Skip to content

Skip to table of contents

ਅਧਿਐਨ ਲੇਖ 16

ਗੀਤ 64 ਖ਼ੁਸ਼ੀ ਨਾਲ ਵਾਢੀ ਕਰੋ

ਪ੍ਰਚਾਰ ਵਿਚ ਹੋਰ ਖ਼ੁਸ਼ੀ ਕਿਵੇਂ ਪਾਈਏ?

ਪ੍ਰਚਾਰ ਵਿਚ ਹੋਰ ਖ਼ੁਸ਼ੀ ਕਿਵੇਂ ਪਾਈਏ?

“ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ।”​—ਜ਼ਬੂ. 100:2.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਪ੍ਰਚਾਰ ਵਿਚ ਹੋਰ ਵੀ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ।

1. ਕੁਝ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨਾ ਕਿੱਦਾਂ ਲੱਗਦਾ ਹੈ ਅਤੇ ਕਿਉਂ? (ਤਸਵੀਰ ਵੀ ਦੇਖੋ।)

 ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਾਰੇ ਲੋਕ ਉਸ ਬਾਰੇ ਜਾਣਨ। ਇਸ ਲਈ ਅਸੀਂ ਪ੍ਰਚਾਰ ਕਰਦੇ ਹਾਂ ਤੇ ਇਹ ਕੰਮ ਕਰ ਕੇ ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਪਰ ਕੁਝ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨਾ ਔਖਾ ਲੱਗ ਸਕਦਾ ਹੈ। ਕਿਉਂ? ਕਿਉਂਕਿ ਸ਼ਾਇਦ ਉਹ ਸ਼ਰਮੀਲੇ ਸੁਭਾਅ ਦੇ ਹੋਣ। ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ। ਜਾਂ ਬਿਨ-ਬੁਲਾਏ ਉਨ੍ਹਾਂ ਨੂੰ ਕਿਸੇ ਦੇ ਘਰ ਜਾਣਾ ਔਖਾ ਲੱਗੇ। ਕੁਝ ਭੈਣਾਂ-ਭਰਾਵਾਂ ਨੂੰ ਇਹ ਵੀ ਡਰ ਲੱਗਦਾ ਹੈ ਕਿ ਜੇ ਦੂਜੇ ਉਨ੍ਹਾਂ ʼਤੇ ਭੜਕ ਗਏ, ਤਾਂ ਉਹ ਕੀ ਕਰਨਗੇ। ਜਾਂ ਕੁਝ ਭੈਣ-ਭਰਾ ਇੱਦਾਂ ਦੇ ਵੀ ਹਨ ਜੋ ਫਾਲਤੂ ਦੀ ਬਹਿਸ ਵਿਚ ਨਹੀਂ ਪੈਣਾ ਚਾਹੁੰਦੇ। ਚਾਹੇ ਕਿ ਇਹ ਭੈਣ-ਭਰਾ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਨ, ਫਿਰ ਵੀ ਇਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਥੋੜ੍ਹਾ ਡਰ ਲੱਗਦਾ ਹੈ। ਪਰ ਉਹ ਜਾਣਦੇ ਹਨ ਕਿ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ, ਇਸ ਕਰਕੇ ਉਹ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਦੇਖ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ!

ਕੀ ਤੁਹਾਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਮਿਲਦੀ ਹੈ? (ਪੈਰਾ 1 ਦੇਖੋ)


2. ਜੇ ਤੁਹਾਨੂੰ ਪ੍ਰਚਾਰ ਵਿਚ ਖ਼ੁਸ਼ੀ ਨਹੀਂ ਮਿਲ ਰਹੀ, ਤਾਂ ਤੁਹਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?

2 ਕੀ ਇਨ੍ਹਾਂ ਗੱਲਾਂ ਕਰਕੇ ਤੁਹਾਨੂੰ ਵੀ ਕਦੇ-ਕਦੇ ਪ੍ਰਚਾਰ ਵਿਚ ਖ਼ੁਸ਼ੀ ਪਾਉਣੀ ਔਖੀ ਲੱਗਦੀ ਹੈ? ਜੇ ਹਾਂ, ਤਾਂ ਨਿਰਾਸ਼ ਨਾ ਹੋਵੋ। ਸਾਨੂੰ ਸਾਰਿਆਂ ਨੂੰ ਲੋਕਾਂ ਨਾਲ ਗੱਲ ਕਰਨ ਵਿਚ ਘਬਰਾਹਟ ਹੁੰਦੀ ਹੈ। ਕਿਉਂ? ਕਿਉਂਕਿ ਅਸੀਂ ਕਿਸੇ ਵੀ ਬਹਿਸ ਵਿਚ ਨਹੀਂ ਪੈਣਾ ਚਾਹੁੰਦੇ ਤੇ ਨਾ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹਾਂ। ਅਸੀਂ ਤਾਂ ਬੱਸ ਲੋਕਾਂ ਦੇ ਭਲੇ ਲਈ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਕਿ ਉਹ ਸਾਡੇ ʼਤੇ ਭੜਕ ਜਾਣ। ਯਾਦ ਰੱਖੋ ਕਿ ਤੁਹਾਡਾ ਪਿਤਾ ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਅਤੇ ਉਹ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। (ਯਸਾ. 41:13) ਇਸ ਲੇਖ ਵਿਚ ਅਸੀਂ ਪੰਜ ਸੁਝਾਵਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਨੂੰ ਮੰਨ ਕੇ ਤੁਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਸਕੋਗੇ ਅਤੇ ਪ੍ਰਚਾਰ ਵਿਚ ਖ਼ੁਸ਼ੀ ਪਾ ਸਕੋਗੇ।

ਪਰਮੇਸ਼ੁਰ ਦੇ ਬਚਨ ਤੋਂ ਹਿੰਮਤ ਪਾਓ

3. ਯਿਰਮਿਯਾਹ ਨਬੀ ਕਿਉਂ ਹਿੰਮਤ ਨਾਲ ਪ੍ਰਚਾਰ ਕਰ ਸਕਿਆ?

