Skip to content

Skip to table of contents

ਅਧਿਐਨ ਲੇਖ 19

ਗੀਤ 22 ਜਲਦੀ ਤੇਰਾ ਰਾਜ ਆਵੇ!

ਯਹੋਵਾਹ ਭਵਿੱਖ ਵਿਚ ਜੋ ਨਿਆਂ ਕਰੇਗਾ, ਅਸੀਂ ਉਸ ਬਾਰੇ ਕੀ ਜਾਣਦੇ ਹਾਂ?

ਯਹੋਵਾਹ ਭਵਿੱਖ ਵਿਚ ਜੋ ਨਿਆਂ ਕਰੇਗਾ, ਅਸੀਂ ਉਸ ਬਾਰੇ ਕੀ ਜਾਣਦੇ ਹਾਂ?

“ਯਹੋਵਾਹ . . . ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ।”​—2 ਪਤ. 3:9.

ਕੀ ਸਿੱਖਾਂਗੇ?

ਅਸੀਂ ਯਕੀਨ ਰੱਖ ਸਕਦੇ ਹਾਂ ਕਿ ਭਵਿੱਖ ਵਿਚ ਪਰਮੇਸ਼ੁਰ ਲੋਕਾਂ ਦਾ ਬਿਲਕੁਲ ਸਹੀ ਨਿਆਂ ਕਰੇਗਾ।

1. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਦਿਲਚਸਪ ਸਮੇਂ ਵਿਚ ਜੀ ਰਹੇ ਹਾਂ?

 ਅਸੀਂ ਬਹੁਤ ਹੀ ਦਿਲਚਸਪ ਸਮੇਂ ਵਿਚ ਜੀ ਰਹੇ ਹਾਂ! ਹਰ ਰੋਜ਼ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਆਪਣੀਆਂ ਅੱਖਾਂ ਨਾਲ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ। ਉਦਾਹਰਣ ਲਈ, ਦੁਨੀਆਂ ʼਤੇ ਹਕੂਮਤ ਕਰਨ ਲਈ “ਦੱਖਣ ਦਾ ਰਾਜਾ” ਅਤੇ “ਉੱਤਰ ਦਾ ਰਾਜਾ” ਆਪਸ ਵਿਚ ਭਿੜ ਰਹੇ ਹਨ। (ਦਾਨੀ. 11:40, ਫੁਟਨੋਟ।) ਅਸੀਂ ਦੇਖ ਰਹੇ ਹਾਂ ਕਿ ਕਿਵੇਂ ਵੱਡੇ ਪੈਮਾਨੇ ʼਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਹੀ ਲੋਕ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਰਹੇ ਹਨ। (ਯਸਾ. 60:22; ਮੱਤੀ 24:14) ਇਸ ਤੋਂ ਇਲਾਵਾ, ਸਾਨੂੰ “ਸਹੀ ਸਮੇਂ ਤੇ ਭੋਜਨ” ਯਾਨੀ ਪਰਮੇਸ਼ੁਰ ਬਾਰੇ ਬਹੁਤਾਤ ਵਿਚ ਗਿਆਨ ਮਿਲ ਰਿਹਾ ਹੈ।​—ਮੱਤੀ 24:45-47.

2. ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ, ਪਰ ਅਸੀਂ ਕਿਹੜੀ ਗੱਲ ਵੀ ਮੰਨਦੇ ਹਾਂ?

2 ਭਵਿੱਖ ਵਿਚ ਵੱਡੀਆਂ-ਵੱਡੀਆਂ ਘਟਨਾਵਾਂ ਹੋਣ ਵਾਲੀਆਂ ਹਨ। ਯਹੋਵਾਹ ਲਗਾਤਾਰ ਸਾਨੂੰ ਇਨ੍ਹਾਂ ਬਾਰੇ ਸਮਝ ਦੇ ਰਿਹਾ ਹੈ। (ਕਹਾ. 4:18; ਦਾਨੀ. 2:28) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਉਹ ਸਭ ਪਤਾ ਹੋਵੇਗਾ ਜਿਸ ਕਰਕੇ ਅਸੀਂ ਮੁਸ਼ਕਲਾਂ ਦੌਰਾਨ ਵੀ ਯਹੋਵਾਹ ਦੇ ਵਫ਼ਾਦਾਰ ਰਹਿ ਸਕਾਂਗੇ ਅਤੇ ਆਪਣੀ ਏਕਤਾ ਬਣਾਈ ਰੱਖ ਸਕਾਂਗੇ। ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਆਉਣ ਵਾਲੇ ਸਮੇਂ ਬਾਰੇ ਅਜਿਹੀਆਂ ਕੁਝ ਗੱਲਾਂ ਹਨ ਜੋ ਅਸੀਂ ਨਹੀਂ ਜਾਣਦੇ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਭਵਿੱਖ ਵਿਚ ਹੋਣ ਵਾਲੀਆਂ ਕੁਝ ਘਟਨਾਵਾਂ ਬਾਰੇ ਸਾਡੀ ਸਮਝ ਵਿਚ ਕਿਉਂ ਸੁਧਾਰ ਕੀਤਾ ਗਿਆ ਹੈ। ਅਸੀਂ ਇਹ ਵੀ ਦੇਖਾਂਗੇ ਕਿ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਅਤੇ ਉਸ ਵੇਲੇ ਯਹੋਵਾਹ ਜੋ ਕਰੇਗਾ, ਉਨ੍ਹਾਂ ਬਾਰੇ ਅਸੀਂ ਕੀ ਜਾਣਦੇ ਹਾਂ।

ਅਸੀਂ ਕੀ ਨਹੀਂ ਜਾਣਦੇ?

