Skip to content

Skip to table of contents

ਅਧਿਐਨ ਲੇਖ 7

ਗੀਤ 51 ਪਰਮੇਸ਼ੁਰ ਨੂੰ ਜੀਵਨ ਅਰਪਿਤ

ਅਸੀਂ ਨਜ਼ੀਰਾਂ ਤੋਂ ਕੀ ਸਿੱਖ ਸਕਦੇ ਹਾਂ?

ਅਸੀਂ ਨਜ਼ੀਰਾਂ ਤੋਂ ਕੀ ਸਿੱਖ ਸਕਦੇ ਹਾਂ?

“ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਯਹੋਵਾਹ ਲਈ ਪਵਿੱਤਰ ਹੈ।”​—ਗਿਣ. 6:8.

ਕੀ ਸਿੱਖਾਂਗੇ?

ਨਜ਼ੀਰਾਂ ਦੀ ਮਿਸਾਲ ਤੋਂ ਅਸੀਂ ਸਿੱਖਾਂਗੇ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਲਈ ਕਿੱਦਾਂ ਖ਼ੁਸ਼ੀ-ਖ਼ੁਸ਼ੀ ਤਿਆਗ ਕਰ ਸਕਦੇ ਹਾਂ ਅਤੇ ਹਿੰਮਤ ਤੋਂ ਕੰਮ ਲੈ ਸਕਦੇ ਹਾਂ।

1. ਪੁਰਾਣੇ ਸਮੇਂ ਤੋਂ ਯਹੋਵਾਹ ਦੇ ਸੇਵਕ ਕਿੱਦਾਂ ਦਾ ਰਵੱਈਆ ਦਿਖਾਉਂਦੇ ਆ ਰਹੇ ਹਨ?

 ਕੀ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹੋ? ਬੇਸ਼ੱਕ ਤੁਸੀਂ ਇੱਦਾਂ ਹੀ ਸਮਝਦੇ ਹੋਣੇ। ਪੁਰਾਣੇ ਜ਼ਮਾਨੇ ਤੋਂ ਲੈ ਕੇ ਹੁਣ ਤਕ ਇੱਦਾਂ ਦੇ ਬਹੁਤ ਸਾਰੇ ਲੋਕ ਹਨ ਜੋ ਤੁਹਾਡੇ ਵਾਂਗ ਹੀ ਮਹਿਸੂਸ ਕਰਦੇ ਹਨ। (ਜ਼ਬੂ. 104:33, 34) ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਯਹੋਵਾਹ ਦੀ ਸੇਵਾ ਵਿਚ ਕਈ ਤਿਆਗ ਕੀਤੇ। ਪੁਰਾਣੇ ਇਜ਼ਰਾਈਲ ਵਿਚ ਇੱਦਾਂ ਦੇ ਹੀ ਕੁਝ ਲੋਕ ਸਨ ਜਿਨ੍ਹਾਂ ਨੂੰ ਨਜ਼ੀਰ ਕਿਹਾ ਜਾਂਦਾ ਸੀ। ਉਹ ਕੌਣ ਸਨ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

2. (ੳ) ਨਜ਼ੀਰ ਕੌਣ ਸਨ? (ਗਿਣਤੀ 6:1, 2) (ਅ) ਕੁਝ ਇਜ਼ਰਾਈਲੀ ਨਜ਼ੀਰ ਬਣਨ ਦੀ ਸੁੱਖਣਾ ਕਿਉਂ ਸੁੱਖਦੇ ਸਨ?

2 ਸ਼ਬਦ “ਨਜ਼ੀਰ” ਇਬਰਾਨੀ ਭਾਸ਼ਾ ਵਿੱਚੋਂ ਆਇਆ ਹੈ ਜਿਸ ਦਾ ਮਤਲਬ ਹੈ “ਚੁਣਿਆ ਗਿਆ,” “ਸਮਰਪਿਤ” ਜਾਂ “ਵੱਖਰਾ ਰੱਖਿਆ ਗਿਆ।” ਇਹ ਸ਼ਬਦ ਉਨ੍ਹਾਂ ਜੋਸ਼ੀਲੇ ਇਜ਼ਰਾਈਲੀਆਂ ʼਤੇ ਬਿਲਕੁਲ ਸਹੀ ਢੁਕਦਾ ਸੀ ਜੋ ਖ਼ਾਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਤਿਆਗ ਕਰਦੇ ਸਨ। ਮੂਸਾ ਦੇ ਕਾਨੂੰਨ ਅਨੁਸਾਰ ਇਕ ਆਦਮੀ ਜਾਂ ਔਰਤ ਆਪਣੀ ਇੱਛਾ ਨਾਲ ਕੁਝ ਸਮੇਂ ਲਈ ਨਜ਼ੀਰ ਵਜੋਂ ਯਹੋਵਾਹ ਦੀ ਸੇਵਾ ਕਰਨ ਦੀ ਖ਼ਾਸ ਸੁੱਖਣਾ ਸੁੱਖ ਸਕਦਾ ਸੀ। a (ਗਿਣਤੀ 6:1, 2 ਪੜ੍ਹੋ।) ਇਹ ਸੁੱਖਣਾ ਸੁੱਖਣ ਕਰਕੇ ਇਕ ਨਜ਼ੀਰ ਨੂੰ ਕੁਝ ਅਜਿਹੀਆਂ ਹਿਦਾਇਤਾਂ ਮੰਨਣੀਆਂ ਪੈਂਦੀਆਂ ਸਨ ਜੋ ਬਾਕੀ ਇਜ਼ਰਾਈਲੀਆਂ ʼਤੇ ਲਾਗੂ ਨਹੀਂ ਹੁੰਦੀਆਂ ਸਨ। ਤਾਂ ਫਿਰ ਇਕ ਇਜ਼ਰਾਈਲੀ ਨਜ਼ੀਰ ਬਣਨ ਦੀ ਸੁੱਖਣਾ ਕਿਉਂ ਸੁੱਖਦਾ ਸੀ? ਉਹ ਇਸ ਲਈ ਕਿਉਂਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਯਹੋਵਾਹ ਵੱਲੋਂ ਦਿੱਤੀਆਂ ਬਰਕਤਾਂ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦਾ ਸੀ।​—ਬਿਵ. 6:5; 16:17.

3. ਅੱਜ ਪਰਮੇਸ਼ੁਰ ਦੇ ਲੋਕ ਨਜ਼ੀਰਾਂ ਵਰਗੇ ਕਿਵੇਂ ਹਨ?