3 ਪੁਰਾਣੇ ਸਮੇਂ ਤੋਂ ਹੀ ਪਰਮੇਸ਼ੁਰ ਦੇ ਕਈ ਸੇਵਕਾਂ ਨੂੰ ਅਜਿਹੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ ਜਿਨ੍ਹਾਂ ਨੂੰ ਨਿਭਾਉਣਾ ਉਨ੍ਹਾਂ ਨੂੰ ਔਖਾ ਲੱਗਾ। ਪਰ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ʼਤੇ ਧਿਆਨ ਦਿੱਤਾ, ਤਾਂ ਉਨ੍ਹਾਂ ਨੂੰ ਹਿੰਮਤ ਮਿਲੀ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕੇ। ਜ਼ਰਾ ਯਿਰਮਿਯਾਹ ਨਬੀ ਬਾਰੇ ਸੋਚੋ। ਯਹੋਵਾਹ ਨੇ ਉਸ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ, ਪਰ ਉਸ ਨੂੰ ਡਰ ਲੱਗ ਰਿਹਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਮੈਨੂੰ ਤਾਂ ਗੱਲ ਵੀ ਨਹੀਂ ਕਰਨੀ ਆਉਂਦੀ ਕਿਉਂਕਿ ਮੈਂ ਤਾਂ ਅਜੇ ਮੁੰਡਾ ਹੀ ਹਾਂ।” (ਯਿਰ. 1:6) ਤਾਂ ਫਿਰ ਉਸ ਨੂੰ ਕਿਸ ਗੱਲ ਤੋਂ ਹਿੰਮਤ ਮਿਲੀ? ਪਰਮੇਸ਼ੁਰ ਦੇ ਸੰਦੇਸ਼ ਤੋਂ। ਉਸ ਨੇ ਕਿਹਾ: “ਇਹ ਮੇਰੀਆਂ ਹੱਡੀਆਂ ਵਿਚ ਅੱਗ ਦੇ ਭਾਂਬੜ ਵਾਂਗ ਸੀ, ਮੈਂ ਇਸ ਨੂੰ ਰੋਕਦਾ-ਰੋਕਦਾ ਥੱਕ ਗਿਆ।” (ਯਿਰ. 20:8, 9) ਯਿਰਮਿਯਾਹ ਨੇ ਢੀਠ ਲੋਕਾਂ ਨੂੰ ਪ੍ਰਚਾਰ ਕਰਨਾ ਸੀ। ਪਰ ਜਦੋਂ ਉਸ ਨੇ ਸੋਚਿਆ ਕਿ ਲੋਕਾਂ ਲਈ ਇਹ ਸੰਦੇਸ਼ ਕਿੰਨਾ ਜ਼ਰੂਰੀ ਹੈ, ਤਾਂ ਉਹ ਇਹ ਸੰਦੇਸ਼ ਸੁਣਾਉਣ ਤੋਂ ਖ਼ੁਦ ਨੂੰ ਰੋਕ ਨਹੀਂ ਸਕਿਆ।

4. ਬਾਈਬਲ ਪੜ੍ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ? (ਕੁਲੁੱਸੀਆਂ 1:9, 10)

4 ਅੱਜ ਸਾਨੂੰ ਵੀ ਪਰਮੇਸ਼ੁਰ ਦੇ ਸੰਦੇਸ਼ ਯਾਨੀ ਬਾਈਬਲ ਤੋਂ ਹਿੰਮਤ ਮਿਲਦੀ ਹੈ। ਪੌਲੁਸ ਰਸੂਲ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਸਹੀ ਗਿਆਨ ਲੈਂਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਕਿਉਂ? ਤਾਂਕਿ ਉਨ੍ਹਾਂ ਦਾ “ਚਾਲ-ਚਲਣ ਇਹੋ ਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੁੰਦਾ ਹੈ” ਅਤੇ ਉਹ “ਚੰਗਾ ਕੰਮ ਕਰਦੇ ਹੋਏ ਵਧੀਆ ਨਤੀਜੇ ਹਾਸਲ” ਕਰ ਸਕਣ। (ਕੁਲੁੱਸੀਆਂ 1:9, 10 ਪੜ੍ਹੋ।) ਇਨ੍ਹਾਂ ਚੰਗੇ ਕੰਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਵੀ ਸ਼ਾਮਲ ਹੈ। ਇਸ ਲਈ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਅਤੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਯਹੋਵਾਹ ʼਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਨਾਲੇ ਅਸੀਂ ਸਮਝ ਪਾਉਂਦੇ ਹਾਂ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ।

