Skip to content

Skip to table of contents

ਅਧਿਐਨ ਲੇਖ 1

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

ਯਹੋਵਾਹ ʼਤੇ ਭਰੋਸਾ ਰੱਖੋ, ਆਪਣੇ ਡਰ ʼਤੇ ਜਿੱਤ ਹਾਸਲ ਕਰੋ!

ਯਹੋਵਾਹ ʼਤੇ ਭਰੋਸਾ ਰੱਖੋ, ਆਪਣੇ ਡਰ ʼਤੇ ਜਿੱਤ ਹਾਸਲ ਕਰੋ!

2024 ਲਈ ਬਾਈਬਲ ਦਾ ਹਵਾਲਾ: “ਜਦ ਮੈਨੂੰ ਡਰ ਲੱਗਦਾ ਹੈ, ਤਾਂ ਮੈਂ ਤੇਰੇ ʼਤੇ ਭਰੋਸਾ ਰੱਖਦਾ ਹਾਂ।”​—ਜ਼ਬੂ. 56:3.

ਕੀ ਸਿੱਖਾਂਗੇ?

ਜਾਣੋ ਕਿ ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਵਧਾ ਸਕਦੇ ਹਾਂ ਅਤੇ ਆਪਣੇ ਡਰ ʼਤੇ ਕਾਬੂ ਕਿਵੇਂ ਪਾ ਸਕਦੇ ਹਾਂ।

1. ਸਾਨੂੰ ਸ਼ਾਇਦ ਕਈ ਵਾਰ ਡਰ ਕਿਉਂ ਲੱਗੇ?

 ਸਾਨੂੰ ਸਾਰਿਆਂ ਨੂੰ ਕਦੇ-ਨਾ-ਕਦੇ ਡਰ ਲੱਗਦਾ ਹੈ। ਪਰ ਬਾਈਬਲ ਤੋਂ ਸੱਚਾਈ ਪਤਾ ਲੱਗਣ ਕਰਕੇ ਅਸੀਂ ਮਰੇ ਹੋਇਆਂ ਤੋਂ ਅਤੇ ਦੁਸ਼ਟ ਦੂਤਾਂ ਤੋਂ ਨਹੀਂ ਡਰਦੇ। ਨਾਲੇ ਅਸੀਂ ਇਹ ਸੋਚ ਕੇ ਵੀ ਨਹੀਂ ਡਰਦੇ ਕਿ ਅੱਗੇ ਚੱਲ ਕੇ ਦੁਨੀਆਂ ਦਾ ਕੀ ਬਣੇਗਾ। ਪਰ ਅੱਜ ਅਸੀਂ ਇੱਦਾਂ ਦੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਸਾਨੂੰ “ਖ਼ੌਫ਼ਨਾਕ ਨਜ਼ਾਰੇ” ਦੇਖਣ ਨੂੰ ਮਿਲਦੇ ਹਨ, ਜਿਵੇਂ ਯੁੱਧ, ਅਪਰਾਧ ਤੇ ਬੀਮਾਰੀਆਂ। ਇਨ੍ਹਾਂ ਕਰਕੇ ਸ਼ਾਇਦ ਅਸੀਂ ਕਈ ਵਾਰ ਡਰ ਜਾਈਏ। (ਲੂਕਾ 21:11) ਸਾਨੂੰ ਸ਼ਾਇਦ ਲੋਕਾਂ ਤੋਂ ਵੀ ਡਰ ਲੱਗੇ, ਜਿਵੇਂ ਸਰਕਾਰੀ ਅਧਿਕਾਰੀਆਂ ਤੋਂ ਜਾਂ ਇੱਥੋਂ ਤਕ ਕਿ ਆਪਣੇ ਘਰਦਿਆਂ ਤੋਂ ਵੀ ਜੋ ਸਾਡਾ ਵਿਰੋਧ ਕਰਦੇ ਹਨ। ਕਈ ਲੋਕਾਂ ਨੂੰ ਸ਼ਾਇਦ ਇਹ ਸੋਚ ਕੇ ਚਿੰਤਾ ਹੋਵੇ ਕਿ ਉਹ ਆਪਣੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਿੱਦਾਂ ਕਰਨਗੇ ਜਾਂ ਕੱਲ੍ਹ ਨੂੰ ਜੇ ਕੁਝ ਹੋ ਗਿਆ, ਤਾਂ ਉਹ ਕੀ ਕਰਨਗੇ।

2. ਗਥ ਵਿਚ ਹੁੰਦਿਆਂ ਦਾਊਦ ਨਾਲ ਕੀ ਹੋਇਆ?

2 ਕਦੇ-ਕਦੇ ਦਾਊਦ ਨੂੰ ਵੀ ਡਰ ਲੱਗਾ। ਇਕ ਵਾਰ ਜਦੋਂ ਉਹ ਰਾਜਾ ਸ਼ਾਊਲ ਤੋਂ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ, ਤਾਂ ਭੱਜਦੇ-ਭੱਜਦੇ ਉਹ ਫਲਿਸਤੀਆਂ ਦੇ ਸ਼ਹਿਰ ਗਥ ਪਹੁੰਚ ਗਿਆ। ਕੁਝ ਸਮੇਂ ਬਾਅਦ ਗਥ ਦੇ ਰਾਜਾ ਆਕੀਸ਼ ਨੂੰ ਪਤਾ ਲੱਗਾ ਕਿ ਦਾਊਦ ਤਾਂ ਉਹੀ ਯੋਧਾ ਹੈ ਜਿਸ ਦੀ ਸ਼ਾਨ ਵਿਚ ਇਕ ਗੀਤ ਗਾਇਆ ਗਿਆ ਕਿ ਉਸ ਨੇ ‘ਲੱਖਾਂ ਫਲਿਸਤੀਆਂ ਨੂੰ’ ਮਾਰਿਆ ਸੀ। ਉਸ ਸਮੇਂ ਦਾਊਦ “ਬਹੁਤ ਡਰ ਗਿਆ।” (1 ਸਮੂ. 21:10-12) ਉਸ ਨੂੰ ਚਿੰਤਾ ਹੋਣ ਲੱਗੀ ਕਿ ਪਤਾ ਨਹੀਂ ਹੁਣ ਆਕੀਸ਼ ਉਸ ਨਾਲ ਕੀ ਕਰੇਗਾ। ਤਾਂ ਫਿਰ ਦਾਊਦ ਨੇ ਆਪਣੇ ਡਰ ʼਤੇ ਕਾਬੂ ਕਿਵੇਂ ਪਾਇਆ?

3. ਜ਼ਬੂਰ 56:1-3, 11 ਮੁਤਾਬਕ ਦਾਊਦ ਨੇ ਆਪਣੇ ਡਰ ʼਤੇ ਕਾਬੂ ਕਿਵੇਂ ਪਾਇਆ?

3 ਜ਼ਬੂਰ 56 ਵਿਚ ਅਸੀਂ ਪੜ੍ਹਦੇ ਹਾਂ ਕਿ ਗਥ ਵਿਚ ਹੁੰਦਿਆਂ ਦਾਊਦ ਨੂੰ ਕਿੱਦਾਂ ਲੱਗ ਰਿਹਾ ਸੀ। ਇਸ ਜ਼ਬੂਰ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਕਿਉਂ ਇੰਨਾ ਡਰ ਲੱਗ ਰਿਹਾ ਸੀ ਅਤੇ ਇਸ ਡਰ ʼਤੇ ਉਸ ਨੇ ਕਾਬੂ ਕਿਵੇਂ ਪਾਇਆ। ਜਦੋਂ ਦਾਊਦ ਡਰ ਗਿਆ ਸੀ, ਤਾਂ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ। (ਜ਼ਬੂਰ 56:1-3, 11 ਪੜ੍ਹੋ।) ਯਹੋਵਾਹ ʼਤੇ ਉਸ ਦਾ ਭਰੋਸਾ ਰੱਖਣਾ ਜ਼ਾਇਆ ਨਹੀਂ ਗਿਆ। ਯਹੋਵਾਹ ਦੀ ਮਦਦ ਨਾਲ ਦਾਊਦ ਨੇ ਇਕ ਤਰਕੀਬ ਸੋਚੀ। ਇਹ ਤਰਕੀਬ ਥੋੜ੍ਹੀ ਅਜੀਬ ਤਾਂ ਸੀ, ਪਰ ਕੰਮ ਕਰ ਗਈ। ਉਸ ਨੇ ਪਾਗਲ ਹੋਣ ਦਾ ਢੌਂਗ ਕੀਤਾ। ਇਸ ਕਰਕੇ ਹੁਣ ਰਾਜਾ ਆਕੀਸ਼ ਉਸ ਨੂੰ ਮਾਰਨ ਦੀ ਬਜਾਇ ਉਸ ਤੋਂ ਕਿਸੇ ਤਰ੍ਹਾਂ ਪਿੱਛਾ ਛੁਡਾਉਣਾ ਚਾਹੁੰਦਾ ਸੀ। ਇੱਦਾਂ ਦਾਊਦ ਦੀ ਜਾਨ ਬਚ ਗਈ।​—1 ਸਮੂ. 21:13–22:1.

4. ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? ਮਿਸਾਲ ਦਿਓ।

4 ਅਸੀਂ ਵੀ ਯਹੋਵਾਹ ʼਤੇ ਭਰੋਸਾ ਕਰ ਕੇ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ। ਪਰ ਜਦੋਂ ਅਸੀਂ ਬਹੁਤ ਡਰੇ ਹੁੰਦੇ ਹਾਂ, ਤਾਂ ਸ਼ਾਇਦ ਯਹੋਵਾਹ ʼਤੇ ਭਰੋਸਾ ਕਰਨਾ ਸਾਨੂੰ ਔਖਾ ਲੱਗੇ। ਇੱਦਾਂ ਦੇ ਹਾਲਾਤਾਂ ਵਿਚ ਅਸੀਂ ਕਿਵੇਂ ਯਹੋਵਾਹ ʼਤੇ ਭਰੋਸਾ ਮਜ਼ਬੂਤ ਕਰ ਸਕਦੇ ਹਾਂ? ਆਓ ਆਪਾਂ ਇਕ ਮਿਸਾਲ ʼਤੇ ਗੌਰ ਕਰੀਏ। ਇਕ ਦਿਨ ਤੁਹਾਨੂੰ ਅਚਾਨਕ ਪਤਾ ਲੱਗਦਾ ਹੈ ਕਿ ਤੁਹਾਨੂੰ ਇਕ ਬੀਮਾਰੀ ਹੈ। ਪਹਿਲਾਂ-ਪਹਿਲ ਤਾਂ ਸ਼ਾਇਦ ਤੁਸੀਂ ਬਹੁਤ ਡਰ ਜਾਓ। ਪਰ ਜੇ ਤੁਹਾਨੂੰ ਆਪਣੇ ਡਾਕਟਰ ʼਤੇ ਭਰੋਸਾ ਹੈ, ਤਾਂ ਤੁਹਾਡਾ ਡਰ ਘੱਟ ਜਾਵੇਗਾ। ਉਹ ਸ਼ਾਇਦ ਇਸ ਲਈ ਕਿਉਂਕਿ ਉਸ ਡਾਕਟਰ ਨੇ ਇੱਦਾਂ ਦੇ ਬਹੁਤ ਸਾਰੇ ਲੋਕਾਂ ਨੂੰ ਠੀਕ ਕੀਤਾ ਹੈ ਜਿਨ੍ਹਾਂ ਨੂੰ ਉਹੀ ਬੀਮਾਰੀ ਸੀ। ਉਹ ਸ਼ਾਇਦ ਤੁਹਾਡੀ ਗੱਲ ਧਿਆਨ ਨਾਲ ਸੁਣੇ ਤੇ ਤੁਹਾਨੂੰ ਯਕੀਨ ਦਿਵਾਏ ਕਿ ਉਹ ਤੁਹਾਡੀ ਪਰੇਸ਼ਾਨੀ ਸਮਝਦਾ ਹੈ। ਉਹ ਸ਼ਾਇਦ ਤੁਹਾਨੂੰ ਅਜਿਹਾ ਇਲਾਜ ਕਰਾਉਣ ਦੀ ਸਲਾਹ ਦੇਵੇ ਜੋ ਦੂਜਿਆਂ ਲਈ ਕਾਰਗਰ ਸਾਬਤ ਹੋਇਆ ਹੈ। ਸ਼ਾਇਦ ਇਹ ਜਾਣ ਕੇ ਤੁਹਾਨੂੰ ਰਾਹਤ ਮਿਲੇ। ਇਸੇ ਤਰ੍ਹਾਂ ਜਦੋਂ ਅਸੀਂ ਇਹ ਸੋਚਾਂਗੇ ਕਿ ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ, ਉਹ ਅੱਜ ਕੀ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ-ਕੀ ਕਰੇਗਾ, ਤਾਂ ਉਸ ʼਤੇ ਸਾਡਾ ਭਰੋਸਾ ਵਧੇਗਾ। ਦਾਊਦ ਨੇ ਵੀ ਕੁਝ ਇੱਦਾਂ ਹੀ ਕੀਤਾ ਸੀ। ਸੋ ਆਓ ਆਪਾਂ 56ਵੇਂ ਜ਼ਬੂਰ ਦੀਆਂ ਗੱਲਾਂ ʼਤੇ ਗੌਰ ਕਰੀਏ ਅਤੇ ਸੋਚੀਏ ਕਿ ਅਸੀਂ ਕਿੱਦਾਂ ਯਹੋਵਾਹ ʼਤੇ ਆਪਣਾ ਭਰੋਸਾ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ।

ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ?

5. ਆਪਣੇ ਡਰ ʼਤੇ ਕਾਬੂ ਪਾਉਣ ਲਈ ਦਾਊਦ ਨੇ ਕਿਨ੍ਹਾਂ ਗੱਲਾਂ ʼਤੇ ਆਪਣਾ ਧਿਆਨ ਲਾਇਆ? (ਜ਼ਬੂਰ 56:12, 13)

5 ਜਦੋਂ ਦਾਊਦ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਸ ਨੇ ਇਸ ਗੱਲ ʼਤੇ ਧਿਆਨ ਲਾਇਆ ਕਿ ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ। (ਜ਼ਬੂਰ 56:12, 13 ਪੜ੍ਹੋ।) ਉਹ ਹਮੇਸ਼ਾ ਇੱਦਾਂ ਹੀ ਕਰਦਾ ਸੀ। ਮਿਸਾਲ ਲਈ, ਉਹ ਕਈ ਵਾਰ ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ʼਤੇ ਮਨਨ ਕਰਦਾ ਸੀ। ਇਸ ਤੋਂ ਉਸ ਨੂੰ ਅਹਿਸਾਸ ਹੁੰਦਾ ਸੀ ਕਿ ਯਹੋਵਾਹ ਕਿੰਨਾ ਤਾਕਤਵਰ ਹੈ ਅਤੇ ਉਹ ਇਨਸਾਨਾਂ ਨੂੰ ਕਿੰਨਾ ਪਿਆਰ ਕਰਦਾ ਹੈ। (ਜ਼ਬੂ. 65:6-9) ਦਾਊਦ ਇਸ ਬਾਰੇ ਵੀ ਸੋਚਦਾ ਸੀ ਕਿ ਯਹੋਵਾਹ ਨੇ ਦੂਜਿਆਂ ਲਈ ਕੀ-ਕੀ ਕੀਤਾ ਹੈ। (ਜ਼ਬੂ. 31:19; 37:25, 26) ਨਾਲੇ ਉਹ ਖ਼ਾਸ ਕਰਕੇ ਇਸ ਗੱਲ ʼਤੇ ਵੀ ਮਨਨ ਕਰਦਾ ਸੀ ਕਿ ਯਹੋਵਾਹ ਨੇ ਹੁਣ ਤਕ ਉਸ ਲਈ ਕੀ-ਕੀ ਕੀਤਾ ਹੈ। ਜਦੋਂ ਤੋਂ ਉਹ ਆਪਣੀ ਮਾਂ ਦੀ ਕੁੱਖ ਵਿਚ ਸੀ, ਉਦੋਂ ਤੋਂ ਯਹੋਵਾਹ ਨੇ ਉਸ ਨੂੰ ਸੰਭਾਲਿਆ ਅਤੇ ਉਸ ਦੀ ਹਿਫਾਜ਼ਤ ਕੀਤੀ। (ਜ਼ਬੂ. 22:9, 10) ਸੋਚੋ ਜਦੋਂ ਦਾਊਦ ਇਨ੍ਹਾਂ ਗੱਲਾਂ ʼਤੇ ਮਨਨ ਕਰਦਾ ਹੋਣਾ, ਤਾਂ ਯਹੋਵਾਹ ʼਤੇ ਉਸ ਦਾ ਭਰੋਸਾ ਕਿੰਨਾ ਵਧ ਜਾਂਦਾ ਹੋਣਾ।

