Skip to content

ਮੈਂ ਜਾਣਿਆ ਕਿ ਬੇਇਨਸਾਫ਼ੀ ਕਿਵੇਂ ਖ਼ਤਮ ਹੋਵੇਗੀ

ਮੈਂ ਜਾਣਿਆ ਕਿ ਬੇਇਨਸਾਫ਼ੀ ਕਿਵੇਂ ਖ਼ਤਮ ਹੋਵੇਗੀ

ਮੈਂ ਜਾਣਿਆ ਕਿ ਬੇਇਨਸਾਫ਼ੀ ਕਿਵੇਂ ਖ਼ਤਮ ਹੋਵੇਗੀ

ਉਰਸੁਲਾ ਮੇਨੇ ਦੀ ਜ਼ਬਾਨੀ

ਬਚਪਨ ਤੋਂ ਹੀ ਮੇਰੀ ਇਹ ਦੇਖਣ ਦੀ ਤਮੰਨਾ ਸੀ ਕਿ ਹਰ ਇਨਸਾਨ ਨੂੰ ਇਨਸਾਫ਼ ਮਿਲੇ ਤੇ ਕਿਸੇ ਨਾਲ ਵੀ ਪੱਖਪਾਤ ਨਾ ਹੋਵੇ। ਮੇਰੀ ਇਸ ਤਮੰਨਾ ਕਰਕੇ ਮੈਨੂੰ ਸਾਮਵਾਦੀ ਪੂਰਬੀ ਜਰਮਨੀ ਦੀ ਜੇਲ੍ਹ ਦੀ ਹਵਾ ਵੀ ਖਾਣੀ ਪਈ। ਪਰ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਜੇਲ੍ਹ ਵਿਚ ਪਤਾ ਲੱਗਾ ਕਿ ਬੇਇਨਸਾਫ਼ੀ ਕਿਵੇਂ ਖ਼ਤਮ ਹੋਵੇਗੀ। ਆਓ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਾਂ।

ਮੇਰਾ ਜਨਮ 1922 ਵਿਚ ਜਰਮਨੀ ਦੇ ਇਕ ਕਸਬੇ ਹੇਲੇ ਵਿਚ ਹੋਇਆ ਜਿਸ ਦਾ ਇਤਿਹਾਸ 1,200 ਤੋਂ ਜ਼ਿਆਦਾ ਸਾਲ ਪੁਰਾਣਾ ਹੈ। ਹੇਲੇ ਜਰਮਨੀ ਦੇ ਸ਼ਹਿਰ ਬਰਲਿਨ ਤੋਂ ਦੱਖਣ-ਪੱਛਮ ਵੱਲ ਤਕਰੀਬਨ 200 ਕਿਲੋਮੀਟਰ (120 ਮੀਲ) ਦੂਰ ਸੀ ਤੇ ਇਹ ਪਹਿਲਾਂ ਪ੍ਰੋਟੈਸਟੈਂਟ ਧਰਮ ਦਾ ਗੜ੍ਹ ਹੁੰਦਾ ਸੀ। ਮੇਰੀ ਭੈਣ ਕੈਥੀ 1923 ਵਿਚ ਪੈਦਾ ਹੋਈ ਸੀ। ਮੇਰੇ ਪਿਤਾ ਜੀ ਫ਼ੌਜ ਵਿਚ ਸਨ ਤੇ ਮਾਤਾ ਜੀ ਇਕ ਥੀਏਟਰ ਵਿਚ ਗਾਉਂਦੇ ਸਨ।

ਮੇਰੇ ਅੰਦਰ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਇੱਛਾ ਮੇਰੇ ਪਿਤਾ ਜੀ ਕਰਕੇ ਪੈਦਾ ਹੋਈ ਸੀ। ਫ਼ੌਜ ਛੱਡਣ ਤੋਂ ਬਾਅਦ ਪਿਤਾ ਜੀ ਨੇ ਇਕ ਦੁਕਾਨ ਖ਼ਰੀਦ ਲਈ। ਉਨ੍ਹਾਂ ਦੇ ਜ਼ਿਆਦਾਤਰ ਗਾਹਕ ਗ਼ਰੀਬ ਸਨ, ਇਸ ਲਈ ਉਹ ਉਨ੍ਹਾਂ ʼਤੇ ਤਰਸ ਖਾ ਕੇ ਚੀਜ਼ਾਂ ਉਧਾਰ ਦੇ ਦਿੰਦੇ ਸਨ। ਪਰ ਇਸ ਦਰਿਆ-ਦਿਲੀ ਕਰਕੇ ਉਹ ਆਪ ਕੰਗਾਲ ਹੋ ਗਏ। ਪਿਤਾ ਜੀ ਦੇ ਇਸ ਤਜਰਬੇ ਤੋਂ ਮੈਨੂੰ ਸਿੱਖ ਲੈਣਾ ਚਾਹੀਦਾ ਸੀ ਕਿ ਬੇਇਨਸਾਫ਼ੀ ਖ਼ਿਲਾਫ਼ ਲੜਨਾ ਉੱਨਾ ਸੌਖਾ ਨਹੀਂ ਸੀ ਜਿੰਨਾ ਲੱਗਦਾ ਸੀ। ਪਰ ਨੌਜਵਾਨ ਹੋਣ ਕਰਕੇ ਮੇਰੇ ਲਈ ਇਸ ਜਜ਼ਬੇ ਨੂੰ ਦਬਾਉਣਾ ਬਹੁਤ ਔਖਾ ਸੀ।