5. ਬਾਈਬਲ ਤੋਂ ਪੂਰਾ ਫ਼ਾਇਦਾ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

5 ਪਰਮੇਸ਼ੁਰ ਦੇ ਬਚਨ ਤੋਂ ਪੂਰਾ ਫ਼ਾਇਦਾ ਪਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਪੜ੍ਹਨ ਵਿਚ ਕਾਹਲੀ ਨਾ ਕਰੋ। ਇਸ ਨੂੰ ਪੜ੍ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੋ। ਜੇ ਬਾਈਬਲ ਪੜ੍ਹਦੇ ਵੇਲੇ ਤੁਹਾਨੂੰ ਕੋਈ ਆਇਤ ਸਮਝ ਨਹੀਂ ਆਉਂਦੀ, ਤਾਂ ਉਹ ਨੂੰ ਛੱਡ ਕੇ ਅਗਲੀ ਆਇਤ ʼਤੇ ਨਾ ਜਾਓ। ਇਸ ਦੀ ਬਜਾਇ, ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਅਤੇ ਹੋਰ ਪ੍ਰਕਾਸ਼ਨਾਂ ਵਿੱਚੋਂ ਉਸ ਆਇਤ ਬਾਰੇ ਖੋਜਬੀਨ ਕਰੋ। ਉਸ ਆਇਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ। ਜੇ ਸਮਾਂ ਕੱਢ ਕੇ ਤੁਸੀਂ ਇਸ ਤਰ੍ਹਾਂ ਅਧਿਐਨ ਕਰੋਗੇ, ਤਾਂ ਪਰਮੇਸ਼ੁਰ ਦੇ ਬਚਨ ʼਤੇ ਤੁਹਾਡਾ ਭਰੋਸਾ ਵਧੇਗਾ ਕਿ ਇਸ ਵਿਚ ਲਿਖੀ ਹਰ ਗੱਲ ਸੱਚ ਹੈ। (1 ਥੱਸ. 5:21) ਤੁਹਾਡਾ ਭਰੋਸਾ ਜਿੰਨਾ ਜ਼ਿਆਦਾ ਵਧੇਗਾ, ਤੁਹਾਨੂੰ ਉੱਨਾ ਜ਼ਿਆਦਾ ਦੂਜਿਆਂ ਨੂੰ ਦੱਸਣ ਵਿਚ ਖ਼ੁਸ਼ੀ ਮਿਲੇਗੀ।

ਚੰਗੀ ਤਿਆਰੀ ਕਰੋ

6. ਸਾਨੂੰ ਪ੍ਰਚਾਰ ਲਈ ਚੰਗੀ ਤਿਆਰੀ ਕਿਉਂ ਕਰਨੀ ਚਾਹੀਦੀ ਹੈ?

6 ਪ੍ਰਚਾਰ ਲਈ ਚੰਗੀ ਤਿਆਰੀ ਕਰਨ ਕਰਕੇ ਤੁਸੀਂ ਲੋਕਾਂ ਨਾਲ ਆਰਾਮ ਨਾਲ ਗੱਲ ਕਰ ਸਕੋਗੇ ਅਤੇ ਘਬਰਾਓਗੇ ਨਹੀਂ। ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਪ੍ਰਚਾਰ ਵਿਚ ਭੇਜਣ ਤੋਂ ਪਹਿਲਾਂ ਕੁਝ ਗੱਲਾਂ ਦੱਸੀਆਂ ਸਨ। ਉਸ ਨੇ ਉਨ੍ਹਾਂ ਨੂੰ ਸਿਖਾਇਆ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕੀ ਕਹਿਣਾ ਹੈ। (ਲੂਕਾ 10:1-11) ਜਦੋਂ ਚੇਲਿਆਂ ਨੇ ਇਹ ਗੱਲਾਂ ਮੰਨੀਆਂ, ਤਾਂ ਇਸ ਦੇ ਵਧੀਆ ਨਤੀਜੇ ਨਿਕਲੇ ਅਤੇ ਉਨ੍ਹਾਂ ਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਵੀ ਮਿਲੀ।​—ਲੂਕਾ 10:17.

7. ਅਸੀਂ ਪ੍ਰਚਾਰ ਲਈ ਚੰਗੀ ਤਿਆਰੀ ਕਿਵੇਂ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)

7 ਅਸੀਂ ਵੀ ਪ੍ਰਚਾਰ ਲਈ ਚੰਗੀ ਤਿਆਰੀ ਕਰ ਸਕਦੇ ਹਾਂ। ਅਸੀਂ ਪਹਿਲਾਂ ਤੋਂ ਸੋਚ ਸਕਦੇ ਹਾਂ ਕਿ ਅਸੀਂ ਲੋਕਾਂ ਨਾਲ ਕਿਸ ਬਾਰੇ ਗੱਲ ਕਰਾਂਗੇ ਅਤੇ ਉਸ ਨੂੰ ਆਪਣੇ ਸ਼ਬਦਾਂ ਵਿਚ ਕਿਵੇਂ ਕਹਾਂਗੇ। ਅਸੀਂ ਇਹ ਵੀ ਸੋਚ ਸਕਦੇ ਹਾਂ ਕਿ ਸਾਡੀ ਗੱਲ ਸੁਣ ਕੇ ਲੋਕ ਕੀ-ਕੀ ਕਹਿ ਸਕਦੇ ਹਨ ਅਤੇ ਅਸੀਂ ਉਨ੍ਹਾਂ ਦਾ ਕੀ ਜਵਾਬ ਦੇਵਾਂਗੇ। ਜਦੋਂ ਤਿਆਰੀ ਕਰਨ ਤੋਂ ਬਾਅਦ ਤੁਸੀਂ ਪ੍ਰਚਾਰ ʼਤੇ ਜਾਓਗੇ, ਤਾਂ ਘਬਰਾਓ ਨਾ। ਮੁਸਕਰਾਓ ਤੇ ਆਰਾਮ ਨਾਲ ਗੱਲ ਕਰੋ।

ਪ੍ਰਚਾਰ ਲਈ ਚੰਗੀ ਤਿਆਰੀ ਕਰੋ (ਪੈਰਾ 7 ਦੇਖੋ)


8. ਪੌਲੁਸ ਨੇ ਮਸੀਹੀਆਂ ਦੀ ਤੁਲਨਾ ਮਿੱਟੀ ਦੇ ਭਾਂਡਿਆਂ ਨਾਲ ਕਿਉਂ ਕੀਤੀ?

