Skip to content

Skip to table of contents

ਅਧਿਐਨ ਲੇਖ 6

ਗੀਤ 10 ਯਹੋਵਾਹ ਦੀ ਜੈ-ਜੈ ਕਾਰ ਕਰੋ!

“ਯਹੋਵਾਹ ਦੇ ਨਾਂ ਦੀ ਮਹਿਮਾ ਕਰੋ”

“ਯਹੋਵਾਹ ਦੇ ਨਾਂ ਦੀ ਮਹਿਮਾ ਕਰੋ”

“ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ, ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।”​—ਜ਼ਬੂ. 113:1.

ਕੀ ਸਿੱਖਾਂਗੇ?

ਕਿਹੜੀ ਗੱਲ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਹਰ ਮੌਕੇ ʼਤੇ ਯਹੋਵਾਹ ਦੇ ਪਵਿੱਤਰ ਨਾਂ ਦੀ ਮਹਿਮਾ ਕਰੀਏ?

1-2. ਜਦੋਂ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਗਿਆ, ਤਾਂ ਉਸ ਨੂੰ ਕਿੱਦਾਂ ਲੱਗਾ ਹੋਣਾ? ਸਮਝਾਓ।

 ਮੰਨ ਲਓ ਕਿ ਤੁਹਾਡਾ ਕੋਈ ਆਪਣਾ ਤੁਹਾਡੇ ʼਤੇ ਝੂਠਾ ਇਲਜ਼ਾਮ ਲਾਉਂਦਾ ਹੈ ਅਤੇ ਕੁਝ ਲੋਕ ਉਸ ਦੀ ਗੱਲ ਨੂੰ ਸੱਚ ਮੰਨ ਲੈਂਦੇ ਹਨ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਉਹ ਇਸ ਬਾਰੇ ਦੂਜਿਆਂ ਨੂੰ ਵੀ ਦੱਸਣ ਲੱਗ ਪੈਂਦੇ ਹਨ ਅਤੇ ਉਹ ਵੀ ਇਸ ਗੱਲ ʼਤੇ ਯਕੀਨ ਕਰ ਲੈਂਦੇ ਹਨ। ਇਹ ਦੇਖ ਕੇ ਤੁਹਾਨੂੰ ਕਿੱਦਾਂ ਲੱਗੇਗਾ? ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਪਿਆਰ ਕਰਦੇ ਹੋ ਅਤੇ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਤੁਹਾਡੇ ਬਾਰੇ ਕੀ ਸੋਚਣਗੇ, ਤਾਂ ਤੁਹਾਨੂੰ ਜ਼ਰੂਰ ਬਹੁਤ ਬੁਰਾ ਲੱਗੇਗਾ।​—ਕਹਾ. 22:1.

2 ਇਸ ਉਦਾਹਰਣ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਗਿਆ ਸੀ, ਤਾਂ ਉਸ ਨੂੰ ਕਿੱਦਾਂ ਲੱਗਾ ਹੋਣਾ। ਸਵਰਗ ਵਿਚ ਰਹਿਣ ਵਾਲੇ ਉਸ ਦੇ ਆਪਣੇ ਹੀ ਇਕ ਪੁੱਤਰ ਨੇ ਉਸ ਬਾਰੇ ਪਹਿਲੀ ਔਰਤ ਹੱਵਾਹ ਨਾਲ ਝੂਠ ਬੋਲਿਆ ਅਤੇ ਉਸ ਔਰਤ ਨੇ ਉਸ ʼਤੇ ਯਕੀਨ ਕਰ ਲਿਆ। ਇਸੇ ਕਰਕੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਅਤੇ ਇੱਦਾਂ ਸਾਰੇ ਇਨਸਾਨਾਂ ਵਿਚ ਪਾਪ ਤੇ ਮੌਤ ਆ ਗਈ। (ਉਤ. 3:1-6; ਰੋਮੀ. 5:12) ਅੱਜ ਪੂਰੀ ਦੁਨੀਆਂ ਵਿਚ ਇਨਸਾਨਾਂ ਨੂੰ ਜੋ ਕੁਝ ਸਹਿਣਾ ਪੈ ਰਿਹਾ ਹੈ, ਉਹ ਸਭ ਕੁਝ ਇਸ ਝੂਠ ਕਰਕੇ ਹੀ ਹੈ ਜੋ ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਬੋਲਿਆ ਸੀ। ਇਸੇ ਕਰਕੇ ਅੱਜ ਇਨਸਾਨਾਂ ਨੂੰ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਯੁੱਧ ਹੁੰਦੇ ਹਨ ਅਤੇ ਲੋਕ ਮਰਦੇ ਹਨ। ਇਹ ਸਭ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਹੁੰਦਾ ਹੈ। ਪਰ ਇੱਦਾਂ ਨਹੀਂ ਹੈ ਕਿ ਉਹ ਕੁੜੱਤਣ ਨਾਲ ਭਰ ਗਿਆ ਹੈ ਅਤੇ ਹਮੇਸ਼ਾ ਗੁੱਸੇ ਵਿਚ ਰਹਿੰਦਾ ਹੈ। ਅਸਲ ਵਿਚ, ਬਾਈਬਲ ਕਹਿੰਦੀ ਹੈ, ਉਹ “ਖ਼ੁਸ਼ਦਿਲ ਪਰਮੇਸ਼ੁਰ” ਹੈ।​—1 ਤਿਮੋ. 1:11.

3. ਸਾਡੇ ਕੋਲ ਕਿਹੜਾ ਸਨਮਾਨ ਹੈ?

3 ਸਾਡੇ ਕੋਲ ਇਹ ਸਨਮਾਨ ਹੈ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰ ਸਕਦੇ ਹਾਂ। ਕਿਵੇਂ? “ਯਹੋਵਾਹ ਦੇ ਨਾਂ ਦੀ ਮਹਿਮਾ” ਕਰਨ ਦਾ ਹੁਕਮ ਮੰਨ ਕੇ। (ਜ਼ਬੂ. 113:1) ਜਦੋਂ ਅਸੀਂ ਲੋਕਾਂ ਨੂੰ ਇਹ ਦੱਸਦੇ ਹਾਂ ਕਿ ਯਹੋਵਾਹ ਕੌਣ ਹੈ ਅਤੇ ਉਹ ਕਿਹੋ ਜਿਹਾ ਪਰਮੇਸ਼ੁਰ ਹੈ, ਤਾਂ ਅਸੀਂ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰ ਰਹੇ ਹੁੰਦੇ ਹਾਂ। ਕੀ ਤੁਸੀਂ ਵੀ ਇੱਦਾਂ ਕਰੋਗੇ? ਆਓ ਆਪਾਂ ਅਜਿਹੇ ਤਿੰਨ ਕਾਰਨਾਂ ʼਤੇ ਗੌਰ ਕਰੀਏ ਜਿਨ੍ਹਾਂ ਬਾਰੇ ਜਾਣ ਕੇ ਸਾਡਾ ਮਨ ਕਰੇਗਾ ਕਿ ਅਸੀਂ ਪੂਰੇ ਦਿਲ ਨਾਲ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰੀਏ।

