Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਰਾਜਾ ਦਾਊਦ ਦੀ ਫ਼ੌਜ ਵਿਚ ਕੁਝ ਪਰਦੇਸੀ ਫ਼ੌਜੀ ਵੀ ਕਿਉਂ ਸਨ?

ਰਾਜਾ ਦਾਊਦ ਦੀ ਫ਼ੌਜ ਵਿਚ ਕੁਝ ਅਜਿਹੇ ਯੋਧੇ ਵੀ ਸਨ ਜੋ ਦੂਜੀਆਂ ਕੌਮਾਂ ਤੋਂ ਸਨ, ਜਿੱਦਾਂ ਅੰਮੋਨੀ ਸਲਕ, ਹਿੱਤੀ ਊਰੀਯਾਹ ਅਤੇ ਮੋਆਬੀ ਯਿਥਮਾਹ। a (1 ਇਤਿ. 11:39, 41, 46) ਉਸ ਦੀ ਫ਼ੌਜ ਵਿਚ ‘ਕਰੇਤੀ, ਪਲੇਤੀ ਤੇ ਗਿੱਤੀ’ ਆਦਮੀ ਵੀ ਸ਼ਾਮਲ ਸਨ। (2 ਸਮੂ. 15:18) ਗਥ ਦੇ ਆਦਮੀ ਦਰਅਸਲ ਫਲਿਸਤੀ ਸਨ। (ਯਹੋ. 13:2, 3; 1 ਸਮੂ. 6:17, 18) ਨਾਲੇ ਇੱਦਾਂ ਲੱਗਦਾ ਹੈ ਕਿ ਕਰੇਤੀ ਅਤੇ ਪਲੇਤੀ ਲੋਕਾਂ ਦਾ ਵੀ ਫਲਿਸਤੀਆਂ ਨਾਲ ਕਰੀਬੀ ਰਿਸ਼ਤਾ ਸੀ।​—ਹਿਜ਼. 25:16.

ਦਾਊਦ ਨੇ ਆਪਣੀ ਫ਼ੌਜ ਵਿਚ ਇਨ੍ਹਾਂ ਪਰਦੇਸੀਆਂ ਨੂੰ ਕਿਉਂ ਰੱਖਿਆ ਸੀ? ਕਿਉਂਕਿ ਉਹ ਉਸ ਦੇ ਵਫ਼ਾਦਾਰ ਸਨ ਅਤੇ ਸਭ ਤੋਂ ਵਧ ਉਹ ਯਹੋਵਾਹ ਦੇ ਵਫ਼ਾਦਾਰ ਸਨ। ਕਰੇਤੀ ਅਤੇ ਪਲੇਤੀ ਲੋਕਾਂ ਬਾਰੇ ਬਾਈਬਲ ਦੇ ਇਕ ਸ਼ਬਦ-ਕੋਸ਼ ਵਿਚ ਲਿਖਿਆ ਹੈ, “ਦਾਊਦ ਦੇ ਰਾਜ ਦੇ ਸਭ ਤੋਂ ਔਖੇ ਦੌਰ ਵਿਚ ਇਨ੍ਹਾਂ ਆਦਮੀਆਂ ਨੇ ਉਸ ਦਾ ਪੂਰਾ-ਪੂਰਾ ਸਾਥ ਦਿੱਤਾ।” ਉਨ੍ਹਾਂ ਨੇ ਕਿੱਦਾਂ ਦਿਖਾਇਆ ਕਿ ਉਹ ਦਾਊਦ ਦੇ ਵਫ਼ਾਦਾਰ ਸਨ? ਇਕ ਵਾਰ “ਸ਼ਬਾ ਨਾਂ ਦਾ ਇਕ ਫ਼ਸਾਦੀ ਆਦਮੀ” ਦਾਊਦ ਦੇ ਖ਼ਿਲਾਫ਼ ਹੋ ਗਿਆ। ਉਸ ਵੇਲੇ “ਇਜ਼ਰਾਈਲ ਦੇ ਸਾਰੇ ਆਦਮੀ” ਦਾਊਦ ਨੂੰ ਛੱਡ ਕੇ ਉਸ ਮਗਰ ਲੱਗ ਗਏ। ਪਰ ਕਰੇਤੀ ਅਤੇ ਪਲੇਤੀ ਲੋਕਾਂ ਨੇ ਦਾਊਦ ਦਾ ਸਾਥ ਨਹੀਂ ਛੱਡਿਆ ਅਤੇ ਉਨ੍ਹਾਂ ਨੇ ਸ਼ਬਾ ਦੀ ਬਗਾਵਤ ਨੂੰ ਖ਼ਤਮ ਕਰਨ ਵਿਚ ਦਾਊਦ ਦੀ ਮਦਦ ਕੀਤੀ। (2 ਸਮੂ. 20:1, 2, 7) ਇਕ ਹੋਰ ਮੌਕੇ ʼਤੇ ਇਨ੍ਹਾਂ ਲੋਕਾਂ ਨੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ। ਇਕ ਸਮੇਂ ʼਤੇ ਰਾਜਾ ਦਾਊਦ ਦੇ ਪੁੱਤਰ ਅਦੋਨੀਯਾਹ ਨੇ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਕਰੇਤੀ ਅਤੇ ਪਲੇਤੀ ਲੋਕਾਂ ਨੇ ਸੁਲੇਮਾਨ ਨੂੰ ਰਾਜਾ ਬਣਾਉਣ ਵਿਚ ਦਾਊਦ ਦਾ ਸਾਥ ਦਿੱਤਾ ਜਿਸ ਨੂੰ ਯਹੋਵਾਹ ਨੇ ਅਗਲਾ ਰਾਜਾ ਚੁਣਿਆ ਸੀ।​—1 ਰਾਜ. 1:24-27, 38, 39.