8 ਪੌਲੁਸ ਨੇ ਇਕ ਮਿਸਾਲ ਰਾਹੀਂ ਦੱਸਿਆ ਕਿ ਪ੍ਰਚਾਰ ਵਿਚ ਸਾਡੀ ਕੀ ਭੂਮਿਕਾ ਹੈ। ਉਸ ਨੇ ਕਿਹਾ: “ਸਾਡੇ ਕੋਲ ਸੇਵਾ ਦਾ ਇਹ ਖ਼ਾਸ ਕੰਮ ਹੈ, ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ।” (2 ਕੁਰਿੰ. 4:7) ਇਹ ਖ਼ਜ਼ਾਨਾ ਕੀ ਹੈ? ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ। (2 ਕੁਰਿੰ. 4:1) ਇਹ ਖ਼ੁਸ਼ ਖ਼ਬਰੀ ਸੁਣਾਉਣ ਕਰਕੇ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਮਿੱਟੀ ਦੇ ਭਾਂਡੇ ਕੌਣ ਹਨ? ਪਰਮੇਸ਼ੁਰ ਦੇ ਸੇਵਕ ਜੋ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। ਪਹਿਲੀ ਸਦੀ ਵਿਚ ਵਪਾਰੀ ਮਿੱਟੀ ਦੇ ਭਾਂਡਿਆਂ ਵਿਚ ਅਨਾਜ, ਦਾਖਰਸ, ਪੈਸੇ ਤੇ ਇੱਦਾਂ ਦੀਆਂ ਹੋਰ ਚੀਜ਼ਾਂ ਲੈ ਕੇ ਜਾਂਦੇ ਸਨ। ਉਸੇ ਤਰ੍ਹਾਂ ਯਹੋਵਾਹ ਨੇ ਮਿੱਟੀ ਦੇ ਭਾਂਡਿਆਂ ਯਾਨੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦਾ ਜ਼ਰੂਰੀ ਸੰਦੇਸ਼ ਲੋਕਾਂ ਤਕ ਪਹੁੰਚਾਈਏ। ਯਹੋਵਾਹ ਇਹ ਕੰਮ ਚੰਗੀ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਦਾ ਹੈ।

ਦਲੇਰੀ ਲਈ ਪ੍ਰਾਰਥਨਾ ਕਰੋ

9. ਜੇ ਤੁਹਾਨੂੰ ਵੀ ਕਦੇ ਲੋਕਾਂ ਦਾ ਡਰ ਸਤਾਵੇ, ਤਾਂ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)

9 ਕਦੇ-ਕਦੇ ਸ਼ਾਇਦ ਅਸੀਂ ਇਹ ਸੋਚ ਕੇ ਡਰ ਜਾਈਏ ਕਿ ਜੇ ਲੋਕ ਸਾਡੇ ʼਤੇ ਭੜਕ ਗਏ ਜਾਂ ਸਾਡਾ ਵਿਰੋਧ ਕੀਤਾ ਗਿਆ, ਤਾਂ ਅਸੀਂ ਕੀ ਕਰਾਂਗੇ? ਧਿਆਨ ਦਿਓ ਕਿ ਜਦੋਂ ਰਸੂਲਾਂ ਨੂੰ ਪ੍ਰਚਾਰ ਬੰਦ ਕਰਨ ਦਾ ਹੁਕਮ ਦਿੱਤਾ ਗਿਆ, ਤਾਂ ਉਨ੍ਹਾਂ ਨੇ ਕੀ ਕੀਤਾ। ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰੇ ਤਾਂਕਿ ਉਹ “ਦਲੇਰੀ ਨਾਲ [ਉਸ ਦੇ] ਬਚਨ ਦਾ ਐਲਾਨ ਕਰਦੇ” ਰਹਿ ਸਕਣ। (ਰਸੂ. 4:18, 29, 31) ਯਹੋਵਾਹ ਨੇ ਉਨ੍ਹਾਂ ਦੀ ਪ੍ਰਾਰਥਨਾ ਸੁਣੀ ਅਤੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ। ਜੇ ਤੁਹਾਨੂੰ ਵੀ ਕਦੇ ਲੋਕਾਂ ਦਾ ਡਰ ਸਤਾਵੇ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਨੂੰ ਕਹੋ ਕਿ ਉਹ ਤੁਹਾਡੇ ਦਿਲ ਵਿਚ ਲੋਕਾਂ ਲਈ ਪਿਆਰ ਇੰਨਾ ਵਧਾ ਦੇਵੇ ਕਿ ਤੁਸੀਂ ਨਿਡਰ ਹੋ ਕੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੋ।

ਦਲੇਰੀ ਲਈ ਪ੍ਰਾਰਥਨਾ ਕਰੋ (ਪੈਰਾ 9 ਦੇਖੋ)


10. ਹਿੰਮਤ ਨਾਲ ਗਵਾਹੀ ਦੇਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ? (ਯਸਾਯਾਹ 43:10-12)