ਦਾਊਦ ਨੇ ਇਸ ਬਾਰੇ ਸੋਚਿਆ ਕਿ ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ, ਅੱਜ ਕੀ ਕਰ ਰਿਹਾ ਹੈ ਅਤੇ ਅੱਗੇ ਚੱਲ ਕੇ ਕੀ ਕਰੇਗਾ। ਇਸ ਕਰਕੇ ਉਸ ਦਾ ਯਹੋਵਾਹ ʼਤੇ ਭਰੋਸਾ ਹੋਰ ਵੀ ਵਧਿਆ (ਪੈਰੇ 5, 8, 12 ਦੇਖੋ) d


6. ਜਦੋਂ ਸਾਨੂੰ ਡਰ ਲੱਗਦਾ ਹੈ, ਉਦੋਂ ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਕਿੱਦਾਂ ਵਧਾ ਸਕਦੇ ਹਾਂ?

6 ਜਦੋਂ ਤੁਹਾਨੂੰ ਡਰ ਲੱਗਦਾ ਹੈ, ਤਾਂ ਆਪਣੇ ਆਪ ਤੋਂ ਪੁੱਛੋ, ‘ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ?’ ਉਸ ਦੀਆਂ ਬਣਾਈਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰੋ। ਮਿਸਾਲ ਲਈ, ਪੰਛੀਆਂ ਤੇ ਫੁੱਲਾਂ ਨੂੰ “ਧਿਆਨ ਨਾਲ ਦੇਖੋ।” ਉਨਾਂ ਨੂੰ ਨਾ ਤਾਂ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਹੈ ਤੇ ਨਾ ਹੀ ਉਹ ਉਸ ਦੀ ਭਗਤੀ ਕਰ ਸਕਦੇ ਹਨ। ਪਰ ਫਿਰ ਵੀ ਉਹ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ। ਤਾਂ ਫਿਰ ਕੀ ਉਹ ਤੁਹਾਡਾ ਖ਼ਿਆਲ ਨਹੀਂ ਰੱਖੇਗਾ? ਇਸ ਤਰ੍ਹਾਂ ਸ੍ਰਿਸ਼ਟੀ ਦੀਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ʼਤੇ ਤੁਹਾਡਾ ਭਰੋਸਾ ਵਧੇਗਾ। (ਮੱਤੀ 6:25-32) ਨਾਲੇ ਸੋਚੋ ਕਿ ਯਹੋਵਾਹ ਨੇ ਆਪਣੇ ਸੇਵਕਾਂ ਲਈ ਹੁਣ ਤਕ ਕੀ-ਕੀ ਕੀਤਾ ਹੈ। ਤੁਸੀਂ ਬਾਈਬਲ ਵਿਚ ਦੱਸੇ ਕਿਸੇ ਪਾਤਰ ਬਾਰੇ ਪੜ੍ਹ ਸਕਦੇ ਹੋ ਜਿਸ ਨੇ ਪਰਮੇਸ਼ੁਰ ʼਤੇ ਪੱਕੀ ਨਿਹਚਾ ਰੱਖੀ ਸੀ ਜਾਂ ਸ਼ਾਇਦ ਤੁਸੀਂ ਅੱਜ ਦੇ ਜ਼ਮਾਨੇ ਦੇ ਕਿਸੇ ਭੈਣ-ਭਰਾ ਦਾ ਤਜਰਬਾ ਪੜ੍ਹ ਸਕਦੇ ਹੋ। a ਇਸ ਤੋਂ ਇਲਾਵਾ, ਇਹ ਵੀ ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਹੁਣ ਤਕ ਕੀ ਕੁਝ ਕੀਤਾ ਹੈ। ਜਿਵੇਂ, ਉਸ ਨੇ ਤੁਹਾਨੂੰ ਸੱਚਾਈ ਵੱਲ ਕਿੱਦਾਂ ਖਿੱਚਿਆ? (ਯੂਹੰ. 6:44) ਉਸ ਨੇ ਤੁਹਾਡੀਆਂ ਪ੍ਰਾਰਥਨਾਵਾਂ ਦਾ ਕਿੱਦਾਂ ਜਵਾਬ ਦਿੱਤਾ? (1 ਯੂਹੰ. 5:14) ਉਸ ਦੇ ਪਿਆਰੇ ਪੁੱਤਰ ਦੀ ਕੁਰਬਾਨੀ ਤੋਂ ਤੁਹਾਨੂੰ ਹਰ ਰੋਜ਼ ਕਿੱਦਾਂ ਫ਼ਾਇਦਾ ਹੋ ਰਿਹਾ ਹੈ?​—ਅਫ਼. 1:7; ਇਬ. 4:14-16.

ਜਦੋਂ ਅਸੀਂ ਇਹ ਸੋਚਾਂਗੇ ਕਿ ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ, ਅੱਜ ਕੀ ਕਰ ਰਿਹਾ ਹੈ ਅਤੇ ਅੱਗੇ ਚੱਲ ਕੇ ਕੀ ਕਰੇਗਾ, ਤਾਂ ਉਸ ʼਤੇ ਸਾਡਾ ਭਰੋਸਾ ਹੋਰ ਵੀ ਵਧੇਗਾ (ਪੈਰੇ 6, 9-10, 13-14 ਦੇਖੋ) e


7. ਦਾਨੀਏਲ ਨਬੀ ਬਾਰੇ ਸੋਚ ਕੇ ਭੈਣ ਵਨੈਸਾ ਕਿਵੇਂ ਆਪਣੇ ਡਰ ʼਤੇ ਕਾਬੂ ਪਾ ਸਕੀ?

7 ਹੈਤੀ ਵਿਚ ਰਹਿਣ ਵਾਲੀ ਭੈਣ ਵਨੈਸਾ b ਨਾਲ ਇਕ ਵਾਰ ਕੁਝ ਇੱਦਾਂ ਦਾ ਹੋਇਆ ਜਿਸ ਕਰਕੇ ਉਹ ਬਹੁਤ ਡਰ ਗਈ। ਉਸ ਦੇ ਇਲਾਕੇ ਵਿਚ ਰਹਿਣ ਵਾਲਾ ਇਕ ਆਦਮੀ ਰੋਜ਼ ਉਸ ਨੂੰ ਫ਼ੋਨ ਕਰਦਾ ਸੀ ਤੇ ਮੈਸਿਜ ਭੇਜਦਾ ਸੀ। ਉਹ ਚਾਹੁੰਦਾ ਸੀ ਕਿ ਵਨੈਸਾ ਉਸ ਨਾਲ ਸੰਬੰਧ ਰੱਖੇ। ਪਰ ਵਨੈਸਾ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਤਾਂ ਉਹ ਆਦਮੀ ਹੋਰ ਵੀ ਗੁੱਸੇ ਵਿਚ ਆ ਗਿਆ ਤੇ ਉਸ ਨੂੰ ਹੋਰ ਵੀ ਪਰੇਸ਼ਾਨ ਕਰਨ ਲੱਗਾ। ਇੱਥੋਂ ਤਕ ਕਿ ਉਹ ਵਨੈਸਾ ਨੂੰ ਧਮਕੀਆਂ ਵੀ ਦੇਣ ਲੱਗਾ। ਵਨੈਸਾ ਕਹਿੰਦੀ ਹੈ: “ਮੈਂ ਬਹੁਤ ਡਰ ਗਈ ਸੀ।” ਪਰ ਭੈਣ ਵਨੈਸਾ ਆਪਣੇ ਡਰ ʼਤੇ ਕਿੱਦਾਂ ਕਾਬੂ ਪਾ ਸਕੀ? ਉਸ ਨੇ ਆਪਣੇ ਬਚਾਅ ਲਈ ਜ਼ਰੂਰੀ ਕਦਮ ਚੁੱਕੇ। ਇਕ ਬਜ਼ੁਰਗ ਦੀ ਮਦਦ ਨਾਲ ਉਸ ਨੇ ਪੁਲਿਸ ਨਾਲ ਇਸ ਬਾਰੇ ਗੱਲ ਕੀਤੀ। ਨਾਲੇ ਉਸ ਨੇ ਇਸ ਗੱਲ ʼਤੇ ਵੀ ਧਿਆਨ ਦਿੱਤਾ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਦੀ ਕਿੱਦਾਂ ਹਿਫਾਜ਼ਤ ਕੀਤੀ ਸੀ। ਉਹ ਕਹਿੰਦੀ ਹੈ: “ਮੇਰੇ ਦਿਮਾਗ਼ ਵਿਚ ਸਭ ਤੋਂ ਪਹਿਲਾਂ ਦਾਨੀਏਲ ਨਬੀ ਦਾ ਖ਼ਿਆਲ ਆਇਆ। ਭਾਵੇਂ ਉਸ ਦਾ ਕੋਈ ਕਸੂਰ ਨਹੀਂ ਸੀ, ਫਿਰ ਵੀ ਉਸ ਨੂੰ ਭੁੱਖੇ ਸ਼ੇਰਾਂ ਦੇ ਘੁਰਨੇ ਵਿਚ ਸੁੱਟਿਆ ਗਿਆ। ਪਰ ਯਹੋਵਾਹ ਨੇ ਉਸ ਨੂੰ ਬਚਾ ਲਿਆ। ਮੈਂ ਵੀ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਤੇ ਕਿਹਾ ਕਿ ਹੁਣ ਉਹੀ ਸਾਰੇ ਮਾਮਲੇ ਨੂੰ ਸਾਂਭੇ। ਇਸ ਤੋਂ ਬਾਅਦ, ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗਾ।”​—ਦਾਨੀ. 6:12-22.