ਜਦੋਂ ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ

4. ਉਦਾਹਰਣ ਦੇ ਕੇ ਸਮਝਾਓ ਕਿ ਜਦੋਂ ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ। (ਤਸਵੀਰ ਵੀ ਦੇਖੋ।)

4 ਜਦੋਂ ਅਸੀਂ ਸਵਰਗ ਵਿਚ ਰਹਿਣ ਵਾਲੇ ਆਪਣੇ ਪਿਤਾ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਜ਼ਬੂ. 119:108) ਇੱਦਾਂ ਨਹੀ ਹੈ ਕਿ ਉਸ ਨੂੰ ਇਨਸਾਨਾਂ ਤੋਂ ਮਹਿਮਾ ਦੀ ਲੋੜ ਹੈ ਜਿੱਦਾਂ ਇਨਸਾਨਾਂ ਨੂੰ ਤਾਰੀਫ਼ ਜਾਂ ਹੌਸਲੇ ਦੀ ਲੋੜ ਹੈ। ਪਰ ਜਦੋਂ ਅਸੀਂ ਉਸ ਦੀ ਮਹਿਮਾ ਕਰਦੇ ਹਾਂ, ਤਾਂ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਜ਼ਰਾ ਇਕ ਉਦਾਹਰਣ ʼਤੇ ਧਿਆਨ ਦਿਓ। ਇਕ ਛੋਟੀ ਕੁੜੀ ਦੌੜਦੀ ਹੋਈ ਆਪਣੇ ਪਿਤਾ ਕੋਲ ਆਉਂਦੀ ਹੈ ਅਤੇ ਉਸ ਦੇ ਗਲ਼ੇ ਲੱਗ ਕੇ ਕਹਿੰਦੀ ਹੈ, “ਤੁਸੀਂ ਦੁਨੀਆਂ ਦੇ ਸਭ ਤੋਂ ਵਧੀਆ ਡੈਡੀ ਹੋ।” ਪਿਤਾ ਦਾ ਚਿਹਰਾ ਖ਼ੁਸ਼ੀ ਨਾਲ ਖਿੜ ਉੱਠਦਾ ਹੈ। ਕੁੜੀ ਦੀ ਇਹ ਗੱਲ ਉਸ ਦੇ ਦਿਲ ਨੂੰ ਛੂਹ ਜਾਂਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਿਤਾ ਤਾਰੀਫ਼ ਦਾ ਭੁੱਖਾ ਹੈ ਜਾਂ ਉਹ ਚਾਹੁੰਦਾ ਹੈ ਕਿ ਉਸ ਦੀ ਕੁੜੀ ਉਸ ਦੀ ਤਾਰੀਫ਼ ਕਰੇ ਤੇ ਉਸ ਦਾ ਹੌਸਲਾ ਵਧਾਵੇ। ਸਗੋਂ ਉਹ ਇਸ ਲਈ ਖ਼ੁਸ਼ ਹੁੰਦਾ ਹੈ ਕਿਉਂਕਿ ਉਹ ਆਪਣੀ ਕੁੜੀ ਨੂੰ ਬਹੁਤ ਪਿਆਰ ਕਰਦਾ ਹੈ। ਨਾਲੇ ਉਸ ਨੂੰ ਇਹ ਦੇਖ ਕੇ ਵੀ ਚੰਗਾ ਲੱਗਦਾ ਹੈ ਕਿ ਉਸ ਦੀ ਕੁੜੀ ਵੀ ਉਸ ਨੂੰ ਪਿਆਰ ਕਰਦੀ ਹੈ ਤੇ ਉਸ ਦੀ ਕਦਰ ਕਰਦੀ ਹੈ। ਉਹ ਜਾਣਦਾ ਹੈ ਕਿ ਕੁੜੀ ਦੇ ਇੱਦਾਂ ਦੇ ਚੰਗੇ ਗੁਣਾਂ ਕਰਕੇ ਉਹ ਅੱਗੇ ਚੱਲ ਕੇ ਖ਼ੁਸ਼ ਰਹਿ ਸਕੇਗੀ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਅਸੀਂ ਆਪਣੇ ਮਹਾਨ ਪਿਤਾ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ।

ਇਕ ਪਿਤਾ ਉਦੋਂ ਖ਼ੁਸ਼ ਹੁੰਦਾ ਹੈ, ਜਦੋਂ ਉਸ ਦਾ ਬੱਚਾ ਉਸ ਲਈ ਪਿਆਰ ਅਤੇ ਕਦਰ ਜ਼ਾਹਰ ਕਰਦਾ ਹੈ। ਇਸੇ ਤਰ੍ਹਾਂ ਯਹੋਵਾਹ ਵੀ ਉਦੋਂ ਖ਼ੁਸ਼ ਹੁੰਦਾ ਹੈ, ਜਦੋਂ ਅਸੀਂ ਉਸ ਦੇ ਨਾਂ ਦੀ ਮਹਿਮਾ ਕਰਦੇ ਹਾਂ (ਪੈਰਾ 4 ਦੇਖੋ)


5. ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰ ਕੇ ਅਸੀਂ ਸ਼ੈਤਾਨ ਦੇ ਕਿਹੜੇ ਇਲਜ਼ਾਮ ਨੂੰ ਝੂਠਾ ਸਾਬਤ ਕਰ ਸਕਦੇ ਹਾਂ?

5 ਜਦੋਂ ਅਸੀਂ ਸਵਰਗ ਵਿਚ ਰਹਿਣ ਵਾਲੇ ਆਪਣੇ ਪਿਤਾ ਯਹੋਵਾਹ ਦੀ ਮਹਿਮਾ ਕਰਦੇ ਹਾਂ, ਤਾਂ ਅਸੀਂ ਸ਼ੈਤਾਨ ਦੇ ਇਕ ਹੋਰ ਇਲਜ਼ਾਮ ਨੂੰ ਝੂਠਾ ਸਾਬਤ ਕਰਦੇ ਹਾਂ ਜੋ ਉਸ ਨੇ ਸਾਡੇ ਸਾਰਿਆਂ ʼਤੇ ਲਾਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਇਨਸਾਨ ਹਮੇਸ਼ਾ ਯਹੋਵਾਹ ਦੇ ਨਾਂ ਦਾ ਪੱਖ ਨਹੀਂ ਲਵੇਗਾ। ਉਹ ਕਹਿੰਦਾ ਹੈ ਕਿ ਜੇ ਇਕ ਇਨਸਾਨ ʼਤੇ ਮੁਸ਼ਕਲਾਂ ਆਉਣ ਜਾਂ ਉਸ ਨੂੰ ਲੱਗੇ ਕਿ ਪਰਮੇਸ਼ੁਰ ਦੀ ਗੱਲ ਨਾ ਮੰਨਣ ਵਿਚ ਹੀ ਉਸ ਦੀ ਭਲਾਈ ਹੈ, ਤਾਂ ਉਹ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦੇਵੇਗਾ। (ਅੱਯੂ. 1:9-11; 2:4) ਪਰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਨੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ। ਕੀ ਤੁਸੀਂ ਵੀ ਇੱਦਾਂ ਹੀ ਕਰੋਗੇ? ਸਾਡੇ ਵਿੱਚੋਂ ਹਰੇਕ ਕੋਲ ਇਹ ਮੌਕਾ ਹੈ ਕਿ ਅਸੀਂ ਆਪਣੇ ਪਿਤਾ ਦੇ ਨਾਂ ਦਾ ਪੱਖ ਲਈਏ ਅਤੇ ਹਮੇਸ਼ਾ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਕੇ ਉਸ ਦਾ ਦਿਲ ਖ਼ੁਸ਼ ਕਰੀਏ। (ਕਹਾ. 27:11) ਸੱਚੀਂ ਸਾਡੇ ਲਈ ਇਹ ਕਿੰਨੇ ਹੀ ਸਨਮਾਨ ਦੀ ਗੱਲ ਹੈ!

