਂ ਨੇ ਰੇਡੀਓ ʼਤੇ ਵੀ ਇਹ ਪ੍ਰੋਗ੍ਰਾਮ ਸੁਣਿਆ।

ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਫੈਲਦਾ ਗਿਆ

1923 ਵਿਚ ਅਫ਼ਰੀਕਾ, ਯੂਰਪ, ਭਾਰਤ ਅਤੇ ਦੱਖਣੀ ਅਮਰੀਕਾ ਵਿਚ ਪ੍ਰਚਾਰ ਦਾ ਕੰਮ ਬਹੁਤ ਜ਼ਿਆਦਾ ਫੈਲ ਗਿਆ। ਭਾਰਤ ਵਿਚ ਭਰਾ ਏ. ਜੇ. ਜੋਸਫ਼ ਆਪਣੀ ਪਤਨੀ ਤੇ ਛੇ ਬੱਚਿਆਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਹਿੰਦੀ, ਤਾਮਿਲ, ਤੇਲਗੂ ਅਤੇ ਉਰਦੂ ਭਾਸ਼ਾ ਵਿਚ ਪ੍ਰਕਾਸ਼ਨ ਛਾਪਣ ਦੇ ਕੰਮ ਵਿਚ ਵੀ ਮਦਦ ਕਰਦਾ ਸੀ।

ਵਿਲੀਅਮ ਆਰ. ਬਰਾਊਨ ਅਤੇ ਉਸ ਦਾ ਪਰਿਵਾਰ

ਸੀਅਰਾ ਲਿਓਨ ਵਿਚ ਐਲਫ੍ਰੈਡ ਜੋਸਫ਼ ਤੇ ਲੈਨਡ ਬਲੈਕਮੈਨ ਨਾਂ ਦੇ ਦੋ ਬਾਈਬਲ ਸਟੂਡੈਂਟਸ ਸਨ। ਉਨ੍ਹਾਂ ਨੇ ਨਿਊਯਾਰਕ ਦੇ ਬਰੁਕਲਿਨ ਸ਼ਹਿਰ ਵਿਚ ਸਾਡੇ ਮੁੱਖ ਦਫ਼ਤਰ ਨੂੰ ਇਕ ਚਿੱਠੀ ਲਿਖ ਕੇ ਮਦਦ ਮੰਗੀ। ਉਨ੍ਹਾਂ ਨੂੰ 14 ਅਪ੍ਰੈਲ 1923 ਨੂੰ ਆਪਣੀ ਚਿੱਠੀ ਦਾ ਜਵਾਬ ਮਿਲਿਆ। ਭਰਾ ਐਲਫ੍ਰੈਡ ਦੱਸਦਾ ਹੈ: “ਸ਼ਨੀਵਾਰ ਦੇਰ ਰਾਤ ਨੂੰ ਅਚਾਨਕ ਫ਼ੋਨ ਦੀ ਘੰਟੀ ਵੱਜੀ।” ਜਦੋਂ ਉਸ ਨੇ ਫ਼ੋਨ ਚੁੱਕਿਆ, ਤਾਂ ਕਿਸੇ ਨੇ ਜ਼ੋਰਦਾਰ ਆਵਾਜ਼ ਨਾਲ ਪੁੱਛਿਆ, “ਕੀ ਤੁਸੀਂ ਵਾਚ ਟਾਵਰ ਸੋਸਾਇਟੀ ਨੂੰ ਚਿੱਠੀ ਲਿਖ ਕੇ ਮਦਦ ਮੰਗੀ ਸੀ?” ਭਰਾ ਐਲਫ੍ਰੈਡ ਨੇ ਜਵਾਬ ਦਿੱਤਾ, “ਹਾਂਜੀ।” ਫਿਰ ਉਸ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਭੇਜਿਆ ਹੈ।” ਇਹ ਆਵਾਜ਼ ਭਰਾ ਵਿਲੀਅਮ ਆਰ. ਬਰਾਊਨ ਦੀ ਸੀ। ਉਹ ਉਸੇ ਦਿਨ ਕੈਰੀਬੀਅਨ ਤੋਂ ਆਪਣੀ ਪਤਨੀ ਅਨਟੋਨੀਆ ਅਤੇ ਆਪਣੀਆਂ ਦੋ ਕੁੜੀਆਂ ਲੁਈਜ਼ ਤੇ ਲੂਸੀ ਨਾਲ ਸੀਅਰਾ ਲਿਓਨ ਪਹੁੰਚਿਆ ਸੀ। ਭਰਾਵਾਂ ਨੂੰ ਭਰਾ ਬਰਾਊਨ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਜ਼ਿਆਦਾ ਉਡੀਕ ਨਹੀਂ ਕਰਨੀ ਪਈ।