3 ਜਦੋਂ “ਮਸੀਹ ਦਾ ਕਾਨੂੰਨ” ਆਉਣ ਨਾਲ ਮੂਸਾ ਦਾ ਕਾਨੂੰਨ ਰੱਦ ਹੋ ਗਿਆ, ਤਾਂ ਉਦੋਂ ਨਜ਼ੀਰ ਬਣਨ ਦਾ ਇੰਤਜ਼ਾਮ ਵੀ ਖ਼ਤਮ ਹੋ ਗਿਆ। (ਗਲਾ. 6:2; ਰੋਮੀ. 10:4) ਪਰ ਪਰਮੇਸ਼ੁਰ ਦੇ ਲੋਕ ਅੱਜ ਵੀ ਨਜ਼ੀਰਾਂ ਵਾਂਗ ਉਸ ਦੀ ਸੇਵਾ ਕਰਦੇ ਹਨ। ਉਹ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। (ਮਰ. 12:30) ਪਰਮੇਸ਼ੁਰ ਨੂੰ ਖ਼ੁਸ਼ੀ-ਖ਼ੁਸ਼ੀ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਉਹ ਇਕ ਤਰ੍ਹਾਂ ਨਾਲ ਸੁੱਖਣਾ ਸੁੱਖਦੇ ਹਨ। ਇਹ ਸੁੱਖਣਾ ਪੂਰੀ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਣ ਅਤੇ ਕਈ ਤਿਆਗ ਕਰਨ ਦੀ ਲੋੜ ਹੁੰਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਨਜ਼ੀਰ ਕਿਵੇਂ ਆਪਣੀ ਸੁੱਖਣਾ ਪੂਰੀ ਕਰਦੇ ਸਨ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ। b (ਮੱਤੀ 16:24) ਆਓ ਕੁਝ ਮਿਸਾਲਾਂ ʼਤੇ ਗੌਰ ਕਰੀਏ।

ਤਿਆਗ ਕਰਨ ਲਈ ਹਮੇਸ਼ਾ ਤਿਆਰ ਰਹੋ

4. ਗਿਣਤੀ 6:3, 4 ਮੁਤਾਬਕ ਨਜ਼ੀਰ ਕਿਹੜੇ ਤਿਆਗ ਕਰਦੇ ਸਨ?

4 ਗਿਣਤੀ 6:3, 4 ਪੜ੍ਹੋ। ਨਜ਼ੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਅਤੇ ਅੰਗੂਰਾਂ ਦੀ ਵੇਲ ਤੋਂ ਆਈ ਕੋਈ ਵੀ ਚੀਜ਼ ਖਾਣ ਤੋਂ ਮਨਾਹੀ ਸੀ, ਜਿਵੇਂ ਅੰਗੂਰ ਜਾਂ ਸੌਗੀਆਂ। ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਲੋਕ ਅਕਸਰ ਇਨ੍ਹਾਂ ਚੀਜ਼ਾਂ ਦਾ ਮਜ਼ਾ ਲੈਂਦੇ ਸਨ ਅਤੇ ਇਸ ਵਿਚ ਕੁਝ ਗ਼ਲਤ ਵੀ ਨਹੀਂ ਸੀ। ਬਾਈਬਲ ਦੱਸਦੀ ਹੈ ਕਿ ‘ਦਾਖਰਸ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ’ ਕਿਉਂਕਿ ਇਹ ਪਰਮੇਸ਼ੁਰ ਵੱਲੋਂ ਤੋਹਫ਼ਾ ਹੈ। (ਜ਼ਬੂ 104:14, 15) ਫਿਰ ਵੀ ਨਜ਼ੀਰ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਸਨ। c

ਕੀ ਤੁਸੀਂ ਵੀ ਨਜ਼ੀਰਾਂ ਵਾਂਗ ਤਿਆਗ ਕਰਨ ਲਈ ਤਿਆਰ ਹੋ? (ਪੈਰੇ 4-6 ਦੇਖੋ)


5. ਮਾਦਿਆਨ ਅਤੇ ਮਾਰਸੈਲਾ ਨੇ ਕਿਹੜੇ ਤਿਆਗ ਕੀਤੇ ਅਤੇ ਕਿਉਂ?

5 ਨਜ਼ੀਰਾਂ ਵਾਂਗ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਅਸੀਂ ਵੀ ਕਈ ਤਿਆਗ ਕਰਦੇ ਹਾਂ। ਮਾਦਿਆਨ ਅਤੇ ਮਾਰਸੈਲਾ ਦੀ ਮਿਸਾਲ ʼਤੇ ਗੌਰ ਕਰੋ। d ਇਹ ਜੋੜਾ ਕਾਫ਼ੀ ਆਰਾਮਦਾਇਕ ਜ਼ਿੰਦਗੀ ਜੀ ਰਿਹਾ ਸੀ। ਭਰਾ ਕੋਲ ਚੰਗੀ ਨੌਕਰੀ ਸੀ ਅਤੇ ਉਨ੍ਹਾਂ ਕੋਲ ਇਕ ਸੋਹਣਾ ਘਰ ਸੀ। ਪਰ ਉਹ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕੁਝ ਫੇਰ-ਬਦਲ ਕਰਨ ਦਾ ਫ਼ੈਸਲਾ ਕੀਤਾ। ਉਹ ਕਹਿੰਦੇ ਹਨ: “ਅਸੀਂ ਆਪਣੇ ਖ਼ਰਚੇ ਘਟਾ ਦਿੱਤੇ। ਫਿਰ ਅਸੀਂ ਇਕ ਛੋਟੇ ਘਰ ਵਿਚ ਰਹਿਣ ਲੱਗ ਪਏ ਅਤੇ ਅਸੀਂ ਆਪਣੀ ਕਾਰ ਵੇਚ ਦਿੱਤੀ।” ਦੇਖਿਆ ਜਾਵੇ ਤਾਂ ਕਿਸੇ ਨੇ ਵੀ ਇਸ ਜੋੜੇ ਨੂੰ ਇਹ ਕੁਰਬਾਨੀਆਂ ਕਰਨ ਲਈ ਮਜਬੂਰ ਨਹੀਂ ਕੀਤਾ ਸੀ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇੱਦਾਂ ਕੀਤਾ ਤਾਂਕਿ ਉਹ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕਣ। ਉਨ੍ਹਾਂ ਨੇ ਜੋ ਫ਼ੈਸਲੇ ਕੀਤੇ, ਉਸ ਤੋਂ ਉਹ ਬਹੁਤ ਖ਼ੁਸ਼ ਹਨ।

6. ਅੱਜ ਯਹੋਵਾਹ ਦੇ ਲੋਕ ਤਿਆਗ ਕਿਉਂ ਕਰਦੇ ਹਨ? (ਤਸਵੀਰ ਵੀ ਦੇਖੋ।)

