Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਵਿਚ ਇਕ ਹੀ ਗੱਲ ਨੂੰ ਵਾਰ-ਵਾਰ ਕਿਉਂ ਲਿਖਿਆ ਗਿਆ ਹੈ?

ਬਾਈਬਲ ਦੇ ਲੇਖਕਾਂ ਨੇ ਕਦੀ-ਕਦੀ ਇਕ ਹੀ ਗੱਲ ਨੂੰ ਸ਼ਬਦ-ਬ-ਸ਼ਬਦ ਕਈ ਵਾਰ ਲਿਖਿਆ ਹੈ। ਆਓ ਆਪਾਂ ਤਿੰਨ ਗੱਲਾਂ ʼਤੇ ਧਿਆਨ ਦੇਈਏ ਜਿਨ੍ਹਾਂ ਕਰਕੇ ਸ਼ਾਇਦ ਉਨ੍ਹਾਂ ਨੇ ਇੱਦਾਂ ਕੀਤਾ।

ਇਹ ਗੱਲ ਕਦੋਂ ਲਿਖੀ ਗਈ ਸੀ। ਪੁਰਾਣੇ ਜ਼ਮਾਨੇ ਵਿਚ ਜ਼ਿਆਦਾਤਰ ਇਜ਼ਰਾਈਲੀਆਂ ਦੇ ਕੋਲ ਕਾਨੂੰਨ ਦੀਆਂ ਆਪਣੀਆਂ ਪੱਤਰੀਆਂ ਨਹੀਂ ਹੁੰਦੀਆਂ ਸਨ। ਉਹ ਖ਼ਾਸ ਕਰਕੇ ਉਦੋਂ ਹੀ ਕਾਨੂੰਨ ਵਿਚ ਲਿਖੀਆਂ ਗੱਲਾਂ ਸੁਣਦੇ ਸਨ ਜਦੋਂ ਪੂਰੀ ਕੌਮ ਨੂੰ ਪਵਿੱਤਰ ਡੇਰੇ ਅਤੇ ਮੰਦਰ ਵਿਚ ਕਾਨੂੰਨ ਪੜ੍ਹ ਕੇ ਸੁਣਾਇਆ ਜਾਂਦਾ ਸੀ। (ਬਿਵ. 31:10-12) ਉਹ ਉੱਥੇ ਘੰਟਿਆਂ-ਬੱਧੀ ਖੜ੍ਹੇ ਰਹਿੰਦੇ ਸਨ। ਇੰਨੀ ਭੀੜ ਵਿਚ ਜ਼ਰੂਰ ਉਨ੍ਹਾਂ ਦਾ ਧਿਆਨ ਭਟਕ ਜਾਂਦਾ ਹੋਣਾ। (ਨਹ. 8:2, 3, 7) ਇੱਦਾਂ ਦੇ ਮੌਕਿਆਂ ʼਤੇ ਜਦੋਂ ਕਾਨੂੰਨ ਖ਼ਾਸ ਗੱਲਾਂ ਦੁਹਰਾਈਆਂ ਜਾਂਦੀਆਂ ਸਨ, ਤਾਂ ਲੋਕਾਂ ਲਈ ਉਨ੍ਹਾਂ ਨੂੰ ਯਾਦ ਰੱਖਣਾ ਅਤੇ ਮੰਨਣਾ ਸੌਖਾ ਹੋ ਜਾਂਦਾ ਸੀ। ਕੁਝ ਸ਼ਬਦ ਵਾਰ-ਵਾਰ ਦੁਹਰਾਉਣ ਕਰਕੇ ਲੋਕ ਖ਼ਾਸ ਕਰਕੇ ਪਰਮੇਸ਼ੁਰ ਦੇ ਕਾਨੂੰਨਾਂ ਅਤੇ ਨਿਯਮਾਂ ਨੂੰ ਯਾਦ ਰੱਖ ਪਾਉਂਦੇ ਸਨ ਜਿਨ੍ਹਾਂ ਵਿਚ ਕਈ ਛੋਟੀਆਂ-ਛੋਟੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ।​—ਲੇਵੀ. 18:4-22; ਬਿਵ. 5:1.

ਉਹ ਗੱਲ ਕਿਸ ਅੰਦਾਜ਼ ਵਿਚ ਲਿਖੀ ਗਈ ਸੀ। ਬਾਈਬਲ ਦੇ ਕੁਝ ਹਿੱਸੇ ਗੀਤ ਦੇ ਅੰਦਾਜ਼ ਵਿਚ ਲਿਖੇ ਗਏ ਹਨ, ਜਿਵੇਂ ਜ਼ਬੂਰ, ਸਰੇਸ਼ਟ ਗੀਤ ਅਤੇ ਵਿਰਲਾਪ ਦੀ ਕਿਤਾਬ। ਇਕ ਗੀਤ ਜਿਸ ਵਿਸ਼ੇ ਬਾਰੇ ਹੁੰਦਾ ਸੀ, ਕਈ ਵਾਰ ਉਸ ʼਤੇ ਜ਼ੋਰ ਦੇਣ ਲਈ ਗੀਤ ਦੇ ਕੁਝ ਸ਼ਬਦਾਂ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਸੀ। ਇਸ ਤਰ੍ਹਾਂ ਸੁਣਨ ਵਾਲਿਆਂ ਨੂੰ ਉਹ ਸ਼ਬਦ ਸੌਖਿਆਂ ਹੀ ਯਾਦ ਹੋ ਜਾਂਦੇ ਸਨ। ਉਦਾਹਰਣ ਲਈ, ਜ਼ਬੂਰ 115:9-11 ʼਤੇ ਧਿਆਨ ਦਿਓ। ਉੱਥੇ ਲਿਖਿਆ ਹੈ: “ਹੇ ਇਜ਼ਰਾਈਲ, ਯਹੋਵਾਹ ʼਤੇ ਭਰੋਸਾ ਰੱਖ, ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ। ਹੇ ਹਾਰੂਨ ਦੇ ਘਰਾਣੇ, ਯਹੋਵਾਹ ʼਤੇ ਭਰੋਸਾ ਰੱਖ, ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ। ਤੂੰ ਜੋ ਯਹੋਵਾਹ ਤੋਂ ਡਰਦਾ ਹੈਂ, ਯਹੋਵਾਹ ʼਤੇ ਭਰੋਸਾ ਰੱਖ, ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ।” ਸੋਚੋ ਜਦੋਂ ਗਾਇਕ ਇਹ ਗੀਤ ਆਉਂਦੇ ਹੋਣੇ ਅਤੇ ਵਾਰ-ਵਾਰ ਇਹ ਸ਼ਬਦ ਦੁਹਰਾਉਂਦੇ ਹੋਣੇ, ਤਾਂ ਕਿੱਦਾਂ ਇਹ ਅਨਮੋਲ ਸੱਚਾਈਆਂ ਉਨ੍ਹਾਂ ਦੇ ਦਿਲ-ਦਿਮਾਗ਼ ʼਤੇ ਛਪ ਜਾਂਦੀਆਂ ਹੋਣੀਆਂ।

