Skip to content

Skip to table of contents

ਜੀਵਨੀ

ਮੇਰੀਆਂ ਉਮੀਦਾਂ ਤੋਂ ਵੱਧ ਕੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ

ਮੇਰੀਆਂ ਉਮੀਦਾਂ ਤੋਂ ਵੱਧ ਕੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ

ਮੈਂ ਸੋਚਦਾ ਸੀ, ‘ਮੈਨੂੰ ਪਾਇਨੀਅਰਿੰਗ ਕਰਨੀ ਚਾਹੀਦੀ। ਪਰ ਕੀ ਪਾਇਨੀਅਰਿੰਗ ਕਰ ਕੇ ਮਜ਼ਾ ਆਵੇਗਾ?’ ਜਰਮਨੀ ਵਿਚ ਮੈਨੂੰ ਆਪਣਾ ਕੰਮ ਬਹੁਤ ਪਸੰਦ ਸੀ। ਮੈਂ ਅਫ਼ਰੀਕਾ ਦੀਆਂ ਅਲੱਗ-ਅਲੱਗ ਥਾਵਾਂ ’ਤੇ ਖਾਣ ਦੀਆਂ ਚੀਜ਼ਾਂ ਸਪਲਾਈ ਕਰਦਾ ਸੀ, ਜਿਵੇਂ ਕਿ ਦਾਰ ਐਸ ਸਲਾਮ, ਐਲਿਸਬਿਟਵਿਲ ਅਤੇ ਅਸਮਰਾ ਵਿਚ। ਮੈਂ ਕਦੇ ਸੋਚਿਆ ਨਹੀਂ ਸੀ ਕਿ ਇਕ ਦਿਨ ਮੈਂ ਅਫ਼ਰੀਕਾ ਦੀਆਂ ਇਨ੍ਹਾਂ ਅਤੇ ਹੋਰ ਥਾਵਾਂ ਵਿਚ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਾਂਗਾ।

ਜਦੋਂ ਮੇਰੇ ਸਾਰੇ ਸ਼ੱਕ ਦੂਰ ਹੋ ਗਏ ਅਤੇ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ, ਤਾਂ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਜਿਸ ਬਾਰੇ ਮੈਂ ਕਦੇ ਸੋਚਿਆ ਨਹੀਂ ਸੀ। (ਅਫ਼. 3:20) ਪਰ ਸ਼ਾਇਦ ਤੁਸੀਂ ਸੋਚੋ ਕਿ ਇਹ ਕਿਵੇਂ ਹੋਇਆ। ਆਓ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਾਂ।

ਮੇਰਾ ਜਨਮ 1939 ਵਿਚ ਜਰਮਨੀ ਦੇ ਬਰਲਿਨ ਸ਼ਹਿਰ ਵਿਚ ਹੋਇਆ। ਮੇਰੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। 1945 ਵਿਚ ਜਦੋਂ ਯੁੱਧ ਖ਼ਤਮ ਹੋਣ ਵਾਲਾ ਸੀ, ਤਾਂ ਬਰਲਿਨ ’ਤੇ ਹਵਾਈ ਬੰਬਾਰੀ ਹੋਣ ਲੱਗੀ। ਇਕ ਬੰਬਾਰੀ ਸਮੇਂ ਸਾਡੀ ਗਲੀ ਵਿਚ ਵੀ ਬੰਬ ਸੁੱਟੇ ਗਏ। ਸਾਡਾ ਪਰਿਵਾਰ ਬਚ ਨਿਕਲਿਆ ਅਤੇ ਅਸੀਂ ਸੁਰੱਖਿਅਤ ਜਗ੍ਹਾ ’ਤੇ ਚਲੇ ਗਏ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਬਾਅਦ ਵਿਚ ਅਸੀਂ ਮੇਰੇ ਨਾਨਕੇ ਅਰਫਰਟ ਚਲੇ ਗਏ।

1950 ਵਿਚ ਜਰਮਨੀ ਵਿਚ ਆਪਣੇ ਮਾਪਿਆਂ ਤੇ ਭੈਣ ਨਾਲ

ਮੇਰੇ ਮੰਮੀ ਜੀ ਦਿਲੋਂ ਰੱਬ ਬਾਰੇ ਸੱਚਾਈ ਜਾਣਨੀ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕਈ ਫ਼ਿਲਾਸਫ਼ਰਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਕਈ ਧਰਮਾਂ ਦੀ ਜਾਂਚ ਕੀਤੀ, ਪਰ ਉਨ੍ਹਾਂ ਨੂੰ ਤਸੱਲੀ ਨਹੀਂ ਹੋਈ। ਲਗਭਗ 1948 ਵਿਚ ਦੋ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਮੇਰੇ ਮੰਮੀ ਜੀ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ ਅਤੇ ਕਈ ਸਵਾਲ ਪੁੱਛੇ। ਹਾਲੇ ਗੱਲਬਾਤ ਕਰਦਿਆਂ ਨੂੰ ਘੰਟਾ ਵੀ ਨਹੀਂ ਸੀ ਹੋਇਆ ਕਿ ਮੇਰੇ ਮੰਮੀ ਜੀ ਨੇ ਮੈਨੂੰ ਤੇ ਮੇਰੀ ਛੋਟੀ ਭੈਣ ਨੂੰ ਕਿਹਾ, “ਮੈਨੂੰ ਸੱਚਾਈ ਮਿਲ ਗਈ!” ਇਸ ਤੋਂ ਜਲਦੀ ਬਾਅਦ ਅਰਫਰਟ ਵਿਚ ਮੈਂ, ਮੇਰੇ ਮੰਮੀ ਅਤੇ ਮੇਰੀ ਭੈਣ ਸਭਾਵਾਂ ’ਤੇ ਜਾਣ ਲੱਗ ਪਏ।

1950 ਵਿਚ ਅਸੀਂ ਵਾਪਸ ਬਰਲਿਨ ਚਲੇ ਗਏ। ਇੱਥੇ ਅਸੀਂ ਬਰਲਿਨ ਕਰਯੁਬਰਗ ਮੰਡਲੀ ਵਿਚ ਜਾਣ ਲੱਗੇ। ਫਿਰ ਅਸੀਂ ਬਰਲਿਨ ਟੈਮਪੈਲਹੋਫ ਦੀ ਮੰਡਲੀ ਵਿਚ ਜਾਣ ਲੱਗ ਪਏ। ਸਮੇਂ ਦੇ ਬੀਤਣ ਨਾਲ ਮੇਰੇ ਮੰਮੀ ਜੀ ਨੇ ਬਪਤਿਸਮਾ ਲੈ ਲਿਆ, ਪਰ ਮੈਂ ਬਪਤਿਸਮਾ ਲੈਣ ਤੋਂ ਝਿਜਕਦਾ ਸੀ। ਕਿਉਂ?