6 ਅੱਜ ਯਹੋਵਾਹ ਦੇ ਲੋਕ ਖ਼ੁਸ਼ੀ-ਖ਼ੁਸ਼ੀ ਕਈ ਤਿਆਗ ਕਰਦੇ ਹਨ ਤਾਂਕਿ ਉਹ ਰਾਜ ਨਾਲ ਜੁੜੇ ਕੰਮਾਂ ਵਿਚ ਜ਼ਿਆਦਾ ਸਮਾਂ ਲਗਾ ਸਕਣ। (1 ਕੁਰਿੰ. 9:3-6) ਯਹੋਵਾਹ ਕਿਸੇ ਨੂੰ ਵੀ ਇਹ ਤਿਆਗ ਕਰਨ ਲਈ ਮਜਬੂਰ ਨਹੀਂ ਕਰਦਾ ਅਤੇ ਨਾ ਹੀ ਭੈਣ-ਭਰਾ ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਦੇ ਹਨ, ਉਨ੍ਹਾਂ ਵਿਚ ਕੋਈ ਬੁਰਾਈ ਹੈ। ਮਿਸਾਲ ਲਈ, ਕੁਝ ਭੈਣ-ਭਰਾ ਆਪਣੀ ਮਨਪਸੰਦ ਨੌਕਰੀ ਨਹੀਂ ਕਰਦੇ, ਘਰ ਨਹੀਂ ਬਣਾਉਂਦੇ ਜਾਂ ਕੋਈ ਪਾਲਤੂ ਜਾਨਵਰ ਨਹੀਂ ਰੱਖਦੇ। ਕਈਆਂ ਨੇ ਫ਼ੈਸਲਾ ਲਿਆ ਹੈ ਕਿ ਉਹ ਕੁਝ ਸਮੇਂ ਤਕ ਵਿਆਹ ਨਹੀਂ ਕਰਨਗੇ ਜਾਂ ਬੱਚੇ ਨਹੀਂ ਕਰਨਗੇ। ਨਾਲੇ ਕੁਝ ਜਣਿਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਉਸ ਜਗ੍ਹਾ ਜਾ ਕੇ ਸੇਵਾ ਕਰਨਗੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਫਿਰ ਭਾਵੇਂ ਇਸ ਕਰਕੇ ਉਨ੍ਹਾਂ ਨੂੰ ਆਪਣੇ ਘਰਦਿਆਂ ਅਤੇ ਦੋਸਤਾਂ ਤੋਂ ਦੂਰ ਹੀ ਕਿਉਂ ਨਾ ਰਹਿਣਾ ਪਵੇ। ਉਹ ਖ਼ੁਸ਼ੀ-ਖ਼ੁਸ਼ੀ ਇਹ ਤਿਆਗ ਕਰਦੇ ਹਨ ਕਿਉਂਕਿ ਉਹ ਪੂਰੇ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਭਰੋਸਾ ਰੱਖੋ ਕਿ ਯਹੋਵਾਹ ਦੀ ਸੇਵਾ ਕਰਨ ਲਈ ਤੁਸੀਂ ਛੋਟੇ-ਵੱਡੇ ਜੋ ਵੀ ਤਿਆਗ ਕਰਦੇ ਹੋ, ਉਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ।​—ਇਬ. 6:10.

ਦੂਜਿਆਂ ਤੋਂ ਵੱਖਰੇ ਨਜ਼ਰ ਆਉਣ ਲਈ ਤਿਆਰ ਰਹੋ

7. ਇਕ ਨਜ਼ੀਰ ਨੂੰ ਆਪਣੀ ਸੁੱਖਣਾ ਪੂਰੀ ਕਰਨ ਲਈ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੋਣਾ? (ਗਿਣਤੀ 6:5) (ਤਸਵੀਰ ਵੀ ਦੇਖੋ।)

7 ਗਿਣਤੀ 6:5 ਪੜ੍ਹੋ। ਨਜ਼ੀਰਾਂ ਦੀ ਸੁੱਖਣਾ ਮੁਤਾਬਕ ਉਹ ਆਪਣੇ ਵਾਲ਼ ਨਹੀਂ ਕਟਵਾ ਸਕਦੇ ਸਨ। ਇੱਦਾਂ ਉਹ ਦਿਖਾਉਂਦੇ ਸਨ ਕਿ ਉਹ ਪੂਰੀ ਤਰ੍ਹਾਂ ਯਹੋਵਾਹ ਦੇ ਅਧੀਨ ਹਨ। ਉਨ੍ਹਾਂ ਦੇ ਲੰਬੇ ਵਾਲ਼ਾਂ ਤੋਂ ਲੋਕ ਇਹ ਸਾਫ਼ ਦੇਖ ਸਕਦੇ ਸਨ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਨਜ਼ੀਰ ਹਨ। ਜੇ ਤਾਂ ਲੋਕ ਨਜ਼ੀਰਾਂ ਦੀ ਇੱਜ਼ਤ ਕਰਦੇ ਅਤੇ ਉਨ੍ਹਾਂ ਦਾ ਸਾਥ ਦਿੰਦੇ, ਤਾਂ ਨਜ਼ੀਰਾਂ ਲਈ ਦੂਜਿਆਂ ਤੋਂ ਵੱਖਰਾ ਦਿਸਣਾ ਸੌਖਾ ਹੋਣਾ ਸੀ। ਪਰ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਅਜਿਹੇ ਸਨ ਜੋ ਨਜ਼ੀਰਾਂ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਦਾ ਸਾਥ ਦਿੰਦੇ ਸਨ। ਆਮੋਸ ਦੇ ਦਿਨਾਂ ਵਿਚ ਵੀ ਅਜਿਹਾ ਕੁਝ ਹੀ ਹੋਇਆ। ਜਿਨ੍ਹਾਂ ਇਜ਼ਰਾਈਲੀਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ, ਉਹ “ਨਜ਼ੀਰਾਂ ਨੂੰ ਪੀਣ ਲਈ ਦਾਖਰਸ ਦਿੰਦੇ” ਸਨ ਕਿਉਂਕਿ ਸ਼ਾਇਦ ਉਹ ਉਨ੍ਹਾਂ ਦੀ ਸੁੱਖਣਾ ਤੋੜਨੀ ਚਾਹੁੰਦੇ ਸਨ। (ਆਮੋ. 2:12) ਬੇਸ਼ੱਕ, ਦੂਜਿਆਂ ਤੋਂ ਵੱਖਰੇ ਨਜ਼ਰ ਆਉਣ ਅਤੇ ਆਪਣੀ ਸੁੱਖਣਾ ਪੂਰੀ ਕਰਨ ਲਈ ਨਜ਼ੀਰਾਂ ਨੂੰ ਬਹੁਤ ਹਿੰਮਤ ਤੋਂ ਕੰਮ ਲੈਣਾ ਪੈਂਦਾ ਹੋਣਾ।

ਜਿਹੜਾ ਨਜ਼ੀਰ ਹਰ ਹਾਲ ਵਿਚ ਆਪਣੀ ਸੁੱਖਣਾ ਪੂਰੀ ਕਰਨੀ ਚਾਹੁੰਦਾ ਸੀ, ਉਹ ਦੂਜਿਆਂ ਤੋਂ ਵੱਖਰਾ ਦਿਸਣ ਲਈ ਤਿਆਰ ਸੀ (ਪੈਰਾ 7 ਦੇਖੋ)


8. ਬੈਂਜਾਮਿਨ ਦੇ ਤਜਰਬੇ ਤੋਂ ਤੁਹਾਨੂੰ ਕਿਵੇਂ ਹੌਸਲਾ ਮਿਲਦਾ ਹੈ?

