Skip to content

ਕੀ ਇਹ ਸੰਸਾਰ ਬਚੇਗਾ?

ਕੀ ਇਹ ਸੰਸਾਰ ਬਚੇਗਾ?

ਕੀ ਇਹ ਸੰਸਾਰ ਬਚੇਗਾ?

ਕਿਸੇ ਵੀ ਹੋਰ ਪੀੜ੍ਹੀ ਨੇ ਸੰਸਾਰ ਦੇ ਅੰਤ ਬਾਰੇ ਇੰਨੀਆਂ ਜ਼ਿਆਦਾ ਗੱਲਾਂ-ਬਾਤਾਂ ਨਹੀਂ ਸੁਣੀਆਂ ਹਨ। ਅਨੇਕ ਡਰਦੇ ਹਨ ਕਿ ਇਸ ਸੰਸਾਰ ਦਾ ਅੰਤ ਇਕ ਨਿਊਕਲੀ ਸਰਬਨਾਸ਼ ਵਿਚ ਹੋ ਜਾਵੇਗਾ। ਦੂਸਰੇ ਵਿਚਾਰ ਕਰਦੇ ਹਨ ਕਿ ਸ਼ਾਇਦ ਪਰਦੂਸ਼ਨ ਇਸ ਸੰਸਾਰ ਨੂੰ ਨਾਸ ਕਰ ਦੇਵੇ। ਅਤੇ ਹੋਰ ਜਣੇ ਚਿੰਤਾ ਕਰਦੇ ਹਨ ਕਿ ਆਰਥਿਕ ਉਥਲ-ਪੁਥਲ ਮਨੁੱਖਤਾ ਦੀ ਜਨਤਾ ਨੂੰ ਇਕ ਦੂਜੇ ਦੇ ਵਿਰੁੱਧ ਕਰ ਦੇਵੇਗੀ।

ਕੀ ਇਸ ਸੰਸਾਰ ਦਾ ਸੱਚ ਮੁੱਚ ਹੀ ਅੰਤ ਹੋ ਸਕਦਾ ਹੈ? ਅਗਰ ਇਸ ਦਾ ਅੰਤ ਹੋ ਜਾਵੇ, ਫਿਰ ਇਸ ਚੀਜ਼ ਦਾ ਕੀ ਅਰਥ ਹੋਵੇਗਾ? ਕੀ ਅਗੇ ਵੀ ਕਦੇ ਇਕ ਸੰਸਾਰ ਦਾ ਅੰਤ ਹੋਇਆ ਹੈ?

ਇਕ ਸੰਸਾਰ ਖ਼ਤਮ ਹੁੰਦਾ ਹੈ—ਦੂਜਾ ਇਸ ਨੂੰ ਪ੍ਰਤਿ-ਸਥਾਪਨ ਕਰਦਾ ਹੈ

ਜੀ ਹਾਂ, ਇਕ ਸੰਸਾਰ ਸੱਚ ਮੁੱਚ ਖ਼ਤਮ ਹੋਇਆ ਸੀ। ਉਸ ਸੰਸਾਰ ਉੱਤੇ ਵਿਚਾਰ ਕਰੋ ਜੋ ਨੂਹ ਦੇ ਦਿਨਾਂ ਵਿਚ ਬਹੁਤ ਦੁਸ਼ਟ ਬਣ ਗਿਆ ਸੀ। ਬਾਈਬਲ ਵਿਆਖਿਆ ਕਰਦੀ ਹੈ: “ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।” ਬਾਈਬਲ ਇਹ ਵੀ ਆਖਦੀ ਹੈ: “[ਪਰਮੇਸ਼ੁਰ ਨੇ] ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ।”—2 ਪਤਰਸ 2:5; 3:6.

