Skip to content

Skip to table of contents

ਪੁਲ ਜੋ ਵਾਰ-ਵਾਰ ਬਣਦਾ ਰਿਹਾ

ਪੁਲ ਜੋ ਵਾਰ-ਵਾਰ ਬਣਦਾ ਰਿਹਾ

ਪੁਲ ਜੋ ਵਾਰ-ਵਾਰ ਬਣਦਾ ਰਿਹਾ

ਬਲਗੇਰੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਬਲਗੇਰੀਆ ਵਿਚ ਲੋਵਕ ਸ਼ਹਿਰ ਦੇ ਵਿੱਚੋਂ ਦੀ ਵਹਿੰਦੇ ਓਸਮ ਦਰਿਆ ਉੱਤੇ ਛੱਤਿਆ ਹੋਇਆ ਇਕ ਪੁਲ ਹੈ। ਸ਼ਹਿਰ ਦੇ ਲੋਕਾਂ ਵਾਂਗ ਇਸ ਸ਼ਾਨਦਾਰ ਪੁਲ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ।

ਇਸ ਪੁਲ ਵੱਲ ਦੂਜਿਆਂ ਦਾ ਧਿਆਨ ਖਿੱਚਣ ਵਾਲਾ ਪਹਿਲਾ ਵਿਅਕਤੀ ਸ਼ਾਇਦ ਆਸਟ੍ਰੀਆ ਦਾ ਭੂ-ਵਿਗਿਆਨੀ ਐਮੀ ਬਵੇ ਸੀ। ਐਮੀ ਬਵੇ 1850 ਤੋਂ ਪਹਿਲਾਂ ਲੋਵਕ ਗਿਆ ਸੀ। ਉਸ ਨੇ “ਛੱਤੇ ਹੋਏ ਪੱਥਰਾਂ ਦੇ ਬਣੇ ਪੁੱਲ” ਬਾਰੇ ਲਿਖਿਆ “ਜਿਸ ਉੱਤੇ ਛੋਟੀਆਂ-ਛੋਟੀਆਂ ਦੁਕਾਨਾਂ ਸਨ। ” ਜੀ ਹਾਂ, ਇਹ ਅਨੋਖਾ ਪੁਲ ਸ਼ਹਿਰ ਦੇ ਦੋ ਹਿੱਸਿਆਂ ਨੂੰ ਇਕ-ਦੂਜੇ ਨਾਲ ਜੋੜਦਾ ਸੀ ਅਤੇ ਇਸ ਉੱਤੇ ਰੌਣਕ-ਮੇਲੇ ਵਾਲਾ ਬਾਜ਼ਾਰ ਵੀ ਸੀ! ਇਹ ਲੋਵਕ ਸ਼ਹਿਰ ਦੀ ਪਛਾਣ ਸੀ।

ਪਹਿਲਾਂ ਇਹ ਪੁਲ ਪੱਥਰਾਂ ਦਾ ਨਹੀਂ ਸਗੋਂ ਲੱਕੜ ਦਾ ਬਣਿਆ ਹੋਇਆ ਸੀ। ਪਰ ਇਹ ਵਾਰ-ਵਾਰ ਹੜ੍ਹਾਂ ਵਿਚ ਨੁਕਸਾਨਿਆ ਜਾਂਦਾ ਸੀ ਜਿਸ ਕਰਕੇ ਇਸ ਨੂੰ ਦੁਬਾਰਾ ਬਣਾਉਣਾ ਪੈਂਦਾ ਸੀ। ਅਖ਼ੀਰ 1872 ਵਿਚ ਸਾਰਾ ਪੁਲ ਰੁੜ੍ਹ ਗਿਆ ਅਤੇ ਲੋਕਾਂ ਲਈ ਦਰਿਆਓਂ ਪਾਰ ਜਾਣਾ ਔਖਾ ਹੋ ਗਿਆ।