8 ਕਦੇ-ਕਦੇ ਦੂਜਿਆਂ ਤੋਂ ਵੱਖਰੇ ਨਜ਼ਰ ਆਉਣਾ ਇੰਨਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜੇ ਅਸੀਂ ਸ਼ਰਮੀਲੇ ਸੁਭਾਅ ਦੇ ਹਾਂ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਹਿੰਮਤ ਤੋਂ ਕੰਮ ਲੈ ਸਕਦੇ ਹਾਂ। ਜ਼ਰਾ ਨਾਰਵੇ ਵਿਚ ਰਹਿਣ ਵਾਲੇ ਸਾਡੇ ਛੋਟੇ ਭਰਾ ਬੈਂਜਾਮਿਨ ਦੀ ਮਿਸਾਲ ਤੇ ਗੌਰ ਕਰੋ ਜੋ ਸਿਰਫ਼ ਦਸ ਸਾਲਾਂ ਦਾ ਹੈ। ਇਕ ਵਾਰ ਉਸ ਦੇ ਸਕੂਲ ਵਿਚ ਇਕ ਪ੍ਰੋਗ੍ਰਾਮ ਰੱਖਿਆ ਗਿਆ। ਦਰਅਸਲ, ਰੂਸ ਅਤੇ ਯੂਕਰੇਨ ਦੇ ਵਿਚਕਾਰ ਜੋ ਯੁੱਧ ਚੱਲ ਰਿਹਾ ਸੀ, ਉਸ ਵਿਚ ਯੂਕਰੇਨ ਦਾ ਸਾਥ ਦੇਣ ਲਈ ਇਹ ਪ੍ਰੋਗ੍ਰਾਮ ਰੱਖਿਆ ਗਿਆ ਸੀ। ਸਾਰੇ ਬੱਚਿਆਂ ਨੂੰ ਕਿਹਾ ਗਿਆ ਕਿ ਉਹ ਯੂਕਰੇਨ ਦੇ ਝੰਡੇ ਦੇ ਰੰਗ ਦੇ ਕੱਪੜੇ ਪਾ ਕੇ ਇਕ ਗੀਤ ਗਾਉਣ। ਬੈਂਜਾਮਿਨ ਨੇ ਸਮਝ ਤੋਂ ਕੰਮ ਲਿਆ ਅਤੇ ਦੂਰ ਜਾ ਕੇ ਖੜ੍ਹਾ ਹੋ ਗਿਆ ਤਾਂਕਿ ਉਸ ਨੂੰ ਪ੍ਰੋਗ੍ਰਾਮ ਵਿਚ ਹਿੱਸਾ ਨਾ ਲੈਣਾ ਪਵੇ। ਪਰ ਉਸ ਦੀ ਟੀਚਰ ਨੇ ਉਸ ਨੂੰ ਦੇਖ ਲਿਆ ਅਤੇ ਉੱਚੀ ਦੇਣੀ ਉਸ ਨੂੰ ਆਵਾਜ਼ ਲਗਾ ਕੇ ਕਿਹਾ: “ਬੈਂਜਾਮਿਨ ਫਟਾਫਟ ਇੱਥੇ ਆ ਕੇ ਸਾਰਿਆਂ ਨਾਲ ਖੜ੍ਹਾ ਹੋ ਜਾ। ਅਸੀਂ ਤੇਰੇ ਕਰਕੇ ਰੁਕੇ ਹੋਏ ਹਾਂ।” ਉਹ ਹਿੰਮਤ ਕਰਕੇ ਟੀਚਰ ਕੋਲ ਗਿਆ ਅਤੇ ਕਿਹਾ: “ਮੈਂ ਕਿਸੇ ਦਾ ਪੱਖ ਨਹੀਂ ਲੈਂਦਾ ਅਤੇ ਨਾ ਹੀ ਰਾਜਨੀਤੀ ਨਾਲ ਜੁੜੇ ਕਿਸੇ ਵੀ ਪ੍ਰੋਗ੍ਰਾਮ ਵਿਚ ਹਿੱਸਾ ਲੈਂਦਾ ਹਾਂ। ਨਾਲੇ ਸਾਡੇ ਕਈ ਯਹੋਵਾਹ ਦੇ ਗਵਾਹ ਇਸੇ ਕਰਕੇ ਜੇਲ੍ਹਾਂ ਵਿਚ ਕੈਦ ਹਨ ਕਿਉਂਕਿ ਉਹ ਯੁੱਧ ਵਿਚ ਹਿੱਸਾ ਨਹੀਂ ਲੈਂਦੇ।” ਟੀਚਰ ਨੇ ਉਸ ਦੀ ਗੱਲ ਮੰਨ ਲਈ ਅਤੇ ਉਸ ਨੂੰ ਪ੍ਰੋਗ੍ਰਾਮ ਵਿੱਚੋਂ ਜਾਣ ਦਿੱਤਾ। ਪਰ ਫਿਰ ਉਸ ਦੀ ਕਲਾਸ ਦੇ ਬੱਚੇ ਉਸ ਨੂੰ ਪੁੱਛਣ ਲੱਗ ਪਏ ਕਿ ਉਹ ਪ੍ਰੋਗ੍ਰਾਮ ਵਿਚ ਕਿਉਂ ਨਹੀਂ ਆਇਆ। ਬੈਂਜਾਮਿਨ ਇੰਨਾ ਡਰ ਗਿਆ ਕਿ ਉਹ ਬੱਸ ਰੋਣ ਹੀ ਲੱਗਾ ਸੀ। ਫਿਰ ਵੀ ਉਸ ਨੇ ਹਿੰਮਤ ਕਰ ਕੇ ਸਾਰੇ ਬੱਚਿਆਂ ਨੂੰ ਦੱਸਿਆ ਕਿ ਉਹ ਕਿਉਂ ਨਹੀਂ ਆਇਆ। ਬਾਅਦ ਵਿਚ ਬੈਂਜਾਮਿਨ ਨੇ ਆਪਣੇ ਮੰਮੀ-ਡੈਡੀ ਨੂੰ ਦੱਸਿਆ ਕਿ ਕਿੱਦਾਂ ਯਹੋਵਾਹ ਨੇ ਉਸ ਦੀ ਮਦਦ ਕੀਤੀ ਅਤੇ ਉਹ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸ ਸਕਿਆ।

9. ਅਸੀਂ ਯਹੋਵਾਹ ਦਾ ਜੀਅ ਕਿਵੇਂ ਖ਼ੁਸ਼ ਕਰ ਸਕਦੇ ਹਾਂ?