10 ਯਹੋਵਾਹ ਨੇ ਗਵਾਹੀ ਦੇਣ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਅਸੀਂ ਉਸ ਦੇ ਗਵਾਹ ਹਾਂ। ਉਸ ਨੇ ਵਾਅਦਾ ਕੀਤਾ ਹੈ ਕਿ ਇਹ ਜ਼ਿੰਮੇਵਾਰੀ ਪੂਰੀ ਕਰਨ ਲਈ ਉਹ ਸਾਨੂੰ ਹਿੰਮਤ ਦੇਵੇਗਾ। (ਯਸਾਯਾਹ 43:10-12 ਪੜ੍ਹੋ।) ਪਰ ਯਹੋਵਾਹ ਸਾਨੂੰ ਕਿਵੇਂ ਹਿੰਮਤ ਦਿੰਦਾ ਹੈ? ਜ਼ਰਾ ਚਾਰ ਤਰੀਕਿਆਂ ʼਤੇ ਗੌਰ ਕਰੋ। ਪਹਿਲਾ, ਉਸ ਦਾ ਪੁੱਤਰ ਯਿਸੂ ਸਾਡੇ ਨਾਲ ਹੈ ਅਤੇ ਉਹ ਪ੍ਰਚਾਰ ਵਿਚ ਸਾਡੀ ਮਦਦ ਕਰਦਾ ਹੈ। (ਮੱਤੀ 28:18-20) ਦੂਜਾ, ਉਸ ਨੇ ਸਾਡੀ ਮਦਦ ਕਰਨ ਦੀ ਜ਼ਿੰਮੇਵਾਰੀ ਦੂਤਾਂ ਨੂੰ ਦਿੱਤੀ ਹੈ। (ਪ੍ਰਕਾ. 14:6) ਤੀਜਾ, ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਸ ਦੀ ਮਦਦ ਨਾਲ ਸਾਨੂੰ ਉਹ ਗੱਲਾਂ ਚੇਤੇ ਆਉਂਦੀਆਂ ਹਨ ਜੋ ਅਸੀਂ ਪਹਿਲਾਂ ਸਿੱਖੀਆਂ ਸਨ। (ਯੂਹੰ. 14:25, 26) ਉਸ ਨੇ ਸਾਨੂੰ ਭੈਣ-ਭਰਾ ਦਿੱਤੇ ਹਨ ਜੋ ਪ੍ਰਚਾਰ ਵਿਚ ਸਾਡਾ ਸਾਥ ਦਿੰਦੇ ਹਨ। ਸੋ ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਅਸੀਂ ਜ਼ਰੂਰ ਹਿੰਮਤ ਨਾਲ ਪ੍ਰਚਾਰ ਕਰ ਸਕਦੇ ਹਾਂ।

ਫੇਰ-ਬਦਲ ਕਰੋ ਅਤੇ ਸਹੀ ਨਜ਼ਰੀਆ ਬਣਾਈ ਰੱਖੋ

11. ਜੇ ਅਸੀਂ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? (ਤਸਵੀਰ ਵੀ ਦੇਖੋ।)

11 ਜਦੋਂ ਪ੍ਰਚਾਰ ਦੌਰਾਨ ਲੋਕ ਘਰ ਨਹੀਂ ਮਿਲਦੇ, ਤਾਂ ਕੀ ਤੁਸੀਂ ਨਿਰਾਸ਼ ਹੋ ਜਾਂਦੇ ਹੋ? ਜੇ ਹਾਂ, ਤਾਂ ਖ਼ੁਦ ਤੋਂ ਪੁੱਛੋ, ‘ਜੇ ਲੋਕ ਘਰ ਨਹੀਂ ਹਨ, ਤਾਂ ਕਿੱਥੇ ਹਨ?’ (ਰਸੂ. 16:13) ‘ਕੀ ਉਹ ਕੰਮ ʼਤੇ ਹਨ ਜਾਂ ਬਾਜ਼ਾਰ ਵਿਚ?’ ਜੇ ਲੋਕ ਘਰੋਂ ਬਾਹਰ ਹਨ, ਤਾਂ ਕਿਉਂ ਨਾ ਸੜਕ ʼਤੇ ਗਵਾਹੀ ਦਿਓ ਜਿੱਥੇ ਤੁਹਾਨੂੰ ਜ਼ਿਆਦਾ ਲੋਕ ਮਿਲ ਸਕਦੇ ਹਨ। ਭਰਾ ਜੋਸ਼ੁਆ ਕਹਿੰਦਾ ਹੈ: “ਮੈਨੂੰ ਬਾਜ਼ਾਰ ਵਿਚ ਤੇ ਪਾਰਕਿੰਗ ਵਾਲੀਆਂ ਥਾਵਾਂ ʼਤੇ ਬਹੁਤ ਸਾਰੇ ਲੋਕਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਿਆ ਹੈ।” ਇਸ ਤੋਂ ਇਲਾਵਾ, ਭਰਾ ਜੋਸ਼ੁਆ ਤੇ ਉਸ ਦੀ ਪਤਨੀ ਬ੍ਰੀਜਟ ਨੇ ਦੇਖਿਆ ਹੈ ਕਿ ਜਦੋਂ ਉਹ ਸ਼ਾਮ ਨੂੰ ਤੇ ਐਤਵਾਰ ਦੁਪਹਿਰ ਨੂੰ ਪ੍ਰਚਾਰ ʼਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਜ਼ਿਆਦਾਤਰ ਲੋਕ ਘਰ ਹੀ ਮਿਲਦੇ ਹਨ।​—ਅਫ਼. 5:15, 16.

ਫੇਰ-ਬਦਲ ਕਰੋ (ਪੈਰਾ 11 ਦੇਖੋ)


12. ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਲੋਕ ਕੀ ਮੰਨਦੇ ਹਨ ਤੇ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ?