ਇਕ ਹੋਰ ਪਰਦੇਸੀ ਜੋ ਦਾਊਦ ਦਾ ਬਹੁਤ ਵਫ਼ਾਦਾਰ ਸੀ, ਉਹ ਸੀ ਗਥ ਦਾ ਰਹਿਣ ਵਾਲਾ ਇੱਤਈ। ਇਕ ਵਾਰ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਉਸ ਖ਼ਿਲਾਫ਼ ਬਗਾਵਤ ਕੀਤੀ। ਨਾਲੇ ਇਜ਼ਰਾਈਲੀਆਂ ਨੂੰ ਬਹਿਕਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਦਾਊਦ ਦੀ ਜਗ੍ਹਾ ਉਸ ਨੂੰ ਰਾਜਾ ਬਣਾਉਣ। ਉਦੋਂ ਇੱਤਈ ਅਤੇ ਉਸ ਦੇ 600 ਯੋਧਿਆਂ ਨੇ ਦਾਊਦ ਦਾ ਸਾਥ ਦਿੱਤਾ। ਦਾਊਦ ਨੇ ਇੱਤਈ ਨੂੰ ਇੱਦਾਂ ਕਰਨ ਤੋਂ ਮਨ੍ਹਾ ਕੀਤਾ ਤੇ ਕਿਹਾ ਕਿ ਉਹ ਇਕ ਪਰਦੇਸੀ ਹੈ, ਇਸ ਲਈ ਉਸ ਨੂੰ ਦਾਊਦ ਖ਼ਾਤਰ ਲੜਨ ਦੀ ਲੋੜ ਨਹੀਂ। ਪਰ ਇੱਤਈ ਨਹੀਂ ਮੰਨਿਆ। ਉਸ ਨੇ ਦਾਊਦ ਨੂੰ ਜਵਾਬ ਦਿੱਤਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਮੇਰੇ ਮਹਾਰਾਜ ਦੀ ਜਾਨ ਦੀ ਸਹੁੰ, ਜਿੱਥੇ ਮੇਰਾ ਪ੍ਰਭੂ ਹੋਵੇ, ਚਾਹੇ ਮਰਨ ਲਈ ਚਾਹੇ ਜੀਉਣ ਲਈ, ਤੇਰਾ ਸੇਵਕ ਵੀ ਉੱਥੇ ਹੀ ਹੋਵੇਗਾ!”​—2 ਸਮੂ. 15:6, 18-21.

ਇੱਤਈ ਯਹੋਵਾਹ ਦੇ ਚੁਣੇ ਹੋਏ ਰਾਜੇ ਦਾਊਦ ਦਾ ਵਫ਼ਾਦਾਰ ਸੀ

ਦੇਖਿਆ ਜਾਵੇ ਤਾਂ ਕਰੇਤੀ, ਪਲੇਤੀ ਅਤੇ ਗਿੱਤੀ ਲੋਕ ਪਰਦੇਸੀ ਸਨ, ਪਰ ਉਹ ਮੰਨਦੇ ਸਨ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਦਾਊਦ ਉਸ ਦਾ ਚੁਣਿਆ ਹੋਇਆ ਰਾਜਾ। ਇਨ੍ਹਾਂ ਵਫ਼ਾਦਾਰ ਲੋਕਾਂ ਨੇ ਦਾਊਦ ਦਾ ਬਹੁਤ ਸਾਥ ਦਿੱਤਾ। ਇਨ੍ਹਾਂ ਦਾ ਸਾਥ ਪਾ ਕੇ ਦਾਊਦ ਨੂੰ ਜ਼ਰੂਰ ਖ਼ੁਸ਼ੀ ਹੋਈ ਹੋਣੀ!

a ਬਿਵਸਥਾ ਸਾਰ 23:3-6 ਵਿਚ ਯਹੋਵਾਹ ਨੇ ਜੋ ਕਾਨੂੰਨ ਦਿੱਤਾ ਸੀ, ਉਸ ਮੁਤਾਬਕ ਅੰਮੋਨੀ ਅਤੇ ਮੋਆਬੀ ਲੋਕ ਇਜ਼ਰਾਈਲ ਦੀ ਮੰਡਲੀ ਦਾ ਹਿੱਸਾ ਨਹੀਂ ਬਣ ਸਕਦੇ ਸਨ। ਇੱਦਾਂ ਲੱਗਦਾ ਹੈ ਕਿ ਇਸ ਕਾਨੂੰਨ ਮੁਤਾਬਕ ਇਹ ਪਰਦੇਸੀ ਕਦੇ ਵੀ ਇਜ਼ਰਾਈਲ ਕੌਮ ਦਾ ਹਿੱਸਾ ਨਹੀਂ ਬਣ ਸਕਦੇ ਸਨ, ਪਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮੇਲ-ਜੋਲ ਰੱਖਣ ਜਾਂ ਉਨ੍ਹਾਂ ਵਿਚਕਾਰ ਰਹਿਣ ਦੀ ਮਨਾਹੀ ਨਹੀਂ ਸੀ। ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1 ਦਾ ਸਫ਼ਾ 95 ਦੇਖੋ।