9 ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਂਦੇ ਹਾਂ ਜਿਸ ਕਰਕੇ ਅਸੀਂ ਦੂਜਿਆਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ। ਇਸੇ ਕਰਕੇ ਸਾਨੂੰ ਸਕੂਲ ਜਾਂ ਕੰਮ ਦੀ ਥਾਂ ʼਤੇ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਾਉਣ ਲਈ ਹਿੰਮਤ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ, ਦੁਨੀਆਂ ਦੇ ਲੋਕਾਂ ਦੀ ਸੋਚ ਅਤੇ ਤੌਰ-ਤਰੀਕੇ ਦਿਨ-ਬਦਿਨ ਬਦਤਰ ਹੁੰਦੇ ਜਾ ਰਹੇ ਹਨ। ਇਸ ਲਈ ਸ਼ਾਇਦ ਬਾਈਬਲ ਦੇ ਅਸੂਲਾਂ ਦੇ ਹਿਸਾਬ ਨਾਲ ਜੀਉਣਾ ਅਤੇ ਲੋਕਾਂ ਨੂੰ ਖ਼ੁਸ਼-ਖ਼ਬਰੀ ਸੁਣਾਉਣੀ ਸਾਡੇ ਲਈ ਔਖੀ ਹੋ ਸਕਦੀ ਹੈ। (2 ਤਿਮੋ. 1:8; 3:13) ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਹਿੰਮਤ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਅਤੇ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ, ਤਾਂ ਅਸੀਂ ਉਸ ਦਾ ‘ਜੀਅ ਖ਼ੁਸ਼ ਕਰ’ ਰਹੇ ਹੁੰਦੇ ਹਾਂ।​—ਕਹਾ. 27:11; ਮਲਾ. 3:18.

ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿਓ

10. ਗਿਣਤੀ 6:6, 7 ਵਿਚ ਦਿੱਤੀ ਸਲਾਹ ਨੂੰ ਮੰਨਣਾ ਇਕ ਨਜ਼ੀਰ ਲਈ ਕਦੋਂ ਔਖਾ ਹੁੰਦਾ ਹੋਣਾ?

10 ਗਿਣਤੀ 6:6, 7 ਪੜ੍ਹੋ। ਨਜ਼ੀਰ ਕਿਸੇ ਲਾਸ਼ ਦੇ ਲਾਗੇ ਨਹੀਂ ਜਾ ਸਕਦੇ ਸਨ। ਜ਼ਰਾ ਸੋਚੋ ਜਦੋਂ ਇਕ ਨਜ਼ੀਰ ਦੇ ਕਿਸੇ ਆਪਣੇ ਦੀ ਮੌਤ ਹੁੰਦੀ ਹੋਣੀ, ਤਾਂ ਉਸ ਲਈ ਇਹ ਹਿਦਾਇਤ ਮੰਨਣੀ ਕਿੰਨੀ ਔਖੀ ਹੁੰਦੀ ਹੋਣੀ। ਇਸ ਤੋਂ ਇਲਾਵਾ, ਉਸ ਸਮੇਂ ਦੇ ਦਸਤੂਰ ਮੁਤਾਬਕ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ, ਤਾਂ ਲੋਕ ਉਸ ਦੀ ਲਾਸ਼ ਦੇ ਨੇੜੇ ਹੀ ਰਹਿੰਦੇ ਸਨ। (ਯੂਹੰ. 19:39, 40; ਰਸੂ. 9:36-40) ਪਰ ਨਜ਼ੀਰ ਆਪਣੀ ਸੁੱਖਣਾ ਕਰਕੇ ਇੱਦਾਂ ਨਹੀਂ ਕਰ ਸਕਦੇ ਸਨ। ਭਾਵੇਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਕਿਸੇ ਦੀ ਮੌਤ ਹੋਈ ਹੋਵੇ, ਫਿਰ ਵੀ ਉਹ ਆਪਣੀ ਸੁੱਖਣਾ ਨਹੀਂ ਤੋੜਦੇ ਸਨ। ਇੱਦਾਂ ਕਰ ਕੇ ਉਹ ਦਿਖਾਉਂਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਯਹੋਵਾਹ ਸਭ ਤੋਂ ਜ਼ਿਆਦਾ ਮਾਅਨੇ ਰੱਖਦਾ ਹੈ। ਯਹੋਵਾਹ ਆਪਣੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਜ਼ਰੂਰ ਹਿੰਮਤ ਅਤੇ ਤਾਕਤ ਦਿੰਦਾ ਹੋਣਾ ਤਾਂਕਿ ਉਹ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਖ਼ੁਦ ਨੂੰ ਸੰਭਾਲ ਸਕਣ।

11. ਪਰਿਵਾਰ ਲਈ ਕੋਈ ਫ਼ੈਸਲਾ ਕਰਦਿਆਂ ਇਕ ਮਸੀਹੀ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)

11 ਮਸੀਹੀ ਹੋਣ ਦੇ ਨਾਤੇ, ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਇਕ ਤਰ੍ਹਾਂ ਦੀ ਸੁੱਖਣਾ ਸੁੱਖੀ ਹੈ ਅਤੇ ਅਸੀਂ ਇਸ ਸੁੱਖਣਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਆਪਣੇ ਪਰਿਵਾਰ ਲਈ ਕੋਈ ਵੀ ਫ਼ੈਸਲਾ ਕਰਦਿਆਂ ਅਸੀਂ ਇਸ ਸੁੱਖਣਾ ਨੂੰ ਧਿਆਨ ਵਿਚ ਰੱਖਦੇ ਹਾਂ। ਅਸੀਂ ਆਪਣੇ ਘਰਦਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ। ਪਰ ਅਸੀਂ ਕਦੇ ਵੀ ਯਹੋਵਾਹ ਦੀ ਬਜਾਇ ਆਪਣੇ ਘਰਦਿਆਂ ਦੀਆਂ ਇੱਛਾਵਾਂ ਨੂੰ ਪਹਿਲ ਨਹੀ ਦਿੰਦੇ। (ਮੱਤੀ 10:35-37; 1 ਤਿਮੋ. 5:8) ਇਸ ਕਰਕੇ ਕਦੇ-ਕਦੇ ਹੋ ਸਕਦਾ ਹੈ ਕਿ ਯਹੋਵਾਹ ਦੀ ਇੱਛਾ ਨੂੰ ਪਹਿਲ ਦੇਣ ਕਰਕੇ ਸਾਡੇ ਰਿਸ਼ਤੇਦਾਰ ਸਾਡੇ ਨਾਲ ਨਾਰਾਜ਼ ਹੋ ਜਾਣ।