ਮੈਨੂੰ ਸੰਗੀਤ ਦੀ ਕਲਾ ਮਾਤਾ ਜੀ ਤੋਂ ਵਿਰਸੇ ਵਿਚ ਮਿਲੀ ਸੀ। ਉਨ੍ਹਾਂ ਨੇ ਮੈਨੂੰ ਤੇ ਕੈਥੀ ਨੂੰ ਸੰਗੀਤ, ਗਾਉਣਾ ਅਤੇ ਡਾਂਸ ਕਰਨਾ ਸਿਖਾਇਆ ਸੀ। ਬਚਪਨ ਵਿਚ ਮੈਂ ਬੜੀ ਖ਼ੁਸ਼ ਤੇ ਜੋਸ਼ੀਲੀ ਸੀ ਅਤੇ 1939 ਤਕ ਮੈਂ ਤੇ ਕੈਥੀ ਮਜ਼ੇਦਾਰ ਜ਼ਿੰਦਗੀ ਗੁਜ਼ਾਰ ਰਹੀਆਂ ਸੀ।

ਖ਼ੌਫ਼ਨਾਕ ਸਮੇਂ ਦੀ ਸ਼ੁਰੂਆਤ

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਬੈਲੇ ਡਾਂਸ ਸਕੂਲ ਜਾਣ ਲੱਗ ਪਈ। ਉੱਥੇ ਮੈਂ ਇਕ ਹੋਰ ਜਰਮਨ ਡਾਂਸ ਵੀ ਸਿੱਖਿਆ ਜਿਸ ਦੇ ਜ਼ਰੀਏ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਜਾਂਦਾ ਸੀ। ਇਹ ਡਾਂਸ ਮੈਰੀ ਵਿਗਮੈਨ ਸਿਖਾਉਂਦੀ ਸੀ ਜੋ ਉਨ੍ਹਾਂ ਲੋਕਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਇਸ ਡਾਂਸ ਦੀ ਸ਼ੁਰੂਆਤ ਕੀਤੀ ਸੀ। ਮੈਂ ਤਸਵੀਰਾਂ ਵੀ ਬਣਾਉਣ ਲੱਗ ਪਈ। ਮੇਰੀ ਅੱਲੜ੍ਹ ਉਮਰ ਦੇ ਇਹ ਸਾਲ ਮਜ਼ੇਦਾਰ ਸਨ ਕਿਉਂਕਿ ਮੈਂ ਬਹੁਤ ਕੁਝ ਸਿੱਖਿਆ ਸੀ। ਪਰ ਫਿਰ ਸਾਲ 1939 ਆਇਆ ਤੇ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਸਾਨੂੰ 1941 ਵਿਚ ਇਕ ਹੋਰ ਝਟਕਾ ਲੱਗਾ ਜਦੋਂ ਟੀ. ਬੀ. ਕਰਕੇ ਪਿਤਾ ਜੀ ਦੀ ਮੌਤ ਹੋ ਗਈ।

ਯੁੱਧ ਦਾ ਸਮਾਂ ਬਹੁਤ ਖ਼ੌਫ਼ਨਾਕ ਸੀ। ਮੈਂ ਸਿਰਫ਼ 17 ਸਾਲਾਂ ਦੀ ਸੀ ਜਦੋਂ ਯੁੱਧ ਸ਼ੁਰੂ ਹੋਇਆ ਸੀ। ਮੈਨੂੰ ਲੱਗਾ ਕਿ ਦੁਨੀਆਂ ਪਾਗਲ ਹੋ ਗਈ ਹੈ। ਆਮ ਲੋਕਾਂ ʼਤੇ ਵੀ ਨਾਜ਼ੀਆਂ ਦਾ ਸਾਥ ਦੇਣ ਦਾ ਜਨੂਨ ਸਵਾਰ ਹੋ ਗਿਆ। ਫਿਰ ਹਰ ਪਾਸੇ ਖਾਣ-ਪੀਣ ਦੀਆਂ ਚੀਜ਼ਾਂ ਦੀ ਘਾਟ, ਮੌਤਾਂ ਤੇ ਤਬਾਹੀ ਹੀ ਨਜ਼ਰ ਆ ਰਹੀ ਸੀ। ਬੰਬਾਰੀ ਕਰਕੇ ਸਾਡੇ ਘਰ ਨੂੰ ਬਹੁਤ ਨੁਕਸਾਨ ਪਹੁੰਚਿਆ ਅਤੇ ਯੁੱਧ ਦੌਰਾਨ ਸਾਡੇ ਕਈ ਰਿਸ਼ਤੇਦਾਰ ਮਾਰੇ ਗਏ।