ਪੁਲ ਦੁਬਾਰਾ ਬਣਾਉਣਾ ਸੌਖਾ ਕੰਮ ਨਹੀਂ ਸੀ। ਇਸ ਲਈ ਬਲਗੇਰੀਆ ਦੇ ਮਸ਼ਹੂਰ ਠੇਕੇਦਾਰ ਕੋਲੀਓ ਫੀਚੀਟੋ ਨੂੰ ਨਵਾਂ ਤੇ ਮਜ਼ਬੂਤ ਪੁਲ ਬਣਾਉਣ ਦਾ ਠੇਕਾ ਸੌਂਪਿਆ ਗਿਆ।

ਪੁਲ ਦਾ ਅਨੋਖਾ ਡੀਜ਼ਾਈਨ

ਫੀਚੀਟੋ ਨੇ ਪਹਿਲੇ ਪੁੱਲ ਵਰਗਾ ਹੀ ਛੱਤਿਆ ਹੋਇਆ ਪੁਲ ਅਤੇ ਇਸ ਉੱਤੇ ਛੋਟੀਆਂ-ਛੋਟੀਆਂ ਦੁਕਾਨਾਂ ਬਣਾਉਣ ਦਾ ਫ਼ੈਸਲਾ ਕੀਤਾ। 275 ਫੁੱਟ ਲੰਬੇ ਤੇ 33 ਫੁੱਟ ਚੌੜੇ ਪੁਲ ਨੂੰ ਸਹਾਰਾ ਦੇਣ ਲਈ ਉਸ ਨੇ ਪਹਿਲਾਂ ਪਾਣੀ ਵਿਚ ਥੰਮ੍ਹ ਖੜ੍ਹੇ ਕੀਤੇ। ਇਨ੍ਹਾਂ ਥੰਮ੍ਹਾਂ ਦੇ ਉਹ ਪਾਸੇ ਤਿੱਖੇ ਸਨ ਜਿਸ ਪਾਸਿਓਂ ਪਾਣੀ ਵਹਿੰਦਾ ਸੀ। ਇਨ੍ਹਾਂ 15 ਫੁੱਟ ਉੱਚੇ ਥੰਮ੍ਹਾਂ ਦਾ ਡੀਜ਼ਾਈਨ ਅਨੋਖਾ ਸੀ। ਥੰਮ੍ਹਾਂ ਦੇ ਗੱਭਿਓਂ ਉੱਪਰ ਤਕ ਵੱਡੇ-ਵੱਡੇ ਮੋਰੇ ਰੱਖੇ ਗਏ ਸਨ ਤਾਂਕਿ ਹੜ੍ਹ ਦਾ ਪਾਣੀ ਬਿਨਾਂ ਰੁਕਾਵਟ ਦੇ ਵਹਿੰਦਾ ਰਹੇ। ਇਸ ਤੋਂ ਬਾਅਦ ਫੀਚੀਟੋ ਨੇ ਥੰਮ੍ਹਾਂ ਉੱਪਰ ਬਲੂਤ ਦੀ ਲੱਕੜ ਦੇ ਸ਼ਤੀਰ ਅਤੇ ਫੱਟੇ ਲਾਏ। ਪੁਲ ਦਾ ਬਾਕੀ ਹਿੱਸਾ ਤੇ ਉਸ ਉੱਤੇ ਦੀਆਂ 64 ਦੁਕਾਨਾਂ ਬੀਚ ਦੀ ਲੱਕੜ ਦੀਆਂ ਬਣਾਈਆਂ ਗਈਆਂ ਸਨ। ਛੱਤ ਵੀ ਬੀਚ ਦੀ ਲੱਕੜ ਦੀ ਸੀ ਤੇ ਇਸ ਉੱਤੇ ਲੋਹੇ ਦੀਆਂ ਚਾਦਰਾਂ ਪਾਈਆਂ ਗਈਆਂ ਸਨ।

ਫੀਚੀਟੋ ਨੇ ਪੁਲ ਬਣਾਉਣ ਵੇਲੇ ਇਕ ਹੋਰ ਕਾਰੀਗਰੀ ਦਿਖਾਈ। ਉਸ ਨੇ ਸ਼ਤੀਰਾਂ ਨੂੰ ਜੋੜਨ ਲਈ ਲੋਹੇ ਦੀਆਂ ਮੇਖਾਂ ਵਗੈਰਾ ਲਾਉਣ ਦੀ ਬਜਾਇ, ਲੱਕੜ ਦੀਆਂ ਫਾਲਾਂ ਤੇ ਚੂਲਾਂ ਇਸਤੇਮਾਲ ਕੀਤੀਆਂ। ਫੱਟਿਆਂ ਦੇ ਉੱਪਰ ਫਿਰ ਪੱਥਰਾਂ ਦਾ ਫ਼ਰਸ਼ ਪਾ ਕੇ ਰੋੜੀ ਵਿਛਾ ਦਿੱਤੀ ਗਈ। ਦਿਨੇ ਬਾਰੀਆਂ ਤੇ ਛੱਤ ਵਿਚ ਰੱਖੇ ਮੋਘਿਆਂ ਰਾਹੀਂ ਸੂਰਜ ਦੀਆਂ ਕਿਰਨਾਂ ਅੰਦਰ ਰੌਸ਼ਨੀ ਕਰਦੀਆਂ ਸਨ। ਸ਼ਾਮ ਨੂੰ ਗੈਸ ਦੇ ਲੈਂਪ ਬਾਲ ਦਿੱਤੇ ਜਾਂਦੇ ਸਨ। ਪੁਲ ਨੂੰ ਡੀਜ਼ਾਈਨ ਕਰਨ ਤੇ ਬਣਾਉਣ ਵਿਚ ਲਗਭਗ ਤਿੰਨ ਸਾਲ ਲੱਗੇ।

ਪੁਲ ਦਾ ਮਾਹੌਲ

ਪੁਲ ਉੱਤੇ ਮਾਹੌਲ ਕਿਹੋ ਜਿਹਾ ਸੀ? ਇਕ ਅੱਖੀਂ ਦੇਖਣ ਵਾਲੇ ਬੰਦੇ ਨੇ ਦੱਸਿਆ: ‘ਪੁਲ ਉੱਤੇ ਕਾਰਾਂ, ਟਾਂਗਿਆਂ ਜਾਂ ਗਧਿਆਂ ਦਾ ਆਉਣਾ-ਜਾਣਾ ਘੱਟ ਹੀ ਸੀ। ਦੁਕਾਨਦਾਰਾਂ, ਰਾਹਗੀਰਾਂ ਤੇ ਬਾਜ਼ਾਰ ਘੁੰਮਣ-ਫਿਰਨ ਆਏ ਲੋਕਾਂ ਦਾ ਰੌਲਾ ਸੁਣਾਈ ਦਿੰਦਾ ਸੀ। ਟੀਨ ਦੀਆਂ ਚੀਜ਼ਾਂ ਬਣਾਉਣ ਵਾਲਿਆਂ ਦੀ ਠੱਕ-ਠੱਕ ਅਤੇ ਉੱਚੀ ਆਵਾਜ਼ ਵਿਚ ਹੋਕਾ ਦੇਣ ਵਾਲੇ ਛਾਬੜੀ ਵਾਲਿਆਂ ਦਾ ਕਾਵਾਂ-ਰੌਲੀ ਪੁਲ ਉੱਤੇ ਸੁਣਾਈ ਦਿੰਦੀ ਸੀ। ਪੁਲ ਦਾ ਆਪਣਾ ਹੀ ਅਲੱਗ ਮਾਹੌਲ ਸੀ। ਛੋਟੀਆਂ-ਛੋਟੀਆਂ ਦੁਕਾਨਾਂ ਉੱਨ ਦੀਆਂ ਸੋਹਣੀਆਂ ਡੋਰੀਆਂ, ਮੋਤੀਆਂ ਦੀਆਂ ਮਾਲ਼ਾਂ ਤੇ ਹੋਰ ਚੀਜ਼ਾਂ ਨਾਲ ਭਰੀਆਂ ਹੁੰਦੀਆਂ ਸਨ। ਇਨ੍ਹਾਂ ਦੀ ਖ਼ਰੀਦੋ-ਫ਼ਰੋਖਤ ਦਾ ਆਪਣਾ ਅਲੱਗ ਹੀ ਤਰੀਕਾ ਸੀ।’

