ਧਰਮਾਂ ਤੇ ਰੱਬੀ ਕਹਿਰ
ਕਿੰਗਡਮ ਨਿਊਜ਼ ਨੰ. 37
ਪੂਰੀ ਦੁਨੀਆਂ ਲਈ ਸੰਦੇਸ਼
ਧਰਮਾਂ ਤੇ ਰੱਬੀ ਕਹਿਰ
▪ ਧਰਮ ਦੇ ਨਾਂ ਤੇ ਕੀ ਹੋ ਰਿਹਾ ਹੈ?
▪ ਧਰਮਾਂ ਦਾ ਖ਼ਾਤਮਾ ਕਿਸ ਦੇ ਹੱਥੋਂ ਹੋਵੇਗਾ?
▪ ਤੁਹਾਨੂੰ ਕੀ ਕਰਨ ਦੀ ਲੋੜ ਹੈ?
ਰੱਬ ਦੇ ਨਾਂ ਤੇ ਕੀਤੇ ਜਾਂਦੇ ਮਾੜੇ ਕੰਮ
ਅੱਜ ਦੁਨੀਆਂ ਦੇ ਕੋਨੇ-ਕੋਨੇ ਵਿਚ ਮਾਰ-ਧਾੜ, ਲੜਾਈਆਂ, ਅੱਤਵਾਦ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਬੇਗੁਨਾਹਾਂ ਦਾ ਦੁੱਖ ਦੇਖ ਕੇ ਸਾਡੇ ਦਿਲ ਤੇ ਕਿੰਨੀ ਸੱਟ ਵੱਜਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਅਕਸਰ ਉਹ ਲੋਕ ਹੁੰਦੇ ਹਨ ਜੋ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਹਨ। ਹਾਂ, ਉਹ ਸ਼ਾਨ ਨਾਲ ਕਹਿੰਦੇ ਹਨ ਕਿ ਉਹ ਇਹ ਕੰਮ ਰੱਬ ਦੇ ਨਾਂ ਤੇ ਕਰਦੇ ਹਨ। ਪਰ ਇਹ ਸਭ ਦੇਖ ਕੇ ਸ਼ਾਇਦ ਤੁਸੀਂ ਪੁੱਛੋ ਕਿ ‘ਇਨ੍ਹਾਂ ਲੋਕਾਂ ਨੂੰ ਇੱਦਾਂ ਦੇ ਕੰਮਾਂ ਤੋਂ ਕੀ ਮਿਲਦਾ ਹੈ? ਕੀ ਇਹ ਕੰਮ ਰੱਬ ਨੂੰ ਪਸੰਦ ਹਨ?’
ਨਹੀਂ! ਅਸਲੀਅਤ ਤਾਂ ਇਹ ਹੈ ਕਿ ਧਾਰਮਿਕ ਗੁਰੂ ਲੋਕਾਂ ਨੂੰ ਕੁਰਾਹੇ ਪਾ ਰਹੇ ਹਨ ਅਤੇ ਇਸ ਦੇ ਬੁਰੇ ਨਤੀਜੇ ਹਰ ਪਾਸੇ ਦੇਖੇ ਜਾ ਸਕਦੇ ਹਨ। ਅੱਜ ਦੇ ਹਾਲਾਤ ਮਹਾਨ ਹਸਤੀ ਯਿਸੂ ਦੀ ਗੱਲ ਦੀ ਹਾਮੀ ਭਰਦੇ ਹਨ ਜਿਸ ਨੇ ਕਿਹਾ ਸੀ ਕਿ “ਮਾੜਾ ਬਿਰਛ ਬੁਰਾ ਫਲ ਦਿੰਦਾ ਹੈ।” (ਮੱਤੀ 7:15-17) ਹਾਂ, ਦੁਨੀਆਂ ਦੇ ਧਰਮ ਮਾੜੇ ਦਰਖ਼ਤਾਂ ਵਰਗੇ ਹਨ ਕਿਉਂਕਿ ਉਨ੍ਹਾਂ ਦੇ ਮੈਂਬਰ ਬੁਰੇ ਕੰਮ ਕਰਦੇ ਹਨ। ਆਓ ਆਪਾਂ ਦੇਖੀਏ ਕਿ ਧਰਮ ਦੇ ਨਾਂ ਤੇ ਕੀ ਕੁਝ ਕੀਤਾ ਜਾ ਰਿਹਾ ਹੈ।