ਯਹੋਵਾਹ ਹੁਣ ਕੀ ਕਰ ਰਿਹਾ ਹੈ?

8. ਦਾਊਦ ਨੂੰ ਕਿਸ ਗੱਲ ਦਾ ਭਰੋਸਾ ਸੀ? (ਜ਼ਬੂਰ 56:8)

8 ਜਦੋਂ ਦਾਊਦ ਗਥ ਵਿਚ ਸੀ, ਤਾਂ ਉਸ ਦੀ ਜਾਨ ਖ਼ਤਰੇ ਵਿਚ ਸੀ। ਫਿਰ ਵੀ ਉਸ ਨੇ ਡਰ ਨੂੰ ਆਪਣੇ ਆਪ ʼਤੇ ਹਾਵੀ ਨਹੀਂ ਹੋਣ ਦਿੱਤਾ। ਇਸ ਦੀ ਬਜਾਇ, ਉਸ ਨੇ ਇਸ ਗੱਲ ʼਤੇ ਧਿਆਨ ਲਾਇਆ ਕਿ ਯਹੋਵਾਹ ਉਸ ਵੇਲੇ ਉਸ ਲਈ ਕੀ ਕਰ ਰਿਹਾ ਸੀ। ਦਾਊਦ ਸਮਝ ਗਿਆ ਕਿ ਯਹੋਵਾਹ ਉਸ ਨੂੰ ਸਹੀ ਰਾਹ ਦਿਖਾ ਰਿਹਾ ਸੀ, ਉਸ ਦੀ ਹਿਫਾਜ਼ਤ ਕਰ ਰਿਹਾ ਸੀ ਅਤੇ ਉਹ ਜਾਣਦਾ ਸੀ ਕਿ ਉਸ ʼਤੇ ਕੀ ਬੀਤ ਰਹੀ ਹੈ। (ਜ਼ਬੂਰ 56:8 ਪੜ੍ਹੋ।) ਦਾਊਦ ਦੇ ਕੁਝ ਵਫ਼ਾਦਾਰ ਦੋਸਤ ਵੀ ਉਸ ਦੇ ਨਾਲ ਸਨ, ਜਿੱਦਾਂ ਯੋਨਾਥਾਨ ਤੇ ਮਹਾਂ ਪੁਜਾਰੀ ਅਹੀਮਲਕ ਜਿਨ੍ਹਾਂ ਨੇ ਉਸ ਦਾ ਹੌਸਲਾ ਵਧਾਇਆ ਤੇ ਉਸ ਦੀ ਮਦਦ ਕੀਤੀ। (1 ਸਮੂ. 20:41, 42; 21:6, 8, 9) ਭਾਵੇਂ ਕਿ ਰਾਜਾ ਸ਼ਾਊਲ ਉਸ ਦੀ ਜਾਨ ਦੇ ਪਿੱਛੇ ਪਿਆ ਹੋਇਆ ਸੀ, ਪਰ ਉਹ ਬਚ ਗਿਆ। ਦਾਊਦ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿਹੜੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਿਹਾ ਹੈ ਤੇ ਉਸ ʼਤੇ ਕੀ ਬੀਤ ਰਹੀ ਹੈ।

9. ਜਦੋਂ ਤੁਹਾਨੂੰ ਡਰ ਲੱਗਦਾ ਹੈ, ਤਾਂ ਯਹੋਵਾਹ ਕਿਸ ਗੱਲ ʼਤੇ ਧਿਆਨ ਦਿੰਦਾ ਹੈ?

9 ਜਦੋਂ ਤੁਹਾਡੇ ʼਤੇ ਕੋਈ ਮੁਸੀਬਤ ਆਉਂਦੀ ਹੈ ਅਤੇ ਤੁਸੀਂ ਬਹੁਤ ਡਰ ਜਾਂਦੇ ਹੋ, ਤਾਂ ਯਾਦ ਰੱਖੋ ਕਿ ਯਹੋਵਾਹ ਧਿਆਨ ਦਿੰਦਾ ਹੈ ਕਿ ਤੁਸੀਂ ਕਿਸ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਹੋ ਅਤੇ ਤੁਹਾਡੇ ʼਤੇ ਕੀ ਬੀਤ ਰਹੀ ਹੈ। ਮਿਸਾਲ ਲਈ, ਪੁਰਾਣੇ ਸਮੇਂ ਵਿਚ ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ, ਤਾਂ ਯਹੋਵਾਹ ਨੇ ਸਿਰਫ਼ ਇਹੀ ਨਹੀਂ ਦੇਖਿਆ ਕਿ ਉਨ੍ਹਾਂ ʼਤੇ ਕਿਹੜੇ ਜ਼ੁਲਮ ਕੀਤੇ ਜਾ ਰਹੇ ਸਨ, ਸਗੋਂ ਉਹ ‘ਉਨ੍ਹਾਂ ਦਾ ਦਰਦ ਵੀ ਚੰਗੀ ਤਰ੍ਹਾਂ ਜਾਣਦਾ ਸੀ।’ (ਕੂਚ 3:7) ਦਾਊਦ ਨੇ ਗੀਤ ਵਿਚ ਗਾਇਆ ਕਿ ਯਹੋਵਾਹ ਨਾ ਸਿਰਫ਼ ਉਸ ਦਾ “ਦੁੱਖ” ਦੇਖਦਾ ਹੈ, ਸਗੋਂ ਉਸ ਦੇ “ਦਿਲ ਦਾ ਦਰਦ” ਵੀ ਸਮਝਦਾ ਹੈ। (ਜ਼ਬੂ. 31:7) ਨਾਲੇ ਕਈ ਵਾਰ ਜਦੋਂ ਪਰਮੇਸ਼ੁਰ ਦੇ ਲੋਕਾਂ ʼਤੇ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਕਰਕੇ ਮੁਸੀਬਤਾਂ ਆਉਂਦੀਆਂ ਸਨ, ਉਦੋਂ ਵੀ ਉਹ ਉਨ੍ਹਾਂ ਦੀਆਂ ਤਕਲੀਫ਼ਾਂ ਦੇਖ ਕੇ “ਦੁਖੀ” ਹੁੰਦਾ ਸੀ। (ਯਸਾ. 63:9) ਸੋ ਜਦੋਂ ਕਦੀ ਤੁਹਾਨੂੰ ਡਰ ਲੱਗੇ, ਤਾਂ ਯਾਦ ਰੱਖੋ ਕਿ ਯਹੋਵਾਹ ਸਮਝਦਾ ਹੈ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ ਅਤੇ ਉਹ ਉਸ ਡਰ ʼਤੇ ਕਾਬੂ ਪਾਉਣ ਲਈ ਤੁਹਾਡੀ ਮਦਦ ਕਰਨ ਲਈ ਬੇਤਾਬ ਹੈ।

10. ਤੁਹਾਨੂੰ ਕਿਉਂ ਯਕੀਨ ਹੈ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ ਤੇ ਉਹ ਮੁਸ਼ਕਲਾਂ ਦੌਰਾਨ ਤੁਹਾਡੀ ਮਦਦ ਕਰੇਗਾ?

