Skip to content

Skip to table of contents

ਅਧਿਐਨ ਲੇਖ 5

ਗੀਤ 27 ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਹੋਵੇਗੀ

‘ਮੈਂ ਤੈਨੂੰ ਕਦੀ ਵੀ ਨਹੀਂ ਤਿਆਗਾਂਗਾ!’

‘ਮੈਂ ਤੈਨੂੰ ਕਦੀ ਵੀ ਨਹੀਂ ਤਿਆਗਾਂਗਾ!’

“ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’” ​—ਇਬ. 13:5ਅ.

ਕੀ ਸਿੱਖਾਂਗੇ?

ਜਦੋਂ ਚੁਣੇ ਹੋਏ ਸਾਰੇ ਮਸੀਹੀ ਸਵਰਗ ਜਾ ਚੁੱਕੇ ਹੋਣਗੇ, ਤਾਂ ਧਰਤੀ ʼਤੇ ਰਹਿਣ ਵਾਲੇ ਪਰਮੇਸ਼ੁਰ ਦੇ ਸੇਵਕ ਇਹ ਯਕੀਨ ਰੱਖ ਸਕਦੇ ਹਨ ਕਿ ਉਦੋਂ ਵੀ ਪਰਮੇਸ਼ੁਰ ਉਨ੍ਹਾਂ ਨੂੰ ਇਕੱਲਾ ਨਹੀਂ ਛੱਡੇਗਾ।

1. ਸਾਰੇ ਚੁਣੇ ਹੋਏ ਮਸੀਹੀ ਕਦੋਂ ਤਕ ਸਵਰਗ ਜਾ ਚੁੱਕੇ ਹੋਣਗੇ?

 ਸਾਲਾਂ ਪਹਿਲਾਂ ਯਹੋਵਾਹ ਦੇ ਲੋਕਾਂ ਦੇ ਮਨ ਵਿਚ ਇਹ ਸਵਾਲ ਆਉਂਦਾ ਸੀ, ‘ਬਚੇ ਹੋਏ ਚੁਣੇ ਹੋਏ ਮਸੀਹੀ ਕਦੋਂ ਸਵਰਗ ਜਾਣਗੇ?’ ਇਕ ਸਮਾਂ ਸੀ ਜਦੋਂ ਅਸੀਂ ਮੰਨਦੇ ਸੀ ਕਿ ਕੁਝ ਚੁਣੇ ਹੋਏ ਮਸੀਹੀ ਆਰਮਾਗੇਡਨ ਤੋਂ ਬਾਅਦ ਕੁਝ ਸਮੇਂ ਲਈ ਨਵੀਂ ਦੁਨੀਆਂ ਵਿਚ ਰਹਿਣਗੇ। ਪਰ 15 ਜੁਲਾਈ 2013 ਦੇ ਪਹਿਰਾਬੁਰਜ ਵਿਚ ਇਹ ਦੱਸਿਆ ਗਿਆ ਸੀ ਕਿ ਆਰਮਾਗੇਡਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਚੁਣੇ ਹੋਏ ਮਸੀਹੀ ਸਵਰਗ ਜਾ ਚੁੱਕੇ ਹੋਣਗੇ।​—ਮੱਤੀ 24:31.

2. ਕੁਝ ਲੋਕਾਂ ਦੇ ਮਨ ਵਿਚ ਸ਼ਾਇਦ ਕਿਹੜਾ ਸਵਾਲ ਆਵੇ ਅਤੇ ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?

2 ਪਰ ਸ਼ਾਇਦ ਕੁਝ ਲੋਕਾਂ ਦੇ ਮਨ ਵਿਚ ਇਹ ਸਵਾਲ ਆਵੇ: ਮਸੀਹ ਦੀਆਂ “ਹੋਰ ਭੇਡਾਂ” ਦਾ ਕੀ ਬਣੇਗਾ ਜੋ “ਮਹਾਂਕਸ਼ਟ” ਦੌਰਾਨ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੀਆਂ ਹੋਣਗੀਆਂ? (ਯੂਹੰ. 10:16; ਮੱਤੀ 24:21) ਅੱਜ ਸ਼ਾਇਦ ਕੁਝ ਜਣਿਆਂ ਨੂੰ ਇਹ ਚਿੰਤਾ ਹੋਵੇ ਕਿ ਜਦੋਂ ਸਾਰੇ ਚੁਣੇ ਹੋਏ ਭੈਣ-ਭਰਾ ਸਵਰਗ ਜਾ ਚੁੱਕੇ ਹੋਣਗੇ, ਤਾਂ ਹੋਰ ਭੇਡਾਂ ਦੇ ਲੋਕ ਇਕੱਲੇ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਰਾਹ ਦਿਖਾਉਣ ਵਾਲਾ ਕੋਈ ਨਹੀਂ ਹੋਵੇਗਾ। ਆਓ ਅਸੀਂ ਪਹਿਲਾਂ ਬਾਈਬਲ ਦੇ ਦੋ ਬਿਰਤਾਂਤਾਂ ʼਤੇ ਗੌਰ ਕਰੀਏ ਜਿਨ੍ਹਾਂ ਕਰਕੇ ਸ਼ਾਇਦ ਭੈਣ-ਭਰਾ ਇੱਦਾਂ ਸੋਚਣ। ਫਿਰ ਅਸੀਂ ਕੁਝ ਕਾਰਨਾਂ ʼਤੇ ਗੌਰ ਕਰਾਂਗੇ ਕਿ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਕਿਉਂ ਨਹੀਂ ਹੈ।

ਕੀ ਨਹੀਂ ਹੋਵੇਗਾ?

3-4. ਕੁਝ ਭੈਣ-ਭਰਾ ਸ਼ਾਇਦ ਕੀ ਸੋਚਣ ਅਤੇ ਕਿਉਂ?