ਮੈਂ ਆਪਣੇ ਸ਼ਰਮੀਲੇ ਸੁਭਾਅ ਨੂੰ ਬਦਲਿਆ

ਸ਼ਰਮੀਲੇ ਸੁਭਾਅ ਦਾ ਹੋਣ ਕਰਕੇ ਮੈਂ ਯਹੋਵਾਹ ਦੀ ਸੇਵਾ ਵਿਚ ਬਹੁਤੀ ਤਰੱਕੀ ਨਹੀਂ ਕੀਤੀ। ਚਾਹੇ ਮੈਂ ਦੋ ਸਾਲ ਪ੍ਰਚਾਰ ’ਤੇ ਗਿਆ, ਪਰ ਮੈਂ ਕਦੇ ਕਿਸੇ ਨੂੰ ਗਵਾਹੀ ਨਹੀਂ ਦਿੱਤੀ ਸੀ। ਪਰ ਹਾਲਾਤ ਬਦਲ ਗਏ ਜਦੋਂ ਮੈਂ ਯਹੋਵਾਹ ਦੀ ਸੇਵਾ ਕਰਨ ਵਾਲੇ ਦਲੇਰ ਭੈਣਾਂ-ਭਰਾਵਾਂ ਨਾਲ ਸੰਗਤੀ ਕਰਨ ਲੱਗਾ। ਕੁਝ ਜਣਿਆਂ ਨੇ ਨਾਜ਼ੀ ਤਸ਼ੱਦਦ ਕੈਂਪਾਂ ਜਾਂ ਪੂਰਬੀ ਜਰਮਨੀ ਦੀਆਂ ਜੇਲ੍ਹਾਂ ਵਿਚ ਕੈਦ ਕੱਟੀ ਸੀ। ਕਈ ਜਣਿਆਂ ਨੇ ਪੂਰਬੀ ਜਰਮਨੀ ਤਕ ਪ੍ਰਕਾਸ਼ਨ ਪਹੁੰਚਾਉਣ ਲਈ ਆਪਣੀ ਆਜ਼ਾਦੀ ਖ਼ਤਰੇ ਵਿਚ ਪਾਈ। ਉਨ੍ਹਾਂ ਦੀਆਂ ਮਿਸਾਲਾਂ ਦਾ ਮੇਰੇ ’ਤੇ ਗਹਿਰਾ ਅਸਰ ਪਿਆ। ਮੈਂ ਸੋਚਿਆ, ‘ਜੇ ਇਨ੍ਹਾਂ ਨੇ ਯਹੋਵਾਹ ਅਤੇ ਭੈਣਾਂ-ਭਰਾਵਾਂ ਦੀ ਖ਼ਾਤਰ ਆਪਣੀਆਂ ਜ਼ਿੰਦਗੀਆਂ ਤੇ ਆਜ਼ਾਦੀ ਖ਼ਤਰੇ ਵਿਚ ਪਾਈ ਸੀ, ਤਾਂ ਕੀ ਮੈਨੂੰ ਘੱਟੋ-ਘੱਟ ਆਪਣੇ ਸ਼ਰਮੀਲੇ ਸੁਭਾਅ ਨੂੰ ਨਹੀਂ ਬਦਲਣਾ ਚਾਹੀਦਾ?’

1955 ਵਿਚ ਪ੍ਰਚਾਰ ਲਈ ਰੱਖੀ ਗਈ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਕੇ ਮੈਂ ਆਪਣੇ ਸ਼ਰਮੀਲੇ ਸੁਭਾਅ ਨੂੰ ਬਦਲਣਾ ਸ਼ੁਰੂ ਕੀਤਾ। ਇਨਫ਼ਾਰਮੈਂਟ * ਵਿਚ ਛਪੀ ਇਕ ਚਿੱਠੀ ਵਿਚ ਭਰਾ ਨੇਥਨ ਨੌਰ ਨੇ ਘੋਸ਼ਣਾ ਕੀਤੀ ਕਿ ਪ੍ਰਚਾਰ ਲਈ ਸੰਗਠਨ ਵੱਲੋਂ ਚਲਾਈਆਂ ਮੁਹਿੰਮਾਂ ਵਿਚ ਇਹ ਸਭ ਤੋਂ ਵੱਡੀ ਮੁਹਿੰਮ ਹੈ। ਭਰਾ ਨੇ ਕਿਹਾ ਕਿ ਜੇ ਸਾਰੇ ਪ੍ਰਚਾਰਕ ਇਸ ਵਿਚ ਹਿੱਸਾ ਲੈਣਗੇ, ਤਾਂ “ਇਹ ਗਵਾਹੀ ਦੇਣ ਦਾ ਹੁਣ ਤਕ ਦਾ ਸਭ ਤੋਂ ਵਧੀਆ ਮਹੀਨਾ ਹੋਵੇਗਾ।” ਇਹ ਗੱਲ ਕਿੰਨੀ ਸੱਚ ਸਾਬਤ ਹੋਈ! ਬਿਨਾਂ ਦੇਰ ਕੀਤਿਆਂ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ 1956 ਵਿਚ ਬਪਤਿਸਮਾ ਲੈ ਲਿਆ। ਮੇਰੇ ਡੈਡੀ ਜੀ ਤੇ ਮੇਰੀ ਛੋਟੀ ਭੈਣ ਨੇ ਵੀ ਮੇਰੇ ਨਾਲ ਹੀ ਬਪਤਿਸਮਾ ਲਿਆ। ਪਰ ਜਲਦੀ ਹੀ ਮੈਨੂੰ ਇਕ ਹੋਰ ਜ਼ਰੂਰੀ ਫ਼ੈਸਲਾ ਕਰਨਾ ਪਿਆ।

ਕਈ ਸਾਲਾਂ ਤਕ ਮੈਨੂੰ ਪਤਾ ਸੀ ਕਿ ਮੈਨੂੰ ਪਾਇਨੀਅਰਿੰਗ ਸ਼ੁਰੂ ਕਰਨੀ ਚਾਹੀਦੀ, ਪਰ ਮੈਂ ਟਾਲਦਾ ਰਿਹਾ। ਮੈਂ ਫ਼ੈਸਲਾ ਕੀਤਾ ਕਿ ਪਹਿਲਾਂ ਮੈਂ ਬਰਲਿਨ ਵਿਚ ਸਿਖਲਾਈ ਲਵਾਂਗਾ ਕਿ ਹੋਰ ਦੇਸ਼ਾਂ ਵਿਚ ਸਮਾਨ ਕਿਵੇਂ ਖ਼ਰੀਦਿਆ ਤੇ ਵੇਚਿਆ ਜਾਂਦਾ ਹੈ। ਇਸ ਤੋਂ ਬਾਅਦ, ਮੈਂ ਤਜਰਬਾ ਹਾਸਲ ਕਰਨ ਲਈ ਇਹੀ ਕੰਮ ਕਰਨਾ ਚਾਹੁੰਦਾ ਸੀ। ਇਸ ਲਈ 1961 ਵਿਚ ਮੈਂ ਜਰਮਨੀ ਦੇ ਹੈਮਬਰਗ ਦੀ ਸਭ ਤੋਂ ਵੱਡੀ ਬੰਦਰਗਾਹ ’ਤੇ ਕੰਮ ਕਰਨ ਲੱਗ ਪਿਆ। ਮੈਨੂੰ ਆਪਣਾ ਕੰਮ ਇੰਨਾ ਪਸੰਦ ਸੀ ਕਿ ਮੈਂ ਪਾਇਨੀਅਰਿੰਗ ਟਾਲਦਾ ਗਿਆ। ਮੈਂ ਕੀ ਕਰਨਾ ਸੀ?

ਮੈਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਪਿਆਰੇ ਭਰਾਵਾਂ ਰਾਹੀਂ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੇਰੇ ਬਹੁਤ ਸਾਰੇ ਦੋਸਤਾਂ ਨੇ ਪਾਇਨੀਅਰਿੰਗ ਸ਼ੁਰੂ ਕਰ ਕੇ ਮੇਰੇ ਅੱਗੇ ਵਧੀਆ ਮਿਸਾਲ ਰੱਖੀ। ਨਾਲੇ ਤਸ਼ੱਦਦ ਕੈਂਪ ਵਿਚ ਕੈਦ ਕੱਟਣ ਵਾਲੇ ਭਰਾ ਏਰਿਖ਼ ਮੁੰਡ ਨੇ ਮੈਨੂੰ ਯਹੋਵਾਹ ’ਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤਸ਼ੱਦਦ ਕੈਂਪ ਵਿਚ ਆਪਣੇ ’ਤੇ ਭਰੋਸਾ ਰੱਖਣ ਵਾਲੇ ਭਰਾਵਾਂ ਦੀ ਨਿਹਚਾ ਬਾਅਦ ਵਿਚ ਕਮਜ਼ੋਰ ਪੈ ਗਈ। ਪਰ ਯਹੋਵਾਹ ’ਤੇ ਪੂਰੀ ਤਰ੍ਹਾਂ ਭਰੋਸਾ ਰੱਖਣ ਵਾਲੇ ਭਰਾ ਵਫ਼ਾਦਾਰ ਰਹੇ ਅਤੇ ਮੰਡਲੀ ਦੇ ਥੰਮ੍ਹ ਬਣੇ।

1963 ਵਿਚ ਜਦੋਂ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ

ਮਾਰਟਿਨ ਪੌਏਟਜ਼ਿੰਗਰ, ਜਿਨ੍ਹਾਂ ਨੇ ਬਾਅਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ, ਭਰਾਵਾਂ ਨੂੰ ਇਹ ਕਹਿ ਕੇ ਹੌਸਲਾ ਦਿੰਦੇ ਰਹੇ, “ਦਲੇਰੀ ਇਕ ਅਨਮੋਲ ਗੁਣ ਹੈ ਜੋ ਤੁਸੀਂ ਆਪਣੇ ਵਿਚ ਪੈਦਾ ਕਰ ਸਕਦੇ ਹੋ।” ਇਨ੍ਹਾਂ ਸ਼ਬਦਾਂ ’ਤੇ ਸੋਚ-ਵਿਚਾਰ ਕਰ ਕੇ ਮੈਂ ਆਪਣਾ ਕੰਮ ਛੱਡ ਦਿੱਤਾ ਅਤੇ ਜੂਨ 1963 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ। ਹਾਲੇ ਤਾਂ ਮੈਂ ਨਵਾਂ ਕੰਮ ਵੀ ਲੱਭਣਾ ਸ਼ੁਰੂ ਨਹੀਂ ਕੀਤਾ ਸੀ ਕਿ ਦੋ ਮਹੀਨਿਆਂ ਬਾਅਦ ਹੀ ਮੈਨੂੰ ਸਪੈਸ਼ਲ ਪਾਇਨੀਅਰਿੰਗ ਕਰਨ ਦਾ ਸੱਦਾ ਮਿਲਿਆ। ਕੁਝ ਸਾਲਾਂ ਬਾਅਦ ਯਹੋਵਾਹ ਨੇ ਮੇਰੇ ਲਈ ਉਹ ਕੀਤਾ ਜੋ ਮੈਂ ਸੋਚਿਆ ਨਹੀਂ ਸੀ। ਮੈਨੂੰ ਗਿਲਿਅਡ ਦੀ 44ਵੀਂ ਕਲਾਸ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ।

ਗਿਲਿਅਡ ਵਿਚ ਇਕ ਵਧੀਆ ਸਬਕ ਸਿੱਖਿਆ

ਮੈਂ ਬਹੁਤ ਸਾਰੇ ਸਬਕ ਸਿੱਖੇ, ਖ਼ਾਸ ਕਰਕੇ ਭਰਾ ਨੇਥਨ ਨੌਰ ਅਤੇ ਲਾਇਮਨ ਸਵਿੰਗਲ ਤੋਂ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸਬਕ ਸੀ, “ਝੱਟ ਆਪਣੀ ਜ਼ਿੰਮੇਵਾਰੀ ਨਾ ਛੱਡੋ।” ਉਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਆਪਣੀ ਜ਼ਿੰਮੇਵਾਰੀ ਨਾ ਛੱਡੋ। ਭਰਾ ਨੌਰ ਨੇ ਕਿਹਾ: “ਤੁਸੀਂ ਕਿਸ ਚੀਜ਼ ’ਤੇ ਧਿਆਨ ਲਾਓਗੇ? ਮਿੱਟੀ, ਕੀੜੇ-ਮਕੌੜਿਆਂ ਜਾਂ ਗ਼ਰੀਬੀ ’ਤੇ? ਜਾਂ ਦਰਖ਼ਤਾਂ, ਫੁੱਲਾਂ ਅਤੇ ਮੁਸਕਰਾਉਂਦੇ ਚਿਹਰਿਆਂ ’ਤੇ? ਲੋਕਾਂ ਨੂੰ ਪਿਆਰ ਕਰਨਾ ਸਿੱਖੋ!” ਇਕ ਦਿਨ ਭਰਾ ਸਵਿੰਗਲ ਨੇ ਸਮਝਾਇਆ ਕਿ ਕਿਉਂ ਕੁਝ ਭਰਾ ਝੱਟ ਹਾਰ ਮੰਨ ਜਾਂਦੇ ਹਨ। ਭਰਾ ਸਵਿੰਗਲ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਲਈ ਬੋਲਣਾ ਵੀ ਔਖਾ ਹੋ ਗਿਆ ਤੇ ਆਪਣੇ ’ਤੇ ਕਾਬੂ ਪਾਉਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਬੋਲਣਾ ਸ਼ੁਰੂ ਕੀਤਾ। ਮੇਰੇ ’ਤੇ ਇਸ ਦਾ ਬਹੁਤ ਅਸਰ ਪਿਆ ਅਤੇ ਫ਼ੈਸਲਾ ਕੀਤਾ ਕਿ ਨਾ ਤਾਂ ਮੈਂ ਮਸੀਹ ਨੂੰ ਅਤੇ ਨਾ ਹੀ ਉਸ ਦੇ ਵਫ਼ਾਦਾਰ ਭਰਾਵਾਂ ਨੂੰ ਨਿਰਾਸ਼ ਕਰਾਂਗਾ।—ਮੱਤੀ 25:40.