10 ਜੇ ਤੁਸੀਂ ਕਿਸੇ ਮੁਸ਼ਕਲ ਹਾਲਾਤ ਵਿੱਚੋਂ ਗੁਜ਼ਰ ਰਹੇ ਹੋ ਤੇ ਤੁਹਾਨੂੰ ਡਰ ਲੱਗ ਰਿਹਾ ਹੈ, ਤਾਂ ਸ਼ਾਇਦ ਤੁਸੀਂ ਇਹ ਨਾ ਦੇਖ ਸਕੋ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਦੇਖ ਸਕੋ ਕਿ ਉਹ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ। (2 ਰਾਜ. 6:15-17) ਫਿਰ ਸੋਚੋ: ਕੀ ਮੀਟਿੰਗ ਵਿਚ ਕਿਸੇ ਦੇ ਭਾਸ਼ਣ ਜਾਂ ਕਿਸੇ ਦੇ ਜਵਾਬ ਕਰਕੇ ਤੁਹਾਡਾ ਹੌਸਲਾ ਵਧਿਆ ਹੈ? ਕੀ ਕਿਸੇ ਪ੍ਰਕਾਸ਼ਨ, ਵੀਡੀਓ ਜਾਂ ਬ੍ਰਾਡਕਾਸਟਿੰਗ ਦੇ ਗੀਤ ਕਰਕੇ ਤੁਹਾਡੀ ਹਿੰਮਤ ਵਧੀ ਹੈ? ਕੀ ਕਿਸੇ ਭੈਣ-ਭਰਾ ਨੇ ਤੁਹਾਨੂੰ ਕੋਈ ਅਜਿਹੀ ਆਇਤ ਦਿਖਾਈ ਜਾਂ ਗੱਲ ਕਹੀ ਜਿਸ ਕਰਕੇ ਤੁਹਾਨੂੰ ਵਧੀਆ ਲੱਗਾ ਹੋਵੇ? ਸ਼ਾਇਦ ਅਸੀਂ ਇਸ ਗੱਲ ਨੂੰ ਮਾਮੂਲੀ ਜਿਹਾ ਸਮਝੀਏ ਕਿ ਸਾਡੇ ਭੈਣ-ਭਰਾ ਸਾਨੂੰ ਕਿੰਨਾ ਪਿਆਰ ਕਰਦੇ ਹਨ ਤੇ ਬਾਈਬਲ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਪਰ ਇਹ ਯਹੋਵਾਹ ਵੱਲੋਂ ਸ਼ਾਨਦਾਰ ਤੋਹਫ਼ੇ ਹਨ। (ਯਸਾ. 65:13; ਮਰ. 10:29, 30) ਇਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪਰਮੇਸ਼ੁਰ ਸਾਡੀ ਕਿੰਨੀ ਪਰਵਾਹ ਕਰਦਾ ਹੈ। (ਯਸਾ. 49:14-16) ਨਾਲੇ ਇਨ੍ਹਾਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਕਰ ਸਕਦੇ ਹਾਂ।

11. ਆਪਣੇ ਡਰ ʼਤੇ ਕਾਬੂ ਪਾਉਣ ਵਿਚ ਭੈਣ ਆਇਦਾ ਦੀ ਕਿਸ ਚੀਜ਼ ਨੇ ਮਦਦ ਕੀਤੀ?

11 ਸੈਨੇਗਾਲ ਦੇਸ਼ ਵਿਚ ਰਹਿਣ ਵਾਲੀ ਭੈਣ ਆਇਦਾ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਦੇਖਿਆ ਕਿ ਯਹੋਵਾਹ ਨੇ ਇਕ ਮੁਸ਼ਕਲ ਵਿਚ ਉਸ ਦੀ ਕਿੱਦਾਂ ਮਦਦ ਕੀਤੀ। ਉਹ ਆਪਣੇ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ, ਇਸ ਲਈ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਘਰ ਦਾ ਖ਼ਰਚਾ ਚੁੱਕੇ। ਪਰ ਜਦੋਂ ਭੈਣ ਨੇ ਪਾਇਅਨਰਿੰਗ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਕੀਤੀ, ਤਾਂ ਉਸ ਨੂੰ ਪੈਸਿਆਂ ਦੀ ਤੰਗੀ ਹੋਣ ਲੱਗ ਪਈ। ਇਸ ਲਈ ਉਸ ਦੇ ਘਰਦੇ ਉਸ ਤੋਂ ਨਾਰਾਜ਼ ਹੋ ਗਏ ਅਤੇ ਉਸ ਨੂੰ ਤਾਅਨੇ ਮਾਰਨ ਲੱਗ ਪਏ। ਭੈਣ ਦੱਸਦੀ ਹੈ: “ਮੈਨੂੰ ਡਰ ਲੱਗਣ ਲੱਗ ਪਿਆ ਕਿ ਹੁਣ ਮੈਂ ਆਪਣੇ ਮੰਮੀ-ਡੈਡੀ ਦੀ ਮਦਦ ਨਹੀਂ ਕਰ ਸਕਾਂਗੀ ਤੇ ਸਾਰੇ ਮੈਨੂੰ ਬੁਰਾ-ਭਲਾ ਕਹਿਣਗੇ। ਮੈਂ ਤਾਂ ਯਹੋਵਾਹ ਨੂੰ ਵੀ ਦੋਸ਼ ਦੇਣ ਲੱਗ ਪਈ ਕਿ ਉਸ ਨੇ ਮੇਰੇ ਨਾਲ ਇੱਦਾਂ ਕਿਉਂ ਹੋਣ ਦਿੱਤਾ।” ਪਰ ਫਿਰ ਇਕ ਸਭਾ ਵਿਚ ਭੈਣ ਨੇ ਇਕ ਭਾਸ਼ਣ ਸੁਣਿਆ। ਉਹ ਦੱਸਦੀ ਹੈ: “ਭਰਾ ਨੇ ਭਾਸ਼ਣ ਵਿਚ ਕਿਹਾ ਕਿ ਸਾਡੇ ਦਿਲ ਵਿਚ ਜਿੰਨੇ ਵੀ ਜ਼ਖ਼ਮ ਹਨ, ਯਹੋਵਾਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਮੈਨੂੰ ਬਜ਼ੁਰਗਾਂ ਅਤੇ ਹੋਰ ਭੈਣ-ਭਰਾਵਾਂ ਨੇ ਬਹੁਤ ਵਧੀਆ ਸਲਾਹਾਂ ਦਿੱਤੀਆਂ। ਹੌਲੀ-ਹੌਲੀ ਮੈਨੂੰ ਫਿਰ ਤੋਂ ਯਕੀਨ ਹੋ ਗਿਆ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ। ਇਸ ਤੋਂ ਬਾਅਦ ਮੈਂ ਜਦੋਂ ਵੀ ਪ੍ਰਾਰਥਨਾ ਕਰਦੀ ਸੀ, ਤਾਂ ਮੈਨੂੰ ਪੂਰਾ ਯਕੀਨ ਹੁੰਦਾ ਸੀ ਕਿ ਯਹੋਵਾਹ ਮੇਰੀ ਮਦਦ ਜ਼ਰੂਰ ਕਰੇਗਾ। ਨਾਲੇ ਫਿਰ ਜਦੋਂ ਮੈਂ ਦੇਖਿਆ ਕਿ ਯਹੋਵਾਹ ਨੇ ਕਿੱਦਾਂ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਹੈ, ਤਾਂ ਮੈਨੂੰ ਬਹੁਤ ਸਕੂਨ ਮਿਲਿਆ।” ਕੁਝ ਸਮੇਂ ਬਾਅਦ ਆਇਦਾ ਨੂੰ ਇੱਦਾਂ ਦੀ ਨੌਕਰੀ ਮਿਲ ਗਈ ਜਿਸ ਨਾਲ ਨਾ ਸਿਰਫ਼ ਉਹ ਪਾਇਅਨਰਿੰਗ ਕਰ ਸਕੀ, ਸਗੋਂ ਉਹ ਪੈਸਿਆਂ ਪੱਖੋਂ ਆਪਣੇ ਪਰਿਵਾਰ ਦੀ ਵੀ ਮਦਦ ਕਰ ਸਕੀ। ਭੈਣ ਦੱਸਦੀ ਹੈ: “ਮੈਂ ਯਹੋਵਾਹ ʼਤੇ ਪੂਰੀ ਤਰ੍ਹਾਂ ਭਰੋਸਾ ਕਰਨਾ ਸਿੱਖਿਆ ਹੈ। ਹੁਣ ਅਕਸਰ ਇੱਦਾਂ ਹੁੰਦਾ ਹੈ ਕਿ ਜਦੋਂ ਵੀ ਮੈਂ ਪ੍ਰਾਰਥਨਾ ਕਰਦੀ ਹਾਂ, ਤਾਂ ਮੇਰਾ ਡਰ ਖ਼ਤਮ ਹੀ ਹੋ ਜਾਂਦਾ ਹੈ।”

ਯਹੋਵਾਹ ਅੱਗੇ ਕੀ ਕਰੇਗਾ?