ਜਦੋਂ 1945 ਵਿਚ ਯੁੱਧ ਖ਼ਤਮ ਹੋਇਆ, ਉਦੋਂ ਮੈਂ, ਮਾਤਾ ਜੀ ਤੇ ਕੈਥੀ ਹੇਲੇ ਵਿਚ ਹੀ ਰਹਿ ਰਹੀਆਂ ਸਨ। ਤਦ ਤਕ ਮੇਰਾ ਵਿਆਹ ਹੋ ਚੁੱਕਾ ਸੀ ਤੇ ਮੇਰੀ ਇਕ ਛੋਟੀ ਜਿਹੀ ਕੁੜੀ ਸੀ। ਪਰ ਸਾਡੀ ਸ਼ਾਦੀ-ਸ਼ੁਦਾ ਜ਼ਿੰਦਗੀ ਵਿਚ ਮੁਸ਼ਕਲਾਂ ਆ ਰਹੀਆਂ ਸਨ। ਇਸ ਲਈ ਅਸੀਂ ਪਤੀ-ਪਤਨੀ ਇਕ-ਦੂਜੇ ਤੋਂ ਅਲੱਗ ਹੋ ਗਏ। ਆਪਣਾ ਤੇ ਆਪਣੀ ਧੀ ਦਾ ਗੁਜ਼ਾਰਾ ਤੋਰਨ ਲਈ ਮੈਂ ਡਾਂਸਰ ਤੇ ਚਿੱਤਰਕਾਰ ਵਜੋਂ ਕੰਮ ਕਰਨ ਲੱਗ ਪਈ।

ਯੁੱਧ ਤੋਂ ਬਾਅਦ ਜਰਮਨੀ ਚਾਰ ਹਿੱਸਿਆਂ ਵਿਚ ਵੰਡਿਆ ਗਿਆ। ਸਾਡਾ ਕਸਬਾ ਉਸ ਹਿੱਸੇ ਵਿਚ ਸੀ ਜਿੱਥੇ ਸੋਵੀਅਤ ਸੰਘ ਦਾ ਰਾਜ ਸੀ। ਇਸ ਲਈ ਸਾਨੂੰ ਸਾਰਿਆਂ ਨੂੰ ਸਾਮਵਾਦੀ (ਕਮਿਊਨਿਸਟ) ਰਾਜ ਅਧੀਨ ਰਹਿਣ ਦੀ ਆਦਤ ਪਾਉਣੀ ਪੈਣੀ ਸੀ। ਜਰਮਨੀ ਦੇ ਇਸ ਹਿੱਸੇ ਨੂੰ ਅਕਸਰ ਪੂਰਬੀ ਜਰਮਨੀ ਕਿਹਾ ਜਾਂਦਾ ਸੀ। ਪਰ 1949 ਵਿਚ ਇਸ ਦਾ ਨਾਂ ਬਦਲ ਕੇ ਜਰਮਨ ਲੋਕਤੰਤਰੀ ਗਣਰਾਜ (ਜੀ. ਡੀ. ਆਰ.) ਰੱਖ ਦਿੱਤਾ ਗਿਆ।