12 ਜੇ ਲੋਕ ਸਾਡਾ ਸੰਦੇਸ਼ ਸੁਣਨਾ ਪਸੰਦ ਨਹੀਂ ਕਰਦੇ, ਤਾਂ ਅਸੀਂ ਕੀ ਕਰ ਸਕਦੇ ਹਾਂ? ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਕਿ ਲੋਕ ਕੀ ਮੰਨਦੇ ਹਨ ਤੇ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ। ਧਿਆਨ ਦਿਓ ਕਿ ਭਰਾ ਜੋਸ਼ੁਆ ਤੇ ਉਸ ਦੀ ਪਤਨੀ ਬ੍ਰੀਜਟ ਇਹ ਕਿਵੇਂ ਕਰਦੇ ਹਨ। ਉਹ ਲੋਕਾਂ ਦੀ ਰਾਇ ਜਾਣਨ ਲਈ ਉਨ੍ਹਾਂ ਨੂੰ ਟ੍ਰੈਕਟ ਦੇ ਪਹਿਲੇ ਸਫ਼ੇ ʼਤੇ ਦਿੱਤਾ ਸਵਾਲ ਪੁੱਛਦੇ ਹਨ। ਮਿਸਾਲ ਲਈ, ਉਹ ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ? ਨਾਂ ਦਾ ਟ੍ਰੈਕਟ ਦਿਖਾ ਕੇ ਉਨ੍ਹਾਂ ਤੋਂ ਪੁੱਛਦੇ ਹਨ: “ਕਈ ਲੋਕਾਂ ਨੂੰ ਲੱਗਦਾ ਹੈ ਕਿ ਬਾਈਬਲ ਰੱਬ ਵੱਲੋਂ ਹੈ। ਪਰ ਕੁਝ ਲੋਕਾਂ ਨੂੰ ਇੱਦਾਂ ਨਹੀਂ ਲੱਗਦਾ। ਤੁਹਾਡਾ ਕੀ ਮੰਨਣਾ ਹੈ?” ਇੱਦਾਂ ਦੇ ਸਵਾਲ ਪੁੱਛਣ ਕਰਕੇ ਉਨ੍ਹਾਂ ਦੀ ਕਈ ਲੋਕਾਂ ਨਾਲ ਚੰਗੀ ਗੱਲਬਾਤ ਹੋਈ ਹੈ।

13. ਜੇ ਪ੍ਰਚਾਰ ਵਿਚ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਕੀ ਯਾਦ ਰੱਖ ਸਕਦੇ ਹਾਂ? (ਕਹਾਉਤਾਂ 27:11)

13 ਜੇ ਪ੍ਰਚਾਰ ਵਿਚ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਯਾਦ ਰੱਖ ਸਕਦੇ ਹਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ। ਜਦੋਂ ਅਸੀਂ ਗਵਾਹੀ ਦਿੰਦੇ ਹਾਂ, ਤਾਂ ਅਸੀਂ ਯਹੋਵਾਹ ਤੇ ਯਿਸੂ ਦੀ ਮਰਜ਼ੀ ਪੂਰੀ ਕਰ ਰਹੇ ਹੁੰਦੇ ਹਾਂ। (ਰਸੂ. 10:42) ਸੋ ਜੇ ਪ੍ਰਚਾਰ ਵਿਚ ਲੋਕ ਸਾਨੂੰ ਘਰੇ ਨਹੀਂ ਮਿਲਦੇ ਜਾਂ ਸਾਡਾ ਵਿਰੋਧ ਕਰਦੇ ਹਨ, ਤਾਂ ਅਸੀਂ ਇਸ ਗੱਲੋਂ ਖ਼ੁਸ਼ ਹੋ ਸਕਦੇ ਹਾਂ ਕਿ ਸਵਰਗ ਵਿਚ ਰਹਿਣ ਵਾਲਾ ਸਾਡਾ ਪਿਤਾ ਯਹੋਵਾਹ ਸਾਡੇ ਤੋਂ ਖ਼ੁਸ਼ ਹੈ।​—ਕਹਾਉਤਾਂ 27:11 ਪੜ੍ਹੋ।

14. ਜਦੋਂ ਕਿਸੇ ਪ੍ਰਚਾਰਕ ਨੂੰ ਅਜਿਹਾ ਵਿਅਕਤੀ ਮਿਲਦਾ ਹੈ ਜੋ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਹੈ, ਉਦੋਂ ਸਾਨੂੰ ਖ਼ੁਸ਼ੀ ਕਿਉਂ ਹੁੰਦੀ ਹੈ?

14 ਅਸੀਂ ਉਦੋਂ ਵੀ ਖ਼ੁਸ਼ ਹੁੰਦੇ ਹਾਂ ਜਦੋਂ ਕਿਸੇ ਪ੍ਰਚਾਰਕ ਨੂੰ ਅਜਿਹਾ ਵਿਅਕਤੀ ਮਿਲਦਾ ਹੈ ਜੋ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਹੈ। ਇਕ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ ਕਿ ਪ੍ਰਚਾਰ ਕੰਮ ਇੱਦਾਂ ਹੈ ਜਿੱਦਾਂ ਕੁਝ ਲੋਕ ਮਿਲ ਕੇ ਕਿਸੇ ਗੁਆਚੇ ਹੋਏ ਬੱਚੇ ਨੂੰ ਲੱਭ ਰਹੇ ਹੋਣ। ਸਾਰੇ ਲੋਕ ਮਿਲ ਕੇ ਉਸ ਬੱਚੇ ਨੂੰ ਲੱਭਣ ਲੱਗ ਪੈਂਦੇ ਹਨ ਅਤੇ ਚੱਪਾ-ਚੱਪਾ ਛਾਣ ਮਾਰਦੇ ਹਨ। ਫਿਰ ਜਦੋਂ ਕਿਸੇ ਨੂੰ ਉਹ ਬੱਚਾ ਮਿਲ ਜਾਂਦਾ ਹੈ, ਤਾਂ ਸਾਰੇ ਖ਼ੁਸ਼ ਹੁੰਦੇ ਹਨ। ਉਸੇ ਤਰ੍ਹਾਂ ਚੇਲੇ ਬਣਾਉਣ ਦਾ ਕੰਮ ਵੀ ਅਸੀਂ ਸਾਰੇ ਮਿਲ ਕੇ ਕਰਦੇ ਹਾਂ। ਆਪਣੇ ਇਲਾਕੇ ਵਿਚ ਚੰਗੀ ਤਰ੍ਹਾਂ ਪ੍ਰਚਾਰ ਕਰਨ ਲਈ ਅਸੀਂ ਸਾਰੇ ਹੀ ਮਿਹਨਤ ਕਰਦੇ ਹਾਂ। ਜਦੋਂ ਕੋਈ ਵਿਅਕਤੀ ਸਭਾਵਾਂ ਵਿਚ ਆਉਣਾ ਸ਼ੁਰੂ ਕਰਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਖ਼ੁਸ਼ੀ ਹੁੰਦੀ ਹੈ।