12. ਜ਼ਬੂਰ 56:9 ਮੁਤਾਬਕ ਦਾਊਦ ਨੂੰ ਕਿਸ ਗੱਲ ਦਾ ਭਰੋਸਾ ਸੀ?

12 ਜ਼ਬੂਰ 56:9 ਪੜ੍ਹੋ। ਇਸ ਆਇਤ ਵਿਚ ਇਕ ਹੋਰ ਤਰੀਕਾ ਦੱਸਿਆ ਗਿਆ ਹੈ ਜਿਸ ਦੀ ਮਦਦ ਨਾਲ ਦਾਊਦ ਆਪਣੇ ਡਰ ʼਤੇ ਕਾਬੂ ਪਾ ਸਕਿਆ। ਭਾਵੇਂ ਕਿ ਉਸ ਦੀ ਜ਼ਿੰਦਗੀ ਅਜੇ ਵੀ ਖ਼ਤਰੇ ਵਿਚ ਸੀ, ਪਰ ਉਸ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਉਸ ਲਈ ਅੱਗੇ ਕੀ ਕਰੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਸਹੀ ਸਮੇਂ ʼਤੇ ਉਸ ਨੂੰ ਬਚਾਵੇਗਾ ਕਿਉਂਕਿ ਯਹੋਵਾਹ ਨੇ ਹੀ ਕਿਹਾ ਸੀ ਕਿ ਦਾਊਦ ਇਜ਼ਰਾਈਲ ਦਾ ਅਗਲਾ ਰਾਜਾ ਬਣੇਗਾ। (1 ਸਮੂ. 16:1, 13) ਦਾਊਦ ਨੂੰ ਭਰੋਸਾ ਸੀ ਕਿ ਇਕ ਵਾਰ ਯਹੋਵਾਹ ਨੇ ਜੋ ਕਹਿ ਦਿੱਤਾ, ਉਹ ਪੂਰਾ ਹੋ ਕੇ ਹੀ ਰਹੇਗਾ।

13. ਅਸੀਂ ਯਹੋਵਾਹ ʼਤੇ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

13 ਯਹੋਵਾਹ ਨੇ ਤੁਹਾਡੇ ਲਈ ਕੀ ਕਰਨ ਦਾ ਵਾਅਦਾ ਕੀਤਾ ਹੈ? ਅੱਜ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਯਹੋਵਾਹ ਸਾਡੇ ʼਤੇ ਕੋਈ ਮੁਸੀਬਤ ਨਹੀਂ ਆਉਣ ਦੇਵੇਗਾ। c ਪਰ ਉਹ ਵਾਅਦਾ ਕਰਦਾ ਹੈ ਕਿ ਨਵੀਂ ਦੁਨੀਆਂ ਵਿਚ ਉਹ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗਾ। (ਯਸਾ. 25:7-9) ਸਾਡੇ ਪਰਮੇਸ਼ੁਰ ਯਹੋਵਾਹ ਕੋਲ ਇੰਨੀ ਤਾਕਤ ਹੈ ਕਿ ਉਹ ਸਾਨੂੰ ਪੂਰੀ ਤਰ੍ਹਾਂ ਤੰਦਰੁਸਤ ਕਰ ਸਕਦਾ ਹੈ ਅਤੇ ਸਾਡੇ ਦਿਲ ਦੇ ਸਾਰੇ ਜ਼ਖ਼ਮ ਭਰ ਸਕਦਾ ਹੈ। ਉਹ ਸਾਡੇ ਸਾਰੇ ਵਿਰੋਧੀਆਂ ਨੂੰ ਖ਼ਤਮ ਕਰ ਸਕਦਾ ਹੈ ਅਤੇ ਉਹ ਮੌਤ ਦੀ ਨੀਂਦ ਸੌਂ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰ ਸਕਦਾ ਹੈ।​—1 ਯੂਹੰ. 4:4.

14. ਅਸੀਂ ਕਿਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ?

14 ਜਦੋਂ ਕਦੇ ਤੁਹਾਨੂੰ ਡਰ ਲੱਗੇ, ਤਾਂ ਸੋਚੋ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ। ਸੋਚੋ, ਉਸ ਵੇਲੇ ਤੁਹਾਨੂੰ ਕਿੱਦਾਂ ਲੱਗੇਗਾ ਜਦੋਂ ਸ਼ੈਤਾਨ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ, ਦੁਸ਼ਟ ਲੋਕਾਂ ਦੀ ਬਜਾਇ ਧਰਮੀ ਲੋਕ ਹੋਣਗੇ ਅਤੇ ਅਸੀਂ ਸਾਰੇ ਹੌਲੀ-ਹੌਲੀ ਮੁਕੰਮਲ ਹੁੰਦੇ ਜਾਵਾਂਗੇ। 2014 ਦੇ ਵੱਡੇ ਸੰਮੇਲਨ ਵਿਚ ਇਕ ਪ੍ਰਦਰਸ਼ਨ ਦਿਖਾਇਆ ਗਿਆ ਸੀ। ਉਸ ਵਿਚ ਇਕ ਪਿਤਾ ਨੇ ਆਪਣੇ ਪਰਿਵਾਰ ਨਾਲ ਚਰਚਾ ਕੀਤੀ ਕਿ ਜੇ 2 ਤਿਮੋਥਿਉਸ 3:1-5 ਵਿਚ ਨਵੀਂ ਦੁਨੀਆਂ ਬਾਰੇ ਦੱਸਿਆ ਗਿਆ ਹੁੰਦਾ, ਤਾਂ ਸ਼ਾਇਦ ਉਸ ਵਿਚ ਇਹ ਲਿਖਿਆ ਹੁੰਦਾ: “ਨਵੀਂ ਦੁਨੀਆਂ ਵਿਚ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ। ਕਿਉਂਕਿ ਉਸ ਵੇਲੇ ਲੋਕ ਦੂਜਿਆਂ ਨੂੰ ਪਿਆਰ ਕਰਨ ਵਾਲੇ, ਸੱਚਾਈ ਨਾਲ ਪਿਆਰ ਕਰਨ ਵਾਲੇ, ਅਧੀਨ, ਨਿਮਰ, ਪਰਮੇਸ਼ੁਰ ਦੀ ਤਾਰੀਫ਼ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਮੰਨਣ ਵਾਲੇ, ਸ਼ੁਕਰ ਕਰਨ ਵਾਲੇ, ਵਫ਼ਾਦਾਰ, ਪਰਿਵਾਰ ਨਾਲ ਮੋਹ ਕਰਨ ਵਾਲੇ, ਹਰ ਗੱਲ ʼਤੇ ਰਾਜ਼ੀ ਹੋਣ ਵਾਲੇ, ਹਮੇਸ਼ਾ ਦੂਜਿਆਂ ਦੀ ਤਾਰੀਫ਼ ਕਰਨ ਵਾਲੇ, ਸੰਜਮੀ, ਨਰਮ, ਭਲਾਈ ਨਾਲ ਪਿਆਰ ਕਰਨ ਵਾਲੇ, ਭਰੋਸੇਮੰਦ, ਢਲ਼ਣ ਵਾਲੇ ਅਤੇ ਹਲੀਮ ਹੋਣਗੇ। ਉਹ ਮੌਜ-ਮਸਤੀ ਨਾਲ ਪਿਆਰ ਕਰਨ ਦੀ ਬਜਾਇ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੇ ਹੋਣਗੇ ਅਤੇ ਦਿਲੋਂ ਉਸ ਦੀ ਭਗਤੀ ਕਰਨਗੇ। ਇਨ੍ਹਾਂ ਲੋਕਾਂ ਵਿਚ ਰਹਿ।” ਕੀ ਤੁਸੀਂ ਆਪਣੇ ਘਰਦਿਆਂ ਜਾਂ ਭੈਣਾਂ-ਭਰਾਵਾਂ ਨਾਲ ਇਸ ਬਾਰੇ ਚਰਚਾ ਕਰਦੇ ਹੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