ਸਾਮਵਾਦੀ ਰਾਜ ਵਿਚ ਜ਼ਿੰਦਗੀ

ਉਨ੍ਹਾਂ ਸਾਲਾਂ ਦੌਰਾਨ ਮੇਰੇ ਮਾਤਾ ਜੀ ਬੀਮਾਰ ਹੋ ਗਏ ਤੇ ਮੈਨੂੰ ਉਨ੍ਹਾਂ ਦੀ ਦੇਖ-ਭਾਲ ਕਰਨੀ ਪੈਣੀ ਸੀ। ਮੈਨੂੰ ਇਕ ਆਫ਼ਿਸ ਵਿਚ ਸਰਕਾਰੀ ਨੌਕਰੀ ਮਿਲ ਗਈ। ਇਸ ਸਮੇਂ ਦੌਰਾਨ ਮੈਂ ਉਨ੍ਹਾਂ ਵਿਦਿਆਰਥੀਆਂ ਦੇ ਸੰਪਰਕ ਵਿਚ ਆਈ ਜੋ ਸਰਕਾਰ ਦੇ ਖ਼ਿਲਾਫ਼ ਸਨ। ਉਹ ਉਸ ਵੇਲੇ ਹੋ ਰਹੀਆਂ ਬੇਇਨਸਾਫ਼ੀਆਂ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ। ਮਿਸਾਲ ਲਈ, ਇਕ ਨੌਜਵਾਨ ਨੂੰ ਯੂਨੀਵਰਸਿਟੀ ਨੇ ਦਾਖ਼ਲਾ ਦੇਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਦਾ ਪਿਤਾ ਨਾਜ਼ੀ ਪਾਰਟੀ ਦਾ ਮੈਂਬਰ ਸੀ। ਮੈਂ ਉਸ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿਉਂਕਿ ਅਸੀਂ ਅਕਸਰ ਇਕੱਠੇ ਸੰਗੀਤ ਦਾ ਆਨੰਦ ਮਾਣਦੇ ਸੀ। ਮੈਂ ਸੋਚਿਆ, ‘ਉਸ ਦੇ ਪਿਤਾ ਨੇ ਜੋ ਕੀਤਾ, ਉਸ ਦੀ ਸਜ਼ਾ ਉਸ ਨੂੰ ਕਿਉਂ ਮਿਲ ਰਹੀ ਹੈ?’ ਮੈਂ ਉਨ੍ਹਾਂ ਵਿਦਿਆਰਥੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਸਾਥ ਦੇਣ ਲੱਗ ਪਈ ਤੇ ਉਨ੍ਹਾਂ ਨਾਲ ਧਰਨੇ ਲਾਉਣ ਵਿਚ ਸ਼ਾਮਲ ਹੋ ਗਈ। ਇਕ ਮੌਕੇ ʼਤੇ ਤਾਂ ਮੈਂ ਅਦਾਲਤ ਦੇ ਬਾਹਰ ਪੌੜੀਆਂ ਉੱਤੇ ਸਰਕਾਰ ਦੇ ਖ਼ਿਲਾਫ਼ ਪਰਚੇ ਵੀ ਲਾਏ ਸਨ।

ਮੈਂ ਇਕ ਹੋਰ ਬੇਇਨਸਾਫ਼ੀ ਦੇਖੀ। ਸ਼ਾਂਤੀ ਕਾਇਮ ਕਰਨ ਵਾਲੀ ਸਥਾਨਕ ਕਮੇਟੀ (Regional Peace Committee) ਦੀ ਸੈਕਟਰੀ ਵਜੋਂ ਮੈਂ ਕੁਝ ਚਿੱਠੀਆਂ ਟਾਈਪ ਕਰਨੀਆਂ ਸਨ ਜਿਨ੍ਹਾਂ ਚਿੱਠੀਆਂ ਕਰਕੇ ਲੋਕਾਂ ਨਾਲ ਬੇਇਨਸਾਫ਼ੀ ਹੋ ਸਕਦੀ ਸੀ। ਇਕ ਹੋਰ ਮੌਕੇ ʼਤੇ ਇਸ ਕਮੇਟੀ ਨੇ ਰਾਜਨੀਤਿਕ ਕਾਰਨਾਂ ਕਰਕੇ ਪੱਛਮੀ ਜਰਮਨੀ ਵਿਚ ਰਹਿੰਦੇ ਇਕ ਬਜ਼ੁਰਗ ਆਦਮੀ ਨੂੰ ਫਸਾਉਣ ਲਈ ਕੁਝ ਜਾਣਕਾਰੀ ਭੇਜਣ ਦੀ ਸਾਜ਼ਸ਼ ਰਚੀ ਜੋ ਸਾਮਵਾਦੀ ਰਾਜ ਦੇ ਖ਼ਿਲਾਫ਼ ਸੀ। ਇਸ ਬੇਇਨਸਾਫ਼ੀ ਕਰਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਉਹ ਕਾਗਜ਼ ਆਫ਼ਿਸ ਵਿਚ ਕਿਤੇ ਲੁਕਾ ਦਿੱਤੇ। ਇਸ ਤਰ੍ਹਾਂ ਉਹ ਜਾਣਕਾਰੀ ਕਦੇ ਉਸ ਆਦਮੀ ਕੋਲ ਨਹੀਂ ਪਹੁੰਚੀ।