ਪੁਲ ਉੱਤੇ ਚੀਜ਼ਾਂ ਖ਼ਰੀਦਣ ਤੋਂ ਇਲਾਵਾ ਲੋਕ ਮਨੋਰੰਜਨ ਲਈ ਵੀ ਇਕੱਠੇ ਹੁੰਦੇ ਸਨ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਗਾਇਕ ਜਾਂ ਸੰਗੀਤਕਾਰ ਵੀ ਸਨ। ਪਹਿਲਾਂ ਜ਼ਿਕਰ ਕੀਤੇ ਗਏ ਬੰਦੇ ਨੇ ਦੱਸਿਆ: “ਇਕ ਨਾਈ ਦੀ ਦੁਕਾਨ ਤੇ ਪੰਜ-ਛੇ ਨਾਈ ਹੁੰਦੇ ਸਨ ਜੋ ਹਜਾਮਤ ਕਰਨ ਦੇ ਨਾਲ-ਨਾਲ ਸੋਹਣਾ ਸੰਗੀਤ ਵੀ ਵਜਾ ਕੇ ਮਨਪਰਚਾਵਾ ਕਰਦੇ ਸਨ। ਉਹ ਆਮ ਤੌਰ ਤੇ ਤਾਰਾਂ ਵਾਲੇ ਸਾਜ ਵਜਾਉਂਦੇ ਸਨ। ਉਹ ਸਾਜ ਵਜਾਉਣ ਲਈ ਥੋੜ੍ਹਾ-ਬਹੁਤਾ ਸਮਾਂ ਕੱਢ ਹੀ ਲੈਂਦੇ ਸਨ ਤੇ ਉਨ੍ਹਾਂ ਦੇ ਗਾਹਕ ਵੀ ਖ਼ੁਸ਼ੀ-ਖ਼ੁਸ਼ੀ ਸੰਗੀਤ ਖ਼ਤਮ ਕਰਨ ਤਕ ਉਡੀਕ ਕਰ ਲੈਂਦੇ ਸਨ। ” ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਨ੍ਹਾਂ ਵਿੱਚੋਂ ਕੁਝ ਨਾਈਆਂ ਨੇ ਆਪਣੀ ਸੰਗੀਤ ਮੰਡਲੀ ਵੀ ਬਣਾਈ।

ਇਕ ਦੁਰਘਟਨਾ ਵਾਪਰੀ

ਤਕਰੀਬਨ 50 ਸਾਲ ਤਕ ਫੀਚੀਟੋ ਦਾ ਬਣਾਇਆ ਪੁਲ ਹੜ੍ਹ, ਲੜਾਈਆਂ ਤੇ ਹੋਰ ਆਫ਼ਤਾਂ ਝੱਲਦਾ ਰਿਹਾ। ਪਰ 1925 ਵਿਚ 2/3 ਅਗਸਤ ਦੀ ਰਾਤ ਨੂੰ ਲੋਵਕ ਸ਼ਹਿਰ ਦਾ ਆਸਮਾਨ ਅੱਗ ਦੀਆਂ ਲਪਟਾਂ ਨਾਲ ਜਗਮਗਾ ਉੱਠਿਆ ਜਦੋਂ ਸ਼ਹਿਰ ਦਾ ਸ਼ਾਨਦਾਰ ਪੁਲ ਅੱਗ ਦੀ ਲਪੇਟ ਵਿਚ ਆ ਗਿਆ ਤੇ ਸੜ ਕੇ ਸੁਆਹ ਹੋ ਗਿਆ। ਇਹ ਦੁਰਘਟਨਾ ਕਿੱਦਾਂ ਵਾਪਰੀ? ਅੱਜ ਤਕ ਕੋਈ ਨਹੀਂ ਜਾਣਦਾ ਕਿ ਅੱਗ ਕਿਸੇ ਦੀ ਲਾਪਰਵਾਹੀ ਨਾਲ ਲੱਗੀ ਸੀ ਜਾਂ ਫਿਰ ਕਿਸੇ ਨੇ ਜਾਣ-ਬੁੱਝ ਕੇ ਲਾਈ ਸੀ। ਜੋ ਵੀ ਸੀ, ਲੋਵਕ ਸ਼ਹਿਰ ਇਕ ਵਾਰ ਫਿਰ ਪੁਲ ਤੋਂ ਵਾਂਝਾ ਹੋ ਗਿਆ।

ਸੰਨ 1931 ਵਿਚ ਇਕ ਨਵਾਂ ਛੱਤਿਆ ਹੋਇਆ ਪੁਲ ਬਣਾਇਆ ਗਿਆ। ਇਸ ਉੱਤੇ ਵੀ ਛੋਟੀਆਂ-ਛੋਟੀਆਂ ਦੁਕਾਨਾਂ ਸਨ। ਪਰ ਇਹ ਪੁਲ ਲੱਕੜ ਤੇ ਪੱਥਰ ਦਾ ਨਹੀਂ, ਸਗੋਂ ਸਟੀਲ ਤੇ ਸੀਮੈਂਟ ਦਾ ਬਣਾਇਆ ਗਿਆ ਸੀ। ਇਸ ਪੁਲ ਦਾ ਡੀਜ਼ਾਈਨ ਫੀਚੀਟੋ ਦੇ ਪੁਲ ਦੇ ਡੀਜ਼ਾਈਨ ਤੋਂ ਬਹੁਤ ਵੱਖਰਾ ਸੀ। ਛੱਤ ਕੱਚ ਦੀ ਬਣਾਈ ਗਈ ਸੀ ਤੇ ਪੁਲ ਦੇ ਗੱਭਲੇ ਹਿੱਸੇ ਨੂੰ ਕੰਧਾਂ ਨਾਲ ਵਗਲ਼ਿਆ ਨਹੀਂ ਗਿਆ ਸੀ। 1981/82 ਵਿਚ ਫੀਚੀਟੋ ਦੇ ਡੀਜ਼ਾਈਨ ਅਨੁਸਾਰ ਹੀ ਦੁਬਾਰਾ ਇਹ ਪੁਲ ਬਣਾਇਆ ਗਿਆ।

ਲੋਵਕ ਦਾ ਇਹ ਛੱਤਿਆ ਹੋਇਆ ਪੁਲ ਸ਼ਹਿਰ ਦੀ ਪਛਾਣ ਹੈ ਤੇ ਕਾਰੀਗਰ ਦੇ ਹੱਥਾਂ ਦਾ ਕਮਾਲ ਹੈ। ਅੱਜ ਵੀ ਇਹ ਪੁੱਲ ਸ਼ਹਿਰ ਦੇ ਵਸਨੀਕਾਂ ਤੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ ਜੋ ਇਸ ਉੱਤੋਂ ਦੀ ਲੰਘਦੇ ਹਨ। (g 1/08)

[ਸਫ਼ਾ 22 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਬਲਗੇਰੀਆ

ਸੋਫ਼ੀਆ

ਲੋਵਕ

[ਸਫ਼ਾ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photo 2: From the book Lovech and the Area of Lovech