3 ਸ਼ਾਇਦ ਕੁਝ ਲੋਕ ਸੋਚਣ ਕਿ ਜਦੋਂ ਪ੍ਰਬੰਧਕ ਸਭਾ ਦੇ ਭਰਾ ਧਰਤੀ ʼਤੇ ਉਨ੍ਹਾਂ ਨਾਲ ਨਹੀਂ ਹੋਣਗੇ, ਤਾਂ ਹੋਰ ਭੇਡਾਂ ਕਿਤੇ ਸੱਚਾਈ ਦੇ ਰਾਹ ਤੋਂ ਭਟਕ ਤਾਂ ਨਹੀਂ ਜਾਣਗੀਆਂ। ਸ਼ਾਇਦ ਬਾਈਬਲ ਦੇ ਕੁਝ ਬਿਰਤਾਂਤ ਪੜ੍ਹ ਕੇ ਉਨ੍ਹਾਂ ਦੇ ਮਨ ਵਿਚ ਇਹ ਖ਼ਿਆਲ ਆਵੇ। ਆਓ ਇੱਦਾਂ ਦੇ ਹੀ ਦੋ ਬਿਰਤਾਂਤਾਂ ʼਤੇ ਗੌਰ ਕਰੀਏ। ਇਕ ਬਿਰਤਾਂਤ ਉਸ ਵੇਲੇ ਦਾ ਹੈ ਜਦੋਂ ਯਹੋਯਾਦਾ ਮਹਾਂ ਪੁਜਾਰੀ ਸੀ। ਉਹ ਯਹੋਵਾਹ ਦਾ ਇਕ ਵਫ਼ਾਦਾਰ ਸੇਵਕ ਸੀ। ਉਸ ਨੇ ਅਤੇ ਉਸ ਦੀ ਪਤਨੀ ਯਹੋਸ਼ਬਥ ਨੇ ਛੋਟੇ ਮੁੰਡੇ ਯਹੋਆਸ਼ ਦੀ ਜਾਨ ਬਚਾਈ ਸੀ। ਉਨ੍ਹਾਂ ਨੇ ਉਸ ਨੂੰ ਸਹੀ ਰਾਹ ʼਤੇ ਚੱਲਣਾ ਸਿਖਾਇਆ। ਇਸ ਲਈ ਉਹ ਇਕ ਚੰਗਾ ਰਾਜਾ ਬਣਿਆ। ਪਰ ਯਹੋਆਸ਼ ਸਿਰਫ਼ ਉਦੋਂ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ ਅਤੇ ਸਹੀ ਕੰਮ ਕਰਦਾ ਰਿਹਾ ਜਦ ਤਕ ਮਹਾਂ ਪੁਜਾਰੀ ਯਹੋਯਾਦਾ ਜੀਉਂਦਾ ਸੀ। ਯਹੋਯਾਦਾ ਦੀ ਮੌਤ ਤੋਂ ਬਾਅਦ ਉਹ ਯਹੂਦਾਹ ਦੇ ਦੁਸ਼ਟ ਹਾਕਮਾਂ ਦੀ ਸੁਣਨ ਲੱਗ ਪਿਆ ਅਤੇ ਉਸ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ।​—2 ਇਤਿ. 24:2, 15-19.

4 ਦੂਜਾ ਬਿਰਤਾਂਤ ਦੂਜੀ ਸਦੀ (100 ਈਸਵੀ ਤੋਂ ਬਾਅਦ ਦੇ ਮਸੀਹੀਆਂ) ਦਾ ਹੈ। ਜਦੋਂ ਤਕ ਤਾਂ ਯਿਸੂ ਦੇ ਰਸੂਲ ਜੀਉਂਦੇ ਸਨ, ਉਨ੍ਹਾਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮਸੀਹੀਆਂ ਦੀ ਬਹੁਤ ਮਦਦ ਕੀਤੀ। ਯੂਹੰਨਾ ਨੇ ਵੀ ਇੱਦਾਂ ਹੀ ਕੀਤਾ ਜੋ ਕਿ ਆਖ਼ਰੀ ਰਸੂਲ ਸੀ। (3 ਯੂਹੰ. 4) ਉਸ ਵੇਲੇ ਕੁਝ ਜਣੇ ਮੰਡਲੀਆਂ ਵਿਚ ਝੂਠੀਆਂ ਸਿੱਖਿਆਵਾਂ ਫੈਲਾ ਰਹੇ ਸਨ। ਮਸੀਹੀਆਂ ਨੂੰ ਉਨ੍ਹਾਂ ਤੋਂ ਬਚਾਉਣ ਲਈ ਬਾਕੀ ਰਸੂਲਾਂ ਵਾਂਗ ਯੂਹੰਨਾ ਨੇ ਵੀ ਬਹੁਤ ਮਿਹਨਤ ਕੀਤੀ। ਇਕ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ। (1 ਯੂਹੰ. 2:18; 2 ਥੱਸ. 2:7) ਪਰ ਯੂਹੰਨਾ ਦੀ ਮੌਤ ਤੋਂ ਬਾਅਦ ਝੂਠੀਆਂ ਸਿੱਖਿਆਵਾਂ ਮੰਡਲੀਆਂ ਵਿਚ ਅੱਗ ਵਾਂਗ ਫੈਲਣ ਲੱਗ ਪਈਆਂ। ਕੁਝ ਹੀ ਸਾਲਾਂ ਵਿਚ ਮੰਡਲੀਆਂ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਗਈਆਂ।

5. ਬਾਈਬਲ ਦੇ ਇਹ ਦੋ ਬਿਰਤਾਂਤ ਪੜ੍ਹ ਕੇ ਸਾਨੂੰ ਕਿਸ ਸਿੱਟੇ ʼਤੇ ਨਹੀਂ ਪਹੁੰਚਣਾ ਚਾਹੀਦਾ?

5 ਕੀ ਇਨ੍ਹਾਂ ਦੋ ਬਿਰਤਾਂਤਾਂ ਦਾ ਇਹ ਮਤਲਬ ਹੈ ਕਿ ਜਦੋਂ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਤਾਂ ਯਿਸੂ ਦੀਆਂ ਹੋਰ ਭੇਡਾਂ ਨਾਲ ਵੀ ਇੱਦਾਂ ਦਾ ਹੀ ਕੁਝ ਹੋਵੇਗਾ? ਕੀ ਉਸ ਵੇਲੇ ਵਫ਼ਾਦਾਰ ਮਸੀਹੀ ਯਹੋਆਸ਼ ਵਾਂਗ ਸਹੀ ਰਾਹ ਤੋਂ ਭਟਕ ਜਾਣਗੇ ਜਾਂ ਦੂਜੀ ਸਦੀ ਦੇ ਮਸੀਹੀਆਂ ਵਾਂਗ ਧਰਮ-ਤਿਆਗੀ ਬਣ ਜਾਣਗੇ? ਜੀ ਨਹੀਂ। ਇੱਦਾਂ ਬਿਲਕੁਲ ਨਹੀਂ ਹੋਵੇਗਾ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਚੁਣੇ ਹੋਏ ਮਸੀਹੀਆਂ ਦੇ ਸਵਰਗ ਜਾਣ ਤੋਂ ਬਾਅਦ ਹੋਰ ਭੇਡਾਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀਆਂ ਰਹਿਣਗੀਆਂ ਅਤੇ ਯਹੋਵਾਹ ਉਨ੍ਹਾਂ ਦਾ ਖ਼ਿਆਲ ਰੱਖੇਗਾ। ਪਰ ਅਸੀਂ ਇਸ ਗੱਲ ʼਤੇ ਕਿਉਂ ਯਕੀਨ ਰੱਖ ਸਕਦੇ ਹਾਂ?

ਸ਼ੁੱਧ ਭਗਤੀ ਭ੍ਰਿਸ਼ਟ ਨਹੀਂ ਹੋਵੇਗੀ

6. ਅਸੀਂ ਕਿਹੜੇ ਤਿੰਨ ਸਮਿਆਂ ʼਤੇ ਗੌਰ ਕਰਾਂਗੇ?

