Skip to content

Skip to table of contents

ਬਰਫ਼ ਦੇ ਗਰਮ-ਗਰਮ ਕੰਬਲ ਦਾ ਿਨੱਘ

ਬਰਫ਼ ਦੇ ਗਰਮ-ਗਰਮ ਕੰਬਲ ਦਾ ਿਨੱਘ

ਬਰਫ਼ ਦੇ ਗਰਮ-ਗਰਮ ਕੰਬਲ ਦਾ ਨਿੱਘ

ਫਿਨਲੈਂਡ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਇਨਸਾਨ ਉੱਤਰੀ ਧਰੁਵ ਦੇ ਠੰਢੇ ਯਖ ਸਿਆਲਾਂ ਵਿਚ ਗਰਮ ਕੱਪੜਿਆਂ ਤੇ ਬੂਟਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਜਾਂ ਮਰ ਵੀ ਸਕਦਾ। ਪਰ ਹਜ਼ਾਰਾਂ ਜਾਨਵਰਾਂ ਦੀ ਜ਼ਿੰਦਗੀ ਆਮ ਵਾਂਗ ਚੱਲਦੀ ਰਹਿੰਦੀ ਹੈ, ਭਾਵੇਂ ਜਿਹੜਾ ਮਰਜ਼ੀ ਮੌਸਮ ਹੋਵੇ। ਸਿਆਲ ਆਉਣ ਤੋਂ ਪਹਿਲਾਂ ਜਾਨਵਰਾਂ ਦੇ ਸਰੀਰਾਂ ਉੱਤੇ ਖੰਭਾਂ ਜਾਂ ਫਰ ਦੀ ਤਹਿ ਮੋਟੀ ਹੋ ਜਾਂਦੀ ਹੈ ਜੋ ਉਨ੍ਹਾਂ ਨੂੰ ਠੰਢ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਉਹ ਬਰਫ਼ ਦੀ ਇਕ ਖ਼ਾਸ ਖੂਬੀ ਦਾ ਵੀ ਫ਼ਾਇਦਾ ਉਠਾਉਂਦੇ ਹਨ। ਬਰਫ਼ ਵਿੱਚੋਂ ਠੰਢੀ ਹਵਾ ਨਹੀਂ ਲੰਘਦੀ। ਸੋ ਜਾਨਵਰ ਬਰਫ਼ ਦੇ ਅੰਦਰ ਘੁਰਨਾ ਬਣਾ ਲੈਂਦੇ ਹਨ ਜਿਸ ਵਿਚ ਉਨ੍ਹਾਂ ਨੂੰ ਠੰਢ ਨਹੀਂ ਲੱਗਦੀ।

ਬਰਫ਼ ਵਿਚ ਪਾਣੀ ਦੇ ਜੰਮੇ ਹੋਏ ਕ੍ਰਿਸਟਲ ਹੁੰਦੇ ਹਨ। ਬਰਫ਼ ਪਿਘਲਣ ਤੋਂ ਬਾਅਦ ਦਸ ਇੰਚ ਬਰਫ਼ ਇਕ ਇੰਚ ਪਾਣੀ ਦੇ ਬਰਾਬਰ ਹੁੰਦੀ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਬਰਫ਼ ਵਿਚ ਹਵਾ ਵੀ ਹੁੰਦੀ ਹੈ ਜੋ ਕਿ ਪਾਣੀ ਦੇ ਕ੍ਰਿਸਟਲਾਂ ਵਿਚ ਬੰਦ ਹੁੰਦੀ ਹੈ। ਇਸ ਵਧੀਆ ਡੀਜ਼ਾਈਨ ਕਰਕੇ ਬਰਫ਼ ਠੰਢ ਵਿਚ ਵੀ ਨਿੱਘ ਦਿੰਦੀ ਹੈ। ਇਸੇ ਕਰਕੇ ਬਰਫ਼ ਥੱਲੇ ਦੱਬੇ ਬੀ ਤੇ ਪੌਦੇ ਬਸੰਤ ਵਿਚ ਬਰਫ਼ ਪਿਘਲਣ ਤਕ ਬਚੇ ਰਹਿੰਦੇ ਹਨ। ਫਿਰ ਜਦੋਂ ਜੰਮੇ ਪਾਣੀ ਦਾ ਇਹ ਵਿਸ਼ਾਲ ਭੰਡਾਰ ਯਾਨੀ ਬਰਫ਼ ਪਿਘਲਦੀ ਹੈ, ਤਾਂ ਜ਼ਮੀਨ ਦੀ ਸਿੰਜਾਈ ਹੁੰਦੀ ਹੈ ਤੇ ਨਦੀਆਂ-ਨਾਲਿਆਂ ਵਿਚ ਪਾਣੀ ਆ ਜਾਂਦਾ ਹੈ।