1967 ਵਿਚ ਮੈਂ, ਕਲੋਡ ਤੇ ਹੈਨਰਿਕ ਲੁਬੂਮਬਾਸ਼ੀ ਵਿਚ ਆਪਣੇ ਮਿਸ਼ਨਰੀ ਸੇਵਾ ਦੌਰਾਨ

ਜਦੋਂ ਸਾਨੂੰ ਸਾਰਿਆਂ ਨੂੰ ਆਪਣੀ ਸੇਵਾ ਦੀ ਜ਼ਿੰਮੇਵਾਰੀ ਮਿਲੀ, ਤਾਂ ਬੈਥਲ ਦੇ ਤਿੰਨ ਭਰਾਵਾਂ ਨੇ ਬੜੀ ਉਤਸੁਕਤਾ ਨਾਲ ਸਾਨੂੰ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ। ਉਨ੍ਹਾਂ ਨੇ ਸਾਰਿਆਂ ਨੂੰ ਕੁਝ ਵਧੀਆ ਹੀ ਕਿਹਾ। ਪਰ ਜਦੋਂ ਮੈਂ ਕਿਹਾ: “ਕਾਂਗੋ (ਕਿੰਸ਼ਾਸਾ),” ਤਾਂ ਉਹ ਥੋੜ੍ਹੀ ਦੇਰ ਲਈ ਚੁੱਪ ਕਰ ਗਏ। ਫਿਰ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ: “ਓਹ ਕਾਂਗੋ, ਯਹੋਵਾਹ ਤੇਰੇ ਨਾਲ ਹੋਵੇ!” ਉਨ੍ਹਾਂ ਦਿਨਾਂ ਵਿਚ ਕਾਂਗੋ (ਕਿੰਸ਼ਾਸਾ) ਬਾਰੇ ਬਹੁਤ ਸਾਰੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਉੱਥੇ ਲੋਕ ਆਪਸ ਵਿਚ ਲੜ ਰਹੇ ਸਨ ਅਤੇ ਇਕ-ਦੂਜੇ ਨੂੰ ਹੀ ਜਾਨੋਂ ਮਾਰ ਰਹੇ ਸਨ। ਪਰ ਮੈਂ ਗਿਲਿਅਡ ਵਿਚ ਸਿੱਖੇ ਸਬਕ ਯਾਦ ਰੱਖੇ। ਆਪਣੀ ਗ੍ਰੈਜੂਏਸ਼ਨ ਤੋਂ ਥੋੜ੍ਹੀ ਦੇਰ ਬਾਅਦ ਸਤੰਬਰ 1967 ਵਿਚ ਮੈਂ, ਹੈਨਰਿਕ ਡੈਨਬੋਸਟਲ ਅਤੇ ਕਲੋਡ ਲਿੰਜ਼ੀ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ ਨੂੰ ਜਾਣ ਲਈ ਨਿਕਲ ਗਏ।

ਮਿਸ਼ਨਰੀਆਂ ਵਜੋਂ ਵਧੀਆ ਸਬਕ ਸਿੱਖੇ

ਕਿੰਸ਼ਾਸਾ ਪਹੁੰਚ ਕੇ ਅਸੀਂ ਤਿੰਨ ਮਹੀਨਿਆਂ ਲਈ ਫ਼੍ਰੈਂਚ ਸਿੱਖੀ। ਫਿਰ ਅਸੀਂ ਲੁਬੂਮਬਾਸ਼ੀ ਚਲੇ ਗਏ ਜਿਸ ਨੂੰ ਪਹਿਲਾਂ ਐਲਿਸਬਿਟਵਿਲ ਕਹਿੰਦੇ ਸੀ। ਇਹ ਦੱਖਣੀ ਕਾਂਗੋ ਜ਼ੈਂਬੀਆ ਦੀ ਸਰਹੱਦ ਨੇੜੇ ਸੀ। ਅਸੀਂ ਮਿਸ਼ਨਰੀ ਘਰ ਵਿਚ ਰਹੇ ਜੋ ਸ਼ਹਿਰ ਦੇ ਵਿਚ ਸੀ।

ਉਸ ਵੇਲੇ ਤਕ ਲੁਬੂਮਬਾਸ਼ੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਪ੍ਰਚਾਰ ਨਹੀਂ ਹੋਇਆ ਸੀ। ਅਸੀਂ ਖ਼ੁਸ਼ ਸੀ ਕਿ ਇੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਪਹਿਲੀ ਵਾਰੀ ਸੱਚਾਈ ਦੱਸਣੀ ਸੀ। ਸਾਨੂੰ ਜਲਦੀ ਹੀ ਬਹੁਤ ਸਾਰੇ ਬਾਈਬਲ ਅਧਿਐਨ ਮਿਲ ਗਏ ਅਤੇ ਅਸੀਂ ਸਾਰੇ ਨਹੀਂ ਕਰਾ ਪਾਉਂਦੇ ਸੀ। ਅਸੀਂ ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਵਾਲਿਆਂ ਨੂੰ ਵੀ ਗਵਾਹੀ ਦਿੱਤੀ। ਬਹੁਤ ਜਣਿਆਂ ਨੇ ਪਰਮੇਸ਼ੁਰ ਦੇ ਬਚਨ ਅਤੇ ਸਾਡੇ ਕੰਮ ਲਈ ਕਦਰ ਦਿਖਾਈ। ਉੱਥੋਂ ਦੇ ਲੋਕ ਸਹੇਲੀ ਭਾਸ਼ਾ ਬੋਲਦੇ ਸਨ। ਇਸ ਲਈ ਮੈਂ ਤੇ ਕਲੋਡ ਲਿੰਜ਼ੀ ਨੇ ਸਹੇਲੀ ਭਾਸ਼ਾ ਸਿੱਖੀ। ਇਸ ਤੋਂ ਜਲਦੀ ਬਾਅਦ ਸਾਨੂੰ ਸਹੇਲੀ ਭਾਸ਼ਾ ਵਾਲੀ ਮੰਡਲੀ ਵਿਚ ਭੇਜ ਦਿੱਤਾ ਗਿਆ।

ਚਾਹੇ ਸਾਨੂੰ ਇਸ ਇਲਾਕੇ ਵਿਚ ਬਹੁਤ ਵਧੀਆ ਤਜਰਬੇ ਹੋਏ, ਪਰ ਸਾਨੂੰ ਕਈ ਚੁਣੌਤੀਆਂ ਦਾ ਵੀ ਸਾਮ੍ਹਣਾ ਕਰਨਾ ਪਿਆ। ਅਕਸਰ ਬੰਦੂਕਾਂ ਫੜੀ ਸ਼ਰਾਬੀ ਫ਼ੌਜੀ ਜਾਂ ਗੁੱਸੇਖ਼ੋਰ ਪੁਲਿਸ ਵਾਲੇ ਸਾਡੇ ’ਤੇ ਝੂਠੇ ਇਲਜ਼ਾਮ ਲਾਉਂਦੇ ਸਨ। ਇਕ ਵਾਰ ਮਿਸ਼ਨਰੀ ਘਰ ਵਿਚ ਮੰਡਲੀ ਦੀ ਸਭਾ ਚੱਲ ਰਹੀ ਸੀ ਕਿ ਹਥਿਆਰ ਚੁੱਕੀ ਬਹੁਤ ਸਾਰੇ ਪੁਲਿਸ ਵਾਲੇ ਆ ਧਮਕੇ ਅਤੇ ਸਾਰੇ ਭਰਾਵਾਂ ਨੂੰ ਫੜ ਕੇ ਥਾਣੇ ਲੈ ਗਿਆ। ਸਾਨੂੰ ਛੱਡਣ ਤੋਂ ਪਹਿਲਾਂ ਰਾਤ ਦੇ 10 ਵਜੇ ਤਕ ਉਨ੍ਹਾਂ ਨੇ ਸਾਨੂੰ ਜ਼ਮੀਨ ’ਤੇ ਬਿਠਾਈ ਰੱਖਿਆ।