ਇਹ ਗੱਲਾਂ ਕਿਉਂ ਲਿਖੀਆਂ ਗਈਆਂ ਸਨ। ਬਾਈਬਲ ਦੇ ਲੇਖਕਾਂ ਨੇ ਕਈ ਵਾਰ ਜ਼ਰੂਰੀ ਗੱਲਾਂ ਨੂੰ ਵਾਰ-ਵਾਰ ਦੁਹਰਾਇਆ। ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਖ਼ੂਨ ਨਾ ਖਾਣ, ਤਾਂ ਉਸ ਨੇ ਮੂਸਾ ਦੇ ਜ਼ਰੀਏ ਇਸ ਹੁਕਮ ਨੂੰ ਕਈ ਵਾਰ ਦੁਹਰਾਇਆ। ਪਰਮੇਸ਼ੁਰ ਇਸ ਗੱਲ ʼਤੇ ਜ਼ੋਰ ਦੇਣਾ ਚਾਹੁੰਦਾ ਸੀ ਕਿ ਖ਼ੂਨ ਵਿਚ ਹੀ ਜਾਨ ਹੈ ਯਾਨੀ ਖ਼ੂਨ ਜ਼ਿੰਦਗੀ ਨੂੰ ਦਰਸਾਉਂਦਾ ਹੈ। (ਲੇਵੀ. 17:11, 14) ਬਾਅਦ ਵਿਚ, ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਨ੍ਹਾਂ ਤੋਂ ਮਸੀਹੀਆਂ ਨੂੰ ਦੂਰ ਰਹਿਣਾ ਚਾਹੀਦਾ ਸੀ। ਇੱਦਾਂ ਕਰਦੇ ਵੇਲੇ ਉਨ੍ਹਾਂ ਨੇ ਫਿਰ ਤੋਂ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਖ਼ੂਨ ਤੋਂ ਦੂਰ ਰਹਿਣਾ ਚਾਹੀਦਾ ਹੈ।​—ਰਸੂ. 15:20, 29.

ਭਾਵੇਂ ਬਾਈਬਲ ਵਿਚ ਕੁਝ ਗੱਲਾਂ ਵਾਰ-ਵਾਰ ਦੁਹਰਾਈਆਂ ਗਈਆਂ ਹਨ, ਪਰ ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਉਨ੍ਹਾਂ ਗੱਲਾਂ ਨੂੰ ਵਾਰ-ਵਾਰ ਦੁਹਰਾਉਣ ਦੀ ਆਦਤ ਪਾ ਲਈਏ। ਜਿਵੇਂ ਯਿਸੂ ਨੇ ਵੀ ਕਿਹਾ ਸੀ ਕਿ ‘ਪ੍ਰਾਰਥਨਾ ਕਰਦੇ ਹੋਏ ਤੂੰ ਰਟੀਆਂ-ਰਟਾਈਆਂ ਗੱਲਾਂ ਨਾ ਕਹਿ।’ (ਮੱਤੀ 6:7) ਇਸ ਤੋਂ ਬਾਅਦ, ਯਿਸੂ ਨੇ ਦੱਸਿਆ ਕਿ ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ ਜੋ ਯਹੋਵਾਹ ਦੀ ਇੱਛਾ ਮੁਤਾਬਕ ਹੋਣ। (ਮੱਤੀ 6:9-13) ਸੋ ਪ੍ਰਾਰਥਨਾ ਕਰਦੇ ਵੇਲੇ ਅਸੀਂ ਇਕ ਹੀ ਤਰ੍ਹਾਂ ਦੇ ਸ਼ਬਦ ਵਾਰ-ਵਾਰ ਨਹੀਂ ਦੁਹਰਾਉਂਦੇ। ਪਰ ਅਸੀਂ ਇਕ ਹੀ ਵਿਸ਼ੇ ਬਾਰੇ ਵਾਰ-ਵਾਰ ਪ੍ਰਾਰਥਨਾ ਕਰ ਸਕਦੇ ਹਾਂ।​—ਮੱਤੀ 7:7-11.

ਸੋ ਅਸੀਂ ਦੇਖਿਆ ਕਿ ਕਈ ਕਾਰਨਾਂ ਕਰਕੇ ਬਾਈਬਲ ਵਿਚ ਕੁਝ ਗੱਲਾਂ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ। ਸਾਡਾ ਮਹਾਨ ਸਿੱਖਿਅਕ ਸਾਡਾ ਭਲਾ ਚਾਹੁੰਦਾ ਹੈ ਅਤੇ ਇਸ ਤਰੀਕੇ ਨਾਲ ਸਿਖਾ ਕੇ ਉਹ ਸਾਡੀ ਮਦਦ ਕਰਦਾ ਹੈ ਕਿ ਉਸ ਦੇ ਬਚਨ ਵਿਚ ਲਿਖੀਆਂ ਗੱਲਾਂ ਸਾਡੇ ਦਿਲ ਵਿਚ ਬੈਠ ਜਾਣ।​—ਯਸਾ. 48:17, 18.