ਕੀ ਤੁਸੀਂ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਯਹੋਵਾਹ ਦੀ ਮਰਜ਼ੀ ਨੂੰ ਪਹਿਲੀ ਥਾਂ ਦੇਣ ਲਈ ਤਿਆਰ ਹੋ? (ਪੈਰਾ 11 ਦੇਖੋ) e


12. ਜਦੋਂ ਭਰਾ ਐਲਕਸਜ਼ੈਨਡਰੂ ਦੇ ਘਰ ਵਿਚ ਮੁਸ਼ਕਲ ਹਾਲਾਤ ਆਏ, ਤਾਂ ਭਰਾ ਨੇ ਕੀ ਕੀਤਾ ਅਤੇ ਕੀ ਨਹੀਂ ਕੀਤਾ?

12 ਜ਼ਰਾ ਭਰਾ ਐਲਕਸਜ਼ੈਨਡਰੂ ਤੇ ਉਸ ਦੀ ਪਤਨੀ ਡੋਰੀਨਾ ਦੀ ਮਿਸਾਲ ʼਤੇ ਗੌਰ ਕਰੋ। ਉਨ੍ਹਾਂ ਦੋਹਾਂ ਨੇ ਇਕ ਸਾਲ ਤਕ ਇਕੱਠਿਆਂ ਬਾਈਬਲ ਸਟੱਡੀ ਕੀਤੀ। ਪਰ ਫਿਰ ਡੋਰੀਨਾ ਨੇ ਸਟੱਡੀ ਕਰਨੀ ਬੰਦ ਕਰ ਦਿੱਤੀ ਅਤੇ ਉਸ ਨੇ ਆਪਣੇ ਪਤੀ ਨੂੰ ਵੀ ਸਟੱਡੀ ਬੰਦ ਕਰਨ ਲਈ ਕਿਹਾ। ਪਰ ਭਰਾ ਨੇ ਬਹੁਤ ਪਿਆਰ ਤੇ ਸਮਝਦਾਰੀ ਨਾਲ ਉਸ ਨੂੰ ਕਿਹਾ ਕਿ ਉਹ ਸਟੱਡੀ ਕਰਨੀ ਜਾਰੀ ਰੱਖੇਗਾ। ਇਹ ਗੱਲ ਡੋਰੀਨਾ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਭਰਾ ਸਟੱਡੀ ਕਰਨੀ ਬੰਦ ਕਰ ਦੇਵੇ। ਭਰਾ ਐਲਕਸਜ਼ੈਨਡਰੂ ਦੱਸਦਾ ਹੈ ਕਿ ਉਸ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਪਤਨੀ ਇੱਦਾਂ ਕਿਉਂ ਕਰ ਰਹੀ ਹੈ। ਉਹ ਭਰਾ ਨਾਲ ਕਈ ਵਾਰ ਬਹੁਤ ਰੁੱਖੇ ਢੰਗ ਨਾਲ ਗੱਲ ਕਰਦੀ ਸੀ ਤੇ ਚੁਭਵੀਆਂ ਗੱਲਾਂ ਕਹਿੰਦੀ ਸੀ। ਇਹ ਸਾਰਾ ਕੁਝ ਸਹਿਣਾ ਭਰਾ ਲਈ ਸੌਖਾ ਨਹੀਂ ਸੀ। ਕਈ ਵਾਰ ਉਸ ਦਾ ਦਿਲ ਕਰਦਾ ਸੀ ਕਿ ਉਹ ਵੀ ਸਟੱਡੀ ਕਰਨੀ ਬੰਦ ਕਰ ਦੇਵੇ। ਪਰ ਉਸ ਨੇ ਹਾਰ ਨਹੀਂ ਮੰਨੀ ਤੇ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦਾ ਰਿਹਾ। ਇਸ ਦੌਰਾਨ ਉਹ ਆਪਣੀ ਪਤਨੀ ਨਾਲ ਬਹੁਤ ਹੀ ਪਿਆਰ ਤੇ ਇੱਜ਼ਤ ਨਾਲ ਪੇਸ਼ ਆਇਆ। ਉਸ ਦੇ ਚੰਗੇ ਵਰਤਾਅ ਕਰਕੇ ਡੋਰੀਨਾ ਨੇ ਇਕ ਵਾਰ ਫਿਰ ਤੋਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਯਹੋਵਾਹ ਦੀ ਗਵਾਹ ਬਣ ਗਈ।​— jw.org ʼਤੇ “ਸੱਚਾਈ ਬਦਲਦੀ ਹੈ ਜ਼ਿੰਦਗੀ” ਹੇਠਾਂ ਐਲਕਸਜ਼ੈਨਡਰੂ ਅਤੇ ਡੋਰੀਨਾ ਵਾਕਰ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ” ਨਾਂ ਦੀ ਵੀਡੀਓ ਦੇਖੋ।

13. ਅਸੀਂ ਯਹੋਵਾਹ ਅਤੇ ਆਪਣੇ ਪਰਿਵਾਰ ਲਈ ਪਿਆਰ ਕਿੱਦਾਂ ਦਿਖਾ ਸਕਦੇ ਹਾਂ?

13 ਪਰਿਵਾਰ ਦੀ ਸ਼ੁਰੂਆਤ ਯਹੋਵਾਹ ਨੇ ਹੀ ਕੀਤੀ ਹੈ ਅਤੇ ਉਹ ਚਾਹੁੰਦਾ ਹੈ ਕਿ ਪਰਿਵਾਰ ਵਿਚ ਸਾਰੇ ਖ਼ੁਸ਼ ਰਹਿਣ। (ਅਫ਼. 3:14, 15) ਜੇ ਅਸੀਂ ਸੱਚੀ ਖ਼ੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਜਿੱਦਾਂ ਯਹੋਵਾਹ ਕਹਿੰਦਾ ਹੈ। ਯਹੋਵਾਹ ਜਾਣਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਚਾਹੁੰਦੇ ਹੋ, ਉਨ੍ਹਾਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਣਾ ਚਾਹੁੰਦੇ ਹੋ ਅਤੇ ਇਸ ਦੇ ਨਾਲ-ਨਾਲ ਤੁਸੀਂ ਉਸ ਦੀ ਸੇਵਾ ਵੀ ਕਰਨੀ ਚਾਹੁੰਦੇ ਹੋ। ਇੱਦਾਂ ਕਰਦਿਆਂ ਤੁਹਾਨੂੰ ਕੁਝ ਤਿਆਗ ਵੀ ਕਰਨੇ ਪੈਂਦੇ ਹਨ। ਪਰ ਯਕੀਨ ਰੱਖੋ ਕਿ ਤੁਸੀਂ ਜਿਹੜੇ ਵੀ ਤਿਆਗ ਕਰਦੇ ਹੋ, ਯਹੋਵਾਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ।​—ਰੋਮੀ. 12:10.