1969 ਵਿਚ ਮੈਨੂੰ ਸਫ਼ਰੀ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਇੱਥੇ ਸਰਕਟ ਕੰਮ ਕਰਦਿਆਂ ਮੈਂ ਕਈ ਵਾਰ ਸਾਈਕਲ ’ਤੇ ਦੂਰ-ਦੂਰ ਉਨ੍ਹਾਂ ਰਸਤਿਆਂ ਰਾਹੀਂ ਜਾਂਦਾ ਸੀ ਜੋ ਚਿੱਕੜ ਨਾਲ ਭਰੇ ਹੁੰਦੇ ਸੀ ਤੇ ਜਿਨ੍ਹਾਂ ’ਤੇ ਲੰਬਾ-ਲੰਬਾ ਘਾਹ ਉੱਗਿਆ ਹੁੰਦਾ ਸੀ। ਇਹ ਅਫ਼ਰੀਕਾ ਵਿਚ ਆਮ ਸੀ। ਇਕ ਪਿੰਡ ਵਿਚ ਇਕ ਮੁਰਗੀ ਆਪਣੇ ਚੂਚਿਆਂ ਸਣੇ ਰਾਤ ਨੂੰ ਮੇਰੇ ਮੰਜੇ ਹੇਠ ਸੌਂਦੀ ਸੀ। ਮੈਂ ਕਦੇ ਨਹੀਂ ਭੁੱਲਾਂਗਾ ਕਿ ਕਿਵੇਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਉਸ ਦੀ ਉੱਚੀ ਆਵਾਜ਼ ਨਾਲ ਮੇਰੀ ਜਾਗ ਖੁੱਲ੍ਹ ਜਾਂਦੀ ਸੀ। ਮੈਨੂੰ ਯਾਦ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਕਿਵੇਂ ਸ਼ਾਮ ਨੂੰ ਅੱਗ ਦੁਆਲੇ ਬੈਠ ਕੇ ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰਦਾ ਸੀ।

ਉਨ੍ਹਾਂ ਲੋਕਾਂ ਦਾ ਸਾਮ੍ਹਣਾ ਕਰਨਾ ਸਭ ਤੋਂ ਵੱਡੀ ਚੁਣੌਤੀ ਸੀ ਜੋ ਯਹੋਵਾਹ ਦੇ ਗਵਾਹ ਹੋਣ ਦਾ ਦਿਖਾਵਾ ਕਰਦੇ ਸਨ, ਪਰ ਅਸਲ ਵਿਚ ਉਹ ਕੀਟੋਵਾਲ ਮੁਹਿੰਮ * ਦਾ ਸਮਰਥਨ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਬਪਤਿਸਮਾ ਲਿਆ ਅਤੇ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਵੀ ਕਰਨ ਲੱਗ ਪਏ। ਇੱਦਾਂ ਦੇ ਬਹੁਤ ਸਾਰੇ “ਲੁਕੇ ਹੋਏ ਪੱਥਰ” ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਨਹੀਂ ਭਰਮਾ ਸਕੇ। (ਯਹੂ. 12) ਅਖ਼ੀਰ ਯਹੋਵਾਹ ਨੇ ਇਹੋ ਜਿਹੇ ਲੋਕਾਂ ਨੂੰ ਕੱਢ ਕੇ ਮੰਡਲੀਆਂ ਨੂੰ ਸਾਫ਼ ਕੀਤਾ। ਇਸ ਤੋਂ ਬਾਅਦ ਬਹੁਤ ਸਾਰੇ ਲੋਕ ਸੱਚਾਈ ਵਿਚ ਆਏ।

1971 ਵਿਚ ਮੈਨੂੰ ਕਿੰਸ਼ਾਸਾ ਦੇ ਬ੍ਰਾਂਚ ਆਫ਼ਿਸ ਭੇਜ ਦਿੱਤਾ ਗਿਆ ਜਿੱਥੇ ਮੈਂ ਅਲੱਗ-ਅਲੱਗ ਕੰਮ ਕੀਤੇ, ਜਿਵੇਂ ਚਿੱਠੀਆਂ ਦੇ, ਪ੍ਰਕਾਸ਼ਨਾਂ ਦੀ ਮੰਗ ਪੂਰੀ ਕਰਨ ਵਾਲੇ ਅਤੇ ਮੰਡਲੀਆਂ ਦੇ ਵੱਖੋ-ਵੱਖਰੇ ਮਾਮਲਿਆਂ ਨੂੰ ਨਜਿੱਠਣ ਵਾਲੇ ਵਿਭਾਗ ਵਿਚ। ਬੈਥਲ ਵਿਚ ਮੈਂ ਸਿੱਖਿਆ ਕਿ ਇੰਨੇ ਵੱਡੇ ਦੇਸ਼ ਵਿਚ ਥੋੜ੍ਹੀਆਂ ਸਹੂਲਤਾਂ ਦੇ ਬਾਵਜੂਦ ਕੰਮ ਕਿਵੇਂ ਕਰਨਾ ਹੈ। ਕਈ ਵਾਰ ਮੰਡਲੀਆਂ ਤਕ ਸਾਡੀ ਡਾਕ ਪਹੁੰਚਣ ਲਈ ਕਈ ਮਹੀਨੇ ਲੱਗ ਜਾਂਦੇ ਸਨ। ਡਾਕ ਹਵਾਈ ਜਹਾਜ਼ਾਂ ਤੋਂ ਉਤਾਰ ਕੇ ਕਿਸ਼ਤੀਆਂ ਵਿਚ ਰੱਖੀ ਜਾਂਦੀ ਸੀ। ਇਸ ਤੋਂ ਬਾਅਦ ਇਹ ਕਿਸ਼ਤੀਆਂ ਹਫ਼ਤਿਆਂ ਤਕ ਪਾਣੀ ਵਿਚ ਉੱਗੀ ਬੂਟੀ ਵਿਚ ਫਸੀਆਂ ਰਹਿੰਦੀਆਂ ਸਨ। ਇਨ੍ਹਾਂ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਕੰਮ ਹੁੰਦਾ ਰਿਹਾ।

ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਘੱਟ ਪੈਸਿਆਂ ਦੇ ਬਾਵਜੂਦ ਸਾਡੇ ਭੈਣ-ਭਰਾ ਵੱਡੇ ਸੰਮੇਲਨ ਕਿਵੇਂ ਕਰਦੇ ਸਨ। ਉਹ ਸਿਉਂਕ ਦੁਆਰਾ ਬਣਾਏ ਮਿੱਟੀ ਦੇ ਟਿੱਲਿਆਂ ਨੂੰ ਘੜ ਕੇ ਸਟੇਜ ਬਣਾਉਂਦੇ ਸਨ, ਲੰਬੇ-ਲੰਬੇ ਘਾਹ ਦੀਆਂ ਕੰਧਾਂ ਬਣਾਉਂਦੇ ਸਨ ਅਤੇ ਘਾਹ ਨੂੰ ਇਕੱਠਾ ਕਰ ਕੇ ਬੈਠਣ ਲਈ ਸੀਟਾਂ ਬਣਾਉਂਦੇ ਸਨ। ਉਹ ਬਾਂਸ ਨੂੰ ਜ਼ਮੀਨ ਵਿਚ ਗੱਡ ਕੇ ਉਸ ’ਤੇ ਕਾਨਿਆਂ ਦੀ ਛੱਤ ਪਾਉਂਦੇ ਸੀ ਤੇ ਉਨ੍ਹਾਂ ਤੋਂ ਹੀ ਮੇਜ਼ ਬਣਾਉਂਦੇ ਸਨ। ਉਹ ਦਰਖ਼ਤ ਦੇ ਤਣੇ ਤੋਂ ਮੇਖਾਂ ਬਣਾਉਂਦੇ ਸਨ। ਇਹ ਦੇਖ ਕੇ ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਸੀ ਕਿ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਭੈਣ-ਭਰਾ ਕਿੰਨੀਆਂ ਵਧੀਆ ਸਕੀਮਾਂ ਲਾਉਂਦੇ ਸਨ। ਉਨ੍ਹਾਂ ਭੈਣਾਂ-ਭਰਾਵਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ। ਨਵੀਂ ਜ਼ਿੰਮੇਵਾਰੀ ਮਿਲਣ ਕਰਕੇ ਜਦੋਂ ਮੈਂ ਉਨ੍ਹਾਂ ਤੋਂ ਦੂਰ ਗਿਆ, ਤਾਂ ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਸੀ।

ਕੀਨੀਆ ਵਿਚ ਸੇਵਾ

1974 ਵਿਚ ਮੈਨੂੰ ਕੀਨੀਆ ਦੇ ਬ੍ਰਾਂਚ ਆਫ਼ਿਸ ਵਿਚ ਭੇਜਿਆ ਗਿਆ ਜੋ ਨੈਰੋਬੀ ਵਿਚ ਸੀ। ਸਾਡੇ ਕੋਲ ਬਹੁਤ ਸਾਰਾ ਕੰਮ ਸੀ ਕਿਉਂਕਿ ਕੀਨੀਆ ਦੀ ਬ੍ਰਾਂਚ ਨੇੜੇ ਪੈਂਦੇ 10 ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਦੀ ਸੀ ਜਿਨ੍ਹਾਂ ਵਿੱਚੋਂ ਕੁਝ ਦੇਸ਼ਾਂ ਵਿਚ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਮੈਨੂੰ ਅਕਸਰ ਇਨ੍ਹਾਂ ਦੇਸ਼ਾਂ ਵਿਚ ਭੇਜਿਆ ਜਾਂਦਾ ਸੀ, ਖ਼ਾਸ ਕਰਕੇ ਇਥੋਪੀਆ ਵਿਚ। ਇੱਥੇ ਸਾਡੇ ਭਰਾਵਾਂ ’ਤੇ ਅਤਿਆਚਾਰ ਕੀਤੇ ਗਏ ਅਤੇ ਉਨ੍ਹਾਂ ਨੂੰ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ। ਕਈਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਾਂ ਜੇਲ੍ਹਾਂ ਵਿਚ ਸੁੱਟਿਆ ਗਿਆ ਅਤੇ ਕਈ ਜਣਿਆਂ ਨੂੰ ਜਾਨੋਂ ਵੀ ਮਾਰਿਆ ਗਿਆ। ਪਰ ਯਹੋਵਾਹ ਅਤੇ ਇਕ-ਦੂਜੇ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਉਹ ਸਭ ਕੁਝ ਵਫ਼ਾਦਾਰੀ ਨਾਲ ਸਹਿ ਸਕੇ।

1980 ਵਿਚ ਮੇਰੀ ਜ਼ਿੰਦਗੀ ਵਿਚ ਖ਼ੁਸ਼ੀ ਦੀ ਗੱਲ ਹੋਈ। ਗੇਲ ਮੈਥੀਸਨ ਨਾਲ ਮੇਰਾ ਵਿਆਹ ਹੋ ਗਿਆ। ਗੇਲ ਕੈਨੇਡਾ ਤੋਂ ਸੀ ਅਤੇ ਅਸੀਂ ਦੋਨੋਂ ਗਿਲਿਅਡ ਦੀ ਇੱਕੋ ਕਲਾਸ ਵਿਚ ਸੀ। ਕਲਾਸ ਤੋਂ ਬਾਅਦ ਅਸੀਂ ਇਕ-ਦੂਜੇ ਨੂੰ ਚਿੱਠੀਆਂ ਲਿਖਦੇ ਰਹੇ। ਗੇਲ ਬੋਲੀਵੀਆ ਵਿਚ ਮਿਸ਼ਨਰੀ ਸੇਵਾ ਕਰਦੀ ਸੀ। ਬਾਰਾਂ ਸਾਲਾਂ ਬਾਅਦ ਅਸੀਂ ਨਿਊਯਾਰਕ ਵਿਚ ਫਿਰ ਤੋਂ ਮਿਲੇ। ਇਸ ਤੋਂ ਜਲਦੀ ਬਾਅਦ ਕੀਨੀਆ ਵਿਚ ਅਸੀਂ ਵਿਆਹ ਕਰਵਾ ਲਿਆ। ਮੈਂ ਗੇਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਹਮੇਸ਼ਾ ਯਹੋਵਾਹ ਵਰਗਾ ਨਜ਼ਰੀਆ ਰੱਖਦੀ ਹੈ ਅਤੇ ਉਹ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਰਹਿੰਦੀ ਹੈ ਜੋ ਉਸ ਕੋਲ ਹਨ। ਉਹ ਹਮੇਸ਼ਾ ਮੇਰਾ ਸਾਥ ਦਿੰਦੀ ਹੈ।

1986 ਵਿਚ ਮੈਨੂੰ ਤੇ ਗੇਲ ਨੂੰ ਸਫ਼ਰੀ ਕੰਮ ਦੀ ਜ਼ਿੰਮੇਵਾਰੀ ਮਿਲੀ। ਉਸ ਦੌਰਾਨ ਮੈਂ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕਰਦਾ ਸੀ। ਮੈਂ ਕੀਨੀਆ ਬ੍ਰਾਂਚ ਅਧੀਨ ਆਉਂਦੇ ਕਈ ਦੇਸ਼ਾਂ ਵਿਚ ਸਫ਼ਰੀ ਕੰਮ ਕੀਤਾ।

