Skip to content

Skip to table of contents

ਅਧਿਐਨ ਲੇਖ 44

ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰੋ

ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰੋ

‘ਸੱਚਾਈ ਦੀ ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝੋ।’​—ਅਫ਼. 3:18.

ਗੀਤ 95 ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ

ਖ਼ਾਸ ਗੱਲਾਂ a

1-2. ਬਾਈਬਲ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਇਕ ਉਦਾਹਰਣ ਦਿਓ।

 ਮੰਨ ਲਓ ਕਿ ਤੁਸੀਂ ਕੋਈ ਘਰ ਖ਼ਰੀਦਣਾ ਚਾਹੁੰਦੇ ਹੋ। ਘਰ ਖ਼ਰੀਦਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਚਾਹੋਗੇ? ਕੀ ਤੁਸੀਂ ਸਿਰਫ਼ ਘਰ ਦੀ ਫੋਟੋ ਦੇਖ ਕੇ ਹੀ ਇਸ ਨੂੰ ਖ਼ਰੀਦ ਲਓਗੇ? ਬਿਲਕੁਲ ਨਹੀਂ। ਤੁਸੀਂ ਖ਼ੁਦ ਜਾ ਕੇ ਘਰ ਦੇਖਣਾ ਚਾਹੋਗੇ। ਤੁਸੀਂ ਘਰ ਦੇ ਆਲੇ-ਦੁਆਲੇ ਘੁੰਮ ਕੇ ਅਤੇ ਹਰ ਕਮਰੇ ਵਿਚ ਜਾ ਕੇ ਦੇਖਣਾ ਚਾਹੋਗੇ। ਸ਼ਾਇਦ ਕਈ ਜਣੇ ਮਕਾਨ-ਮਾਲਕ ਨਾਲ ਵੀ ਗੱਲ ਕਰਨੀ ਚਾਹੁਣ ਜਾਂ ਉਸ ਘਰ ਦਾ ਨਕਸ਼ਾ ਵੀ ਦੇਖਣਾ ਚਾਹੁਣ ਤਾਂਕਿ ਉਹ ਘਰ ਬਾਰੇ ਹੋਰ ਚੰਗੀ ਤਰ੍ਹਾਂ ਜਾਣ ਸਕਣ। ਬਿਨਾਂ ਸ਼ੱਕ, ਤੁਸੀਂ ਜਿਹੜਾ ਘਰ ਖ਼ਰੀਦਣਾ ਚਾਹੁੰਦੇ ਹੋ, ਤੁਸੀਂ ਇਸ ਦੇ ਹਰ ਹਿੱਸੇ ਦੀ ਜਾਂਚ ਕਰਨੀ ਚਾਹੋਗੇ।

2 ਬਾਈਬਲ ਪੜ੍ਹ ਕੇ ਤੇ ਇਸ ਦਾ ਅਧਿਐਨ ਕਰ ਕੇ ਅਸੀਂ ਇੱਦਾਂ ਕਰ ਸਕਦੇ ਹਾਂ। ਇਕ ਵਿਦਵਾਨ ਨੇ ਕਿਹਾ ਕਿ ਬਾਈਬਲ “ਇਕ ਵੱਡੀ ਇਮਾਰਤ ਵਾਂਗ ਹੈ ਜੋ ਬਹੁਤ ਉੱਚੀ ਹੈ ਅਤੇ ਜਿਸ ਦੀਆਂ ਨੀਂਹਾਂ ਬਹੁਤ ਡੂੰਘੀਆਂ ਹਨ।” ਤਾਂ ਫਿਰ ਅਸੀਂ ਬਾਈਬਲ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ? ਜੇ ਤੁਸੀਂ ਕਾਹਲੀ-ਕਾਹਲੀ ਬਾਈਬਲ ਪੜ੍ਹਦੇ ਹੋ, ਤਾਂ ਤੁਸੀਂ ਸ਼ਾਇਦ “ਪਰਮੇਸ਼ੁਰ ਦੀ ਪਵਿੱਤਰ ਬਾਣੀ ਦੀਆਂ ਬੁਨਿਆਦੀ ਗੱਲਾਂ” ਬਾਰੇ ਹੀ ਜਾਣ ਸਕੋ। (ਇਬ. 5:12) ਜਿੱਦਾਂ ਘਰ ਖ਼ਰੀਦਣ ਲੱਗਿਆਂ ਤੁਸੀਂ ਘਰ ਦੇ ਹਰ ਹਿੱਸੇ ਦੀ ਜਾਂਚ ਕਰਦੇ ਹੋ, ਉੱਦਾਂ ਹੀ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਗਹਿਰਾਈ ਨਾਲ ਇਸ ਦਾ ਅਧਿਐਨ ਕਰੋ। ਇਸ ਤਰ੍ਹਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਇਹ ਦੇਖੋ ਕਿ ਬਾਈਬਲ ਦੀ ਇਕ ਕਿਤਾਬ ਵਿਚ ਦੱਸੀਆਂ ਗੱਲਾਂ ਦੂਜੀਆਂ ਕਿਤਾਬਾਂ ਨਾਲ ਕਿਵੇਂ ਮੇਲ ਖਾਂਦੀਆਂ ਹਨ। ਸਿਰਫ਼ ਇਹੀ ਸਮਝਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਕਿਹੜੀਆਂ ਗੱਲਾਂ ʼਤੇ ਵਿਸ਼ਵਾਸ ਕਰਦੇ ਹੋ, ਸਗੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ।

3. ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਕਿਉਂ? (ਅਫ਼ਸੀਆਂ 3:14-19)

3 ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਬਾਰੇ ਸਿੱਖਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰਨ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਉਹ “ਸੱਚਾਈ ਦੀ ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ ਨੂੰ ਚੰਗੀ ਤਰ੍ਹਾਂ ਸਮਝ” ਸਕਣ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ “ਨਿਹਚਾ ਦੀ ਨੀਂਹ” ਹੋਰ ਵੀ ਪੱਕੀ ਹੋਣੀ ਸੀ ਅਤੇ ਉਨ੍ਹਾਂ ਨੇ “ਮਜ਼ਬੂਤੀ ਨਾਲ ਖੜ੍ਹੇ” ਰਹਿਣਾ ਸੀ। (ਅਫ਼ਸੀਆਂ 3:14-19 ਪੜ੍ਹੋ।) ਸਾਨੂੰ ਵੀ ਇੱਦਾਂ ਹੀ ਕਰਨ ਦੀ ਲੋੜ ਹੈ। ਆਓ ਆਪਾਂ ਦੇਖੀਏ ਕਿ ਅਸੀਂ ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਿਵੇਂ ਕਰ ਸਕਦੇ ਹਾਂ।

ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਦੀ ਖੋਜਬੀਨ ਕਰੋ

4. ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਣ ਲਈ ਕੀ ਕਰ ਸਕਦੇ ਹਾਂ? ਉਦਾਹਰਣਾਂ ਦਿਓ।

4 ਅਸੀਂ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਲੈ ਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ “ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ” ਸਮਝ ਲੈਣੀ ਚਾਹੁੰਦੇ ਹਾਂ। (1 ਕੁਰਿੰ. 2:9, 10) ਤਾਂ ਫਿਰ ਕਿਉਂ ਨਾ ਤੁਸੀਂ ਨਿੱਜੀ ਅਧਿਐਨ ਦੌਰਾਨ ਅਜਿਹੇ ਵਿਸ਼ਿਆਂ ਬਾਰੇ ਗਹਿਰਾਈ ਨਾਲ ਅਧਿਐਨ ਕਰੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾ ਸਕੋ? ਉਦਾਹਰਣ ਲਈ, ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਲਈ ਪਿਆਰ ਕਿਵੇਂ ਜ਼ਾਹਰ ਕੀਤਾ ਅਤੇ ਇਸ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਵੀ ਪਿਆਰ ਕਰਦਾ ਹੈ। ਜਾਂ ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਇਜ਼ਰਾਈਲੀਆਂ ਦੇ ਭਗਤੀ ਕਰਨ ਦੇ ਤਰੀਕੇ ਅਤੇ ਅੱਜ ਮਸੀਹੀਆਂ ਦੇ ਭਗਤੀ ਕਰਨ ਦੇ ਤਰੀਕੇ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਜਾਂ ਤੁਸੀਂ ਉਨ੍ਹਾਂ ਭਵਿੱਖਬਾਣੀਆਂ ਦਾ ਗਹਿਰਾਈ ਨਾਲ ਅਧਿਐਨ ਕਰ ਸਕਦੇ ਹੋ ਜੋ ਯਿਸੂ ਨੇ ਧਰਤੀ ʼਤੇ ਆਪਣੀ ਜ਼ਿੰਦਗੀ ਅਤੇ ਸੇਵਕਾਈ ਦੌਰਾਨ ਪੂਰੀਆਂ ਕੀਤੀਆਂ ਸਨ।

5. ਤੁਸੀਂ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਦਿਆਂ ਕਿਹੜੇ ਵਿਸ਼ੇ ʼਤੇ ਖੋਜਬੀਨ ਕਰਨੀ ਚਾਹੁੰਦੇ ਹੋ?

5 ਬਾਈਬਲ ਦਾ ਬੜੇ ਧਿਆਨ ਨਾਲ ਅਧਿਐਨ ਕਰਨ ਵਾਲੇ ਕੁਝ ਭੈਣਾਂ-ਭਰਾਵਾਂ ਤੋਂ ਪੁੱਛਿਆ ਗਿਆ ਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਕਿਹੜੀਆਂ ਗੱਲਾਂ ਬਾਰੇ ਗਹਿਰਾਈ ਨਾਲ ਅਧਿਐਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਜੋ ਕਿਹਾ, ਉਨ੍ਹਾਂ ਵਿੱਚੋਂ ਕੁਝ ਗੱਲਾਂ “ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਲਈ ਵਿਸ਼ੇ” ਨਾਂ ਦੀ ਡੱਬੀ ਵਿਚ ਦੱਸੀਆਂ ਗਈਆਂ ਹਨ। ਇਨ੍ਹਾਂ ਵਿਸ਼ਿਆਂ ʼਤੇ ਖੋਜਬੀਨ ਕਰਨ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਰਤ ਸਕਦੇ ਹੋ। ਇਸ ਤਰ੍ਹਾਂ ਅਧਿਐਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ। ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਹਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਤੁਸੀਂ “ਪਰਮੇਸ਼ੁਰ ਦਾ ਗਿਆਨ ਹਾਸਲ” ਕਰ ਸਕਦੇ ਹੋ। (ਕਹਾ. 2:4, 5) ਆਓ ਹੁਣ ਆਪਾਂ ਬਾਈਬਲ ਦੀਆਂ ਕੁਝ ਡੂੰਘੀਆਂ ਸੱਚਾਈਆਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਅਸੀਂ ਗਹਿਰਾਈ ਨਾਲ ਖੋਜਬੀਨ ਕਰ ਸਕਦੇ ਹਾਂ।

ਪਰਮੇਸ਼ੁਰ ਦੇ ਮਕਸਦ ਬਾਰੇ ਗਹਿਰਾਈ ਨਾਲ ਸੋਚੋ

6. (ੳ) ਯੋਜਨਾ ਅਤੇ ਮਕਸਦ ਵਿਚ ਕੀ ਫ਼ਰਕ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਧਰਤੀ ਅਤੇ ਇਨਸਾਨਾਂ ਲਈ ਯਹੋਵਾਹ ਦਾ ਮਕਸਦ “ਸਦੀਆਂ” ਲਈ ਹੈ? (ਅਫ਼ਸੀਆਂ 3:11)

6 ਉਦਾਹਰਣ ਲਈ, ਜ਼ਰਾ ਸੋਚੋ ਕਿ ਬਾਈਬਲ ਪਰਮੇਸ਼ੁਰ ਦੇ ਮਕਸਦ ਬਾਰੇ ਕੀ ਦੱਸਦੀ ਹੈ। ਯੋਜਨਾ ਅਤੇ ਮਕਸਦ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯੋਜਨਾ ਵਿਚ ਤੁਸੀਂ ਕੋਈ ਖ਼ਾਸ ਰਾਹ ਚੁਣਦੇ ਹੋ ਜਿਸ ʼਤੇ ਚੱਲ ਕੇ ਤੁਸੀਂ ਆਪਣੀ ਮੰਜ਼ਲ ʼਤੇ ਪਹੁੰਚ ਸਕਦੇ ਹੋ। ਪਰ ਜੇ ਉਸ ਰਾਹ ਵਿਚ ਕੋਈ ਰੁਕਾਵਟ ਖੜ੍ਹੀ ਹੋ ਜਾਂਦੀ ਹੈ, ਤਾਂ ਤੁਹਾਡੀ ਯੋਜਨਾ ਅਸਫ਼ਲ ਹੋ ਸਕਦੀ ਹੈ। ਦੂਜੇ ਪਾਸੇ, ਮਕਸਦ ਪੂਰਾ ਕਰਨ ਲਈ ਤੁਸੀਂ ਆਪਣਾ ਧਿਆਨ ਮੰਜ਼ਲ ʼਤੇ ਲਾਉਂਦੇ ਹੋ। ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਆਪਣੀ ਮੰਜ਼ਲ ʼਤੇ ਪਹੁੰਚਣਾ ਹੈ। ਪਰ ਆਪਣੀ ਮੰਜ਼ਲ ʼਤੇ ਪਹੁੰਚਣ ਲਈ ਤੁਸੀਂ ਅਲੱਗ-ਅਲੱਗ ਰਾਹ ਚੁਣ ਸਕਦੇ ਹੋ। ਇਸ ਲਈ ਜੇ ਇਕ ਰਾਹ ਵਿਚ ਰੁਕਾਵਟ ਖੜ੍ਹੀ ਹੋ ਜਾਂਦੀ ਹੈ, ਤਾਂ ਤੁਸੀਂ ਦੂਸਰਾ ਰਾਹ ਚੁਣ ਸਕਦੇ ਹੋ। ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਬਾਈਬਲ ਵਿਚ ‘ਸਦੀਆਂ ਤੋਂ ਚੱਲਦੇ ਆ ਰਹੇ ਆਪਣੇ ਮਕਸਦ’ ਬਾਰੇ ਸਾਨੂੰ ਹੌਲੀ-ਹੌਲੀ ਦੱਸਿਆ। (ਅਫ਼. 3:11) ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਅਲੱਗ-ਅਲੱਗ ਰਾਹ ਚੁਣ ਸਕਦਾ ਹੈ। ਉਹ ਹਮੇਸ਼ਾ ਸਫ਼ਲ ਹੁੰਦਾ ਹੈ। ਕਿਉਂ? ਕਿਉਂਕਿ “ਯਹੋਵਾਹ ਹਰ ਕੰਮ ਇਸ ਤਰ੍ਹਾਂ ਕਰਦਾ ਹੈ ਕਿ ਉਸ ਦਾ ਮਕਸਦ ਪੂਰਾ ਹੋਵੇ।” (ਕਹਾ. 16:4) ਨਾਲੇ ਉਸ ਦਾ ਮਕਸਦ “ਸਦੀਆਂ” ਲਈ ਹੈ ਕਿਉਂਕਿ ਉਹ ਜੋ ਵੀ ਕਰਦਾ ਹੈ, ਉਹ ਹਮੇਸ਼ਾ ਕਾਇਮ ਰਹੇਗਾ। ਫਿਰ ਆਓ ਹੁਣ ਆਪਾਂ ਦੇਖੀਏ ਕਿ ਯਹੋਵਾਹ ਦਾ ਕੀ ਮਕਸਦ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਸ ਨੇ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ।

7. ਆਦਮ ਤੇ ਹੱਵਾਹ ਦੇ ਬਗਾਵਤ ਕਰਨ ਤੋਂ ਬਾਅਦ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਕਿਹੜੇ ਫੇਰ-ਬਦਲ ਕੀਤੇ? (ਮੱਤੀ 25:34)

7 ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਦੱਸਿਆ ਕਿ ਇਨਸਾਨਾਂ ਲਈ ਉਸ ਦਾ ਕੀ ਮਕਸਦ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ ਅਤੇ . . . ਸਾਰੇ ਜੀਉਂਦੇ ਜਾਨਵਰਾਂ ਨੂੰ ਆਪਣੇ ਅਧੀਨ ਕਰੋ।” (ਉਤ. 1:28) ਪਰ ਜਦੋਂ ਆਦਮ ਅਤੇ ਹੱਵਾਹ ਨੇ ਬਗਾਵਤ ਕੀਤੀ, ਤਾਂ ਸਾਰੇ ਇਨਸਾਨਾਂ ਵਿਚ ਪਾਪ ਫੈਲ ਗਿਆ। ਫਿਰ ਵੀ ਯਹੋਵਾਹ ਨੇ ਆਪਣਾ ਮਕਸਦ ਨਹੀਂ ਬਦਲਿਆ। ਉਸ ਨੇ ਕੁਝ ਫੇਰ-ਬਦਲ ਕੀਤੇ ਤਾਂਕਿ ਉਸ ਦਾ ਮਕਸਦ ਪੂਰਾ ਹੋ ਸਕੇ। ਉਸ ਨੇ ਉਦੋਂ ਹੀ ਤੈਅ ਕਰ ਲਿਆ ਸੀ ਕਿ ਉਹ ਸਵਰਗ ਵਿਚ ਆਪਣਾ ਰਾਜ ਖੜ੍ਹਾ ਕਰੇਗਾ ਜਿਸ ਦੇ ਰਾਹੀਂ ਉਹ ਮਨੁੱਖਜਾਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ। (ਮੱਤੀ 25:34 ਪੜ੍ਹੋ।) ਫਿਰ ਆਪਣੇ ਤੈਅ ਕੀਤੇ ਹੋਏ ਸਮੇਂ ʼਤੇ ਯਹੋਵਾਹ ਨੇ ਆਪਣੇ ਜੇਠੇ ਪੁੱਤਰ ਨੂੰ ਧਰਤੀ ʼਤੇ ਭੇਜਿਆ ਤਾਂਕਿ ਉਹ ਸਾਨੂੰ ਇਸ ਰਾਜ ਬਾਰੇ ਸਿਖਾਵੇ। ਨਾਲੇ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਆਪਣੀ ਜਾਨ ਰਿਹਾਈ ਦੀ ਕੀਮਤ ਵਜੋਂ ਕੁਰਬਾਨ ਕਰੇ। ਫਿਰ ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਅਤੇ ਸਵਰਗ ਵਿਚ ਉਸ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ। ਪਰ ਯਹੋਵਾਹ ਦੇ ਮਕਸਦ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਹਨ ਜਿਨ੍ਹਾਂ ʼਤੇ ਅਸੀਂ ਧਿਆਨ ਦੇ ਸਕਦੇ ਹਾਂ।

ਜ਼ਰਾ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਸਵਰਗ ਵਿਚ ਦੂਤ ਅਤੇ ਧਰਤੀ ʼਤੇ ਸਾਰੇ ਇਨਸਾਨ ਯਹੋਵਾਹ ਦੇ ਵਫ਼ਾਦਾਰ ਹੋਣਗੇ ਅਤੇ ਉਨ੍ਹਾਂ ਵਿਚ ਏਕਤਾ ਹੋਵੇਗੀ! (ਪੈਰਾ 8 ਦੇਖੋ)

8. (ੳ) ਬਾਈਬਲ ਦਾ ਮੁੱਖ ਵਿਸ਼ਾ ਕੀ ਹੈ? (ਅ) ਜਿਵੇਂ ਅਫ਼ਸੀਆਂ 1:8-11 ਵਿਚ ਸਮਝਾਇਆ ਗਿਆ ਹੈ, ਆਪਣੇ ਮਕਸਦ ਮੁਤਾਬਕ ਯਹੋਵਾਹ ਅਖ਼ੀਰ ਵਿਚ ਕੀ ਕਰੇਗਾ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

8 ਬਾਈਬਲ ਦਾ ਮੁੱਖ ਵਿਸ਼ਾ ਹੈ, ਯਹੋਵਾਹ ਦਾ ਨਾਂ ਪਵਿੱਤਰ ਕਰਨਾ ਯਾਨੀ ਯਹੋਵਾਹ ਦੇ ਨਾਂ ʼਤੇ ਲੱਗੇ ਦੋਸ਼ਾਂ ਨੂੰ ਮਿਟਾਉਣਾ। ਜਦੋਂ ਯਹੋਵਾਹ ਮਸੀਹ ਦੇ ਅਧੀਨ ਆਪਣੇ ਰਾਜ ਦੇ ਜ਼ਰੀਏ ਧਰਤੀ ਲਈ ਆਪਣਾ ਮਕਸਦ ਪੂਰਾ ਕਰੇਗਾ, ਤਾਂ ਉਸ ਦੇ ਨਾਂ ʼਤੇ ਲੱਗੇ ਦੋਸ਼ ਮਿਟ ਜਾਣਗੇ। ਯਹੋਵਾਹ ਦਾ ਮਕਸਦ ਕਦੇ ਨਹੀਂ ਬਦਲ ਸਕਦਾ। ਉਸ ਨੇ ਗਾਰੰਟੀ ਦਿੱਤੀ ਹੈ ਕਿ ਉਸ ਦਾ ਮਕਸਦ ਹਰ ਹਾਲ ਵਿਚ ਪੂਰਾ ਹੋਵੇਗਾ। (ਯਸਾ. 46:10, 11, ਫੁਟਨੋਟ; ਇਬ. 6:17, 18) ਸਮੇਂ ਦੇ ਬੀਤਣ ਨਾਲ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਇਸ ਧਰਤੀ ਉੱਤੇ ਆਦਮ ਤੇ ਹੱਵਾਹ ਦੇ ਧਰਮੀ ਤੇ ਮੁਕੰਮਲ ਬੱਚੇ ‘ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਨਗੇ।’ (ਜ਼ਬੂ. 22:26) ਪਰ ਯਹੋਵਾਹ ਸਿਰਫ਼ ਇੰਨਾ ਹੀ ਨਹੀਂ ਕਰੇਗਾ। ਅਖ਼ੀਰ ਵਿਚ, ਉਹ ਆਪਣੇ ਸਾਰੇ ਸੇਵਕਾਂ ਯਾਨੀ ਦੂਤਾਂ ਅਤੇ ਇਨਸਾਨਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹ ਦੇਵੇਗਾ। ਫਿਰ ਉਹ ਸਾਰੇ ਜਣੇ ਯਹੋਵਾਹ ਨੂੰ ਆਪਣਾ ਰਾਜਾ ਮੰਨ ਕੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨਗੇ। (ਅਫ਼ਸੀਆਂ 1:8-11 ਪੜ੍ਹੋ।) ਕੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੁੰਦੀ ਕਿ ਯਹੋਵਾਹ ਸ਼ਾਨਦਾਰ ਤਰੀਕੇ ਨਾਲ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਗਹਿਰਾਈ ਨਾਲ ਆਪਣੇ ਭਵਿੱਖ ਬਾਰੇ ਸੋਚੋ

9. ਬਾਈਬਲ ਪੜ੍ਹ ਕੇ ਅਸੀਂ ਭਵਿੱਖ ਬਾਰੇ ਕਿੰਨਾ ਕੁਝ ਜਾਣ ਸਕਦੇ ਹਾਂ?

9 ਜ਼ਰਾ ਅਦਨ ਦੇ ਬਾਗ਼ ਵਿਚ ਯਹੋਵਾਹ ਦੀ ਕੀਤੀ ਭਵਿੱਖਬਾਣੀ ʼਤੇ ਗੌਰ ਕਰੋ ਜੋ ਉਤਪਤ 3:15 ਵਿਚ ਦਰਜ ਹੈ। b ਇਸ ਵਿਚ ਦੱਸਿਆ ਗਿਆ ਹੈ ਕਿ ਕਿਹੜੀਆਂ ਘਟਨਾਵਾਂ ਵਾਪਰਨ ਨਾਲ ਪਰਮੇਸ਼ੁਰ ਦਾ ਮਕਸਦ ਪੂਰਾ ਹੋਣਾ ਸੀ। ਪਰ ਇਹ ਘਟਨਾਵਾਂ ਉਸ ਸਮੇਂ ਤੋਂ ਹਜ਼ਾਰਾਂ ਸਾਲਾਂ ਬਾਅਦ ਵਾਪਰਨੀਆਂ ਸਨ। ਉਦਾਹਰਣ ਲਈ, ਪਰਮੇਸ਼ੁਰ ਨੇ ਅਬਰਾਹਾਮ ਨੂੰ ਦੱਸਿਆ ਸੀ ਕਿ ਉਸ ਦੀਆਂ ਬਹੁਤ ਸਾਰੀਆਂ ਪੀੜ੍ਹੀਆਂ ਆਉਣ ਤੋਂ ਬਾਅਦ ਕਿਸੇ ਇਕ ਪੀੜ੍ਹੀ ਵਿੱਚੋਂ ਮਸੀਹ ਦਾ ਜਨਮ ਹੋਣਾ ਸੀ। (ਉਤ. 22:15-18) ਫਿਰ 33 ਈਸਵੀ ਵਿਚ ਯਿਸੂ ਦੀ ਅੱਡੀ ਨੂੰ ਜ਼ਖ਼ਮੀ ਕੀਤਾ ਜਾਣਾ ਸੀ ਠੀਕ ਜਿਵੇਂ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ। (ਰਸੂ. 3:13-15) ਇਸ ਭਵਿੱਖਬਾਣੀ ਦੀ ਆਖ਼ਰੀ ਘਟਨਾ ਹੈ, ਸ਼ੈਤਾਨ ਦੇ ਸਿਰ ਨੂੰ ਕੁਚਲਿਆ ਜਾਣਾ। ਇਹ ਘਟਨਾ ਪੂਰੀ ਹੋਣ ਨੂੰ ਹਾਲੇ 1,000 ਤੋਂ ਵੀ ਜ਼ਿਆਦਾ ਸਾਲ ਪਏ ਹਨ। (ਪ੍ਰਕਾ. 20:7-10) ਨਾਲੇ ਬਾਈਬਲ ਵਿਚ ਇਸ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਹੈ ਕਿ ਜਦੋਂ ਸ਼ੈਤਾਨ ਦੀ ਦੁਨੀਆਂ ਅਤੇ ਯਹੋਵਾਹ ਦੇ ਸੰਗਠਨ ਵਿਚਕਾਰ ਦੁਸ਼ਮਣੀ ਸਿਖਰ ʼਤੇ ਹੋਵੇਗੀ, ਉਦੋਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ।

10. (ੳ) ਜਲਦ ਹੀ ਭਵਿੱਖ ਵਿਚ ਕਿਹੜੀਆਂ ਘਟਨਾਵਾਂ ਵਾਪਰਨਗੀਆਂ? (ਅ) ਅਸੀਂ ਆਪਣੇ ਮਨ ਅਤੇ ਦਿਲ ਕਿਵੇਂ ਤਿਆਰ ਕਰ ਸਕਦੇ ਹਾਂ? (ਫੁਟਨੋਟ ਦੇਖੋ।)

10 ਜ਼ਰਾ ਬਾਈਬਲ ਵਿਚ ਦਰਜ ਇਨ੍ਹਾਂ ਘਟਨਾਵਾਂ ਬਾਰੇ ਸੋਚੋ ਜੋ ਦੁਨੀਆਂ ਨੂੰ ਹਿਲਾ ਕੇ ਰੱਖ ਦੇਣਗੀਆਂ। ਪਹਿਲੀ, ਕੌਮਾਂ ਐਲਾਨ ਕਰਨਗੀਆਂ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” (1 ਥੱਸ. 5:2, 3) ਫਿਰ ਕੌਮਾਂ “ਇਕਦਮ” ਸਾਰੇ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ ਅਤੇ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। (ਪ੍ਰਕਾ. 17:16) ਇਸ ਤੋਂ ਬਾਅਦ, ਸ਼ਾਇਦ ਅਲੌਕਿਕ ਤਰੀਕੇ ਨਾਲ ‘ਮਨੁੱਖ ਦਾ ਪੁੱਤਰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ’ ਦਿਖਾਈ ਦੇਵੇਗਾ। (ਮੱਤੀ 24:30) ਉਸ ਸਮੇਂ ਯਿਸੂ ਭੇਡਾਂ ਅਤੇ ਬੱਕਰੀਆਂ ਵਰਗੇ ਲੋਕਾਂ ਨੂੰ ਅੱਡੋ-ਅੱਡ ਕਰਕੇ ਉਨ੍ਹਾਂ ਦਾ ਨਿਆਂ ਕਰੇਗਾ। (ਮੱਤੀ 25:31-33, 46) ਪਰ ਸ਼ੈਤਾਨ ਵੀ ਹੱਥ ʼਤੇ ਹੱਥ ਧਰ ਕੇ ਨਹੀਂ ਬੈਠਾ ਰਹੇਗਾ। ਪਰਮੇਸ਼ੁਰ ਦੇ ਲੋਕਾਂ ਨਾਲ ਸਖ਼ਤ ਨਫ਼ਰਤ ਹੋਣ ਕਰਕੇ ਉਹ ਕੌਮਾਂ ਦੇ ਗਠਜੋੜ ਨੂੰ ਉਨ੍ਹਾਂ ʼਤੇ ਹਮਲਾ ਕਰਨ ਲਈ ਉਕਸਾਵੇਗਾ। ਬਾਈਬਲ ਵਿਚ ਇਸ ਗਠਜੋੜ ਨੂੰ ਮਾਗੋਗ ਦੇਸ਼ ਦਾ ਗੋਗ ਕਿਹਾ ਗਿਆ ਹੈ। (ਹਿਜ਼. 38:2, 10, 11) ਇਸ ਦੌਰਾਨ ਧਰਤੀ ʼਤੇ ਰਹਿੰਦੇ ਬਾਕੀ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਇਕੱਠਾ ਕੀਤਾ ਜਾਵੇਗਾ ਤਾਂਕਿ ਉਹ ਮਸੀਹ ਅਤੇ ਉਸ ਦੀਆਂ ਸਵਰਗੀ ਫ਼ੌਜਾਂ ਨਾਲ ਮਿਲ ਕੇ ਆਰਮਾਗੇਡਨ ਦਾ ਯੁੱਧ ਲੜ ਸਕਣ। ਇਸ ਯੁੱਧ ਨਾਲ ਮਹਾਂਕਸ਼ਟ ਖ਼ਤਮ ਹੋ ਜਾਵੇਗਾ। c (ਮੱਤੀ 24:31; ਪ੍ਰਕਾ. 16:14, 16) ਫਿਰ ਧਰਤੀ ʼਤੇ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋ ਜਾਵੇਗਾ।​—ਪ੍ਰਕਾ. 20:6.

ਤੁਹਾਨੂੰ ਕੀ ਲੱਗਦਾ ਹੈ ਕਿ ਅਰਬਾਂ-ਖਰਬਾਂ ਸਾਲਾਂ ਦੌਰਾਨ ਯਹੋਵਾਹ ਬਾਰੇ ਸਿੱਖਣ ਤੋਂ ਬਾਅਦ ਉਸ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੋਵੇਗਾ? (ਪੈਰਾ 11 ਦੇਖੋ)

11. ਤੁਹਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਦੀ ਜੋ ਉਮੀਦ ਹੈ, ਉਸ ਕਰਕੇ ਤੁਸੀਂ ਕੀ-ਕੀ ਕਰ ਸਕੋਗੇ? (ਤਸਵੀਰ ਵੀ ਦੇਖੋ।)

11 ਹੁਣ ਜ਼ਰਾ 1,000 ਸਾਲ ਤੋਂ ਬਾਅਦ ਦੇ ਸਮੇਂ ਬਾਰੇ ਸੋਚੋ। ਬਾਈਬਲ ਦੱਸਦੀ ਹੈ ਕਿ ਸਾਡੇ ਸਿਰਜਣਹਾਰ ਨੇ ਸਾਡੇ “ਮਨਾਂ ਵਿਚ ਹਮੇਸ਼ਾ ਤਕ ਜੀਉਂਦੇ ਰਹਿਣ ਦਾ ਵਿਚਾਰ ਵੀ ਪਾਇਆ ਹੈ।” (ਉਪ. 3:11) ਸੋਚੋ ਕਿ ਉਸ ਸਮੇਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਅਤੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਗੂੜ੍ਹਾ ਹੋਵੇਗਾ। ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ 319 ਸਫ਼ੇ ʼਤੇ ਇਹ ਦਿਲਚਸਪ ਗੱਲ ਦੱਸੀ ਹੈ: “ਅਰਬਾਂ-ਖਰਬਾਂ ਸਾਲ ਜ਼ਿੰਦਾ ਰਹਿਣ ਤੋਂ ਬਾਅਦ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਅੱਜ ਨਾਲੋਂ ਕਿਤੇ ਜ਼ਿਆਦਾ ਜਾਣਦੇ ਹੋਵਾਂਗੇ। ਪਰ ਫਿਰ ਵੀ ਅਸੀਂ ਮਹਿਸੂਸ ਕਰਾਂਗੇ ਕਿ ਅਜੇ ਹੋਰ ਬਹੁਤ ਕੁਝ ਸਿੱਖਣਾ ਬਾਕੀ ਹੈ। . . . ਹਮੇਸ਼ਾ ਦੀ ਜ਼ਿੰਦਗੀ ਕਿੰਨੀ ਮਕਸਦ-ਭਰੀ ਤੇ ਸੋਹਣੀ ਹੋਵੇਗੀ, ਇਸ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਯਹੋਵਾਹ ਦੇ ਨੇੜੇ ਰਹਿਣਾ ਜ਼ਿੰਦਗੀ ਦਾ ਮੁੱਖ ਉਦੇਸ਼ ਹੋਵੇਗਾ।” ਪਰ ਉਸ ਸਮੇਂ ਤਕ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਿਆਂ ਅਸੀਂ ਹੋਰ ਕਿਹੜੀਆਂ ਗੱਲਾਂ ਦੀ ਖੋਜਬੀਨ ਕਰ ਸਕਦੇ ਹਾਂ?

ਉੱਪਰ ਸਵਰਗ ਵੱਲ ਧਿਆਨ ਨਾਲ ਦੇਖੋ

12. ਅਸੀਂ ਉੱਪਰ ਸਵਰਗ ਵੱਲ ਧਿਆਨ ਨਾਲ ਕਿਵੇਂ ਦੇਖ ਸਕਦੇ ਹਾਂ? ਇਕ ਉਦਾਹਰਣ ਦਿਓ।

12 ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ “ਉੱਪਰ ਉਚਾਈਆਂ ʼਤੇ ਵੱਸਦਾ ਹੈ।” ਨਾਲੇ ਬਾਈਬਲ ਵਿਚ ਇਸ ਗੱਲ ਦੀ ਵੀ ਥੋੜ੍ਹੀ-ਬਹੁਤ ਝਲਕ ਮਿਲਦੀ ਹੈ ਕਿ ਉਸ ਦੇ ਆਲੇ-ਦੁਆਲੇ ਦਾ ਨਜ਼ਾਰਾ ਕਿੰਨਾ ਸ਼ਾਨਦਾਰ ਹੈ। (ਯਸਾ. 33:5) ਬਾਈਬਲ ਵਿਚ ਯਹੋਵਾਹ ਅਤੇ ਉਸ ਦੇ ਸਵਰਗੀ ਸੰਗਠਨ ਦੇ ਹਿੱਸੇ ਬਾਰੇ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਗਈਆਂ ਹਨ। (ਯਸਾ. 6:1-4; ਦਾਨੀ. 7:9, 10; ਪ੍ਰਕਾ. 4:1-6) ਉਦਾਹਰਣ ਲਈ, ਅਸੀਂ ਬਾਈਬਲ ਵਿਚ ਉਨ੍ਹਾਂ ਹੈਰਾਨੀਜਨਕ ਗੱਲਾਂ ਬਾਰੇ ਪੜ੍ਹ ਸਕਦੇ ਹਾਂ ਜੋ ਹਿਜ਼ਕੀਏਲ ਨੇ ਉਦੋਂ ਦੇਖੀਆਂ ਸਨ ਜਦੋਂ “ਆਕਾਸ਼ ਖੁੱਲ੍ਹ ਗਏ ਅਤੇ [ਉਸ ਨੂੰ] ਪਰਮੇਸ਼ੁਰ ਵੱਲੋਂ ਦਰਸ਼ਣ ਮਿਲਣੇ ਸ਼ੁਰੂ ਹੋਏ।”​—ਹਿਜ਼. 1:1.

13. ਜਿਵੇਂ ਇਬਰਾਨੀਆਂ 4:14-16 ਵਿਚ ਦੱਸਿਆ ਗਿਆ ਹੈ ਯਿਸੂ ਸਵਰਗੋਂ ਜੋ ਕੁਝ ਕਰਦਾ ਹੈ, ਉਸ ਬਾਰੇ ਕਿਹੜੀ ਗੱਲ ਤੁਹਾਨੂੰ ਵਧੀਆ ਲੱਗਦੀ ਹੈ?

13 ਹੁਣ ਜ਼ਰਾ ਯਿਸੂ ʼਤੇ ਗੌਰ ਕਰੋ। ਸੋਚੋ ਕਿ ਉਹ ਇਕ ਰਾਜੇ ਵਜੋਂ ਸਵਰਗ ਤੋਂ ਸਾਡੇ ਲਈ ਕੀ ਕੁਝ ਕਰ ਰਿਹਾ ਹੈ ਅਤੇ ਮਹਾਂ ਪੁਜਾਰੀ ਵਜੋਂ ਸਾਡੇ ਨਾਲ ਕਿਵੇਂ ਹਮਦਰਦੀ ਦਿਖਾ ਰਿਹਾ ਹੈ। ਅਸੀਂ ਯਿਸੂ ਦੇ ਨਾਂ ʼਤੇ ਪ੍ਰਾਰਥਨਾ ਕਰ ਕੇ “ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ” ਜਾ ਸਕਦੇ ਹਾਂ। ਨਾਲੇ ਅਸੀਂ ਯਹੋਵਾਹ ਨੂੰ ਗੁਜ਼ਾਰਸ਼ ਕਰ ਸਕਦੇ ਹਾਂ ਕਿ ਉਹ ਸਾਡੇ ʼਤੇ ਦਇਆ ਕਰੇ ਅਤੇ “ਲੋੜ ਵੇਲੇ” ਸਾਡੀ ਮਦਦ ਕਰੇ। (ਇਬਰਾਨੀਆਂ 4:14-16 ਪੜ੍ਹੋ।) ਆਓ ਆਪਾਂ ਇਸ ਬਾਰੇ ਸੋਚੇ ਬਿਨਾਂ ਇਕ ਦਿਨ ਵੀ ਨਾ ਜਾਣ ਦੇਈਏ ਕਿ ਸਵਰਗੋਂ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਅਤੇ ਉਹ ਅੱਜ ਸਾਡੇ ਲਈ ਕੀ ਕੁਝ ਕਰ ਰਹੇ ਹਨ। ਉਨ੍ਹਾਂ ਨੇ ਸਾਡੇ ਨਾਲ ਜਿਸ ਤਰ੍ਹਾਂ ਪਿਆਰ ਕੀਤਾ ਹੈ, ਕੀ ਉਹ ਸਾਡੇ ਦਿਲਾਂ ਨੂੰ ਪੂਰੀ ਤਰ੍ਹਾਂ ਨਹੀਂ ਛੂਹ ਜਾਂਦਾ? ਨਾਲੇ ਕੀ ਸਾਡਾ ਮਨ ਨਹੀਂ ਕਰਦਾ ਕਿ ਅਸੀਂ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰੀਏ?​—2 ਕੁਰਿੰ. 5:14, 15.

ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਇਹ ਜਾਣ ਕੇ ਕਿੰਨੇ ਖ਼ੁਸ਼ ਹੋਵੋਗੇ ਕਿ ਤੁਸੀਂ ਯਹੋਵਾਹ ਦੇ ਗਵਾਹ ਅਤੇ ਯਿਸੂ ਦੇ ਚੇਲੇ ਬਣਨ ਵਿਚ ਦੂਜਿਆਂ ਦੀ ਮਦਦ ਕੀਤੀ! (ਪੈਰਾ 14 ਦੇਖੋ)

14. ਯਹੋਵਾਹ ਅਤੇ ਯਿਸੂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਵਧੀਆ ਤਰੀਕਾ ਕਿਹੜਾ ਹੈ? (ਤਸਵੀਰਾਂ ਵੀ ਦੇਖੋ।)

14 ਪਰਮੇਸ਼ੁਰ ਅਤੇ ਉਸ ਦੇ ਪੁੱਤਰ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਵਧੀਆ ਤਰੀਕਾ ਕਿਹੜਾ ਹੈ? ਇਹੀ ਕਿ ਅਸੀਂ ਦੂਸਰਿਆਂ ਦੀ ਯਹੋਵਾਹ ਦੇ ਗਵਾਹ ਅਤੇ ਯਿਸੂ ਦੇ ਚੇਲੇ ਬਣਨ ਵਿਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। (ਮੱਤੀ 28:19, 20) ਪੌਲੁਸ ਰਸੂਲ ਨੇ ਵੀ ਪਰਮੇਸ਼ੁਰ ਅਤੇ ਮਸੀਹ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਇੱਦਾਂ ਹੀ ਕੀਤਾ। ਉਹ ਜਾਣਦਾ ਸੀ ਕਿ ਯਹੋਵਾਹ ਦੀ “ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਇਸ ਲਈ ਉਸ ਨੇ ਆਪਣੀ ਸੇਵਕਾਈ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕੀਤੀ ਤਾਂਕਿ ਉਹ “ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ” ਸਕੇ।​—1 ਕੁਰਿੰ. 9:22, 23.

ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰਦਿਆਂ ਖ਼ੁਸ਼ੀ ਪਾਓ

15. ਜ਼ਬੂਰ 1:2 ਮੁਤਾਬਕ ਕਿਹੜੀਆਂ ਗੱਲਾਂ ਕਰਕੇ ਸਾਨੂੰ ਖ਼ੁਸ਼ੀ ਹੋਵੇਗੀ?

15 ਜ਼ਬੂਰ ਦੇ ਇਕ ਲਿਖਾਰੀ ਨੇ ਬਿਲਕੁਲ ਸਹੀ ਕਿਹਾ ਸੀ ਕਿ ਅਸਲ ਵਿਚ ਖ਼ੁਸ਼ ਤੇ ਸਫ਼ਲ ਵਿਅਕਤੀ ਉਹੀ ਹੁੰਦਾ ਹੈ, ਜਿਸ ਨੂੰ “ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ” ਅਤੇ ਜੋ “ਉਸ ਦੇ ਕਾਨੂੰਨ ʼਤੇ ਮਨਨ ਕਰਦਾ ਹੈ।” (ਜ਼ਬੂ. 1:1-3; ਫੁਟਨੋਟ) ਇਸ ਆਇਤ ਬਾਰੇ ਗੱਲ ਕਰਦਿਆਂ ਬਾਈਬਲ ਦੇ ਇਕ ਅਨੁਵਾਦਕ ਜੋਸਫ਼ ਰੌਦਰਹੈਮ ਨੇ ਆਪਣੀ ਕਿਤਾਬ ਜ਼ਬੂਰਾਂ ਦਾ ਅਧਿਐਨ (ਅੰਗ੍ਰੇਜ਼ੀ) ਵਿਚ ਕਿਹਾ ਕਿ ਇਕ ਵਿਅਕਤੀ ਵਿਚ “ਪਰਮੇਸ਼ੁਰ ਦੇ ਬਚਨ ਤੋਂ ਸੇਧ ਲੈਣ ਦੀ ਇੰਨੀ ਜ਼ਬਰਦਸਤ ਇੱਛਾ ਹੋਣੀ ਚਾਹੀਦੀ ਹੈ ਕਿ ਉਹ ਇਸ ਦੀ ਖੋਜਬੀਨ ਕਰੇ, ਇਸ ਦਾ ਅਧਿਐਨ ਕਰੇ ਅਤੇ ਇਸ ʼਤੇ ਸੋਚ-ਵਿਚਾਰ ਕਰਨ ਲਈ ਕਾਫ਼ੀ ਸਮਾਂ ਲਾਵੇ।” ਉਹ ਇਹ ਵੀ ਦੱਸਦਾ ਹੈ ਕਿ “ਜੇ ਬਾਈਬਲ ਪੜ੍ਹੇ ਬਿਨਾਂ ਕਿਸੇ ਦਾ ਪੂਰਾ ਦਿਨ ਲੰਘ ਜਾਂਦਾ ਹੈ, ਤਾਂ ਸਮਝੋ ਉਸ ਦਾ ਪੂਰਾ ਦਿਨ ਬੇਕਾਰ ਹੀ ਚਲਾ ਗਿਆ।” ਤਾਂ ਫਿਰ ਕਿਉਂ ਨਾ ਤੁਸੀਂ ਬਾਈਬਲ ਦਾ ਅਧਿਐਨ ਕਰਦਿਆਂ ਇਸ ਦੀਆਂ ਬਾਰੀਕੀਆਂ ʼਤੇ ਧਿਆਨ ਦਿਓ ਅਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਇਸ ਦੇ ਅਲੱਗ-ਅਲੱਗ ਹਿੱਸਿਆਂ ਵਿਚ ਲਿਖੀਆਂ ਗੱਲਾਂ ਆਪਸ ਵਿਚ ਕਿਵੇਂ ਮੇਲ ਖਾਂਦੀਆਂ ਹਨ? ਇਸ ਤਰ੍ਹਾਂ ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ।

16. ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

16 ਯਹੋਵਾਹ ਨੇ ਆਪਣੇ ਬਚਨ ਰਾਹੀਂ ਸਾਨੂੰ ਜੋ ਖ਼ੂਬਸੂਰਤ ਸੱਚਾਈਆਂ ਸਿਖਾਈਆਂ ਹਨ, ਉਹ ਇੰਨੀਆਂ ਔਖੀਆਂ ਵੀ ਨਹੀਂ ਹਨ ਕਿ ਅਸੀਂ ਸਮਝ ਹੀ ਨਾ ਸਕੀਏ। ਅਗਲੇ ਲੇਖ ਵਿਚ ਅਸੀਂ ਇਕ ਹੋਰ ਡੂੰਘੀ ਸੱਚਾਈ ʼਤੇ ਗੌਰ ਕਰਾਂਗੇ। ਉਹ ਸੱਚਾਈ ਹੈ, ਯਹੋਵਾਹ ਦਾ ਮਹਾਨ ਮੰਦਰ ਜਿਸ ਦਾ ਜ਼ਿਕਰ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਕੀਤਾ ਸੀ। ਸਾਡੀ ਦੁਆ ਹੈ ਕਿ ਇਸ ਵਿਸ਼ੇ ਬਾਰੇ ਖੋਜਬੀਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇ।

ਗੀਤ 94 ਪਰਮੇਸ਼ੁਰ ਦੀ ਬਾਣੀ ਲਈ ਅਹਿਸਾਨਮੰਦ

a ਬਾਈਬਲ ਦਾ ਅਧਿਐਨ ਕਰਨ ਨਾਲ ਸਾਨੂੰ ਪੂਰੀ ਜ਼ਿੰਦਗੀ ਖ਼ੁਸ਼ੀ ਮਿਲ ਸਕਦੀ ਹੈ। ਇਸ ਨਾਲ ਸਾਨੂੰ ਫ਼ਾਇਦੇ ਹੁੰਦੇ ਹਨ ਅਤੇ ਅਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਵੀ ਨੇੜੇ ਜਾਂਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ “ਲੰਬਾਈ, ਚੁੜਾਈ, ਉਚਾਈ ਅਤੇ ਡੂੰਘਾਈ” ਕਿਵੇਂ ਨਾਪ ਸਕਦੇ ਹਾਂ ਯਾਨੀ ਗਹਿਰਾਈ ਨਾਲ ਕਿਵੇਂ ਇਸ ਦੀ ਖੋਜਬੀਨ ਕਰ ਸਕਦੇ ਹਾਂ।

b ਜੁਲਾਈ 2022 ਦੇ ਪਹਿਰਾਬੁਰਜ ਦੇ ਅੰਕ ਵਿਚ “ਬਾਈਬਲ ਦੀ ਪਹਿਲੀ ਭਵਿੱਖਬਾਣੀ ਦੀ ਸਾਡੇ ਲਈ ਕੀ ਅਹਿਮੀਅਤ ਹੈ?” ਨਾਂ ਦਾ ਲੇਖ ਦੇਖੋ।

c ਬਹੁਤ ਜਲਦ ਦੁਨੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਵਾਪਰਨਗੀਆਂ। ਇਨ੍ਹਾਂ ਲਈ ਖ਼ੁਦ ਨੂੰ ਤਿਆਰ ਕਰਨ ਵਾਸਤੇ ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ! (ਹਿੰਦੀ) ਨਾਂ ਦੀ ਕਿਤਾਬ ਦਾ ਸਫ਼ਾ 230 ਦੇਖੋ।