3. ਯਹੋਵਾਹ ʼਤੇ ਨਿਹਚਾ ਨਾ ਕਰਨ ਵਾਲੇ ਲੋਕਾਂ ਬਾਰੇ ਪਹਿਲਾਂ ਅਸੀਂ ਕੀ ਮੰਨਦੇ ਸੀ ਅਤੇ ਕਿਉਂ?

3 ਪਹਿਲਾਂ ਅਸੀਂ ਮੰਨਦੇ ਸੀ ਕਿ ਮਹਾਂਕਸ਼ਟ ਸ਼ੁਰੂ ਹੋਣ ਤੇ ਲੋਕਾਂ ਕੋਲ ਯਹੋਵਾਹ ਉੱਤੇ ਨਿਹਚਾ ਕਰਨ ਅਤੇ ਆਰਮਾਗੇਡਨ ਵਿੱਚੋਂ ਬਚ ਨਿਕਲਣ ਦਾ ਮੌਕਾ ਨਹੀਂ ਹੋਵੇਗਾ। ਅਸੀਂ ਇਹ ਗੱਲ ਕਿਉਂ ਮੰਨਦੇ ਸੀ? ਕਿਉਂਕਿ ਅਸੀਂ ਸਮਝਦੇ ਸੀ ਕਿ ਜਲ-ਪਰਲੋ ਨਾਲ ਜੁੜਿਆ ਕੋਈ ਵਿਅਕਤੀ ਅਤੇ ਕੋਈ ਘਟਨਾ ਭਵਿੱਖ ਵਿਚ ਕਿਸੇ ਵਿਅਕਤੀ ਜਾਂ ਕਿਸੇ ਘਟਨਾ ਨੂੰ ਦਰਸਾਉਂਦੀ ਹੈ। ਉਦਾਹਰਣ ਲਈ, ਅਸੀਂ ਸੋਚਦੇ ਸੀ ਕਿ ਜਿਸ ਤਰ੍ਹਾਂ ਜਲ-ਪਰਲੋ ਸ਼ੁਰੂ ਹੋਣ ਤੋਂ ਪਹਿਲਾਂ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ, ਉਸੇ ਤਰ੍ਹਾਂ ਉਹ ਮਹਾਂਕਸ਼ਟ ਸ਼ੁਰੂ ਹੋਣ ਤੇ ਸ਼ੈਤਾਨ ਦੀ ਦੁਨੀਆਂ ਦੇ ਲੋਕਾਂ ਲਈ ਵੀ “ਦਰਵਾਜ਼ਾ ਬੰਦ” ਕਰ ਦੇਵੇਗਾ ਅਤੇ ਫਿਰ ਉਨ੍ਹਾਂ ਕੋਲ ਬਚ ਨਿਕਲਣ ਦਾ ਕੋਈ ਮੌਕਾ ਨਹੀਂ ਹੋਵੇਗਾ।​—ਮੱਤੀ 24:37-39.

4. ਅਸੀਂ ਹੁਣ ਇੱਦਾਂ ਕਿਉਂ ਨਹੀਂ ਕਹਿੰਦੇ ਕਿ ਨੂਹ ਦੇ ਦਿਨਾਂ ਵਿਚ ਜੋ ਵੀ ਹੋਇਆ ਸੀ, ਉਹ ਭਵਿੱਖ ਵਿਚ ਹੋਣ ਵਾਲੀ ਕਿਸੇ ਘਟਨਾ ਜਾਂ ਵਿਅਕਤੀ ਨੂੰ ਦਰਸਾਉਂਦਾ ਹੈ?

4 ਕੀ ਇਹ ਕਹਿਣਾ ਸਹੀ ਹੋਵੇਗਾ ਕਿ ਜਲ-ਪਰਲੋ ਦੌਰਾਨ ਜੋ ਵੀ ਹੋਇਆ ਸੀ, ਉਹ ਭਵਿੱਖ ਵਿਚ ਹੋਣ ਵਾਲੀ ਕਿਸੇ ਘਟਨਾ ਜਾਂ ਵਿਅਕਤੀ ਨੂੰ ਦਰਸਾਉਂਦਾ ਹੈ? ਜੀ ਨਹੀਂ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। a ਯਿਸੂ ਨੇ ਆਪਣੀ ਮੌਜੂਦਗੀ ਦੀ ਤੁਲਨਾ “ਨੂਹ ਦੇ ਦਿਨਾਂ” ਨਾਲ ਕੀਤੀ ਸੀ, ਪਰ ਉਸ ਨੇ ਕਦੇ ਇਹ ਨਹੀਂ ਸੀ ਕਿਹਾ ਕਿ ਨੂਹ ਦੇ ਦਿਨਾਂ ਵਿਚ ਜੋ ਕੁਝ ਹੋਇਆ, ਉਹ ਭਵਿੱਖ ਵਿਚ ਕਿਸੇ ਘਟਨਾ ਜਾਂ ਵਿਅਕਤੀ ਨੂੰ ਦਰਸਾਵੇਗਾ। ਨਾਲੇ ਨਾ ਹੀ ਯਿਸੂ ਨੇ ਇਹ ਕਿਹਾ ਸੀ ਕਿ ਕਿਸ਼ਤੀ ਦਾ ਦਰਵਾਜ਼ਾ ਬੰਦ ਕੀਤਾ ਜਾਣਾ ਭਵਿੱਖ ਵਿਚ ਕਿਸੇ ਘਟਨਾ ਨੂੰ ਦਰਸਾਵੇਗਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਨੂਹ ਅਤੇ ਜਲ-ਪਰਲੋ ਦੇ ਬਿਰਤਾਂਤ ਤੋਂ ਕੁਝ ਸਿੱਖ ਹੀ ਨਹੀਂ ਸਕਦੇ।

5. (ੳ) ਜਲ-ਪਰਲੋ ਆਉਣ ਤੋਂ ਪਹਿਲਾਂ ਨੂਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਪਰਮੇਸ਼ੁਰ ਦੀ ਗੱਲ ʼਤੇ ਨਿਹਚਾ ਸੀ? (ਇਬਰਾਨੀਆਂ 11:7; 1 ਪਤਰਸ 3:20) (ਅ) ਪ੍ਰਚਾਰ ਦੇ ਮਾਮਲੇ ਵਿਚ ਨੂਹ ਅਤੇ ਸਾਡੇ ਸਮੇਂ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ?

5 ਜਦੋਂ ਯਹੋਵਾਹ ਨੇ ਨੂਹ ਨੂੰ ਦੱਸਿਆ ਕਿ ਉਹ ਕੀ ਕਰਨ ਵਾਲਾ ਹੈ, ਤਾਂ ਨੂਹ ਨੇ ਤੁਰੰਤ ਕਦਮ ਚੁੱਕਿਆ। ਉਸ ਨੇ ਕਿਸ਼ਤੀ ਬਣਾਈ ਅਤੇ ਦਿਖਾਇਆ ਕਿ ਉਸ ਨੂੰ ਪਰਮੇਸ਼ੁਰ ਦੀ ਗੱਲ ʼਤੇ ਨਿਹਚਾ ਹੈ। (ਇਬਰਾਨੀਆਂ 11:7; 1 ਪਤਰਸ 3:20 ਪੜ੍ਹੋ।) ਇਸੇ ਤਰ੍ਹਾਂ ਅੱਜ ਜਦੋਂ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਦੇ ਹਨ, ਤਾਂ ਉਨ੍ਹਾਂ ਨੂੰ ਵੀ ਕਦਮ ਚੁੱਕਣ ਦੀ ਲੋੜ ਹੈ। (ਰਸੂ. 3:17-20) ਪਤਰਸ ਨੇ ਨੂਹ ਨੂੰ ‘ਧਾਰਮਿਕਤਾ ਦਾ ਪ੍ਰਚਾਰਕ’ ਕਿਹਾ ਸੀ। (2 ਪਤ. 2:5) ਨੂਹ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ, ਪਰ ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਕਿ ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਜਲ-ਪਰਲੋ ਤੋਂ ਪਹਿਲਾਂ ਉਸ ਨੇ ਧਰਤੀ ʼਤੇ ਰਹਿਣ ਵਾਲੇ ਹਰ ਇਨਸਾਨ ਨੂੰ ਪ੍ਰਚਾਰ ਕੀਤਾ ਸੀ ਜਾਂ ਨਹੀਂ। ਅੱਜ ਅਸੀਂ ਵੀ ਦੁਨੀਆਂ ਭਰ ਵਿਚ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪਰ ਚਾਹੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਫਿਰ ਵੀ ਅੰਤ ਆਉਣ ਤੋਂ ਪਹਿਲਾਂ ਅਸੀਂ ਹਰੇਕ ਇਨਸਾਨ ਨੂੰ ਪ੍ਰਚਾਰ ਨਹੀਂ ਕਰ ਸਕਾਂਗੇ। ਇੱਦਾਂ ਕਿਉਂ?

6-7. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਅੰਤ ਆਉਣ ਤੋਂ ਪਹਿਲਾਂ ਅਸੀਂ ਦੁਨੀਆਂ ਦੇ ਹਰ ਇਨਸਾਨ ਨੂੰ ਖ਼ੁਸ਼ ਖ਼ਬਰੀ ਨਹੀਂ ਸੁਣਾ ਸਕਾਂਗੇ?

6 ਜ਼ਰਾ ਧਿਆਨ ਦਿਓ ਕਿ ਯਿਸੂ ਨੇ ਸਾਡੇ ਪ੍ਰਚਾਰ ਕੰਮ ਬਾਰੇ ਕੀ ਕਿਹਾ ਸੀ। ਉਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ‘ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।’ (ਮੱਤੀ 24:14) ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਅੱਜ ਇਹ ਭਵਿੱਖਬਾਣੀ ਵੱਡੇ ਪੈਮਾਨੇ ʼਤੇ ਪੂਰੀ ਹੋ ਰਹੀ ਹੈ। ਰਾਜ ਦਾ ਸੰਦੇਸ਼ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਨਾਲੇ ਸਾਡੀ ਵੈੱਬਸਾਈਟ jw.org ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਸਿੱਖ ਸਕਦੇ ਹਨ।

7 ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਕਿਹਾ ਸੀ ਕਿ ਜਦੋਂ ਉਹ ਆਵੇਗਾ, ਉਦੋਂ ਤਕ ਚੇਲੇ “ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ” ਹਰ ਵਿਅਕਤੀ ਨੂੰ ਪ੍ਰਚਾਰ ਨਹੀਂ ਕਰ ਸਕੇ ਹੋਣਗੇ। (ਮੱਤੀ 10:23; 25:31-33) ਯਿਸੂ ਦੀ ਇਹ ਗੱਲ ਸਾਡੇ ਸਮੇਂ ਵਿਚ ਵੀ ਪੂਰੀ ਹੋਵੇਗੀ। ਅੱਜ ਲੱਖਾਂ ਹੀ ਲੋਕ ਅਜਿਹੀਆਂ ਥਾਵਾਂ ਜਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਸਾਡੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲਾਈ ਹੋਈ ਹੈ। ਇੰਨਾ ਹੀ ਨਹੀਂ, ਪੂਰੀ ਦੁਨੀਆਂ ਵਿਚ ਹਰ ਮਿੰਟ ਸੈਂਕੜੇ ਹੀ ਬੱਚੇ ਪੈਦਾ ਹੋ ਰਹੇ ਹਨ। ਅਸੀਂ “ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ” ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। (ਪ੍ਰਕਾ. 14:6) ਪਰ ਸੱਚ ਤਾਂ ਇਹ ਹੈ ਕਿ ਅੰਤ ਆਉਣ ਤੋਂ ਪਹਿਲਾਂ ਅਸੀਂ ਦੁਨੀਆਂ ਦੇ ਹਰ ਇਨਸਾਨ ਨੂੰ ਖ਼ੁਸ਼ ਖ਼ਬਰੀ ਨਹੀਂ ਸੁਣਾ ਸਕਾਂਗੇ।

