Skip to content

Skip to table of contents

ਅਧਿਐਨ ਲੇਖ 42

ਕੀ ਤੁਸੀਂ “ਕਹਿਣਾ ਮੰਨਣ ਲਈ ਤਿਆਰ” ਹੋ?

ਕੀ ਤੁਸੀਂ “ਕਹਿਣਾ ਮੰਨਣ ਲਈ ਤਿਆਰ” ਹੋ?

‘ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਕਹਿਣਾ ਮੰਨਣ ਲਈ ਤਿਆਰ ਹੁੰਦਾ ਹੈ।’​—ਯਾਕੂ. 3:17.

ਗੀਤ 101 ਏਕਤਾ ਬਣਾਈ ਰੱਖੋ

ਖ਼ਾਸ ਗੱਲਾਂ a

1. ਸਾਡੇ ਲਈ ਕਹਿਣਾ ਮੰਨਣਾ ਔਖਾ ਕਿਉਂ ਹੋ ਸਕਦਾ ਹੈ?

 ਕੀ ਤੁਹਾਨੂੰ ਕਦੇ-ਕਦਾਈਂ ਕਹਿਣਾ ਮੰਨਣਾ ਔਖਾ ਲੱਗਦਾ ਹੈ? ਰਾਜਾ ਦਾਊਦ ਨੂੰ ਵੀ ਇੱਦਾਂ ਹੀ ਲੱਗਾ ਸੀ। ਇਸ ਲਈ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਮੇਰੇ ਅੰਦਰ ਇੱਛਾ ਪੈਦਾ ਕਰ ਕਿ ਮੈਂ ਤੇਰੀ ਆਗਿਆ ਮੰਨਾਂ।” (ਜ਼ਬੂ. 51:12) ਦਾਊਦ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਫਿਰ ਵੀ ਉਸ ਨੂੰ ਕਦੇ-ਕਦਾਈਂ ਯਹੋਵਾਹ ਦਾ ਕਹਿਣਾ ਮੰਨਣਾ ਔਖਾ ਲੱਗਦਾ ਸੀ ਅਤੇ ਅੱਜ ਸਾਨੂੰ ਵੀ ਇੱਦਾਂ ਹੀ ਲੱਗਦਾ ਹੈ। ਉਹ ਕਿਉਂ? ਪਹਿਲੀ ਗੱਲ, ਜਨਮ ਤੋਂ ਹੀ ਸਾਡੇ ਅੰਦਰ ਕਹਿਣਾ ਨਾ ਮੰਨਣ ਦਾ ਝੁਕਾਅ ਹੁੰਦਾ ਹੈ। ਦੂਜੀ ਗੱਲ, ਸ਼ੈਤਾਨ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਸ ਵਾਂਗ ਯਹੋਵਾਹ ਖ਼ਿਲਾਫ਼ ਬਗਾਵਤ ਕਰੀਏ। (2 ਕੁਰਿੰ. 11:3) ਤੀਜੀ ਗੱਲ, ਅਸੀਂ ਬਗਾਵਤੀ ਲੋਕਾਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਦੀ “ਸੋਚ” ਅਜਿਹੀ ਹੈ ਕਿ ਉਹ ‘ਅਣਆਗਿਆਕਾਰੀ ਕਰਦੇ ਹਨ।’ (ਅਫ਼. 2:2) ਇਸ ਲਈ ਸਾਨੂੰ ਨਾ ਸਿਰਫ਼ ਆਪਣੇ ਪਾਪੀ ਝੁਕਾਅ ਨਾਲ ਲੜਨਾ ਚਾਹੀਦਾ ਹੈ, ਸਗੋਂ ਸ਼ੈਤਾਨ ਤੇ ਇਸ ਦੁਨੀਆਂ ਵਾਂਗ ਅਣਆਗਿਆਕਾਰ ਬਣਨ ਦੇ ਦਬਾਅ ਦਾ ਵੀ ਸਾਮ੍ਹਣਾ ਕਰਨਾ ਚਾਹੀਦਾ ਹੈ। ਸਾਨੂੰ ਯਹੋਵਾਹ ਅਤੇ ਜਿਨ੍ਹਾਂ ਨੂੰ ਉਸ ਨੇ ਅਧਿਕਾਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

2. “ਕਹਿਣਾ ਮੰਨਣ ਲਈ ਤਿਆਰ” ਰਹਿਣ ਦਾ ਕੀ ਮਤਲਬ ਹੈ? (ਯਾਕੂਬ 3:17)

2 ਯਾਕੂਬ 3:17 ਪੜ੍ਹੋ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਾਕੂਬ ਨੇ ਕਿਹਾ ਕਿ ਬੁੱਧੀਮਾਨ ਲੋਕ “ਕਹਿਣਾ ਮੰਨਣ ਲਈ ਤਿਆਰ” ਰਹਿੰਦੇ ਹਨ। ਇਸ ਦਾ ਮਤਲਬ ਹੈ, ਜਿਨ੍ਹਾਂ ਨੂੰ ਯਹੋਵਾਹ ਨੇ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ, ਸਾਨੂੰ ਉਨ੍ਹਾਂ ਦਾ ਕਹਿਣਾ ਮੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਇੱਦਾਂ ਸਾਨੂੰ ਖ਼ੁਸ਼ੀ-ਖ਼ੁਸ਼ੀ ਕਰਨਾ ਚਾਹੀਦਾ ਹੈ। ਪਰ ਯਹੋਵਾਹ ਸਾਡੇ ਤੋਂ ਇਹ ਉਮੀਦ ਨਹੀਂ ਕਰਦਾ ਕਿ ਅਸੀਂ ਉਨ੍ਹਾਂ ਦਾ ਵੀ ਕਹਿਣਾ ਮੰਨੀਏ ਜੋ ਸਾਨੂੰ ਉਸ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕਹਿੰਦੇ ਹਨ।​—ਰਸੂ. 4:18-20.

3. ਯਹੋਵਾਹ ਲਈ ਇਹ ਗੱਲ ਮਾਅਨੇ ਕਿਉਂ ਰੱਖਦੀ ਹੈ ਕਿ ਅਸੀਂ ਉਨ੍ਹਾਂ ਦਾ ਕਹਿਣਾ ਮੰਨੀਏ ਜਿਨ੍ਹਾਂ ਕੋਲ ਸਾਡੇ ʼਤੇ ਅਧਿਕਾਰ ਹੈ?

3 ਇਨਸਾਨਾਂ ਨਾਲੋਂ ਯਹੋਵਾਹ ਦਾ ਕਹਿਣਾ ਮੰਨਣਾ ਸ਼ਾਇਦ ਸਾਨੂੰ ਜ਼ਿਆਦਾ ਸੌਖਾ ਲੱਗੇ। ਕਿਉਂ? ਕਿਉਂਕਿ ਯਹੋਵਾਹ ਦੀਆਂ ਹਿਦਾਇਤਾਂ ਸਾਡੇ ਲਈ ਹਮੇਸ਼ਾ ਸਹੀ ਹੁੰਦੀਆਂ ਹਨ। (ਜ਼ਬੂ. 19:7) ਪਰ ਜਿਨ੍ਹਾਂ ਇਨਸਾਨਾਂ ਕੋਲ ਕੁਝ ਹੱਦ ਤਕ ਅਧਿਕਾਰ ਹੈ, ਉਨ੍ਹਾਂ ਬਾਰੇ ਅਸੀਂ ਇਹ ਗੱਲ ਨਹੀਂ ਕਹਿ ਸਕਦੇ। ਫਿਰ ਵੀ ਸਾਡੇ ਸਵਰਗੀ ਪਿਤਾ ਨੇ ਮਾਪਿਆਂ ਨੂੰ, ਸਰਕਾਰੀ ਅਧਿਕਾਰੀਆਂ ਨੂੰ ਅਤੇ ਮੰਡਲੀ ਦੇ ਬਜ਼ੁਰਗਾਂ ਨੂੰ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ। (ਕਹਾ. 6:20; 1 ਥੱਸ. 5:12; 1 ਪਤ. 2:13, 14) ਜਦੋਂ ਅਸੀਂ ਉਨ੍ਹਾਂ ਦਾ ਕਹਿਣਾ ਮੰਨਦੇ ਹਾਂ, ਤਾਂ ਅਸਲ ਵਿਚ ਅਸੀਂ ਯਹੋਵਾਹ ਦਾ ਕਹਿਣਾ ਮੰਨ ਰਹੇ ਹੁੰਦੇ ਹਾਂ। ਪਰ ਕਈ ਵਾਰ ਸ਼ਾਇਦ ਉਹ ਸਾਨੂੰ ਕੁਝ ਅਜਿਹਾ ਕਰਨ ਲਈ ਕਹਿਣ ਜਿਸ ਨਾਲ ਅਸੀਂ ਸਹਿਮਤ ਨਾ ਹੋਈਏ ਜਾਂ ਜਿਸ ਨੂੰ ਕਰਨ ਦਾ ਸਾਡਾ ਦਿਲ ਨਾ ਕਰੇ। ਆਓ ਦੇਖੀਏ ਕਿ ਅਸੀਂ ਇਨ੍ਹਾਂ ਹਾਲਾਤਾਂ ਵਿਚ ਵੀ ਉਨ੍ਹਾਂ ਦੀ ਗੱਲ ਕਿੱਦਾਂ ਮੰਨ ਸਕਦੇ ਹਾਂ।

ਆਪਣੇ ਮਾਪਿਆਂ ਦਾ ਕਹਿਣਾ ਮੰਨੋ

4. ਜ਼ਿਆਦਾਤਰ ਨੌਜਵਾਨ ਆਪਣੇ ਮਾਪਿਆਂ ਦਾ ਕਹਿਣਾ ਕਿਉਂ ਨਹੀਂ ਮੰਨਦੇ?

4 ਸਾਡੇ ਨੌਜਵਾਨ ਉਨ੍ਹਾਂ ਬੱਚਿਆਂ ਨਾਲ ਘਿਰੇ ਹੋਏ ਹਨ ਜੋ ਆਪਣੇ “ਮਾਤਾ-ਪਿਤਾ ਦੇ ਅਣਆਗਿਆਕਾਰ” ਹਨ। (2 ਤਿਮੋ. 3:1, 2) ਜ਼ਿਆਦਾਤਰ ਬੱਚੇ ਅਣਆਗਿਆਕਾਰ ਕਿਉਂ ਹਨ? ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਪੇ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ। ਜ਼ਿਆਦਾਤਰ ਬੱਚਿਆਂ ਨੂੰ ਲੱਗਦਾ ਹੈ ਕਿ ਜ਼ਮਾਨਾ ਬਦਲ ਗਿਆ ਹੈ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਜੋ ਸਲਾਹ ਦਿੰਦੇ ਹਨ, ਉਹ ਪੁਰਾਣੀ ਹੋ ਚੁੱਕੀ ਹੈ। ਜਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਕੁਝ ਜ਼ਿਆਦਾ ਹੀ ਸਖ਼ਤੀ ਵਰਤਦੇ ਹਨ। ਜੇ ਤੁਸੀਂ ਨੌਜਵਾਨ ਹੋ, ਤਾਂ ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਜ਼ਿਆਦਾਤਰ ਨੌਜਵਾਨਾਂ ਨੂੰ ਯਹੋਵਾਹ ਦਾ ਇਹ ਹੁਕਮ ਮੰਨਣਾ ਔਖਾ ਲੱਗਦਾ ਹੈ: “ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ ਅਤੇ ਉਸ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਕਰਨਾ ਸਹੀ ਹੈ।” (ਅਫ਼. 6:1) ਕਿਹੜੀ ਗੱਲ ਇਹ ਹੁਕਮ ਮੰਨਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ?

5. ਆਪਣੇ ਮਾਪਿਆਂ ਦਾ ਕਹਿਣਾ ਮੰਨਣ ਦੇ ਮਾਮਲੇ ਵਿਚ ਯਿਸੂ ਕਿਉਂ ਸਭ ਤੋਂ ਵਧੀਆ ਮਿਸਾਲ ਹੈ? (ਲੂਕਾ 2:46-52)

5 ਕਹਿਣਾ ਮੰਨਣ ਦੇ ਮਾਮਲੇ ਵਿਚ ਯਿਸੂ ਮਸੀਹ ਸਭ ਤੋਂ ਵਧੀਆ ਮਿਸਾਲ ਹੈ। ਅਸੀਂ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। (1 ਪਤ. 2:21-24) ਉਹ ਮੁਕੰਮਲ ਸੀ ਜਦ ਕਿ ਉਸ ਦੇ ਮਾਪੇ ਨਾਮੁਕੰਮਲ ਸਨ। ਉਸ ਦੇ ਮਾਪਿਆਂ ਤੋਂ ਕਈ ਗ਼ਲਤੀਆਂ ਹੋਈਆਂ ਅਤੇ ਕਈ ਮੌਕਿਆਂ ʼਤੇ ਕਈ ਗ਼ਲਤਫ਼ਹਿਮੀਆਂ ਵੀ ਹੋਈਆਂ। ਫਿਰ ਵੀ ਯਿਸੂ ਨੇ ਹਮੇਸ਼ਾ ਉਨ੍ਹਾਂ ਦਾ ਆਦਰ ਕੀਤਾ। (ਕੂਚ 20:12) ਜ਼ਰਾ ਇਕ ਬਿਰਤਾਂਤ ਵੱਲ ਧਿਆਨ ਦਿਓ। ਇਹ ਉਦੋਂ ਦੀ ਗੱਲ ਹੈ ਜਦੋਂ ਯਿਸੂ 12 ਸਾਲਾਂ ਦਾ ਸੀ। (ਲੂਕਾ 2:46-52 ਪੜ੍ਹੋ।) ਉਸ ਦਾ ਪਰਿਵਾਰ ਯਰੂਸ਼ਲਮ ਵਿਚ ਇਕ ਤਿਉਹਾਰ ਮਨਾਉਣ ਗਿਆ ਸੀ। ਪਰ ਜਦੋਂ ਉਹ ਵਾਪਸ ਆ ਰਹੇ ਸਨ, ਤਾਂ ਯਿਸੂ ਯਰੂਸ਼ਲਮ ਵਿਚ ਹੀ ਰਹਿ ਗਿਆ। ਅਖ਼ੀਰ ਵਿਚ, ਜਦੋਂ ਮਰੀਅਮ ਤੇ ਯੂਸੁਫ਼ ਨੇ ਯਿਸੂ ਨੂੰ ਲੱਭ ਲਿਆ, ਤਾਂ ਮਰੀਅਮ ਨੇ ਯਿਸੂ ʼਤੇ ਦੋਸ਼ ਲਾਇਆ ਅਤੇ ਕਿਹਾ ਕਿ ਉਸ ਕਰਕੇ ਉਨ੍ਹਾਂ ਨੂੰ ਕਿੰਨੀ ਪਰੇਸ਼ਾਨੀ ਹੋਈ। ਦੇਖਿਆ ਜਾਵੇ ਤਾਂ ਮਰੀਅਮ ਅਤੇ ਯੂਸੁਫ਼ ਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਸੀ ਕਿ ਸਾਰੇ ਬੱਚੇ ਉਨ੍ਹਾਂ ਦੇ ਨਾਲ ਸਨ ਜਾਂ ਨਹੀਂ। ਇਸ ਲਈ ਯਿਸੂ ਚਾਹੁੰਦਾ ਤਾਂ ਕਹਿ ਸਕਦਾ ਸੀ ਕਿ ਇਸ ਵਿਚ ਉਸ ਦੀ ਕੋਈ ਗ਼ਲਤੀ ਨਹੀਂ, ਸਗੋਂ ਉਨ੍ਹਾਂ ਦੀ ਹੈ। ਪਰ ਉਸ ਨੇ ਇੱਦਾਂ ਦਾ ਕੁਝ ਨਹੀਂ ਕਿਹਾ। ਉਸ ਨੇ ਬਹੁਤ ਘੱਟ ਸ਼ਬਦਾਂ ਵਿਚ ਅਤੇ ਆਦਰ ਨਾਲ ਆਪਣੀ ਗੱਲ ਕਹੀ। ਭਾਵੇਂ ਕਿ ਮਰੀਅਮ ਅਤੇ ਯੂਸੁਫ਼ ‘ਉਸ ਦੀ ਗੱਲ ਨਹੀਂ ਸਮਝੇ,’ ਫਿਰ ਵੀ ਯਿਸੂ “ਉਨ੍ਹਾਂ ਦੇ ਅਧੀਨ ਰਿਹਾ।”

6-7. ਕਿਹੜੀਆਂ ਗੱਲਾਂ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਵਿਚ ਨੌਜਵਾਨਾਂ ਦੀ ਮਦਦ ਕਰ ਸਕਦੀਆਂ ਹਨ?

6 ਬੱਚਿਓ, ਜਦੋਂ ਤੁਹਾਡੇ ਮਾਪਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ ਜਾਂ ਤੁਹਾਡੇ ਬਾਰੇ ਕੋਈ ਗ਼ਲਤਫ਼ਹਿਮੀ ਹੋ ਜਾਂਦੀ ਹੈ, ਤਾਂ ਕੀ ਤੁਹਾਡੇ ਲਈ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਹੁੰਦਾ ਹੈ? ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ? ਪਹਿਲੀ ਗੱਲ, ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ। ਬਾਈਬਲ ਕਹਿੰਦੀ ਹੈ ਕਿ ਜਦੋਂ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹੋ, ਤਾਂ “ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ।” (ਕੁਲੁ. 3:20) ਯਹੋਵਾਹ ਜਾਣਦਾ ਹੈ ਕਿ ਕਈ ਵਾਰ ਤੁਹਾਡੇ ਮਾਪੇ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ ਜਾਂ ਕਦੀ-ਕਦਾਈਂ ਉਹ ਜੋ ਕਾਨੂੰਨ ਬਣਾਉਂਦੇ ਹਨ, ਉਹ ਤੁਹਾਡੇ ਲਈ ਮੰਨਣੇ ਸੌਖੇ ਨਹੀਂ ਹੁੰਦੇ। ਪਰ ਜਦੋਂ ਤੁਸੀਂ ਹਰ ਹਾਲ ਵਿਚ ਉਨ੍ਹਾਂ ਦਾ ਕਹਿਣਾ ਮੰਨਦੇ ਹੋ, ਤਾਂ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹੋ।

7 ਦੂਜੀ ਗੱਲ, ਸੋਚੋ ਕਿ ਤੁਹਾਡੇ ਮਾਪਿਆਂ ਨੂੰ ਕਿੱਦਾਂ ਲੱਗਦਾ ਹੈ। ਜਦੋਂ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਖ਼ੁਸ਼ ਕਰਦੇ ਹੋ ਅਤੇ ਉਨ੍ਹਾਂ ਦਾ ਭਰੋਸਾ ਜਿੱਤਦੇ ਹੋ। (ਕਹਾ. 23:22-25) ਨਾਲੇ ਹੋ ਸਕਦਾ ਹੈ ਕਿ ਤੁਹਾਡਾ ਉਨ੍ਹਾਂ ਨਾਲ ਹੋਰ ਵੀ ਵਧੀਆ ਰਿਸ਼ਤਾ ਬਣ ਜਾਵੇ। ਬੈਲਜੀਅਮ ਵਿਚ ਰਹਿਣ ਵਾਲਾ ਭਰਾ ਆਲੈਕਜ਼ਾਂਡਰ ਕਹਿੰਦਾ ਹੈ: “ਮੈਂ ਦੇਖਿਆ ਕਿ ਜਦੋਂ ਤੋਂ ਮੈਂ ਆਪਣੇ ਮੰਮੀ-ਡੈਡੀ ਦਾ ਹੋਰ ਵੀ ਜ਼ਿਆਦਾ ਕਹਿਣਾ ਮੰਨਣ ਲੱਗ ਪਿਆ, ਉਦੋਂ ਤੋਂ ਸਾਡਾ ਰਿਸ਼ਤਾ ਹੋਰ ਵੀ ਵਧੀਆ ਬਣ ਗਿਆ, ਅਸੀਂ ਇਕ-ਦੂਜੇ ਦੇ ਹੋਰ ਨੇੜੇ ਆਏ ਅਤੇ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਰਹਿਣ ਲੱਗ ਪਏ ਹਾਂ।” b ਤੀਜੀ ਗੱਲ, ਜ਼ਰਾ ਸੋਚੋ ਕਿ ਜੇ ਤੁਸੀਂ ਹੁਣ ਆਪਣੇ ਮੰਮੀ-ਡੈਡੀ ਦਾ ਕਹਿਣਾ ਮੰਨੋਗੇ, ਤਾਂ ਅੱਗੇ ਜਾ ਕੇ ਤੁਹਾਨੂੰ ਇਸ ਦੇ ਕਿਹੜੇ ਫ਼ਾਇਦੇ ਹੋਣਗੇ। ਬ੍ਰਾਜ਼ੀਲ ਵਿਚ ਰਹਿਣ ਵਾਲਾ ਭਰਾ ਪੌਲੋ ਦੱਸਦਾ ਹੈ: “ਆਪਣੇ ਮਾਪਿਆਂ ਦਾ ਕਹਿਣਾ ਮੰਨਣ ਕਰਕੇ ਮੇਰੇ ਲਈ ਯਹੋਵਾਹ ਅਤੇ ਦੂਜਿਆਂ ਦਾ ਕਹਿਣਾ ਮੰਨਣਾ ਹੋਰ ਵੀ ਸੌਖਾ ਹੋ ਗਿਆ।” ਪਰਮੇਸ਼ੁਰ ਦੇ ਬਚਨ ਵਿਚ ਮਾਪਿਆਂ ਦਾ ਕਹਿਣਾ ਮੰਨਣ ਦਾ ਇਕ ਜ਼ਰੂਰੀ ਕਾਰਨ ਦਿੱਤਾ ਗਿਆ ਹੈ। ਬਾਈਬਲ ਵਿਚ ਲਿਖਿਆ ਹੈ ਕਿ ਇੱਦਾਂ ਕਰਨ ਨਾਲ ‘ਤੁਹਾਡਾ ਭਲਾ ਹੋਵੇਗਾ ਅਤੇ ਧਰਤੀ ਉੱਤੇ ਤੁਹਾਡੀ ਉਮਰ ਲੰਬੀ ਹੋਵੇਗੀ।’​—ਅਫ਼. 6:2, 3.

8. ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਦਾ ਕਹਿਣਾ ਕਿਉਂ ਮੰਨਦੇ ਹਨ?

8 ਬਹੁਤ ਸਾਰੇ ਨੌਜਵਾਨਾਂ ਨੇ ਦੇਖਿਆ ਹੈ ਕਿ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਨਾਲ ਉਨ੍ਹਾਂ ਦਾ ਹੀ ਭਲਾ ਹੁੰਦਾ ਹੈ। ਬ੍ਰਾਜ਼ੀਲ ਵਿਚ ਰਹਿਣ ਵਾਲੀ ਲੁਈਜ਼ਾ ਨੂੰ ਪਹਿਲਾਂ ਸਮਝ ਨਹੀਂ ਆਈ ਕਿ ਉਸ ਦੇ ਮਾਪੇ ਉਸ ਨੂੰ ਮੋਬਾਇਲ ਕਿਉਂ ਨਹੀਂ ਰੱਖਣ ਦਿੰਦੇ। ਉਹ ਸੋਚਦੀ ਹੁੰਦੀ ਸੀ ਕਿ ਉਸ ਦੀ ਉਮਰ ਦੇ ਸਾਰੇ ਬੱਚਿਆਂ ਕੋਲ ਆਪਣੇ ਮੋਬਾਇਲ ਹਨ। ਪਰ ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਮਾਪੇ ਇਹ ਸਭ ਕੁਝ ਉਸ ਦੀ ਹਿਫਾਜ਼ਤ ਕਰਨ ਲਈ ਕਰਦੇ ਹਨ। ਹੁਣ ਉਸ ਨੂੰ ਇੱਦਾਂ ਨਹੀਂ ਲੱਗਦਾ ਕਿ ਉਸ ਦੇ ਮਾਪੇ ਜੋ ਨਿਯਮ ਬਣਾਉਂਦੇ ਹਨ, ਉਸ ਕਰਕੇ ਉਸ ʼਤੇ ਪਾਬੰਦੀਆਂ ਲੱਗਦੀਆਂ ਹਨ। ਪਰ ਉਹ ਜਾਣਦੀ ਹੈ ਕਿ ਉਨ੍ਹਾਂ ਦਾ ਕਹਿਣਾ ਮੰਨਣ ਨਾਲ ਉਸ ਦਾ ਹੀ ਭਲਾ ਹੁੰਦਾ ਹੈ। ਅਮਰੀਕਾ ਵਿਚ ਰਹਿਣ ਵਾਲੀ ਇਕ ਜਵਾਨ ਭੈਣ ਇਲਿਜ਼ਬਥ ਨੂੰ ਵੀ ਕਦੀ-ਕਦੀ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਔਖਾ ਲੱਗਦਾ ਹੈ। ਉਹ ਦੱਸਦੀ ਹੈ: “ਜਦੋਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਮਾਪਿਆਂ ਨੇ ਕੋਈ ਨਿਯਮ ਕਿਉਂ ਬਣਾਇਆ ਹੈ, ਤਾਂ ਮੈਂ ਸੋਚਦੀ ਹਾਂ ਕਿ ਪਹਿਲਾਂ ਉਨ੍ਹਾਂ ਦਾ ਕਹਿਣਾ ਮੰਨਣ ਨਾਲ ਮੇਰੀ ਕਿਵੇਂ ਹਿਫਾਜ਼ਤ ਹੋਈ।” ਆਰਮੀਨੀਆ ਵਿਚ ਰਹਿਣ ਵਾਲੀ ਭੈਣ ਮੋਨੀਕਾ ਕਹਿੰਦੀ ਹੈ ਕਿ ਜਦੋਂ ਵੀ ਉਸ ਨੇ ਆਪਣੇ ਮਾਪਿਆਂ ਦਾ ਕਹਿਣਾ ਮੰਨਿਆ, ਤਾਂ ਉਸ ਨੂੰ ਜ਼ਿਆਦਾ ਫ਼ਾਇਦਾ ਹੋਇਆ ਹੈ।

“ਉੱਚ ਅਧਿਕਾਰੀਆਂ” ਦਾ ਕਹਿਣਾ ਮੰਨੋ

9. ਬਹੁਤ ਸਾਰੇ ਲੋਕਾਂ ਨੂੰ ਸਰਕਾਰ ਦੇ ਕਾਨੂੰਨ ਮੰਨਣ ਬਾਰੇ ਕਿੱਦਾਂ ਲੱਗਦਾ ਹੈ?

9 ਬਾਈਬਲ ਵਿਚ ਸਰਕਾਰਾਂ ਨੂੰ ‘ਉੱਚ ਅਧਿਕਾਰੀ’ ਕਿਹਾ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰਾਂ ਜਾਂ ਉੱਚ ਅਧਿਕਾਰੀ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵੱਲੋਂ ਬਣਾਏ ਕਾਨੂੰਨ ਮੰਨਣੇ ਚਾਹੀਦੇ ਹਨ। (ਰੋਮੀ. 13:1) ਪਰ ਜੇ ਸਰਕਾਰ ਕੋਈ ਅਜਿਹਾ ਕਾਨੂੰਨ ਬਣਾਉਂਦੀ ਹੈ ਜੋ ਇਨ੍ਹਾਂ ਲੋਕਾਂ ਨੂੰ ਸਹੀ ਨਹੀਂ ਲੱਗਦਾ ਜਾਂ ਜਿਸ ਨੂੰ ਮੰਨਣ ਦਾ ਇਨ੍ਹਾਂ ਦਾ ਦਿਲ ਨਹੀਂ ਕਰਦਾ, ਤਾਂ ਇਹੀ ਲੋਕ ਉਸ ਕਾਨੂੰਨ ਨੂੰ ਮੰਨਣ ਵਿਚ ਟਾਲ-ਮਟੋਲ ਕਰਦੇ ਹਨ। ਜ਼ਰਾ ਟੈਕਸ ਭਰਨ ਦੀ ਹੀ ਗੱਲ ਲੈ ਲਓ। ਯੂਰਪ ਦੇ ਇਕ ਦੇਸ਼ ਵਿਚ ਕੁਝ ਲੋਕਾਂ ʼਤੇ ਸਰਵੇ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਹਰ ਚਾਰ ਜਣਿਆਂ ਵਿੱਚੋਂ ਇਕ ਦਾ ਕਹਿਣਾ ਹੈ ਕਿ “ਜੇ ਸਰਕਾਰ ਕੁਝ ਜ਼ਿਆਦਾ ਹੀ ਟੈਕਸ ਦੀ ਮੰਗ ਕਰ ਰਹੀ ਹੈ, ਤਾਂ ਅਸੀਂ ਟੈਕਸ ਨਹੀਂ ਭਰਾਂਗੇ ਤੇ ਇਸ ਵਿਚ ਕੋਈ ਬੁਰਾਈ ਨਹੀਂ ਹੈ।” ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਦੇਸ਼ ਦੇ ਨਾਗਰਿਕ ਸਰਕਾਰ ਨੂੰ ਪੂਰਾ ਟੈਕਸ ਨਹੀਂ ਦਿੰਦੇ, ਬੱਸ ਦੋ ਤਿਹਾਈ ਹਿੱਸਾ (ਲਗਭਗ 65 ਪ੍ਰਤਿਸ਼ਤ) ਹੀ ਦਿੰਦੇ ਹਨ।

ਕਹਿਣਾ ਮੰਨਣ ਬਾਰੇ ਅਸੀਂ ਮਰੀਅਮ ਅਤੇ ਯੂਸੁਫ਼ ਤੋਂ ਕੀ ਸਿੱਖਦੇ ਹਾਂ? (ਪੈਰੇ 10-12 ਦੇਖੋ) c

10. ਜਦੋਂ ਸਰਕਾਰਾਂ ਦਾ ਕੋਈ ਕਾਨੂੰਨ ਮੰਨਣਾ ਸਾਨੂੰ ਔਖਾ ਲੱਗਦਾ ਹੈ, ਤਾਂ ਵੀ ਅਸੀਂ ਉਸ ਨੂੰ ਕਿਉਂ ਮੰਨਦੇ ਹਾਂ?

10 ਬਾਈਬਲ ਇਹ ਗੱਲ ਦੱਸਦੀ ਹੈ ਕਿ ਇਨਸਾਨੀ ਸਰਕਾਰਾਂ ਕਰਕੇ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਆਉਂਦੀਆਂ ਹਨ, ਇਹ ਸ਼ੈਤਾਨ ਦੀ ਮੁੱਠੀ ਵਿਚ ਹਨ ਅਤੇ ਬਹੁਤ ਜਲਦੀ ਇਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ। (ਜ਼ਬੂ. 110:5, 6; ਉਪ. 8:9; ਲੂਕਾ 4:5, 6) ਪਰ ਇਸ ਵਿਚ ਇਹ ਵੀ ਲਿਖਿਆ ਹੈ ਕਿ “ਜਿਹੜਾ ਇਨਸਾਨ ਇਨ੍ਹਾਂ ਅਧਿਕਾਰੀਆਂ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ।” ਯਹੋਵਾਹ ਨੇ ਥੋੜ੍ਹੇ ਸਮੇਂ ਲਈ ਇਨ੍ਹਾਂ ਸਰਕਾਰਾਂ ਨੂੰ ਰਹਿਣ ਦਿੱਤਾ ਹੈ ਤਾਂਕਿ ਸਾਰਾ ਕੁਝ ਕਾਇਦੇ ਨਾਲ ਚੱਲ ਸਕੇ। ਇਸ ਲਈ ਸਾਨੂੰ ‘ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।’ ਇਸ ਵਿਚ ਟੈਕਸ ਭਰਨਾ, ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨਾ ਅਤੇ ਉਨ੍ਹਾਂ ਦਾ ਕਹਿਣਾ ਮੰਨਣਾ ਸ਼ਾਮਲ ਹੈ। (ਰੋਮੀ. 13:1-7) ਹੋ ਸਕਦਾ ਹੈ ਕਿ ਸਰਕਾਰ ਦਾ ਕੋਈ ਕਾਨੂੰਨ ਸਾਨੂੰ ਸਹੀ ਨਾ ਲੱਗੇ ਜਾਂ ਮੰਨਣਾ ਔਖਾ ਲੱਗੇ ਜਾਂ ਉਸ ਨੂੰ ਮੰਨਣਾ ਸਾਨੂੰ ਮਹਿੰਗਾ ਪਵੇ। ਫਿਰ ਵੀ ਅਸੀਂ ਉਸ ਨੂੰ ਮੰਨਦੇ ਹਾਂ ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਸਰਕਾਰਾਂ ਦਾ ਕਹਿਣਾ ਮੰਨੀਏ। ਪਰ ਜੇ ਸਰਕਾਰਾਂ ਸਾਨੂੰ ਕੁਝ ਅਜਿਹਾ ਕਰਨ ਲਈ ਕਹਿਣ ਜੋ ਯਹੋਵਾਹ ਦੇ ਕਾਨੂੰਨਾਂ ਦੇ ਖ਼ਿਲਾਫ਼ ਹੈ, ਤਾਂ ਅਸੀਂ ਉਨ੍ਹਾਂ ਦੀ ਗੱਲ ਨਹੀਂ ਮੰਨਾਂਗੇ।​—ਰਸੂ. 5:29.

11-12. ਲੂਕਾ 2:1-6 ਮੁਤਾਬਕ ਸਰਕਾਰ ਦਾ ਕਾਨੂੰਨ ਮੰਨਣ ਲਈ ਮਰੀਅਮ ਤੇ ਯੂਸੁਫ਼ ਨੇ ਕੀ ਕੀਤਾ ਅਤੇ ਉਨ੍ਹਾਂ ਨੂੰ ਇਸ ਦਾ ਕੀ ਇਨਾਮ ਮਿਲਿਆ? (ਤਸਵੀਰਾਂ ਵੀ ਦੇਖੋ।)

11 ਅਸੀਂ ਮਰੀਅਮ ਅਤੇ ਯੂਸੁਫ਼ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਨੇ ਉਦੋਂ ਵੀ ਉੱਚ ਅਧਿਕਾਰੀਆਂ ਦਾ ਕਹਿਣਾ ਮੰਨਿਆ ਜਦੋਂ ਉਨ੍ਹਾਂ ਲਈ ਇੱਦਾਂ ਕਰਨਾ ਸੌਖਾ ਨਹੀਂ ਸੀ। (ਲੂਕਾ 2:1-6 ਪੜ੍ਹੋ।) ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਰੀਅਮ ਦੇ ਗਰਭ ਦਾ ਲਗਭਗ ਨੌਵਾਂ ਮਹੀਨਾ ਚੱਲ ਰਿਹਾ ਸੀ। ਰੋਮੀ ਸਮਰਾਟ ਅਗਸਤੁਸ ਨੇ ਇਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪਣੇ ਜੱਦੀ ਸ਼ਹਿਰ ਜਾਣ। ਮਰੀਅਮ ਅਤੇ ਯੂਸੁਫ਼ ਲਈ ਸਰਕਾਰ ਦੀ ਇਹ ਗੱਲ ਮੰਨਣੀ ਬਹੁਤ ਔਖੀ ਰਹੀ ਹੋਣੀ। ਕਿਉਂ? ਕਿਉਂਕਿ ਉਨ੍ਹਾਂ ਨੂੰ 150 ਕਿਲੋਮੀਟਰ (93 ਮੀਲ) ਦੂਰ ਬੈਤਲਹਮ ਤਕ ਸਫ਼ਰ ਕਰਨਾ ਪੈਣਾ ਸੀ, ਉਹ ਵੀ ਪਹਾੜੀ ਇਲਾਕਿਆਂ ਵਿੱਚੋਂ ਦੀ। ਇਹ ਸਫ਼ਰ ਖ਼ਾਸ ਕਰਕੇ ਮਰੀਅਮ ਲਈ ਬਹੁਤ ਔਖਾ ਹੋਣਾ ਸੀ। ਉਸ ਸਮੇਂ ਮਰੀਅਮ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਮਰੀਅਮ ਦੀ ਕੁੱਖ ਵਿਚ ਪਲ਼ ਰਹੇ ਬੱਚੇ ਦੀ ਵੀ ਚਿੰਤਾ ਹੋ ਰਹੀ ਹੋਣੀ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ ਕਿ ਜੇ ਉਸ ਨੂੰ ਰਾਹ ਵਿਚ ਹੀ ਜਣਨ ਪੀੜਾਂ ਸ਼ੁਰੂ ਹੋ ਗਈਆਂ, ਤਾਂ ਉਹ ਕੀ ਕਰਨਗੇ। ਨਾਲੇ ਉਸ ਦੀ ਕੁੱਖ ਵਿਚ ਪਲ਼ ਰਹੇ ਬੱਚੇ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਕੀ ਇਹ ਸਾਰਾ ਕੁਝ ਸੋਚ ਕੇ ਉਨ੍ਹਾਂ ਨੇ ਸਰਕਾਰ ਦਾ ਕਹਿਣਾ ਨਾ ਮੰਨਣ ਦੇ ਬਹਾਨੇ ਬਣਾਏ?

12 ਨਹੀਂ, ਉਨ੍ਹਾਂ ਨੇ ਸਰਕਾਰ ਦਾ ਕਾਨੂੰਨ ਮੰਨਿਆ ਚਾਹੇ ਕਿ ਉਹ ਕਈ ਕਾਰਨਾਂ ਕਰਕੇ ਪਰੇਸ਼ਾਨ ਸਨ। ਯਹੋਵਾਹ ਨੇ ਉਨ੍ਹਾਂ ਦੀ ਆਗਿਆਕਾਰੀ ਦਾ ਇਨਾਮ ਦਿੱਤਾ। ਮਰੀਅਮ ਸੁਰੱਖਿਅਤ ਬੈਤਲਹਮ ਪਹੁੰਚ ਗਈ, ਉਸ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਅਤੇ ਇਸ ਤਰ੍ਹਾਂ ਬਾਈਬਲ ਦੀ ਇਕ ਅਹਿਮ ਭਵਿੱਖਬਾਣੀ ਵੀ ਪੂਰੀ ਹੋਈ!​—ਮੀਕਾ. 5:2.

13. ਸਰਕਾਰਾਂ ਦਾ ਕਾਨੂੰਨ ਮੰਨਣ ਨਾਲ ਸਾਡੇ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ?

13 ਉੱਚ ਅਧਿਕਾਰੀਆਂ ਦਾ ਕਹਿਣਾ ਮੰਨਣ ਨਾਲ ਸਾਡਾ ਅਤੇ ਦੂਜਿਆਂ ਦਾ ਭਲਾ ਹੁੰਦਾ ਹੈ। ਕਿਵੇਂ? ਇਕ ਤਾਂ ਇਹ ਕਿ ਸਰਕਾਰ ਦਾ ਕਾਨੂੰਨ ਮੰਨਣ ਨਾਲ ਸਾਨੂੰ ਬੇਵਜ੍ਹਾ ਕੋਈ ਸਜ਼ਾ ਨਹੀਂ ਮਿਲਦੀ। (ਰੋਮੀ. 13:4) ਨਾਲੇ ਜਦੋਂ ਅਸੀਂ ਸਾਰੇ ਸਰਕਾਰ ਦਾ ਕਾਨੂੰਨ ਮੰਨਦੇ ਹਾਂ, ਤਾਂ ਅਧਿਕਾਰੀ ਦੇਖ ਸਕਦੇ ਹਨ ਕਿ ਯਹੋਵਾਹ ਦੇ ਗਵਾਹ ਚੰਗੇ ਲੋਕ ਹਨ। ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਕੁਝ ਸਾਲਾਂ ਪਹਿਲਾਂ ਦੀ ਗੱਲ ਹੈ। ਨਾਈਜੀਰੀਆ ਵਿਚ ਇਕ ਮੀਟਿੰਗ ਦੌਰਾਨ ਕੁਝ ਫ਼ੌਜੀ ਸਾਡੇ ਕਿੰਗਡਮ ਹਾਲ ਵਿਚ ਆ ਵੜੇ। ਅਸਲ ਵਿਚ ਉਹ ਕੁਝ ਅਜਿਹੇ ਲੋਕਾਂ ਨੂੰ ਲੱਭ ਰਹੇ ਸਨ ਜੋ ਟੈਕਸ ਨਹੀਂ ਭਰਨਾ ਚਾਹੁੰਦੇ ਸਨ ਅਤੇ ਇਸ ਲਈ ਇਹ ਲੋਕ ਦੰਗੇ-ਫ਼ਸਾਦ ਕਰ ਰਹੇ ਸਨ। ਪਰ ਫ਼ੌਜੀਆਂ ਦੇ ਮੁਖੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੱਥੋਂ ਚਲੇ ਜਾਣ ਕਿਉਂਕਿ “ਯਹੋਵਾਹ ਦੇ ਗਵਾਹ ਅਜਿਹੇ ਲੋਕ ਨਹੀਂ ਹਨ, ਉਹ ਹਮੇਸ਼ਾ ਟੈਕਸ ਭਰਦੇ ਹਨ।” ਜਦੋਂ ਵੀ ਤੁਸੀਂ ਸਰਕਾਰ ਦਾ ਕਾਨੂੰਨ ਮੰਨਦੇ ਹੋ, ਤਾਂ ਅਧਿਕਾਰੀਆਂ ਦੀ ਨਜ਼ਰ ਵਿਚ ਯਹੋਵਾਹ ਦੇ ਗਵਾਹਾਂ ਦੀ ਇੱਜ਼ਤ ਹੋਰ ਵੱਧ ਜਾਂਦੀ ਹੈ। ਨਾਲੇ ਹੋ ਸਕਦਾ ਹੈ ਕਿ ਇਸ ਕਰਕੇ ਇਕ ਦਿਨ ਸਾਡੇ ਭੈਣਾਂ-ਭਰਾਵਾਂ ਦੀ ਹਿਫਾਜ਼ਤ ਹੋਵੇ।​—ਮੱਤੀ 5:16.

14. ਕਿਹੜੀਆਂ ਗੱਲਾਂ ਕਰਕੇ ਇਕ ਭੈਣ ਉੱਚ ਅਧਿਕਾਰੀਆਂ ਦਾ “ਕਹਿਣਾ ਮੰਨਣ ਲਈ ਤਿਆਰ” ਹੋ ਸਕੀ?

14 ਕਹਿਣਾ ਮੰਨਣ ਦੇ ਬਹੁਤ ਫ਼ਾਇਦੇ ਹੁੰਦੇ ਹਨ, ਪਰ ਫਿਰ ਵੀ ਹੋ ਸਕਦਾ ਹੈ ਕਿ ਕਦੇ-ਕਦਾਈਂ ਉੱਚ ਅਧਿਕਾਰੀਆਂ ਦਾ ਕਹਿਣਾ ਮੰਨਣ ਦਾ ਸਾਡਾ ਦਿਲ ਨਾ ਕਰੇ। ਅਮਰੀਕਾ ਵਿਚ ਰਹਿਣ ਵਾਲੀ ਭੈਣ ਜੋਆਨਾ ਕਹਿੰਦੀ ਹੈ: “ਮੈਨੂੰ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਮੰਨਣਾ ਬਹੁਤ ਔਖਾ ਲੱਗਦਾ ਸੀ ਕਿਉਂਕਿ ਉਨ੍ਹਾਂ ਨੇ ਮੇਰੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਬੇਇਨਸਾਫ਼ੀ ਕੀਤੀ ਸੀ।” ਪਰ ਫਿਰ ਜੋਆਨਾ ਨੇ ਅਧਿਕਾਰੀਆਂ ਪ੍ਰਤੀ ਆਪਣੀ ਸੋਚ ਬਦਲਣ ਲਈ ਕੁਝ ਕਦਮ ਚੁੱਕੇ। ਪਹਿਲਾ, ਉਸ ਨੇ ਸੋਸ਼ਲ ਮੀਡੀਆ ʼਤੇ ਉਹ ਗੱਲਾਂ ਪੜ੍ਹਨੀਆਂ ਬੰਦ ਕੀਤੀਆਂ ਜਿਨ੍ਹਾਂ ਕਰਕੇ ਉਸ ਦੇ ਮਨ ਵਿਚ ਅਧਿਕਾਰੀਆਂ ਪ੍ਰਤੀ ਗ਼ਲਤ ਸੋਚ ਆ ਸਕਦੀ ਸੀ। (ਕਹਾ. 20:3) ਦੂਜਾ, ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ʼਤੇ ਭਰੋਸਾ ਕਰ ਸਕੇ, ਨਾ ਕਿ ਇਹ ਸੋਚੇ ਕਿ ਸਰਕਾਰ ਬਦਲ ਜਾਵੇ। (ਜ਼ਬੂ. 9:9, 10) ਤੀਜਾ, ਉਸ ਨੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਨਿਰਪੱਖ ਰਹਿਣ ਬਾਰੇ ਲੇਖ ਪੜ੍ਹੇ। (ਯੂਹੰ. 17:16) ਹੁਣ ਜੋਆਨਾ ਕਹਿੰਦੀ ਹੈ ਕਿ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨ ਤੇ ਉਨ੍ਹਾਂ ਦਾ ਕਹਿਣਾ ਮੰਨਣ ਕਰਕੇ ਉਸ ਨੂੰ “ਮਨ ਦੀ ਅਜਿਹੀ ਸ਼ਾਂਤੀ ਮਿਲੀ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।”

ਯਹੋਵਾਹ ਦੇ ਸੰਗਠਨ ਦੀਆਂ ਹਿਦਾਇਤਾਂ ਮੰਨੋ

15. ਸਾਨੂੰ ਯਹੋਵਾਹ ਦੇ ਸੰਗਠਨ ਦੀ ਕੋਈ ਹਿਦਾਇਤ ਮੰਨਣੀ ਕਿਉਂ ਔਖੀ ਲੱਗ ਸਕਦੀ ਹੈ?

15 ਯਹੋਵਾਹ ਸਾਨੂੰ ਕਹਿੰਦਾ ਹੈ ਕਿ ਮੰਡਲੀ ਵਿਚ ਜੋ “ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ।” (ਇਬ. 13:17) ਭਾਵੇਂ ਕਿ ਸਾਡਾ ਆਗੂ ਯਿਸੂ ਮੁਕੰਮਲ ਹੈ, ਪਰ ਉਸ ਨੇ ਧਰਤੀ ʼਤੇ ਜਿਨ੍ਹਾਂ ਨੂੰ ਅਗਵਾਈ ਕਰਨ ਲਈ ਚੁਣਿਆ ਹੈ, ਉਹ ਨਾਮੁਕੰਮਲ ਹਨ। ਇਸ ਲਈ ਕਈ ਵਾਰ ਸ਼ਾਇਦ ਸਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਲੱਗੇ, ਖ਼ਾਸ ਕਰਕੇ ਜੇ ਉਹ ਸਾਨੂੰ ਕੁਝ ਅਜਿਹਾ ਕਰਨ ਨੂੰ ਕਹਿਣ ਜਿਸ ਨੂੰ ਕਰਨ ਦਾ ਸਾਡਾ ਦਿਲ ਨਾ ਕਰੇ। ਇਕ ਵਾਰ ਪਤਰਸ ਰਸੂਲ ਨਾਲ ਵੀ ਇੱਦਾਂ ਹੀ ਹੋਇਆ। ਇਕ ਦੂਤ ਨੇ ਉਸ ਨੂੰ ਕੁਝ ਅਜਿਹੇ ਜਾਨਵਰਾਂ ਦਾ ਮਾਸ ਖਾਣ ਨੂੰ ਕਿਹਾ ਜੋ ਮੂਸਾ ਦੇ ਕਾਨੂੰਨ ਮੁਤਾਬਕ ਅਸ਼ੁੱਧ ਸਨ। ਉਸ ਨੇ ਕਦੀ ਵੀ ਅਸ਼ੁੱਧ ਜਾਨਵਰਾਂ ਦਾ ਮਾਸ ਨਹੀਂ ਖਾਧਾ ਸੀ। ਇਸ ਲਈ ਉਸ ਨੂੰ ਇਹ ਹਿਦਾਇਤ ਸਹੀ ਨਹੀਂ ਲੱਗ ਰਹੀ ਸੀ। ਪਤਰਸ ਨੇ ਇਨ੍ਹਾਂ ਨੂੰ ਖਾਣ ਤੋਂ ਮਨ੍ਹਾ ਕਰ ਦਿੱਤਾ, ਉਹ ਵੀ ਇਕ ਵਾਰ ਨਹੀਂ, ਸਗੋਂ ਤਿੰਨ ਵਾਰ! (ਰਸੂ. 10:9-16) ਜੇ ਪਤਰਸ ਨੂੰ ਇਕ ਮੁਕੰਮਲ ਦੂਤ ਦੀ ਗੱਲ ਮੰਨਣੀ ਔਖੀ ਲੱਗ ਰਹੀ ਸੀ, ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਕਈ ਵਾਰ ਸ਼ਾਇਦ ਸਾਨੂੰ ਵੀ ਨਾਮੁਕੰਮਲ ਆਦਮੀਆਂ ਦੀ ਗੱਲ ਮੰਨਣੀ ਔਖੀ ਲੱਗੇ!

16. ਜਦੋਂ ਪੌਲੁਸ ਨੂੰ ਅਜਿਹੀ ਹਿਦਾਇਤ ਦਿੱਤੀ ਗਈ ਜੋ ਉਸ ਨੂੰ ਬੇਤੁਕੀ ਲੱਗ ਸਕਦੀ ਸੀ, ਤਾਂ ਵੀ ਉਸ ਨੇ ਕੀ ਕੀਤਾ? (ਰਸੂਲਾਂ ਦੇ ਕੰਮ 21:23, 24, 26)

16 ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਇਕ ਵਾਰ ਉਸ ਨੂੰ ਅਜਿਹੀ ਹਿਦਾਇਤ ਦਿੱਤੀ ਗਈ ਜੋ ਉਸ ਨੂੰ ਬੇਤੁਕੀ ਲੱਗ ਸਕਦੀ ਸੀ। ਫਿਰ ਵੀ ਉਹ “ਕਹਿਣਾ ਮੰਨਣ ਲਈ ਤਿਆਰ” ਸੀ। ਯਹੂਦੀ ਮਸੀਹੀਆਂ ਨੇ ਪੌਲੁਸ ਬਾਰੇ ਅਫ਼ਵਾਹਾਂ ਸੁਣੀਆਂ ਸਨ ਕਿ ਉਹ ਲੋਕਾਂ ਨੂੰ ਇਹ ਸਿੱਖਿਆ ਦੇ ਰਿਹਾ ਸੀ ਕਿ “ਉਹ ਮੂਸਾ ਦੇ ਕਾਨੂੰਨ ਨੂੰ ਤਿਆਗ ਦੇਣ” ਅਤੇ ਇਸ ਤਰ੍ਹਾਂ ਉਹ ਮੂਸਾ ਦੇ ਕਾਨੂੰਨ ਦਾ ਨਿਰਾਦਰ ਕਰ ਰਿਹਾ ਸੀ। (ਰਸੂ. 21:21) ਉਸ ਵੇਲੇ ਯਰੂਸ਼ਲਮ ਦੀ ਮਸੀਹੀ ਮੰਡਲੀ ਦੇ ਬਜ਼ੁਰਗਾਂ ਨੇ ਪੌਲੁਸ ਨੂੰ ਹਿਦਾਇਤ ਦਿੱਤੀ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਚਾਰ ਆਦਮੀਆਂ ਨੂੰ ਮੰਦਰ ਲੈ ਕੇ ਜਾਵੇ ਅਤੇ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰੇ ਤਾਂਕਿ ਇਸ ਤੋਂ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਉਹ ਕਾਨੂੰਨ ਨੂੰ ਮੰਨਦਾ ਸੀ। ਪਰ ਪੌਲੁਸ ਜਾਣਦਾ ਸੀ ਕਿ ਹੁਣ ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਸਨ ਅਤੇ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ। ਫਿਰ ਵੀ ਪੌਲੁਸ ਨੇ ਤੁਰੰਤ ਭਰਾਵਾਂ ਦੀ ਹਿਦਾਇਤ ਮੰਨ ਲਈ। “ਅਗਲੇ ਦਿਨ ਪੌਲੁਸ ਨੇ ਉਨ੍ਹਾਂ ਆਦਮੀਆਂ ਨੂੰ ਆਪਣੇ ਨਾਲ ਲਿਆ ਅਤੇ ਉਸ ਨੇ ਉਨ੍ਹਾਂ ਸਣੇ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕੀਤਾ।” (ਰਸੂਲਾਂ ਦੇ ਕੰਮ 21:23, 24, 26 ਪੜ੍ਹੋ।) ਪੌਲੁਸ ਦੇ ਕਹਿਣਾ ਮੰਨਣ ਕਰਕੇ ਭਰਾਵਾਂ ਵਿਚ ਏਕਤਾ ਬਣੀ ਰਹੀ।​—ਰੋਮੀ. 14:19, 21.

17. ਭੈਣ ਸਟੈਫ਼ਨੀ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਦੇ ਹੋ?

17 ਆਓ ਦੇਖੀਏ ਕਿ ਭੈਣ ਸਟੈਫ਼ਨੀ ਨਾਲ ਕੀ ਹੋਇਆ। ਉਹ ਤੇ ਉਸ ਦਾ ਪਤੀ ਕਿਸੇ ਹੋਰ ਭਾਸ਼ਾ ਦੇ ਗਰੁੱਪ ਵਿਚ ਸੇਵਾ ਕਰ ਰਹੇ ਸਨ ਅਤੇ ਉਹ ਦੋਵੇਂ ਬਹੁਤ ਖ਼ੁਸ਼ ਸਨ। ਪਰ ਫਿਰ ਉਨ੍ਹਾਂ ਦੇ ਦੇਸ਼ ਦੇ ਬ੍ਰਾਂਚ ਆਫ਼ਿਸ ਨੇ ਫ਼ੈਸਲਾ ਕੀਤਾ ਕਿ ਇਹ ਗਰੁੱਪ ਬੰਦ ਕਰ ਦਿੱਤਾ ਜਾਵੇਗਾ। ਨਾਲੇ ਉਨ੍ਹਾਂ ਨੂੰ ਦੁਬਾਰਾ ਤੋਂ ਆਪਣੀ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਲਈ ਕਿਹਾ ਗਿਆ। ਸਟੈਫ਼ਨੀ ਦੱਸਦੀ ਹੈ ਕਿ ਉਸ ਨੂੰ ਇਹ ਹਿਦਾਇਤ ਮੰਨਣੀ ਔਖੀ ਲੱਗ ਰਹੀ ਸੀ। ਉਹ ਦੱਸਦੀ ਹੈ: “ਮੈਂ ਬਹੁਤ ਦੁਖੀ ਹੋ ਗਈ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਸਾਡੀ ਭਾਸ਼ਾ ਦੀ ਮੰਡਲੀ ਵਿਚ ਜ਼ਿਆਦਾ ਲੋੜ ਹੈ।” ਫਿਰ ਵੀ ਉਸ ਨੇ ਭਰਾਵਾਂ ਦੀ ਹਿਦਾਇਤ ਮੰਨਣ ਦਾ ਫ਼ੈਸਲਾ ਕੀਤਾ। ਉਹ ਦੱਸਦੀ ਹੈ: “ਸਮੇਂ ਦੇ ਬੀਤਣ ਨਾਲ ਮੈਂ ਦੇਖ ਸਕੀ ਕਿ ਭਰਾਵਾਂ ਦਾ ਇਹ ਫ਼ੈਸਲਾ ਬਿਲਕੁਲ ਸਹੀ ਸੀ। ਅਸੀਂ ਆਪਣੀ ਮੰਡਲੀ ਦੇ ਅਜਿਹੇ ਬਹੁਤ ਸਾਰੇ ਭੈਣਾਂ-ਭਰਾਵਾਂ ਦੇ ਮਾਪੇ ਬਣ ਗਏ ਜੋ ਸੱਚਾਈ ਵਿਚ ਇਕੱਲੇ ਸਨ। ਮੈਂ ਇਕ ਅਜਿਹੀ ਭੈਣ ਨਾਲ ਸਟੱਡੀ ਕਰ ਰਹੀ ਹਾਂ ਜਿਸ ਨੇ ਹਾਲ ਹੀ ਵਿਚ ਦੁਬਾਰਾ ਤੋਂ ਮੀਟਿੰਗਾਂ ਵਿਚ ਆਉਣਾ ਅਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ। ਹੁਣ ਮੇਰੇ ਕੋਲ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਲਈ ਵੀ ਕਾਫ਼ੀ ਸਮਾਂ ਹੁੰਦਾ ਹੈ। ਨਾਲੇ ਮੇਰੀ ਜ਼ਮੀਰ ਵੀ ਸਾਫ਼ ਹੈ ਕਿਉਂਕਿ ਮੈਂ ਭਰਾਵਾਂ ਦੀ ਗੱਲ ਮੰਨਣ ਦੀ ਪੂਰੀ ਕੋਸ਼ਿਸ਼ ਕੀਤੀ।”