ਸੋਚੋ, ਤੁਸੀਂ ਯਹੋਵਾਹ ਤੇ ਆਪਣੇ ਗੁਆਂਢੀ ਨੂੰ ਕਿੰਨਾ ਪਿਆਰ ਕਰਦੇ ਹੋ!

15. ਪ੍ਰਚਾਰ ਲਈ ਆਪਣਾ ਜੋਸ਼ ਹੋਰ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ? (ਮੱਤੀ 22:37-39) (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

15 ਪ੍ਰਚਾਰ ਲਈ ਆਪਣਾ ਜੋਸ਼ ਹੋਰ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਅਸੀਂ ਯਹੋਵਾਹ ਤੇ ਲੋਕਾਂ ਨੂੰ ਕਿੰਨਾ ਪਿਆਰ ਕਰਦੇ ਹਾਂ! (ਮੱਤੀ 22:37-39 ਪੜ੍ਹੋ।) ਮਿਸਾਲ ਲਈ, ਸੋਚੋ ਤੁਹਾਨੂੰ ਪ੍ਰਚਾਰ ਕਰਦਿਆਂ ਦੇਖ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! ਨਾਲੇ ਜਦੋਂ ਲੋਕ ਬਾਈਬਲ ਸਟੱਡੀ ਕਰਨੀ ਸ਼ੁਰੂ ਕਰਦੇ ਹਨ, ਤਾਂ ਇਸ ਤੋਂ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! ਇਸ ਬਾਰੇ ਵੀ ਸੋਚੋ ਕਿ ਤੁਹਾਡੇ ਪ੍ਰਚਾਰ ਕਰਨ ਕਰਕੇ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ।​—ਯੂਹੰ. 6:40; 1 ਤਿਮੋ. 4:16.

ਜੇ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਅਸੀਂ ਯਹੋਵਾਹ ਤੇ ਆਪਣੀ ਗੁਆਂਢੀ ਨੂੰ ਕਿੰਨਾ ਪਿਆਰ ਕਰਦੇ ਹਾਂ, ਤਾਂ ਪ੍ਰਚਾਰ ਵਿਚ ਸਾਡੀ ਖ਼ੁਸ਼ੀ ਹੋਰ ਵਧੇਗੀ (ਪੈਰਾ 15 ਦੇਖੋ)


16. ਜੇ ਤੁਸੀਂ ਕਿਸੇ ਕਾਰਨ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੇ, ਤਾਂ ਵੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹੋ?