6. ਅਸੀਂ ਰਾਜਾ ਦਾਊਦ ਅਤੇ ਲੇਵੀਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਨਹਮਯਾਹ 9:5)

6 ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਉਹ ਪੂਰੇ ਦਿਲ ਨਾਲ ਉਸ ਦੇ ਨਾਂ ਦੀ ਮਹਿਮਾ ਕਰਦੇ ਹਨ। ਰਾਜਾ ਦਾਊਦ ਨੇ ਲਿਖਿਆ: “ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ; ਮੇਰਾ ਤਨ-ਮਨ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ।” (ਜ਼ਬੂ. 103:1) ਦਾਊਦ ਜਾਣਦਾ ਸੀ ਕਿ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਦਾ ਮਤਲਬ ਹੈ, ਯਹੋਵਾਹ ਦੀ ਮਹਿਮਾ ਕਰਨੀ। ਯਹੋਵਾਹ ਦਾ ਨਾਂ ਸੁਣਦੇ ਹੀ ਮਨ ਵਿਚ ਇਕ ਅਜਿਹੇ ਸ਼ਖ਼ਸ ਦੀ ਤਸਵੀਰ ਆਉਂਦੀ ਹੈ ਜਿਸ ਵਿਚ ਬਹੁਤ ਵਧੀਆ ਗੁਣ ਹਨ ਅਤੇ ਜਿਸ ਨੇ ਲਾਜਵਾਬ ਕੰਮ ਕੀਤੇ ਹਨ। ਇਸੇ ਕਰਕੇ ਦਾਊਦ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਨਾਂ ਦੀ ਮਹਿਮਾ ਕਰਨੀ ਚਾਹੁੰਦੀ ਸੀ। ਉਹ ਚਾਹੁੰਦਾ ਸੀ ਕਿ ਉਸ ਦਾ “ਤਨ-ਮਨ” ਯਹੋਵਾਹ ਦੀ ਮਹਿਮਾ ਕਰੇ। ਦਾਊਦ ਵਾਂਗ ਲੇਵੀਆਂ ਨੇ ਵੀ ਵਧ-ਚੜ੍ਹ ਕੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ। ਉਨ੍ਹਾਂ ਨੇ ਨਿਮਰਤਾ ਨਾਲ ਇਹ ਮੰਨਿਆ ਕਿ ਉਹ ਚਾਹੇ ਯਹੋਵਾਹ ਦੇ ਨਾਂ ਦੀ ਜਿੰਨੀ ਵੀ ਮਹਿਮਾ ਕਰ ਲੈਣ, ਉਹ ਘੱਟ ਹੈ। (ਨਹਮਯਾਹ 9:5 ਪੜ੍ਹੋ।) ਇਸ ਵਿਚ ਕੋਈ ਸ਼ੱਕ ਨਹੀਂ ਕਿ ਲੇਵੀਆਂ ਵੱਲੋਂ ਕੀਤੀ ਤਾਰੀਫ਼ ਸੁਣ ਕੇ ਯਹੋਵਾਹ ਬਹੁਤ ਖ਼ੁਸ਼ ਹੋਇਆ ਹੋਣਾ।

7. ਅਸੀਂ ਪ੍ਰਚਾਰ ਅਤੇ ਰੋਜ਼ਮੱਰਾ ਦੇ ਕੰਮ ਕਰਦਿਆਂ ਯਹੋਵਾਹ ਦੇ ਨਾਂ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?

7 ਅੱਜ ਅਸੀਂ ਯਹੋਵਾਹ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਅਸੀਂ ਉਸ ਬਾਰੇ ਲੋਕਾਂ ਨਾਲ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਜਿਸ ਤੋਂ ਜ਼ਾਹਰ ਹੋਵੇ ਕਿ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਦਿਲੋਂ ਉਸ ਦੇ ਅਹਿਸਾਨਮੰਦ ਹਾਂ। ਪ੍ਰਚਾਰ ਕਰਦਿਆਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਯਹੋਵਾਹ ਨੂੰ ਜਾਣਨ, ਉਸ ਨੂੰ ਪਿਆਰ ਕਰਨ ਅਤੇ ਉਸ ਦੇ ਨੇੜੇ ਆਉਣ। (ਯਾਕੂ. 4:8) ਲੋਕਾਂ ਨੂੰ ਬਾਈਬਲ ਤੋਂ ਯਹੋਵਾਹ ਦੇ ਗੁਣਾਂ ਬਾਰੇ ਦੱਸਣਾ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ, ਜਿਵੇਂ ਉਸ ਦੇ ਪਿਆਰ, ਨਿਆਂ, ਬੁੱਧ, ਤਾਕਤ ਅਤੇ ਅਜਿਹੇ ਹੋਰ ਗੁਣਾਂ ਬਾਰੇ। ਜਦੋਂ ਅਸੀਂ ਯਹੋਵਾਹ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਉਦੋਂ ਵੀ ਉਸ ਦੀ ਮਹਿਮਾ ਕਰਦੇ ਹਾਂ ਤੇ ਉਸ ਦਾ ਦਿਲ ਖ਼ੁਸ਼ ਕਰਦੇ ਹਾਂ। (ਅਫ਼. 5:1) ਇੱਦਾਂ ਕਰਨ ਕਰਕੇ ਸ਼ਾਇਦ ਲੋਕ ਧਿਆਨ ਦੇਣ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲੋਂ ਕਿੰਨੇ ਵੱਖਰੇ ਹਾਂ। ਰੋਜ਼ਮੱਰਾ ਦੇ ਕੰਮ ਕਰਦਿਆਂ ਸ਼ਾਇਦ ਸਾਨੂੰ ਉਨ੍ਹਾਂ ਲੋਕਾਂ ਨੂੰ ਇਹ ਦੱਸਣ ਦਾ ਮੌਕਾ ਮਿਲੇ ਕਿ ਅਸੀਂ ਕਿਉਂ ਦੁਨੀਆਂ ਦੇ ਬਾਕੀ ਲੋਕਾਂ ਵਰਗੇ ਨਹੀਂ ਹਾਂ। (ਮੱਤੀ 5:14-16) ਨਤੀਜੇ ਵਜੋਂ, ਚੰਗੇ ਦਿਲ ਦੇ ਲੋਕ ਯਹੋਵਾਹ ਵੱਲ ਖਿੱਚੇ ਚਲੇ ਆਉਂਦੇ ਹਨ। ਜਦੋਂ ਅਸੀਂ ਇਨ੍ਹਾਂ ਸਾਰੇ ਤਰੀਕਿਆਂ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ।​—1 ਤਿਮੋ. 2:3, 4.