18. ਕਹਿਣਾ ਮੰਨਣ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

18 ਅਸੀਂ ਕਹਿਣਾ ਮੰਨਣਾ ਸਿੱਖ ਸਕਦੇ ਹਾਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਵੀ ਕਹਿਣਾ ਮੰਨਣਾ ਸਿੱਖਿਆ। ਉਸ ਨੇ ਚੰਗੇ ਹਾਲਾਤਾਂ ਵਿਚ ਨਹੀਂ, ਸਗੋਂ ‘ਦੁੱਖ ਝੱਲ ਕੇ ਆਗਿਆਕਾਰੀ ਸਿੱਖੀ।’ (ਇਬ. 5:8) ਯਿਸੂ ਵਾਂਗ ਅਕਸਰ ਅਸੀਂ ਵੀ ਔਖੇ ਹਾਲਾਤਾਂ ਵਿਚ ਕਹਿਣਾ ਮੰਨਣਾ ਸਿੱਖਦੇ ਹਾਂ। ਉਦਾਹਰਣ ਲਈ, ਜਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ ਸੀ, ਤਾਂ ਸਾਨੂੰ ਕਿੰਗਡਮ ਹਾਲਾਂ ਵਿਚ ਸਭਾਵਾਂ ਕਰਨ ਤੋਂ ਅਤੇ ਘਰ-ਘਰ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। ਕੀ ਉਸ ਸਮੇਂ ਤੁਹਾਨੂੰ ਕਹਿਣਾ ਮੰਨਣਾ ਔਖਾ ਲੱਗਾ ਸੀ? ਪਰ ਕਹਿਣਾ ਮੰਨਣ ਕਰਕੇ ਤੁਹਾਡੀ ਹਿਫਾਜ਼ਤ ਹੋਈ, ਮੰਡਲੀ ਵਿਚ ਏਕਤਾ ਬਣੀ ਰਹੀ ਅਤੇ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕੀਤਾ। ਉਸ ਵੇਲੇ ਅਸੀਂ ਸਾਰਿਆਂ ਨੇ ਕਹਿਣਾ ਮੰਨਿਆ, ਇਸ ਲਈ ਹੁਣ ਸਾਡੇ ਲਈ ਹਿਦਾਇਤ ਮੰਨਣੀ ਪਹਿਲਾਂ ਨਾਲੋਂ ਜ਼ਿਆਦਾ ਸੌਖੀ ਹੋ ਗਈ ਹੈ। ਸਾਨੂੰ ਮਹਾਂਕਸ਼ਟ ਦੌਰਾਨ ਚਾਹੇ ਜੋ ਵੀ ਹਿਦਾਇਤ ਦਿੱਤੀ ਜਾਵੇ, ਅਸੀਂ ਉਸ ਨੂੰ ਮੰਨ ਸਕਾਂਗੇ। ਹੋ ਸਕਦਾ ਹੈ ਕਿ ਉਸ ਨੂੰ ਮੰਨਣ ਨਾਲ ਸਾਡੀਆਂ ਜ਼ਿੰਦਗੀਆਂ ਬਚ ਜਾਣ।​—ਅੱਯੂ. 36:11.

19. ਤੁਸੀਂ ਕਹਿਣਾ ਕਿਉਂ ਮੰਨਣਾ ਚਾਹੁੰਦੇ ਹੋ?

19 ਅਸੀਂ ਸਿੱਖਿਆ ਹੈ ਕਿ ਕਹਿਣਾ ਮੰਨਣ ਕਰਕੇ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ। ਪਰ ਯਹੋਵਾਹ ਦਾ ਕਹਿਣਾ ਮੰਨਣ ਦਾ ਅਹਿਮ ਕਾਰਨ ਇਹ ਹੈ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (1 ਯੂਹੰ. 5:3) ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਅਸੀਂ ਉਸ ਨੂੰ ਕਦੇ ਵੀ ਕੁਝ ਨਹੀਂ ਦੇ ਸਕਦੇ। (ਜ਼ਬੂ. 116:12) ਪਰ ਅਸੀਂ ਯਹੋਵਾਹ ਦਾ ਅਤੇ ਉਸ ਨੇ ਜਿਨ੍ਹਾਂ ਨੂੰ ਸਾਡੇ ʼਤੇ ਅਧਿਕਾਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਮੰਨ ਸਕਦੇ ਹਾਂ। ਕਹਿਣਾ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਬੁੱਧੀਮਾਨ ਹਾਂ। ਨਾਲੇ ਬੁੱਧੀਮਾਨ ਇਨਸਾਨ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰਦੇ ਹਨ।​—ਕਹਾ. 27:11.

ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ

a ਨਾਮੁਕੰਮਲ ਹੋਣ ਕਰਕੇ ਸਾਨੂੰ ਕਈ ਵਾਰ ਕਹਿਣਾ ਮੰਨਣਾ ਔਖਾ ਲੱਗਦਾ ਹੈ। ਪਰ ਕਦੀ-ਕਦਾਈਂ ਤਾਂ ਸਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਵੀ ਔਖਾ ਲੱਗਦਾ ਹੈ ਜਿਨ੍ਹਾਂ ਕੋਲ ਅਧਿਕਾਰ ਹੁੰਦਾ ਹੈ। ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਜਦੋਂ ਅਸੀਂ ਆਪਣੇ ਮਾਪਿਆਂ, “ਉੱਚ ਅਧਿਕਾਰੀਆਂ” ਅਤੇ ਮਸੀਹੀ ਮੰਡਲੀ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਦਾ ਕਹਿਣਾ ਮੰਨਦੇ ਹਾਂ, ਤਾਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ।

b ਜੇ ਤੁਹਾਨੂੰ ਆਪਣੇ ਮਾਪਿਆਂ ਦੁਆਰਾ ਬਣਾਏ ਨਿਯਮਾਂ ਨੂੰ ਮੰਨਣਾ ਤੇ ਉਨ੍ਹਾਂ ਬਾਰੇ ਗੱਲ ਕਰਨੀ ਔਖੀ ਲੱਗਦੀ ਹੈ, ਤਾਂ ਕਿਉਂ ਨਾ ਤੁਸੀਂ jw.org/pa ʼਤੇ “ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਕਿਵੇਂ ਗੱਲ ਕਰਾਂ?” ਨਾਂ ਦਾ ਲੇਖ ਪੜ੍ਹੋ। ਇਸ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ।

c ਤਸਵੀਰ ਬਾਰੇ ਜਾਣਕਾਰੀ: ਮਰੀਅਮ ਅਤੇ ਯੂਸੁਫ਼ ਸਮਰਾਟ ਦਾ ਫ਼ਰਮਾਨ ਮੰਨਦਿਆਂ ਆਪਣਾ ਨਾਂ ਲਿਖਵਾਉਣ ਲਈ ਬੈਤਲਹਮ ਗਏ। ਅੱਜ ਮਸੀਹੀ “ਉੱਚ ਅਧਿਕਾਰੀਆਂ” ਦਾ ਕਹਿਣਾ ਮੰਨ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ, ਟੈਕਸ ਭਰਦੇ ਹਨ ਅਤੇ ਸਿਹਤ ਸੰਬੰਧੀ ਮਾਮਲਿਆਂ ਵਿਚ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਮੰਨਦੇ ਹਨ।