“ਸਭ ਤੋਂ ਬੁਰੀ” ਸਮਝੀ ਜਾਂਦੀ ਔਰਤ ਨੇ ਮੈਨੂੰ ਉਮੀਦ ਦਿੱਤੀ

ਜੂਨ 1951 ਵਿਚ ਦੋ ਆਦਮੀ ਮੇਰੇ ਆਫ਼ਿਸ ਵਿਚ ਆਏ ਤੇ ਕਿਹਾ: “ਅਸੀਂ ਤੈਨੂੰ ਗਿਰਫ਼ਤਾਰ ਕਰਨ ਆਏ ਹਾਂ।” ਉਹ ਮੈਨੂੰ ਰੋਟਾ ਓਕਸੇ ਯਾਨੀ ਰੈੱਡ ਓਕਸ ਨਾਂ ਦੀ ਜੇਲ੍ਹ ਵਿਚ ਲੈ ਗਏ। ਇਕ ਸਾਲ ਬਾਅਦ ਮੇਰੇ ʼਤੇ ਦੇਸ਼-ਧਰੋਹੀ ਹੋਣ ਦਾ ਮੁਕੱਦਮਾ ਚਲਾਇਆ ਗਿਆ। ਦਰਅਸਲ ਇਕ ਵਿਦਿਆਰਥੀ ਨੇ ਮੇਰੇ ਨਾਲ ਧੋਖਾ ਕੀਤਾ ਤੇ ਸ਼ਟਾਜ਼ੀ ਯਾਨੀ ਖੁਫੀਆ ਪੁਲਸ ਨੂੰ ਉਸ ਧਰਨੇ ਬਾਰੇ ਦੱਸ ਦਿੱਤਾ ਸੀ ਜਦੋਂ ਮੈਂ ਸਰਕਾਰ ਖ਼ਿਲਾਫ਼ ਪਰਚੇ ਲਾਏ ਸੀ। ਮੁਕੱਦਮਾ ਤਾਂ ਇਕ ਮਜ਼ਾਕ ਸੀ ਕਿਉਂਕਿ ਮੈਂ ਆਪਣੇ ਬਚਾਅ ਵਿਚ ਜੋ ਕਿਹਾ, ਉਸ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਮੈਨੂੰ ਛੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਸਮੇਂ ਦੌਰਾਨ ਮੈਂ ਬੀਮਾਰ ਹੋ ਗਈ ਤੇ ਮੈਨੂੰ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਤਕਰੀਬਨ 40 ਔਰਤਾਂ ਸਨ। ਉਹ ਸਾਰੀਆਂ ਇੰਨੀਆਂ ਦੁਖੀ ਤੇ ਨਿਰਾਸ਼ ਸਨ ਕਿ ਮੈਨੂੰ ਘਬਰਾਹਟ ਹੋਣ ਲੱਗ ਪਈ। ਮੈਂ ਦਰਵਾਜ਼ੇ ਵੱਲ ਦੌੜੀ ਤੇ ਇਸ ਨੂੰ ਮੁੱਕਿਆਂ ਨਾਲ ਭੰਨਣ ਲੱਗੀ।

ਗਾਰਡ ਨੇ ਪੁੱਛਿਆ, “ਕੀ ਚਾਹੀਦਾ ਤੈਨੂੰ?”

ਮੈਂ ਚੀਕ ਕੇ ਕਿਹਾ, “ਮੈਨੂੰ ਇੱਥੋਂ ਬਾਹਰ ਕੱਢੋ। ਮੈਨੂੰ ਭਾਵੇਂ ਇਕੱਲੀ ਨੂੰ ਰੱਖ ਦਿਓ, ਪਰ ਇੱਥੋਂ ਮੈਨੂੰ ਕੱਢੋ!” ਉਸ ਨੇ ਮੇਰੀ ਗੱਲ ਨਹੀਂ ਮੰਨੀ। ਉਸ ਤੋਂ ਕੁਝ ਸਮੇਂ ਬਾਅਦ ਮੈਂ ਇਕ ਔਰਤ ਨੂੰ ਦੇਖਿਆ ਜੋ ਦੂਜੀਆਂ ਔਰਤਾਂ ਤੋਂ ਬਿਲਕੁਲ ਵੱਖਰੀ ਸੀ। ਉਸ ਦੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਸ ਦਾ ਮਨ ਸ਼ਾਂਤ ਸੀ। ਇਸ ਲਈ ਮੈਂ ਉਸ ਕੋਲ ਬੈਠ ਗਈ।

ਉਸ ਨੇ ਕਿਹਾ, “ਜੇ ਤੂੰ ਮੇਰੇ ਕੋਲ ਬੈਠਣਾ ਹੈ, ਤਾਂ ਧਿਆਨ ਨਾਲ ਬੈਠੀਂ।” ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਫਿਰ ਉਸ ਨੇ ਕਿਹਾ, “ਦੂਜੀਆਂ ਔਰਤਾਂ ਸੋਚਦੀਆਂ ਹਨ ਕਿ ਮੈਂ ਇੱਥੇ ਸਭ ਤੋਂ ਬੁਰੀ ਔਰਤ ਹਾਂ ਕਿਉਂਕਿ ਮੈਂ ਯਹੋਵਾਹ ਦੀ ਗਵਾਹ ਹਾਂ।”

ਉਸ ਸਮੇਂ ਮੈਨੂੰ ਪਤਾ ਨਹੀਂ ਸੀ ਕਿ ਯਹੋਵਾਹ ਦੇ ਗਵਾਹਾਂ ਨੂੰ ਸਾਮਵਾਦੀ ਸਰਕਾਰ ਦੇ ਦੁਸ਼ਮਣ ਸਮਝਿਆ ਜਾਂਦਾ ਸੀ। ਪਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਦੋ ਬਾਈਬਲ ਵਿਦਿਆਰਥੀ (ਯਹੋਵਾਹ ਦੇ ਗਵਾਹਾਂ ਦਾ ਪੁਰਾਣਾ ਨਾਂ) ਮੇਰੇ ਪਿਤਾ ਜੀ ਕੋਲ ਲਗਾਤਾਰ ਆਉਂਦੇ ਹੁੰਦੇ ਸਨ। ਪਿਤਾ ਜੀ ਕਹਿੰਦੇ ਹੁੰਦੇ ਸਨ, “ਬਾਈਬਲ ਵਿਦਿਆਰਥੀ ਸਹੀ ਕਹਿੰਦੇ ਹਨ!”

ਇਸ ਔਰਤ ਨੂੰ ਮਿਲ ਕੇ ਮੈਨੂੰ ਇੰਨੀ ਰਾਹਤ ਮਿਲੀ ਕਿ ਮੈਂ ਰੋਣ ਲੱਗ ਪਈ। ਉਸ ਦਾ ਨਾਂ ਬਰਟਾ ਬਰੂਗਮੀਆ ਸੀ। ਮੈਂ ਉਸ ਨੂੰ ਕਿਹਾ, “ਮੈਨੂੰ ਯਹੋਵਾਹ ਬਾਰੇ ਦੱਸ।” ਉਦੋਂ ਤੋਂ ਅਸੀਂ ਇਕ-ਦੂਜੇ ਨਾਲ ਕਾਫ਼ੀ ਸਮਾਂ ਗੁਜ਼ਾਰਨ ਲੱਗ ਪਈਆਂ ਤੇ ਅਸੀਂ ਅਕਸਰ ਬਾਈਬਲ ਬਾਰੇ ਗੱਲ ਕਰਦੀਆਂ ਸੀ। ਮੈਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਮੈਂ ਸਿੱਖਿਆ ਕਿ ਸੱਚਾ ਪਰਮੇਸ਼ੁਰ ਯਹੋਵਾਹ ਪਿਆਰ, ਇਨਸਾਫ਼ ਤੇ ਸ਼ਾਂਤੀ ਦਾ ਪਰਮੇਸ਼ੁਰ ਹੈ। ਮੈਂ ਇਹ ਵੀ ਸਿੱਖਿਆ ਕਿ ਉਹ ਦੁਸ਼ਟ ਅਤੇ ਜ਼ਾਲਮ ਇਨਸਾਨਾਂ ਦੁਆਰਾ ਕੀਤੇ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ। ਜ਼ਬੂਰ 37:10, 11 ਕਹਿੰਦਾ ਹੈ: “ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ; . . . ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”

ਮੇਰੀ ਰਿਹਾਈ ਅਤੇ ਪੱਛਮੀ ਜਰਮਨੀ ਨੂੰ ਭੱਜਣਾ

ਤਕਰੀਬਨ ਪੰਜ ਕੁ ਸਾਲ ਜੇਲ੍ਹ ਵਿਚ ਕੱਟਣ ਤੋਂ ਬਾਅਦ ਮੈਨੂੰ ਰਿਹਾ ਕਰ ਦਿੱਤਾ ਗਿਆ। ਰਿਹਾਈ ਤੋਂ ਪੰਜ ਦਿਨਾਂ ਬਾਅਦ ਮੈਂ ਜਰਮਨ ਲੋਕਤੰਤਰੀ ਗਣਰਾਜ ਤੋਂ ਪੱਛਮੀ ਜਰਮਨੀ ਨੂੰ ਭੱਜ ਗਈ। ਤਦ ਤਕ ਮੇਰੇ ਦੋ ਕੁੜੀਆਂ ਹੋ ਗਈਆਂ ਸਨ ਜਿਨ੍ਹਾਂ ਦੇ ਨਾਂ ਸਨ ਹਨਲੋਰ ਤੇ ਸਾਬੀਨ। ਮੈਂ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਉੱਥੇ ਮੇਰਾ ਆਪਣੇ ਪਤੀ ਨਾਲੋਂ ਤਲਾਕ ਹੋ ਗਿਆ ਤੇ ਮੈਂ ਯਹੋਵਾਹ ਦੇ ਗਵਾਹਾਂ ਨੂੰ ਦੁਬਾਰਾ ਮਿਲੀ। ਬਾਈਬਲ ਦੀ ਸਟੱਡੀ ਕਰਦੇ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਲਈ ਮੈਨੂੰ ਆਪਣੇ ਵਿਚ ਬਹੁਤ ਸਾਰੇ ਬਦਲਾਅ ਕਰਨ ਦੀ ਲੋੜ ਸੀ। ਇਹ ਬਦਲਾਅ ਕਰਨ ਤੋਂ ਬਾਅਦ ਮੈਂ 1958 ਵਿਚ ਬਪਤਿਸਮਾ ਲੈ ਲਿਆ।

ਬਾਅਦ ਵਿਚ ਮੈਂ ਯਹੋਵਾਹ ਦੇ ਇਕ ਗਵਾਹ ਕਲਾਉਸ ਮੇਨੇ ਨਾਲ ਵਿਆਹ ਕਰਾ ਲਿਆ। ਅਸੀਂ ਆਪਣੇ ਵਿਆਹੁਤਾ ਜੀਵਨ ਵਿਚ ਬਹੁਤ ਖ਼ੁਸ਼ ਸੀ ਤੇ ਸਾਡੇ ਦੋ ਬੱਚੇ ਹੋਏ, ਬੈਂਜਾਮਿਨ ਤੇ ਤਾਬੀਆ। ਦੁੱਖ ਦੀ ਗੱਲ ਹੈ ਕਿ ਤਕਰੀਬਨ 20 ਸਾਲ ਪਹਿਲਾਂ ਮੇਰੇ ਪਤੀ ਕਲਾਉਸ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਤੇ ਮੈਂ ਵਿਧਵਾ ਹੋ ਗਈ। ਪਰ ਮੈਨੂੰ ਇਸ ਉਮੀਦ ਤੋਂ ਬਹੁਤ ਦਿਲਾਸਾ ਮਿਲਦਾ ਹੈ ਕਿ ਜਦੋਂ ਇਸ ਧਰਤੀ ਨੂੰ ਸੋਹਣਾ ਬਣਾਇਆ ਜਾਵੇਗਾ, ਉਦੋਂ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਲੂਕਾ 23:43; ਰਸੂਲਾਂ ਦੇ ਕੰਮ 24:15) ਮੈਨੂੰ ਇਸ ਗੱਲ ਤੋਂ ਵੀ ਬਹੁਤ ਹੌਸਲਾ ਮਿਲਿਆ ਕਿ ਮੇਰੇ ਚਾਰੇ ਬੱਚੇ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਬਾਈਬਲ ਦੀ ਸਟੱਡੀ ਕਰ ਕੇ ਹੀ ਮੈਨੂੰ ਪਤਾ ਲੱਗਾ ਕਿ ਸਿਰਫ਼ ਯਹੋਵਾਹ ਹੀ ਸੱਚਾ ਇਨਸਾਫ਼ ਦਿਵਾ ਸਕਦਾ ਹੈ। ਉਹ ਇਨਸਾਨਾਂ ਵਰਗਾ ਨਹੀਂ ਹੈ। ਦੂਜੇ ਇਨਸਾਨਾਂ ਨੂੰ ਅਕਸਰ ਸਾਡੇ ਹਾਲਾਤਾਂ ਤੇ ਮੁਸ਼ਕਲਾਂ ਬਾਰੇ ਪਤਾ ਨਹੀਂ ਹੁੰਦਾ, ਪਰ ਯਹੋਵਾਹ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ। ਇਹ ਅਨਮੋਲ ਜਾਣਕਾਰੀ ਹੋਣ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ, ਖ਼ਾਸਕਰ ਜਦੋਂ ਮੈਂ ਕੋਈ ਬੇਇਨਸਾਫ਼ੀ ਹੁੰਦੀ ਦੇਖਦੀ ਹਾਂ। ਉਪਦੇਸ਼ਕ ਦੀ ਕਿਤਾਬ 5:8 ਕਹਿੰਦਾ ਹੈ: “ਜੇ ਤੂੰ ਆਪਣੇ ਜ਼ਿਲ੍ਹੇ ਵਿਚ ਕਿਸੇ ਉੱਚ ਅਧਿਕਾਰੀ ਨੂੰ ਗ਼ਰੀਬਾਂ ਉੱਤੇ ਅਤਿਆਚਾਰ ਕਰਦਾ ਅਤੇ ਨਿਆਂ ਤੇ ਸੱਚਾਈ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਦੇਖਦਾ ਹੈਂ, ਤਾਂ ਇਸ ਗੱਲ ਕਰਕੇ ਹੈਰਾਨ ਨਾ ਹੋ। ਉਸ ਉੱਚ ਅਧਿਕਾਰੀ ਦੇ ਉੱਪਰ ਵੀ ਕੋਈ ਹੈ ਜੋ ਉਸ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਅਧਿਕਾਰੀਆਂ ਉੱਪਰ ਵੀ ਹੋਰ ਉੱਚ ਅਧਿਕਾਰੀ ਹਨ।” ਸਭ ਤੋਂ ਉੱਪਰ ਹੈ ਸਾਡਾ ਸਿਰਜਣਹਾਰ ਯਹੋਵਾਹ। ਇਬਰਾਨੀਆਂ 4:13 ਕਹਿੰਦਾ ਹੈ: “ਜਿਸ ਨੂੰ ਅਸੀਂ ਲੇਖਾ ਦੇਣਾ ਹੈ, . . . ਹਰ ਚੀਜ਼ ਉਸ ਦੇ ਸਾਮ੍ਹਣੇ ਬੇਪਰਦਾ ਹੈ ਅਤੇ ਉਹ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹੈ।”

ਤਕਰੀਬਨ 90 ਸਾਲਾਂ ਦੀ ਜ਼ਿੰਦਗੀ ਵਿਚ ਕੀ ਸਿੱਖਿਆ?

ਕਦੇ-ਕਦੇ ਲੋਕ ਪੁੱਛਦੇ ਹਨ ਕਿ ਨਾਜ਼ੀ ਅਤੇ ਸਾਮਵਾਦੀ ਰਾਜ ਵਿਚ ਰਹਿਣਾ ਕਿਹੋ ਜਿਹਾ ਲੱਗਦਾ ਸੀ। ਦੋਹਾਂ ਦੇ ਰਾਜ ਵਿਚ ਜੀਉਣਾ ਸੌਖਾ ਨਹੀਂ ਸੀ। ਇਨ੍ਹਾਂ ਦੋਹਾਂ ਸਰਕਾਰਾਂ ਅਤੇ ਬਾਕੀ ਸਾਰੀਆਂ ਸਰਕਾਰਾਂ ਤੋਂ ਇਹੀ ਜ਼ਾਹਰ ਹੋਇਆ ਹੈ ਕਿ ਇਨਸਾਨ ਸਫ਼ਲਤਾ ਨਾਲ ਰਾਜ ਨਹੀਂ ਕਰ ਸਕਦੇ। ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।”​—ਉਪਦੇਸ਼ਕ ਦੀ ਕਿਤਾਬ 8:9.

ਜਦੋਂ ਮੈਂ ਛੋਟੀ ਤੇ ਨਾਸਮਝ ਸੀ, ਉਦੋਂ ਮੈਂ ਇਨਸਾਫ਼ ਲਈ ਇਨਸਾਨੀ ਸਰਕਾਰਾਂ ʼਤੇ ਆਸ ਰੱਖਦੀ ਸੀ। ਪਰ ਹੁਣ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਸਿਰਫ਼ ਸਾਡਾ ਸਿਰਜਣਹਾਰ ਹੀ ਅਜਿਹੀ ਦੁਨੀਆਂ ਬਣਾ ਸਕਦਾ ਹੈ ਜਿਸ ਵਿਚ ਇਨਸਾਫ਼ ਦਾ ਬੋਲਬਾਲਾ ਹੋਵੇਗਾ। ਇਸ ਤਰ੍ਹਾਂ ਕਰਨ ਲਈ ਉਹ ਦੁਸ਼ਟ ਲੋਕਾਂ ਨੂੰ ਮਿਟਾ ਦੇਵੇਗਾ ਅਤੇ ਧਰਤੀ ਦੀ ਵਾਗਡੋਰ ਆਪਣੇ ਪੁੱਤਰ ਯਿਸੂ ਮਸੀਹ ਦੇ ਹੱਥਾਂ ਵਿਚ ਦੇ ਦੇਵੇਗਾ ਜੋ ਹਮੇਸ਼ਾ ਦੂਜਿਆਂ ਦੇ ਭਲੇ ਬਾਰੇ ਸੋਚਦਾ ਹੈ। ਯਿਸੂ ਬਾਰੇ ਬਾਈਬਲ ਕਹਿੰਦੀ ਹੈ: “ਤੈਨੂੰ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਹੈ।” (ਇਬਰਾਨੀਆਂ 1:9) ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਨੇ ਮੈਨੂੰ ਇਸ ਇਨਸਾਫ਼-ਪਸੰਦ ਰਾਜੇ ਯਿਸੂ ਬਾਰੇ ਸਿਖਾਇਆ ਤੇ ਮੈਨੂੰ ਉਮੀਦ ਹੈ ਕਿ ਮੈਂ ਉਸ ਦੇ ਰਾਜ ਵਿਚ ਹਮੇਸ਼ਾ ਲਈ ਜੀਉਂਦੀ ਰਹਾਂਗੀ!

[ਤਸਵੀਰ]

ਪੱਛਮੀ ਜਰਮਨੀ ਵਿਚ ਆਉਣ ਤੋਂ ਬਾਅਦ ਆਪਣੀਆਂ ਕੁੜੀਆਂ ਹਨਲੋਰ ਤੇ ਸਾਬੀਨ ਨਾਲ

[ਤਸਵੀਰ]

ਅੱਜ ਆਪਣੇ ਮੁੰਡੇ ਬੈਂਜਾਮਿਨ ਅਤੇ ਉਸ ਦੀ ਪਤਨੀ ਸਾਂਡਰਾ ਨਾਲ