Skip to content

Skip to table of contents

ਬਾਈਬਲ ਡਰਾਮੇ ਲਈ ਤਕਰੀਬਨ 27,500 ਕਿਲੋਗ੍ਰਾਮ ਮੋਟਾ ਰੇਤਾ ਮਾਉਂਟ ਈਬੋ ਸਟੂਡੀਓ ਵਿਚ ਲਿਆਂਦਾ ਗਿਆ

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦੀਆਂ ਵੀਡੀਓਜ਼ ਕਿਵੇਂ ਤਿਆਰ ਕੀਤੀਆਂ ਗਈਆਂ?

2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦੀਆਂ ਵੀਡੀਓਜ਼ ਕਿਵੇਂ ਤਿਆਰ ਕੀਤੀਆਂ ਗਈਆਂ?

10 ਅਗਸਤ 2020

 ਸਾਡੇ ਵੱਡੇ ਸੰਮੇਲਨ ਦੀਆਂ ਵੀਡੀਓਜ਼ ਦਿਲਾਂ ਨੂੰ ਛੂਹ ਜਾਂਦੀਆਂ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ਬਾਈਬਲ ਨੂੰ ਹੋਰ ਵੀ ਗਹਿਰਾਈ ਨਾਲ ਸਮਝ ਪਾਉਂਦੇ ਹਾਂ। 2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਵਿਚ 114 ਵੀਡੀਓਜ਼ ਦਿਖਾਈਆਂ ਗਈਆਂ ਜਿਨ੍ਹਾਂ ਵਿੱਚੋਂ 43 ਭਾਸ਼ਣ ਪ੍ਰਬੰਧਕ ਸਭਾ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਹਾਇਕ ਭਰਾਵਾਂ ਨੇ ਦਿੱਤੇ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਤਿਆਰ ਕਰਨ ਵਿਚ ਕਿੰਨੀ ਮਿਹਨਤ ਲੱਗੀ ਹੋਣੀ ਅਤੇ ਕਿੰਨਾ ਕੁ ਪੈਸਾ ਖ਼ਰਚ ਹੋਇਆ ਹੋਣਾ?

 ਇਸ ਸ਼ਾਨਦਾਰ ਪ੍ਰੋਗ੍ਰਾਮ ਨੂੰ ਤਿਆਰ ਕਰਨ ਵਿਚ ਸਾਡੇ 900 ਭੈਣਾਂ-ਭਰਾਵਾਂ ਨੇ ਮਦਦ ਕੀਤੀ ਜੋ ਪੂਰੀ ਦੁਨੀਆਂ ਵਿਚ ਅਲੱਗ-ਅਲੱਗ ਹਿੱਸਿਆਂ ਵਿਚ ਰਹਿੰਦੇ ਹਨ। ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਆਪਣਾ ਸਮਾਂ ਅਤੇ ਹੁਨਰ ਇਸ ਕੰਮ ਵਿਚ ਲਗਾਇਆ। ਇਨ੍ਹਾਂ ਵੀਡੀਓਜ਼ ਨੂੰ ਤਿਆਰ ਕਰਨ ਲਈ ਦੋ ਸਾਲ ਲੱਗੇ। ਇਸ ਕੰਮ ਵਿਚ ਭੈਣਾਂ-ਭਰਾਵਾਂ ਨੇ 1,00,000 ਘੰਟੇ ਬਿਤਾਏ। ਇਨ੍ਹਾਂ ਵਿੱਚੋਂ 70,000 ਘੰਟੇ ਸਿਰਫ਼ ਬਾਈਬਲ ਡਰਾਮੇ ਦੀ ਵੀਡੀਓ ਤਿਆਰ ਕਰਨ ਵਿਚ ਲੱਗੇ। ਇਹ ਵੀਡੀਓ 76 ਮਿੰਟ ਦੀ ਹੈ ਜਿਸ ਦਾ ਵਿਸ਼ਾ ਹੈ ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।”

 ਤੁਸੀਂ ਸ਼ਾਇਦ ਸੋਚੋ ਕਿ ਇਸ ਕੰਮ ਵਿਚ ਕਿੰਨਾ ਕੁ ਪੈਸਾ ਖ਼ਰਚ ਹੋਇਆ ਹੋਣਾ? ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ ਇਸ ਕੰਮ ਲਈ ਪੇਸ਼ ਕਰਨ ਵਾਲੇ ਭੈਣਾਂ-ਭਰਾਵਾਂ ਦੀਆਂ ਬੁਨਿਆਦੀ ਲੋੜਾਂ ਦਾ ਖ਼ਿਆਲ ਰੱਖਿਆ ਗਿਆ। ਨਾਲੇ ਇਨ੍ਹਾਂ ਭੈਣਾਂ-ਭਰਾਵਾਂ ਨੂੰ ਤਕਨੀਕੀ ਮਦਦ, ਜ਼ਰੂਰੀ ਉਪਕਰਣ ਅਤੇ ਦੂਜੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ।

 ਆਡੀਓ-ਵੀਡੀਓ ਵਿਭਾਗ ਵਿਚ ਕੰਮ ਕਰਨ ਵਾਲਾ ਭਰਾ ਜੈਰਡ ਗਾਸਮਨ ਦੱਸਦਾ ਹੈ: “ਪ੍ਰਬੰਧਕ ਸਭਾ ਦੀ ਸਿੱਖਿਆ ਕਮੇਟੀ ਦਿਲੋਂ ਚਾਹੁੰਦੀ ਹੈ ਕਿ ਵੀਡੀਓ ਵਿਚ ਅਲੱਗ-ਅਲੱਗ ਇਲਾਕਿਆਂ ਅਤੇ ਸਭਿਆਚਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜਿਸ ਤੋਂ ਸਾਫ਼-ਸਾਫ਼ ਨਜ਼ਰ ਆਏ ਕਿ ਪੂਰੀ ਦੁਨੀਆਂ ਵਿਚ ਫੈਲੇ ਸਾਡੇ ਭਾਈਚਾਰੇ ਵਿਚ ਏਕਤਾ ਅਤੇ ਸੱਚਾ ਪਿਆਰ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ 11 ਦੇਸ਼ਾਂ ਤੋਂ 24 ਟੀਮਾਂ ਨੇ ਇਕੱਠੇ ਮਿਲ ਕੇ ਇਹ ਕੰਮ ਕੀਤਾ। ਇੰਨੇ ਵੱਡੇ ਪੱਧਰ ʼਤੇ ਕੰਮ ਕਰਨ ਲਈ ਕਾਫ਼ੀ ਪੈਸੇ, ਵਧੀਆ ਯੋਜਨਾ ਅਤੇ ਆਪਸ ਵਿਚ ਵਧੀਆ ਤਾਲਮੇਲ ਦੀ ਜ਼ਰੂਰਤ ਸੀ।”

 ਸਾਡੇ ਜ਼ਿਆਦਾਤਰ ਵੀਡੀਓ ਬਣਾਉਣ ਵਿਚ ਖ਼ਾਸ ਕਿਸਮਾਂ ਦੇ ਉਪਕਰਣ ਅਤੇ ਸੈੱਟ ਦੀ ਜ਼ਰੂਰਤ ਹੁੰਦੀ ਹੈ। ਮਿਸਾਲ ਲਈ, ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ” ਡਰਾਮੇ ਦਾ ਸੈੱਟ ਮਾਉਂਟ ਈਬੋ ਸਟੂਡੀਓ ਦੇ ਅੰਦਰ ਬਣਾਇਆ ਗਿਆ। ਇਹ ਸਟੂਡੀਓ ਪੈਟਰਸਨ ਸ਼ਹਿਰ ਦੇ ਨੇੜੇ ਹੈ ਜੋ ਕਿ ਅਮਰੀਕਾ ਦੇ ਨਿਊਯਾਰਕ ਵਿਚ ਹੈ। ਇਸ ਡਰਾਮੇ ਦਾ ਵੀਡੀਓ ਤਿਆਰ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕਿ ਭੈਣਾਂ-ਭਰਾਵਾਂ ਵੱਲੋਂ ਦਿਲੋਂ ਕੀਤੇ ਦਾਨ ਦੀ ਸਹੀ ਵਰਤੋ ਹੋਵੇ ਅਤੇ ਵੀਡੀਓ ਦੇਖ ਕੇ ਇੱਦਾਂ ਲੱਗੇ ਜਿਵੇਂ ਸਾਰੀਆਂ ਘਟਨਾਵਾਂ ਅਸਲ ਵਿਚ ਸਾਡੀਆਂ ਅੱਖਾਂ ਸਾਮ੍ਹਣੇ ਹੋ ਰਹੀਆਂ ਹੋਣ। ਇਸ ਲਈ ਭਰਾਵਾਂ ਨੇ ਹਲਕੇ ਡੀਜ਼ਾਈਨ ਵਾਲੇ ਸੈੱਟ ਤਿਆਰ ਕੀਤੇ। ਇਨ੍ਹਾਂ ਕੰਧਾਂ ਨੂੰ ਹੂ-ਬ-ਹੂ ਉੱਦਾਂ ਹੀ ਬਣਾਇਆ ਗਿਆ ਜਿਵੇਂ ਪੁਰਾਣੇ ਸਮੇਂ ਵਿਚ ਯਰੂਸ਼ਲਮ ਦੀਆਂ ਕੰਧਾਂ ਸਨ। ਇਹ ਕੰਧ ਪਤਲੀਆਂ ਲੱਕੜਾਂ ਨਾਲ ਬਣਾਈ ਗਈ ਸੀ ਅਤੇ ਜਿਨ੍ਹਾਂ ʼਤੇ ਸਪੰਜ ਨੂੰ ਲਪੇਟਿਆ ਗਿਆ ਸੀ। ਇਹ 6 ਮੀਟਰ ਜਾਂ 20 ਫੁੱਟ ਉੱਚੀਆਂ ਸੀ। ਉਨ੍ਹਾਂ ʼਤੇ ਇਸ ਤਰ੍ਹਾਂ ਰੰਗ ਕੀਤਾ ਗਿਆ ਸੀ ਕਿ ਉਹ ਦੇਖਣ ਨੂੰ ਸੱਚ-ਮੁੱਚ ਦੇ ਪੱਥਰਾਂ ਵਾਂਗ ਲੱਗਣ। ਇਨ੍ਹਾਂ “ਕੰਧਾਂ” ਨੂੰ ਆਸਾਨੀ ਨਾਲ ਇੱਧਰ-ਉੱਧਰ ਕੀਤਾ ਜਾ ਸਕਦਾ ਸੀ ਜਿਸ ਨਾਲ ਅਲੱਗ-ਅਲੱਗ ਸੀਨ ਦਿਖਾਏ ਗਏ। ਸਿਰਫ਼ ਬਾਈਬਲ ਡਰਾਮੇ ਦਾ ਹੀ ਸੈੱਟ ਬਣਾਉਣ ਵਿਚ ਤਕਰੀਬਨ 1,00,000 ਡਾਲਰ (ਲਗਭਗ 70 ਲੱਖ ਰੁਪਏ) ਲੱਗੇ। ਇਸ ਤਰ੍ਹਾਂ ਦੀਆਂ ਕੰਧਾਂ ਬਣਾਉਣ ਨਾਲ ਘੱਟ ਸੈੱਟ ਨਾਲ ਹੀ ਕੰਮ ਪੂਰਾ ਹੋ ਗਿਆ। a

 ਇਸ ਜਾਣਕਾਰੀ ਕਰਕੇ 2020 ਦੇ ਵੱਡੇ ਸੰਮੇਲਨ ਲਈ ਸਾਡੇ ਦਿਲਾਂ ਵਿਚ ਕਦਰ ਹੋਰ ਵੀ ਵਧ ਗਈ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਸ ਪ੍ਰੋਗ੍ਰਾਮ ਨੂੰ ਤਿਆਰ ਕਰਨ ਵਿਚ ਜੋ ਮਿਹਨਤ ਕੀਤੀ ਗਈ ਉਸ ਕਰਕੇ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇਗੀ। ਤੁਸੀਂ ਖੁੱਲ੍ਹੇ ਦਿਲ ਨਾਲ donate.pr418.com ʼਤੇ ਦਾਨ ਦਿੱਤਾ, ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

a ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ” ਡਰਾਮੇ ਦਾ ਸੈੱਟ ਕੋਰੋਨਾਵਾਇਰਸ (ਕੋਵਿਡ-19) ਮਹਾਂਮਾਰੀ ਤੋਂ ਪਹਿਲਾਂ ਹੀ ਬਣਾਇਆ ਗਿਆ ਸੀ। ਉਸ ਵੇਲੇ ਭੈਣਾਂ-ਭਰਾਵਾਂ ਨੂੰ ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ ਨਹੀਂ ਸੀ।