6 ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਅੱਗੇ ਚੱਲ ਕੇ ਮੁਸ਼ਕਲ ਸਮਿਆਂ ਵਿਚ ਵੀ ਸ਼ੁੱਧ ਭਗਤੀ ਭ੍ਰਿਸ਼ਟ ਨਹੀਂ ਹੋਵੇਗੀ? ਕਿਉਂਕਿ ਅਸੀਂ ਬਾਈਬਲ ਤੋਂ ਸਿੱਖਿਆ ਹੈ ਕਿ ਅਸੀਂ ਇਕ ਖ਼ਾਸ ਦੌਰ ਵਿਚ ਜੀ ਰਹੇ ਹਾਂ। ਇਹ ਦੌਰ ਇਜ਼ਰਾਈਲੀਆਂ ਅਤੇ ਦੂਜੀ ਸਦੀ ਦੇ ਮਸੀਹੀਆਂ ਦੇ ਸਮੇਂ ਤੋਂ ਬਿਲਕੁਲ ਅਲੱਗ ਹੈ। ਤਾਂ ਫਿਰ ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਸਮਿਆਂ ʼਤੇ ਗੌਰ ਕਰੀਏ। (1) ਇਜ਼ਰਾਈਲੀਆਂ ਦਾ ਸਮਾਂ, (2) ਰਸੂਲਾਂ ਦੀ ਮੌਤ ਤੋਂ ਬਾਅਦ ਦਾ ਸਮਾਂ ਅਤੇ (3) ਸਾਡਾ ਸਮਾਂ ਯਾਨੀ ‘ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਕਰਨ ਦਾ ਸਮਾਂ।’​—ਰਸੂ. 3:21.

7. ਜਦੋਂ ਰਾਜੇ ਅਤੇ ਲੋਕ ਬੁਰੇ ਕੰਮ ਕਰਦੇ ਸਨ, ਉਦੋਂ ਵਫ਼ਾਦਾਰ ਲੋਕ ਕਿਹੜੀ ਗੱਲ ਤੋਂ ਹਿੰਮਤ ਪਾ ਸਕੇ?

7 ਇਜ਼ਰਾਈਲੀਆਂ ਦਾ ਸਮਾਂ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਜ਼ਰੂਰ ਦੁਸ਼ਟ ਕੰਮ ਕਰਨ ਲੱਗ ਪਵੋਗੇ ਅਤੇ ਉਸ ਰਾਹ ʼਤੇ ਚੱਲਣਾ ਛੱਡ ਦਿਓਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਬਿਵ. 31:29) ਮੂਸਾ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਬਗਾਵਤ ਕਰਨਗੇ, ਤਾਂ ਉਹ ਗ਼ੁਲਾਮੀ ਵਿਚ ਚਲੇ ਜਾਣਗੇ। (ਬਿਵ. 28:35, 36) ਇਜ਼ਰਾਈਲੀਆਂ ਨੇ ਇੱਦਾਂ ਹੀ ਕੀਤਾ ਅਤੇ ਮੂਸਾ ਦੀ ਕਹੀ ਗੱਲ ਪੂਰੀ ਹੋਈ। ਆਉਣ ਵਾਲੀਆਂ ਸਦੀਆਂ ਵਿਚ ਬਹੁਤ ਸਾਰੇ ਇੱਦਾਂ ਦੇ ਰਾਜੇ ਹੋਏ ਜਿਨ੍ਹਾਂ ਨੇ ਬਹੁਤ ਬੁਰੇ ਕੰਮ ਕੀਤੇ ਅਤੇ ਉਹ ਲੋਕਾਂ ਨੂੰ ਯਹੋਵਾਹ ਤੋਂ ਦੂਰ ਲੈ ਗਏ। ਇਸੇ ਕਰਕੇ ਯਹੋਵਾਹ ਨੇ ਉਨ੍ਹਾਂ ਦੁਸ਼ਟ ਲੋਕਾਂ ਨੂੰ ਠੁਕਰਾ ਦਿੱਤਾ ਅਤੇ ਧਰਤੀ ʼਤੇ ਰਾਜਿਆਂ ਨੂੰ ਚੁਣਨਾ ਬੰਦ ਕਰ ਦਿੱਤਾ। (ਹਿਜ਼. 21:25-27) ਪਰ ਜਦੋਂ ਵਫ਼ਾਦਾਰ ਇਜ਼ਰਾਈਲੀਆਂ ਨੇ ਦੇਖਿਆ ਕਿ ਕਿਵੇਂ ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੋਈ, ਤਾਂ ਉਨ੍ਹਾਂ ਨੂੰ ਹਿੰਮਤ ਮਿਲੀ ਅਤੇ ਉਹ ਸੱਚਾਈ ਦੇ ਰਾਹ ʼਤੇ ਚੱਲਦੇ ਰਹੇ।​—ਯਸਾ. 55:10, 11.

8. ਕੀ ਸਾਨੂੰ ਇਹ ਜਾਣ ਕੇ ਹੈਰਾਨ ਹੋਣਾ ਚਾਹੀਦਾ ਹੈ ਕਿ ਦੂਜੀ ਸਦੀ ਦੀਆਂ ਮਸੀਹੀ ਮੰਡਲੀਆਂ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀਆਂ ਸਨ? ਸਮਝਾਓ।

8 ਰਸੂਲਾਂ ਦੀ ਮੌਤ ਤੋਂ ਬਾਅਦ ਦਾ ਸਮਾਂ। ਦੂਜੀ ਸਦੀ ਦੀਆਂ ਮਸੀਹੀ ਮੰਡਲੀਆਂ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀਆਂ ਸਨ। ਕੀ ਇਹ ਜਾਣ ਕੇ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ? ਬਿਲਕੁਲ ਨਹੀਂ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਧਰਮ-ਤਿਆਗੀ ਬਣ ਜਾਣਗੇ। (ਮੱਤੀ 7:21-23; 13:24-30, 36-43) ਯਿਸੂ ਦੀ ਇਹ ਭਵਿੱਖਬਾਣੀ ਪਹਿਲੀ ਸਦੀ ਵਿਚ ਹੀ ਪੂਰੀ ਹੋਣੀ ਸ਼ੁਰੂ ਹੋ ਗਈ ਸੀ। ਪੌਲੁਸ, ਪਤਰਸ ਤੇ ਯੂਹੰਨਾ ਰਸੂਲ ਨੇ ਵੀ ਇਸ ਬਾਰੇ ਲਿਖਿਆ। (2 ਥੱਸ. 2:3, 7; 2 ਪਤ. 2:1; 1 ਯੂਹੰ. 2:18) ਦੂਜੀ ਸਦੀ ਵਿਚ ਮਸੀਹੀ ਮੰਡਲੀਆਂ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਗਈਆਂ ਸਨ। ਇਸ ਤਰ੍ਹਾਂ ਝੂਠੇ ਮਸੀਹੀ ਧਰਮ ਦੀ ਸ਼ੁਰੂਆਤ ਹੋਈ ਜੋ ਮਹਾਂ ਬਾਬਲ ਦਾ ਇਕ ਵੱਡਾ ਹਿੱਸਾ ਹੈ। ਯਿਸੂ ਨੇ ਜਿੱਦਾਂ ਕਿਹਾ ਸੀ, ਬਿਲਕੁਲ ਉੱਦਾਂ ਹੀ ਹੋਇਆ।

9. ਸਾਡਾ ਸਮਾਂ ਪੁਰਾਣੇ ਇਜ਼ਰਾਈਲੀਆਂ ਅਤੇ ਦੂਜੀ ਸਦੀ ਦੇ ਮਸੀਹੀਆਂ ਦੇ ਸਮੇਂ ਤੋਂ ਅਲੱਗ ਕਿੱਦਾਂ ਹੈ?