ਧਰਮ ਦੀ ਆੜ ਵਿਚ ਕੀਤੇ ਜਾਂਦੇ ਗ਼ਲਤ ਕੰਮ
◼ ਧਰਮ ਸਿਆਸਤ ਅਤੇ ਜੰਗਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ: ਇਕ ਰਸਾਲੇ ਨੇ ਇੰਜ ਕਿਹਾ: “ਏਸ਼ੀਆ ਅਤੇ ਕਈ ਹੋਰਾਂ ਦੇਸ਼ਾਂ ਵਿਚ ਤਾਕਤ ਦੇ ਭੁੱਖੇ ਧਾਰਮਿਕ ਗੁਰੂ ਭੋਲੇ-ਭਾਲੇ ਲੋਕਾਂ ਦੇ ਧਾਰਮਿਕ ਜਜ਼ਬਿਆਂ ਨੂੰ ਭੜਕਾਉਂਦੇ ਹਨ ਜਿਸ ਕਰਕੇ ਲੋਕ ਮਰਨ-ਮਾਰਨ ਲਈ ਤਿਆਰ ਹੋ ਜਾਂਦੇ ਹਨ।” ਨਤੀਜੇ ਵਜੋਂ “ਦੁਨੀਆਂ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ।” (ਏਸ਼ੀਆ ਵੀਕ) ਅਮਰੀਕਾ ਦੇ ਇਕ ਉੱਘੇ ਧਾਰਮਿਕ ਆਗੂ ਨੇ ਅੱਤਵਾਦ ਨੂੰ ਜੜ੍ਹੋਂ ਪੁੱਟਣ ਦੀ ਇਹ ਤਰਕੀਬ ਦੱਸੀ: “ਇਸ ਤੋਂ ਪਹਿਲਾਂ ਕਿ ਅੱਤਵਾਦੀ ਸਾਨੂੰ ਮਾਰ ਦੇਣ, ਤੁਹਾਨੂੰ ਰੱਬ ਦਾ ਵਾਸਤਾ, ਉਨ੍ਹਾਂ ਸਾਰਿਆਂ ਦੀਆਂ ਧੱਜੀਆਂ ਉਡਾ ਦਿਓ।” ਪਰ ਇਸ ਦੇ ਬਿਲਕੁਲ ਉਲਟ ਬਾਈਬਲ ਵਿਚ ਲਿਖਿਆ ਹੈ: “ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ।” (1 ਯੂਹੰਨਾ 4:20) ਯਿਸੂ ਨੇ ਤਾਂ ਇਹ ਵੀ ਕਿਹਾ ਸੀ ਕਿ ‘ਆਪਣੇ ਵੈਰੀਆਂ ਨਾਲ ਪਿਆਰ ਕਰੋ।’ (ਮੱਤੀ 5:44) ਦੁਨੀਆਂ ਦੇ ਕਿਹੜੇ ਧਰਮ ਇਸ ਸਿੱਖਿਆ ਤੇ ਚੱਲਦੇ ਹਨ? ਕੀ ਤੁਸੀਂ ਕਿਸੇ ਧਰਮ ਬਾਰੇ ਦੱਸ ਸਕਦੇ ਹੋ ਜਿਸ ਦੇ ਮੈਂਬਰ ਖ਼ੂਨ-ਖ਼ਰਾਬਾ ਨਹੀਂ ਕਰਦੇ?