ਇਕ-ਦੂਜੇ ਨੂੰ ਨਜ਼ੀਰਾਂ ਵਾਂਗ ਬਣਨ ਦੀ ਹੱਲਾਸ਼ੇਰੀ ਦਿਓ

14. ਅਸੀਂ ਆਪਣੀਆਂ ਗੱਲਾਂ ਨਾਲ ਖ਼ਾਸ ਕਰਕੇ ਕਿਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ?

14 ਜਿਹੜੇ ਵੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਨ, ਉਹ ਖ਼ੁਸ਼ੀ-ਖ਼ੁਸ਼ੀ ਤਿਆਗ ਕਰਨ ਲਈ ਤਿਆਰ ਰਹਿੰਦੇ ਹਨ ਕਿਉਂਕਿ ਉਹ ਉਸ ਨੂੰ ਬਹੁਤ ਪਿਆਰ ਕਰਦੇ ਹਨ। ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਤਾਂ ਫਿਰ ਅਸੀਂ ਇਕ-ਦੂਜੇ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਤਾਂਕਿ ਸਾਡੇ ਸਾਰਿਆਂ ਵਿਚ ਇੱਦਾਂ ਦਾ ਜਜ਼ਬਾ ਬਣਿਆ ਰਹੇ? ਅਸੀਂ ਆਪਣੀਆਂ ਗੱਲਾਂ ਨਾਲ ਇਕ-ਦੂਜੇ ਦਾ ਹੌਸਲਾ ਵਧਾ ਸਕਦੇ ਹਾਂ। (ਅੱਯੂ. 16:5) ਕੀ ਤੁਸੀਂ ਮੰਡਲੀ ਦੇ ਕੁਝ ਅਜਿਹੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜੋ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਕੀ ਤੁਸੀਂ ਇੱਦਾਂ ਦੇ ਨੌਜਵਾਨਾਂ ਨੂੰ ਜਾਣਦੇ ਹੋ ਜੋ ਸਕੂਲ ਵਿਚ ਦੂਜਿਆਂ ਤੋਂ ਅਲੱਗ ਨਜ਼ਰ ਆਉਂਦੇ ਹਨ, ਭਾਵੇਂ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ? ਜਾਂ ਕੀ ਤੁਸੀਂ ਇੱਦਾਂ ਦੇ ਬਾਈਬਲ ਵਿਦਿਆਰਥੀਆਂ ਜਾਂ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜੋ ਆਪਣੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਵੀ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ? ਸੱਚ-ਮੁੱਚ, ਇਹ ਪਿਆਰੇ ਭੈਣ-ਭਰਾ ਬਹੁਤ ਹਿੰਮਤ ਤੋਂ ਕੰਮ ਲੈਂਦੇ ਹਨ ਅਤੇ ਬਹੁਤ ਸਾਰੇ ਤਿਆਗ ਕਰਦੇ ਹਨ। ਇਸ ਲਈ ਆਓ ਆਪਾਂ ਉਨ੍ਹਾਂ ਦਾ ਹੌਸਲਾ ਵਧਾਉਂਦੇ ਰਹੀਏ ਤੇ ਯਕੀਨ ਦਿਵਾਉਂਦੇ ਰਹੀਏ ਕਿ ਅਸੀਂ ਉਨ੍ਹਾਂ ਦੇ ਇਸ ਜਜ਼ਬੇ ਦੀ ਬਹੁਤ ਕਦਰ ਕਰਦੇ ਹਾਂ।​—ਫਿਲੇ. 4, 5, 7.

15. ਕੁਝ ਭੈਣ-ਭਰਾ ਪੂਰੇ ਸਮੇਂ ਦੇ ਸੇਵਕਾਂ ਦੀ ਕਿੱਦਾਂ ਮਦਦ ਕਰ ਰਹੇ ਹਨ?

15 ਕਦੇ-ਕਦੇ ਅਸੀਂ ਆਪਣੀਆਂ ਚੀਜ਼ਾਂ, ਸਮਾਂ ਜਾਂ ਪੈਸਾ ਦੇ ਕੇ ਵੀ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ, ਖ਼ਾਸ ਕਰਕੇ ਪੂਰੇ ਸਮੇਂ ਦੇ ਸੇਵਕਾਂ ਦੀ। (ਕਹਾ. 19:17; ਇਬ. 13:16) ਸ਼੍ਰੀ ਲੰਕਾ ਵਿਚ ਰਹਿਣ ਵਾਲੀ ਇਕ ਬਜ਼ੁਰਗ ਭੈਣ ਨੇ ਕੁਝ ਇੱਦਾਂ ਹੀ ਕੀਤਾ। ਉਹ ਦੋ ਨੌਜਵਾਨ ਪਾਇਨੀਅਰ ਭੈਣਾਂ ਦੀ ਮਦਦ ਕਰਨੀ ਚਾਹੁੰਦੀ ਸੀ ਜੋ ਪੈਸਿਆਂ ਦੀ ਤੰਗੀ ਦੇ ਬਾਵਜੂਦ ਸੇਵਾ ਕਰ ਰਹੀਆਂ ਸਨ। ਇਸ ਲਈ ਜਦੋਂ ਇਸ ਭੈਣ ਦੀ ਪੈਨਸ਼ਨ ਵਧੀ, ਤਾਂ ਉਸ ਨੇ ਫ਼ੈਸਲਾ ਕੀਤਾ ਕਿ ਉਹ ਹਰ ਮਹੀਨੇ ਕੁਝ ਪੈਸੇ ਉਨ੍ਹਾਂ ਭੈਣਾਂ ਨੂੰ ਦੇਵੇਗੀ ਤਾਂਕਿ ਉਹ ਆਪਣੇ ਫ਼ੋਨ ਦਾ ਬਿਲ ਭਰ ਸਕਣ। ਇਸ ਭੈਣ ਨੇ ਕਿੰਨਾ ਵਧੀਆ ਜਜ਼ਬਾ ਦਿਖਾਇਆ।