9 ‘ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਕਰਨ ਦਾ ਸਮਾਂ।’ ਅਸੀਂ ਜਿਸ ਸਮੇਂ ਵਿਚ ਰਹਿ ਰਹੇ ਹਾਂ, ਉਹ ਨਾ ਤਾਂ ਪੁਰਾਣੇ ਇਜ਼ਰਾਈਲ ਦੇ ਸਮੇਂ ਵਰਗਾ ਹੈ ਤੇ ਨਾ ਹੀ ਦੂਜੀ ਸਦੀ ਦੇ ਸਮੇਂ ਵਰਗਾ ਜਿਸ ਵਿਚ ਬਹੁਤ ਸਾਰੇ ਮਸੀਹੀ ਧਰਮ-ਤਿਆਗੀ ਬਣ ਗਏ ਸਨ। ਤਾਂ ਫਿਰ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ? ਆਮ ਤੌਰ ਤੇ ਇਸ ਨੂੰ ਦੁਸ਼ਟ ਦੁਨੀਆਂ ਦੇ ‘ਆਖ਼ਰੀ ਦਿਨ’ ਕਿਹਾ ਗਿਆ ਹੈ। (2 ਤਿਮੋ. 3:1) ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ 1914 ਵਿਚ ਇਕ ਹੋਰ ਖ਼ਾਸ ਸਮੇਂ ਦੀ ਸ਼ੁਰੂਆਤ ਹੋਈ ਜੋ ਕਾਫ਼ੀ ਲੰਬਾ ਹੋਵੇਗਾ। ਇਹ ਦੌਰ ਮਸੀਹ ਦੇ ਹਜ਼ਾਰ ਸਾਲ ਦੇ ਆਖ਼ਰੀ ਸਮੇਂ ਤਕ ਚੱਲੇਗਾ ਜਦੋਂ ਤਕ ਸਾਰੇ ਇਨਸਾਨ ਮੁਕੰਮਲ ਨਹੀਂ ਹੋ ਜਾਂਦੇ ਅਤੇ ਧਰਤੀ ਬਾਗ਼ ਵਰਗੀ ਸੋਹਣੀ ਨਹੀਂ ਬਣ ਜਾਂਦੀ। ਇਸ ਸਮੇਂ ਨੂੰ ‘ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਕਰਨ ਦਾ ਸਮਾਂ’ ਕਿਹਾ ਗਿਆ ਹੈ। (ਰਸੂ. 3:21) ਹੁਣ ਤਕ ਕਿਹੜੀ-ਕਿਹੜੀ ਚੀਜ਼ ਮੁੜ ਬਹਾਲ ਹੋ ਚੁੱਕੀ ਹੈ? 1914 ਵਿਚ ਯਿਸੂ ਨੂੰ ਸਵਰਗ ਵਿਚ ਰਾਜਾ ਬਣਾ ਦਿੱਤਾ ਗਿਆ। ਇਸ ਤਰ੍ਹਾਂ ਫਿਰ ਤੋਂ ਇਕ ਰਾਜਾ ਯਹੋਵਾਹ ਵੱਲੋਂ ਰਾਜ ਕਰਨ ਲੱਗਾ ਜੋ ਵਫ਼ਾਦਾਰ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਹੈ। ਪਰ ਇਕ ਹੋਰ ਚੀਜ਼ ਹੈ ਜੋ ਯਹੋਵਾਹ ਨੇ ਮੁੜ ਬਹਾਲ ਕੀਤੀ, ਉਹ ਹੈ ਸ਼ੁੱਧ ਭਗਤੀ। (ਯਸਾ. 2:2-4; ਹਿਜ਼. 11:17-20) ਕੀ ਸ਼ੁੱਧ ਭਗਤੀ ਦੁਬਾਰਾ ਤੋਂ ਭ੍ਰਿਸ਼ਟ ਹੋ ਜਾਵੇਗੀ?

10. (ੳ) ਸਾਡੇ ਸਮੇਂ ਵਿਚ ਕੀਤੀ ਜਾ ਰਹੀ ਸ਼ੁੱਧ ਭਗਤੀ ਬਾਰੇ ਬਾਈਬਲ ਵਿਚ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ? (ਯਸਾਯਾਹ 54:17) (ਅ) ਇਨ੍ਹਾਂ ਭਵਿੱਖਬਾਣੀਆਂ ਤੋਂ ਸਾਨੂੰ ਕਿਉਂ ਹਿੰਮਤ ਮਿਲਦੀ ਹੈ?

10 ਯਸਾਯਾਹ 54:17 ਪੜ੍ਹੋ। ਜ਼ਰਾ ਇਸ ਭਵਿੱਖਬਾਣੀ ਬਾਰੇ ਸੋਚੋ: “ਤੇਰੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ।” ਯਹੋਵਾਹ ਦੀ ਕਹੀ ਇਹ ਗੱਲ ਅੱਜ ਪੂਰੀ ਹੋ ਰਹੀ ਹੈ। ਇਕ ਹੋਰ ਭਵਿੱਖਬਾਣੀ ਵੀ ਹੈ ਜੋ ਸਾਡੇ ਸਮੇਂ ਵਿਚ ਪੂਰੀ ਹੋ ਰਹੀ ਹੈ: “ਤੇਰੇ ਸਾਰੇ ਪੁੱਤਰ ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਭਰਪੂਰ ਹੋਵੇਗੀ। . . . ਤੈਨੂੰ ਕਿਸੇ ਗੱਲ ਦਾ ਡਰ ਨਹੀਂ ਹੋਵੇਗਾ ਤੇ ਨਾ ਹੀ ਤੂੰ ਖ਼ੌਫ਼ ਖਾਏਂਗੀ ਕਿਉਂਕਿ ਇਹ ਤੇਰੇ ਨੇੜੇ ਵੀ ਨਹੀਂ ਆਵੇਗਾ।” (ਯਸਾ. 54:13, 14) ਅੱਜ ਯਹੋਵਾਹ ਦੇ ਲੋਕ ਦੁਨੀਆਂ ਭਰ ਵਿਚ ਸਿਖਾਉਣ ਦਾ ਜੋ ਕੰਮ ਕਰ ਰਹੇ ਹਨ, ਉਸ ਨੂੰ ‘ਇਸ ਦੁਨੀਆਂ ਦਾ ਈਸ਼ਵਰ’ ਸ਼ੈਤਾਨ ਵੀ ਨਹੀਂ ਰੋਕ ਸਕਦਾ। (2 ਕੁਰਿੰ. 4:4) ਇਕ ਵਾਰ ਫਿਰ ਤੋਂ ਸ਼ੁੱਧ ਭਗਤੀ ਕੀਤੀ ਜਾ ਰਹੀ ਹੈ ਅਤੇ ਇਹ ਫਿਰ ਕਦੀ ਵੀ ਭ੍ਰਿਸ਼ਟ ਨਹੀਂ ਹੋਵੇਗੀ। ਯਹੋਵਾਹ ਦੇ ਲੋਕ ਹਮੇਸ਼ਾ-ਹਮੇਸ਼ਾ ਲਈ ਉਸ ਦੀ ਸ਼ੁੱਧ ਭਗਤੀ ਕਰਦੇ ਰਹਿਣਗੇ। ਸਾਡੇ ਖ਼ਿਲਾਫ਼ ਉੱਠਣ ਵਾਲਾ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ।

ਕੀ ਹੋਵੇਗਾ?