◼ ਧਰਮ ਗ਼ਲਤ ਸਿੱਖਿਆਵਾਂ ਦਿੰਦੇ ਹਨ: ਕਈ ਧਰਮਾਂ ਵਿਚ ਲੋਕਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਮੌਤ ਹੋਣ ਤੇ ਸਰੀਰ ਤਾਂ ਮਰ ਜਾਂਦਾ ਹੈ ਪਰ ਆਤਮਾ ਜੀਉਂਦੀ ਰਹਿੰਦੀ ਹੈ। ਪਰ, ਬਾਈਬਲ ਵਿਚ ਅਮਰ ਆਤਮਾ ਦੀ ਸਿੱਖਿਆ ਨਹੀਂ ਪਾਈ ਜਾਂਦੀ, ਸਗੋਂ ਇਸ ਵਿਚ ਇਹ ਕਿਹਾ ਗਿਆ ਹੈ ਕਿ ‘ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।’ (ਉਪਦੇਸ਼ਕ ਦੀ ਪੋਥੀ 9:5) ਪਰ ਸਵਾਲ ਇਹ ਉੱਠਦਾ ਹੈ ਕਿ ਉਨ੍ਹਾਂ ਲੋਕਾਂ ਬਾਰੇ ਕੀ ਜੋ ਮਰੇ ਹੋਇਆਂ ਦੀਆਂ ਆਤਮਾਵਾਂ ਨੂੰ ਸ਼ਾਂਤ ਕਰਨ ਲਈ ਢੇਰ ਸਾਰਾ ਪੈਸਾ ਖ਼ਰਚ ਕਰਦੇ ਹਨ? ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਮਰੇ ਹੋਇਆਂ ਨੂੰ ਧਰਤੀ ਉੱਤੇ ਦੁਬਾਰਾ ਜ਼ਿੰਦਾ ਕਰੇਗਾ। ਜੇ ਸਾਡੇ ਵਿਚ ਅਮਰ ਆਤਮਾ ਹੁੰਦੀ, ਤਾਂ ਮਰੇ ਲੋਕਾਂ ਨੂੰ ਦੁਬਾਰਾ ਜੀ ਉਠਾਉਣ ਦੀ ਕੋਈ ਲੋੜ ਹੀ ਨਾ ਪੈਂਦੀ। (ਯੂਹੰਨਾ 11:11-25) ਤਾਂ ਫਿਰ ਧਾਰਮਿਕ ਗੁਰੂ ਝੂਠੀਆਂ ਗੱਲਾਂ ਸਿਖਾ ਕੇ ਲੋਕਾਂ ਦਾ ਪੈਸਾ ਆਪਣੀ ਜੇਬ ਵਿਚ ਪਾਉਂਦੇ ਹਨ। ਕੀ ਤੁਸੀਂ ਅਜਿਹੇ ਲੋਕਾਂ ਨੂੰ ਜਾਣਦੇ ਹੋ ਜਿਨ੍ਹਾਂ ਨੂੰ ਅਮਰ ਆਤਮਾ ਦੀ ਸਿੱਖਿਆ ਦੇ ਕੇ ਗੁਮਰਾਹ ਕੀਤਾ ਗਿਆ ਹੈ?
◼ ਧਰਮ ਮਾੜਾ ਚਾਲ-ਚਲਣ ਦੇਖ ਕੇ ਅੱਖਾਂ ਮੀਟ ਲੈਂਦੇ ਹਨ: ਕਈ ਦੇਸ਼ਾਂ ਵਿਚ ਪਾਦਰੀ ਬੰਦਿਆਂ ਨੂੰ ਬੰਦਿਆਂ ਨਾਲ ਅਤੇ ਔਰਤਾਂ ਨੂੰ ਔਰਤਾਂ ਨਾਲ ਵਿਆਹੁੰਦੇ ਹਨ। ਚਰਚ ਦੇ ਮੁਖੀ ਸਰਕਾਰ ਤੇ ਵੀ ਜ਼ੋਰ ਪਾਉਂਦੇ ਹਨ ਕਿ ਉਹ ਅਜਿਹੇ ਵਿਆਹਾਂ ਨੂੰ ਕਾਨੂੰਨੀ ਕਰਾਰ ਦੇਣ। ਇੰਨਾ ਹੀ ਨਹੀਂ, ਕਈ ਪਾਦਰੀਆਂ ਨੇ ਬੱਚਿਆਂ ਨਾਲ ਬਦਫ਼ੈਲੀ ਕੀਤੀ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਾਦਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ। ਚਰਚ ਦੇ ਮੁਖੀ ਇਨ੍ਹਾਂ ਸਾਰੇ ਕੰਮਾਂ ਤੋਂ ਅੱਖਾਂ ਮੀਟੀ ਬੈਠੇ ਹਨ। ਪਰ ਅਜਿਹੇ ਕੰਮਾਂ ਬਾਰੇ ਬਾਈਬਲ ਕੀ ਕਹਿੰਦੀ ਹੈ? ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਹਰਾਮਕਾਰ, ਜ਼ਨਾਹਕਾਰ ਤੇ ਮੁੰਡੇਬਾਜ਼ ਪਰਮੇਸ਼ੁਰ ਦੀ ਅਸੀਸ ਨਹੀਂ ਪਾਉਣਗੇ। (1 ਕੁਰਿੰਥੀਆਂ 6:9, 10) ਹਾਂ, ਪਰਮੇਸ਼ੁਰ ਇਨ੍ਹਾਂ ਸਾਰਿਆਂ ਕੰਮਾਂ ਤੋਂ ਸਖ਼ਤ ਨਫ਼ਰਤ ਕਰਦਾ ਹੈ! ਤਾਂ ਫਿਰ ਆਪਣੇ ਆਪ ਤੋਂ ਪੁੱਛੋ, ਕਿਹੜੇ ਧਰਮ ਅਜਿਹੇ ਕੰਮ ਦੇਖ ਕੇ ਵੀ ਅੱਖਾਂ ਮੀਟੀ ਬੈਠੇ ਹਨ?