ਜਦੋਂ ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਯਿਸੂ ਖ਼ੁਸ਼ ਹੁੰਦਾ ਹੈ

8. ਯਿਸੂ ਨੇ ਕਿਵੇਂ ਜੀ-ਜਾਨ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ?

8 ਚਾਹੇ ਸਵਰਗ ਵਿਚ ਦੂਤ ਹੋਣ ਜਾਂ ਧਰਤੀ ʼਤੇ ਇਨਸਾਨ, ਕੋਈ ਵੀ ਯਹੋਵਾਹ ਨੂੰ ਉੱਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਜਿੰਨਾ ਯਿਸੂ ਜਾਣਦਾ ਹੈ। (ਮੱਤੀ 11:27) ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਹਮੇਸ਼ਾ ਜੀ-ਜਾਨ ਨਾਲ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕੀਤੀ। (ਯੂਹੰ. 14:31) ਆਪਣੀ ਮੌਤ ਤੋਂ ਪਹਿਲਾਂ ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਪਿਤਾ ਨੂੰ ਕਿਹਾ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ।” (ਯੂਹੰ. 17:26) ਧਰਤੀ ʼਤੇ ਸਾਢੇ ਤਿੰਨ ਸਾਲਾਂ ਦੀ ਸੇਵਾ ਦੌਰਾਨ ਯਿਸੂ ਲਈ ਇਹੀ ਸਭ ਤੋਂ ਜ਼ਰੂਰੀ ਕੰਮ ਸੀ। ਆਓ ਜਾਣੀਏ ਕਿ ਉਸ ਨੇ ਇਹ ਕਿਵੇਂ ਕੀਤਾ।

9. ਯਿਸੂ ਨੇ ਇਕ ਮਿਸਾਲ ਦੇ ਕੇ ਆਪਣੇ ਪਿਤਾ ਬਾਰੇ ਕਿਵੇਂ ਚੰਗੀ ਤਰ੍ਹਾਂ ਸਮਝਾਇਆ?

9 ਯਿਸੂ ਨੇ ਲੋਕਾਂ ਨੂੰ ਸਿਰਫ਼ ਇਹੀ ਨਹੀ ਦੱਸਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਦਰਅਸਲ, ਉਹ ਜਿਨ੍ਹਾਂ ਯਹੂਦੀਆਂ ਨੂੰ ਸਿਖਾਉਂਦਾ ਸੀ ਉਹ ਤਾਂ ਪਹਿਲਾਂ ਤੋਂ ਹੀ ਪਰਮੇਸ਼ੁਰ ਦਾ ਨਾਂ ਜਾਣਦੇ ਸਨ। ਉਸ ਨੇ ਉਨ੍ਹਾਂ ਨੂੰ “ਪਿਤਾ” ਬਾਰੇ ਚੰਗੀ ਤਰ੍ਹਾਂ “ਸਮਝਾਇਆ।” (ਯੂਹੰ. 1:17, 18) ਜਿਵੇਂ ਇਬਰਾਨੀ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ। (ਕੂਚ 34:5-7) ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਯਿਸੂ ਨੇ ਇਕ ਪਿਤਾ ਅਤੇ ਉਸ ਦੇ ਗੁਆਚੇ ਹੋਏ ਪੁੱਤਰ ਦੀ ਮਿਸਾਲ ਦਿੱਤੀ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਪੁੱਤਰ ਤੋਬਾ ਕਰਦਾ ਹੈ ਅਤੇ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦਾ ਹੈ। ਪਰ ਜਦੋਂ ਪੁੱਤਰ ਅਜੇ “ਦੂਰ ਹੀ ਸੀ,” ਤਾਂ ਪਿਤਾ ਦੀ ਨਜ਼ਰ ਉਸ ਉੱਤੇ ਪੈਂਦੀ ਹੈ। ਉਹ ਭੱਜ ਕੇ ਉਸ ਕੋਲ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਗਲ਼ੇ ਲਾ ਲੈਂਦਾ ਹੈ। ਪਿਤਾ ਦਿਲੋਂ ਉਸ ਨੂੰ ਮਾਫ਼ ਕਰ ਦਿੰਦਾ ਹੈ। ਇੱਦਾਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿੰਨਾ ਦਇਆਵਾਨ ਅਤੇ ਰਹਿਮਦਿਲ ਹੈ। (ਲੂਕਾ 15:11-32) ਯਿਸੂ ਨੇ ਆਪਣੇ ਪਿਤਾ ਦੀ ਬਿਲਕੁਲ ਉਸੇ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਿੱਦਾਂ ਦਾ ਉਹ ਅਸਲ ਵਿਚ ਹੈ।

10. (ੳ) ਅਸੀਂ ਕਿੱਦਾਂ ਜਾਣਦੇ ਹਾਂ ਕਿ ਯਿਸੂ ਨੇ ਆਪਣੇ ਪਿਤਾ ਦਾ ਨਾਂ ਲਿਆ ਅਤੇ ਉਹ ਚਾਹੁੰਦਾ ਸੀ ਕਿ ਦੂਸਰੇ ਵੀ ਇੱਦਾਂ ਹੀ ਕਰਨ? (ਮਰਕੁਸ 5:19) (ਤਸਵੀਰ ਵੀ ਦੇਖੋ।) (ਅ) ਅੱਜ ਯਿਸੂ ਸਾਡੇ ਤੋਂ ਕੀ ਚਾਹੁੰਦਾ ਹੈ?