11. ਕਿਹੜੀ ਗੱਲ ਤੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਜਦੋਂ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਤਾਂ ਵੱਡੀ ਭੀੜ ਦੇ ਲੋਕਾਂ ਨੂੰ ਤਿਆਗ ਨਹੀਂ ਦਿੱਤਾ ਜਾਵੇਗਾ?

11 ਜਦੋਂ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਉਦੋਂ ਕੀ ਹੋਵੇਗਾ? ਯਾਦ ਰੱਖੋ ਕਿ ਯਿਸੂ ਸਾਡਾ ਚਰਵਾਹਾ ਹੈ ਅਤੇ ਉਹੀ ਮੰਡਲੀ ਦਾ ਮੁਖੀ ਹੈ। ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ: “ਤੁਹਾਡਾ ‘ਆਗੂ’ ਸਿਰਫ਼ ਮਸੀਹ ਹੈ।” (ਮੱਤੀ 23:10) ਯਿਸੂ ਮਸੀਹ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਉਹ ਹਮੇਸ਼ਾ ਆਪਣੇ ਲੋਕਾਂ ਦਾ ਖ਼ਿਆਲ ਰੱਖੇਗਾ। ਸੋ ਜੇ ਮਸੀਹ ਸਾਨੂੰ ਰਾਹ ਦਿਖਾ ਰਿਹਾ ਹੈ, ਤਾਂ ਫਿਰ ਸਾਨੂੰ ਡਰਨ ਦੀ ਲੋੜ ਹੀ ਨਹੀਂ ਹੈ। ਇਹ ਸੱਚ ਹੈ ਕਿ ਅਸੀਂ ਇਹ ਤਾਂ ਨਹੀਂ ਜਾਣਦੇ ਕਿ ਉਸ ਵੇਲੇ ਮਸੀਹ ਸਾਨੂੰ ਕਿੱਦਾਂ ਰਾਹ ਦਿਖਾਵੇਗਾ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਪੂਰੀ ਕਰੇਗਾ। ਆਓ ਆਪਾਂ ਬਾਈਬਲ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਡਾ ਇਸ ਗੱਲ ਯਕੀਨ ਹੋਰ ਵੀ ਵਧੇਗਾ।

12. (ੳ) ਮੂਸਾ ਦੀ ਮੌਤ ਤੋਂ ਬਾਅਦ ਵੀ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਦਾ ਖ਼ਿਆਲ ਰੱਖਿਆ? (ਅ) ਜਦੋਂ ਏਲੀਯਾਹ ਨੂੰ ਕਿਤੇ ਹੋਰ ਭੇਜ ਦਿੱਤਾ ਗਿਆ, ਉਦੋਂ ਵੀ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਦਾ ਖ਼ਿਆਲ ਰੱਖਿਆ? (ਤਸਵੀਰ ਵੀ ਦੇਖੋ।)

12 ਇਜ਼ਰਾਈਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਹੀ ਮੂਸਾ ਦੀ ਮੌਤ ਹੋ ਗਈ ਸੀ। ਤਾਂ ਫਿਰ ਕੀ ਮੂਸਾ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਕੱਲਾ ਛੱਡ ਦਿੱਤਾ ਸੀ? ਜੀ ਨਹੀਂ। ਜਦੋਂ ਤਕ ਉਹ ਯਹੋਵਾਹ ਦੇ ਵਫ਼ਾਦਾਰ ਰਹੇ, ਉਸ ਨੇ ਉਨ੍ਹਾਂ ਦਾ ਖ਼ਿਆਲ ਰੱਖਿਆ। ਮੂਸਾ ਦੀ ਮੌਤ ਤੋਂ ਪਹਿਲਾਂ ਹੀ ਯਹੋਵਾਹ ਨੇ ਉਸ ਨੂੰ ਕਿਹਾ ਸੀ ਕਿ ਉਹ ਯਹੋਸ਼ੁਆ ਨੂੰ ਇਜ਼ਰਾਈਲੀਆਂ ਦਾ ਆਗੂ ਠਹਿਰਾਏ। ਮੂਸਾ ਯਹੋਸ਼ੁਆ ਨੂੰ ਕਈ ਸਾਲਾਂ ਤੋਂ ਸਿਖਲਾਈ ਦੇ ਰਿਹਾ ਸੀ। (ਕੂਚ 33:11; ਬਿਵ. 34:9) ਇਸ ਤੋਂ ਇਲਾਵਾ, ਇਜ਼ਰਾਈਲ ਵਿਚ ਇੱਦਾਂ ਦੇ ਬਹੁਤ ਸਾਰੇ ਤਜਰਬੇਕਾਰ ਲੋਕ ਸਨ, ਜਿਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਨਿਯੁਕਤ ਕੀਤਾ ਗਿਆ ਸੀ। (ਬਿਵ. 1:15) ਪਰਮੇਸ਼ੁਰ ਨੇ ਆਪਣੇ ਲੋਕਾਂ ਦਾ ਬਹੁਤ ਖ਼ਿਆਲ ਰੱਖਿਆ। ਜ਼ਰਾ ਇਕ ਹੋਰ ਉਦਾਹਰਣ ʼਤੇ ਗੌਰ ਕਰੋ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਏਲੀਯਾਹ ਇਜ਼ਰਾਈਲ ਵਿਚ ਨਬੀ ਵਜੋਂ ਸੇਵਾ ਕਰ ਰਿਹਾ ਸੀ। ਉਸ ਨੇ ਕਈ ਸਾਲਾਂ ਤਕ ਯਹੋਵਾਹ ਦੀ ਭਗਤੀ ਕਰਦੇ ਰਹਿਣ ਵਿਚ ਇਜ਼ਰਾਈਲੀਆਂ ਦੀ ਬਹੁਤ ਮਦਦ ਕੀਤੀ। ਪਰ ਫਿਰ ਯਹੋਵਾਹ ਨੇ ਉਸ ਨੂੰ ਇਕ ਹੋਰ ਕੰਮ ਦਿੱਤਾ। ਯਹੋਵਾਹ ਨੇ ਉਸ ਨੂੰ ਦੱਖਣ ਵੱਲ ਯਹੂਦਾਹ ਵਿਚ ਭੇਜ ਦਿੱਤਾ। (2 ਰਾਜ. 2:1; 2 ਇਤਿ. 21:12) ਤਾਂ ਫਿਰ ਉਸ ਦੇ ਜਾਣ ਤੋਂ ਬਾਅਦ ਇਜ਼ਰਾਈਲ ਦੇ ਦਸ-ਗੋਤੀ ਰਾਜ ਦਾ ਕੀ ਬਣਿਆ? ਕੀ ਉਨ੍ਹਾਂ ਨੂੰ ਰਾਹ ਦਿਖਾਉਣ ਵਾਲਾ ਕੋਈ ਨਹੀਂ ਸੀ? ਦਰਅਸਲ, ਏਲੀਯਾਹ ਕਈ ਸਾਲਾਂ ਤੋਂ ਅਲੀਸ਼ਾ ਨੂੰ ਸਿਖਲਾਈ ਦੇ ਰਿਹਾ ਸੀ। ਇਸ ਤੋਂ ਇਲਾਵਾ, ਉੱਥੇ ‘ਨਬੀਆਂ ਦੇ ਪੁੱਤਰ’ ਵੀ ਸਨ ਜਿਨ੍ਹਾਂ ਨੂੰ ਇਕ ਤਰ੍ਹਾਂ ਦੇ ਸਕੂਲ ਵਿਚ ਸਿਖਲਾਈ ਦਿੱਤੀ ਗਈ ਸੀ। (2 ਰਾਜ. 2:7) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਿਆ। ਉਨ੍ਹਾਂ ਦੀ ਅਗਵਾਈ ਕਰਨ ਲਈ ਹਮੇਸ਼ਾ ਵਫ਼ਾਦਾਰ ਲੋਕ ਹੁੰਦੇ ਸਨ ਜਿਨ੍ਹਾਂ ਨੂੰ ਵਰਤ ਕੇ ਉਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਸੀ। ਇਸ ਤਰ੍ਹਾਂ ਯਹੋਵਾਹ ਆਪਣਾ ਮਕਸਦ ਪੂਰਾ ਕਰਦਾ ਰਿਹਾ ਅਤੇ ਉਸ ਨੇ ਆਪਣੇ ਵਫ਼ਾਦਾਰ ਸੇਵਕਾਂ ਦਾ ਖ਼ਿਆਲ ਰੱਖਿਆ।

ਮੂਸਾ (ਖੱਬੀ ਤਸਵੀਰ) ਅਤੇ ਏਲੀਯਾਹ (ਸੱਜੀ ਤਸਵੀਰ) ਦੋਵਾਂ ਨੇ ਕਿਸੇ-ਨਾ-ਕਿਸੇ ਨੂੰ ਸਿਖਲਾਈ ਦਿੱਤੀ ਜੋ ਉਨ੍ਹਾਂ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਨੂੰ ਸਹੀ ਰਾਹ ਦਿਖਾ ਸਕੇ (ਪੈਰਾ 12 ਦੇਖੋ)


13. ਇਬਰਾਨੀਆਂ 13:5ਅ ਤੋਂ ਸਾਨੂੰ ਕੀ ਯਕੀਨ ਦਿਵਾਇਆ ਗਿਆ ਹੈ? (ਤਸਵੀਰ ਵੀ ਦੇਖੋ।)

13 ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਨੂੰ ਧਿਆਨ ਵਿਚ ਰੱਖਦਿਆਂ ਹੁਣ ਤੁਸੀਂ ਕੀ ਕਹੋਗੇ? ਜਦੋਂ ਬਚੇ ਹੋਏ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਤਾਂ ਕੀ ਹੋਵੇਗਾ? ਇਸ ਬਾਰੇ ਸੋਚ ਕੇ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਬਾਈਬਲ ਵਿਚ ਸਾਨੂੰ ਯਕੀਨ ਦਿਵਾਇਆ ਗਿਆ ਹੈ ਕਿ ਯਹੋਵਾਹ ਧਰਤੀ ʼਤੇ ਰਹਿੰਦੇ ਆਪਣੇ ਲੋਕਾਂ ਨੂੰ ਕਦੇ ਵੀ ਨਹੀਂ ਤਿਆਗੇਗਾ। (ਇਬਰਾਨੀਆਂ 13:5ਅ ਪੜ੍ਹੋ।) ਮੂਸਾ ਅਤੇ ਏਲੀਯਾਹ ਵਾਂਗ ਪ੍ਰਬੰਧਕ ਸਭਾ ਦੇ ਭਰਾ ਵੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹਨ ਕਿ ਦੂਜਿਆਂ ਨੂੰ ਟ੍ਰੇਨਿੰਗ ਦੇਣੀ ਕਿੰਨੀ ਜ਼ਰੂਰੀ ਹੈ। ਉਹ ਸਾਲਾਂ ਤੋਂ ਹੋਰ ਭੇਡਾਂ ਦੇ ਭਰਾਵਾਂ ਨੂੰ ਸਿਖਲਾਈ ਦਿੰਦੇ ਆ ਰਹੇ ਹਨ ਤਾਂਕਿ ਉਹ ਯਹੋਵਾਹ ਦੀਆਂ ਭੇਡਾਂ ਦੀ ਅਗਵਾਈ ਕਰ ਸਕਣ। ਇਸ ਲਈ ਉਨ੍ਹਾਂ ਨੇ ਕਈ ਸਕੂਲ ਵੀ ਸ਼ੁਰੂ ਕੀਤੇ ਹਨ, ਜਿਵੇਂ ਬਜ਼ੁਰਗਾਂ, ਸਰਕਟ ਓਵਰਸੀਅਰਾਂ, ਬ੍ਰਾਂਚ ਕਮੇਟੀ ਦੇ ਮੈਂਬਰਾਂ, ਬੈਥਲ ਦੇ ਓਵਰਸੀਅਰਾਂ ਅਤੇ ਹੋਰਾਂ ਲਈ ਸਕੂਲ। ਇਸ ਤੋਂ ਇਲਾਵਾ, ਜਿਹੜੇ ਭਰਾ ਪ੍ਰਬੰਧਕ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮਦਦਗਾਰ ਵਜੋਂ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰਬੰਧਕ ਸਭਾ ਦੇ ਭਰਾ ਖ਼ੁਦ ਟ੍ਰੇਨਿੰਗ ਦਿੰਦੇ ਹਨ। ਇਹ ਭਰਾ ਹੁਣ ਤੋਂ ਹੀ ਸੰਗਠਨ ਦੀਆਂ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਉਹ ਭਵਿੱਖ ਵਿਚ ਵੀ ਮਸੀਹ ਦੀਆਂ ਭੇਡਾਂ ਦੀ ਦੇਖ-ਭਾਲ ਕਰਦੇ ਰਹਿਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਪ੍ਰਬੰਧਕ ਸਭਾ ਦੇ ਭਰਾਵਾਂ ਨੇ ਮਦਦਗਾਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਅਤੇ ਪੂਰੀ ਦੁਨੀਆਂ ਦੇ ਬਜ਼ੁਰਗਾਂ, ਸਰਕਟ ਨਿਗਰਾਨਾਂ, ਬ੍ਰਾਂਚ ਕਮੇਟੀ ਦੇ ਮੈਂਬਰਾਂ, ਬੈਥਲ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਅਤੇ ਮਿਸ਼ਨਰੀਆਂ ਨੂੰ ਸਿਖਾਉਣ ਲਈ ਸਕੂਲਾਂ ਦਾ ਪ੍ਰਬੰਧ ਕੀਤਾ ਹੈ (ਪੈਰਾ 13 ਦੇਖੋ)


14. ਹੁਣ ਤਕ ਅਸੀਂ ਜੋ ਚਰਚਾ ਕੀਤੀ, ਉਸ ਤੋਂ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

14 ਸੋ ਅਸੀਂ ਸਿੱਖਿਆ ਕਿ ਮਹਾਂਕਸ਼ਟ ਦੇ ਅਖ਼ੀਰ ਵਿਚ ਜਦੋਂ ਸਾਰੇ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਉਦੋਂ ਵੀ ਧਰਤੀ ʼਤੇ ਸ਼ੁੱਧ ਭਗਤੀ ਹੁੰਦੀ ਰਹੇਗੀ। ਮਸੀਹ ਦੀ ਨਿਗਰਾਨੀ ਅਧੀਨ ਯਹੋਵਾਹ ਦੇ ਲੋਕ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣਗੇ। ਅਸੀਂ ਜਾਣਦੇ ਹਾਂ ਕਿ ਮਾਗੋਗ ਦਾ ਗੋਗ ਯਾਨੀ ਕੌਮਾਂ ਦਾ ਗਠਜੋੜ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ। (ਹਿਜ਼. 38:18-20) ਪਰ ਇਹ ਹਮਲਾ ਸਿਰਫ਼ ਕੁਝ ਸਮੇਂ ਲਈ ਹੋਵੇਗਾ ਅਤੇ ਇਹ ਯਹੋਵਾਹ ਦੇ ਲੋਕਾਂ ਨੂੰ ਉਸ ਦੀ ਭਗਤੀ ਕਰਨ ਤੋਂ ਰੋਕ ਨਹੀਂ ਸਕੇਗਾ। ਯਹੋਵਾਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। ਯੂਹੰਨਾ ਨੇ ਇਕ ਦਰਸ਼ਣ ਵਿਚ ਹੋਰ ਭੇਡਾਂ ਦੀ ਇਕ “ਵੱਡੀ ਭੀੜ” ਦੇਖੀ। ਉਸ ਨੂੰ ਦੱਸਿਆ ਗਿਆ ਕਿ ਇਹ “ਵੱਡੀ ਭੀੜ” “ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ।” (ਪ੍ਰਕਾ. 7:9, 14) ਇਸ ਤੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਜ਼ਰੂਰ ਹਿਫਾਜ਼ਤ ਕਰੇਗਾ!

15-16. ਪ੍ਰਕਾਸ਼ ਦੀ ਕਿਤਾਬ 17:14 ਅਨੁਸਾਰ ਚੁਣੇ ਹੋਏ ਮਸੀਹੀ ਆਰਮਾਗੇਡਨ ਦੇ ਯੁੱਧ ਦੌਰਾਨ ਕੀ ਕਰਨਗੇ ਅਤੇ ਇਹ ਜਾਣ ਕੇ ਸਾਨੂੰ ਹਿੰਮਤ ਕਿਉਂ ਮਿਲਦੀ ਹੈ?

15 ਪਰ ਫਿਰ ਵੀ ਸ਼ਾਇਦ ਕੁਝ ਲੋਕ ਸੋਚਣ: ‘ਸਵਰਗ ਜਾਣ ਤੋਂ ਬਾਅਦ ਚੁਣੇ ਹੋਏ ਮਸੀਹੀ ਕੀ ਕਰਨਗੇ?’ ਬਾਈਬਲ ਵਿਚ ਇਸ ਦਾ ਸਿੱਧਾ-ਸਿੱਧਾ ਜਵਾਬ ਦਿੱਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਦੁਨੀਆਂ ਦੀਆਂ ਸਰਕਾਰਾਂ “ਲੇਲੇ ਨਾਲ ਯੁੱਧ” ਕਰਨਗੀਆਂ। ਸਾਨੂੰ ਪਤਾ ਹੈ ਕਿ ਉਨ੍ਹਾਂ ਦੀ ਹਾਰ ਪੱਕੀ ਹੈ। ਬਾਈਬਲ ਵਿਚ ਲਿਖਿਆ ਹੈ: “ਲੇਲਾ ਉਨ੍ਹਾਂ ਉੱਤੇ ਜਿੱਤ ਹਾਸਲ ਕਰੇਗਾ।” ਪਰ ਲੇਲੇ ਦੀ ਮਦਦ ਕੌਣ ਕਰੇਗਾ? ਆਇਤ ਵਿਚ ਅੱਗੇ ਦੱਸਿਆ ਗਿਆ ਹੈ: “ਵਫ਼ਾਦਾਰ ਸੇਵਕ ਲੇਲੇ ਦੇ ਨਾਲ ਹਨ ਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸੱਦਿਆ ਅਤੇ ਚੁਣਿਆ ਹੈ।” (ਪ੍ਰਕਾਸ਼ ਦੀ ਕਿਤਾਬ 17:14 ਪੜ੍ਹੋ।) ਪਰ ਇਹ ਕੌਣ ਹਨ? ਉਹ ਸਾਰੇ ਚੁਣੇ ਹੋਏ ਮਸੀਹੀ ਜਿਹੜੇ ਸਵਰਗ ਜਾ ਚੁੱਕੇ ਹੋਣਗੇ। ਮਹਾਂਕਸ਼ਟ ਖ਼ਤਮ ਤੋਂ ਥੋੜ੍ਹੀ ਦੇਰ ਪਹਿਲਾਂ ਜਦੋਂ ਬਚੇ ਹੋਏ ਚੁਣੇ ਹੋਏ ਮਸੀਹੀ ਵੀ ਸਵਰਗ ਜਾ ਚੁੱਕੇ ਹੋਣਗੇ, ਤਾਂ ਉਨ੍ਹਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਕਿਹੜਾ ਕੰਮ ਦਿੱਤਾ ਜਾਵੇਗਾ? ਉਨ੍ਹਾਂ ਨੂੰ ਯੁੱਧ ਕਰਨ ਦਾ ਕੰਮ ਦਿੱਤਾ ਜਾਵੇਗਾ। ਵਾਹ! ਇਹ ਕਿੰਨਾ ਹੀ ਸ਼ਾਨਦਾਰ ਸਨਮਾਨ ਹੈ। ਕੁਝ ਚੁਣੇ ਹੋਏ ਮਸੀਹੀ ਗਵਾਹ ਬਣਨ ਤੋਂ ਪਹਿਲਾਂ ਲੋਕਾਂ ਨਾਲ ਲੜਾਈ ਕਰਦੇ ਸਨ ਤੇ ਕਈ ਤਾਂ ਫ਼ੌਜ ਵਿਚ ਵੀ ਭਰਤੀ ਹੋਏ ਸਨ। ਪਰ ਮਸੀਹੀ ਬਣਨ ਤੋਂ ਬਾਅਦ ਉਨ੍ਹਾਂ ਨੇ ਸ਼ਾਂਤੀ ਦੇ ਰਾਹ ʼਤੇ ਚੱਲਣਾ ਸਿੱਖਿਆ। (ਗਲਾ. 5:22; 2 ਥੱਸ. 3:16) ਉਨ੍ਹਾਂ ਨੇ ਯੁੱਧਾਂ ਵਿਚ ਹਿੱਸਾ ਲੈਣਾ ਛੱਡ ਦਿੱਤਾ। ਪਰ ਸਵਰਗ ਜਾ ਕੇ ਉਹ ਮਸੀਹ ਅਤੇ ਉਸ ਦੇ ਪਵਿੱਤਰ ਦੂਤਾਂ ਨਾਲ ਮਿਲ ਕੇ ਯਹੋਵਾਹ ਦੇ ਦੁਸ਼ਮਣਾਂ ਖ਼ਿਲਾਫ਼ ਆਖ਼ਰੀ ਯੁੱਧ ਲੜਨਗੇ।

16 ਜ਼ਰਾ ਇਸ ਬਾਰੇ ਵੀ ਸੋਚੋ। ਅੱਜ ਕੁਝ ਚੁਣੇ ਹੋਏ ਮਸੀਹੀ ਸਿਆਣੀ ਉਮਰ ਦੇ ਹਨ ਅਤੇ ਕਮਜ਼ੋਰ ਹਨ। ਪਰ ਜਦੋਂ ਉਨ੍ਹਾਂ ਨੂੰ ਸਵਰਗ ਵਿਚ ਜੀਵਨ ਦਿੱਤਾ ਜਾਵੇਗਾ, ਤਾਂ ਉਹ ਬਹੁਤ ਤਾਕਤਵਰ ਹੋਣਗੇ ਅਤੇ ਅਮਰ ਹੋਣਗੇ। ਉਹ ਆਪਣੇ ਰਾਜੇ ਯਿਸੂ ਮਸੀਹ ਨਾਲ ਮਿਲ ਕੇ ਲੜਾਈ ਕਰਨਗੇ। ਆਰਮਾਗੇਡਨ ਦੇ ਯੁੱਧ ਤੋਂ ਬਾਅਦ ਉਹ ਯਿਸੂ ਨਾਲ ਮਿਲ ਕੇ ਇਨਸਾਨਾਂ ਦੀ ਮੁਕੰਮਲ ਹੋਣ ਵਿਚ ਮਦਦ ਕਰਨਗੇ। ਬਿਨਾਂ ਸ਼ੱਕ, ਜਦੋਂ ਸਾਰੇ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਤਾਂ ਉਹ ਸਾਡੀ ਖ਼ਾਤਰ ਅਜਿਹੇ ਵੱਡੇ-ਵੱਡੇ ਕੰਮ ਕਰਨਗੇ ਜੋ ਉਹ ਅੱਜ ਚਾਹ ਕੇ ਵੀ ਨਹੀਂ ਕਰ ਸਕਦੇ।

17. ਸਾਨੂੰ ਕਿਵੇਂ ਪਤਾ ਹੈ ਕਿ ਆਰਮਾਗੇਡਨ ਦੇ ਯੁੱਧ ਦੌਰਾਨ ਪਰਮੇਸ਼ੁਰ ਦੇ ਸਾਰੇ ਸੇਵਕਾਂ ਦੀ ਹਿਫਾਜ਼ਤ ਕੀਤੀ ਜਾਵੇਗੀ?

17 ਕੀ ਤੁਸੀਂ ਹੋਰ ਭੇਡਾਂ ਵਿੱਚੋਂ ਹੋ? ਜੇ ਹਾਂ, ਤਾਂ ਜਦੋਂ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਵੇਗਾ, ਤਾਂ ਤੁਸੀਂ ਕੀ ਕਰਨਾ ਹੈ? ਤੁਸੀਂ ਬੱਸ ਯਹੋਵਾਹ ʼਤੇ ਭਰੋਸਾ ਰੱਖਣਾ ਹੈ ਅਤੇ ਉਸ ਦੀਆਂ ਹਿਦਾਇਤਾਂ ਨੂੰ ਮੰਨਣਾ ਹੈ। ਨਾਲੇ ਉਹ ਕਰਨਾ ਹੈ, ਜੋ ਬਾਈਬਲ ਵਿਚ ਕਰਨ ਲਈ ਕਿਹਾ ਗਿਆ ਹੈ: “ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ ਅਤੇ ਆਪਣੇ ਬੂਹੇ ਬੰਦ ਕਰ ਲਓ। ਆਪਣੇ ਆਪ ਨੂੰ ਥੋੜ੍ਹੇ ਸਮੇਂ ਲਈ ਲੁਕਾ ਲਓ ਜਦ ਤਕ ਕ੍ਰੋਧ ਟਲ ਨਹੀਂ ਜਾਂਦਾ।” (ਯਸਾ. 26:20) ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਦੀ ਹਿਫਾਜ਼ਤ ਕੀਤੀ ਜਾਵੇਗੀ, ਫਿਰ ਚਾਹੇ ਉਹ ਸਵਰਗ ਵਿਚ ਹੋਣ ਜਾਂ ਧਰਤੀ ʼਤੇ। ਸਾਨੂੰ ਵੀ ਪੌਲੁਸ ਰਸੂਲ ਵਾਂਗ ਇਸ ਗੱਲ ʼਤੇ ਪੂਰਾ ਭਰੋਸਾ ਹੈ ਕਿ “ਨਾ ਮੌਤ, ਨਾ ਜ਼ਿੰਦਗੀ, ਨਾ ਦੂਤ, ਨਾ ਸਰਕਾਰਾਂ, ਨਾ ਹੁਣ ਦੀਆਂ ਚੀਜ਼ਾਂ, ਨਾ ਆਉਣ ਵਾਲੀਆਂ ਚੀਜ਼ਾਂ . . . ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।” (ਰੋਮੀ. 8:38, 39) ਹਮੇਸ਼ਾ ਯਾਦ ਰੱਖੋ: ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਤੁਹਾਨੂੰ ਕਦੇ ਵੀ ਨਹੀਂ ਤਿਆਗੇਗਾ!

ਸਾਰੇ ਚੁਣੇ ਹੋਏ ਮਸੀਹੀਆਂ ਦੇ ਸਵਰਗ ਜਾਣ ਤੋਂ ਬਾਅਦ

  • ਕੀ ਨਹੀਂ ਹੋਵੇਗਾ?

  • ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸ਼ੁੱਧ ਭਗਤੀ ਭ੍ਰਿਸ਼ਟ ਨਹੀਂ ਹੋਵੇਗੀ?

  • ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦਾ ਖ਼ਿਆਲ ਰੱਖੇਗਾ?

ਗੀਤ 8 ਯਹੋਵਾਹ ਸਾਡਾ ਸਹਾਰਾ