8. ਭਵਿੱਖ ਵਿਚ ਪਰਮੇਸ਼ੁਰ ਲੋਕਾਂ ਦਾ ਜਿੱਦਾਂ ਨਿਆਂ ਕਰੇਗਾ, ਉਸ ਬਾਰੇ ਸਾਡੇ ਮਨ ਵਿਚ ਕਿਹੜਾ ਸਵਾਲ ਆ ਸਕਦਾ ਹੈ? (ਤਸਵੀਰਾਂ ਵੀ ਦੇਖੋ।)

8 ਫਿਰ ਸਵਾਲ ਖੜ੍ਹਾ ਹੁੰਦਾ ਹੈ: ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੂੰ ਸ਼ਾਇਦ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਨਾ ਮਿਲੇ? ਯਹੋਵਾਹ ਅਤੇ ਉਸ ਦਾ ਪੁੱਤਰ, ਜਿਸ ਨੂੰ ਉਸ ਨੇ ਨਿਆਂ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ, ਉਨ੍ਹਾਂ ਦਾ ਨਿਆਂ ਕਿੱਦਾਂ ਕਰਨਗੇ? (ਯੂਹੰ. 5:19, 22, 27; ਰਸੂ. 17:31) ਸਿੱਧਾ-ਸਿੱਧਾ ਕਹੀਏ, ਤਾਂ ਸਾਨੂੰ ਇਨ੍ਹਾਂ ਦਾ ਜਵਾਬ ਨਹੀਂ ਪਤਾ ਕਿਉਂਕਿ ਯਹੋਵਾਹ ਨੇ ਹੁਣ ਤਕ ਸਾਡੇ ʼਤੇ ਇਹ ਜ਼ਾਹਰ ਨਹੀਂ ਕੀਤਾ ਹੈ। ਵੈਸੇ ਵੀ, ਯਹੋਵਾਹ ਨੂੰ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਉਸ ਨੇ ਹੁਣ ਤਕ ਕੀ ਕੀਤਾ ਹੈ ਅਤੇ ਉਹ ਅੱਗੇ ਕੀ ਕਰੇਗਾ। ਪਰ ਇਕ ਗੱਲ ਅਸੀਂ ਜਾਣਦੇ ਹਾਂ ਜੋ ਇਸ ਲੇਖ ਦੀ ਮੁੱਖ ਆਇਤ ਵਿਚ ਵੀ ਲਿਖੀ ਹੈ। ਉਹ ਇਹ ਕਿ ਯਹੋਵਾਹ “ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”​—2 ਪਤ. 3:9; 1 ਤਿਮੋ. 2:4.

ਯਹੋਵਾਹ ਉਨ੍ਹਾਂ ਲੋਕਾਂ ਦਾ ਨਿਆਂ ਕਿਵੇਂ ਕਰੇਗਾ ਜਿਨ੍ਹਾਂ ਨੂੰ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਖ਼ੁਸ਼ ਖ਼ਬਰੀ ਸੁਣਨ ਦਾ ਸ਼ਾਇਦ ਮੌਕਾ ਨਾ ਮਿਲਿਆ ਹੋਵੇ? (ਪੈਰਾ 8 ਦੇਖੋ) c


9. ਬਾਈਬਲ ਵਿਚ ਯਹੋਵਾਹ ਨੇ ਸਾਨੂੰ ਕੀ ਦੱਸਿਆ ਹੈ?

9 ਯਹੋਵਾਹ ਭਵਿੱਖ ਵਿਚ ਜੋ ਕਰੇਗਾ, ਉਸ ਬਾਰੇ ਉਸ ਨੇ ਬਾਈਬਲ ਵਿਚ ਕੁਝ ਗੱਲਾਂ ਦੱਸੀਆਂ ਹਨ। ਉਦਾਹਰਣ ਲਈ, ਇਸ ਵਿਚ ਲਿਖਿਆ ਹੈ ਕਿ ਯਹੋਵਾਹ ਉਨ੍ਹਾਂ “ਕੁਧਰਮੀ” ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਜਿਨ੍ਹਾਂ ਨੂੰ ਸੱਚਾਈ ਸਿੱਖਣ ਅਤੇ ਖ਼ੁਦ ਨੂੰ ਬਦਲਣ ਦਾ ਮੌਕਾ ਹੀ ਨਹੀਂ ਮਿਲਿਆ। (ਰਸੂ. 24:15; ਲੂਕਾ 23:42, 43) ਇਸ ਨਾਲ ਕੁਝ ਹੋਰ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ ਜਿਨ੍ਹਾਂ ʼਤੇ ਅਸੀਂ ਅੱਗੇ ਚਰਚਾ ਕਰਾਂਗੇ।

10. ਸਾਡੇ ਮਨ ਵਿਚ ਹੋਰ ਕਿਹੜੇ ਸਵਾਲ ਆ ਸਕਦੇ ਹਨ?

10 ਮਹਾਂਕਸ਼ਟ ਦੌਰਾਨ ਹੋਣ ਵਾਲੀਆਂ ਘਟਨਾਵਾਂ ਵਿਚ ਜੋ ਲੋਕ ਮਾਰੇ ਜਾਣਗੇ, ਕੀ ਉਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਕਦੇ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ? ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਯਹੋਵਾਹ ਦਾ ਵਿਰੋਧ ਕਰਨ ਵਾਲਿਆਂ ਨੂੰ ਯਹੋਵਾਹ ਅਤੇ ਉਸ ਦੀਆਂ ਫ਼ੌਜਾਂ ਆਰਮਾਗੇਡਨ ਵਿਚ ਨਾਸ਼ ਕਰ ਦੇਣਗੀਆਂ। ਨਾਲੇ ਉਨ੍ਹਾਂ ਨੂੰ ਕਦੇ ਵੀ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। (2 ਥੱਸ. 1:6-10) ਪਰ ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਬੁਢਾਪੇ ਜਾਂ ਬੀਮਾਰੀ ਕਰਕੇ, ਕਿਸੇ ਦੁਰਘਟਨਾ ਕਰਕੇ ਜਾਂ ਦੂਜੇ ਇਨਸਾਨਾਂ ਹੱਥੋਂ ਮਾਰੇ ਜਾਣਗੇ? (ਉਪ. 9:11; ਜ਼ਕ. 14:13) ਕੀ ਉਨ੍ਹਾਂ ਵਿੱਚੋਂ ਕੁਝ ਲੋਕ ਉਨ੍ਹਾਂ “ਕੁਧਰਮੀ” ਲੋਕਾਂ ਵਿਚ ਹੋਣਗੇ ਜਿਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ? ਸਿੱਧਾ-ਸਿੱਧਾ ਕਹੀਏ, ਤਾਂ ਸਾਨੂੰ ਇਸ ਬਾਰੇ ਨਹੀਂ ਪਤਾ।

ਅਸੀਂ ਕੀ ਜਾਣਦੇ ਹਾਂ?

11. ਯਿਸੂ ਕਿਸ ਆਧਾਰ ʼਤੇ ਲੋਕਾਂ ਦਾ ਨਿਆਂ ਕਰੇਗਾ?

11 ਅਸੀਂ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਕਈ ਗੱਲਾਂ ਜ਼ਰੂਰ ਜਾਣਦੇ ਹਾਂ। ਉਦਾਹਰਣ ਲਈ, ਅਸੀਂ ਇਹ ਜਾਣਦੇ ਹਾਂ ਕਿ ਯਿਸੂ ਲੋਕਾਂ ਦਾ ਨਿਆਂ ਇਸ ਆਧਾਰ ʼਤੇ ਕਰੇਗਾ ਕਿ ਉਹ ਮਸੀਹ ਦੇ ਭਰਾਵਾਂ ਨਾਲ ਕਿੱਦਾਂ ਪੇਸ਼ ਆਏ। (ਮੱਤੀ 25:40) ਜਿਨ੍ਹਾਂ ਲੋਕਾਂ ਨੇ ਚੁਣੇ ਹੋਏ ਮਸੀਹੀਆਂ ਅਤੇ ਯਿਸੂ ਮਸੀਹ ਦਾ ਸਾਥ ਦਿੱਤਾ ਹੈ, ਉਨ੍ਹਾਂ ਦਾ ਨਿਆਂ ਭੇਡਾਂ ਵਜੋਂ ਕੀਤਾ ਜਾਵੇਗਾ। ਨਾਲੇ ਅਸੀਂ ਇਹ ਵੀ ਜਾਣਦੇ ਹਾਂ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਬਾਅਦ ਮਸੀਹ ਦੇ ਕੁਝ ਭਰਾ ਧਰਤੀ ʼਤੇ ਹੀ ਹੋਣਗੇ, ਪਰ ਆਰਮਾਗੇਡਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ। ਇਸ ਲਈ ਜਦ ਤਕ ਮਸੀਹ ਦੇ ਕੁਝ ਭਰਾ ਧਰਤੀ ʼਤੇ ਹਨ, ਉਦੋਂ ਤਕ ਨੇਕਦਿਲ ਲੋਕਾਂ ਕੋਲ ਮੌਕਾ ਹੈ ਕਿ ਉਹ ਉਨ੍ਹਾਂ ਦਾ ਸਾਥ ਦੇਣ ਅਤੇ ਪ੍ਰਚਾਰ ਕੰਮ ਵਿਚ ਹੱਥ ਵਟਾਉਣ। (ਮੱਤੀ 25:31, 32; ਪ੍ਰਕਾ. 12:17) ਇਹ ਗੱਲਾਂ ਇੰਨੀਆਂ ਅਹਿਮ ਕਿਉਂ ਹਨ?

12-13. “ਮਹਾਂ ਬਾਬਲ” ਦਾ ਨਾਸ਼ ਦੇਖ ਕੇ ਕੁਝ ਲੋਕ ਸ਼ਾਇਦ ਕੀ ਕਰਨਗੇ? (ਤਸਵੀਰਾਂ ਵੀ ਦੇਖੋ।)

12 “ਮਹਾਂ ਬਾਬਲ” ਦਾ ਨਾਸ਼ ਹੋਣ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਕੁਝ ਜਣਿਆਂ ਨੂੰ ਮਹਾਂਕਸ਼ਟ ਦੌਰਾਨ ਯਾਦ ਆਵੇ ਕਿ ਕਈ ਸਾਲਾਂ ਤਕ ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਸੀ। ਕੀ ਇੱਦਾਂ ਹੋ ਸਕਦਾ ਹੈ ਕਿ ਉਸ ਵੇਲੇ ਉਨ੍ਹਾਂ ਵਿੱਚੋਂ ਕੁਝ ਲੋਕ ਯਹੋਵਾਹ ʼਤੇ ਨਿਹਚਾ ਕਰਨ ਲੱਗ ਪੈਣ?​—ਪ੍ਰਕਾ. 17:5; ਹਿਜ਼. 33:33.

13 ਯਾਦ ਕਰੋ ਕਿ ਮੂਸਾ ਦੇ ਦਿਨਾਂ ਵਿਚ ਕੁਝ ਇੱਦਾਂ ਦਾ ਹੀ ਹੋਇਆ ਸੀ। ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ ਸਨ, ਤਾਂ ਉਨ੍ਹਾਂ ਨਾਲ ਕੁਝ ਲੋਕਾਂ ਦੀ “ਇਕ ਮਿਲੀ-ਜੁਲੀ ਭੀੜ” ਵੀ ਨਿਕਲੀ ਸੀ। ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਦੇਖਿਆ ਕਿ ਮੂਸਾ ਨੇ ਜਿਨ੍ਹਾਂ 10 ਬਿਪਤਾਵਾਂ ਬਾਰੇ ਚੇਤਾਵਨੀ ਦਿੱਤੀ ਸੀ, ਉਹ ਬਿਪਤਾਵਾਂ ਆਈਆਂ ਸਨ। ਇਸ ਕਰਕੇ ਸ਼ਾਇਦ ਉਹ ਯਹੋਵਾਹ ʼਤੇ ਨਿਹਚਾ ਕਰਨ ਲੱਗ ਪਏ। (ਕੂਚ 12:38) ਹੋ ਸਕਦਾ ਹੈ ਕਿ ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਵੀ ਕੁਝ ਇੱਦਾਂ ਦਾ ਹੀ ਹੋਵੇ। ਕੁਝ ਲੋਕ ਸ਼ਾਇਦ ਆਰਮਾਗੇਡਨ ਆਉਣ ਤੋਂ ਠੀਕ ਪਹਿਲਾਂ ਯਹੋਵਾਹ ʼਤੇ ਨਿਹਚਾ ਕਰਨ ਲੱਗ ਪੈਣ ਅਤੇ ਉਸ ਦੀ ਸੇਵਾ ਕਰਨ ਲੱਗ ਪੈਣ। ਕੀ ਇਹ ਦੇਖ ਕੇ ਸਾਨੂੰ ਬੁਰਾ ਲੱਗੇਗਾ ਜਾਂ ਅਸੀਂ ਨਿਰਾਸ਼ ਹੋ ਜਾਵਾਂਗੇ? ਬਿਲਕੁਲ ਨਹੀਂ। ਇਸ ਦੀ ਬਜਾਇ, ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਵਰਗੇ ਬਣਾਂਗੇ ਜੋ ‘ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ, ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਅਤੇ ਸੱਚਾਈ ਨਾਲ ਭਰਪੂਰ ਹੈ।’ b​—ਕੂਚ 34:6.

“ਮਹਾਂ ਬਾਬਲ” ਦਾ ਨਾਸ਼ ਹੋਣ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਕੁਝ ਜਣਿਆਂ ਨੂੰ ਯਾਦ ਆਵੇ ਕਿ ਕਈ ਸਾਲਾਂ ਤਕ ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਸੀ (ਪੈਰੇ 12-13 ਦੇਖੋ) d


14-15. ਇਕ ਇਨਸਾਨ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ, ਇਹ ਕਿਨ੍ਹਾਂ ਗੱਲਾਂ ʼਤੇ ਨਿਰਭਰ ਨਹੀਂ ਕਰਦਾ? ਸਮਝਾਓ। (ਜ਼ਬੂਰ 33:4, 5)

14 ਕਦੇ-ਕਦਾਈਂ ਅਸੀਂ ਕੁਝ ਜਣਿਆਂ ਨੂੰ ਇਹ ਕਹਿੰਦੇ ਸੁਣਦੇ ਹਾਂ, “ਕਿੰਨਾ ਵਧੀਆ ਹੋਵੇ ਜੇ ਮੇਰਾ ਅਵਿਸ਼ਵਾਸੀ ਰਿਸ਼ਤੇਦਾਰ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਰ ਜਾਵੇ। ਫਿਰ ਉਸ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ।” ਇਸ ਤਰ੍ਹਾਂ ਦੀ ਸੋਚ ਪਿੱਛੇ ਉਨ੍ਹਾਂ ਦਾ ਇਰਾਦਾ ਬਹੁਤ ਨੇਕ ਹੁੰਦਾ ਹੈ। ਪਰ ਇਕ ਇਨਸਾਨ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ, ਇਹ ਇਸ ਗੱਲ ʼਤੇ ਨਿਰਭਰ ਨਹੀਂ ਕਰਦਾ ਕਿ ਉਸ ਦੀ ਮੌਤ ਕਦੋਂ ਹੁੰਦੀ ਹੈ। ਯਹੋਵਾਹ ਸਭ ਤੋਂ ਵਧੀਆ ਨਿਆਂਕਾਰ ਹੈ। ਉਸ ਦੇ ਫ਼ੈਸਲੇ ਹਮੇਸ਼ਾ ਸਹੀ ਹੁੰਦੇ ਹਨ ਅਤੇ ਉਸ ਦੇ ਮਿਆਰਾਂ ਮੁਤਾਬਕ ਹੁੰਦੇ ਹਨ। (ਜ਼ਬੂਰ 33:4, 5 ਪੜ੍ਹੋ।) ਇਸ ਲਈ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਸਾਰੀ “ਦੁਨੀਆਂ ਦਾ ਨਿਆਂਕਾਰ” ਹਮੇਸ਼ਾ ਸਹੀ ਨਿਆਂ ਕਰੇਗਾ।​—ਉਤ. 18:25.

15 ਇਹ ਕਹਿਣਾ ਵੀ ਸਹੀ ਹੋਵੇਗਾ ਕਿ ਇਕ ਇਨਸਾਨ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ ਜਾਂ ਨਹੀਂ, ਇਹ ਇਸ ਗੱਲ ʼਤੇ ਨਿਰਭਰ ਨਹੀਂ ਕਰਦਾ ਕਿ ਉਹ ਕਿੱਥੇ ਰਹਿੰਦਾ ਹੈ। ਇੱਦਾਂ ਹੋ ਹੀ ਨਹੀਂ ਸਕਦਾ ਕਿ ਯਹੋਵਾਹ ਉਨ੍ਹਾਂ ਲੱਖਾਂ ਹੀ ਲੋਕਾਂ ਦਾ “ਬੱਕਰੀਆਂ” ਵਜੋਂ ਨਿਆਂ ਕਰੇ ਜੋ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਕਦੇ ਮੌਕਾ ਹੀ ਨਹੀਂ ਮਿਲਿਆ। (ਮੱਤੀ 25:46) ਸਾਰੀ ਦੁਨੀਆਂ ਦਾ ਨਿਆਂਕਾਰ ਇਨ੍ਹਾਂ ਸਾਰਿਆਂ ਦੀ ਜਿੰਨੀ ਫ਼ਿਕਰ ਕਰਦਾ ਹੈ, ਉੱਨੀ ਸਾਡੇ ਵਿੱਚੋਂ ਕੋਈ ਵੀ ਨਹੀਂ ਕਰ ਸਕਦਾ। ਅਸੀਂ ਨਹੀਂ ਜਾਣਦੇ ਕਿ ਯਹੋਵਾਹ ਮਹਾਂਕਸ਼ਟ ਦੌਰਾਨ ਕਿਵੇਂ ਘਟਨਾਵਾਂ ਦਾ ਰੁੱਖ ਮੋੜੇਗਾ। ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਯਹੋਵਾਹ ਬਾਰੇ ਸਿੱਖਣ ਅਤੇ ਉਸ ʼਤੇ ਨਿਹਚਾ ਕਰਨ ਦਾ ਮੌਕਾ ਮਿਲੇ। ਨਾਲੇ ਜਦੋਂ ਯਹੋਵਾਹ ਕੌਮਾਂ ਸਾਮ੍ਹਣੇ ਆਪਣੀ ਪਵਿੱਤਰਤਾ ਜ਼ਾਹਰ ਕਰੇਗਾ, ਤਾਂ ਉਹ ਸ਼ਾਇਦ ਯਹੋਵਾਹ ਦਾ ਸਾਥ ਦੇਣ।​—ਹਿਜ਼. 38:16.

ਮਹਾਂਕਸ਼ਟ ਦੌਰਾਨ . . . ਕੀ ਇੱਦਾਂ ਹੋ ਸਕਦਾ ਹੈ ਕਿ ਉਸ ਵੇਲੇ ਉਨ੍ਹਾਂ ਵਿੱਚੋਂ ਕੁਝ ਲੋਕ ਯਹੋਵਾਹ ʼਤੇ ਨਿਹਚਾ ਕਰਨ ਲੱਗ ਪੈਣ?

16. ਅਸੀਂ ਯਹੋਵਾਹ ਬਾਰੇ ਕੀ ਜਾਣਿਆ ਹੈ? (ਤਸਵੀਰ ਵੀ ਦੇਖੋ।)

16 ਬਾਈਬਲ ਦਾ ਅਧਿਐਨ ਕਰ ਕੇ ਅਸੀਂ ਜਾਣਿਆ ਕਿ ਯਹੋਵਾਹ ਹਰ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਅਨਮੋਲ ਸਮਝਦਾ ਹੈ। ਉਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਤਾਂਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ। (ਯੂਹੰ. 3:16) ਅਸੀਂ ਮਹਿਸੂਸ ਕੀਤਾ ਹੈ ਕਿ ਯਹੋਵਾਹ ਸਾਡੀ ਕਿੰਨੀ ਪਰਵਾਹ ਕਰਦਾ ਹੈ ਅਤੇ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ! (ਯਸਾ. 49:15) ਉਹ ਸਾਡੇ ਸਾਰਿਆਂ ਦੇ ਨਾਂ ਜਾਣਦਾ ਹੈ। ਉਹ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇ ਅਸੀਂ ਮਰ ਵੀ ਜਾਈਏ, ਤਾਂ ਉਹ ਸਾਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ। ਨਾਲੇ ਉਹ ਸਾਨੂੰ ਉਹੀ ਸ਼ਕਲ-ਸੂਰਤ ਦੇ ਸਕਦਾ ਹੈ ਜੋ ਸਾਡੀ ਪਹਿਲਾਂ ਸੀ। ਇੰਨਾ ਹੀ ਨਹੀਂ, ਉਹ ਸਾਡਾ ਸੁਭਾਅ ਤੇ ਸਾਡੀ ਯਾਦਾਸ਼ਤ ਵੀ ਸਾਨੂੰ ਵਾਪਸ ਦੇ ਸਕਦਾ ਹੈ। (ਮੱਤੀ 10:29-31) ਬਿਨਾਂ ਸ਼ੱਕ, ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਹਰੇਕ ਦਾ ਇਕਦਮ ਸਹੀ ਨਿਆਂ ਕਰੇਗਾ ਕਿਉਂਕਿ ਉਹ ਬੁੱਧੀਮਾਨ ਅਤੇ ਦਿਆਲੂ ਪਰਮੇਸ਼ੁਰ ਹੈ।​—ਯਾਕੂ. 2:13.

ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਕਿਸੇ ਨਾਲ ਅਨਿਆਂ ਨਹੀਂ ਕਰੇਗਾ, ਉਸ ਦਾ ਨਿਆਂ ਇਕਦਮ ਸਹੀ ਹੋਵੇਗਾ, ਉਸ ਦੇ ਮਿਆਰਾਂ ਮੁਤਾਬਕ ਹੋਵੇਗਾ ਅਤੇ ਉਹ ਦਇਆ ਵੀ ਕਰੇਗਾ (ਪੈਰਾ 16 ਦੇਖੋ)


17. ਅਗਲੇ ਲੇਖ ਵਿਚ ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ?

17 ਸਾਡੀ ਸਮਝ ਵਿਚ ਜੋ ਫੇਰ-ਬਦਲ ਕੀਤੇ ਗਏ ਹਨ, ਉਨ੍ਹਾਂ ਤੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅੱਜ ਪ੍ਰਚਾਰ ਦਾ ਕੰਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਨਾਲੇ ਪੂਰੇ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਮਿਲਣਗੇ।

ਗੀਤ 76 ਦੇਖੋ, ਖਿੜੇ ਚਿਹਰੇ!

a ਸਾਡੀ ਸਮਝ ਵਿਚ ਸੁਧਾਰ ਕਿਉਂ ਕੀਤਾ ਗਿਆ, ਇਸ ਬਾਰੇ ਜਾਣਨ ਲਈ 15 ਮਾਰਚ 2015 ਦੇ ਪਹਿਰਾਬੁਰਜ ਦੇ ਸਫ਼ੇ 7-11 ʼਤੇ “ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ” ਨਾਂ ਦਾ ਲੇਖ ਦੇਖੋ।

b ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਜਦੋਂ ਮਾਗੋਗ ਦੇਸ਼ ਦਾ ਗੋਗ ਹਮਲਾ ਕਰੇਗਾ, ਤਾਂ ਯਹੋਵਾਹ ਦੇ ਸਾਰੇ ਸੇਵਕਾਂ ਦੀ ਨਿਹਚਾ ਪਰਖੀ ਜਾਵੇਗੀ। ਇਸ ਤੋਂ ਇਲਾਵਾ, ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਜੋ ਲੋਕ ਯਹੋਵਾਹ ਦੇ ਸੇਵਕਾਂ ਦਾ ਸਾਥ ਦੇਣਗੇ, ਉਨ੍ਹਾਂ ਦੀ ਵੀ ਨਿਹਚਾ ਪਰਖੀ ਜਾਵੇਗੀ।

c ਤਸਵੀਰਾਂ ਬਾਰੇ ਜਾਣਕਾਰੀ: ਤਿੰਨ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਸਾਨੂੰ ਸ਼ਾਇਦ ਕੁਝ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਨਾ ਮਿਲੇ: (1) ਇਕ ਔਰਤ ਅਜਿਹੇ ਦੇਸ਼ ਵਿਚ ਰਹਿੰਦੀ ਹੈ ਜਿੱਥੇ ਜ਼ਿਆਦਾਤਰ ਲੋਕ ਦੂਜੇ ਧਰਮਾਂ ਨੂੰ ਮੰਨਦੇ ਹਨ ਅਤੇ ਉੱਥੇ ਖ਼ੁਸ਼ ਖ਼ਬਰੀ ਸੁਣਾਉਣੀ ਖ਼ਤਰੇ ਤੋਂ ਖਾਲੀ ਨਹੀਂ ਹੈ, (2) ਇਕ ਪਤੀ-ਪਤਨੀ ਅਜਿਹੇ ਦੇਸ਼ ਵਿਚ ਰਹਿੰਦੇ ਹਨ ਜਿੱਥੇ ਸਰਕਾਰ ਨੇ ਖ਼ੁਸ਼ ਖ਼ਬਰੀ ਸੁਣਾਉਣ ʼਤੇ ਪਾਬੰਦੀ ਲਗਾਈ ਹੈ ਤੇ ਉੱਥੇ ਪ੍ਰਚਾਰ ਕਰਨਾ ਖ਼ਤਰਨਾਕ ਹੈ ਅਤੇ (3) ਇਕ ਆਦਮੀ ਦੂਰ-ਦੁਰਾਡੇ ਇਲਾਕੇ ਵਿਚ ਰਹਿੰਦਾ ਹੈ ਜਿੱਥੇ ਪਹੁੰਚਣਾ ਬਹੁਤ ਹੀ ਮੁਸ਼ਕਲ ਹੈ।

d ਤਸਵੀਰ ਬਾਰੇ ਜਾਣਕਾਰੀ: “ਮਹਾਂ ਬਾਬਲ” ਦਾ ਨਾਸ਼ ਹੋ ਚੁੱਕਾ ਹੈ। ਇਕ ਕੁੜੀ, ਜਿਸ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ, ਯਾਦ ਕਰ ਰਹੀ ਹੈ ਕਿ ਉਸ ਨੇ ਇਸ ਬਾਰੇ ਸਿੱਖਿਆ ਸੀ। ਉਹ ਤੋਬਾ ਕਰਦੀ ਹੈ ਅਤੇ ਆਪਣੇ ਮਾਪਿਆਂ ਕੋਲ ਵਾਪਸ ਚਲੀ ਜਾਂਦੀ ਹੈ ਜੋ ਯਹੋਵਾਹ ਦੇ ਗਵਾਹ ਹਨ। ਜੇ ਭਵਿੱਖ ਵਿਚ ਕਿਸੇ ਨਾਲ ਇੱਦਾਂ ਹੁੰਦਾ ਹੈ, ਤਾਂ ਅਸੀਂ ਆਪਣੇ ਪਿਤਾ ਵਾਂਗ ਉਸ ʼਤੇ ਦਇਆ ਕਰਾਂਗੇ, ਹਮਦਰਦੀ ਦਿਖਾਵਾਂਗੇ ਅਤੇ ਖ਼ੁਸ਼ੀ ਮਨਾਵਾਂਗੇ ਕਿ ਉਹ ਯਹੋਵਾਹ ਕੋਲ ਵਾਪਸ ਮੁੜ ਆਇਆ ਹੈ।