10 ਯਿਸੂ ਚਾਹੁੰਦਾ ਸੀ ਕਿ ਹੋਰ ਲੋਕ ਵੀ ਯਹੋਵਾਹ ਨੂੰ ਜਾਣਨ ਅਤੇ ਉਸ ਦਾ ਨਾਂ ਲੈਣ। ਉਸ ਦੇ ਜ਼ਮਾਨੇ ਦੇ ਕੁਝ ਧਾਰਮਿਕ ਗੁਰੂਆਂ ਦਾ ਸ਼ਾਇਦ ਇਹ ਮੰਨਣਾ ਸੀ ਕਿ ਪਰਮੇਸ਼ੁਰ ਦਾ ਨਾਂ ਇੰਨਾ ਪਵਿੱਤਰ ਹੈ ਕਿ ਉਸ ਨੂੰ ਜ਼ਬਾਨ ʼਤੇ ਨਹੀਂ ਲਿਆਉਣਾ ਚਾਹੀਦਾ। ਪਰ ਯਿਸੂ ਨੇ ਇਨਸਾਨਾਂ ਦੀਆਂ ਇੱਦਾਂ ਦੀਆਂ ਧਾਰਣਾਵਾਂ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦਿੱਤਾ। ਉਹ ਆਪਣੇ ਪਿਤਾ ਦੇ ਨਾਂ ਦੀ ਮਹਿਮਾ ਕਰਦਾ ਰਿਹਾ। ਜ਼ਰਾ ਇਕ ਉਦਾਹਰਣ ʼਤੇ ਧਿਆਨ ਦਿਓ। ਇਕ ਵਾਰ ਗਿਰਸੇਨੀਆਂ ਦੇ ਇਲਾਕੇ ਵਿਚ ਉਸ ਨੇ ਇਕ ਅਜਿਹੇ ਆਦਮੀ ਨੂੰ ਠੀਕ ਕੀਤਾ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। ਇਹ ਦੇਖ ਕੇ ਲੋਕ ਬਹੁਤ ਡਰ ਗਏ। ਉਹ ਯਿਸੂ ਨੂੰ ਬੇਨਤੀ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕੇ ਨੂੰ ਛੱਡ ਕੇ ਚਲਾ ਜਾਵੇ। (ਮਰ. 5:16, 17) ਪਰ ਯਿਸੂ ਚਾਹੁੰਦਾ ਸੀ ਕਿ ਉੱਥੇ ਦੇ ਲੋਕ ਵੀ ਯਹੋਵਾਹ ਦਾ ਨਾਂ ਜਾਣਨ। ਇਸ ਲਈ ਉਸ ਨੇ ਜਿਸ ਆਦਮੀ ਨੂੰ ਠੀਕ ਕੀਤਾ ਸੀ, ਉਸ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾ ਕੇ ਦੱਸੇ ਕਿ ਯਹੋਵਾਹ ਨੇ ਉਸ ਲਈ ਕੀ-ਕੀ ਕੀਤਾ ਹੈ, ਨਾ ਕਿ ਯਿਸੂ ਨੇ। (ਮਰਕੁਸ 5:19 ਪੜ੍ਹੋ।) a ਯਿਸੂ ਅੱਜ ਵੀ ਇਹੀ ਚਾਹੁੰਦਾ ਹੈ ਕਿ ਪੂਰੀ ਦੁਨੀਆਂ ਵਿਚ ਉਸ ਦੇ ਪਿਤਾ ਦੇ ਨਾਂ ਦਾ ਐਲਾਨ ਕੀਤਾ ਜਾਵੇ। (ਮੱਤੀ 24:14; 28:19, 20) ਜਦੋਂ ਅਸੀਂ ਇਸ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਡਾ ਰਾਜਾ ਯਿਸੂ ਬਹੁਤ ਖ਼ੁਸ਼ ਹੁੰਦਾ ਹੈ।

ਯਿਸੂ ਨੇ ਜਿਸ ਆਦਮੀ ਵਿੱਚੋਂ ਦੁਸ਼ਟ ਦੂਤ ਕੱਢੇ ਸਨ, ਉਸ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾ ਕੇ ਦੱਸੇ ਕਿ ਯਹੋਵਾਹ ਨੇ ਉਸ ਲਈ ਕੀ-ਕੀ ਕੀਤਾ ਹੈ (ਪੈਰਾ 10 ਦੇਖੋ)


11. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਪ੍ਰਾਰਥਨਾ ਕਰਨੀ ਸਿਖਾਈ ਅਤੇ ਇਹ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਕਿਉਂ ਹੈ? (ਹਿਜ਼ਕੀਏਲ 36:23)

11 ਯਿਸੂ ਜਾਣਦਾ ਸੀ ਕਿ ਯਹੋਵਾਹ ਦਾ ਕੀ ਮਕਸਦ ਹੈ। ਇਹੀ ਕਿ ਉਸ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਉਸ ਦੇ ਨਾਂ ʼਤੇ ਲੱਗਾ ਕਲੰਕ ਮਿਟਾਇਆ ਜਾਵੇ। ਇਸ ਲਈ ਸਾਡੇ ਗੁਰੂ ਯਿਸੂ ਨੇ ਸਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਉਹ ਜਾਣਦਾ ਸੀ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਸਾਰੇ ਬ੍ਰਹਿਮੰਡ ਦਾ ਸਭ ਤੋਂ ਵੱਡਾ ਮਸਲਾ ਹੈ। (ਹਿਜ਼ਕੀਏਲ 36:23 ਪੜ੍ਹੋ।) ਉਸ ਨੇ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨ ਲਈ ਜਿੰਨਾ ਕੁਝ ਕੀਤਾ, ਉੱਨਾ ਪੂਰੇ ਜਹਾਨ ਵਿਚ ਕਿਸੇ ਨੇ ਨਹੀਂ ਕੀਤਾ। ਫਿਰ ਵੀ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਦੁਸ਼ਮਣਾਂ ਨੇ ਉਸ ʼਤੇ ਕਿਹੜਾ ਇਲਜ਼ਾਮ ਲਗਾਇਆ? ਪਰਮੇਸ਼ੁਰ ਦੀ ਨਿੰਦਿਆ ਕਰਨ ਦਾ। ਯਿਸੂ ਨੂੰ ਪਤਾ ਸੀ ਕਿ ਆਪਣੇ ਪਿਤਾ ਦੇ ਪਵਿੱਤਰ ਨਾਂ ਨੂੰ ਬਦਨਾਮ ਕਰਨਾ ਸਭ ਤੋਂ ਵੱਡਾ ਪਾਪ ਹੈ। ਉਹ ਜਾਣਦਾ ਸੀ ਕਿ ਉਸ ʼਤੇ ਇਹੀ ਇਲਜ਼ਾਮ ਲਗਾਇਆ ਜਾਵੇਗਾ। ਸ਼ਾਇਦ ਇਸੇ ਕਰਕੇ ਗਿਰਫ਼ਤਾਰ ਹੋਣ ਤੋਂ ਪਹਿਲਾਂ ਯਿਸੂ “ਮਨੋਂ ਬੜਾ ਦੁਖੀ ਹੋਇਆ।”​—ਲੂਕਾ 22:41-44.

12. ਯਿਸੂ ਨੇ ਕਿਵੇਂ ਸਭ ਤੋਂ ਔਖੀ ਘੜੀ ਵਿਚ ਵੀ ਆਪਣੇ ਪਿਤਾ ਦਾ ਨਾਂ ਪਵਿੱਤਰ ਕੀਤਾ?

12 ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨ ਲਈ ਯਿਸੂ ਨੇ ਹਰ ਤਰ੍ਹਾਂ ਦਾ ਜ਼ੁਲਮ, ਬੇਇੱਜ਼ਤੀ ਅਤੇ ਬਦਨਾਮੀ ਸਹੀ। ਉਹ ਜਾਣਦਾ ਸੀ ਕਿ ਉਸ ਨੇ ਹਮੇਸ਼ਾ ਆਪਣੇ ਪਿਤਾ ਦਾ ਕਹਿਣਾ ਮੰਨਿਆ ਸੀ ਅਤੇ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ। ਇਸ ਕਰਕੇ ਉਸ ਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਸੀ। (ਇਬ. 12:2) ਉਸ ਨੂੰ ਇਹ ਵੀ ਪਤਾ ਸੀ ਕਿ ਉਸ ਔਖੀ ਘੜੀ ਵਿਚ ਸ਼ੈਤਾਨ ਉਸ ʼਤੇ ਸਿੱਧੇ ਹਮਲੇ ਕਰ ਰਿਹਾ ਸੀ। (ਲੂਕਾ 22:2-4; 23:33, 34) ਸ਼ੈਤਾਨ ਨੂੰ ਜ਼ਰੂਰ ਲੱਗਾ ਹੋਣਾ ਕਿ ਯਿਸੂ ਯਹੋਵਾਹ ਦਾ ਵਫ਼ਾਦਾਰ ਨਹੀਂ ਰਹੇਗਾ, ਪਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਯਿਸੂ ਨੇ ਨਾ ਸਿਰਫ਼ ਇਹ ਸਾਬਤ ਕੀਤਾ ਕਿ ਸ਼ੈਤਾਨ ਇਕ ਨੰਬਰ ਦਾ ਝੂਠਾ ਹੈ, ਸਗੋਂ ਇਹ ਵੀ ਸਾਬਤ ਕੀਤਾ ਕਿ ਇਸ ਦੁਨੀਆਂ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕ ਹਨ ਜੋ ਔਖੀ ਤੋਂ ਔਖੀ ਘੜੀ ਵਿਚ ਵੀ ਆਪਣੀ ਖਰਿਆਈ ਬਣਾਈ ਰੱਖਦੇ ਹਨ।

13. ਤੁਸੀਂ ਆਪਣੇ ਰਾਜੇ ਯਿਸੂ ਨੂੰ ਖ਼ੁਸ਼ ਕਰਨ ਲਈ ਕੀ ਕਰ ਸਕਦੇ ਹੋ?

13 ਕੀ ਤੁਸੀਂ ਆਪਣੇ ਰਾਜੇ ਯਿਸੂ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ? ਤਾਂ ਫਿਰ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਰਹੋ, ਦੂਜਿਆਂ ਨੂੰ ਇਹ ਦੱਸਦੇ ਰਹੋ ਕਿ ਪਰਮੇਸ਼ੁਰ ਅਸਲ ਵਿਚ ਕਿਹੋ ਜਿਹਾ ਹੈ। ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲ ਰਹੇ ਹੋਵੋਗੇ। (1 ਪਤ. 2:21) ਯਿਸੂ ਵਾਂਗ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੇ ਹੋਵੋਗੇ ਅਤੇ ਇਹ ਸਾਬਤ ਕਰ ਰਹੇ ਹੋਵੋਗੇ ਕਿ ਉਸ ਦੇ ਦੁਸ਼ਮਣ ਸ਼ੈਤਾਨ ਨੇ ਜੋ ਇਲਜ਼ਾਮ ਲਾਏ ਹਨ, ਉਹ ਇਕਦਮ ਬੇਬੁਨਿਆਦ ਅਤੇ ਝੂਠੇ ਹਨ।

ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ

14-15. ਜਦੋਂ ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਦੱਸਦੇ ਹਾਂ, ਤਾਂ ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ?

14 ਜਦੋਂ ਅਸੀਂ ਯਹੋਵਾਹ ਦੇ ਨਾਂ ਦੀ ਤਾਰੀਫ਼ ਕਰਦੇ ਹਾਂ, ਤਾਂ ਇਸ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਉਹ ਕਿਵੇਂ? ਸ਼ੈਤਾਨ ਨੇ ‘ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ।’ (2 ਕੁਰਿੰ. 4:4) ਇਸ ਕਰਕੇ ਲੋਕ ਸ਼ੈਤਾਨ ਦੀਆਂ ਫੈਲਾਈਆਂ ਝੂਠੀਆਂ ਸਿੱਖਿਆਵਾਂ ʼਤੇ ਵਿਸ਼ਵਾਸ ਕਰਦੇ ਹਨ। ਜਿਵੇਂ, ਪਰਮੇਸ਼ੁਰ ਹੈ ਹੀ ਨਹੀਂ, ਜੇ ਹੈ, ਤਾਂ ਉਹ ਇਨਸਾਨਾਂ ਤੋਂ ਬਹੁਤ ਦੂਰ ਹੈ ਅਤੇ ਉਸ ਨੂੰ ਇਨਸਾਨਾਂ ਦਾ ਕੋਈ ਫ਼ਿਕਰ ਨਹੀਂ ਹੈ, ਪਰਮੇਸ਼ੁਰ ਬਹੁਤ ਜ਼ਾਲਮ ਹੈ ਅਤੇ ਪਾਪ ਕਰਨ ਵਾਲਿਆਂ ਨੂੰ ਹਮੇਸ਼ਾ ਲਈ ਤੜਫਾਉਂਦਾ ਹੈ। ਸ਼ੈਤਾਨ ਨੇ ਇਹ ਸਾਰੇ ਝੂਠ ਇਸ ਲਈ ਫੈਲਾਏ ਕਿਉਂਕਿ ਉਹ ਯਹੋਵਾਹ ਦਾ ਨਾਂ ਮਿੱਟੀ ਵਿਚ ਮਿਲਾਉਣਾ ਚਾਹੁੰਦਾ ਹੈ ਅਤੇ ਉਸ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਤਾਂਕਿ ਲੋਕ ਉਸ ਦੇ ਨੇੜੇ ਆਉਣ ਦੀ ਬਜਾਇ ਉਸ ਤੋਂ ਦੂਰ ਚਲੇ ਜਾਣ। ਪਰ ਪ੍ਰਚਾਰ ਕਰ ਕੇ ਅਸੀਂ ਸ਼ੈਤਾਨ ਦੇ ਮਕਸਦ ਨੂੰ ਨਾਕਾਮ ਕਰਦੇ ਹਾਂ। ਅਸੀਂ ਲੋਕਾਂ ਨੂੰ ਆਪਣੇ ਪਿਤਾ ਬਾਰੇ ਸੱਚਾਈ ਦੱਸਦੇ ਹਾਂ ਅਤੇ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰਦੇ ਹਾਂ। ਇਸ ਦਾ ਕੀ ਨਤੀਜਾ ਨਿਕਲਦਾ ਹੈ?

15 ਪਰਮੇਸ਼ੁਰ ਦੇ ਬਚਨ ਵਿਚ ਜ਼ਬਰਦਸਤ ਤਾਕਤ ਹੈ। ਜਦੋਂ ਅਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਯਹੋਵਾਹ ਬਾਰੇ ਸਿਖਾਉਂਦੇ ਹਾਂ ਤੇ ਇਹ ਦੱਸਦੇ ਹਾਂ ਕਿ ਉਹ ਅਸਲ ਵਿਚ ਕਿਹੋ ਜਿਹਾ ਪਰਮੇਸ਼ੁਰ ਹੈ, ਤਾਂ ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਸ਼ੈਤਾਨ ਨੇ ਲੋਕਾਂ ਦੀਆਂ ਅੱਖਾਂ ʼਤੇ ਝੂਠ ਦਾ ਜੋ ਪਰਦਾ ਪਾਇਆ ਹੈ, ਉਹ ਹਟ ਜਾਂਦਾ ਹੈ ਅਤੇ ਲੋਕ ਸਾਡੇ ਵਾਂਗ ਯਹੋਵਾਹ ਨੂੰ ਪਿਆਰ ਕਰਨ ਲੱਗ ਪੈਂਦੇ ਹਨ। ਯਹੋਵਾਹ ਦੀ ਅਸੀਮ ਤਾਕਤ ਬਾਰੇ ਜਾਣ ਕੇ ਉਨ੍ਹਾਂ ਦੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ। (ਯਸਾ. 40:26) ਉਸ ਦੇ ਨਿਆਂ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਤਸੱਲੀ ਮਿਲਦੀ ਹੈ। (ਬਿਵ. 32:4) ਉਸ ਦੀ ਜ਼ਬਰਦਸਤ ਬੁੱਧ ਬਾਰੇ ਜਾਣ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। (ਯਸਾ. 55:9; ਰੋਮੀ. 11:33) ਜਦੋਂ ਉਹ ਸਿੱਖਦੇ ਹਾਂ ਕਿ ਬਾਈਬਲ ਵਿਚ ਯਹੋਵਾਹ ਨੂੰ ਪਿਆਰ ਕਿਹਾ ਗਿਆ ਹੈ, ਤਾਂ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਦਾ ਹੈ। (1 ਯੂਹੰ. 4:8) ਉਹ ਯਹੋਵਾਹ ਵੱਲ ਖਿੱਚੇ ਜਾਂਦੇ ਹਨ, ਹੌਲੀ-ਹੌਲੀ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਜਾਂਦਾ ਹੈ ਅਤੇ ਉਸ ਦੇ ਬੱਚਿਆਂ ਵਜੋਂ ਹਮੇਸ਼ਾ ਜੀਉਂਦੇ ਰਹਿਣ ਦੀ ਉਨ੍ਹਾਂ ਦੀ ਉਮੀਦ ਪੱਕੀ ਹੁੰਦੀ ਜਾਂਦੀ ਹੈ। ਸੱਚ-ਮੁੱਚ, ਆਪਣੇ ਪਿਤਾ ਯਹੋਵਾਹ ਦੇ ਨੇੜੇ ਆਉਣ ਵਿਚ ਲੋਕਾਂ ਦੀ ਮਦਦ ਕਰਨੀ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ! ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਆਪਣੇ ਨਾਲ “ਮਿਲ ਕੇ ਕੰਮ” ਕਰਨ ਵਾਲੇ ਸਮਝਦਾ ਹੈ।​—1 ਕੁਰਿੰ. 3:5, 9.

16. ਪਰਮੇਸ਼ੁਰ ਦਾ ਨਾਂ ਜਾਣ ਕੇ ਕੁਝ ਲੋਕਾਂ ਨੂੰ ਕਿੱਦਾਂ ਲੱਗਾ? ਕੁਝ ਮਿਸਾਲਾਂ ਦਿਓ।

16 ਸ਼ੁਰੂ-ਸ਼ੁਰੂ ਵਿਚ ਅਸੀਂ ਸ਼ਾਇਦ ਲੋਕਾਂ ਨੂੰ ਬੱਸ ਇੰਨਾ ਹੀ ਦੱਸੀਏ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਇੰਨੇ ਨਾਲ ਹੀ ਨੇਕਦਿਲ ਲੋਕਾਂ ʼਤੇ ਬਹੁਤ ਅਸਰ ਪੈਂਦਾ ਹੈ। ਆਲਿਆ b ਨਾਂ ਦੀ ਨੌਜਵਾਨ ਦੀ ਮਿਸਾਲ ʼਤੇ ਗੌਰ ਕਰੋ। ਬਚਪਨ ਵਿਚ ਉਸ ਨੂੰ ਬਾਈਬਲ ਬਾਰੇ ਕੁਝ ਵੀ ਪਤਾ ਨਹੀਂ ਸੀ। ਉਹ ਆਪਣੇ ਧਰਮ ਤੋਂ ਵੀ ਖ਼ੁਸ਼ ਨਹੀਂ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਪਰਮੇਸ਼ੁਰ ਉਸ ਤੋਂ ਬਹੁਤ ਦੂਰ ਹੈ। ਪਰ ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਉਸ ਦੀ ਸੋਚ ਬਦਲ ਗਈ। ਉਹ ਸਮਝ ਸਕੀ ਕਿ ਉਹ ਪਰਮੇਸ਼ੁਰ ਦੀ ਦੋਸਤ ਬਣ ਸਕਦੀ ਹੈ। ਉਸ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਬਾਈਬਲ ਦੇ ਕਈ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ “ਪ੍ਰਭੂ” ਵਰਗੇ ਖ਼ਿਤਾਬ ਪਾ ਦਿੱਤੇ ਗਏ ਹਨ। ਯਹੋਵਾਹ ਦੇ ਨਾਂ ਬਾਰੇ ਜਾਣ ਕੇ ਉਸ ਦੀ ਜ਼ਿੰਦਗੀ ਬਦਲ ਗਈ। ਉਹ ਖ਼ੁਸ਼ੀ ਨਾਲ ਦੱਸਦੀ ਹੈ: “ਮੇਰੇ ਸਭ ਤੋਂ ਵਧੀਆ ਦੋਸਤ ਦਾ ਇਕ ਨਾਂ ਵੀ ਹੈ।” ਇਹ ਸੱਚਾਈ ਜਾਣ ਕੇ ਉਸ ਨੇ ਕਿਹਾ: “ਹੁਣ ਮੈਂ ਸਕੂਨ ਮਹਿਸੂਸ ਕਰਦੀ ਹਾਂ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਯਹੋਵਾਹ ਨੂੰ ਜਾਣਨ ਦਾ ਮੌਕਾ ਮਿਲਿਆ।” ਹੁਣ ਜ਼ਰਾ ਸਟੀਵ ਨਾਂ ਦੇ ਇਕ ਆਦਮੀ ਦੀ ਮਿਸਾਲ ʼਤੇ ਧਿਆਨ ਦਿਓ। ਉਹ ਪਹਿਲਾਂ ਇਕ ਸੰਗੀਤਕਾਰ ਸੀ ਤੇ ਉਸ ਦੀ ਪਰਵਰਿਸ਼ ਇਕ ਕੱਟੜ ਯਹੂਦੀ ਪਰਿਵਾਰ ਵਿਚ ਹੋਈ ਸੀ। ਪਰ ਹੌਲੀ-ਹੌਲੀ ਉਸ ਨੇ ਧਰਮ ਨਾਲੋਂ ਆਪਣਾ ਨਾਤਾ ਤੋੜ ਲਿਆ ਕਿਉਂਕਿ ਉਸ ਨੇ ਦੇਖਿਆ ਕਿ ਧਰਮਾਂ ਦੇ ਲੋਕ ਸਿਖਾਉਂਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ। ਪਰ ਜਦੋਂ ਉਹ ਆਪਣੀ ਮੰਮੀ ਦੀ ਮੌਤ ਦਾ ਗਮ ਸਹਿ ਰਿਹਾ ਸੀ, ਤਾਂ ਉਹ ਇਕ ਬਾਈਬਲ ਸਟੱਡੀ ਵਿਚ ਬੈਠਣ ਲਈ ਰਾਜ਼ੀ ਹੋ ਗਿਆ। ਜਦੋਂ ਉਸ ਨੇ ਪਰਮੇਸ਼ੁਰ ਦਾ ਨਾਂ ਸੁਣਿਆ, ਤਾਂ ਉਸ ਦੇ ਦਿਲ ʼਤੇ ਗਹਿਰਾ ਅਸਰ ਪਿਆ। ਉਸ ਨੇ ਕਿਹਾ: “ਮੈਂ ਪਹਿਲਾਂ ਕਦੀ ਵੀ ਪਰਮੇਸ਼ੁਰ ਦਾ ਨਾਂ ਨਹੀਂ ਸੁਣਿਆ ਸੀ।” ਉਸ ਨੇ ਇਹ ਵੀ ਕਿਹਾ: “ਮੈਂ ਪਹਿਲੀ ਵਾਰ ਜਾਣਿਆ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਇਕ ਅਸਲੀ ਸ਼ਖ਼ਸ ਹੈ। ਮੈਂ ਸਮਝ ਗਿਆ ਕਿ ਮੈਨੂੰ ਇਕ ਦੋਸਤ ਮਿਲ ਗਿਆ ਹੈ।”

17. ਤੁਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਰਹਿਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ? (ਤਸਵੀਰ ਵੀ ਦੇਖੋ।)

17 ਕੀ ਤੁਸੀਂ ਪ੍ਰਚਾਰ ਕਰਦੇ ਅਤੇ ਸਿਖਾਉਂਦੇ ਵੇਲੇ ਲੋਕਾਂ ਨੂੰ ਦੱਸਦੇ ਹੋ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ? ਕੀ ਤੁਸੀਂ ਉਨ੍ਹਾਂ ਨੂੰ ਸਮਝਾਉਂਦੇ ਹੋ ਕਿ ਸਾਡਾ ਪਰਮੇਸ਼ੁਰ ਅਸਲ ਵਿਚ ਕਿਹੋ ਜਿਹਾ ਹੈ? ਇੱਦਾਂ ਕਰ ਕੇ ਤੁਸੀਂ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰ ਰਹੇ ਹੁੰਦੇ ਹੋ। ਸਾਡੀ ਦੁਆ ਹੈ ਕਿ ਤੁਸੀਂ ਹਮੇਸ਼ਾ ਯਹੋਵਾਹ ਦੇ ਪਵਿੱਤਰ ਨਾਂ ਦੀ ਮਹਿਮਾ ਕਰਦੇ ਰਹੋ ਅਤੇ ਉਸ ਬਾਰੇ ਜਾਣਨ ਵਿਚ ਲੋਕਾਂ ਦੀ ਮਦਦ ਕਰਦੇ ਰਹੋ। ਇਸ ਤਰ੍ਹਾਂ ਤੁਸੀਂ ਲੋਕਾਂ ਦੀਆਂ ਜਾਨਾਂ ਬਚਾ ਸਕੋਗੇ। ਤੁਸੀਂ ਆਪਣੇ ਰਾਜੇ ਯਿਸੂ ਮਸੀਹ ਦੀ ਰੀਸ ਕਰ ਰਹੇ ਹੋਵੋਗੇ। ਨਾਲੇ ਸਭ ਤੋਂ ਵੱਧ ਕੇ ਤੁਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੇ ਹੋਵੋਗੇ। ਤਾਂ ਫਿਰ ਆਓ ਆਪਾਂ ‘ਸਦਾ ਉਸ ਦੇ ਨਾਂ ਦੀ ਮਹਿਮਾ ਕਰੀਏ।’​—ਜ਼ਬੂ. 145:2.

ਅਸੀਂ ਲੋਕਾਂ ਨੂੰ ਯਹੋਵਾਹ ਦਾ ਨਾਂ ਦੱਸ ਕੇ ਅਤੇ ਉਸ ਬਾਰੇ ਸਿਖਾ ਕੇ ਉਸ ਦੇ ਨਾਂ ਦੀ ਮਹਿਮਾ ਕਰਦੇ ਹਾਂ (ਪੈਰਾ 17 ਦੇਖੋ)

ਜਦੋਂ ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਾਂ, ਤਾਂ ਇਸ ਨਾਲ . . .

  • ਯਹੋਵਾਹ ਕਿਵੇਂ ਖ਼ੁਸ਼ ਹੁੰਦਾ ਹੈ?

  • ਯਿਸੂ ਕਿਵੇਂ ਖ਼ੁਸ਼ ਹੁੰਦਾ ਹੈ?

  • ਲੋਕਾਂ ਦੀਆਂ ਜਾਨਾਂ ਕਿਵੇਂ ਬਚ ਸਕਦੀਆਂ ਹਨ?

ਗੀਤ 2 ਯਹੋਵਾਹ ਤੇਰਾ ਨਾਮ

a ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸ਼ੁਰੂਆਤ ਵਿਚ ਜਦੋਂ ਮਰਕੁਸ ਨੇ ਯਿਸੂ ਦੀ ਕਹੀ ਗੱਲ ਲਿਖੀ ਸੀ, ਤਾਂ ਉਸ ਨੇ ਪਰਮੇਸ਼ੁਰ ਦਾ ਨਾਂ ਲਿਖਿਆ ਸੀ। ਇਸ ਲਈ ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿਚ ਇਸ ਆਇਤ ਵਿਚ ਯਹੋਵਾਹ ਦਾ ਨਾਂ ਲਿਖਿਆ ਗਿਆ ਹੈ। ਇਸ ਆਇਤ ਨਾਲ ਦਿੱਤਾ ਸਟੱਡੀ ਨੋਟ (ਹਿੰਦੀ) ਦੇਖੋ।

b ਕੁਝ ਨਾਂ ਬਦਲੇ ਗਏ ਹਨ।