15. ਭਾਵੇਂ ਕਿ ਤਾਨਿਆ ਨੂੰ ਡਰ ਲੱਗਾ, ਪਰ ਕਿਹੜੀ ਗੱਲ ਨੇ ਡਰ ʼਤੇ ਕਾਬੂ ਪਾਉਣ ਵਿਚ ਉਸ ਦੀ ਮਦਦ ਕੀਤੀ?

15 ਜ਼ਰਾ ਉੱਤਰੀ ਮੈਸੋਡੋਨੀਆ ਵਿਚ ਰਹਿਣ ਵਾਲੀ ਭੈਣ ਤਾਨਿਆ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਭੈਣ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਉਸ ਦੇ ਮੰਮੀ-ਡੈਡੀ ਨੇ ਉਸ ਦਾ ਬਹੁਤ ਵਿਰੋਧ ਕੀਤਾ। ਪਰ ਫਿਰ ਭੈਣ ਨੇ ਇਸ ਬਾਰੇ ਸੋਚਿਆ ਕਿ ਯਹੋਵਾਹ ਭਵਿੱਖ ਵਿਚ ਉਸ ਲਈ ਕੀ ਕਰੇਗਾ, ਇਸ ਤਰ੍ਹਾਂ ਉਹ ਆਪਣੇ ਡਰ ʼਤੇ ਕਾਬੂ ਪਾ ਸਕੀ। ਭੈਣ ਦੱਸਦੀ ਹੈ: “ਮੈਨੂੰ ਜਿਸ ਗੱਲ ਦਾ ਡਰ ਸੀ, ਉਹੀ ਹੋਇਆ। ਹਰ ਸਭਾ ਤੋਂ ਬਾਅਦ ਮੇਰੇ ਮੰਮੀ ਮੈਨੂੰ ਕੁੱਟਦੇ ਹੁੰਦੇ ਸੀ। ਮੰਮੀ-ਡੈਡੀ ਨੇ ਮੈਨੂੰ ਧਮਕੀ ਵੀ ਦਿੱਤੀ ਕਿ ਜੇ ਮੈਂ ਯਹੋਵਾਹ ਦੀ ਗਵਾਹ ਬਣੀ, ਤਾਂ ਉਹ ਮੈਨੂੰ ਜਾਨੋਂ ਮਾਰ ਦੇਣਗੇ।” ਫਿਰ ਇਕ ਦਿਨ ਉਨ੍ਹਾਂ ਨੇ ਭੈਣ ਤਾਨਿਆ ਨੂੰ ਘਰੋਂ ਕੱਢ ਦਿੱਤਾ। ਭੈਣ ਨੇ ਕੀ ਕੀਤਾ? ਉਹ ਦੱਸਦੀ ਹੈ: “ਮੈਂ ਇਸ ਗੱਲ ʼਤੇ ਧਿਆਨ ਦਿੱਤਾ ਕਿ ਵਫ਼ਾਦਾਰ ਰਹਿਣ ਕਰਕੇ ਮੈਨੂੰ ਜ਼ਿੰਦਗੀ ਭਰ ਕਿੰਨੀਆਂ ਖ਼ੁਸ਼ੀਆਂ ਮਿਲਣਗੀਆਂ। ਮੈਂ ਇਹ ਵੀ ਸੋਚਿਆ ਕਿ ਅੱਜ ਮੈਨੂੰ ਚਾਹੇ ਜਿਹੜੀ ਮਰਜ਼ੀ ਕੁਰਬਾਨੀ ਕਰਨੀ ਪਵੇ, ਯਹੋਵਾਹ ਮੈਨੂੰ ਨਵੀਂ ਦੁਨੀਆਂ ਵਿਚ ਉਸ ਤੋਂ ਕਿਤੇ ਵੱਧ ਕੇ ਇਨਾਮ ਦੇਵੇਗਾ ਅਤੇ ਫਿਰ ਉਦੋਂ ਮੈਨੂੰ ਕੋਈ ਵੀ ਕੌੜੀ ਯਾਦ ਨਹੀਂ ਸਤਾਏਗੀ।” ਭੈਣ ਤਾਨਿਆ ਯਹੋਵਾਹ ਦੀ ਵਫ਼ਾਦਾਰ ਰਹੀ ਤੇ ਉਸ ਦੀ ਮਦਦ ਨਾਲ ਉਸ ਨੂੰ ਰਹਿਣ ਦੀ ਜਗ੍ਹਾ ਵੀ ਮਿਲ ਗਈ। ਭੈਣ ਦਾ ਵਿਆਹ ਇਕ ਚੰਗੇ ਅਤੇ ਵਫ਼ਾਦਾਰ ਭਰਾ ਨਾਲ ਹੋਇਆ ਅਤੇ ਅੱਜ ਉਹ ਦੋਵੇਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ।

ਅੱਜ ਹੀ ਆਪਣਾ ਭਰੋਸਾ ਮਜ਼ਬੂਤ ਕਰੋ

16. ਜਦੋਂ ਅਸੀਂ ਲੂਕਾ 21:26-28 ਵਿਚ ਦੱਸੀਆਂ ਘਟਨਾਵਾਂ ਪੂਰੀਆਂ ਹੁੰਦੀਆਂ ਦੇਖਾਂਗੇ, ਤਾਂ ਦਲੇਰ ਬਣੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

16 ਮਹਾਂਕਸ਼ਟ ਦੌਰਾਨ ‘ਲੋਕ ਡਰ ਨਾਲ ਚਕਰਾ ਜਾਣਗੇ।’ ਪਰ ਪਰਮੇਸ਼ੁਰ ਦੇ ਲੋਕ ਡਰਨਗੇ ਨਹੀਂ, ਸਗੋਂ ਉਹ ਦਲੇਰੀ ਨਾਲ ਡਟੇ ਰਹਿਣਗੇ। (ਲੂਕਾ 21:26-28 ਪੜ੍ਹੋ।) ਪਰ ਅਸੀਂ ਕਿਉਂ ਨਹੀਂ ਡਰਾਂਗੇ? ਕਿਉਂਕਿ ਅਸੀਂ ਪਹਿਲਾਂ ਤੋਂ ਹੀ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖ ਲਿਆ ਹੋਵੇਗਾ। ਤਾਨਿਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ ਕਿ ਬੀਤੇ ਸਮੇਂ ਵਿਚ ਉਸ ਨੇ ਜਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਉਨ੍ਹਾਂ ਕਰਕੇ ਉਸ ਲਈ ਹੋਰ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸੌਖਾ ਹੋ ਗਿਆ ਹੈ। ਉਹ ਕਹਿੰਦੀ ਹੈ: “ਮੈਂ ਸਿੱਖਿਆ ਕਿ ਯਹੋਵਾਹ ਬੁਰੇ ਤੋਂ ਬੁਰੇ ਹਾਲਾਤਾਂ ਵਿਚ ਵੀ ਮੇਰੀ ਮਦਦ ਕਰ ਸਕਦਾ ਹੈ ਤੇ ਮੈਨੂੰ ਬਰਕਤ ਦੇ ਸਕਦਾ ਹੈ। ਕਦੇ-ਕਦੇ ਸ਼ਾਇਦ ਸਾਨੂੰ ਲੱਗੇ ਕਿ ਲੋਕ ਸਾਡੇ ਨਾਲ ਕੁਝ ਵੀ ਕਰ ਸਕਦੇ ਹਨ। ਪਰ ਸੱਚ ਤਾਂ ਇਹ ਹੈ ਕਿ ਯਹੋਵਾਹ ਉਨ੍ਹਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ। ਭਾਵੇਂ ਸਾਡੀ ਮੁਸ਼ਕਲ ਕਿੰਨੀ ਹੀ ਵੱਡੀ ਕਿਉਂ ਨਾ ਹੋਵੇ, ਇਹ ਇਕ ਦਿਨ ਜ਼ਰੂਰ ਖ਼ਤਮ ਹੋ ਜਾਵੇਗੀ।”