ਮੱਤੀ 7:19) ਜੀ ਹਾਂ, ਇਕ ਗਲ਼ੇ-ਸੜੇ ਦਰਖ਼ਤ ਵਾਂਗ ਉਨ੍ਹਾਂ ਸਾਰਿਆਂ ਧਰਮਾਂ ਨੂੰ ਨਾਸ ਕੀਤਾ ਜਾਵੇਗਾ ਜੋ ਰੱਬ ਦੇ ਨਾਂ ਤੇ ਮਾੜੇ ਕੰਮ ਕਰਦੇ ਹਨ! ਪਰ ਇਹ ਕਿਵੇਂ ਅਤੇ ਕਦੋਂ ਹੋਵੇਗਾ? ਪਰਮੇਸ਼ੁਰ ਨੇ ਕਈ ਸਦੀਆਂ ਪਹਿਲਾਂ ਆਪਣੇ ਇਕ ਨਬੀ ਨੂੰ ਦਰਸ਼ਣ ਰਾਹੀਂ ਇਸ ਬਾਰੇ ਦੱਸਿਆ ਸੀ। ਇਹ ਦਰਸ਼ਣ ਬਾਈਬਲ ਦੀ ਆਖ਼ਰੀ ਪੋਥੀ ਵਿਚ ਦਰਜ ਹੈ।
ਉਨ੍ਹਾਂ ਧਰਮਾਂ ਦਾ ਕੀ ਬਣੇਗਾ ਜਿਨ੍ਹਾਂ ਦੇ ਮੈਂਬਰ ਬੁਰੇ ਕੰਮ ਕਰਦੇ ਹਨ? ਯਿਸੂ ਨੇ ਜਵਾਬ ਦਿੱਤਾ: “ਹਰੇਕ ਬਿਰਛ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।” (ਧਰਮਾਂ ਦਾ ਖ਼ਾਤਮਾ ਕਿਵੇਂ ਹੋਵੇਗਾ?
ਇਸ ਸਵਾਲ ਦੇ ਜਵਾਬ ਲਈ ਆਓ ਆਪਾਂ ਪਰਮੇਸ਼ੁਰ ਦੇ ਨਬੀ ਦੁਆਰਾ ਦੇਖੇ ਦਰਸ਼ਣ ਉੱਤੇ ਗੌਰ ਕਰੀਏ। ਨਬੀ ਨੇ ਕੀ ਦੇਖਿਆ? ਉਸ ਨੇ ਸੋਨੇ, ਮੋਤੀਆਂ ਅਤੇ ਜ਼ੇਵਰਾਂ ਨਾਲ ਸਜੀ ਇਕ ਬਦਚਲਣ ਔਰਤ ਦੇਖੀ। ਉਸ ਔਰਤ ਨੇ ਬੈਂਗਣੀ ਰੰਗ ਦੇ ਬਹੁਤ ਮਹਿੰਗੇ ਰੇਸ਼ਮੀ ਕੱਪੜੇ ਪਹਿਨੇ ਹੋਏ ਸਨ। ਉਸ ਦੇ ਚਾਰੋਂ ਪਾਸੇ ਧੂਪ ਦੀ ਸੁਗੰਧ ਫੈਲੀ ਹੋਈ ਸੀ। ਉਸ ਦੇ ਪੈਰਾਂ ਵਿਚ ਦੁਨੀਆਂ ਭਰ ਦੀ ਧਨ-ਦੌਲਤ ਸੀ। ਸਦੀਆਂ ਤੋਂ ਇਹ ਵੇਸਵਾ ‘ਧਰਤੀ ਦੇ ਰਾਜਿਆਂ’ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਆਈ ਹੈ। ਪਰ ਉਹ ਆਪਣਾ ਜਾਦੂ ਸਿਰਫ਼ ਰਾਜਿਆਂ ਤੇ ਹੀ ਨਹੀਂ ਚਲਾਉਂਦੀ। ਉਹ ਧਰਤੀ ਦੀਆਂ ‘ਸਾਰੀਆਂ ਕੌਮਾਂ’ ਨੂੰ ਆਪਣੀ ਜਾਦੂਗਰੀ ਨਾਲ ਭਰਮਾਉਂਦੀ ਹੈ। ਪਰ ਇਹ ਤੀਵੀਂ ਹੈ ਕੌਣ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਹ ਕੰਜਰੀ ਉਨ੍ਹਾਂ ਸਾਰਿਆਂ ਧਰਮਾਂ ਨੂੰ ਦਰਸਾਉਂਦੀ ਹੈ ਜੋ ਸੱਚੇ ਰਾਹ ਤੇ ਨਹੀਂ ਚੱਲਦੇ ਅਤੇ ਜੋ ਘਟੀਆ ਫਲ ਪੈਦਾ ਕਰਦੇ ਹਨ। ਨਬੀ ਨੇ ਇਹ ਵੀ ਦੇਖਿਆ ਕਿ ਇਹ ਕੰਜਰੀ ਦਸ ਸਿੰਗਾਂ ਅਤੇ ਸੱਤ ਸਿਰਾਂ ਵਾਲੇ ਡਰਾਉਣੇ ਜਾਨਵਰ ਤੇ ਸਵਾਰ ਸੀ। ਇਹ ਜਾਨਵਰ ਕਿਸ ਨੂੰ ਦਰਸਾਉਂਦਾ ਹੈ?—ਪਰਕਾਸ਼ ਦੀ ਪੋਥੀ 17:1-4; 17:18; 18:12, 13, 23.
ਇਹ ਜਾਨਵਰ ਦੁਨੀਆਂ ਦੀਆਂ ਸਾਰੀਆਂ ਸਿਆਸੀ ਤਾਕਤਾਂ ਨੂੰ ਦਰਸਾਉਂਦਾ ਹੈ। * (ਪਰਕਾਸ਼ ਦੀ ਪੋਥੀ 17:10-13) ਹਾਂ, ਇਸ ਦਰਸ਼ਣ ਤੋਂ ਜ਼ਾਹਰ ਹੁੰਦਾ ਹੈ ਕਿ ਅਕਸਰ ਸੱਤਾ ਦੀ ਲਗਾਮ ਧਰਮਾਂ ਦੇ ਹੱਥਾਂ ਵਿਚ ਹੁੰਦੀ ਹੈ।
ਜ਼ਰਾ ਧਿਆਨ ਦਿਓ ਕਿ ਨਬੀ ਨੂੰ ਅੱਗੇ ਕੀ ਦੱਸਿਆ ਜਾਂਦਾ ਹੈ: “ਜਿਹੜੇ ਦਸ ਸਿੰਙ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ, ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।” (ਪਰਕਾਸ਼ ਦੀ ਪੋਥੀ 17:16) ਅਚਾਨਕ ਹੀ ਇਹ ਵਹਿਸ਼ੀ ਜਾਨਵਰ ਕੰਜਰੀ ਉੱਤੇ ਹਮਲਾ ਕਰੇਗਾ। ਇਸ ਦਾ ਮਤਲਬ ਹੈ ਕਿ ਇਸ ਦੁਨੀਆਂ ਦੀਆਂ ਸਰਕਾਰਾਂ ਸਾਰੇ ਧਰਮਾਂ ਨੂੰ ਨਾਸ ਕਰ ਦੇਣਗੀਆਂ। ਸਾਨੂੰ ਸ਼ਾਇਦ ਇਸ ਗੱਲ ਤੇ ਯਕੀਨ ਨਾ ਆਵੇ। ਅਸੀਂ ਸ਼ਾਇਦ ਪੁੱਛੀਏ, ‘ਸਰਕਾਰਾਂ ਭਲਾ ਇੱਦਾਂ ਕਿਉਂ ਕਰਨਗੀਆਂ?’ ਬਾਈਬਲ ਜਵਾਬ ਦਿੰਦੀ ਹੈ: ‘ਪਰਮੇਸ਼ੁਰ ਨੇ ਓਹਨਾਂ ਦੇ ਦਿਲ ਵਿੱਚ ਇਹ ਪਾਇਆ ਭਈ ਓਸ ਦੀ ਮਨਸ਼ਾ ਪੂਰੀ ਕਰਨ।’ (ਪਰਕਾਸ਼ ਦੀ ਪੋਥੀ 17:17) ਹਾਂ, ਕੋਈ ਇਨਸਾਨ ਨਹੀਂ, ਸਗੋਂ ਸੱਚਾ ਪਰਮੇਸ਼ੁਰ ਉਨ੍ਹਾਂ ਦੇ ਮਨ ਵਿਚ ਧਰਮਾਂ ਨੂੰ ਮਿਟਾਉਣ ਦਾ ਖ਼ਿਆਲ ਪਾਵੇਗਾ। ਧਰਮਾਂ ਨੇ ਰੱਬ ਦੇ ਨਾਂ ਤੇ ਬਹੁਤ ਸਾਰੇ ਜ਼ੁਲਮ ਢਾਹੇ ਹਨ, ਉਨ੍ਹਾਂ ਨੂੰ ਆਪਣੇ ਇਕ-ਇਕ ਗ਼ਲਤ ਕੰਮ ਦਾ ਹਿਸਾਬ ਦੇਣਾ ਪਵੇਗਾ। ਪਰਮੇਸ਼ੁਰ ਇਸ ਕੰਮ ਨੂੰ ਅੰਜਾਮ ਦੇਣ ਲਈ ਸਿਆਸੀ ਤਾਕਤਾਂ ਨੂੰ ਹੀ ਵਰਤੇਗਾ ਜਿਨ੍ਹਾਂ ਨੇ ਇਸ ਸਮੇਂ ਧਰਮਾਂ ਨਾਲ ਯਾਰੀ ਲਾਈ ਹੋਈ ਹੈ।
ਜੇ ਤੁਸੀਂ ਪਖੰਡੀ ਧਰਮਾਂ ਦੇ ਨਾਲ ਨਾਸ ਨਹੀਂ ਹੋਣਾ ਚਾਹੁੰਦੇ ਜੋ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦੇ ਹਨ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ? ਪਰਮੇਸ਼ੁਰ ਸਾਨੂੰ ਇਹ ਤਾਕੀਦ ਕਰਦਾ ਹੈ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ!” (ਪਰਕਾਸ਼ ਦੀ ਪੋਥੀ 18:4) ਹਾਂ, ਸਾਨੂੰ ਹੁਣ ਉਨ੍ਹਾਂ ਧਰਮਾਂ ਨਾਲੋਂ ਆਪਣਾ ਨਾਤਾ ਤੋੜ ਲੈਣਾ ਚਾਹੀਦਾ ਹੈ ਜਿਹੜੇ ਅਜਿਹੇ ਘਿਣਾਉਣੇ ਕੰਮ ਕਰਦੇ ਹਨ ਜੋ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ। (2 ਥੱਸਲੁਨੀਕੀਆਂ 1:6-9) ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਰੱਬ ਨੂੰ ਛੱਡ ਕੇ ਨਾਸਤਿਕ ਬਣ ਜਾਈਏ? ਨਹੀਂ, ਸਾਨੂੰ ਇੱਕੋ-ਇਕ ਸੱਚੇ ਰੱਬ ਦੇ ਇੱਕੋ-ਇਕ ਸੱਚੇ ਰਾਹ ਨੂੰ ਲੱਭਣ ਦੀ ਲੋੜ ਹੈ। ਸਵਾਲ ਇਹ ਹੈ ਕਿ ਕਿਹੜਾ ਰਾਹ ਜਾਂ ਧਰਮ ਸੱਚਾ ਹੈ?
ਇੱਕੋ-ਇਕ ਸੱਚੇ ਰਾਹ ਤੇ ਚੱਲੋ
ਸੱਚੇ ਰਾਹ ਤੇ ਚੱਲਣ ਵਾਲੇ ਲੋਕ ਕਿਹੜੇ ਚੰਗੇ ਕੰਮ ਕਰਦੇ ਹਨ?—ਮੱਤੀ 7:17.