ਇਸ ਗੱਲ ਉੱਤੇ ਧਿਆਨ ਦਿਓ ਕਿ ਉਸ ਸੰਸਾਰ ਦੇ ਅੰਤ ਦਾ ਕੀ ਅਰਥ ਸੀ ਅਤੇ ਕੀ ਨਹੀਂ ਸੀ। ਉਸ ਦਾ ਅਰਥ ਮਨੁੱਖਜਾਤੀ ਦਾ ਅੰਤ ਨਹੀਂ ਸੀ। ਨੂਹ ਅਤੇ ਉਸ ਦਾ ਪਰਿਵਾਰ ਵਿਸ਼ਵ ਜਲ ਪਰਲੋ ਵਿਚੋਂ ਬਚ ਨਿਕਲੇ ਸਨ। ਨਾਲੇ ਇਹ ਗ੍ਰਹਿ ਧਰਤੀ ਅਤੇ ਸੁੰਦਰ ਤਾਰਿਆਂ ਨਾਲ ਭਰੇ ਹੋਏ ਆਕਾਸ਼ ਵੀ ਬਚ ਗਏ ਸਨ। ਉਹ ਇਕ “ਕੁਧਰਮੀਆਂ ਦੇ ਸੰਸਾਰ” ਦੀ ਇਕ ਦੁਸ਼ਟ ਵਿਵਸਥਾ ਸੀ, ਜਿਸ ਦਾ ਵਿਨਾਸ਼ ਹੋਇਆ ਸੀ।

ਆਖ਼ਰਕਾਰ, ਜਿਉਂ ਹੀ ਨੂਹ ਦੀ ਔਲਾਦ ਵਧੀ, ਇਕ ਹੋਰ ਸੰਸਾਰ ਵਿਕਸਿਤ ਹੋਇਆ। ਉਹ ਦੂਜਾ ਸੰਸਾਰ, ਯਾ ਰੀਤੀ-ਵਿਵਹਾਰ, ਆਪਣੇ ਸਮੇਂ ਤਾਈਂ ਹੋਂਦ ਵਿਚ ਰਿਹਾ ਹੈ। ਇਸ ਦਾ ਇਤਿਹਾਸ ਯੁੱਧ, ਅਪਰਾਧ, ਅਤੇ ਹਿੰਸਾ ਨਾਲ ਭਰਿਆ ਰਿਹਾ ਹੈ। ਇਸ ਸੰਸਾਰ ਦਾ ਕੀ ਹੋਵੇਗਾ? ਕੀ ਇਹ ਬਚੇਗਾ?

ਇਸ ਸੰਸਾਰ ਦਾ ਭਵਿੱਖ

ਇਹ ਆਖਣ ਤੋਂ ਬਾਅਦ ਕਿ ਨੂਹ ਦੇ ਦਿਨਾਂ ਦੇ ਸੰਸਾਰ ਦਾ ਵਿਨਾਸ਼ ਹੋਇਆ, ਬਾਈਬਲ ਬਿਰਤਾਂਤ ਅਗੇ ਆਖਦਾ ਹੈ: “ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ।” (2 ਪਤਰਸ 3:7) ਸੱਚ ਮੁੱਚ ਹੀ, ਜਿਸ ਤਰ੍ਹਾਂ ਇਕ ਹੋਰ ਬਾਈਬਲ ਦਾ ਲਿਖਾਰੀ ਵਿਆਖਿਆ ਕਰਦਾ ਹੈ: ‘ਸੰਸਾਰ [ਜਿਹੜਾ ਅੱਜ ਹੋਂਦ ਵਿਚ ਹੈ] . . . ਬੀਤਦਾ ਜਾਂਦਾ ਹੈ।’—1 ਯੂਹੰਨਾ 2:17.

ਬਾਈਬਲ ਦਾ ਇਹ ਅਰਥ ਨਹੀਂ ਹੈ ਕਿ ਇਹ ਸ਼ਾਬਦਿਕ ਧਰਤੀ ਯਾ ਇਹ ਤਾਰਿਆਂ ਨਾਲ ਭਰੇ ਹੋਏ ਆਕਾਸ਼ ਬੀਤ ਜਾਣਗੇ, ਠੀਕ ਜਿਸ ਤਰ੍ਹਾਂ ਇਹ ਨੂਹ ਦੇ ਦਿਨਾਂ ਵਿਚ ਨਹੀਂ ਬੀਤੇ ਸਨ। (ਜ਼ਬੂਰਾਂ ਦੀ ਪੋਥੀ 104:5) ਇਸ ਦੀ ਬਜਾਇ, ਇਹ ਸੰਸਾਰ, ਆਪਣੇ “ਅਕਾਸ਼,” ਯਾ ਸ਼ਤਾਨ ਦੇ ਪ੍ਰਭਾਵ ਦੇ ਅਧੀਨ ਸਰਕਾਰੀ ਸ਼ਾਸਕ, ਅਤੇ ਆਪਣੀ “ਧਰਤੀ,” ਯਾ ਮਨੁੱਖੀ ਸਮਾਜ ਦੇ ਸਮੇਤ, ਮਾਨੋ ਅੱਗ ਦੇ ਨਾਲ ਵਿਨਾਸ਼ ਕੀਤੇ ਜਾਣਗੇ। (ਯੂਹੰਨਾ 14:30; 2 ਕੁਰਿੰਥੀਆਂ 4:4) ਇਹ ਸੰਸਾਰ, ਯਾ ਵਿਵਸਥਾ ਉਨੀ ਹੀ ਯਕੀਨਨ ਖ਼ਤਮ ਹੋਵੇਗੀ ਜਿੰਨਾ ਕਿ ਜਲ ਪਰਲੋ ਤੋਂ ਪਹਿਲਾਂ ਦਾ ਸੰਸਾਰ ਖ਼ਤਮ ਹੋਇਆ ਸੀ। ਇਹ ਵਿਖਾਉਣ ਵਾਸਤੇ ਕਿ ਇਸ ਸੰਸਾਰ ਦੇ ਅੰਤ ਤੋਂ ਕੁਝ ਚਿਰ ਪਹਿਲਾਂ ਕੀ ਹੋਵੇਗਾ, ਯਿਸੂ ਮਸੀਹ ਨੇ ਵੀ ਇਕ ਮਿਸਾਲ ਦੇ ਰੂਪ ਵਿਚ “ਨੂਹ ਦੇ ਦਿਨ” ਦੀ ਹਾਲਾਤ ਬਾਰੇ ਦੱਸਿਆ ਸੀ।—ਮੱਤੀ 24:37-39.

ਖ਼ਾਸ ਤੌਰ ਤੇ, ਜਦੋਂ ਯਿਸੂ ਨੇ ਨੂਹ ਦੇ ਦਿਨਾਂ ਬਾਰੇ ਦੱਸਿਆ, ਤਦ ਇਹ ਉਹ ਦੇ ਰਸੂਲਾਂ ਦੇ ਸਵਾਲ ਦੇ ਉਤਰ ਵਿਚ ਸੀ: “ਤੇਰੇ ਆਉਣ, ਅਤੇ ਸੰਸਾਰ ਦੇ ਅੰਤ ਦਾ ਕੀ ਲੱਛਣ ਹੋਵੇਗਾ?” (ਮੱਤੀ 24:3, ਕਿੰਗ ਜੇਮਜ਼ ਵਰਯਨ) ਯਿਸੂ ਦੇ ਅਨੁਯਾਈ ਜਾਣਦੇ ਸਨ ਕਿ ਇਹ ਸੰਸਾਰ ਦਾ ਅੰਤ ਹੋਵੇਗਾ। ਕੀ ਉਹ ਇਸ ਸੰਭਾਵਨਾ ਤੋਂ ਡਰ ਗਏ ਸੀ?

ਇਸ ਦੇ ਉਲਟ, ਜਦੋਂ ਯਿਸੂ ਨੇ ਉਨ੍ਹਾਂ ਘਟਨਾਵਾਂ ਦਾ ਵਰਣਨ ਕੀਤਾ ਜਿਹੜੀਆਂ ਸੰਸਾਰ ਦੇ ਅੰਤ ਤੋਂ ਪਹਿਲਾਂ ਵਾਪਰਣਗੀਆਂ, ਉਹ ਨੇ ਉਨ੍ਹਾਂ ਨੂੰ ਆਨੰਦਿਤ ਹੋਣ ਲਈ ਹੌਂਸਲਾ ਦਿੱਤਾ ‘ਇਸ ਲਈ ਜੋ ਉਨ੍ਹਾਂ ਦਾ ਨਿਸਤਾਰਾ [ਛੁਟਕਾਰਾ] ਨੇੜੇ ਆ ਰਿਹਾ ਸੀ।’ (ਲੂਕਾ 21:28) ਜੀ ਹਾਂ, ਸ਼ਤਾਨ ਅਤੇ ਉਸ ਦੀ ਦੁਸ਼ਟ ਵਿਵਸਥਾ ਤੋਂ ਛੁਟਕਾਰਾ ਪਾਕੇ ਇਕ ਸ਼ਾਂਤਮਈ ਨਵੇਂ ਸੰਸਾਰ ਵਿਚ ਜਾਣਾ!—2 ਪਤਰਸ 3:13.

ਪਰ ਇਹ ਸੰਸਾਰ ਦਾ ਅੰਤ ਕਦੋਂ ਹੋਵੇਗਾ? ਯਿਸੂ ਨੇ ਆਪਣੇ “ਆਉਣ, ਅਤੇ ਸੰਸਾਰ ਦੇ ਅੰਤ ਦਾ” ਕੀ “ਲੱਛਣ” ਦਿੱਤਾ ਸੀ?

“ਲੱਛਣ”

ਇਥੇ ਤਰਜਮਾ ਕੀਤਾ ਹੋਇਆ ਯੂਨਾਨੀ ਸ਼ਬਦ “ਆਉਣ” ਪਰੂਸੀਆ ਹੈ, ਅਤੇ ਇਸ ਦਾ ਅਰਥ “ਮੌਜੂਦਗੀ” ਹੈ, ਮਤਲਬ ਕਿ, ਅਸਲ ਵਿਚ ਹਾਜ਼ਰ ਹੋਣਾ। ਤਾਂ ਫਿਰ ਜਦੋਂ “ਲੱਛਣ” ਦੇਖਿਆ ਜਾਂਦਾ ਹੈ, ਇਸ ਦਾ ਅਰਥ ਇਹ ਨਹੀਂ ਹੋਵੇਗਾ ਕਿ ਮਸੀਹ ਜਲਦੀ ਹੀ ਆਉਣ ਵਾਲਾ ਹੈ ਪਰ ਇਹ ਕਿ ਉਹ ਹੁਣ ਆ ਚੁੱਕਿਆ ਹੈ ਅਤੇ ਹਾਜ਼ਰ ਹੈ। ਇਸ ਦਾ ਅਰਥ ਹੋਵੇਗਾ ਕਿ ਉਹ ਇਕ ਸਵਰਗੀ ਰਾਜਾ ਹੋਕੇ ਅਦਿੱਖ ਰੂਪ ਵਿਚ ਸ਼ਾਸਨ ਕਰਨਾ ਆਰੰਭ ਕਰ ਚੁੱਕਿਆ ਹੈ ਅਤੇ ਜਲਦੀ ਹੀ ਉਹ ਆਪਣੇ ਵੈਰੀਆਂ ਦਾ ਅੰਤ ਕਰ ਦੇਵੇਗਾ।—ਪਰਕਾਸ਼ ਦੀ ਪੋਥੀ 12:7-12; ਜ਼ਬੂਰਾਂ ਦੀ ਪੋਥੀ 110:1, 2.

ਯਿਸੂ ਨੇ “ਲੱਛਣ” ਦੇ ਤੌਰ ਤੇ ਇਕੋ ਹੀ ਘਟਨਾ ਨਹੀਂ ਦੱਸੀ ਸੀ। ਉਹ ਨੇ ਅਨੇਕ ਵਿਸ਼ਵ ਘਟਨਾਵਾਂ ਅਤੇ ਹਾਲਾਤਾਂ ਦਾ ਵਰਣਨ ਕੀਤਾ ਸੀ। ਇਹ ਸਾਰੀਆਂ ਉਸ ਸਮੇਂ ਵਿਚ ਵਾਪਰਣਗੀਆਂ ਜਿਸ ਨੂੰ ਬਾਈਬਲ ਦੇ ਲਿਖਾਰੀ ‘ਅੰਤ ਦੇ ਦਿਨ’ ਆਖਦੇ ਹਨ। (2 ਤਿਮੋਥਿਉਸ 3:1-5; 2 ਪਤਰਸ 3:3, 4) ਉਨ੍ਹਾਂ ਕੁਝ ਗੱਲਾਂ ਉੱਤੇ ਵਿਚਾਰ ਕਰੋ ਜਿਹੜੀਆਂ ਯਿਸੂ ਨੇ ਪਹਿਲਾਂ ਦੱਸੀਆਂ ਸੀ ਕਿ “ਅੰਤ ਦਿਆਂ ਦਿਨਾਂ” ਨੂੰ ਚਿੰਨ੍ਹ ਕਰਨਗੀਆਂ।

“ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” (ਮੱਤੀ 24:7) ਆਧੁਨਿਕ ਸਮਿਆਂ ਵਿਚ ਯੁੱਧ ਪਹਿਲਾਂ ਨਾਲੋਂ ਕਿਤੇ ਹੀ ਜ਼ਿਆਦਾ ਵਿਸ਼ਾਲ ਰਿਹਾ ਹੈ। ਇਕ ਇਤਿਹਾਸਕਾਰ ਨੇ ਆਖਿਆ: “[1914 ਵਿਚ ਆਰੰਭ ਹੋਇਆ] ਪਹਿਲਾ ਵਿਸ਼ਵ ਯੁੱਧ ਸਭ ਤੋਂ ਪਹਿਲਾ ‘ਪੂਰਣ’ ਯੁੱਧ ਸੀ।” ਪਰ ਫਿਰ, ਦੂਸਰਾ ਵਿਸ਼ਵ ਯੁੱਧ ਉਸ ਤੋਂ ਵੀ ਕਿਤੇ ਜ਼ਿਆਦਾ ਵਿਨਾਸ਼ਕ ਸੀ। ਅਤੇ ਯੁੱਧ ਧਰਤੀ ਨੂੰ ਉਜਾੜਦਾ ਜਾ ਰਿਹਾ ਹੈ। ਜੀ ਹਾਂ, ਯਿਸੂ ਦੇ ਸ਼ਬਦ ਬਹੁਤ ਹੈਰਾਨਕੁਨ ਤਰੀਕੇ ਨਾਲ ਪੂਰੇ ਹੋਏ ਹਨ!

“ਥਾਂ ਥਾਂ ਕਾਲ ਪੈਣਗੇ।” (ਮੱਤੀ 24:7) ਸਾਰੇ ਇਤਿਹਾਸ ਵਿਚ ਸ਼ਾਇਦ ਸਭ ਤੋਂ ਵੱਡਾ ਕਾਲ, ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਪਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵੀ ਭਿਆਨਕ ਕਾਲ ਪਿਆ। ਧਰਤੀ ਦੇ ਪੰਜਵੇਂ ਹਿੱਸੇ ਤਕ ਦੀ ਆਬਾਦੀ, ਅਪੂਰਣ ਖੁਰਾਕ ਦੀ ਆਫਤ ਦੇ ਅਸਰ ਥੱਲੇ ਹੈ, ਜੋ ਹਰ ਸਾਲ 1 ਕਰੋੜ 4 ਲੱਖ ਬੱਚਿਆਂ ਨੂੰ ਮਾਰ ਦਿੰਦੀ ਹੈ। ਸੱਚ ਮੁੱਚ ਹੀ, “ਕਾਲ” ਪਏ ਹਨ!

‘ਵੱਡੇ ਭੁਚਾਲ . . . ਹੋਣਗੇ।’ (ਲੂਕਾ 21:11) ਪਿਛਲੀਆਂ ਸਦੀਆਂ ਨਾਲੋਂ, 1914 ਤੋਂ ਲੱਗਕੇ ਔਸਤ ਤੌਰ ਤੇ, ਹਰ ਸਾਲ ਭੁਚਾਲਾਂ ਵਿਚ ਤਕਰੀਬਨ ਦਸ ਗੁਣਾ ਜ਼ਿਆਦਾ ਲੋਕ ਮਰੇ ਹਨ। ਸਿਰਫ ਥੋੜ੍ਹੇ ਜਿਹੇ ਮੁੱਖ ਭੁਚਾਲਾਂ ਉੱਤੇ ਵਿਚਾਰ ਕਰੋ: 1920, ਚੀਨ, 2,00,000 ਮਾਰੇ ਗਏ; 1923, ਜਾਪਾਨ, ਕੁਝ 1,40,000 ਮਾਰੇ ਗਏ ਜਾਂ ਲਾਪਤਾ ਹੋ ਗਏ; 1939, ਤੁਰਕੀ, 32,700 ਮੌਤਾਂ; 1970, ਪੀਰੂ, 66,800 ਮਾਰੇ ਗਏ; ਅਤੇ 1976, ਚੀਨ, ਤਕਰੀਬਨ 2,40,000 (ਯਾ, ਕੁਝ ਸ੍ਰੋਤਾਂ ਦੇ ਅਨੁਸਾਰ, 8,00,000) ਮਰੇ। ਨਿਸ਼ਚੇ ਹੀ, “ਵੱਡੇ ਭੁਚਾਲ”!

“ਥਾਂ ਥਾਂ . . . ਮਰੀਆਂ ਪੈਣਗੀਆਂ।” (ਲੂਕਾ 21:11) ਪਹਿਲੇ ਵਿਸ਼ਵ ਯੁੱਧ ਤੋਂ ਤੁਰੰਤ ਬਾਅਦ, ਕੁਝ 2 ਕਰੋੜ 10 ਲੱਖ ਲੋਕ ਸਪੈਨਿਸ਼ ਫਲੂ ਤੋਂ ਮਰੇ। ਸਾਇੰਸ ਡਾਇਜੈਸਟ ਨੇ ਖਬਰ ਦਿੱਤੀ: “ਸਾਰੇ ਇਤਿਸਾਹ ਵਿਚ, ਮੌਤ ਦਾ ਹਮਲਾ ਅਗੇ ਕਦੇ ਵੀ ਇੰਨੀ ਸਖਤੀ, ਅਤੇ ਤੇਜ਼ੀ ਨਾਲ ਨਹੀਂ ਹੋਇਆ।” ਉਦੋਂ ਤੋਂ, ਦਿਲ ਦੀ ਬੀਮਾਰੀ, ਕੈਂਸਰ, ਏਡਸ (AIDS), ਹੋਰ ਅਨੇਕ ਮਹਾਂਮਾਰੀਆਂ ਨੇ ਸੈਂਕੜੇ ਲੱਖਾਂ ਲੋਕਾਂ ਦੀਆਂ ਜਾਨਾ ਲਈਆਂ ਹਨ।

‘ਕੁਧਰਮ ਦਾ ਵਧਣਾ।’ (ਮੱਤੀ 24:12) 1914 ਤੋਂ ਲੱਗਕੇ ਆਪਣਾ ਸੰਸਾਰ ਅਪਰਾਧ ਅਤੇ ਹਿੰਸਾ ਲਈ ਪ੍ਰਸਿੱਧ ਹੋ ਗਿਆ ਹੈ। ਅਨੇਕ ਸਥਾਨਾਂ ਵਿਚ ਲੋਕ ਦਿਨ ਨੂੰ ਵੀ ਸੜਕਾਂ ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਰਾਤ ਨੂੰ ਲੋਕੀਂ ਬਾਹਰ ਜਾਣ ਤੋਂ ਡਰਦੇ, ਆਪਣੇ ਘਰਾਂ ਵਿਚ ਤਾਲੇ ਲਗਾਕੇ ਅੜਿੱਕੇ ਦਿੱਤੇ ਹੋਏ ਦਰਵਾਜਿਆਂ ਪਿੱਛੇ ਰਹਿੰਦੇ ਹਨ।

ਅੰਤ ਦੇ ਦਿਨਾਂ ਦੇ ਦੌਰਾਨ ਹੋਣ ਵਾਲੀਆਂ ਹੋਰ ਅਨੇਕ ਘਟਨਾਵਾਂ ਵੀ ਪਹਿਲਾਂ ਦੱਸੀਆਂ ਗਈਆਂ ਸਨ, ਅਤੇ ਇਹ ਵੀ ਸਾਰੀਆਂ ਪੂਰੀਆਂ ਹੋ ਰਹੀਆਂ ਹਨ। ਇਸ ਦਾ ਅਰਥ ਹੈ ਕਿ ਸੰਸਾਰ ਦਾ ਅੰਤ ਨਜ਼ਦੀਕ ਹੈ। ਪਰ, ਖੁਸ਼ੀ ਦੀ ਗੱਲ ਇਹ ਹੈ ਕਿ ਬਚਣ ਵਾਲੇ ਵੀ ਹੋਣਗੇ। ਇਹ ਆਖਣ ਤੋਂ ਬਾਅਦ ਕਿ ‘ਸੰਸਾਰ . . . ਬੀਤਦਾ ਜਾਂਦਾ ਹੈ,’ ਬਾਈਬਲ ਵਾਅਦਾ ਕਰਦੀ ਹੈ: “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.

ਸੋ ਸਾਨੂੰ ਪਰਮੇਸ਼ੁਰ ਦੀ ਇੱਛਾ ਸਿੱਖਣੀ ਅਤੇ ਕਰਨੀ ਚਾਹੀਦੀ ਹੈ। ਤਦ ਅਸੀਂ ਸਦਾ ਲਈ ਪਰਮੇਸ਼ੁਰ ਦੇ ਨਵੇਂ ਸੰਸਾਰ ਦੀਆਂ ਬਰਕਤਾਂ ਦਾ ਆਨੰਦ ਲੈਣ ਲਈ ਇਸ ਸੰਸਾਰ ਦੇ ਅੰਤ ਤੋਂ ਬਚ ਸਕਦੇ ਹਾਂ। ਬਾਈਬਲ ਵਾਅਦਾ ਕਰਦੀ ਹੈ ਕਿ ਉਸ ਸਮੇਂ: “ਪਰਮੇਸ਼ੁਰ . . . ਓਹਨਾਂ [ਲੋਕਾਂ] ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:3, 4.

ਜੇ ਜ਼ਿਕਰ ਨਾ ਕੀਤਾ ਗਿਆ ਹੋਵੇ, ਤਾਂ ਪੰਜਾਬੀ ਦਾ ਪਵਿੱਤਰ ਬਾਈਬਲ ਤਰਜਮਾ ਇਸਤੇਮਾਲ ਕੀਤਾ ਗਿਆ ਹੈ।

[ਸਫ਼ਾ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photo Credits: ਹਵਾਈ ਜਹਾਜ਼: USAF photo. ਬੱਚਾ: WHO photo by W. Cutting. ਭੁਚਾਲ: Y. Ishiyama, Hokkaido University, Japan.