Skip to content

Skip to table of contents

ਅਧਿਐਨ ਲੇਖ 24

ਗੀਤ 24 ਆਓ ਯਹੋਵਾਹ ਦੇ ਪਹਾੜ

ਯਹੋਵਾਹ ਦੇ ਮਹਿਮਾਨ ਬਣੇ ਰਹੋ!

ਯਹੋਵਾਹ ਦੇ ਮਹਿਮਾਨ ਬਣੇ ਰਹੋ!

“ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?”​—ਜ਼ਬੂ. 15:1.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੇ ਦੋਸਤ ਬਣੇ ਰਹਿਣ ਲਈ ਸਾਨੂੰ ਕੀ ਕਰਨਾ ਪੈਣਾ। ਅਸੀਂ ਇਹ ਵੀ ਦੇਖਾਂਗੇ ਕਿ ਸਾਨੂੰ ਉਸ ਦੇ ਦੋਸਤਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ।

1. ਜ਼ਬੂਰ 15:1-5 ʼਤੇ ਧਿਆਨ ਦੇਣ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ?

 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਉਹੀ ਲੋਕ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣ ਸਕਦੇ ਹਨ ਜੋ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ ਅਤੇ ਜਿਨ੍ਹਾਂ ਦਾ ਉਸ ਨਾਲ ਕਰੀਬੀ ਰਿਸ਼ਤਾ ਹੁੰਦਾ ਹੈ। ਪਰ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣੇ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ? ਜ਼ਬੂਰ 15 ਵਿਚ ਇਸ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। (ਜ਼ਬੂਰ 15:1-5 ਪੜ੍ਹੋ।) ਇਸ ਜ਼ਬੂਰ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਆ ਸਕਦੇ ਹਾਂ।

2. ਜ਼ਬੂਰ 15 ਵਿਚ ਦਾਊਦ ਨੇ ਜਦੋਂ ਤੰਬੂ ਦਾ ਜ਼ਿਕਰ ਕੀਤਾ, ਤਾਂ ਉਹ ਸ਼ਾਇਦ ਕਿਸ ਬਾਰੇ ਸੋਚ ਰਿਹਾ ਸੀ?

2 ਜ਼ਬੂਰ 15 ਦੇ ਸ਼ੁਰੂ ਵਿਚ ਇਹ ਸਵਾਲ ਪੁੱਛੇ ਗਏ ਹਨ: “ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ? ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?” (ਜ਼ਬੂ. 15:1) ਦਾਊਦ ਨੇ ਇਸ ਜ਼ਬੂਰ ਵਿਚ ਜਦੋਂ ਯਹੋਵਾਹ ਦੇ “ਤੰਬੂ” ਦਾ ਜ਼ਿਕਰ ਕੀਤਾ, ਤਾਂ ਉਹ ਸ਼ਾਇਦ ਉਸ ਡੇਰੇ ਬਾਰੇ ਸੋਚ ਰਿਹਾ ਸੀ ਜੋ ਕੁਝ ਸਮੇਂ ਲਈ ਗਿਬਓਨ ਸ਼ਹਿਰ ਵਿਚ ਸੀ। ਦਾਊਦ ਨੇ “ਪਵਿੱਤਰ ਪਹਾੜ” ਦਾ ਵੀ ਜ਼ਿਕਰ ਕੀਤਾ। ਇਸ ਲਈ ਹੋ ਸਕਦਾ ਹੈ ਕਿ ਉਹ ਯਰੂਸ਼ਲਮ ਦੇ ਸਿਓਨ ਪਹਾੜ ਬਾਰੇ ਸੋਚ ਰਿਹਾ ਹੋਵੇ ਜਿੱਥੇ ਉਸ ਨੇ ਯਹੋਵਾਹ ਲਈ ਤੰਬੂ ਖੜ੍ਹਾ ਕੀਤਾ ਸੀ। ਇਹ ਗਿਬਓਨ ਦੇ ਦੱਖਣ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ʼਤੇ ਸੀ। ਦਾਊਦ ਨੇ ਇਸ ਤੰਬੂ ਵਿਚ ਇਕਰਾਰ ਦਾ ਸੰਦੂਕ ਰੱਖਿਆ ਸੀ ਅਤੇ ਇਹ ਉਦੋਂ ਤਕ ਇੱਥੇ ਰਿਹਾ ਜਦੋਂ ਤਕ ਯਹੋਵਾਹ ਦਾ ਮੰਦਰ ਨਹੀਂ ਬਣ ਗਿਆ।​—2 ਸਮੂ. 6:17.

3. ਸਾਨੂੰ ਜ਼ਬੂਰ 15 ਦੀਆਂ ਗੱਲਾਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)

3 ਪੁਰਾਣੇ ਸਮੇਂ ਵਿਚ ਜ਼ਿਆਦਾਤਰ ਇਜ਼ਰਾਈਲੀਆਂ ਨੂੰ ਪਵਿੱਤਰ ਡੇਰੇ ਵਿਚ ਸੇਵਾ ਕਰਨ ਦੀ ਇਜਾਜ਼ਤ ਨਹੀਂ ਸੀ। ਨਾਲੇ ਬਹੁਤ ਘੱਟ ਹੀ ਇਜ਼ਰਾਈਲੀ ਉਸ ਤੰਬੂ ਦੇ ਅੰਦਰ ਗਏ ਸਨ ਜਿੱਥੇ ਇਕਰਾਰ ਦਾ ਸੰਦੂਕ ਰੱਖਿਆ ਗਿਆ ਸੀ। ਪਰ ਅੱਜ ਹਰ ਇਨਸਾਨ ਜੋ ਯਹੋਵਾਹ ਨਾਲ ਦੋਸਤੀ ਕਰਦਾ ਹੈ ਅਤੇ ਉਸ ਦਾ ਦੋਸਤ ਬਣਿਆ ਰਹਿੰਦਾ ਹੈ, ਉਹ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ ਹੈ। ਅਸੀਂ ਸਾਰੇ ਇਹੀ ਤਾਂ ਚਾਹੁੰਦੇ ਹਾਂ। ਜ਼ਬੂਰ 15 ਵਿਚ ਕੁਝ ਅਜਿਹੀਆਂ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਮੰਨ ਕੇ ਅਸੀਂ ਹਮੇਸ਼ਾ ਲਈ ਯਹੋਵਾਹ ਦੇ ਦੋਸਤ ਬਣੇ ਰਹਿ ਸਕਦੇ ਹਾਂ।

ਦਾਊਦ ਦੇ ਦਿਨਾਂ ਵਿਚ ਇਜ਼ਰਾਈਲੀ ਸੌਖਿਆਂ ਹੀ ਸਮਝ ਸਕਦੇ ਸਨ ਕਿ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣਨ ਦਾ ਕੀ ਮਤਲਬ ਸੀ (ਪੈਰਾ 3 ਦੇਖੋ)


ਬੇਦਾਗ਼ ਜ਼ਿੰਦਗੀ ਜੀਓ ਅਤੇ ਸਹੀ ਕੰਮ ਕਰੋ

4. ਯਹੋਵਾਹ ਦੇ ਦੋਸਤ ਬਣੇ ਰਹਿਣ ਲਈ ਬੱਸ ਬਪਤਿਸਮਾ ਲੈਣਾ ਹੀ ਕਾਫ਼ੀ ਕਿਉਂ ਨਹੀਂ ਹੈ? (ਯਸਾਯਾਹ 48:1)

4 ਜ਼ਬੂਰ 15:2 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਦੋਸਤ ‘ਬੇਦਾਗ਼ ਜ਼ਿੰਦਗੀ ਜੀਉਂਦਾ ਹੈ ਅਤੇ ਸਹੀ ਕੰਮ ਕਰਦਾ ਹੈ।’ ਯਹੋਵਾਹ ਦੇ ਦੋਸਤ ਬਣੇ ਰਹਿਣ ਲਈ ਸਾਨੂੰ ਹਮੇਸ਼ਾ ਇੱਦਾਂ ਕਰਦੇ ਰਹਿਣ ਦੀ ਲੋੜ ਹੈ। ਪਰ ਕੀ ਅਸੀਂ ਸੱਚ-ਮੁੱਚ ਬੇਦਾਗ਼ ਜ਼ਿੰਦਗੀ ਜੀ ਸਕਦੇ ਹਾਂ? ਜੀ ਹਾਂ। ਇਹ ਤਾਂ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ, ਪਰ ਜੇ ਅਸੀਂ ਯਹੋਵਾਹ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰੀਏ, ਤਾਂ ਅਸੀਂ ਉਸ ਦੀਆਂ ਨਜ਼ਰਾਂ ਵਿਚ “ਬੇਦਾਗ਼ ਜ਼ਿੰਦਗੀ” ਜੀ ਰਹੇ ਹੁੰਦੇ ਹਾਂ। ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ ਅਤੇ ਬਪਤਿਸਮਾ ਲੈਂਦੇ ਹਾਂ, ਤਾਂ ਇਹ ਸਿਰਫ਼ ਇਕ ਸ਼ੁਰੂਆਤ ਹੈ। ਜ਼ਰਾ ਯਾਦ ਕਰੋ, ਪੁਰਾਣੇ ਜ਼ਮਾਨੇ ਵਿਚ ਜੇ ਇਕ ਵਿਅਕਤੀ ਇਜ਼ਰਾਈਲ ਕੌਮ ਵਿਚ ਪੈਦਾ ਹੁੰਦਾ ਸੀ, ਤਾਂ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਆਪਣੇ ਆਪ ਹੀ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣ ਜਾਂਦਾ ਸੀ। ਉਸ ਵੇਲੇ ਕੁਝ ਇਜ਼ਰਾਈਲੀ ਯਹੋਵਾਹ ਦੀ ਭਗਤੀ ਤਾਂ ਕਰਦੇ ਸਨ, ਪਰ ਉਹ “ਸੱਚਾਈ ਤੇ ਧਾਰਮਿਕਤਾ ਨਾਲ ਨਹੀਂ” ਕਰਦੇ ਸਨ। (ਯਸਾਯਾਹ 48:1 ਪੜ੍ਹੋ।) ਜਿਹੜੇ ਇਜ਼ਰਾਈਲੀ ਯਹੋਵਾਹ ਦੇ ਤੰਬੂ ਵਿਚ ਰਹਿਣਾ ਚਾਹੁੰਦੇ ਸਨ, ਉਨ੍ਹਾਂ ਨੂੰ ਯਹੋਵਾਹ ਦੇ ਕਾਨੂੰਨਾਂ ਬਾਰੇ ਜਾਣਨ ਅਤੇ ਉਨ੍ਹਾਂ ਮੁਤਾਬਕ ਚੱਲਣ ਦੀ ਲੋੜ ਸੀ। ਇਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਤੰਬੂ ਵਿਚ ਮਹਿਮਾਨ ਬਣੇ ਰਹਿਣ ਲਈ ਸਾਡੇ ਲਈ ਬਪਤਿਸਮਾ ਲੈਣਾ ਅਤੇ ਯਹੋਵਾਹ ਦੇ ਗਵਾਹ ਕਹਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਹਮੇਸ਼ਾ “ਸਹੀ ਕੰਮ” ਕਰਦੇ ਰਹਿਣ ਦੀ ਲੋੜ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?

5. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਦੇ ਹਾਂ?

5 ਯਹੋਵਾਹ ਦੀਆਂ ਨਜ਼ਰਾਂ ਵਿਚ ‘ਬੇਦਾਗ਼ ਜ਼ਿੰਦਗੀ ਜੀਉਣ ਤੇ ਸਹੀ ਕੰਮ’ ਕਰਨ ਲਈ ਸਭਾਵਾਂ ʼਤੇ ਜਾਣ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। (1 ਸਮੂ. 15:22) ਸਾਨੂੰ ਆਪਣੀ ਜ਼ਿੰਦਗੀ ਦੇ ਹਰ ਮਾਮਲੇ ਵਿਚ ਯਹੋਵਾਹ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਫਿਰ ਚਾਹੇ ਅਸੀਂ ਦੂਜਿਆਂ ਨਾਲ ਹੋਈਏ ਜਾਂ ਇਕੱਲੇ। (ਕਹਾ. 3:6; ਉਪ. 12:13, 14) ਨਾਲੇ ਅਸੀਂ ਛੋਟੀ ਤੋਂ ਛੋਟੀ ਗੱਲ ਵਿਚ ਵੀ ਯਹੋਵਾਹ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਅਸੀਂ ਦਿਖਾਵਾਂਗੇ ਕਿ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ ਅਤੇ ਫਿਰ ਯਹੋਵਾਹ ਵੀ ਸਾਨੂੰ ਹੋਰ ਜ਼ਿਆਦਾ ਪਿਆਰ ਕਰੇਗਾ।​—ਯੂਹੰ. 14:23; 1 ਯੂਹੰ. 5:3.

6. ਚਾਹੇ ਅਸੀਂ ਬੀਤੇ ਸਮੇਂ ਵਿਚ ਜਿੰਨੇ ਮਰਜ਼ੀ ਚੰਗੇ ਕੰਮ ਕੀਤੇ ਹੋਣ, ਪਰ ਸਾਨੂੰ ਕੀ ਕਰਦੇ ਰਹਿਣ ਦੀ ਲੋੜ ਹੈ? (ਇਬਰਾਨੀਆਂ 6:10-12)

6 ਅਸੀਂ ਬੀਤੇ ਸਮੇਂ ਵਿਚ ਜੋ ਚੰਗੇ ਕੰਮ ਕੀਤੇ ਹਨ, ਯਹੋਵਾਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ। ਇਸ ਗੱਲ ਨੂੰ ਇਬਰਾਨੀਆਂ 6:10-12 ਵਿਚ ਸਮਝਾਇਆ ਗਿਆ ਹੈ। (ਪੜ੍ਹੋ।) ਉੱਥੇ ਦੱਸਿਆ ਗਿਆ ਹੈ ਕਿ ਯਹੋਵਾਹ ਸਾਡੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲਦਾ। ਪਰ ਸਿਰਫ਼ ਉਨ੍ਹਾਂ ਚੰਗੇ ਕੰਮਾਂ ਕਰਕੇ ਹੀ ਅਸੀਂ ਹਮੇਸ਼ਾ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣੇ ਨਹੀਂ ਰਹਿ ਸਕਦੇ। ਉਹ ਚਾਹੁੰਦਾ ਹੈ ਕਿ ਅਸੀਂ “ਅਖ਼ੀਰ ਤਕ” ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਰਹੀਏ। “ਜੇ ਅਸੀਂ ਹਿੰਮਤ ਨਹੀਂ ਹਾਰਾਂਗੇ,” ਤਾਂ ਸਾਨੂੰ ਹਮੇਸ਼ਾ ਲਈ ਉਸ ਦੇ ਦੋਸਤ ਬਣੇ ਰਹਿਣ ਦਾ ਇਨਾਮ ਮਿਲੇਗਾ।​—ਗਲਾ. 6:9.

ਦਿਲੋਂ ਸੱਚ ਬੋਲੋ

7. ਦਿਲੋਂ ਸੱਚ ਬੋਲਣ ਦਾ ਕੀ ਮਤਲਬ ਹੈ?

7 ਯਹੋਵਾਹ ਦੇ ਤੰਬੂ ਵਿਚ ਰਹਿਣ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ‘ਦਿਲੋਂ ਸੱਚ ਬੋਲੀਏ।’ (ਜ਼ਬੂ. 15:2) ਇਹ ਤਾਂ ਹੈ ਕਿ ਅਸੀਂ ਝੂਠ ਨਹੀਂ ਬੋਲਦੇ, ਪਰ ਦਿਲੋਂ ਸੱਚ ਬੋਲਣ ਦਾ ਮਤਲਬ ਹੈ ਕਿ ਅਸੀਂ ਹਰ ਗੱਲ ਵਿਚ ਈਮਾਨਦਾਰ ਰਹੀਏ। (ਇਬ. 13:18) ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? “ਕਿਉਂਕਿ ਯਹੋਵਾਹ ਨੂੰ ਚਾਲਬਾਜ਼ ਇਨਸਾਨ ਤੋਂ ਘਿਣ ਆਉਂਦੀ ਹੈ, ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।”​—ਕਹਾ. 3:32.

8. ਸਾਨੂੰ ਕਿਹੋ ਜਿਹਾ ਇਨਸਾਨ ਨਹੀਂ ਬਣਨਾ ਚਾਹੀਦਾ?

8 “ਦਿਲੋਂ ਸੱਚ” ਨਾ ਬੋਲਣ ਵਾਲਾ ਵਿਅਕਤੀ ਚੋਰੀ-ਛਿਪੇ ਯਹੋਵਾਹ ਦੇ ਕਾਨੂੰਨ ਤੋੜਦਾ ਹੈ, ਪਰ ਉਹ ਦੂਜਿਆਂ ਸਾਮ੍ਹਣੇ ਯਹੋਵਾਹ ਦੇ ਕਾਨੂੰਨ ਮੰਨਣ ਦਾ ਦਿਖਾਵਾ ਕਰਦਾ ਹੈ। (ਯਸਾ. 29:13) ਅਜਿਹਾ ਵਿਅਕਤੀ ਚਾਲਬਾਜ਼ ਹੁੰਦਾ ਹੈ। ਉਹ ਸ਼ਾਇਦ ਸੋਚੇ ਕਿ ਯਹੋਵਾਹ ਦੇ ਕਾਇਦੇ-ਕਾਨੂੰਨ ਮੰਨਣੇ ਹਮੇਸ਼ਾ ਸਮਝਦਾਰੀ ਦੀ ਗੱਲ ਨਹੀਂ ਹੁੰਦੀ। (ਯਾਕੂ. 1:5-8) ਇਸ ਲਈ ਜਦੋਂ ਉਸ ਨੂੰ ਲੱਗਦਾ ਹੈ ਕਿ ਕੋਈ ਗੱਲ ਇੰਨੀ ਵੱਡੀ ਨਹੀਂ ਹੈ, ਤਾਂ ਉਸ ਮਾਮਲੇ ਵਿਚ ਸ਼ਾਇਦ ਉਹ ਯਹੋਵਾਹ ਦਾ ਕਹਿਣਾ ਨਾ ਮੰਨੇ। ਨਾਲੇ ਜਦੋਂ ਉਹ ਦੇਖਦਾ ਹੈ ਕਿ ਕਹਿਣਾ ਨਾ ਮੰਨਣ ਕਰਕੇ ਉਸ ਨੂੰ ਕੋਈ ਬੁਰਾ ਅੰਜਾਮ ਨਹੀਂ ਭੁਗਤਣਾ ਪਿਆ, ਤਾਂ ਉਹ ਸ਼ਾਇਦ ਵੱਡੀਆਂ-ਵੱਡੀਆਂ ਗੱਲਾਂ ਵਿਚ ਵੀ ਯਹੋਵਾਹ ਦਾ ਕਹਿਣਾ ਨਾ ਮੰਨੇ। ਭਾਵੇਂ ਕਿ ਉਸ ਨੂੰ ਲੱਗਦਾ ਹੈ ਕਿ ਉਹ ਯਹੋਵਾਹ ਦੀ ਭਗਤੀ ਕਰ ਰਿਹਾ ਹੈ, ਪਰ ਯਹੋਵਾਹ ਅਜਿਹੇ ਚਾਲਬਾਜ਼ ਇਨਸਾਨ ਦੀ ਭਗਤੀ ਕਬੂਲ ਨਹੀਂ ਕਰਦਾ। (ਉਪ. 8:11) ਇਸ ਤੋਂ ਉਲਟ, ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।

9. ਜਦੋਂ ਯਿਸੂ ਪਹਿਲੀ ਵਾਰ ਨਥਾਨਿਏਲ ਨੂੰ ਮਿਲਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਤਸਵੀਰ ਵੀ ਦੇਖੋ।)

9 ਦਿਲੋਂ ਸੱਚ ਬੋਲਣਾ ਬਹੁਤ ਜ਼ਰੂਰੀ ਹੈ। ਜਦੋਂ ਯਿਸੂ ਪਹਿਲੀ ਵਾਰ ਨਥਾਨਿਏਲ ਨੂੰ ਮਿਲਿਆ, ਉਸ ਤੋਂ ਅਸੀਂ ਇਹ ਗੱਲ ਸਿੱਖ ਸਕਦੇ ਹਾਂ। ਫ਼ਿਲਿੱਪੁਸ ਆਪਣੇ ਦੋਸਤ ਨਥਾਨਿਏਲ ਨੂੰ ਯਿਸੂ ਕੋਲ ਲੈ ਕੇ ਆਇਆ। ਉਸ ਵੇਲੇ ਯਿਸੂ ਨੇ ਉਸ ਬਾਰੇ ਇਕ ਬਹੁਤ ਹੀ ਅਨੋਖੀ ਗੱਲ ਕਹੀ। ਚਾਹੇ ਯਿਸੂ ਪਹਿਲਾਂ ਕਦੇ ਵੀ ਨਥਾਨਿਏਲ ਨੂੰ ਨਹੀਂ ਮਿਲਿਆ ਸੀ, ਫਿਰ ਵੀ ਉਸ ਨੇ ਉਸ ਬਾਰੇ ਕਿਹਾ: “ਦੇਖੋ, ਇਕ ਸੱਚਾ ਇਜ਼ਰਾਈਲੀ ਜਿਸ ਵਿਚ ਕੋਈ ਖੋਟ ਨਹੀਂ ਹੈ।” (ਯੂਹੰ. 1:47) ਯਿਸੂ ਜਾਣਦਾ ਸੀ ਕਿ ਉਸ ਦੇ ਦੂਜੇ ਚੇਲੇ ਵੀ ਈਮਾਨਦਾਰ ਹਨ। ਪਰ ਨਥਾਨਿਏਲ ਵਿਚ ਉਸ ਨੇ ਕੁਝ ਖ਼ਾਸ ਦੇਖਿਆ। ਨਥਾਨਿਏਲ ਵੀ ਸਾਡੇ ਵਾਂਗ ਨਾਮੁਕੰਮਲ ਸੀ, ਪਰ ਯਿਸੂ ਨੇ ਗੌਰ ਕੀਤਾ ਕਿ ਉਸ ਵਿਚ ਕੋਈ ਖੋਟ ਨਹੀਂ ਸੀ। ਉਹ ਜਿੱਦਾਂ ਦਾ ਬਾਹਰੋਂ ਸੀ, ਉੱਦਾਂ ਦਾ ਹੀ ਅੰਦਰੋਂ ਸੀ। ਇਸ ਲਈ ਯਿਸੂ ਨੇ ਉਸ ਦੀ ਤਾਰੀਫ਼ ਕੀਤੀ। ਜ਼ਰਾ ਸੋਚੋ, ਜੇ ਯਿਸੂ ਤੁਹਾਡੇ ਬਾਰੇ ਇੱਦਾਂ ਕਹਿੰਦਾ, ਤਾਂ ਤੁਹਾਨੂੰ ਕਿਵੇਂ ਲੱਗਦਾ?

ਜਦੋਂ ਯਿਸੂ ਪਹਿਲੀ ਵਾਰ ਨਥਾਨਿਏਲ ਨੂੰ ਮਿਲਿਆ, ਤਾਂ ਉਸ ਨੇ ਨਥਾਨਿਏਲ ਬਾਰੇ ਕਿਹਾ ਕਿ ਉਸ ਵਿਚ “ਕੋਈ ਖੋਟ ਨਹੀਂ ਹੈ।” ਕੀ ਸਾਡੇ ਬਾਰੇ ਵੀ ਇਹੀ ਗੱਲ ਕਹੀ ਜਾ ਸਕਦੀ ਹੈ? (ਪੈਰਾ 9 ਦੇਖੋ)


10. ਸਾਨੂੰ ਸੋਚ-ਸਮਝ ਕੇ ਗੱਲ ਕਿਉਂ ਕਰਨੀ ਚਾਹੀਦੀ ਹੈ? (ਯਾਕੂਬ 1:26)

10 ਜ਼ਬੂਰ 15 ਵਿਚ ਦੱਸੀਆਂ ਗਈਆਂ ਗੱਲਾਂ ਜ਼ਿਆਦਾਤਰ ਇਸ ਬਾਰੇ ਹਨ ਕਿ ਯਹੋਵਾਹ ਦੇ ਦੋਸਤਾਂ ਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਇਸ ਦੀ ਆਇਤ 3 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਤੰਬੂ ਵਿਚ ਜੋ ਮਹਿਮਾਨ ਹੈ, ਉਹ “ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਹੀਂ ਕਰਦਾ, ਉਹ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਦਾ ਅਤੇ ਉਹ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਨਹੀਂ ਕਰਦਾ।” ਜੇ ਅਸੀਂ ਸੋਚ-ਸਮਝ ਕੇ ਗੱਲ ਨਹੀਂ ਕਰਦੇ, ਤਾਂ ਇਸ ਦੇ ਬੁਰੇ ਅੰਜਾਮ ਨਿਕਲ ਸਕਦੇ ਹਨ। ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਾਂ ਅਤੇ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣੇ ਰਹਿਣ ਦਾ ਸਨਮਾਨ ਗੁਆ ਸਕਦੇ ਹਾਂ।​—ਯਾਕੂਬ 1:26 ਪੜ੍ਹੋ।

11. (ੳ) ਬਦਨਾਮ ਕਰਨ ਦਾ ਕੀ ਮਤਲਬ ਹੈ? (ਅ) ਜੇ ਦੂਜਿਆਂ ਨੂੰ ਬਦਨਾਮ ਕਰਨ ਵਾਲਾ ਤੋਬਾ ਨਹੀਂ ਕਰਦਾ, ਤਾਂ ਕੀ ਹੋ ਸਕਦਾ ਹੈ?

11 ਜ਼ਬੂਰ 15 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣ ਕੇ ਰਹਿਣ ਵਾਲੇ ਨੂੰ ਦੂਜਿਆਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਬਦਨਾਮ ਕਰਨ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ, ਕਿਸੇ ਦਾ ਨਾਂ ਖ਼ਰਾਬ ਕਰਨ ਲਈ ਉਸ ਬਾਰੇ ਝੂਠੀਆਂ ਗੱਲਾਂ ਕਰਨੀਆਂ। ਜਿਹੜੇ ਲੋਕ ਇਸ ਤਰ੍ਹਾਂ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਤੋਬਾ ਨਹੀਂ ਕਰਦੇ, ਉਨ੍ਹਾਂ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਸਕਦਾ ਹੈ।​—ਯਿਰ. 17:10.

12-13. ਅਸੀਂ ਸ਼ਾਇਦ ਕਿਵੇਂ ਅਣਜਾਣੇ ਵਿਚ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਕਰ ਦੇਈਏ? (ਤਸਵੀਰ ਵੀ ਦੇਖੋ।)

12 ਜ਼ਬੂਰ 15:3 ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਮਹਿਮਾਨ ਆਪਣੇ ਗੁਆਂਢੀਆਂ ਦਾ ਕੁਝ ਬੁਰਾ ਨਹੀਂ ਕਰਦੇ ਅਤੇ ਨਾ ਹੀ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਕਰਦੇ ਹਨ। ਪਰ ਸ਼ਾਇਦ ਅਸੀਂ ਕਿਵੇਂ ਅਣਜਾਣੇ ਵਿਚ ਦੂਜਿਆਂ ਦਾ ਨਾਂ ਖ਼ਰਾਬ ਕਰ ਦੇਈਏ?

13 ਹੋ ਸਕਦਾ ਹੈ ਕਿ ਅਸੀਂ ਦੂਜਿਆਂ ਬਾਰੇ ਕੁਝ ਗ਼ਲਤ ਗੱਲਾਂ ਫੈਲਾ ਕੇ ਉਨ੍ਹਾਂ ਦਾ ਨਾਂ ਖ਼ਰਾਬ ਕਰ ਦੇਈਏ। ਉਦਾਹਰਣ ਲਈ, (1) ਇਕ ਭੈਣ ਨੇ ਪੂਰੇ ਸਮੇਂ ਦੀ ਸੇਵਾ ਕਰਨੀ ਛੱਡ ਦਿੱਤੀ ਹੋਵੇ, (2) ਇਕ ਜੋੜਾ ਹੁਣ ਬੈਥਲ ਵਿਚ ਸੇਵਾ ਨਾ ਕਰ ਰਿਹਾ ਹੋਵੇ ਜਾਂ (3) ਇਕ ਭਰਾ ਹੁਣ ਬਜ਼ੁਰਗ ਜਾਂ ਸਹਾਇਕ ਸੇਵਕ ਨਾ ਰਿਹਾ ਹੋਵੇ। ਜੇ ਅਸੀਂ ਦੂਜਿਆਂ ਨੂੰ ਇਹ ਕਹਿੰਦੇ ਫਿਰੀਏ ਕਿ ਉਨ੍ਹਾਂ ਨੇ ਜ਼ਰੂਰ ਕੁਝ ਕੀਤਾ ਹੋਣਾ, ਤਾਂ ਇਹ ਸਹੀ ਨਹੀਂ ਹੋਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਫ਼ੈਸਲਿਆਂ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਬਾਰੇ ਸ਼ਾਇਦ ਸਾਨੂੰ ਪਤਾ ਨਾ ਹੋਵੇ। ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਤੰਬੂ ਵਿਚ ਸੇਵਾ ਕਰਨ ਵਾਲਾ ਵਿਅਕਤੀ “ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਦਾ ਅਤੇ ਉਹ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਨਹੀਂ ਕਰਦਾ।”

ਦੂਜਿਆਂ ਬਾਰੇ ਬੁਰੀਆਂ ਗੱਲਾਂ ਫੈਲਾਉਣੀਆਂ ਸੌਖੀਆਂ ਹੁੰਦੀਆਂ ਹਨ। ਪਰ ਜੇ ਅਸੀਂ ਧਿਆਨ ਨਾ ਦੇਈਏ, ਤਾਂ ਅਸੀਂ ਉਨ੍ਹਾਂ ਨੂੰ ਬਦਨਾਮ ਕਰਨ ਲੱਗ ਸਕਦੇ ਹਾਂ (ਪੈਰੇ 12-13 ਦੇਖੋ)


ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ ਕਰੋ

14. ਸਮਝਾਓ ਕਿ “ਨੀਚ ਇਨਸਾਨ” ਕੌਣ ਹਨ ਜਿਨ੍ਹਾਂ ਤੋਂ ਯਹੋਵਾਹ ਦੇ ਮਹਿਮਾਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ।

14 ਜ਼ਬੂਰ 15:4 ਵਿਚ ਲਿਖਿਆ ਹੈ ਕਿ ਯਹੋਵਾਹ ਦਾ ਦੋਸਤ “ਨੀਚ ਇਨਸਾਨ ਤੋਂ ਦੂਰ ਰਹਿੰਦਾ ਹੈ।” ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕੋਈ ਇਨਸਾਨ ਨੀਚ ਹੈ ਜਾਂ ਨਹੀਂ? ਨਾਮੁਕੰਮਲ ਹੋਣ ਕਰਕੇ ਅਸੀਂ ਖ਼ੁਦ ਇਹ ਤੈਅ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਕਈ ਵਾਰ ਅਸੀਂ ਸਿਰਫ਼ ਆਪਣੀ ਸੋਚ ਜਾਂ ਪਸੰਦ-ਨਾਪਸੰਦ ਦੇ ਆਧਾਰ ʼਤੇ ਕਿਸੇ ਬਾਰੇ ਰਾਇ ਕਾਇਮ ਕਰ ਲੈਂਦੇ ਹਾਂ। ਸ਼ਾਇਦ ਅਸੀਂ ਉਨ੍ਹਾਂ ਲੋਕਾਂ ਨੂੰ ਪਸੰਦ ਕਰੀਏ ਜਿਨ੍ਹਾਂ ਨਾਲ ਸਾਡੀ ਬਣਦੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਨਾਪਸੰਦ ਕਰੀਏ ਜੋ ਸਾਨੂੰ ਖਿੱਝ ਚੜ੍ਹਾਉਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਜਾਣੀਏ ਕਿ ਯਹੋਵਾਹ ਕਿਨ੍ਹਾਂ ਲੋਕਾਂ ਨੂੰ “ਨੀਚ” ਸਮਝਦਾ ਹੈ ਅਤੇ ਫਿਰ ਉਨ੍ਹਾਂ ਨਾਲ ਕੋਈ ਨਾਤਾ ਨਾ ਰੱਖੀਏ। (1 ਕੁਰਿੰ. 5:11) ਨੀਚ ਲੋਕਾਂ ਵਿਚ ਉਹ ਲੋਕ ਸ਼ਾਮਲ ਹਨ ਜੋ ਬੁਰੇ ਕੰਮਾਂ ਵਿਚ ਲੱਗੇ ਰਹਿੰਦੇ ਹਨ, ਤੋਬਾ ਨਹੀਂ ਕਰਦੇ, ਬਾਈਬਲ ਦੀਆਂ ਸਿੱਖਿਆਵਾਂ ਦੀ ਕੋਈ ਕਦਰ ਨਹੀਂ ਕਰਦੇ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜਨਾ ਚਾਹੁੰਦੇ ਹਨ।​—ਕਹਾ. 13:20.

15. ਅਸੀਂ “ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ” ਕਿਵੇਂ ਕਰ ਸਕਦੇ ਹਾਂ?

15 ਜ਼ਬੂਰ 15:4 ਵਿਚ ਦੱਸਿਆ ਗਿਆ ਹੈ ਕਿ ਸਾਨੂੰ “ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ” ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਯਹੋਵਾਹ ਦੇ ਦੋਸਤਾਂ ਨੂੰ ਪਿਆਰ ਦਿਖਾਉਣ ਅਤੇ ਉਨ੍ਹਾਂ ਦਾ ਆਦਰ ਕਰਨ ਦੇ ਮੌਕੇ ਲੱਭਣੇ ਚਾਹੀਦੇ ਹਨ। (ਰੋਮੀ. 12:10) ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਜ਼ਬੂਰ 15:4 ਵਿਚ ਦੱਸਿਆ ਗਿਆ ਹੈ। ਉੱਥੇ ਲਿਖਿਆ ਹੈ ਕਿ ਯਹੋਵਾਹ ਦਾ ਦੋਸਤ “ਆਪਣੇ ਵਾਅਦੇ ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।” ਜਦੋਂ ਅਸੀਂ ਆਪਣੇ ਵਾਅਦੇ ਤੋੜਦੇ ਹਾਂ, ਤਾਂ ਦੂਜਿਆਂ ਨੂੰ ਦੁੱਖ ਲੱਗਦਾ ਹੈ। (ਮੱਤੀ 5:37) ਇਸ ਲਈ ਯਹੋਵਾਹ ਆਪਣੇ ਦੋਸਤਾਂ ਤੋਂ ਚਾਹੁੰਦਾ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਨ। ਉਦਾਹਰਣ ਲਈ, ਉਹ ਚਾਹੁੰਦਾ ਹੈ ਕਿ ਪਤੀ-ਪਤਨੀ ਆਪਣੇ ਵਿਆਹ ਦਾ ਵਾਅਦਾ ਨਿਭਾਉਣ। ਨਾਲੇ ਮਾਪੇ ਆਪਣੇ ਬੱਚਿਆਂ ਨਾਲ ਕੀਤਾ ਹਰ ਵਾਅਦਾ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨ। ਪਰਮੇਸ਼ੁਰ ਅਤੇ ਆਪਣੇ ਗੁਆਂਢੀਆਂ ਨਾਲ ਪਿਆਰ ਹੋਣ ਕਰਕੇ ਅਸੀਂ ਆਪਣਾ ਹਰ ਵਾਅਦਾ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।

16. ਅਸੀਂ ਹੋਰ ਕਿਹੜੇ ਤਰੀਕਿਆਂ ਰਾਹੀਂ ਯਹੋਵਾਹ ਦੇ ਦੋਸਤਾਂ ਦਾ ਆਦਰ ਕਰ ਸਕਦੇ ਹਾਂ?

16 ਯਹੋਵਾਹ ਦੇ ਦੋਸਤਾਂ ਦਾ ਆਦਰ ਕਰਨ ਦਾ ਇਕ ਹੋਰ ਤਰੀਕਾ ਹੈ, ਪਰਾਹੁਣਚਾਰੀ ਕਰਨੀ ਅਤੇ ਖੁੱਲ੍ਹ-ਦਿਲੀ ਦਿਖਾਉਣੀ। (ਰੋਮੀ. 12:13) ਜਦੋਂ ਅਸੀਂ ਸਭਾਵਾਂ ਅਤੇ ਪ੍ਰਚਾਰ ਤੋਂ ਇਲਾਵਾ ਆਪਣੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦੇ ਹਾਂ, ਤਾਂ ਸਾਡੀ ਦੋਸਤੀ ਗੂੜ੍ਹੀ ਹੁੰਦੀ ਹੈ ਅਤੇ ਯਹੋਵਾਹ ਨਾਲ ਵੀ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਇੰਨਾ ਹੀ ਨਹੀਂ, ਪਰਾਹੁਣਚਾਰੀ ਕਰ ਕੇ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੁੰਦੇ ਹਾਂ।

ਪੈਸੇ ਨਾਲ ਪਿਆਰ ਨਾ ਕਰੋ

17. ਜ਼ਬੂਰ 15 ਵਿਚ ਪੈਸਿਆਂ ਦੀ ਗੱਲ ਕਿਉਂ ਕੀਤੀ ਗਈ ਹੈ?

17 ਜ਼ਬੂਰ 15 ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਦਾ ਮਹਿਮਾਨ “ਵਿਆਜ ʼਤੇ ਪੈਸੇ ਉਧਾਰ ਨਹੀਂ ਦਿੰਦਾ ਅਤੇ ਉਹ ਬੇਕਸੂਰ ਨੂੰ ਫਸਾਉਣ ਲਈ ਰਿਸ਼ਵਤ ਨਹੀਂ ਲੈਂਦਾ।” (ਜ਼ਬੂ. 15:5) ਇਸ ਛੋਟੇ ਜਿਹੇ ਜ਼ਬੂਰ ਵਿਚ ਪੈਸਿਆਂ ਦੀ ਗੱਲ ਕਿਉਂ ਕੀਤੀ ਗਈ ਹੈ? ਕਿਉਂਕਿ ਜੇ ਅਸੀਂ ਲੋਕਾਂ ਨਾਲੋਂ ਜ਼ਿਆਦਾ ਪੈਸਿਆਂ ਨੂੰ ਅਹਿਮੀਅਤ ਦੇਣ ਲੱਗ ਪਈਏ, ਤਾਂ ਉਨ੍ਹਾਂ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ ਅਤੇ ਯਹੋਵਾਹ ਨਾਲ ਵੀ ਸਾਡੀ ਦੋਸਤੀ ਟੁੱਟ ਸਕਦੀ ਹੈ। (1 ਤਿਮੋ. 6:10) ਬਾਈਬਲ ਦੇ ਜ਼ਮਾਨੇ ਵਿਚ ਕੁਝ ਇਜ਼ਰਾਈਲੀ ਆਪਣੇ ਗ਼ਰੀਬ ਭਰਾਵਾਂ ਨੂੰ ਵਿਆਜ ʼਤੇ ਪੈਸਾ ਉਧਾਰ ਦੇ ਕੇ ਉਨ੍ਹਾਂ ਦਾ ਫ਼ਾਇਦਾ ਚੁੱਕ ਰਹੇ ਸਨ। ਇੰਨਾ ਹੀ ਨਹੀਂ, ਕੁਝ ਨਿਆਂਕਾਰ ਰਿਸ਼ਵਤ ਲੈ ਰਹੇ ਸਨ ਅਤੇ ਬੇਕਸੂਰ ਲੋਕਾਂ ਨੂੰ ਦੋਸ਼ੀ ਠਹਿਰਾ ਰਹੇ ਸਨ। ਇਹ ਸਭ ਦੇਖ ਕੇ ਯਹੋਵਾਹ ਨੂੰ ਬਹੁਤ ਬੁਰਾ ਲੱਗਾ। ਅੱਜ ਵੀ ਉਹ ਅਜਿਹੇ ਕੰਮਾਂ ਤੋਂ ਸਖ਼ਤ ਨਫ਼ਰਤ ਕਰਦਾ ਹੈ।​—ਹਿਜ਼. 22:12.

18. ਪੈਸਿਆਂ ਬਾਰੇ ਆਪਣੀ ਸੋਚ ਜਾਣਨ ਲਈ ਅਸੀਂ ਖ਼ੁਦ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਇਬਰਾਨੀਆਂ 13:5)

18 ਸਾਡੇ ਲਈ ਪੈਸਿਆਂ ਬਾਰੇ ਆਪਣੀ ਸੋਚ ਜਾਣਨੀ ਬਹੁਤ ਜ਼ਰੂਰੀ ਹੈ। ਇਸ ਲਈ ਖ਼ੁਦ ਨੂੰ ਪੁੱਛੋ, ‘ਕੀ ਮੈਂ ਹਮੇਸ਼ਾ ਪੈਸਿਆਂ ਬਾਰੇ ਹੀ ਸੋਚਦਾ ਰਹਿੰਦਾ ਹਾਂ ਅਤੇ ਇਹ ਸੋਚਦਾ ਰਹਿੰਦਾ ਹਾਂ ਕਿ ਮੈਂ ਕੀ-ਕੀ ਖ਼ਰੀਦਣਾ ਹੈ? ਜੇ ਮੈਂ ਕਿਸੇ ਤੋਂ ਉਧਾਰ ਲੈਂਦਾ ਹਾਂ, ਤਾਂ ਕੀ ਮੈਂ ਉਸ ਨੂੰ ਚੁਕਾਉਣ ਵਿਚ ਢਿੱਲ-ਮੱਠ ਕਰਦਾ ਹਾਂ ਅਤੇ ਸੋਚਦਾ ਹਾਂ ਕਿ ਉਸ ਨੂੰ ਤਾਂ ਪੈਸਿਆਂ ਦੀ ਲੋੜ ਹੀ ਨਹੀਂ ਹੈ? ਕੀ ਪੈਸੇ ਕਰਕੇ ਮੈਂ ਖ਼ੁਦ ਨੂੰ ਦੂਜਿਆਂ ਤੋਂ ਵੱਡਾ ਸਮਝਦਾ ਹਾਂ? ਕਿਤੇ ਮੈਂ ਕੰਜੂਸ ਤਾਂ ਨਹੀਂ ਬਣ ਗਿਆ? ਕੀ ਮੈਂ ਅਮੀਰ ਭੈਣਾਂ-ਭਰਾਵਾਂ ਬਾਰੇ ਇਹ ਸੋਚਦਾ ਹਾਂ ਕਿ ਉਹ ਪੈਸੇ ਨੂੰ ਪਿਆਰ ਕਰਦੇ ਹਨ? ਕੀ ਮੈਂ ਸਿਰਫ਼ ਅਮੀਰ ਲੋਕਾਂ ਨਾਲ ਹੀ ਦੋਸਤੀ ਕਰਦਾ ਹਾਂ ਅਤੇ ਗ਼ਰੀਬਾਂ ਵੱਲ ਕੋਈ ਧਿਆਨ ਨਹੀਂ ਦਿੰਦਾ?’ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣਨਾ ਸਾਡੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ। ਜੇ ਅਸੀਂ ਉਸ ਦੇ ਤੰਬੂ ਵਿਚ ਰਹਿਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਪੈਸਿਆਂ ਨਾਲ ਪਿਆਰ ਨਾ ਕਰੀਏ। ਫਿਰ ਯਹੋਵਾਹ ਸਾਨੂੰ ਕਦੇ ਨਹੀਂ ਛੱਡੇਗਾ।​—ਇਬਰਾਨੀਆਂ 13:5 ਪੜ੍ਹੋ।

ਯਹੋਵਾਹ ਆਪਣੇ ਦੋਸਤਾਂ ਨਾਲ ਪਿਆਰ ਕਰਦਾ ਹੈ

19. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਜ਼ਬੂਰ 15 ਵਿਚ ਲਿਖੀਆਂ ਗੱਲਾਂ ਮੰਨੀਏ?

19 ਜ਼ਬੂਰ 15 ਦੇ ਅਖ਼ੀਰ ਵਿਚ ਇਕ ਵਾਅਦਾ ਕੀਤਾ ਗਿਆ ਹੈ ਕਿ ਜਿਹੜਾ ਇਨਸਾਨ ਇਹ ਕੰਮ ਕਰਦਾ ਹੈ, ਉਸ ਨੂੰ “ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।” (ਜ਼ਬੂ. 15:5) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਇਸ ਜ਼ਬੂਰ ਵਿਚ ਲਿਖੀਆਂ ਗੱਲਾਂ ਮੰਨੀਏ। ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਇਸ ਲਈ ਉਸ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਉਸ ਦਾ ਕਹਿਣਾ ਮੰਨਣ ਕਰਕੇ ਅਸੀਂ ਵਧੀਆ ਜ਼ਿੰਦਗੀ ਜੀਵਾਂਗੇ ਅਤੇ ਸਾਡੀ ਹਿਫਾਜ਼ਤ ਹੋਵੇਗੀ।​—ਯਸਾ. 48:17.

20. ਯਹੋਵਾਹ ਦੇ ਮਹਿਮਾਨ ਕੀ ਉਮੀਦ ਰੱਖ ਸਕਦੇ ਹਨ?

20 ਜਿਹੜੇ ਲੋਕ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਹਨ, ਉਹ ਇਕ ਵਧੀਆ ਭਵਿੱਖ ਦੀ ਉਮੀਦ ਰੱਖ ਸਕਦੇ ਹਨ। ਚੁਣੇ ਹੋਏ ਮਸੀਹੀਆਂ ਕੋਲ ਸਵਰਗ ਜਾਣ ਦੀ ਉਮੀਦ ਹੈ ਜਿੱਥੇ ਯਿਸੂ ਨੇ ਉਨ੍ਹਾਂ ਲਈ “ਜਗ੍ਹਾ” ਤਿਆਰ ਕੀਤੀ ਹੈ। (ਯੂਹੰ. 14:2) ਬਾਕੀ ਲੋਕਾਂ ਕੋਲ ਧਰਤੀ ʼਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਹੈ। ਉੱਥੇ ਉਹ ਪ੍ਰਕਾਸ਼ ਦੀ ਕਿਤਾਬ 21:3 ਵਿਚ ਦੱਸੀਆਂ ਗੱਲਾਂ ਪੂਰੀਆਂ ਹੁੰਦੀਆਂ ਦੇਖਣਗੇ। ਸੱਚ-ਮੁੱਚ, ਸਾਡੇ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣਾ ਦੋਸਤ ਬਣਨ ਦਾ ਮੌਕਾ ਦਿੱਤਾ ਹੈ! ਉਸ ਨੇ ਸਾਨੂੰ ਆਪਣੇ ਤੰਬੂ ਵਿਚ ਬੁਲਾਇਆ ਹੈ ਤਾਂਕਿ ਅਸੀਂ ਹਮੇਸ਼ਾ-ਹਮੇਸ਼ਾ ਤਕ ਉਸ ਦੇ ਮਹਿਮਾਨ ਬਣੇ ਰਹੀਏ।

ਗੀਤ 39 ਯਹੋਵਾਹ ਦੀ ਮਿਹਰ ਪਾਓ