17. ਸਾਲ 2024 ਦੇ ਬਾਈਬਲ ਦੇ ਹਵਾਲੇ ਤੋਂ ਸਾਡੀ ਕਿਵੇਂ ਮਦਦ ਹੋਵੇਗੀ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

17 ਸਾਨੂੰ ਸਾਰਿਆਂ ਨੂੰ ਡਰ ਲੱਗਦਾ ਹੈ। ਪਰ ਦਾਊਦ ਵਾਂਗ ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ। ਦਾਊਦ ਨੇ ਇਕ ਵਾਰ ਪ੍ਰਾਰਥਨਾ ਕੀਤੀ ਸੀ ਕਿ “ਜਦ ਮੈਨੂੰ ਡਰ ਲੱਗਦਾ ਹੈ, ਤਾਂ ਮੈਂ ਤੇਰੇ ʼਤੇ ਭਰੋਸਾ ਰੱਖਦਾ ਹਾਂ।” ਉਸ ਦੀ ਇਹੀ ਪ੍ਰਾਰਥਨਾ ਸਾਲ 2024 ਦਾ ਸਾਡਾ ਬਾਈਬਲ ਦਾ ਹਵਾਲਾ ਹੈ। (ਜ਼ਬੂ. 56:3) ਇਕ ਬਾਈਬਲ ਵਿਦਵਾਨ ਨੇ ਇਸ ਆਇਤ ਬਾਰੇ ਆਪਣੀ ਇਕ ਕਿਤਾਬ ਵਿਚ ਲਿਖਿਆ ਕਿ ਦਾਊਦ “ਉਨ੍ਹਾਂ ਗੱਲਾਂ ਬਾਰੇ ਸੋਚਦਾ ਹੀ ਨਹੀਂ ਰਿਹਾ ਜਿਨ੍ਹਾਂ ਕਰਕੇ ਉਹ ਡਰ ਜਾਵੇ ਅਤੇ ਨਾ ਹੀ ਉਸ ਨੇ ਆਪਣਾ ਧਿਆਨ ਮੁਸ਼ਕਲਾਂ ʼਤੇ ਲਾਈ ਰੱਖਿਆ, ਸਗੋਂ ਉਸ ਨੇ ਆਪਣੀ ਨਜ਼ਰ ਆਪਣੇ ਛੁਡਾਉਣ ਵਾਲੇ ʼਤੇ ਰੱਖੀ।” ਸੋ ਆਉਣ ਵਾਲੇ ਮਹੀਨਿਆਂ ਵਿਚ ਇਸ ਬਾਈਬਲ ਹਵਾਲੇ ਬਾਰੇ ਸੋਚਿਓ, ਖ਼ਾਸ ਕਰਕੇ ਉਦੋਂ ਜਦੋਂ ਤੁਹਾਨੂੰ ਬਹੁਤ ਡਰ ਲੱਗ ਰਿਹਾ ਹੋਵੇ। ਥੋੜ੍ਹਾ ਸਮਾਂ ਕੱਢ ਕੇ ਇਸ ਬਾਰੇ ਵੀ ਸੋਚਿਓ ਕਿ ਯਹੋਵਾਹ ਨੇ ਹੁਣ ਤਕ ਕੀ-ਕੀ ਕੀਤਾ ਹੈ, ਉਹ ਅੱਜ ਕੀ ਕਰ ਰਿਹਾ ਹੈ ਅਤੇ ਅੱਗੇ ਚੱਲ ਕੇ ਕੀ ਕਰੇਗਾ। ਫਿਰ ਦਾਊਦ ਵਾਂਗ ਤੁਸੀਂ ਵੀ ਕਹਿ ਸਕੋਗੇ: “ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ।”​—ਜ਼ਬੂ. 56:4.

ਇਕ ਕੁਦਰਤੀ ਆਫ਼ਤ ਆਈ ਹੈ ਅਤੇ ਇਕ ਭੈਣ ਬਾਈਬਲ ਦੇ ਸਾਲਾਨਾ ਹਵਾਲੇ ਬਾਰੇ ਸੋਚਦੀ ਹੈ (ਪੈਰਾ 17 ਦੇਖੋ)

ਇਸ ਬਾਰੇ ਸੋਚਣ ਨਾਲ ਤੁਸੀਂ ਆਪਣੇ ਡਰ ʼਤੇ ਕਿਵੇਂ ਕਾਬੂ ਪਾ ਸਕਦੇ ਹੋ:

  • ਯਹੋਵਾਹ ਨੇ ਹੁਣ ਤਕ ਕੀ ਕੀਤਾ ਹੈ?

  • ਯਹੋਵਾਹ ਹੁਣ ਕੀ ਕਰ ਰਿਹਾ ਹੈ?

  • ਯਹੋਵਾਹ ਅੱਗੇ ਕੀ ਕਰੇਗਾ?

ਗੀਤ 33 ਆਪਣਾ ਬੋਝ ਯਹੋਵਾਹ ʼਤੇ ਸੁੱਟੋ

a ਜੇ ਤੁਸੀਂ jw.org/pa ʼਤੇ ਲੱਭੋ ਬਾਕਸ ਵਿਚ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਜਾਂ “ਤਜਰਬੇ” ਟਾਈਪ ਕਰੋ, ਤਾਂ ਤੁਹਾਨੂੰ ਇੱਦਾਂ ਦੀ ਬਹੁਤ ਸਾਰੀ ਜਾਣਕਾਰੀ ਮਿਲੇਗੀ ਜਿਸ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਤੁਸੀਂ JW ਲਾਇਬ੍ਰੇਰੀ ਵਿਚ “ਲੜੀਵਾਰ ਲੇਖ” ਭਾਗ ਹੇਠਾਂ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਜਾਂ “ਯਹੋਵਾਹ ਦੇ ਗਵਾਹਾਂ ਦੀਆਂ ਜੀਵਨੀਆਂ” ਪੜ੍ਹ ਸਕਦੇ ਹੋ।

b ਕੁਝ ਨਾਂ ਬਦਲੇ ਗਏ ਹਨ।

d ਤਸਵੀਰ ਬਾਰੇ ਜਾਣਕਾਰੀ: ਦਾਊਦ ਨੇ ਇਸ ਬਾਰੇ ਸੋਚਿਆ ਕਿ ਯਹੋਵਾਹ ਨੇ ਉਸ ਨੂੰ ਰਿੱਛ ਨੂੰ ਮਾਰਨ ਦੀ ਤਾਕਤ ਦਿੱਤੀ ਸੀ, ਹੁਣ ਅਹੀਮਲਕ ਰਾਹੀਂ ਉਸ ਦੀ ਮਦਦ ਕਰ ਰਿਹਾ ਹੈ ਅਤੇ ਅੱਗੇ ਚੱਲ ਕੇ ਉਸ ਨੂੰ ਰਾਜਾ ਬਣਾਵੇਗਾ।

e ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਆਪਣੀ ਨਿਹਚਾ ਕਰਕੇ ਜੇਲ੍ਹ ਵਿਚ ਕੈਦ ਹੈ। ਉਹ ਸੋਚਦਾ ਹੈ ਕਿ ਯਹੋਵਾਹ ਨੇ ਸਿਗਰਟ ਦੀ ਲਤ ਛੱਡਣ ਵਿਚ ਉਸ ਦੀ ਕਿਵੇਂ ਮਦਦ ਕੀਤੀ ਸੀ, ਯਹੋਵਾਹ ਅੱਜ ਉਸ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਦੀਆਂ ਚਿੱਠੀਆਂ ਦੇ ਜ਼ਰੀਏ ਉਸ ਦਾ ਹੌਸਲਾ ਵਧਾ ਰਿਹਾ ਹੈ ਅਤੇ ਅੱਗੇ ਚੱਲ ਕੇ ਨਵੀਂ ਦੁਨੀਆਂ ਵਿਚ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।