“ਕੰਬਲ” ਹੇਠ ਜ਼ਿੰਦਗੀ

ਬਰਫ਼ ਦੇ ਨਿੱਘੇ “ਕੰਬਲ” ਹੇਠ ਛਛੂੰਦਰਾਂ, ਘੀਸ ਤੇ ਹੋਰ ਕਈ ਤਰ੍ਹਾਂ ਦੇ ਛੋਟੇ-ਛੋਟੇ ਫਰਦਾਰ ਜਾਨਵਰ ਖੁੱਡਾਂ ਜਾਂ ਵਰਮੀਆਂ ਬਣਾ ਕੇ ਆਪਣੇ ਕੰਮਾਂ-ਕਾਰਾਂ ਵਿਚ ਜੁੱਟੇ ਰਹਿੰਦੇ ਹਨ। ਇਨ੍ਹਾਂ ਦਾ ਮੁੱਖ ਕੰਮ ਹੁੰਦਾ ਹੈ ਭੋਜਨ ਦੀ ਤਲਾਸ਼। ਇਹ ਜਾਨਵਰ ਆਮ ਤੌਰ ਤੇ ਰਾਤ ਨੂੰ ਵਿਚਰਦੇ ਹਨ ਅਤੇ ਕੀੜੇ-ਮਕੌੜੇ ਖਾਂਦੇ ਹਨ। ਪਰ ਚੂਹੇ ਆਮ ਤੌਰ ਤੇ ਬਰਫ਼ ਵਿੱਚੋਂ ਬਾਹਰ ਆ ਕੇ ਗਿਰੀਆਂ, ਬੀ ਤੇ ਛੋਟੇ-ਛੋਟੇ ਪੌਦਿਆਂ ਦੇ ਪੋਲੇ ਛਿਲਕੇਕਾ ਦੀ ਤਲਾਸ਼ ਵਿਚ ਹੀ ਰਹਿੰਦੇ ਹਨ।

ਛੋਟੇ ਥਣਧਾਰੀ ਜੀਵ ਆਪਣੇ ਸਰੀਰ ਦਾ ਤਾਪਮਾਨ ਕਿਵੇਂ ਕਾਇਮ ਰੱਖਦੇ ਹਨ? ਬਹੁਤ ਸਾਰੇ ਜਾਨਵਰਾਂ ਦੇ ਸਰੀਰ ਉੱਤੇ ਸਿਆਲਾਂ ਵਿਚ ਫਰ ਦੀ ਮੋਟੀ ਤਹਿ ਆ ਜਾਂਦੀ ਹੈ। ਇਸ ਦੇ ਨਾਲ ਹੀ ਸਰੀਰ ਦੀ ਪਾਚਨ-ਕ੍ਰਿਆ ਵਗੈਰਾ ਤੇਜ਼ ਹੋ ਜਾਂਦੀ ਹੈ ਜਿਸ ਕਰਕੇ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਨੂੰ ਜ਼ਿਆਦਾ ਖਾਣ ਦੀ ਲੋੜ ਪੈਂਦੀ ਹੈ। ਉਦਾਹਰਣ ਲਈ, ਘੀਸ ਆਪਣੇ ਸਰੀਰ ਦੇ ਭਾਰ ਜਿੰਨਾ ਭੋਜਨ ਖਾਂਦੀ ਹੈ। ਉਸ ਦਾ ਮੁੱਖ ਖਾਣਾ ਕੀੜੇ-ਮਕੌੜੇ, ਲਾਰਵੇ ਤੇ ਪਿਊਪਾ ਹਨ। ਪਰ ਇਸ ਦੇ ਮੁਕਾਬਲੇ ਬੋਣੀ ਘੀਸ ਆਪਣੇ ਭਾਰ ਤੋਂ ਵੀ ਜ਼ਿਆਦਾ ਭੋਜਨ ਖਾ ਜਾਂਦੀ ਹੈ! ਇਸ ਲਈ ਜਾਗਦਿਆਂ ਉਨ੍ਹਾਂ ਦਾ ਹਰ ਪਲ ਭੋਜਨ ਦੀ ਤਲਾਸ਼ ਵਿਚ ਚਲਾ ਜਾਂਦਾ ਹੈ।

ਇਹ ਛੋਟੇ-ਛੋਟੇ ਜੀਵ ਅੱਗੋਂ ਵੱਡੇ ਜਾਨਵਰਾਂ ਅਤੇ ਪੰਛੀਆਂ ਦੀ ਖ਼ੁਰਾਕ ਬਣਦੇ ਹਨ। ਉੱਲੂ, ਗਾਲ੍ਹੜ ਤੇ ਵੀਜ਼ਲ ਇਨ੍ਹਾਂ ਦਾ ਸ਼ਿਕਾਰ ਕਰਦੇ ਹਨ। ਪਤਲੇ ਤੇ ਫੁਰਤੀਲੇ ਹੋਣ ਕਰਕੇ ਵੀਜ਼ਲ ਭੋਜਨ ਦੀ ਤਲਾਸ਼ ਵਿਚ ਬਰਫ਼ ਹੇਠ ਖੁੱਡਾਂ ਵਿਚ ਬੜੀ ਆਸਾਨੀ ਨਾਲ ਭੱਜ-ਦੌੜ ਸਕਦੇ ਹਨ। ਵੀਜ਼ਲ ਆਕਾਰ ਵਿਚ ਆਪਣੇ ਤੋਂ ਵੱਡੇ ਖ਼ਰਗੋਸ਼ਾਂ ਦਾ ਵੀ ਸ਼ਿਕਾਰ ਕਰਦੇ ਹਨ।

ਉੱਲੂ ਵੀ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ। ਸੁਆਹ-ਰੰਗੇ ਉੱਲੂ ਦੇ ਕੰਨ ਇੰਨੇ ਤੇਜ਼ ਹੁੰਦੇ ਹਨ ਕਿ ਜੇ ਕੋਈ ਚੂਹਾ ਵਗੈਰਾ ਬਰਫ਼ ਦੇ ਹੇਠਾਂ ਤੁਰ-ਫਿਰ ਰਿਹਾ ਹੋਵੇ, ਤਾਂ ਉੱਲੂ ਨੂੰ ਉਸ ਦੀ ਬਿੜਕ ਸੁਣ ਪੈਂਦੀ ਹੈ, ਬਸ਼ਰਤੇ ਕਿ ਬਰਫ਼ ਦੀ ਤਹਿ ਮੋਟੀ ਨਾ ਹੋਵੇ। ਇਕ ਵਾਰ ਜਦੋਂ ਉੱਲੂ ਨੂੰ ਪਤਾ ਲੱਗ ਜਾਂਦਾ ਹੈ ਕਿ ਸ਼ਿਕਾਰ ਕਿੱਥੇ ਹੈ, ਤਾਂ ਉਹ ਸਿੱਧਾ ਉੱਥੇ ਉਡਾਰੀ ਮਾਰ ਕੇ ਸ਼ਿਕਾਰ ਨੂੰ ਆਪਣੇ ਪੰਜਿਆਂ ਵਿਚ ਜਕੜ ਕੇ ਉੱਡ ਜਾਂਦਾ ਹੈ। ਪਰ ਜੇ ਬਰਫ਼ ਦੀ ਤਹਿ ਮੋਟੀ ਹੋਵੇ, ਤਾਂ ਸ਼ਿਕਾਰੀ ਪੰਛੀ ਤੇ ਜਾਨਵਰ ਭੁੱਖੇ ਮਰ ਜਾਂਦੇ ਹਨ। ਇਸ ਕਰਕੇ ਚੂਹਿਆਂ ਤੇ ਹੋਰ ਜਾਨਵਰਾਂ ਦੀ ਗਿਣਤੀ ਵਧ ਜਾਂਦੀ ਹੈ।

ਭੁੱਖੇ ਮਰਨ ਤੋਂ ਬਚਣ ਲਈ ਇਹ ਸ਼ਿਕਾਰੀ ਪੰਛੀ ਤੇ ਜਾਨਵਰ ਪਹਿਲਾਂ ਹੀ ਸਿਆਲਾਂ ਵਾਸਤੇ ਇੰਤਜ਼ਾਮ ਕਰ ਲੈਂਦੇ ਹਨ। ਉਹ ਗਰਮੀਆਂ ਦੌਰਾਨ ਸਰੀਰ ਉੱਤੇ ਕਾਫ਼ੀ ਚਰਬੀ ਚੜ੍ਹਾ ਲੈਂਦੇ ਹਨ ਜੋ ਸਿਆਲਾਂ ਵਿਚ ਉਨ੍ਹਾਂ ਦੇ ਕੰਮ ਆਉਂਦੀ ਹੈ। ਪਰ ਸਿਆਲਾਂ ਦੌਰਾਨ ਵੀ ਥੋੜ੍ਹਾ-ਬਹੁਤ ਖਾਣ ਨੂੰ ਤਾਂ ਮਿਲ ਹੀ ਜਾਂਦਾ ਹੈ। ਉਦਾਹਰਣ ਲਈ, ਹਿਰਨ ਵਰਗਾ ਇਕ ਜਾਨਵਰ ਦਰਖ਼ਤ ਦੀਆਂ ਟਾਹਣੀਆਂ ਖਾਂਦਾ ਹੈ। ਕਾਟੋ ਵੀ ਕਈ ਤਰ੍ਹਾਂ ਦੇ ਪੌਸ਼ਟਿਕ ਬੀ ਲੁਕਾ ਕੇ ਰੱਖਦੀ ਹੈ ਜਿਨ੍ਹਾਂ ਨੂੰ ਉਹ ਸਿਆਲਾਂ ਦੌਰਾਨ ਖਾਂਦੀ ਹੈ। ਖ਼ਰਗੋਸ਼ ਦਰਖ਼ਤਾਂ ਦੇ ਪੋਲੇ ਸੱਕ, ਟਹਿਣੀਆਂ ਤੇ ਕਰੂੰਬਲਾਂ ਖਾਂਦੇ ਹਨ। ਕਈ ਪੰਛੀ ਬਰਫ਼ ਵਿਚ ਜੰਮੀਆਂ ਰਸ-ਭਰੀਆਂ ਅਤੇ ਪਾਈਨ ਦਰਖ਼ਤਾਂ ਦੀਆਂ ਨਰਮ ਟਹਿਣੀਆਂ ਖਾਣੀਆਂ ਪਸੰਦ ਕਰਦੇ ਹਨ।

ਸਿੱਧੀ ਬਰਫ਼ ਵਿਚ ਉਡਾਰੀ

ਦਿਨ ਵੇਲੇ ਆਰਾਮ ਕਰਨ ਲਈ ਜਾਂ ਰਾਤ ਨੂੰ ਸੌਣ ਵਾਸਤੇ ਹੇਜ਼ਲ ਹੈੱਨ, ਜੰਗਲੀ ਕਾਲਾ ਕੁੱਕੜ, ਭਟਿੱਟਰ ਤੇ ਕਈ ਛੋਟੀਆਂ-ਛੋਟੀਆਂ ਚਿੜੀਆਂ ਬਰਫ਼ ਦਾ ਨਿੱਘ ਮਾਣਦੀਆਂ ਹਨ। ਜੇ ਬਰਫ਼ ਦੀ ਤਹਿ ਮੋਟੀ ਅਤੇ ਪੋਲੀ ਹੋਵੇ, ਤਾਂ ਕੁਝ ਪੰਛੀ ਸਿੱਧੇ ਬਰਫ਼ ਵਿਚ ਉਡਾਰੀ ਮਾਰਦੇ ਹਨ, ਜਿਵੇਂ ਸਮੁੰਦਰ ਉੱਤੇ ਉੱਡਣ ਵਾਲੇ ਪੰਛੀ ਸ਼ਿਕਾਰ ਫੜਨ ਲਈ ਸਿੱਧੇ ਪਾਣੀ ਵਿਚ ਚੁੱਭੀ ਮਾਰਦੇ ਹਨ। ਇਸ ਤਰ੍ਹਾਂ ਕਰਨ ਨਾਲ ਬਰਫ਼ ਉੱਤੇ ਉਨ੍ਹਾਂ ਦੇ ਪੰਜਿਆਂ ਦੇ ਨਿਸ਼ਾਨ ਨਹੀਂ ਪੈਂਦੇ ਜਿਸ ਕਰਕੇ ਸ਼ਿਕਾਰੀ ਪੰਛੀਆਂ ਜਾਂ ਜਾਨਵਰਾਂ ਨੂੰ ਉਨ੍ਹਾਂ ਦੇ ਉੱਥੇ ਹੋਣ ਦਾ ਪਤਾ ਹੀ ਨਹੀਂ ਲੱਗਦਾ।

ਬਰਫ਼ ਦੇ ਅੰਦਰ ਜਾਣ ਤੋਂ ਬਾਅਦ ਪੰਛੀ ਤਿੰਨ ਫੁੱਟ ਸਿੱਧੀ ਖੁੱਡ ਬਣਾਉਂਦੇ ਹਨ। ਰਾਤ ਨੂੰ ਹਵਾਵਾਂ ਉਸ ਜਗ੍ਹਾ ਬਰਫ਼ ਪੱਧਰੀ ਕਰ ਦਿੰਦੀਆਂ ਹਨ। ਜਦੋਂ ਸੈਰ ਕਰਨ ਨਿਕਲੇ ਲੋਕ ਬਰਫ਼ ਵਿਚ ਲੁਕੇ ਪੰਛੀਆਂ ਦੇ ਕਾਫ਼ੀ ਨੇੜੇ ਆ ਜਾਂਦੇ ਹਨ, ਤਾਂ ਬਰਫ਼ ਉੱਤੇ ਪੈਰਾਂ ਦੀ ਆਵਾਜ਼ ਨਾਲ ਪੰਛੀ ਚੁਕੰਨੇ ਹੋ ਜਾਂਦੇ ਹਨ। ਪੰਛੀ ਦੇ ਇਕਦਮ ਬਰਫ਼ ਵਿੱਚੋਂ ਫੁਰ ਕਰ ਕੇ ਉੱਡਣ ਨਾਲ ਸੈਰ ਤੇ ਨਿਕਲਿਆ ਵਿਅਕਤੀ ਤ੍ਰਭਕ ਜਾਂਦਾ ਹੈ!

ਸਿਆਲਾਂ ਦੇ ਕੱਪੜੇ

ਮੌਸਮ ਬਦਲਣ ਨਾਲ ਉੱਤਰੀ ਧਰੁਵ ਵਿਚ ਰਹਿੰਦੇ ਕੁਝ ਜਾਨਵਰਾਂ ਜਾਂ ਪੰਛੀਆਂ ਦੇ ਗਰਮੀਆਂ ਦੀ ਫਰ ਜਾਂ ਖੰਭ ਝੜ ਜਾਂਦੇ ਹਨ ਤੇ ਇਨ੍ਹਾਂ ਦੀ ਜਗ੍ਹਾ ਸਿਆਲਾਂ ਦੇ ਸਫ਼ੇਦ ਰੰਗ ਦੇ ਖੰਭ ਆ ਜਾਂਦੇ ਹਨ। ਇਸ ਕਰਕੇ ਇਹ ਬਰਫ਼ ਵਿਚ ਨਜ਼ਰ ਨਹੀਂ ਆਉਂਦੇ। ਫਿਨਲੈਂਡ ਵਿਚ ਉੱਤਰੀ ਧਰੁਵ ਦੀਆਂ ਲੂੰਬੜੀਆਂ, ਨੀਲੇ ਸਹੇ ਤੇ ਕਈ ਕਿਸਮ ਦੇ ਵੀਜ਼ਲਾਂ ਦੇ ਸਰੀਰ ਉੱਤੇ ਚਿੱਟੇ ਰੰਗ ਦੀ ਮੋਟੀ ਫਰ ਆ ਜਾਂਦੀ ਹੈ।

ਇਸੇ ਤਰ੍ਹਾਂ ਭਟਿੱਟਰ ਦੇ ਰੰਗ-ਬਰੰਗੇ ਖੰਭਾਂ ਦੀ ਜਗ੍ਹਾ ਚਿੱਟੇ ਚਕੋਰ ਖੰਭ ਆ ਜਾਂਦੇ ਹਨ। ਗਰਮੀਆਂ ਵਿਚ ਇਨ੍ਹਾਂ ਦੇ ਪੰਜਿਆਂ ਉੱਤੇ ਵੀ ਥੋੜ੍ਹੀ-ਥੋੜ੍ਹੀ ਲੁਈਂ ਹੁੰਦੀ ਹੈ, ਪਰ ਸਿਆਲਾਂ ਵਿਚ ਇਨ੍ਹਾਂ ਉੱਤੇ ਵੀ ਖੰਭਾਂ ਦੀ ਮੋਟੀ ਤਹਿ ਆ ਜਾਂਦੀ ਹੈ ਜੋ ਕਿ ਵਧੀਆ ਬੂਟਾਂ ਦਾ ਕੰਮ ਦਿੰਦੀ ਹੈ। ਖੰਭ ਬਦਲਦੇ ਵੇਲੇ ਵੀ ਖੰਭਾਂ ਦਾ ਰੰਗ ਹੌਲੀ-ਹੌਲੀ ਬਦਲਦਾ ਹੈ। ਉਨ੍ਹਾਂ ਦੇ ਚਿੱਟੇ ਖੰਭਾਂ ਉੱਤੇ ਛੋਟੇ-ਛੋਟੇ ਕਾਲੇ ਧੱਬੇ ਹੁੰਦੇ ਹਨ। ਇਸ ਕਰਕੇ ਬਰਫ਼ ਨਾਲ ਢਕੀ ਥੋੜ੍ਹੀ-ਬਹੁਤ ਜ਼ਮੀਨ ਉੱਤੇ ਇਹ ਇਕਦਮ ਨਜ਼ਰ ਨਹੀਂ ਆਉਂਦੇ।

ਕੀ ਤੁਸੀਂ ਕਦੇ ਸੋਚਿਆ ਕਿ ਬਰਫ਼ ਵਿਚ ਜਾਂ ਉੱਤੇ ਤੁਰਨ ਵਾਲੇ ਪੰਛੀਆਂ ਦੇ ਪੰਜਿਆਂ ਨੂੰ ਕੋਈ ਨੁਕਸਾਨ ਕਿਉਂ ਨਹੀਂ ਹੁੰਦਾ ਜਾਂ ਫਿਰ ਉਨ੍ਹਾਂ ਦੇ ਪੰਜੇ ਠੰਢ ਨਾਲ ਸੁੰਨ ਕਿਉਂ ਨਹੀਂ ਹੁੰਦੇ? ਉਨ੍ਹਾਂ ਦੀਆਂ ਲੱਤਾਂ ਨੂੰ ਗਰਮ ਰਹਿਣ ਲਈ ਵਧੀਆ ਤਰੀਕੇ ਨਾਲ ਡੀਜ਼ਾਈਨ ਕੀਤਾ ਗਿਆ ਹੈ। ਇਸ ਡੀਜ਼ਾਈਨ ਸਦਕਾ ਪੰਛੀ ਦੇ ਦਿਲ ਤੋਂ ਗਰਮ ਖ਼ੂਨ ਲੱਤਾਂ ਵਿਚ ਜਾਂਦਾ ਹੈ ਤੇ ਪੰਜਿਆਂ ਤੋਂ ਮੁੜਿਆ ਠੰਢਾ ਖ਼ੂਨ ਦੁਬਾਰਾ ਗਰਮ ਹੋ ਜਾਂਦਾ ਹੈ।

ਜੀ ਹਾਂ, ਚਾਹੇ ਬਰਫ਼ੀਲਾ ਇਲਾਕਾ ਹੋਵੇ ਜਾਂ ਫਿਰ ਸੂਰਜ ਦੀ ਗਰਮੀ ਨਾਲ ਭੁੱਜਦਾ ਇਲਾਕਾ, ਜ਼ਿੰਦਗੀ ਸਿਰਫ਼ ਚਲਦੀ ਹੀ ਨਹੀਂ, ਸਗੋਂ ਵਧਦੀ-ਫੁੱਲਦੀ ਹੈ। ਜਿਹੜੇ ਲੋਕ ਇਨ੍ਹਾਂ ਇਲਾਕਿਆਂ ਵਿਚ ਰਹਿੰਦੇ ਜਾਨਵਰਾਂ ਤੇ ਪੰਛੀਆਂ ਉੱਤੇ ਖੋਜਾਂ ਕਰਦੇ ਹਨ ਤੇ ਫ਼ਿਲਮਾਂ ਬਣਾਉਂਦੇ ਹਨ, ਉਨ੍ਹਾਂ ਦੀ ਬਹੁਤ ਤਾਰੀਫ਼ ਕੀਤੀ ਜਾਂਦੀ ਹੈ। ਉਹ ਤਾਰੀਫ਼ ਦੇ ਲਾਇਕ ਵੀ ਹਨ। ਤਾਂ ਫਿਰ, ਸਾਨੂੰ ਇਨ੍ਹਾਂ ਵੰਨ-ਸੁਵੰਨੇ ਜਾਨਵਰਾਂ ਤੇ ਪੰਛੀਆਂ ਦੇ ਸਿਰਜਣਹਾਰ ਦੀ ਕਿੰਨੀ ਤਾਰੀਫ਼ ਕਰਨੀ ਚਾਹੀਦੀ ਹੈ! ਪਰਕਾਸ਼ ਦੀ ਪੋਥੀ 4:11 ਵਿਚ ਕਿਹਾ ਗਿਆ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” (g 08 02)

[ਸਫ਼ਾ 14 ਉੱਤੇ ਡੱਬੀ/ਤਸਵੀਰ]

ਠੰਢ ਵਿਚ ਵੀ ਬੈਠਣ ਵਾਲੇ ਨਹੀਂ!

ਸਿਆਲਾਂ ਵਿਚ ਵੀ ਫਿਨਲੈਂਡ ਵਿਚ ਯਹੋਵਾਹ ਦੇ ਗਵਾਹ ਗਰਮ ਕੱਪੜੇ ਪਾ ਕੇ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ। ਕਈ ਗਵਾਹ ਸਭਾਵਾਂ ਵਿਚ ਆਉਣ ਲਈ ਖ਼ੁਸ਼ੀ-ਖ਼ੁਸ਼ੀ ਲੰਬਾ ਸਫ਼ਰ ਤੈ ਕਰਦੇ ਹਨ। ਅਸਲ ਵਿਚ, ਪੇਂਡੂ ਇਲਾਕਿਆਂ ਵਿਚ ਸਿਆਲਾਂ ਵਿਚ ਵੀ ਸਭਾਵਾਂ ਦੀ ਹਾਜ਼ਰੀ ਨਹੀਂ ਘੱਟਦੀ। ਯਹੋਵਾਹ ਦੇ ਗਵਾਹ ਆਪਣੇ ਪ੍ਰਚਾਰ ਦੇ ਕੰਮ ਵਿਚ ਵੀ ਲੱਗੇ ਰਹਿੰਦੇ ਹਨ। ਉਹ ਆਪਣੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਦੇ ਨਾਂ ਦੀ ਗਵਾਹੀ ਦੇਣ ਨੂੰ ਮਾਣ ਦੀ ਗੱਲ ਮੰਨਦੇ ਹਨ। ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਦੇ ਨਿੱਘ ਨੂੰ ਛੱਡ ਕੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਠੰਢ ਵਿਚ ਲੋਕਾਂ ਦੇ ਘਰ ਜਾਂਦੇ ਹਨ।​—ਮੱਤੀ 24:14.

[ਸਫ਼ਾ 12, 13 ਉੱਤੇ ਤਸਵੀਰ]

ਗੁਫ਼ਾ ਵਿਚ ਬੈਠੇ ਪੇਟਰਲ ਪੰਛੀ

[ਕ੍ਰੈਡਿਟ ਲਾਈਨ]

By courtesy of John R. Peiniger

[ਸਫ਼ਾ 13 ਉੱਤੇ ਤਸਵੀਰ]

ਗਾਲ੍ਹੜ

[ਕ੍ਰੈਡਿਟ ਲਾਈਨ]

Mikko Pöllänen/​Kuvaliiteri

[ਸਫ਼ਾ 13 ਉੱਤੇ ਤਸਵੀਰ]

ਹੰਸ

[ਸਫ਼ਾ 13 ਉੱਤੇ ਤਸਵੀਰ]

ਸੇਹਾ

[ਸਫ਼ਾ 13 ਉੱਤੇ ਤਸਵੀਰ]

ਉੱਤਰੀ ਧਰੁਵ ਵਿਚ ਰਹਿਣ ਵਾਲੀ ਲੂੰਬੜੀ