ਐਲਫ੍ਰੈਡ ਨੇ ਇਹ ਵੀ ਦੱਸਿਆ: “ਅਗਲੀ ਸਵੇਰ ਮੈਂ ਅਤੇ ਲੈਨਡ ਬਾਈਬਲ ʼਤੇ ਚਰਚਾ ਕਰ ਰਹੇ ਸੀ, ਜਿਵੇਂ ਅਸੀਂ ਹਰ ਹਫ਼ਤੇ ਕਰਦੇ ਹੁੰਦੇ ਸੀ। ਉਸੇ ਸਮੇਂ ਸਾਡੇ ਦਰਵਾਜ਼ੇ ʼਤੇ ਇਕ ਲੰਬਾ-ਚੌੜਾ ਆਦਮੀ ਆਇਆ। ਉਹ ਭਰਾ ਬਰਾਊਨ ਸੀ। ਉਸ ਵਿਚ ਸੱਚਾਈ ਲਈ ਇੰਨਾ ਜੋਸ਼ ਸੀ ਕਿ ਉਹ ਅਗਲੇ ਹੀ ਦਿਨ ਇਕ ਪਬਲਿਕ ਭਾਸ਼ਣ ਦੇਣਾ ਚਾਹੁੰਦਾ ਸੀ।” ਭਰਾ ਬਰਾਊਨ ਆਪਣੇ ਨਾਲ ਜਿੰਨੇ ਵੀ ਪ੍ਰਕਾਸ਼ਨ ਲਿਆਇਆ ਸੀ, ਉਹ ਉਸ ਨੇ ਇਕ ਮਹੀਨੇ ਦੇ ਅੰਦਰ-ਅੰਦਰ ਖ਼ਤਮ ਕਰ ਦਿੱਤੇ। ਫਿਰ ਕੁਝ ਸਮੇਂ ਬਾਅਦ ਉਸ ਨੂੰ 5,000 ਹੋਰ ਕਿਤਾਬਾਂ ਮਿਲੀਆਂ ਅਤੇ ਉਹ ਵੀ ਉਸ ਨੇ ਛੇਤੀ ਹੀ ਵੰਡ ਦਿੱਤੀਆਂ। ਹੁਣ ਉਸ ਨੂੰ ਹੋਰ ਕਿਤਾਬਾਂ ਚਾਹੀਦੀਆਂ ਸਨ। ਪਰ ਭਰਾ ਬਰਾਊਨ ਕਿਤਾਬਾਂ ਵੇਚਣ ਵਾਲੇ ਵਜੋਂ ਨਹੀਂ ਜਾਣਿਆ ਜਾਂਦਾ ਸੀ। ਇਸ ਦੀ ਬਜਾਇ, ਲੋਕ ਪਿਆਰ ਨਾਲ ਉਸ ਨੂੰ “ਬਾਈਬਲ ਬਰਾਊਨ” ਕਹਿ ਕੇ ਬੁਲਾਉਂਦੇ ਸਨ। ਕਿਉਂ? ਕਿਉਂਕਿ ਉਹ ਹਮੇਸ਼ਾ ਆਪਣੇ ਭਾਸ਼ਣਾਂ ਵਿਚ ਬਾਈਬਲ ਦੀਆਂ ਆਇਤਾਂ ਵਰਤਦਾ ਸੀ। ਉਸ ਨੇ ਕਾਫ਼ੀ ਲੰਬੇ ਸਮੇਂ ਤਕ ਜੋਸ਼ ਨਾਲ ਯਹੋਵਾਹ ਦੀ ਸੇਵਾ ਕੀਤੀ।

ਲਗਭਗ 1923 ਵਿਚ ਮੈਗਡੇਬਰਗ ਬੈਥਲ ਦੀ ਤਸਵੀਰ

ਇਸ ਦੌਰਾਨ ਜਰਮਨੀ ਦੇ ਬਾਰਮੈਨ ਸ਼ਹਿਰ ਵਿਚ ਜੋ ਬ੍ਰਾਂਚ ਆਫ਼ਿਸ ਸੀ, ਉਹ ਜਗ੍ਹਾ ਭੈਣਾਂ-ਭਰਾਵਾਂ ਲਈ ਛੋਟੀ ਪੈ ਰਹੀ ਸੀ ਅਤੇ ਇਹ ਵੀ ਸੁਣਨ ਵਿਚ ਆ ਰਿਹਾ ਸੀ ਕਿ ਜਲਦੀ ਹੀ ਫਰਾਂਸ ਦੀ ਫ਼ੌਜ ਇਸ ਸ਼ਹਿਰ ʼਤੇ ਕਬਜ਼ਾ ਕਰਨ ਵਾਲੀ ਹੈ। ਫਿਰ ਬਾਈਬਲ ਸਟੂਡੈਂਟਸ ਨੇ ਮੈਗਡੇਬਰਗ ਵਿਚ ਇਕ ਜਗ੍ਹਾ ਲੱਭੀ ਜੋ ਛਪਾਈ ਦੇ ਕੰਮ ਲਈ ਇਕਦਮ ਸਹੀ ਲੱਗ ਰਹੀ ਸੀ। ਭਰਾਵਾਂ ਨੇ 19 ਜੂਨ ਨੂੰ ਛਪਾਈ ਦੀਆਂ ਮਸ਼ੀਨਾਂ ਅਤੇ ਬ੍ਰਾਂਚ ਆਫ਼ਿਸ ਦਾ ਬਾਕੀ ਸਾਮਾਨ ਬੰਨ੍ਹਿਆ ਅਤੇ ਮੈਗਡੇਬਰਗ ਦੇ ਨਵੇਂ ਬੈਥਲ ਵਿਚ ਚਲੇ ਗਏ। ਜਿਸ ਦਿਨ ਉਨ੍ਹਾਂ ਨੇ ਮੁੱਖ ਦਫ਼ਤਰ ਨੂੰ ਇਹ ਖ਼ਬਰ ਦਿੱਤੀ ਕਿ ਸਾਰਾ ਸਾਮਾਨ ਅਤੇ ਭੈਣ-ਭਰਾ ਸਹੀ-ਸਲਾਮਤ ਨਵੇਂ ਬੈਥਲ ਵਿਚ ਪਹੁੰਚ ਗਏ ਹਨ, ਉਸ ਤੋਂ ਅਗਲੇ ਹੀ ਦਿਨ ਅਖ਼ਬਾਰਾਂ ਵਿਚ ਖ਼ਬਰ ਆਈ ਕਿ ਫਰਾਂਸ ਨੇ ਬਾਰਮੈਨ ਸ਼ਹਿਰ ʼਤੇ ਕਬਜ਼ਾ ਕਰ ਲਿਆ ਹੈ। ਭਰਾਵਾਂ ਨੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਸ ਨੇ ਉਨ੍ਹਾਂ ਦੀ ਹਿਫਾਜ਼ਤ ਕੀਤੀ ਅਤੇ ਉਨ੍ਹਾਂ ਦੀ ਮਦਦ ਕੀਤੀ।

ਭਰਾ ਜੋਰਜ ਯੰਗ, ਭੈਣ ਸੇਰਾਹ ਫਰਗਸਨ (ਸੱਜੇ ਪਾਸੇ) ਅਤੇ ਸੇਰਾਹ ਦੀ ਭੈਣ

ਦੁਨੀਆਂ ਦੇ ਇਕ ਦੂਸਰੇ ਹਿੱਸੇ ਵਿਚ ਭਰਾ ਜੋਰਜ ਯੰਗ ਨੇ ਬਹੁਤ ਮਿਹਨਤ ਕੀਤੀ। ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਦੂਰ-ਦੂਰ ਤਕ ਸਫ਼ਰ ਕਰਦਾ ਸੀ। ਜਦੋਂ ਉਹ ਬ੍ਰਾਜ਼ੀਲ ਪਹੁੰਚਿਆ, ਤਾਂ ਉਸ ਨੇ ਇਕ ਨਵਾਂ ਬ੍ਰਾਂਚ ਆਫ਼ਿਸ ਖੋਲ੍ਹਿਆ ਅਤੇ ਪੁਰਤਗਾਲੀ ਭਾਸ਼ਾ ਵਿਚ ਪਹਿਰਾਬੁਰਜ ਰਸਾਲੇ ਛਾਪਣ ਲੱਗਾ। ਉਸ ਨੇ ਕੁਝ ਮਹੀਨਿਆਂ ਵਿਚ ਹੀ 7,000 ਤੋਂ ਜ਼ਿਆਦਾ ਪ੍ਰਕਾਸ਼ਨ ਵੰਡ ਦਿੱਤੇ। ਜਦੋਂ ਉਹ ਬ੍ਰਾਜ਼ੀਲ ਆਇਆ, ਤਾਂ ਭੈਣ ਸੇਰਾਹ ਫਰਗਸਨ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕਿਉਂ? ਕਿਉਂਕਿ ਭੈਣ 1899 ਤੋਂ ਪਹਿਰਾਬੁਰਜ ਰਸਾਲੇ ਪੜ੍ਹ ਰਹੀ ਸੀ, ਪਰ ਹੁਣ ਤਕ ਉਹ ਬਪਤਿਸਮਾ ਲੈ ਕੇ ਆਪਣਾ ਸਮਰਪਣ ਸਾਰਿਆਂ ਸਾਮ੍ਹਣੇ ਜ਼ਾਹਰ ਨਹੀਂ ਕਰ ਸਕੀ ਸੀ। ਫਿਰ ਕੁਝ ਹੀ ਮਹੀਨਿਆਂ ਬਾਅਦ ਭੈਣ ਫਰਗਸਨ ਅਤੇ ਉਸ ਦੇ ਚਾਰ ਬੱਚਿਆਂ ਨੇ ਬਪਤਿਸਮਾ ਲੈ ਲਿਆ।

“ਅਸੀਂ ਹੋਰ ਵੀ ਜੋਸ਼ ਅਤੇ ਖ਼ੁਸ਼ੀ ਨਾਲ ਸੇਵਾ ਕਰਾਂਗੇ”

ਸਾਲ ਦੇ ਅਖ਼ੀਰ ਵਿਚ 15 ਦਸੰਬਰ 1923 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ ਮੀਟਿੰਗਾਂ, ਪ੍ਰਚਾਰ ਕੰਮ ਅਤੇ ਸੰਮੇਲਨ ਵਿਚ ਜੋ ਫੇਰ-ਬਦਲ ਕੀਤੇ ਗਏ, ਉਨ੍ਹਾਂ ਕਰਕੇ ਬਾਈਬਲ ਸਟੂਡੈਂਟਸ ਨੂੰ ਕੀ ਫ਼ਾਇਦੇ ਹੋਏ। ਇਸ ਪਹਿਰਾਬੁਰਜ ਵਿਚ ਲਿਖਿਆ ਸੀ: ‘ਇਸ ਤੋਂ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੰਡਲੀਆਂ ਵਿਚ ਭੈਣਾਂ-ਭਰਾਵਾਂ ਦੀ ਨਿਹਚਾ ਹੋਰ ਵੀ ਵੱਧ ਗਈ ਹੈ। ਤਾਂ ਫਿਰ ਆਓ ਆਪਾਂ ਹਥਿਆਰਾਂ ਨਾਲ ਲੈਸ ਹੋ ਜਾਈਏ ਅਤੇ ਪੱਕਾ ਇਰਾਦਾ ਕਰੀਏ ਕਿ ਆਉਣ ਵਾਲੇ ਸਾਲਾਂ ਵਿਚ ਅਸੀਂ ਹੋਰ ਵੀ ਜੋਸ਼ ਅਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਾਂਗੇ।’

ਅਗਲਾ ਸਾਲ ਬਾਈਬਲ ਸਟੂਡੈਂਟਸ ਲਈ ਬਹੁਤ ਹੀ ਦਿਲਚਸਪ ਹੋਣਾ ਸੀ। ਬੈਥਲ ਦੇ ਭਰਾਵਾਂ ਨੇ ਸਟੇਟਨ ਆਈਲੈਂਡ ਵਿਚ ਇਕ ਜਗ੍ਹਾ ਖ਼ਰੀਦੀ ਜਿਸ ʼਤੇ ਉਹ ਕਈ ਮਹੀਨਿਆਂ ਤੋਂ ਕੰਮ ਕਰ ਰਹੇ ਸਨ। ਇਹ ਜਗ੍ਹਾ ਬਰੁਕਲਿਨ ਵਿਚ ਸਾਡੇ ਮੁੱਖ ਦਫ਼ਤਰ ਤੋਂ ਜ਼ਿਆਦਾ ਦੂਰ ਨਹੀਂ ਸੀ। ਉਸ ਨਵੀਂ ਜਗ੍ਹਾ ਜੋ ਕੰਮ ਹੋ ਰਿਹਾ ਸੀ, ਉਹ 1924 ਦੇ ਸ਼ੁਰੂ ਵਿਚ ਪੂਰਾ ਹੋ ਗਿਆ। ਉਸ ਜਗ੍ਹਾ ʼਤੇ ਜੋ ਹੋਣ ਵਾਲਾ ਸੀ, ਉਸ ਨਾਲ ਭੈਣਾਂ-ਭਰਾਵਾਂ ਵਿਚ ਏਕਤਾ ਹੋਰ ਵੀ ਵਧ ਜਾਣੀ ਸੀ ਅਤੇ ਖ਼ੁਸ਼ ਖ਼ਬਰੀ ਦੂਰ-ਦੂਰ ਤਕ ਅਤੇ ਵੱਡੇ ਪੈਮਾਨੇ ʼਤੇ ਸੁਣਾਈ ਜਾਣੀ ਸੀ। ਇੱਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ।

ਸਟੇਟਨ ਆਈਲੈਂਡ ʼਤੇ ਉਸਾਰੀ ਕਰਨ ਵਾਲੇ ਭਰਾ

a ਹੁਣ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ।