Skip to content

Skip to table of contents

ਅਧਿਐਨ ਲੇਖ 45

ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ

ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ

‘ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।’​—ਪ੍ਰਕਾ. 14:7.

ਗੀਤ 93 ਸਾਡੀ ਸੰਗਤ ਨੂੰ ਦੇ ਆਪਣੀ ਬਰਕਤ

ਖ਼ਾਸ ਗੱਲਾਂ a

1. ਇਕ ਦੂਤ ਕੀ ਕਹਿ ਰਿਹਾ ਹੈ ਅਤੇ ਇਸ ਦਾ ਸਾਡੇ ਲਈ ਕੀ ਮਤਲਬ ਹੈ?

 ਜ਼ਰਾ ਸੋਚੋ, ਜੇ ਇਕ ਦੂਤ ਆ ਕੇ ਤੁਹਾਡੇ ਨਾਲ ਗੱਲ ਕਰੇ, ਤਾਂ ਕੀ ਤੁਸੀਂ ਉਸ ਦੀ ਗੱਲ ਸੁਣੋਗੇ? ਅਸਲ ਵਿਚ, ਅੱਜ ਇਕ ਦੂਤ “ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨਾਲ ਗੱਲ ਕਰ ਰਿਹਾ ਹੈ। ਉਹ ਕੀ ਕਹਿ ਰਿਹਾ ਹੈ? ਇਹੀ ਕਿ ‘ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ। ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।’ (ਪ੍ਰਕਾ. 14:6, 7) ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ ਜਿਸ ਦੀ ਸਾਰੇ ਇਨਸਾਨਾਂ ਨੂੰ ਭਗਤੀ ਕਰਨੀ ਚਾਹੀਦੀ ਹੈ। ਸਾਡੇ ਲਈ ਇਹ ਕਿੰਨੀ ਵੱਡੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਮਹਾਨ ਮੰਦਰ ਵਿਚ ਆਪਣੀ ਭਗਤੀ ਕਰਨ ਦਾ ਮੌਕਾ ਦਿੱਤਾ ਹੈ! ਇਸ ਲਈ ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ।

2. ਯਹੋਵਾਹ ਦਾ ਮਹਾਨ ਮੰਦਰ ਕੀ ਹੈ? (“ ਮਹਾਨ ਮੰਦਰ ਕੀ ਨਹੀਂ ਹੈ?” ਨਾਂ ਦੀ ਡੱਬੀ ਦੇਖੋ।)

2 ਅਸਲ ਵਿਚ ਮਹਾਨ ਮੰਦਰ ਕੀ ਹੈ ਅਤੇ ਅਸੀਂ ਇਸ ਬਾਰੇ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ? ਮਹਾਨ ਮੰਦਰ ਕੋਈ ਸੱਚ-ਮੁੱਚ ਦੀ ਇਮਾਰਤ ਨਹੀਂ ਹੈ, ਸਗੋਂ ਮਹਾਨ ਮੰਦਰ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸ਼ੁੱਧ ਭਗਤੀ ਲਈ ਕੀਤਾ ਯਹੋਵਾਹ ਦਾ ਇੰਤਜ਼ਾਮ ਹੈ। ਪੌਲੁਸ ਰਸੂਲ ਨੇ ਇਸ ਇੰਤਜ਼ਾਮ ਬਾਰੇ ਉਸ ਚਿੱਠੀ ਵਿਚ ਸਮਝਾਇਆ ਜੋ ਉਸ ਨੇ ਪਹਿਲੀ ਸਦੀ ਵਿਚ ਯਹੂਦਿਯਾ ਦੇ ਇਬਰਾਨੀ ਮਸੀਹੀਆਂ ਨੂੰ ਲਿਖੀ ਸੀ। b

3-4. ਪੌਲੁਸ ਨੂੰ ਯਹੂਦਿਯਾ ਦੇ ਇਬਰਾਨੀ ਮਸੀਹੀਆਂ ਬਾਰੇ ਕਿਹੜੀ ਚਿੰਤਾ ਹੋ ਰਹੀ ਸੀ ਅਤੇ ਉਸ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ?

3 ਪੌਲੁਸ ਨੇ ਯਹੂਦਿਯਾ ਦੇ ਇਬਰਾਨੀ ਮਸੀਹੀਆਂ ਨੂੰ ਇਹ ਚਿੱਠੀ ਕਿਉਂ ਲਿਖੀ? ਸ਼ਾਇਦ ਇਨ੍ਹਾਂ ਦੋ ਮੁੱਖ ਕਾਰਨਾਂ ਕਰਕੇ। ਪਹਿਲਾ, ਉਹ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੁੰਦਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣੇ ਪਹਿਲਾਂ ਯਹੂਦੀ ਸਨ। ਇਸ ਲਈ ਹੋ ਸਕਦਾ ਹੈ ਕਿ ਮਸੀਹੀ ਬਣਨ ਕਰਕੇ ਉਨ੍ਹਾਂ ਦੇ ਪੁਰਾਣੇ ਧਾਰਮਿਕ ਆਗੂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਣ। ਕਿਉਂ? ਕਿਉਂਕਿ ਮਸੀਹੀਆਂ ਕੋਲ ਕੋਈ ਆਲੀਸ਼ਾਨ ਮੰਦਰ ਨਹੀਂ ਸੀ ਜਿੱਥੇ ਜਾ ਕੇ ਉਹ ਭਗਤੀ ਕਰ ਸਕਦੇ ਸਨ। ਨਾਲੇ ਉਨ੍ਹਾਂ ਲਈ ਪਰਮੇਸ਼ੁਰ ਸਾਮ੍ਹਣੇ ਬਲ਼ੀਆਂ ਚੜ੍ਹਾਉਣ ਲਈ ਨਾ ਕੋਈ ਵੇਦੀ ਸੀ ਅਤੇ ਨਾ ਹੀ ਕੋਈ ਪੁਜਾਰੀ ਸੀ। ਇਨ੍ਹਾਂ ਗੱਲਾਂ ਕਰਕੇ ਮਸੀਹ ਦੇ ਚੇਲੇ ਨਿਰਾਸ਼ ਹੋ ਸਕਦੇ ਸਨ ਅਤੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਪੈ ਸਕਦੀ ਸੀ। (ਇਬ. 2:1; 3:12, 14) ਨਾਲੇ ਸ਼ਾਇਦ ਉਨ੍ਹਾਂ ਵਿੱਚੋਂ ਕੁਝ ਜਣੇ ਦੁਬਾਰਾ ਯਹੂਦੀ ਧਰਮ ਅਪਣਾਉਣ ਬਾਰੇ ਸੋਚਣ ਲੱਗ ਪਏ ਹੋਣੇ।

4 ਦੂਜਾ, ਪੌਲੁਸ ਨੇ ਉਨ੍ਹਾਂ ਇਬਰਾਨੀ ਮਸੀਹੀਆਂ ਬਾਰੇ ਗੱਲ ਕੀਤੀ ਜੋ ਨਵੀਆਂ ਗੱਲਾਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ ਅਤੇ ਨਾ ਹੀ “ਰੋਟੀ” ਯਾਨੀ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਸਿੱਖਿਆਵਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। (ਇਬ. 5:11-14) ਇੱਦਾਂ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਜਣੇ ਹਾਲੇ ਵੀ ਮੂਸਾ ਦਾ ਕਾਨੂੰਨ ਮੰਨ ਰਹੇ ਸਨ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਸ ਕਾਨੂੰਨ ਦੇ ਆਧਾਰ ʼਤੇ ਜੋ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ, ਉਨ੍ਹਾਂ ਬਲ਼ੀਆਂ ਕਰਕੇ ਉਨ੍ਹਾਂ ਦੇ ਪਾਪ ਪੂਰੀ ਤਰ੍ਹਾਂ ਮਾਫ਼ ਨਹੀਂ ਹੋ ਸਕਦੇ ਸਨ। ਇਸੇ ਕਰਕੇ ਇਸ ਕਾਨੂੰਨ ਨੂੰ “ਖ਼ਤਮ” ਕਰ ਦਿੱਤਾ ਗਿਆ ਹੈ। ਫਿਰ ਪੌਲੁਸ ਨੇ ਉਨ੍ਹਾਂ ਨੂੰ ਕੁਝ ਡੂੰਘੀਆਂ ਸੱਚਾਈਆਂ ਸਿਖਾਈਆਂ। ਉਸ ਨੇ ਉਨ੍ਹਾਂ ਮਸੀਹੀਆਂ ਨੂੰ ਯਾਦ ਕਰਵਾਇਆ ਕਿ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਉਨ੍ਹਾਂ ਨੂੰ “ਉੱਤਮ ਉਮੀਦ” ਮਿਲੀ ਹੈ। ਇਸ ਕਰਕੇ ਉਹ ਸੱਚ-ਮੁੱਚ “ਪਰਮੇਸ਼ੁਰ ਦੇ ਨੇੜੇ” ਆ ਸਕਦੇ ਹਨ।​—ਇਬ. 7:18, 19.

5. ਸਾਨੂੰ ਕਿਹੜੇ ਇੰਤਜ਼ਾਮ ਨੂੰ ਸਮਝਣ ਦੀ ਲੋੜ ਹੈ ਅਤੇ ਕਿਉਂ?

5 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਸਮਝਾਇਆ ਕਿ ਉਹ ਜਿਸ ਤਰੀਕੇ ਨਾਲ ਹੁਣ ਯਹੋਵਾਹ ਦੀ ਭਗਤੀ ਕਰ ਰਹੇ ਹਨ, ਉਹ ਪਹਿਲਾਂ ਨਾਲੋਂ ਉੱਤਮ ਕਿਉਂ ਹੈ। ਉਸ ਨੇ ਕਿਹਾ ਕਿ ਯਹੂਦੀ ਮੂਸਾ ਦੇ ਕਾਨੂੰਨ ਮੁਤਾਬਕ ਜਿਸ ਤਰੀਕੇ ਨਾਲ ਭਗਤੀ ਕਰਦੇ ਸਨ, ਉਹ ਸਿਰਫ਼ ‘ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਸੀ, ਪਰ ਅਸਲੀਅਤ ਮਸੀਹ ਹੈ।’ (ਕੁਲੁ. 2:17) ਕਿਸੇ ਚੀਜ਼ ਦਾ ਪਰਛਾਵਾਂ ਦੇਖ ਕੇ ਸਾਨੂੰ ਬੱਸ ਥੋੜ੍ਹਾ-ਬਹੁਤ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਚੀਜ਼ ਕੀ ਹੋਵੇਗੀ। ਉਸੇ ਤਰ੍ਹਾਂ ਯਹੂਦੀ ਜਿਸ ਤਰੀਕੇ ਨਾਲ ਭਗਤੀ ਕਰਦੇ ਸਨ, ਉਹ ਬਿਹਤਰ ਤਰੀਕੇ ਨਾਲ ਭਗਤੀ ਕਰਨ ਦੇ ਇੰਤਜ਼ਾਮ (ਯਾਨੀ ਮਹਾਨ ਮੰਦਰ) ਦਾ ਇਕ ਪਰਛਾਵਾਂ ਸੀ। ਉਸ ਨੂੰ ਦੇਖ ਕੇ ਅੰਦਾਜ਼ਾ ਹੋ ਗਿਆ ਕਿ ਅੱਗੇ ਜਾ ਕੇ ਅਸਲੀਅਤ ਵਿਚ ਕੀ ਹੋਣ ਵਾਲਾ ਹੈ। ਇਸ ਲਈ ਸਾਨੂੰ ਉਸ ਇੰਤਜ਼ਾਮ ਨੂੰ ਸਮਝਣ ਦੀ ਲੋੜ ਹੈ ਜੋ ਯਹੋਵਾਹ ਨੇ ਕੀਤਾ ਹੈ ਤਾਂਕਿ ਸਾਨੂੰ ਆਪਣੇ ਪਾਪਾਂ ਤੋਂ ਮਾਫ਼ੀ ਮਿਲ ਸਕੇ ਅਤੇ ਅਸੀਂ ਸ਼ੁੱਧ ਭਗਤੀ ਕਰ ਸਕੀਏ। ਹੁਣ ਆਓ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ “ਪਰਛਾਵਾਂ” (ਪੁਰਾਣੇ ਜ਼ਮਾਨੇ ਵਿਚ ਯਹੂਦੀਆਂ ਦਾ ਭਗਤੀ ਕਰਨ ਦਾ ਤਰੀਕਾ) ਅਤੇ “ਅਸਲੀਅਤ” (ਮਸੀਹੀਆਂ ਦਾ ਭਗਤੀ ਕਰਨ ਦਾ ਤਰੀਕਾ) ਕੀ ਹੈ ਜਿਸ ਬਾਰੇ ਇਬਰਾਨੀਆਂ ਦੀ ਕਿਤਾਬ ਵਿਚ ਦੱਸਿਆ ਗਿਆ ਹੈ। ਇੱਦਾਂ ਕਰ ਕੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸਮਝ ਸਕਾਂਗੇ ਕਿ ਮਹਾਨ ਮੰਦਰ ਕੀ ਹੈ ਅਤੇ ਇਹ ਸਾਡੇ ਲਈ ਕੀ ਮਾਅਨੇ ਰੱਖਦਾ ਹੈ।

ਡੇਰਾ

6. ਡੇਰੇ ਵਿਚ ਕੀ ਹੁੰਦਾ ਸੀ?

6 ਪਰਛਾਵਾਂ। ਪੌਲੁਸ ਨੇ ਉਸ ਡੇਰੇ ਨੂੰ ਧਿਆਨ ਵਿਚ ਰੱਖ ਕੇ ਗੱਲ ਕੀਤੀ ਜਿਸ ਨੂੰ ਮੂਸਾ ਨੇ 1512 ਈਸਵੀ ਪੂਰਵ ਵਿਚ ਖੜ੍ਹਾ ਕੀਤਾ ਸੀ। (“ਪਰਛਾਵਾਂ​—ਅਸਲੀਅਤ” ਨਾਂ ਦਾ ਚਾਰਟ ਦੇਖੋ।) ਇਹ ਡੇਰਾ ਇਕ ਤੰਬੂ ਸੀ ਜਿੱਥੇ ਇਜ਼ਰਾਈਲੀ ਯਹੋਵਾਹ ਸਾਮ੍ਹਣੇ ਬਲ਼ੀਆਂ ਚੜ੍ਹਾਉਣ ਅਤੇ ਉਸ ਦੀ ਭਗਤੀ ਕਰਨ ਆਉਂਦੇ ਸਨ। ਇਸ ਡੇਰੇ ਨੂੰ ‘ਮੰਡਲੀ ਦਾ ਤੰਬੂ’ ਵੀ ਕਿਹਾ ਜਾਂਦਾ ਸੀ। (ਕੂਚ 29:43-46) ਜਦੋਂ ਇਜ਼ਰਾਈਲੀ ਉਜਾੜ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ, ਤਾਂ ਉਹ ਇਸ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ। ਉਨ੍ਹਾਂ ਨੇ ਲਗਭਗ 500 ਸਾਲਾਂ ਤਕ ਇਸ ਵਿਚ ਭਗਤੀ ਕੀਤੀ ਜਦ ਤਕ ਕਿ ਯਰੂਸ਼ਲਮ ਵਿਚ ਮੰਦਰ ਨਹੀਂ ਬਣ ਗਿਆ। (ਕੂਚ 25:8, 9; ਗਿਣ. 9:22) ਪਰ ਇਹ ਡੇਰਾ ਇਕ ਬਿਹਤਰ ਚੀਜ਼ ਨੂੰ ਦਰਸਾਉਂਦਾ ਸੀ ਜੋ ਮਸੀਹੀਆਂ ਲਈ ਹੋਣੀ ਸੀ।

7. ਮਹਾਨ ਮੰਦਰ ਅਸਲੀਅਤ ਕਦੋਂ ਬਣਿਆ?

7 ਅਸਲੀਅਤ। ਡੇਰਾ ‘ਸਵਰਗੀ ਚੀਜ਼ਾਂ ਦਾ ਪਰਛਾਵਾਂ’ ਸੀ ਅਤੇ ਇਹ ਯਹੋਵਾਹ ਦੇ ਮਹਾਨ ਮੰਦਰ ਨੂੰ ਦਰਸਾਉਂਦਾ ਸੀ। ਪੌਲੁਸ ਨੇ ਕਿਹਾ: “ਇਹ ਤੰਬੂ [ਜਾਂ ਡੇਰਾ] ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।” (ਇਬ. 8:5; 9:9) ਇਸ ਲਈ ਜਦੋਂ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਇਹ ਚਿੱਠੀ ਲਿਖੀ ਸੀ, ਉਦੋਂ ਤਕ ਮਹਾਨ ਮੰਦਰ ਮਸੀਹੀਆਂ ਲਈ ਅਸਲੀਅਤ ਬਣ ਚੁੱਕਾ ਸੀ। ਇਹ ਮੰਦਰ 29 ਈਸਵੀ ਵਿਚ ਹੋਂਦ ਵਿਚ ਆਇਆ ਸੀ। ਉਸ ਸਾਲ ਯਿਸੂ ਨੇ ਬਪਤਿਸਮਾ ਲਿਆ, ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਅਤੇ ਉਸ ਨੇ “ਉੱਤਮ ਮਹਾਂ ਪੁਜਾਰੀ” ਵਜੋਂ ਮਹਾਨ ਮੰਦਰ ਵਿਚ ਸੇਵਾ ਕਰਨੀ ਸ਼ੁਰੂ ਕੀਤੀ। c​—ਇਬ. 4:14; ਰਸੂ. 10:37, 38.

ਮਹਾਂ ਪੁਜਾਰੀ

8-9. ਇਬਰਾਨੀਆਂ 7:23-27 ਮੁਤਾਬਕ ਇਜ਼ਰਾਈਲ ਦੇ ਮਹਾਂ ਪੁਜਾਰੀਆਂ ਅਤੇ ਉੱਤਮ ਮਹਾਂ ਪੁਜਾਰੀ ਯਿਸੂ ਮਸੀਹੀ ਵਿਚ ਕਿਹੜਾ ਵੱਡਾ ਫ਼ਰਕ ਹੈ?

8 ਪਰਛਾਵਾਂ। ਮਹਾਂ ਪੁਜਾਰੀ ਲੋਕਾਂ ਵੱਲੋਂ ਪਰਮੇਸ਼ੁਰ ਸਾਮ੍ਹਣੇ ਜਾਂਦਾ ਸੀ। ਯਹੋਵਾਹ ਨੇ ਡੇਰੇ ਦੇ ਉਦਘਾਟਨ ਵੇਲੇ ਇਜ਼ਰਾਈਲੀਆਂ ਦੇ ਪਹਿਲੇ ਮਹਾਂ ਪੁਜਾਰੀ ਹਾਰੂਨ ਨੂੰ ਨਿਯੁਕਤ ਕੀਤਾ ਸੀ। ਪਰ ਜਿੱਦਾਂ ਪੌਲੁਸ ਨੇ ਦੱਸਿਆ ਸੀ: “ਹਾਰੂਨ ਦੀ ਔਲਾਦ ਵਿੱਚੋਂ ਇਕ ਤੋਂ ਬਾਅਦ ਇਕ ਕਈ ਆਦਮੀ ਪੁਜਾਰੀ ਬਣੇ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਪੁਜਾਰੀ ਬਣੇ ਨਾ ਰਹਿਣ ਦਿੱਤਾ।” d (ਇਬਰਾਨੀਆਂ 7:23-27 ਪੜ੍ਹੋ।) ਨਾਲੇ ਨਾਮੁਕੰਮਲ ਹੋਣ ਕਰਕੇ ਇਨ੍ਹਾਂ ਮਹਾਂ ਪੁਜਾਰੀਆਂ ਨੂੰ ਵੀ ਆਪਣੇ ਪਾਪਾਂ ਲਈ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲੀਆਂ ਦੇ ਮਹਾਂ ਪੁਜਾਰੀਆਂ ਅਤੇ ਸਾਡੇ ਉੱਤਮ ਮਹਾਂ ਪੁਜਾਰੀ ਯਿਸੂ ਮਸੀਹ ਵਿਚ ਕਿੰਨਾ ਵੱਡਾ ਫ਼ਰਕ ਹੈ!

9 ਅਸਲੀਅਤ। ਸਾਡਾ ਮਹਾਂ ਪੁਜਾਰੀ ਯਿਸੂ ‘ਉਸ ਅਸਲੀ ਤੰਬੂ ਵਿਚ ਸੇਵਾ ਕਰਦਾ ਹੈ ਜਿਸ ਨੂੰ ਇਨਸਾਨਾਂ ਨੇ ਨਹੀਂ, ਸਗੋਂ ਯਹੋਵਾਹ ਨੇ ਖੜ੍ਹਾ ਕੀਤਾ ਹੈ।’ (ਇਬ. 8:1, 2) ਪੌਲੁਸ ਨੇ ਸਮਝਾਇਆ ਕਿ “ਯਿਸੂ ਹਮੇਸ਼ਾ ਜੀਉਂਦਾ ਰਹਿੰਦਾ ਹੈ, ਇਸ ਲਈ ਉਹ ਹਮੇਸ਼ਾ ਪੁਜਾਰੀ ਬਣਿਆ ਰਹੇਗਾ, ਉਸ ਤੋਂ ਬਾਅਦ ਹੋਰ ਕੋਈ ਪੁਜਾਰੀ ਨਹੀਂ ਬਣੇਗਾ।” ਪੌਲੁਸ ਨੇ ਇਹ ਵੀ ਦੱਸਿਆ ਕਿ ਯਿਸੂ ‘ਬੇਦਾਗ਼ ਹੈ ਅਤੇ ਬਿਲਕੁਲ ਵੀ ਪਾਪੀਆਂ ਵਰਗਾ ਨਹੀਂ ਹੈ।’ ਇਸ ਲਈ ਉਸ ਨੂੰ ਇਜ਼ਰਾਈਲ ਦੇ ਮਹਾਂ ਪੁਜਾਰੀਆਂ ਵਾਂਗ ‘ਰੋਜ਼ ਆਪਣੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ।’ ਆਓ ਆਪਾਂ ਹੁਣ ਦੇਖੀਏ ਕਿ ਵੇਦੀ ਅਤੇ ਉਸ ʼਤੇ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਕਿਨ੍ਹਾਂ ਗੱਲਾਂ ਦਾ ਪਰਛਾਵਾਂ ਸਨ।

ਵੇਦੀ ਅਤੇ ਬਲ਼ੀਆਂ

10. ਤਾਂਬੇ ਦੀ ਵੇਦੀ ʼਤੇ ਜੋ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ, ਉਹ ਕਿਸ ਨੂੰ ਦਰਸਾਉਂਦੀਆਂ ਸਨ?

10 ਪਰਛਾਵਾਂ। ਡੇਰੇ ਦੇ ਦਰਵਾਜ਼ੇ ਦੇ ਬਾਹਰ ਤਾਂਬੇ ਦੀ ਇਕ ਵੇਦੀ ਹੁੰਦੀ ਸੀ ਜਿਸ ʼਤੇ ਯਹੋਵਾਹ ਸਾਮ੍ਹਣੇ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। (ਕੂਚ 27:1, 2; 40:29) ਪਰ ਉਨ੍ਹਾਂ ਬਲ਼ੀਆਂ ਨਾਲ ਲੋਕਾਂ ਨੂੰ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਨਹੀਂ ਮਿਲਦੀ ਸੀ। (ਇਬ. 10:1-4) ਉਸ ਵੇਦੀ ʼਤੇ ਇਕ ਤੋਂ ਬਾਅਦ ਇਕ ਜਾਨਵਰਾਂ ਦੀਆਂ ਜੋ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ, ਉਹ ਉਸ ਬਲ਼ੀ ਨੂੰ ਦਰਸਾਉਂਦੀਆਂ ਸਨ ਜਿਸ ਨਾਲ ਇਨਸਾਨਾਂ ਨੂੰ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ੀ ਮਿਲਣੀ ਸੀ।

11. ਯਿਸੂ ਨੇ ਕਿਸ ਵੇਦੀ ʼਤੇ ਆਪਣੀ ਬਲ਼ੀ ਚੜ੍ਹਾਈ? (ਇਬਰਾਨੀਆਂ 10:5-7, 10)

11 ਅਸਲੀਅਤ। ਯਿਸੂ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਧਰਤੀ ʼਤੇ ਇਸ ਲਈ ਭੇਜਿਆ ਸੀ ਕਿ ਉਹ ਇਨਸਾਨਾਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਕੁਰਬਾਨ ਕਰੇ। (ਮੱਤੀ 20:28) ਇਸ ਲਈ ਬਪਤਿਸਮਾ ਲੈ ਕੇ ਉਸ ਨੇ ਜ਼ਾਹਰ ਕੀਤਾ ਕਿ ਉਹ ਯਹੋਵਾਹ ਦੀ ਇਹ ਇੱਛਾ ਪੂਰੀ ਕਰਨੀ ਚਾਹੁੰਦਾ ਹੈ। (ਯੂਹੰ. 6:38; ਗਲਾ. 1:4) ਯਿਸੂ ਨੇ ਜਿਸ ਵੇਦੀ ʼਤੇ ਆਪਣੀ ਬਲ਼ੀ ਚੜ੍ਹਾਈ ਉਹ ਇਨਸਾਨਾਂ ਦੁਆਰਾ ਨਹੀਂ ਬਣਾਈ ਗਈ ਸੀ, ਪਰ ਉਹ ਵੇਦੀ ਪਰਮੇਸ਼ੁਰ ਦੀ “ਇੱਛਾ” ਨੂੰ ਦਰਸਾਉਂਦੀ ਸੀ। ਯਹੋਵਾਹ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਆਪਣੇ ਮੁਕੰਮਲ ਇਨਸਾਨੀ ਸਰੀਰ ਨੂੰ ਕੁਰਬਾਨ ਕਰੇ। ਯਿਸੂ ਨੇ “ਇੱਕੋ ਵਾਰ ਹਮੇਸ਼ਾ ਲਈ” ਆਪਣੀ ਜਾਨ ਕੁਰਬਾਨ ਕਰ ਦਿੱਤੀ ਤਾਂਕਿ ਜਿਹੜਾ ਵੀ ਉਸ ʼਤੇ ਨਿਹਚਾ ਕਰੇ, ਉਸ ਨੂੰ ਪਾਪਾਂ ਦੀ ਮਾਫ਼ੀ ਮਿਲ ਸਕੇ ਯਾਨੀ ਉਸ ਦੇ ਪਾਪਾਂ ਨੂੰ ਹਮੇਸ਼ਾ ਲਈ ਢੱਕ ਦਿੱਤਾ ਜਾਵੇ। (ਇਬਰਾਨੀਆਂ 10:5-7, 10 ਪੜ੍ਹੋ।) ਹੁਣ ਆਓ ਆਪਾਂ ਡੇਰੇ ਦੇ ਅੰਦਰ ਚਲੀਏ ਅਤੇ ਇਸ ਦੀਆਂ ਕੁਝ ਹੋਰ ਗੱਲਾਂ ʼਤੇ ਧਿਆਨ ਦੇਈਏ।

ਪਵਿੱਤਰ ਅਤੇ ਅੱਤ ਪਵਿੱਤਰ

12. ਡੇਰੇ ਦੇ ਕਮਰਿਆਂ ਵਿਚ ਕੌਣ ਜਾ ਸਕਦਾ ਸੀ?

12 ਪਰਛਾਵਾਂ। ਡੇਰੇ ਅਤੇ ਅੱਗੇ ਜਾ ਕੇ ਯਰੂਸ਼ਲਮ ਵਿਚ ਜੋ ਮੰਦਰ ਬਣਾਏ ਗਏ, ਉਨ੍ਹਾਂ ਵਿਚ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਉਨ੍ਹਾਂ ਦੇ ਅੰਦਰ ਦੋ ਹਿੱਸੇ ਸਨ, ਇਕ “ਪਵਿੱਤਰ ਕਮਰਾ” ਅਤੇ ਦੂਜਾ “ਅੱਤ ਪਵਿੱਤਰ ਕਮਰਾ।” ਇਨ੍ਹਾਂ ਦੋਹਾਂ ਹਿੱਸਿਆਂ ਦੇ ਵਿਚਕਾਰ ਇਕ ਪਰਦਾ ਸੀ ਜਿਸ ʼਤੇ ਕਢਾਈ ਕੀਤੀ ਗਈ ਸੀ। (ਇਬ. 9:2-5; ਕੂਚ 26:31-33) ਪਵਿੱਤਰ ਕਮਰੇ ਅੰਦਰ ਸੋਨੇ ਦਾ ਇਕ ਸ਼ਮਾਦਾਨ, ਧੂਪ ਧੁਖਾਉਣ ਲਈ ਇਕ ਵੇਦੀ ਅਤੇ ਚੜ੍ਹਾਵੇ ਦੀਆਂ ਰੋਟੀਆਂ ਲਈ ਇਕ ਮੇਜ਼ ਸੀ। ਇਸ ਹਿੱਸੇ ਵਿਚ ਸਿਰਫ਼ ਉਹੀ ਆਦਮੀ ਪਵਿੱਤਰ ਸੇਵਾ ਕਰ ਸਕਦੇ ਸਨ ਜਿਨ੍ਹਾਂ ਨੂੰ ‘ਪੁਜਾਰੀਆਂ ਵਜੋਂ ਚੁਣਿਆ ਜਾਂਦਾ ਸੀ।’ (ਗਿਣ. 3:3, 7, 10) ਅੱਤ ਪਵਿੱਤਰ ਕਮਰੇ ਵਿਚ ਸੋਨੇ ਨਾਲ ਮੜ੍ਹਿਆ ਇਕਰਾਰ ਦਾ ਸੰਦੂਕ ਸੀ ਜੋ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। (ਕੂਚ 25:21, 22) ਸਿਰਫ਼ ਮਹਾਂ ਪੁਜਾਰੀ ਨੂੰ ਹੀ ਪਰਦੇ ਦੇ ਦੂਜੇ ਪਾਸੇ ਜਾਣ ਦੀ ਯਾਨੀ ਅੱਤ ਪਵਿੱਤਰ ਕਮਰੇ ਵਿਚ ਜਾਣ ਦੀ ਇਜਾਜ਼ਤ ਸੀ। ਉਹ ਸਾਲ ਵਿਚ ਇਕ ਵਾਰ ਪਾਪ ਮਿਟਾਉਣ ਦੇ ਦਿਨ ਉੱਥੇ ਜਾਂਦਾ ਸੀ। (ਲੇਵੀ. 16:2, 17) ਉਹ ਹਰ ਸਾਲ ਜਾਨਵਰਾਂ ਦਾ ਖ਼ੂਨ ਲੈ ਕੇ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ ਤਾਂਕਿ ਉਸ ਨੂੰ ਆਪਣੇ ਪਾਪਾਂ ਅਤੇ ਪੂਰੀ ਕੌਮ ਦੇ ਪਾਪਾਂ ਦੀ ਮਾਫ਼ੀ ਮਿਲ ਸਕੇ। ਬਾਅਦ ਵਿਚ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਜ਼ਾਹਰ ਕੀਤਾ ਕਿ ਡੇਰੇ ਦੇ ਇਨ੍ਹਾਂ ਹਿੱਸਿਆਂ ਦਾ ਅਸਲ ਵਿਚ ਕੀ ਮਤਲਬ ਸੀ।​—ਇਬ. 9:6-8. e

13. (ੳ) ਡੇਰੇ ਦਾ ਪਵਿੱਤਰ ਕਮਰਾ ਅਸਲੀਅਤ ਵਿਚ ਕਿਸ ਨੂੰ ਦਰਸਾਉਂਦਾ ਹੈ? (ਅ) ਅੱਤ ਪਵਿੱਤਰ ਕਮਰਾ ਅਸਲੀਅਤ ਵਿਚ ਕਿਸ ਨੂੰ ਦਰਸਾਉਂਦਾ ਹੈ?