16. ਨਜ਼ੀਰਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 ਪੁਰਾਣੇ ਸਮੇਂ ਵਿਚ ਜੋ ਲੋਕ ਆਪਣੀ ਮਰਜ਼ੀ ਨਾਲ ਨਜ਼ੀਰ ਬਣਦੇ ਸਨ, ਉਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਨਜ਼ੀਰਾਂ ਦੀ ਸੁੱਖਣਾ ਤੋਂ ਅਸੀਂ ਯਹੋਵਾਹ ਬਾਰੇ ਵੀ ਬਹੁਤ ਕੁਝ ਸਿੱਖਦੇ ਹਾਂ। ਯਹੋਵਾਹ ਨੂੰ ਯਕੀਨ ਹੈ ਕਿ ਅਸੀਂ ਉਸ ਨੂੰ ਦਿਲੋਂ ਖ਼ੁਸ਼ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਆਪਣੇ ਸਮਰਪਣ ਦੀ ਸੁੱਖਣਾ ਨੂੰ ਪੂਰੀ ਕਰਨ ਲਈ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ। ਉਸ ਨੇ ਸਾਨੂੰ ਇਹ ਖ਼ਾਸ ਮੌਕਾ ਦਿੱਤਾ ਹੈ ਕਿ ਅਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰ ਸਕੀਏ। (ਕਹਾ. 23:15, 16; ਮਰ. 10:28-30; 1 ਯੂਹੰ. 4:19) ਇਸ ਤੋਂ ਸਾਨੂੰ ਇਕ ਹੋਰ ਗੱਲ ਪਤਾ ਲੱਗਦੀ ਹੈ ਕਿ ਯਹੋਵਾਹ ਦੀ ਸੇਵਾ ਕਰਨ ਲਈ ਅਸੀਂ ਜੋ ਵੀ ਤਿਆਗ ਕਰਦੇ ਹਾਂ, ਉਹ ਉਸ ਵੱਲ ਧਿਆਨ ਦਿੰਦਾ ਹੈ ਤੇ ਉਸ ਦੀ ਬਹੁਤ ਕਦਰ ਕਰਦਾ ਹੈ। ਇਸ ਲਈ ਆਓ ਆਪਾਂ ਠਾਣ ਲਈਏ ਕਿ ਅਸੀਂ ਹਮੇਸ਼ਾ ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਰਹਾਂਗੇ।

ਤੁਸੀਂ ਕੀ ਜਵਾਬ ਦਿਓਗੇ?

  • ਨਜ਼ੀਰਾਂ ਨੇ ਕਿਵੇਂ ਦਿਖਾਇਆ ਕਿ ਉਹ ਦਲੇਰ ਸਨ ਤੇ ਤਿਆਗ ਕਰਨ ਲਈ ਤਿਆਰ ਸਨ?

  • ਨਜ਼ੀਰਾਂ ਵਰਗਾ ਜਜ਼ਬਾ ਰੱਖਣ ਵਿਚ ਅਸੀਂ ਇਕ-ਦੂਜੇ ਦੀ ਕਿੱਦਾਂ ਮਦਦ ਕਰ ਸਕਦੇ ਹਾਂ?

  • ਨਜ਼ੀਰਾਂ ਦੀ ਸੁੱਖਣਾ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

ਗੀਤ 124 ਹਮੇਸ਼ਾ ਵਫ਼ਾਦਾਰ ਰਹਾਂਗੇ

a ਕੁਝ ਲੋਕਾਂ ਨੂੰ ਖ਼ੁਦ ਯਹੋਵਾਹ ਨੇ ਨਜ਼ੀਰ ਚੁਣਿਆ ਸੀ। ਪਰ ਜ਼ਿਆਦਾਤਰ ਇਜ਼ਰਾਈਲੀ ਆਪਣੀ ਇੱਛਾ ਨਾਲ ਕੁਝ ਸਮੇਂ ਲਈ ਨਜ਼ੀਰ ਵਜੋਂ ਸੇਵਾ ਕਰਨ ਦੀ ਸੁੱਖਣਾ ਸੁੱਖਦੇ ਸਨ।​—“ ਨਜ਼ੀਰ ਜਿਨ੍ਹਾਂ ਨੂੰ ਯਹੋਵਾਹ ਨੇ ਚੁਣਿਆ” ਨਾਂ ਦੀ ਡੱਬੀ ਦੇਖੋ।

b ਸਾਡੇ ਪ੍ਰਕਾਸ਼ਨਾਂ ਵਿਚ ਨਜ਼ੀਰਾਂ ਦੀ ਤੁਲਨਾ ਕਦੇ-ਕਦੇ ਪੂਰੇ ਸਮੇਂ ਦੇ ਸੇਵਕਾਂ ਨਾਲ ਕੀਤੀ ਗਈ ਹੈ। ਪਰ ਇਸ ਲੇਖ ਵਿਚ ਅਸੀਂ ਧਿਆਨ ਦੇਵਾਂਗੇ ਕਿ ਯਹੋਵਾਹ ਦੇ ਸਾਰੇ ਸਮਰਪਿਤ ਸੇਵਕ ਨਜ਼ੀਰਾਂ ਵਰਗਾ ਜਜ਼ਬਾ ਕਿਵੇਂ ਦਿਖਾ ਸਕਦੇ ਹਨ।

c ਆਪਣੀ ਸੁੱਖਣਾ ਪੂਰੀ ਕਰਨ ਲਈ ਸ਼ਾਇਦ ਨਜ਼ੀਰਾਂ ਕੋਲ ਕੋਈ ਹੋਰ ਜ਼ਿੰਮੇਵਾਰੀ ਨਹੀਂ ਹੁੰਦੀ ਸੀ।

d jw.org ʼਤੇ “ਯਹੋਵਾਹ ਦੇ ਗਵਾਹਾਂ ਦੇ ਤਜਰਬੇ” ਲੜੀਵਾਰ ਲੇਖਾਂ ਹੇਠ “ਜ਼ਿੰਦਗੀ ਸਾਦੀ ਕਰਨ ਦਾ ਸਾਡਾ ਫ਼ੈਸਲਾ” ਨਾਂ ਦਾ ਲੇਖ ਪੜ੍ਹੋ।

e ਤਸਵੀਰ ਬਾਰੇ ਜਾਣਕਾਰੀ​: ਇਕ ਨਜ਼ੀਰ ਦੇ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਅਰਥੀ ਲਿਜਾਈ ਜਾ ਰਹੀ ਹੈ। ਉਹ ਨਜ਼ੀਰ ਕੋਠੇ ਤੋਂ ਸਭ ਕੁਝ ਦੇਖ ਰਿਹਾ ਹੈ। ਉਹ ਆਪਣੀ ਸੁੱਖਣਾ ਕਰਕੇ ਅਰਥੀ ਕੋਲ ਨਹੀਂ ਜਾ ਸਕਦਾ।