ਰੱਬ ਦੇ ਸੱਚੇ ਭਗਤ . . .
■ ਸਾਰਿਆਂ ਨੂੰ ਦਿਲੋਂ ਪਿਆਰ ਕਰਦੇ ਹਨ: ਉਹ ਦੁਨੀਆਂ ਦੇ ਸਿਆਸੀ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦੇ। ਉਹ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਨ, ਉਨ੍ਹਾਂ ਵਿਚ ਨਾ ਕੋਈ ਜਾਤ-ਪਾਤ ਹੈ ਤੇ ਨਾ ਊਚ-ਨੀਚ। (ਯੂਹੰਨਾ 13:35; 17:16; ਰਸੂਲਾਂ ਦੇ ਕਰਤੱਬ 10:34, 35) ਉਹ ਇਕ-ਦੂਸਰੇ ਦੀ ਜਾਨ ਨਹੀਂ ਲੈਂਦੇ, ਸਗੋਂ ਇਕ-ਦੂਸਰੇ ਲਈ ਆਪਣੀ ਜਾਨ ਦੇਣ ਲਈ ਤਿਆਰ ਹਨ। ਇਸੇ ਨੂੰ ਸੱਚਾ ਪਿਆਰ ਕਹਿੰਦੇ ਹਨ!—1 ਯੂਹੰਨਾ 3:16.
■ ਪਰਮੇਸ਼ੁਰ ਦੀ ਹਰ ਗੱਲ ਮੁਤਾਬਕ ਚੱਲਦੇ ਹਨ: ਉਹ ਇਨਸਾਨਾਂ ਦੇ ਬਣਾਏ ਰੀਤਾਂ-ਰਿਵਾਜਾਂ ਤੇ ਚੱਲਣ ਦੀ ਬਜਾਇ ਪਰਮੇਸ਼ੁਰ ਦੇ ਸਿਖਾਏ ਰਾਹ ਤੇ ਚੱਲਦੇ ਹਨ। ਬਾਈਬਲ ਰਾਹੀਂ ਪਰਮੇਸ਼ੁਰ ਸਿਖਾਉਂਦਾ ਹੈ ਕਿ ਉਸ ਦੇ ਭਗਤਾਂ ਨੂੰ ਕਿਸ ਰਾਹ ਚੱਲਣਾ ਚਾਹੀਦਾ ਹੈ। (ਮੱਤੀ 15:6-9) ਅਸੀਂ ਬਾਈਬਲ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਇਹ ਪਰਮੇਸ਼ੁਰ ਦਾ ਸ਼ਬਦ ਹੈ ਅਤੇ ਇਹ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”—2 ਤਿਮੋਥਿਉਸ 3:16.
■ ਆਪਣੇ ਪਰਿਵਾਰ ਦਾ ਖ਼ਿਆਲ ਰੱਖਦੇ ਹਨ ਤੇ ਉੱਚੇ-ਸੁੱਚੇ ਮਿਆਰਾਂ ਤੇ ਚੱਲਦੇ ਹਨ: ਸੱਚੇ ਧਰਮ ਵਿਚ ਲੋਕਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਪਿਆਰ ਦੇ ਬੰਧਨ ਵਿਚ ਬੰਨ੍ਹ ਕੇ ਰੱਖਣਾ ਚਾਹੀਦਾ ਹੈ। ਪਤੀਆਂ ਨੂੰ ‘ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨਾ ਚਾਹੀਦਾ ਹੈ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।’ ਪਤਨੀਆਂ ਨੂੰ ‘ਆਪਣੇ ਪਤੀਆਂ ਦਾ ਮਾਨ ਕਰਨਾ’ ਚਾਹੀਦਾ ਹੈ। ਬੱਚਿਆਂ ਨੂੰ ਮਾਪਿਆਂ ਦਾ ਆਦਰ-ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। (ਅਫ਼ਸੀਆਂ 5:28, 33; 6:1) ਇਸ ਤੋਂ ਇਲਾਵਾ, ਸੱਚੇ ਧਰਮ ਵਿਚ ਅਗਵਾਈ ਕਰਨ ਵਾਲੇ ਲੋਕ ਉੱਚੇ-ਸੁੱਚੇ ਮਿਆਰਾਂ ਉੱਤੇ ਚੱਲਦੇ ਹਨ—ਉਹ ਜੋ ਕਹਿੰਦੇ ਹਨ ਸੋ ਕਰਦੇ ਹਨ।—1 ਤਿਮੋਥਿਉਸ 3:1-10.
ਕੀ ਕੋਈ ਅਜਿਹਾ ਧਰਮ ਹੈ ਜੋ ਇਨ੍ਹਾਂ ਸਾਰੀਆਂ ਗੱਲਾਂ ਤੇ ਪੂਰਾ-ਪੂਰਾ ਉਤਰਦਾ ਹੈ? ਜ਼ਰਾ ਧਿਆਨ ਦਿਓ ਕਿ 2001 ਵਿਚ ਛਪੀ ਇਕ ਕਿਤਾਬ ਵਿਚ ਕੀ ਲਿਖਿਆ ਹੈ: ‘ਜੇ ਲੋਕ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਤੇ ਚੱਲਦੇ, ਤਾਂ ਅੱਜ ਦੁਨੀਆਂ ਦੀ ਹਾਲਤ ਇੰਨੀ ਖ਼ਰਾਬ ਨਾ ਹੁੰਦੀ।’—ਹਾਲੋਕਾਸਟ ਪਾਲੀਟਿਕਸ।
ਜੀ ਹਾਂ, ਯਹੋਵਾਹ ਦੇ ਗਵਾਹ ਸਿਰਫ਼ ਪ੍ਰਚਾਰ ਹੀ ਨਹੀਂ ਕਰਦੇ, ਪਰ ਬਾਈਬਲ ਦੇ ਮਿਆਰਾਂ ਤੇ ਪੂਰਾ ਉਤਰਦੇ ਵੀ ਹਨ। ਉਹ ਆਪਣੀ ਮਨ-ਮਰਜ਼ੀ ਮੁਤਾਬਕ ਭਗਤੀ ਨਹੀਂ ਕਰਦੇ, ਸਗੋਂ ਪਰਮੇਸ਼ੁਰ ਦੀ ਰਜ਼ਾ ਜਾਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਸ ਦੇ ਸਿਖਾਏ ਰਸਤੇ ਤੇ ਚੱਲਦੇ ਹਨ। ਯਹੋਵਾਹ ਦੇ ਗਵਾਹ 235 ਦੇਸ਼ਾਂ ਵਿਚ ਰਹਿੰਦੇ ਹਨ ਅਤੇ ਉਹ ਤੁਹਾਨੂੰ ਸੱਚੇ ਰਾਹ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਸਾਰਿਆਂ ਧਰਮਾਂ ਦਾ ਖ਼ਾਤਮਾ ਨਜ਼ਦੀਕ ਹੈ ਜੋ ਪਰਮੇਸ਼ੁਰ ਦੀ ਮਰਜ਼ੀ ਖ਼ਿਲਾਫ਼ ਕੰਮ ਕਰਦੇ ਹਨ। ਇਸ ਲਈ ਦੇਰ ਨਾ ਕਰੋ, ਸਗੋਂ ਹੁਣੇ ਕਦਮ ਚੁੱਕੋ।—ਸਫ਼ਨਯਾਹ 2:2, 3.
ਜੇ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਦੇਸ਼ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਗਏ ਪਤੇ ਤੇ ਲਿਖੋ।
□ ਮੈਨੂੰ ਜਾਗਦੇ ਰਹੋ! ਬਰੋਸ਼ਰ ਦੀ ਇਕ ਕਾਪੀ ਭੇਜ ਦਿਓ।
□ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।
[ਫੁਟਨੋਟ]
^ ਪੈਰਾ 17 ਇਸ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਬਰੋਸ਼ਰ ਜਾਗਦੇ ਰਹੋ! ਦੇ ਸਫ਼ੇ 12-13 ਦੇਖੋ।
[ਸਫ਼ਾ 3 ਉੱਤੇ ਸੁਰਖੀ]
ਅੱਜ ਦੇ ਧਰਮ ‘ਧਰਤੀ ਦਿਆਂ ਰਾਜਿਆਂ ਉੱਤੇ ਰਾਜ ਕਰਦੇ ਹਨ’
[ਸਫ਼ਾ 3 ਉੱਤੇ ਸੁਰਖੀ]
“ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ!”