13 ਅਸਲੀਅਤ। ਮਸੀਹ ਦੇ ਕੁਝ ਚੇਲਿਆਂ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਇਕ ਖ਼ਾਸ ਰਿਸ਼ਤਾ ਹੈ। ਇਹ 1,44,000 ਚੁਣੇ ਹੋਏ ਮਸੀਹੀ ਸਵਰਗ ਵਿਚ ਯਿਸੂ ਨਾਲ ਮਿਲ ਕੇ ਪੁਜਾਰੀਆਂ ਵਜੋਂ ਸੇਵਾ ਕਰਨਗੇ। (ਪ੍ਰਕਾ. 1:6; 14:1) ਜਦੋਂ ਉਹ ਹਾਲੇ ਧਰਤੀ ʼਤੇ ਹੀ ਹੁੰਦੇ ਹਨ, ਉਦੋਂ ਹੀ ਪਰਮੇਸ਼ੁਰ ਪਵਿੱਤਰ ਸ਼ਕਤੀ ਨਾਲ ਉਨ੍ਹਾਂ ਨੂੰ ਚੁਣ ਕੇ ਆਪਣੇ ਪੁੱਤਰਾਂ ਵਜੋਂ ਗੋਦ ਲੈਂਦਾ ਹੈ। ਡੇਰੇ ਦਾ ਪਵਿੱਤਰ ਕਮਰਾ ਪਰਮੇਸ਼ੁਰ ਨਾਲ ਉਨ੍ਹਾਂ ਦੇ ਇਸ ਖ਼ਾਸ ਰਿਸ਼ਤੇ ਨੂੰ ਦਰਸਾਉਂਦਾ ਹੈ। (ਰੋਮੀ. 8:15-17) ਡੇਰੇ ਦਾ ਅੱਤ ਪਵਿੱਤਰ ਕਮਰਾ ਸਵਰਗ ਨੂੰ ਦਰਸਾਉਂਦਾ ਹੈ ਜਿੱਥੇ ਯਹੋਵਾਹ ਵੱਸਦਾ ਹੈ। ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਵਿਚ ਜੋ “ਪਰਦਾ” ਹੈ, ਉਹ ਯਿਸੂ ਦੇ ਇਨਸਾਨੀ ਸਰੀਰ ਨੂੰ ਦਰਸਾਉਂਦਾ ਹੈ। ਉਹ ਆਪਣੇ ਇਨਸਾਨੀ ਸਰੀਰ ਵਿਚ ਸਵਰਗ ਵਾਪਸ ਨਹੀਂ ਜਾ ਸਕਦਾ ਸੀ ਅਤੇ ਮਹਾਨ ਮੰਦਰ ਵਿਚ ਉੱਤਮ ਮਹਾਂ ਪੁਜਾਰੀ ਵਜੋਂ ਸੇਵਾ ਨਹੀਂ ਸੀ ਕਰ ਸਕਦਾ। ਜਦੋਂ ਯਿਸੂ ਨੇ ਆਪਣਾ ਸਰੀਰ ਇਨਸਾਨਾਂ ਲਈ ਕੁਰਬਾਨ ਕਰ ਦਿੱਤਾ, ਤਾਂ ਉਸ ਨੇ ਸਾਰੇ ਚੁਣੇ ਹੋਏ ਮਸੀਹੀਆਂ ਲਈ ਸਵਰਗ ਜਾਣ ਦਾ ਰਾਹ ਖੋਲ੍ਹ ਦਿੱਤਾ। ਇਨ੍ਹਾਂ ਮਸੀਹੀਆਂ ਨੂੰ ਵੀ ਸਵਰਗ ਵਿਚ ਆਪਣਾ ਇਨਾਮ ਪਾਉਣ ਲਈ ਆਪਣਾ ਇਨਸਾਨੀ ਸਰੀਰ ਛੱਡਣਾ ਪੈਣਾ। (ਇਬ. 10:19, 20; 1 ਕੁਰਿੰ. 15:50) ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਯਿਸੂ ਮਹਾਨ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਗਿਆ ਜਿੱਥੇ ਅਖ਼ੀਰ ਵਿਚ ਸਾਰੇ ਚੁਣੇ ਹੋਏ ਮਸੀਹੀ ਉਸ ਨਾਲ ਹੋਣਗੇ।

14. ਇਬਰਾਨੀਆਂ 9:12, 24-26 ਮੁਤਾਬਕ ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਨ ਦਾ ਇੰਤਜ਼ਾਮ ਬਿਹਤਰੀਨ ਕਿਉਂ ਹੈ?

14 ਇਸ ਤਰ੍ਹਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਵੱਲੋਂ ਕੀਤਾ ਸ਼ੁੱਧ ਭਗਤੀ ਦਾ ਇੰਤਜ਼ਾਮ ਕਿੰਨਾ ਹੀ ਬਿਹਤਰੀਨ ਹੈ! ਇਹ ਇੰਤਜ਼ਾਮ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਕੀਤਾ ਗਿਆ ਅਤੇ ਇਸ ਵਿਚ ਯਿਸੂ ਮਸੀਹ ਮਹਾਂ ਪੁਜਾਰੀ ਹੈ। ਇਜ਼ਰਾਈਲ ਵਿਚ ਮਹਾਂ ਪੁਜਾਰੀ ਜਾਨਵਰਾਂ ਦਾ ਖ਼ੂਨ ਲੈ ਕੇ ਇਨਸਾਨਾਂ ਦੁਆਰਾ ਬਣਾਏ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਸੀ, ਪਰ ਯਿਸੂ “ਸਵਰਗ ਵਿਚ ਗਿਆ” ਜੋ ਸਭ ਤੋਂ ਜ਼ਿਆਦਾ ਪਵਿੱਤਰ ਜਗ੍ਹਾ ਹੈ ਤਾਂਕਿ ਉਹ ਯਹੋਵਾਹ ਸਾਮ੍ਹਣੇ ਹਾਜ਼ਰ ਹੋ ਸਕੇ। ਉਸ ਨੇ ਸਾਡੀ ਖ਼ਾਤਰ ਆਪਣੇ ਮੁਕੰਮਲ ਜੀਵਨ ਦੀ ਕੀਮਤ (ਧਰਤੀ ʼਤੇ ਹਮੇਸ਼ਾ ਜੀਉਣ ਦਾ ਆਪਣਾ ਹੱਕ) ਯਹੋਵਾਹ ਸਾਮ੍ਹਣੇ ਪੇਸ਼ ਕੀਤੀ “ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।” (ਇਬਰਾਨੀਆਂ 9:12, 24-26 ਪੜ੍ਹੋ।) ਸਿਰਫ਼ ਯਿਸੂ ਦੀ ਕੁਰਬਾਨੀ ਹੀ ਇਕ ਅਜਿਹਾ ਇੰਤਜ਼ਾਮ ਹੈ ਜਿਸ ਨਾਲ ਇਨਸਾਨਾਂ ਦੇ ਪਾਪ ਹਮੇਸ਼ਾ ਲਈ ਮਿਟਾਏ ਜਾਂਦੇ ਹਨ। ਅੱਜ ਅਸੀਂ ਸਾਰੇ ਯਹੋਵਾਹ ਦੇ ਮਹਾਨ ਮੰਦਰ ਵਿਚ ਉਸ ਦੀ ਭਗਤੀ ਕਰ ਸਕਦੇ ਹਾਂ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ʼਤੇ ਰਹਿਣ ਦੀ। ਆਓ ਆਪਾਂ ਇਸ ਬਾਰੇ ਹੋਰ ਜਾਣੀਏ।

ਵਿਹੜੇ

15. ਡੇਰੇ ਦੇ ਵਿਹੜੇ ਵਿਚ ਕੌਣ ਸੇਵਾ ਕਰਦੇ ਸਨ?

15 ਪਰਛਾਵਾਂ। ਡੇਰੇ ਵਿਚ ਇਕ ਵਿਹੜਾ ਵੀ ਸੀ ਜਿਸ ਦੇ ਚਾਰੇ ਪਾਸੇ ਵਾੜ ਲੱਗੀ ਹੋਈ ਸੀ। ਇਸ ਵਿਹੜੇ ਵਿਚ ਪੁਜਾਰੀ ਸੇਵਾ ਕਰਦੇ ਸਨ। ਇੱਥੇ ਹੋਮ-ਬਲ਼ੀਆਂ ਚੜ੍ਹਾਉਣ ਲਈ ਤਾਂਬੇ ਦੀ ਇਕ ਵੱਡੀ ਸਾਰੀ ਵੇਦੀ ਸੀ। ਵਿਹੜੇ ਵਿਚ ਤਾਂਬੇ ਦਾ ਇਕ ਹੌਦ ਵੀ ਸੀ ਜਿਸ ਵਿਚ ਪਾਣੀ ਭਰਿਆ ਰਹਿੰਦਾ ਸੀ। ਪਵਿੱਤਰ ਸੇਵਾ ਕਰਨ ਤੋਂ ਪਹਿਲਾਂ ਪੁਜਾਰੀ ਇਸੇ ਪਾਣੀ ਨਾਲ ਆਪਣੇ ਹੱਥ-ਪੈਰ ਧੋ ਕੇ ਆਪਣੇ ਆਪ ਨੂੰ ਸ਼ੁੱਧ ਕਰਦੇ ਸਨ। (ਕੂਚ 30:17-20; 40:6-8) ਪਰ ਬਾਅਦ ਵਿਚ ਜੋ ਮੰਦਰ ਬਣਾਏ ਗਏ, ਉਨ੍ਹਾਂ ਵਿਚ ਇਕ ਬਾਹਰਲਾ ਵਿਹੜਾ ਵੀ ਸੀ। ਇਸ ਵਿਹੜੇ ਵਿਚ ਉਹ ਲੋਕ ਵੀ ਆ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਸਨ ਜੋ ਪੁਜਾਰੀ ਨਹੀਂ ਸਨ।

16. ਮਹਾਨ ਮੰਦਰ ਦੇ ਵਿਹੜਿਆਂ ਵਿਚ ਕੌਣ ਸੇਵਾ ਕਰਦੇ ਹਨ?

16 ਅਸਲੀਅਤ। ਧਰਤੀ ʼਤੇ ਜੋ ਬਾਕੀ ਚੁਣੇ ਹੋਏ ਮਸੀਹੀ ਹਨ, ਉਹ ਸਵਰਗ ਵਿਚ ਯਿਸੂ ਨਾਲ ਪੁਜਾਰੀਆਂ ਵਜੋਂ ਸੇਵਾ ਕਰਨ ਤੋਂ ਪਹਿਲਾਂ ਧਰਤੀ ʼਤੇ ਮਹਾਨ ਮੰਦਰ ਦੇ ਅੰਦਰਲੇ ਵਿਹੜੇ ਵਿਚ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਇਸ ਵਿਹੜੇ ਵਿਚ ਪਾਣੀ ਦਾ ਜੋ ਵੱਡਾ ਹੌਦ ਸੀ, ਉਹ ਉਨ੍ਹਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਇਕ ਜ਼ਰੂਰੀ ਗੱਲ ਯਾਦ ਦਿਵਾਉਂਦਾ ਹੈ ਕਿ ਸਾਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੀਦਾ ਤੇ ਸ਼ੁੱਧ ਭਗਤੀ ਕਰਨੀ ਚਾਹੀਦੀ ਹੈ। ਤਾਂ ਫਿਰ ਮਸੀਹ ਦੇ ਚੁਣੇ ਹੋਏ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦੇਣ ਵਾਲੀ “ਵੱਡੀ ਭੀੜ” ਕਿੱਥੇ ਸੇਵਾ ਕਰ ਰਹੀ ਹੈ? ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਕਿ ਉਹ “ਸਿੰਘਾਸਣ ਦੇ ਸਾਮ੍ਹਣੇ” ਖੜ੍ਹੀ ਹੈ। ਇਸ ਦਾ ਮਤਲਬ ਹੈ ਕਿ ਉਹ ਧਰਤੀ ʼਤੇ ਮੰਦਰ ਦੇ ਬਾਹਰਲੇ ਵਿਹੜੇ ਵਿਚ “ਦਿਨ-ਰਾਤ [ਪਰਮੇਸ਼ੁਰ] ਦੀ ਪਵਿੱਤਰ ਸੇਵਾ” ਕਰ ਰਹੀ ਹੈ। (ਪ੍ਰਕਾ. 7:9, 13-15) ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਸਾਰਿਆਂ ਨੂੰ ਉਸ ਦੇ ਮਹਾਨ ਮੰਦਰ ਵਿਚ ਸ਼ੁੱਧ ਭਗਤੀ ਕਰਨ ਦੀ ਥਾਂ ਦਿੱਤੀ ਹੈ!

ਯਹੋਵਾਹ ਦੀ ਭਗਤੀ ਕਰਨ ਦਾ ਸਾਡਾ ਸਨਮਾਨ

17. ਸਾਡੇ ਕੋਲ ਯਹੋਵਾਹ ਨੂੰ ਕਿਹੜੇ ਬਲੀਦਾਨ ਚੜ੍ਹਾਉਣ ਦਾ ਸਨਮਾਨ ਹੈ?

17 ਅੱਜ ਸਾਰੇ ਮਸੀਹੀਆਂ ਕੋਲ ਯਹੋਵਾਹ ਸਾਮ੍ਹਣੇ ਬਲੀਦਾਨ ਚੜ੍ਹਾਉਣ ਦਾ ਸਨਮਾਨ ਹੈ। ਅਸੀਂ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਆਪਣਾ ਸਮਾਂ, ਤਾਕਤ ਅਤੇ ਸਾਧਨ ਵਰਤਦੇ ਹਾਂ। ਜਿਵੇਂ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਕਿਹਾ ਸੀ, ਅਸੀਂ ਵੀ ‘ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾ ਸਕਦੇ ਹਾਂ ਯਾਨੀ ਉਸ ਦੇ ਨਾਂ ਦਾ ਐਲਾਨ ਕਰ ਕੇ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾ ਸਕਦੇ ਹਾਂ।’ (ਇਬ. 13:15) ਯਹੋਵਾਹ ਨੂੰ ਸਭ ਤੋਂ ਵਧੀਆ ਬਲੀਦਾਨ ਚੜ੍ਹਾ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਦੀ ਭਗਤੀ ਕਰਨ ਦੇ ਖ਼ਾਸ ਸਨਮਾਨ ਦੀ ਬਹੁਤ ਕਦਰ ਕਰਦੇ ਹਾਂ।

18. ਇਬਰਾਨੀਆਂ 10:22-25 ਮੁਤਾਬਕ ਸਾਨੂੰ ਹਮੇਸ਼ਾ ਕੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਕੀ ਨਹੀਂ ਭੁੱਲਣਾ ਚਾਹੀਦਾ?

18 ਇਬਰਾਨੀਆਂ 10:22-25 ਪੜ੍ਹੋ। ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਦੇ ਅਖ਼ੀਰ ਵਿਚ ਪੌਲੁਸ ਨੇ ਭਗਤੀ ਨਾਲ ਜੁੜੇ ਕੁਝ ਅਜਿਹੇ ਕੰਮਾਂ ਬਾਰੇ ਦੱਸਿਆ ਜੋ ਸਾਨੂੰ ਹਮੇਸ਼ਾ ਕਰਨੇ ਚਾਹੀਦੇ ਹਨ। ਜਿਵੇਂ ਯਹੋਵਾਹ ਨੂੰ ਪ੍ਰਾਰਥਨਾ ਕਰਨੀ, ਆਪਣੀ ਉਮੀਦ ਬਾਰੇ ਦੂਜਿਆਂ ਨੂੰ ਦੱਸਣਾ, ਮੀਟਿੰਗਾਂ ਵਿਚ ਇਕੱਠੇ ਹੋਣਾ ਅਤੇ ‘ਯਹੋਵਾਹ ਦੇ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਕ-ਦੂਜੇ ਨੂੰ ਹੋਰ ਵੀ ਜ਼ਿਆਦਾ ਹੌਸਲਾ ਦੇਣਾ।’ ਪ੍ਰਕਾਸ਼ ਦੀ ਕਿਤਾਬ ਦੇ ਅਖ਼ੀਰ ਵਿਚ ਯਹੋਵਾਹ ਦੇ ਇਕ ਦੂਤ ਨੇ ਕਿਹਾ: “ਪਰਮੇਸ਼ੁਰ ਦੀ ਭਗਤੀ ਕਰ।” (ਪ੍ਰਕਾ. 19:10; 22:9) ਉਸ ਨੇ ਦੋ ਵਾਰ ਇਹ ਗੱਲ ਕਹਿ ਕੇ ਦਿਖਾਇਆ ਕਿ ਇੱਦਾਂ ਕਰਨਾ ਕਿੰਨਾ ਜ਼ਰੂਰੀ ਹੈ। ਤਾਂ ਫਿਰ ਆਓ ਆਪਾਂ ਯਹੋਵਾਹ ਦੇ ਮਹਾਨ ਮੰਦਰ ਬਾਰੇ ਸਿੱਖੀਆਂ ਡੂੰਘੀਆਂ ਗੱਲਾਂ ਨੂੰ ਕਦੇ ਨਾ ਭੁੱਲੀਏ ਅਤੇ ਨਾ ਹੀ ਇਹ ਭੁੱਲੀਏ ਕਿ ਸਾਨੂੰ ਆਪਣੇ ਮਹਾਨ ਪਰਮੇਸ਼ੁਰ ਦੀ ਭਗਤੀ ਕਰਨ ਦਾ ਕਿੰਨਾ ਵੱਡਾ ਸਨਮਾਨ ਮਿਲਿਆ ਹੈ!

ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ

a ਪਰਮੇਸ਼ੁਰ ਦੇ ਬਚਨ ਵਿਚ ਬਹੁਤ ਸਾਰੀਆਂ ਡੂੰਘੀਆਂ ਸੱਚਾਈਆਂ ਦੱਸੀਆਂ ਗਈਆਂ ਹਨ। ਉਨ੍ਹਾਂ ਵਿੱਚੋਂ ਇਕ ਹੈ, ਯਹੋਵਾਹ ਦੇ ਮਹਾਨ ਮੰਦਰ ਬਾਰੇ ਸੱਚਾਈ। ਇਹ ਮੰਦਰ ਕੀ ਹੈ? ਇਬਰਾਨੀਆਂ ਦੀ ਕਿਤਾਬ ਵਿਚ ਇਸ ਮੰਦਰ ਬਾਰੇ ਜੋ ਬਾਰੀਕੀਆਂ ਦੱਸੀਆਂ ਗਈਆਂ ਹਨ, ਇਸ ਲੇਖ ਵਿਚ ਉਨ੍ਹਾਂ ਬਾਰੇ ਹੀ ਸਮਝਾਇਆ ਜਾਵੇਗਾ। ਸਾਡੀ ਦੁਆ ਹੈ ਕਿ ਇਸ ਦਾ ਅਧਿਐਨ ਕਰਨ ਨਾਲ ਯਹੋਵਾਹ ਦੀ ਭਗਤੀ ਕਰਨ ਦੇ ਖ਼ਾਸ ਸਨਮਾਨ ਲਈ ਤੁਹਾਡੀ ਕਦਰ ਹੋਰ ਵੀ ਵਧੇ।

b ਇਬਰਾਨੀਆਂ ਦੀ ਕਿਤਾਬ ਦੀ ਇਕ ਝਲਕ ਦੇਖਣ ਲਈ jw.org/pa ʼਤੇ ਇਬਰਾਨੀਆਂ​—ਇਕ ਝਲਕ ਨਾਂ ਦੀ ਵੀਡੀਓ ਦੇਖੋ।

c ਮਸੀਹੀ ਯੂਨਾਨੀ ਲਿਖਤਾਂ ਵਿਚ ਸਿਰਫ਼ ਇਬਰਾਨੀਆਂ ਦੀ ਕਿਤਾਬ ਵਿਚ ਯਿਸੂ ਨੂੰ ਮਹਾਂ ਪੁਜਾਰੀ ਕਿਹਾ ਗਿਆ ਹੈ।

d ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ 70 ਈਸਵੀ ਵਿਚ ਜਦੋਂ ਯਰੂਸ਼ਲਮ ਦੇ ਮੰਦਰ ਦਾ ਨਾਸ਼ ਕੀਤਾ ਗਿਆ ਸੀ, ਉਦੋਂ ਤਕ ਇਜ਼ਰਾਈਲ ਵਿਚ ਸ਼ਾਇਦ 84 ਮਹਾਂ ਪੁਜਾਰੀਆਂ ਨੇ ਸੇਵਾ ਕੀਤੀ ਹੋਣੀ।

e ਪਾਪ ਮਿਟਾਉਣ ਦੇ ਦਿਨ ਮਹਾਂ ਪੁਜਾਰੀ ਜਿਹੜੇ ਕੰਮ ਕਰਦਾ ਸੀ, ਉਹ ਕਿਨ੍ਹਾਂ ਗੱਲਾਂ ਨੂੰ ਦਰਸਾਉਂਦੇ ਹਨ, ਇਹ ਜਾਣਨ ਲਈ jw.org ʼਤੇ ਤੰਬੂ ਨਾਂ ਦੀ ਅੰਗ੍ਰੇਜ਼ੀ ਵੀਡੀਓ ਦੇਖੋ।

g 15 ਜੁਲਾਈ 2010 ਦੇ ਪਹਿਰਾਬੁਰਜ ਦੇ ਸਫ਼ੇ 22 ਉੱਤੇ “ਪਵਿੱਤਰ ਸ਼ਕਤੀ ਨੇ ਹੈਕਲ ਦਾ ਮਤਲਬ ਕਿਵੇਂ ਪ੍ਰਗਟ ਕੀਤਾ” ਨਾਂ ਦੀ ਡੱਬੀ ਦੇਖੋ।