1992 ਵਿਚ ਅਸਮਾਰਾ ਵਿਚ ਸੰਮੇਲਨ ’ਤੇ ਭਾਸ਼ਣ ਦਿੰਦੇ ਹੋਏ

ਮੈਨੂੰ 1992 ਦੀ ਗੱਲ ਹਾਲੇ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਅਸੀਂ ਅਸਮਾਰਾ (ਐਰੀਟ੍ਰੀਆ) ਵਿਚ ਸੰਮੇਲਨ ਦੀਆਂ ਤਿਆਰੀਆਂ ਕਰ ਰਹੇ ਸੀ। ਉਸ ਸਮੇਂ ਉੱਥੇ ਸਾਡੇ ਕੰਮ ’ਤੇ ਪਾਬੰਦੀ ਨਹੀਂ ਲੱਗੀ ਸੀ। ਅਫ਼ਸੋਸ ਕਿ ਸਾਨੂੰ ਇਕ ਪੁਰਾਣੀ ਇਮਾਰਤ ਮਿਲੀ ਜਿਸ ਦੀ ਹਾਲਤ ਬਾਹਰ ਨਾਲੋਂ ਜ਼ਿਆਦਾ ਅੰਦਰੋਂ ਖ਼ਰਾਬ ਸੀ। ਸੰਮੇਲਨ ਵਾਲੇ ਦਿਨ, ਮੈਂ ਹੈਰਾਨ ਰਹਿ ਗਿਆ ਕਿ ਭੈਣਾਂ-ਭਰਾਵਾਂ ਨੇ ਉਸ ਇਮਾਰਤ ਨੂੰ ਅੰਦਰੋਂ ਸੰਵਾਰ ਕੇ ਭਗਤੀ ਦੇ ਲਾਇਕ ਬਣਾ ਦਿੱਤਾ। ਬਹੁਤ ਸਾਰੇ ਪਰਿਵਾਰ ਘਰੋਂ ਸਜਾਵਟੀ ਕੱਪੜੇ ਲੈ ਕੇ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਕੱਪੜਿਆਂ ਨਾਲ ਖ਼ਰਾਬ ਚੀਜ਼ਾਂ ਨੂੰ ਢੱਕ ਦਿੱਤਾ। ਸੰਮੇਲਨ ਬਹੁਤ ਵਧੀਆ ਸੀ ਜਿਸ ਵਿਚ 1,279 ਜਣੇ ਆਏ ਸਨ।

ਸਫ਼ਰੀ ਕੰਮ ਬਿਲਕੁਲ ਵੱਖਰਾ ਸੀ ਕਿਉਂਕਿ ਅਸੀਂ ਹਰ ਹਫ਼ਤੇ ਅਲੱਗ-ਅਲੱਗ ਥਾਵਾਂ ’ਤੇ ਰਹਿੰਦੇ ਸੀ। ਇਕ ਵਾਰ ਅਸੀਂ ਸਮੁੰਦਰ ਕਿਨਾਰੇ ਬਹੁਤ ਹੀ ਆਲੀਸ਼ਾਨ ਘਰ ਵਿਚ ਰਹੇ ਅਤੇ ਇਕ ਵਾਰ ਅਸੀਂ ਸਟੀਲ ਦੇ ਬਣੇ ਇਕ ਕਮਰੇ ਵਿਚ ਰਹੇ ਜਿੱਥੇ ਬਾਥਰੂਮ ਵੀ 300 ਤੋਂ ਜ਼ਿਆਦਾ ਫੁੱਟ (100 ਮੀਟਰ) ਦੀ ਦੂਰੀ ’ਤੇ ਸੀ। ਚਾਹੇ ਅਸੀਂ ਜਿੱਥੇ ਮਰਜ਼ੀ ਸੇਵਾ ਕੀਤੀ, ਪਰ ਸਾਨੂੰ ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਜੋ ਅਸੀਂ ਜੋਸ਼ੀਲੇ ਪਾਇਨੀਅਰਾਂ ਅਤੇ ਪ੍ਰਚਾਰਕਾਂ ਨਾਲ ਸੇਵਾ ਕਰਦਿਆਂ ਬਿਤਾਏ ਸੀ। ਅਗਲੀ ਜ਼ਿੰਮੇਵਾਰੀ ਮਿਲਣ ’ਤੇ ਸਾਡੇ ਬਹੁਤ ਸਾਰੇ ਦੋਸਤ ਛੁੱਟ ਜਾਂਦੇ ਸਨ ਅਤੇ ਸਾਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਸੀ।

ਇਥੋਪੀਆ ਵਿਚ ਬਰਕਤਾਂ

1987 ਤੋਂ ਲੈ ਕੇ 1992 ਤਕ ਕੀਨੀਆ ਬ੍ਰਾਂਚ ਅਧੀਨ ਆਉਂਦੇ ਬਹੁਤ ਸਾਰੇ ਦੇਸ਼ਾਂ ਵਿਚ ਸਾਡੇ ਕੰਮ ਨੂੰ ਕਾਨੂੰਨੀ ਮਾਨਤਾ ਮਿਲ ਗਈ। ਨਤੀਜੇ ਵਜੋਂ, ਅਲੱਗ-ਅਲੱਗ ਦੇਸ਼ਾਂ ਲਈ ਅਲੱਗ-ਅਲੱਗ ਬ੍ਰਾਂਚ ਆਫ਼ਿਸ ਅਤੇ ਕੰਟਰੀ ਆਫ਼ਿਸ ਬਣਾਏ ਗਏ। 1993 ਵਿਚ ਸਾਨੂੰ ਇਥੋਪੀਆ ਦੀ ਰਾਜਧਾਨੀ ਅਦਿਸ ਅਬਾਬਾ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ ਜਿੱਥੇ ਲੁੱਕ-ਛੁਪ ਕੇ ਕੀਤੇ ਜਾਂਦੇ ਸਾਡੇ ਕੰਮ ਨੂੰ ਦਹਾਕਿਆਂ ਬਾਅਦ ਜਾ ਕੇ ਕਾਨੂੰਨੀ ਮਾਨਤਾ ਮਿਲੀ।

1996 ਵਿਚ ਇਥੋਪੀਆ ਦੇ ਪਿੰਡਾਂ ਵਿਚ ਸਫ਼ਰੀ ਕੰਮ ਕਰਦਿਆਂ

ਇਥੋਪੀਆ ਵਿਚ ਯਹੋਵਾਹ ਨੇ ਸਾਡੇ ਕੰਮ ’ਤੇ ਬਰਕਤ ਪਾਈ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। 2012 ਤੋਂ ਲੈ ਕੇ ਹਰ ਸਾਲ ਵੀਹ ਪ੍ਰਤਿਸ਼ਤ ਤੋਂ ਜ਼ਿਆਦਾ ਪ੍ਰਚਾਰਕ ਪਾਇਨੀਅਰਿੰਗ ਕਰਦੇ ਆਏ ਹਨ। ਨਾਲੇ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਤੋਂ ਕਾਫ਼ੀ ਸਿਖਲਾਈ ਮਿਲੀ ਅਤੇ ਤਕਰੀਬਨ 120 ਕਿੰਗਡਮ ਬਣਾਏ ਗਏ। 2004 ਵਿਚ ਬੈਥਲ ਪਰਿਵਾਰ ਨਵੀਂ ਇਮਾਰਤ ਵਿਚ ਚਲਾ ਗਿਆ ਅਤੇ ਉਸੇ ਇਮਾਰਤ ਵਿਚ ਅਸੈਂਬਲੀ ਹਾਲ ਹੋਣਾ ਵੀ ਇਕ ਬਰਕਤ ਸਾਬਤ ਹੋਇਆ।

ਕਈ ਸਾਲਾਂ ਤਕ ਮੈਂ ਅਤੇ ਗੇਲ ਨੇ ਇਥੋਪੀਆ ਵਿਚ ਭੈਣਾਂ-ਭਰਾਵਾਂ ਨਾਲ ਗਹਿਰੀ ਦੋਸਤੀ ਦਾ ਆਨੰਦ ਮਾਣਿਆ। ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ ਕਿਉਂਕਿ ਉਹ ਬਹੁਤ ਹੀ ਦਿਆਲੂ ਤੇ ਪਿਆਰ ਕਰਨ ਵਾਲੇ ਹਨ। ਕੁਝ ਸਾਲਾਂ ਤੋਂ ਸਾਡੀ ਸਿਹਤ ਖ਼ਰਾਬ ਰਹਿਣ ਲੱਗੀ ਜਿਸ ਕਰਕੇ ਸਾਨੂੰ ਫਿਰ ਤੋਂ ਕੇਂਦਰੀ ਯੂਰਪ ਦੀ ਬ੍ਰਾਂਚ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲ ਗਈ। ਇੱਥੇ ਸਾਡਾ ਬਹੁਤ ਖ਼ਿਆਲ ਰੱਖਿਆ ਜਾਂਦਾ ਹੈ, ਪਰ ਸਾਨੂੰ ਇਥੋਪੀਆ ਦੇ ਭੈਣਾਂ-ਭਰਾਵਾਂ ਦੀ ਬਹੁਤ ਯਾਦ ਆਉਂਦੀ ਹੈ।

ਯਹੋਵਾਹ ਵਧਾਉਂਦਾ ਹੈ

ਅਸੀਂ ਦੇਖਿਆ ਕਿ ਯਹੋਵਾਹ ਨੇ ਆਪਣੇ ਕੰਮ ਨੂੰ ਕਿਵੇਂ ਅੱਗੇ ਵਧਾਇਆ। (1 ਕੁਰਿੰ. 3:6, 9) ਮਿਸਾਲ ਲਈ, ਜਦੋਂ ਮੈਂ ਕਾਂਗੋ ਵਿਚ ਤਾਂਬਾ ਲੱਭਣ ਲਈ ਆਏ ਰਵਾਂਡਾ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਉਸ ਵੇਲੇ ਰਵਾਂਡਾ ਵਿਚ ਕੋਈ ਪ੍ਰਚਾਰਕ ਨਹੀਂ ਸੀ। ਪਰ ਹੁਣ ਉੱਥੇ 30,000 ਤੋਂ ਜ਼ਿਆਦਾ ਭੈਣ-ਭਰਾ ਹਨ। 1967 ਵਿਚ ਕਾਂਗੋ (ਕਿੰਸ਼ਾਸਾ) ਵਿਚ 6,000 ਪ੍ਰਚਾਰਕ ਸਨ। ਇਸ ਵੇਲੇ ਉੱਥੇ ਲਗਭਗ 2,30,000 ਪ੍ਰਚਾਰਕ ਹਨ ਅਤੇ 2018 ਵਿਚ ਦਸ ਲੱਖ ਤੋਂ ਜ਼ਿਆਦਾ ਲੋਕ ਮੈਮੋਰੀਅਲ ਵਿਚ ਹਾਜ਼ਰ ਹੋਏ। ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰਕਾਂ ਦੀ ਗਿਣਤੀ ਵੱਧ ਕੇ ਇਕ ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ ਜੋ ਇਕ ਸਮੇਂ ਕੀਨੀਆ ਬ੍ਰਾਂਚ ਅਧੀਨ ਸਨ।

ਲਗਭਗ ਪੰਜਾਹ ਸਾਲ ਪਹਿਲਾਂ ਯਹੋਵਾਹ ਨੇ ਕਈ ਭਰਾਵਾਂ ਰਾਹੀਂ ਮੇਰੀ ਮਦਦ ਕੀਤੀ ਤਾਂਕਿ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਸਕਾਂ। ਹਾਲੇ ਵੀ ਮੈਂ ਥੋੜ੍ਹਾ ਸ਼ਰਮਾਕਲ ਹਾਂ, ਪਰ ਮੈਂ ਪੂਰੀ ਤਰ੍ਹਾਂ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖਿਆ ਹੈ। ਅਫ਼ਰੀਕਾ ਵਿਚ ਰਹਿਣ ਕਰਕੇ ਮੈਂ ਧੀਰਜ ਰੱਖਣਾ ਅਤੇ ਸੰਤੁਸ਼ਟ ਰਹਿਣਾ ਸਿੱਖਿਆ। ਮੈਂ ਤੇ ਗੇਲ ਉਨ੍ਹਾਂ ਭੈਣਾਂ-ਭਰਾਵਾਂ ਦੀ ਦਿਲੋਂ ਕਦਰ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਰਾਹੁਣਚਾਰੀ ਦਿਖਾਈ, ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਅਤੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ। ਮੈਂ ਯਹੋਵਾਹ ਦੀ ਅਪਾਰ ਕਿਰਪਾ ਦੀ ਦਿਲੋਂ ਕਦਰ ਕਰਦਾ ਹਾਂ। ਯਹੋਵਾਹ ਨੇ ਮੇਰੀ ਉਮੀਦ ਤੋਂ ਕਿਤੇ ਜ਼ਿਆਦਾ ਮੈਨੂੰ ਬਰਕਤਾਂ ਦਿੱਤੀਆਂ।—ਜ਼ਬੂ. 37:4.

^ ਪੈਰਾ 11 ਇਸ ਦਾ ਨਾਂ ਬਾਅਦ ਵਿਚ ਸਾਡੀ ਰਾਜ ਸੇਵਕਾਈ ਰੱਖਿਆ ਗਿਆ ਸੀ ਅਤੇ ਹੁਣ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਰੱਖਿਆ ਗਿਆ।

^ ਪੈਰਾ 23 “ਕੀਟੋਵਾਲ” ਸ਼ਬਦ ਸਹੇਲੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਹਾਵੀ ਹੋਣਾ, ਨਿਰਦੇਸ਼ਨ ਦੇਣਾ ਜਾਂ ਰਾਜ ਕਰਨਾ।” ਇਸ ਮੁਹਿੰਮ ਦਾ ਮਕਸਦ ਰਾਜਨੀਤਿਕ ਸੀ ਯਾਨੀ ਕਾਂਗੋ ਨੂੰ ਬੈਲਜੀਅਮ ਤੋਂ ਆਜ਼ਾਦ ਕਰਵਾਉਣਾ ਸੀ। ਕੁਝ ਕੀਟੋਵਾਲ ਗਰੁੱਪ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਹਾਸਲ ਕਰਦੇ, ਪੜ੍ਹਦੇ ਅਤੇ ਵੰਡਦੇ ਸਨ ਅਤੇ ਆਪਣੇ ਰਾਜਨੀਤਿਕ ਵਿਚਾਰਾਂ, ਅੰਧ-ਵਿਸ਼ਵਾਸੀ ਰੀਤੀ-ਰਿਵਾਜਾਂ ਅਤੇ ਅਨੈਤਿਕ ਜ਼ਿੰਦਗੀ ਦਾ ਸਮਰਥਨ ਕਰਨ ਲਈ ਬਾਈਬਲ ਦੀਆਂ ਸਿੱਖਿਆਵਾਂ ਨੂੰ ਤੋੜਦੇ-ਮਰੋੜਦੇ ਸਨ।