16 ਕੀ ਕਿਸੇ ਕਾਰਨ ਕਰਕੇ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਅਤੇ ਪ੍ਰਚਾਰ ਵਿਚ ਹਿੱਸਾ ਨਹੀਂ ਲੈ ਸਕਦੇ? ਜੇ ਹਾਂ, ਤਾਂ ਨਿਰਾਸ਼ ਨਾ ਹੋਵੋ। ਸੋਚੋ ਕਿ ਤੁਸੀਂ ਯਹੋਵਾਹ ਅਤੇ ਲੋਕਾਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹੋ। ਜ਼ਰਾ ਭਰਾ ਸੈਮੂਏਲ ਅਤੇ ਉਸ ਦੀ ਪਤਨੀ ਡਾਨੀਆ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਕੋਵਿਡ-19 ਮਹਾਂਮਾਰੀ ਕਰਕੇ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਸਨ, ਤਾਂ ਉਨ੍ਹਾਂ ਨੇ ਫ਼ੋਨ ʼਤੇ ਗਵਾਹੀ ਦਿੱਤੀ, ਚਿੱਠੀਆਂ ਲਿਖੀਆਂ ਅਤੇ ਜ਼ੂਮ ʼਤੇ ਸਟੱਡੀਆਂ ਕਰਵਾਈਆਂ। ਨਾਲੇ ਜਦੋਂ ਭਰਾ ਕੈਂਸਰ ਦਾ ਇਲਾਜ ਕਰਾਉਣ ਲਈ ਹਸਪਤਾਲ ਜਾਂਦਾ ਸੀ, ਤਾਂ ਉਹ ਉੱਥੇ ਵੀ ਲੋਕਾਂ ਨੂੰ ਗਵਾਹੀ ਦਿੰਦਾ ਸੀ। ਭਰਾ ਕਹਿੰਦਾ ਹੈ: “ਮੁਸ਼ਕਲਾਂ ਆਉਣ ਤੇ ਅਸੀਂ ਬਹੁਤ ਨਿਰਾਸ਼ ਤੇ ਪਰੇਸ਼ਾਨ ਹੋ ਜਾਂਦੇ ਹਾਂ ਅਤੇ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ। ਪਰ ਇੱਦਾਂ ਦੇ ਹਾਲਾਤਾਂ ਵਿਚ ਵੀ ਜੇ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਖ਼ੁਸ਼ੀ ਪਾ ਸਕਦੇ ਹਾਂ। ਮਹਾਂਮਾਰੀ ਦੌਰਾਨ ਇਕ ਦਿਨ ਭੈਣ ਡਾਨੀਆ ਡਿਗ ਪਈ ਤੇ ਤਿੰਨ ਮਹੀਨਿਆਂ ਤਕ ਮੰਜੇ ਤੋਂ ਉੱਠ ਨਹੀਂ ਸਕੀ। ਫਿਰ ਛੇ ਮਹੀਨੇ ਉਹ ਵੀਲ੍ਹ-ਚੇਅਰ ʼਤੇ ਰਹੀ। ਉਹ ਦੱਸਦੀ ਹੈ: “ਮੈਂ ਯਹੋਵਾਹ ਦੀ ਸੇਵਾ ਵਿਚ ਜਿੰਨਾ ਕਰ ਸਕਦੀ ਸੀ, ਉੱਨਾ ਕੀਤਾ। ਜਿਹੜੀ ਨਰਸ ਮੇਰੀ ਦੇਖ-ਭਾਲ ਕਰਦੀ ਸੀ, ਮੈਂ ਉਸ ਨੂੰ ਗਵਾਹੀ ਦਿੱਤੀ। ਜਿਹੜੇ ਲੋਕ ਸਾਡੇ ਘਰ ਸਾਮਾਨ ਦੇਣ ਆਉਂਦੇ ਸਨ, ਮੈਂ ਉਨ੍ਹਾਂ ਨਾਲ ਵੀ ਗੱਲ ਕਰਦੀ ਸੀ। ਨਾਲੇ ਮੈਂ ਮੈਡੀਕਲ ਕੰਪਨੀ ਵਿਚ ਕੰਮ ਕਰਨ ਵਾਲੀ ਇਕ ਕੁੜੀ ਨਾਲ ਫ਼ੋਨ ʼਤੇ ਵੀ ਗੱਲ ਕਰਦੀ ਸੀ।” ਆਪਣੇ ਹਾਲਾਤਾਂ ਕਰਕੇ ਭਰਾ ਸੈਮੂਏਲ ਤੇ ਡਾਨੀਆ ਉੱਨਾ ਨਹੀਂ ਕਰ ਪਾ ਰਹੇ ਸਨ ਜਿੰਨਾ ਉਹ ਪਹਿਲਾਂ ਕਰਦੇ ਸਨ। ਪਰ ਉਨ੍ਹਾਂ ਕੋਲ ਜੋ ਹੋ ਸਕਦਾ ਸੀ, ਉਨ੍ਹਾਂ ਨੇ ਕੀਤਾ ਅਤੇ ਇਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੀ।

17. ਇਸ ਲੇਖ ਵਿਚ ਦਿੱਤੇ ਸਾਰੇ ਸੁਝਾਵਾਂ ਤੋਂ ਪੂਰਾ ਫ਼ਾਇਦਾ ਲੈਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?

17 ਇਸ ਲੇਖ ਵਿਚ ਅਸੀਂ ਜਿਨ੍ਹਾਂ ਪੰਜ ਸੁਝਾਵਾਂ ʼਤੇ ਚਰਚਾ ਕੀਤੀ, ਉਨ੍ਹਾਂ ਸਾਰਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਹਰ ਸੁਝਾਅ ਇਕ ਮਸਾਲੇ ਵਾਂਗ ਹੈ। ਜਿੱਦਾਂ ਸਾਰੇ ਮਸਾਲੇ ਮਿਲ ਕੇ ਸਬਜ਼ੀ ਨੂੰ ਸੁਆਦੀ ਬਣਾਉਂਦੇ ਹਨ, ਉੱਦਾਂ ਹੀ ਇਨ੍ਹਾਂ ਸਾਰੇ ਸੁਝਾਵਾਂ ਨੂੰ ਲਾਗੂ ਕਰ ਕੇ ਸਾਨੂੰ ਪੂਰਾ ਫ਼ਾਇਦਾ ਹੋਵੇਗਾ। ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਾਂਗੇ ਅਤੇ ਪ੍ਰਚਾਰ ਵਿਚ ਸਾਨੂੰ ਹੋਰ ਵੀ ਖ਼ੁਸ਼ੀ ਮਿਲੇਗੀ।

ਪ੍ਰਚਾਰ ਵਿਚ ਹੋਰ ਖ਼ੁਸ਼ੀ ਪਾਉਣ ਲਈ ਇਹ ਗੱਲਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?

  • ਸਮਾਂ ਕੱਢ ਕੇ ਚੰਗੀ ਤਿਆਰੀ ਕਰਨੀ।

  • ਦਲੇਰੀ ਲਈ ਪ੍ਰਾਰਥਨਾ ਕਰਨੀ।

  • ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਕਿ ਪ੍ਰਚਾਰ ਕਰ ਕੇ ਅਸੀਂ ਯਹੋਵਾਹ ਤੇ ਆਪਣੀ ਗੁਆਂਢੀ ਲਈ ਪਿਆਰ ਜ਼ਾਹਰ ਕਰਦੇ ਹਾਂ।

ਗੀਤ 80 “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ”