Skip to content

Skip to table of contents

ਕਿਸ਼ਤੀਆਂ ਰਾਹੀਂ ਕੇਰਲਾ ਦੇ ਦਰਿਆਵਾਂ ਦੀ ਸੈਰ

ਕਿਸ਼ਤੀਆਂ ਰਾਹੀਂ ਕੇਰਲਾ ਦੇ ਦਰਿਆਵਾਂ ਦੀ ਸੈਰ

ਕਿਸ਼ਤੀਆਂ ਰਾਹੀਂ ਕੇਰਲਾ ਦੇ ਦਰਿਆਵਾਂ ਦੀ ਸੈਰ

ਭਾਰਤ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਕੀ ਤੁਸੀਂ ਸੁੱਖ-ਸਹੂਲਤਾਂ ਨਾਲ ਲੈਸ ਇਕ ਬੇਹੱਦ ਸੁੰਦਰ ਹਾਊਸ-ਬੋਟ ਵਿਚ ਬੈਠ ਕੇ 44 ਦਰਿਆਵਾਂ ਦੀ ਸੈਰ ਕਰਨੀ ਚਾਹੋਗੇ? ਸੈਂਕੜੇ ਲੋਕ ਭਾਰਤ ਦੇ ਦੱਖਣ-ਪੱਛਮੀ ਕੇਰਲਾ ਰਾਜ ਵਿਚ ਇਸ ਅਨੋਖੇ ਸਫ਼ਰ ਦਾ ਮਜ਼ਾ ਲੈਂਦੇ ਹਨ। ਕੇਰਲਾ ਦੇ ਦਰਿਆਵਾਂ ਦੀ ਕੁੱਲ ਲੰਬਾਈ 900 ਕਿਲੋਮੀਟਰ ਹੈ। ਮਸਤ ਚਾਲ ਚੱਲਦੀ ਹਾਊਸ-ਬੋਟ ਵਿਚ ਬੈਠ ਕੇ ਤੁਹਾਨੂੰ ਲੱਗੇਗਾ ਜਿਵੇਂ ਕੁਦਰਤ ਨੇ ਤੁਹਾਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੋਵੇ। ਚਾਰੇ ਪਾਸੇ ਤੁਹਾਨੂੰ ਨਾਰੀਅਲ ਦੇ ਦਰਖ਼ਤਾਂ ਦੇ ਝੁੰਡ, ਝੋਨੇ ਦੇ ਖੇਤ, ਕੁਦਰਤੀ ਝੀਲਾਂ ਅਤੇ ਮਨੁੱਖਾਂ ਦੁਆਰਾ ਬਣਾਈਆਂ ਨਹਿਰਾਂ ਨਜ਼ਰ ਆਉਣਗੀਆਂ। ਤਾਹੀਓਂ ਤਾਂ ਨੈਸ਼ਨਲ ਜੀਓਗਰਾਫਿਕ ਟ੍ਰੈਵਲਰ ਨੇ ਕੇਰਲਾ ਨੂੰ “50 ਉੱਤਮ ਸੈਰਗਾਹਾਂ” ਦੀ ਲਿਸਟ ਵਿਚ ਸ਼ਾਮਲ ਕੀਤਾ ਹੈ।

ਕੇਰਲਾ ਦੇ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕ ਵੀ ਬੇਹੱਦ ਦਿਲਚਸਪ ਹਨ। ਉਹ ਕਈ ਸਾਲ ਪਹਿਲਾਂ ਦੇ ਸਮੇਂ ਨੂੰ ਚੇਤੇ ਕਰਦੇ ਹਨ ਜਦੋਂ ਕੇਰਲਾ ਵਿਚ ਨਾ ਤਾਂ ਸੈਲਾਨੀ ਨਜ਼ਰ ਆਉਂਦੇ ਸਨ ਅਤੇ ਨਾ ਹੀ ਉੱਥੇ ਕੋਈ 5-ਸਿਤਾਰਾ ਹੋਟਲ ਸੀ। ਭਾਵੇਂ ਕਿ ਕੇਰਲਾ ਅੱਜ ਬਹੁਤ ਬਦਲ ਗਿਆ ਹੈ, ਪਰ ਉੱਥੇ ਦੇ ਲੋਕਾਂ ਦੀ ਰੋਜ਼ਮੱਰਾ ਜ਼ਿੰਦਗੀ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਹਾਲਾਂਕਿ ਕੁਝ ਲੋਕ ਹੁਣ ਨਵੇਂ ਬਣੇ ਹੋਟਲਾਂ ਵਿਚ ਕੰਮ ਕਰਦੇ ਹਨ, ਪਰ ਆਮ ਤੌਰ ਤੇ ਉਨ੍ਹਾਂ ਦੀ ਜ਼ਿੰਦਗੀ ਅਤੇ ਸਭਿਆਚਾਰ ਵਿਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ। ਉਹ ਝੋਨੇ ਦੀ ਖੇਤੀ ਕਰਨ ਅਤੇ ਨਾਰੀਅਲ ਦੇ ਬਾਗ਼ ਲਾਉਣ ਤੋਂ ਇਲਾਵਾ ਮੱਛੀਆਂ ਦਾ ਸ਼ਿਕਾਰ ਵੀ ਕਰਦੇ ਹਨ। ਮੱਛੀਆਂ ਫੜਨ ਨਾਲ ਨਾ ਕੇਵਲ ਉਨ੍ਹਾਂ ਨੂੰ ਭੋਜਨ ਮਿਲਦਾ ਹੈ, ਸਗੋਂ ਇਨ੍ਹਾਂ ਨੂੰ ਵੇਚ ਕੇ ਉਨ੍ਹਾਂ ਦੀ ਆਮਦਨ ਵੀ ਵਧਦੀ ਹੈ।

ਮੱਛੀਆਂ ਦਾ ਸ਼ਿਕਾਰ

ਮੱਛੀਆਂ ਦਾ ਸ਼ਿਕਾਰ ਕੇਰਲਾ ਦੇ ਲੋਕਾਂ ਦਾ ਮੁੱਖ ਪੇਸ਼ਾ ਹੈ। ਕੀ ਤੁਸੀਂ ਕਦੇ ਕਿਸੇ ਨੂੰ ਹੱਥਾਂ ਨਾਲ ਮੱਛੀਆਂ ਫੜਦੇ ਦੇਖਿਆ ਹੈ? ਕੇਰਲਾ ਵਿਚ ਤੀਵੀਆਂ ਇਹੋ ਕਰਦੀਆਂ ਹਨ। ਉਹ ਕਰੀਮੀਨ ਨਾਂ ਦੀ ਮੱਛੀ ਨੂੰ ਹੱਥਾਂ ਨਾਲ ਹੀ ਫੜ ਲੈਂਦੀਆਂ ਹਨ ਜੋ ਕਿ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦੋਨਾਂ ਦਾ ਮਨ-ਪਸੰਦ ਭੋਜਨ ਹੈ। ਮੱਛੀਆਂ ਦੀ ਭਾਲ ਵਿਚ ਤੀਵੀਆਂ ਅਲਮੀਨੀਅਮ ਦੇ ਪਤੀਲੇ ਲੈ ਕੇ ਦਰਿਆ ਵਿਚ ਚਲੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਆਉਂਦੀਆਂ ਦੇਖ ਕੇ ਮੱਛੀਆਂ ਤੇਜ਼ੀ ਨਾਲ ਤੈਰਦੀਆਂ ਹੋਈਆਂ ਪਾਣੀ ਹੇਠਲੇ ਗਾਰੇ ਵਿਚ ਸਿਰ ਲੁਕੋ ਲੈਂਦੀਆਂ ਹਨ। ਪਰ ਤੀਵੀਆਂ ਵੀ ਘੱਟ ਹੁਸ਼ਿਆਰ ਨਹੀਂ ਹੁੰਦੀਆਂ। ਉਹ ਮੱਛੀਆਂ ਲੱਭਣ ਲਈ ਪੈਰਾਂ ਨਾਲ ਗਾਰੇ ਨੂੰ ਟਟੋਲਦੀਆਂ ਹਨ, ਫਿਰ ਤੇਜ਼ੀ ਨਾਲ ਡੁਬਕੀ ਮਾਰ ਕੇ ਮੱਛੀਆਂ ਨੂੰ ਹੱਥਾਂ ਨਾਲ ਫੜ ਕੇ ਤੈਰਦੇ ਪਤੀਲਿਆਂ ਵਿਚ ਪਾ ਲੈਂਦੀਆਂ ਹਨ। ਕਾਫ਼ੀ ਸਾਰੀਆਂ ਮੱਛੀਆਂ ਫੜਨ ਤੋਂ ਬਾਅਦ ਉਹ ਦਰਿਆ ਦੇ ਕੰਢਿਆਂ ਉੱਤੇ ਖੜ੍ਹੇ ਉਤਸੁਕ ਖ਼ਰੀਦਦਾਰਾਂ ਨੂੰ ਵੇਚ ਦਿੰਦੀਆਂ ਹਨ। ਵੱਡੀਆਂ ਮੱਛੀਆਂ ਮਹਿੰਗੇ ਭਾਅ ਵਿਕਦੀਆਂ ਹਨ। ਇਹ ਮੱਛੀਆਂ 5-ਸਿਤਾਰਾ ਹੋਟਲ ਵਾਲੇ ਖ਼ਰੀਦ ਲੈਂਦੇ ਹਨ ਤਾਂਕਿ ਉਹ ਇਨ੍ਹਾਂ ਨੂੰ ਪਕਾ ਕੇ ਆਪਣੇ ਅਮੀਰ ਗਾਹਕਾਂ ਨੂੰ ਖ਼ੁਸ਼ ਕਰ ਸਕਣ। ਛੋਟੀਆਂ ਮੱਛੀਆਂ ਵੀ ਬਹੁਤ ਸੁਆਦੀ ਹੁੰਦੀਆਂ ਹਨ ਤੇ ਸਾਧਾਰਣ ਲੋਕ ਇਨ੍ਹਾਂ ਨੂੰ ਖਾਣ ਦਾ ਮਜ਼ਾ ਲੈਂਦੇ ਹਨ।

ਮੱਛੀਆਂ ਫੜਨ ਵਾਲੇ ਚੀਨੀ ਜਾਲ

ਕੇਰਲਾ ਵਿਚ ਦਰਿਆਵਾਂ ਦੇ ਕੰਢਿਆਂ ਉੱਤੇ ਚੀਨੀ ਜਾਲਾਂ ਦਾ ਮਨਮੋਹਕ ਦ੍ਰਿਸ਼ ਆਮ ਦੇਖਣ ਨੂੰ ਮਿਲਦਾ ਹੈ। ਇਹ ਜਾਲ ਦੇਖਣ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ।

ਕਿਹਾ ਜਾਂਦਾ ਹੈ ਕਿ ਚੀਨੀ ਵਪਾਰੀਆਂ ਨੇ ਕੂਬਲੈ ਖ਼ਾਨ ਦੇ ਦਰਬਾਰ ਤੋਂ 1400 ਈਸਵੀ ਤੋਂ ਪਹਿਲਾਂ ਅਜਿਹੇ ਜਾਲ ਕੋਚੀਨ (ਕੋਚੀ) ਲਿਆਂਦੇ ਸਨ। ਇਨ੍ਹਾਂ ਜਾਲਾਂ ਦੀ ਵਰਤੋਂ ਪਹਿਲਾਂ ਚੀਨੀ ਲੋਕਾਂ ਨੇ ਕੀਤੀ ਅਤੇ ਫਿਰ ਪੁਰਤਗਾਲੀਆਂ ਨੇ। ਅੱਜ 600 ਸਾਲ ਬਾਅਦ ਵੀ ਭਾਰਤੀ ਮਛੇਰੇ ਇਨ੍ਹਾਂ ਜਾਲਾਂ ਨਾਲ ਮੱਛੀਆਂ ਫੜ ਕੇ ਆਪਣੀ ਰੋਜ਼ੀ ਕਮਾਉਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਾਲ ਵਿਚ ਫੜੀਆਂ ਮੱਛੀਆਂ ਦਾ ਇਕ ਪੂਰ ਹੀ ਸਾਰੇ ਪਿੰਡ ਦਾ ਢਿੱਡ ਭਰ ਸਕਦਾ ਹੈ। ਸੁੱਕਣੇ ਪਾਏ ਗਏ ਇਹ ਚੀਨੀ ਜਾਲ ਡੁੱਬਦੇ ਸੂਰਜ ਦੇ ਨਜ਼ਾਰੇ ਨੂੰ ਹੋਰ ਵੀ ਦਿਲਕਸ਼ ਬਣਾ ਦਿੰਦੇ ਹਨ। ਸੈਲਾਨੀ ਅਜਿਹੇ ਮਨਮੋਹਕ ਨਜ਼ਾਰਿਆਂ ਦੀਆਂ ਫੋਟੋਆਂ ਖਿੱਚਦੇ ਨਹੀਂ ਥੱਕਦੇ।

ਪਰ ਸੈਲਾਨੀ ਸਿਰਫ਼ ਚੀਨੀ ਜਾਲ ਦੇਖਣ ਲਈ ਹੀ ਕੇਰਲਾ ਨਹੀਂ ਆਉਂਦੇ। ਮਿਸਾਲ ਲਈ, ਹਰ ਸਾਲ ਹਜ਼ਾਰਾਂ ਲੋਕ ਕੇਰਲਾ ਵਿਚ ਕਿਸ਼ਤੀਆਂ ਦੀ ਰਵਾਇਤੀ ਦੌੜ ਦੇਖਣ ਵੀ ਆਉਂਦੇ ਹਨ।

ਕਿਸ਼ਤੀਆਂ ਦੀ ਦੌੜ

ਸਨੇਕ-ਬੋਟਾਂ (ਸਰਪਨੋਕਾ) ਸੱਪ ਦੀ ਤਰ੍ਹਾਂ ਪਤਲੀਆਂ ਅਤੇ ਲੰਬੀਆਂ ਹੁੰਦੀਆਂ ਹਨ। ਕਿਸ਼ਤੀ ਦਾ ਪਿਛਲਾ ਸਿਰਾ ਸੱਪ ਦੇ ਫਣ ਦੀ ਤਰ੍ਹਾਂ ਉੱਚਾ ਉੱਠਿਆ ਹੁੰਦਾ ਹੈ। ਪੁਰਾਣੇ ਜ਼ਮਾਨਿਆਂ ਵਿਚ ਕੇਰਲਾ ਦੇ ਵੱਖ-ਵੱਖ ਕਸਬਿਆਂ ਦੇ ਬਾਦਸ਼ਾਹ ਇਕ-ਦੂਜੇ ਨਾਲ ਜੰਗ ਕਰਨ ਲਈ ਇਹ ਕਿਸ਼ਤੀਆਂ ਵਰਤਦੇ ਸਨ। ਵਾਢੀ ਦਾ ਕੰਮ ਮੁਕਾ ਕੇ ਉਹ ਆਪਣੀ ਸੈਨਾ ਲੈ ਕੇ ਇਕ-ਦੂਜੇ ਉੱਤੇ ਹੱਲਾ ਬੋਲ ਦਿੰਦੇ ਸਨ। ਸਮੇਂ ਦੇ ਬੀਤਣ ਨਾਲ ਜਦੋਂ ਇਹ ਜੰਗਾਂ ਮੁੱਕ ਗਈਆਂ ਤਾਂ ਇਨ੍ਹਾਂ ਕਿਸ਼ਤੀਆਂ ਦੀ ਵਰਤੋਂ ਵੀ ਘੱਟ ਗਈ। ਹੁਣ ਸਿਰਫ਼ ਮੰਦਰ ਦੇ ਮਹਾਉਤਸਵ ਵੇਲੇ ਹੀ ਇਹ ਕਿਸ਼ਤੀਆਂ ਦਰਿਆ ਵਿਚ ਉਤਾਰੀਆਂ ਜਾਂਦੀਆਂ ਹਨ। ਲੋਕ ਇਨ੍ਹਾਂ ਕਿਸ਼ਤੀਆਂ ਨੂੰ ਫੁੱਲਾਂ ਨਾਲ ਸਜਾਉਂਦੇ ਹਨ ਅਤੇ ਆਪਣੇ ਸਭਿਆਚਾਰ ਦੀ ਇਸ ਸ਼ਾਨਦਾਰ ਮਿਸਾਲ ਦਾ ਧੂਮ-ਧਾਮ ਨਾਲ ਪ੍ਰਦਰਸ਼ਨ ਕਰਦੇ ਹਨ। ਅਜਿਹੇ ਜਲਸਿਆਂ ਵਿਚ ਆਉਣ ਵਾਲੇ ਉੱਚ ਅਧਿਕਾਰੀਆਂ ਦੇ ਮਾਣ-ਸਨਮਾਨ ਵਿਚ ਕਿਸ਼ਤੀਆਂ ਦੀ ਦੌੜ ਆਯੋਜਿਤ ਕੀਤੀ ਜਾਂਦੀ ਹੈ। ਪਿਛਲੇ ਇਕ ਹਜ਼ਾਰ ਸਾਲ ਤੋਂ ਇਹੋ ਰਿਵਾਇਤ ਚਲੀ ਆ ਰਹੀ ਹੈ।

ਆਮ ਤੌਰ ਤੇ 20 ਕਿਸ਼ਤੀਆਂ ਇਸ ਦੌੜ ਵਿਚ ਹਿੱਸਾ ਲੈਂਦੀਆਂ ਹਨ। ਹਰ ਕਿਸ਼ਤੀ ਨੂੰ 100-150 ਬੰਦੇ ਚਲਾਉਂਦੇ ਹਨ। ਸੌ ਤੋਂ ਜ਼ਿਆਦਾ ਮਲਾਹ ਕਿਸ਼ਤੀ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਵਿਚ ਬੈਠ  ਜਾਂਦੇ ਹਨ ਅਤੇ ਛੋਟੇ ਚੱਪੂਆਂ ਨਾਲ ਕਿਸ਼ਤੀ ਚਲਾਉਂਦੇ ਹਨ। ਚਾਰ ਵਿਅਕਤੀ ਕਿਸ਼ਤੀ ਦੇ ਪਿਛਲੇ ਹਿੱਸੇ ’ਤੇ ਖੜ੍ਹ ਕੇ ਲੰਬੇ ਚੱਪੂਆਂ ਨਾਲ ਕਿਸ਼ਤੀ ਨੂੰ ਦਿਸ਼ਾ ਦਿੰਦੇ ਹਨ। ਕਿਸ਼ਤੀ ਦੇ ਵਿਚਕਾਰ ਖੜ੍ਹੇ ਦੋ ਮਲਾਹ ਢੋਲ ਵਜਾਉਂਦੇ ਹਨ ਜਿਨ੍ਹਾਂ ਦੀ ਤਾਲ ’ਤੇ ਮਲਾਹ ਲੈਅਬੱਧ ਢੰਗ ਨਾਲ ਚੱਪੂ ਚਲਾਉਂਦੇ ਹਨ। ਢੋਲਚੀਆਂ ਤੋਂ ਇਲਾਵਾ ਘੱਟੋ-ਘੱਟ ਛੇ ਹੋਰ ਲੋਕ ਵੀ ਕਿਸ਼ਤੀ ’ਤੇ ਸਵਾਰ ਹੁੰਦੇ ਹਨ। ਉਹ ਤਾੜੀਆਂ ਮਾਰ  ਕੇ, ਸੀਟੀਆਂ ਵਜਾ ਕੇ, ਉੱਚੀ-ਉੱਚੀ ਚਿਲਾ ਕੇ ਅਤੇ ਖ਼ਾਸ ਗੀਤ ਗਾ ਕੇ ਮਲਾਹਾਂ ਦਾ ਹੌਸਲਾ ਬੁਲੰਦ ਰੱਖਦੇ ਹਨ। ਜਦੋਂ ਗੱਭਰੂ ਮਲਾਹ ਦੌੜ ਦੇ ਆਖ਼ਰੀ ਪੜਾਅ ਤੇ ਪਹੁੰਚਦੇ ਹਨ, ਉਦੋਂ ਉਹ ਲੈਅਬੱਧ ਤਰੀਕੇ ਨਾਲ ਚੱਪੂ ਚਲਾਉਣ ਦੀ ਬਜਾਇ ਅੰਤਿਮ ਸੀਮਾ ਤਕ ਦੂਜਿਆਂ ਨਾਲੋਂ ਮੋਹਰੇ ਪਹੁੰਚਣ ਲਈ ਤੇਜ਼-ਤੇਜ਼ ਚੱਪੂ ਚਲਾਉਂਦੇ ਹਨ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ 1952 ਵਿਚ ਕੇਰਲਾ ਦੇ ਮਹੱਤਵਪੂਰਣ ਕਸਬੇ ਅਲੈਪੀ ਆਏ ਸਨ। ਉਦੋਂ ਉਹ ਕਿਸ਼ਤੀ ਦੌੜ ਦੇਖ ਕੇ ਇੰਨੇ ਰੁਮਾਂਚਿਤ ਹੋ ਉੱਠੇ ਕਿ ਉਹ ਸੁਰੱਖਿਆ ਪ੍ਰਬੰਧਾਂ ਦੀ ਪਰਵਾਹ ਨਾ ਕਰਦਿਆਂ ਜੇਤੂ ਕਿਸ਼ਤੀ ਉੱਤੇ ਚੜ੍ਹ ਗਏ ਅਤੇ ਤਾੜੀਆਂ ਮਾਰ-ਮਾਰ ਕੇ ਮਲਾਹਾਂ ਨਾਲ ਗੀਤ ਗਾਉਣ ਲੱਗ ਪਏ। ਰਾਜਧਾਨੀ ਦਿੱਲੀ ਪਰਤਣ ਤੇ ਉਨ੍ਹਾਂ ਨੇ ਚਾਂਦੀ ਦੀ ਛੋਟੀ ਜਿਹੀ ਸਨੇਕ-ਬੋਟ ਬਣਵਾ ਕੇ ਜੇਤੂਆਂ ਨੂੰ ਭੇਟ ਕੀਤੀ। ਇਸ ਉੱਤੇ ਉਸ ਦੇ ਦਸਤਖਤ ਸਨ ਅਤੇ ਇਹ ਸ਼ਬਦ ਉੱਕਰੇ ਹੋਏ ਸਨ: “ਸਮਾਜਕ ਜੀਵਨ ਨੂੰ ਦਰਸਾਉਂਦੀ ਅਨੋਖੀ ਕਿਸ਼ਤੀ ਦੌੜ ਦੇ ਜੇਤੂਆਂ ਦੇ ਨਾਂ। ” ਅੱਜ ਵੀ ਸਾਲਾਨਾ ਨਹਿਰੂ ਟ੍ਰਾਫੀ ਕਿਸ਼ਤੀ ਦੌੜ ਆਯੋਜਿਤ ਕੀਤੀ ਜਾਂਦੀ ਹੈ। ਜੇਤੂਆਂ ਨੂੰ ਚਾਂਦੀ ਦੀ ਬਣੀ ਸਨੇਕ-ਬੋਟ ਟ੍ਰਾਫੀ ਵਜੋਂ ਦਿੱਤੀ ਜਾਂਦੀ ਹੈ। ਹਰ ਸਾਲ ਹਜ਼ਾਰਾਂ ਲੋਕ ਇਹ ਦੌੜ ਦੇਖਣ ਜਮ੍ਹਾ ਹੁੰਦੇ ਹਨ। ਉਦੋਂ ਅਲੈਪੀ ਦੇ ਸੁਸਤ ਕਸਬੇ ਵਿਚ ਸੈਲਾਨੀਆਂ ਦੀ ਭੀੜ ਲੱਗਣ ਕਰਕੇ ਹਰ ਪਾਸੇ ਚਹਿਲ-ਪਹਿਲ ਰਹਿੰਦੀ ਹੈ।

ਨਹਿਰਾਂ ਵਿਚ ਤੈਰਦੇ ਆਲੀਸ਼ਾਨ ਹੋਟਲ

ਸਨੇਕ-ਬੋਟ ਤੋਂ ਇਲਾਵਾ ਹੋਰ ਵੀ ਕਈ ਕਿਸ਼ਤੀਆਂ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ “ਰਾਈਸ ਬੋਟ। ” ਇਹ ਪੁਰਾਣੀ ਕਿਸਮ ਦੀਆਂ ਕਿਸ਼ਤੀਆਂ ਹਨ ਜਿਨ੍ਹਾਂ ਨੂੰ ਹੁਣ ਆਲੀਸ਼ਾਨ ਹਾਊਸ-ਬੋਟਾਂ ਵਿਚ ਬਦਲਿਆ ਜਾ ਰਿਹਾ ਹੈ।

ਜ਼ਿਆਦਾਤਰ ਰਾਈਸ ਬੋਟਾਂ ਸੌ ਤੋਂ ਜ਼ਿਆਦਾ ਸਾਲ ਪੁਰਾਣੀਆਂ ਹਨ। ਪਰ ਸੈਲਾਨੀਆਂ ਦੇ ਰਹਿਣ ਲਈ ਨਵੀਆਂ ਬੋਟਾਂ ਵੀ ਬਣਾਈਆਂ ਜਾਂਦੀਆਂ ਹਨ। ਇਹ ਕਿਸ਼ਤੀਆਂ ਪਹਿਲਾਂ ਕੇਟੂਵੱਲਮ ਕਹਾਉਂਦੀਆਂ ਸਨ ਜਿਸ ਦਾ ਮਤਲਬ ਹੈ “ਗੰਢ ਵਾਲੀਆਂ ਕਿਸ਼ਤੀਆਂ। ” ਪੂਰੀ ਕਿਸ਼ਤੀ ਜੈਕਵੁੱਡ ਨਾਂ ਦੀ ਲੱਕੜੀ ਦੇ ਫੱਟਿਆਂ ਨਾਲ ਬਣਾਈ ਜਾਂਦੀ ਸੀ। ਫੱਟਿਆਂ ਨੂੰ ਇਕ-ਦੂਜੇ ਨਾਲ ਜੋੜਨ ਲਈ ਇਕ ਵੀ ਕਿੱਲ ਨਹੀਂ ਠੋਕੀ ਜਾਂਦੀ ਸੀ, ਸਗੋਂ ਇਨ੍ਹਾਂ ਨੂੰ ਨਾਰੀਅਲ ਦੇ ਰੇਸ਼ੇ ਦੇ ਬਣੇ ਰੱਸਿਆਂ ਨਾਲ ਗੰਢਾਂ ਮਾਰ ਕੇ ਬੰਨ੍ਹਿਆ ਜਾਂਦਾ ਸੀ। ਪਹਿਲਾਂ-ਪਹਿਲ ਇਹ ਕਿਸ਼ਤੀਆਂ ਇਕ ਪਿੰਡ ਤੋਂ ਦੂਜੇ ਪਿੰਡ ਚੌਲ ਅਤੇ ਹੋਰ ਚੀਜ਼ਾਂ ਪਹੁੰਚਾਉਣ ਜਾਂ ਦੂਰ-ਦੁਰੇਡੀਆਂ ਥਾਵਾਂ ਤਕ ਮਸਾਲੇ ਲੈ ਜਾਣ ਲਈ ਵਰਤੀਆਂ ਜਾਂਦੀਆਂ ਸਨ। ਪਰ ਢੋਆ-ਢੁਆਈ ਦੇ ਆਧੁਨਿਕ ਸਾਧਨਾਂ ਦੇ ਆਗਮਨ ਨਾਲ ਇਨ੍ਹਾਂ ਕਿਸ਼ਤੀਆਂ ਨੂੰ ਘੱਟ ਵਰਤਿਆਂ ਜਾਣ ਲੱਗਾ। ਫਿਰ ਇਕ ਦਿਨ ਇਕ ਦਿਮਾਗ਼ੀ ਬਿਜ਼ਨਿਸਮੈਨ ਨੇ ਸੋਚਿਆ ਕਿ ਕਿਉਂ ਨਾ ਇਨ੍ਹਾਂ ਨੂੰ ਸੈਲਾਨੀਆਂ ਦੇ ਰਹਿਣ ਲਈ ਹਾਊਸ-ਬੋਟਾਂ ਵਿਚ ਤਬਦੀਲ ਕੀਤਾ ਜਾਵੇ। ਅਤੇ ਉਸ ਨੇ ਇਹੋ ਹੀ ਕੀਤਾ। ਅੱਜ ਇਹ ਕਿਸ਼ਤੀਆਂ ਆਲੀਸ਼ਾਨ ਹੋਟਲਾਂ ਨਾਲੋਂ ਘੱਟ ਨਹੀਂ ਹਨ। ਇਨ੍ਹਾਂ ਵਿਚ ਬਾਲਕਨੀ, ਵਧੀਆ ਬੈਠਕ, ਆਰਾਮਦੇਹ ਬੈੱਡਰੂਮ, ਬਾਥਰੂਮ ਸਭ ਕੁਝ ਹੈ। ਤੁਸੀਂ ਜਿੱਥੇ ਮਰਜ਼ੀ ਜਾਣਾ ਚਾਹੋ, ਨੌਕਰ-ਚਾਕਰ ਕਿਸ਼ਤੀ ਨੂੰ ਉੱਥੇ ਲੈ ਜਾਣਗੇ। ਅਤੇ ਰਸੋਈਆ ਤੁਹਾਡੇ ਮਨ-ਪਸੰਦ ਦਾ ਭੋਜਨ ਬਣਾ ਕੇ ਤੁਹਾਡਾ ਜੀ ਖ਼ੁਸ਼ ਕਰ ਦੇਵੇਗਾ।

ਰਾਤ ਵੇਲੇ ਕਿਸ਼ਤੀ ਕੰਢੇ ਨੇੜੇ ਖੜ੍ਹੀ ਕਰ ਦਿੱਤੀ ਜਾਂਦੀ ਹੈ। ਜਿਹੜੇ ਸੈਲਾਨੀ ਸ਼ਾਂਤੀ ਤੇ ਏਕਾਂਤ ਚਾਹੁੰਦੇ ਹਨ, ਉਹ ਕਿਸ਼ਤੀ ਨੂੰ ਝੀਲ ਦੇ ਵਿਚਕਾਰ ਖੜ੍ਹੀ ਕਰਾਉਂਦੇ ਹਨ। ਨਹਿਰ ਵਿਚ ਮੱਛੀਆਂ ਦੀ ਛਪ-ਛਪ ਤੋਂ ਇਲਾਵਾ, ਉੱਥੇ ਉਨ੍ਹਾਂ ਨੂੰ ਹੋਰ ਕੋਈ ਸ਼ੋਰ ਨਹੀਂ ਸੁਣਦਾ।

ਮੱਛੀਆਂ ਦਾ ਸ਼ਿਕਾਰ ਕਰਨ ਵਾਲਿਆਂ ਤੋਂ ਇਲਾਵਾ ਕੇਰਲਾ ਵਿਚ “ਮਨੁੱਖਾਂ ਦੇ ਸ਼ਿਕਾਰੀ” ਵੀ ਹਨ ਜੋ ਹਰ ਵੇਲੇ ਦੂਸਰਿਆਂ ਨੂੰ ਸੱਚੇ ਪਰਮੇਸ਼ੁਰ ਦਾ ਗਿਆਨ ਦੇਣ ਲਈ ਸੁਚੇਤ ਅਤੇ ਸਰਗਰਮ ਰਹਿੰਦੇ ਹਨ।

ਕੇਰਲਾ ਵਿਚ “ਮਨੁੱਖਾਂ ਦੇ ਸ਼ਿਕਾਰੀ”

“ਮਨੁੱਖਾਂ ਦੇ ਸ਼ਿਕਾਰੀ” ਲਫ਼ਜ਼ ਯਿਸੂ ਮਸੀਹ ਨੇ ਆਪਣੇ ਚੇਲਿਆਂ ਲਈ ਵਰਤੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ” ਯਿਸੂ ਦਾ ਮਤਲਬ ਸੀ ਕਿ ਉਸ ਦੇ ਪੈਰੋਕਾਰ ਲੋਕਾਂ ਨੂੰ ਚੇਲੇ ਬਣਾਉਣ ਵਿਚ ਮਦਦ ਕਰਨਗੇ। (ਮੱਤੀ 4:​18, 19; 28:​19, 20) ਅੱਜ ਦੁਨੀਆਂ ਭਰ ਵਿਚ ਅਤੇ ਕੇਰਲਾ ਵਿਚ ਵੀ ਯਹੋਵਾਹ ਦੇ ਗਵਾਹ ਇਹੋ ਕੰਮ ਕਰ ਰਹੇ ਹਨ।

ਕੇਰਲਾ ਵਿਚ ਯਹੋਵਾਹ ਦੇ ਗਵਾਹਾਂ ਦੀਆਂ 132 ਕਲੀਸਿਯਾਵਾਂ ਹਨ ਜਿਨ੍ਹਾਂ ਵਿੱਚੋਂ 13 ਕਲੀਸਿਯਾਵਾਂ ਸਮੁੰਦਰ ਨਾਲ ਜੁੜੀਆਂ ਨਹਿਰਾਂ ਦੇ ਕੰਢਿਆਂ ’ਤੇ ਸਥਿਤ ਹਨ। ਇਨ੍ਹਾਂ ਕਲੀਸਿਯਾਵਾਂ ਦੇ ਕਈ ਮੈਂਬਰ ਮੱਛੀਆਂ ਫੜਨ ਦਾ ਵੀ ਕੰਮ ਕਰਦੇ ਹਨ। ਇਕ ਮਛੇਰੇ ਭਰਾ ਨੇ ਆਪਣੇ ਨਾਲ ਕੰਮ ਕਰਨ ਵਾਲੇ ਆਦਮੀ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ। ਹੌਲੀ-ਹੌਲੀ ਉਸ ਆਦਮੀ ਨੂੰ ਅਹਿਸਾਸ ਹੋਇਆ ਕਿ ਉਸ ਦੇ ਚਰਚ ਵਿਚ ਸਿਖਾਈਆਂ ਜਾਂਦੀਆਂ ਗੱਲਾਂ ਬਾਈਬਲ ਵਿੱਚੋਂ ਨਹੀਂ ਸਨ। ਉਸ ਦੀ ਪਤਨੀ ਅਤੇ ਚਾਰ ਬੱਚਿਆਂ ਨੇ ਵੀ ਬਾਈਬਲ ਬਾਰੇ ਹੋਰ ਸਿੱਖਣਾ ਚਾਹਿਆ। ਸੋ ਉਨ੍ਹਾਂ ਸਾਰਿਆਂ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਜੋ ਕੁਝ ਉਨ੍ਹਾਂ ਨੇ ਸਿੱਖਿਆ, ਉਸ ’ਤੇ ਅਮਲ ਕਰਨ ਵਿਚ ਉਨ੍ਹਾਂ ਨੇ ਦੇਰ ਨਾ ਕੀਤੀ। ਹੁਣ ਛੇਆਂ ਵਿੱਚੋਂ ਚਾਰਾਂ ਨੇ ਬਪਤਿਸਮਾ ਲੈ ਲਿਆ ਹੈ ਅਤੇ ਬਾਕੀ ਦੋ ਬੱਚੇ ਵੀ ਬਪਤਿਸਮਾ ਲੈਣ ਦੀ ਤਿਆਰੀ ਕਰ ਰਹੇ ਹਨ।

ਇਕ ਕਲੀਸਿਯਾ ਦੇ ਮੈਂਬਰ ਕਿਸ਼ਤੀ ਰਾਹੀਂ ਇਕ ਛੋਟੇ ਜਿਹੇ ਟਾਪੂ ਤੇ ਪ੍ਰਚਾਰ ਕਰਨ ਗਏ ਸਨ। ਇਸ ਟਾਪੂ ਤੇ ਆਉਣ-ਜਾਣ ਵਾਲੀਆਂ ਕਿਸ਼ਤੀਆਂ ਦਾ ਕੋਈ ਪੱਕਾ ਸਮਾਂ ਨਹੀਂ ਹੁੰਦਾ, ਤਾਹੀਓਂ ਲੋਕ ਇਸ ਟਾਪੂ ਨੂੰ ਕਾੜਮਾਕੁੜੀ ਦੇ ਨਾਂ ਤੋਂ ਬੁਲਾਉਂਦੇ ਹਨ, ਭਾਵ “ਇੱਥੇ ਆਏ, ਤਾਂ ਫਸੇ। ” ਉੱਥੇ ਗਵਾਹਾਂ ਦੀ ਮੁਲਾਕਾਤ ਜੌਨੀ ਤੇ ਉਸ ਦੀ ਬੀਵੀ ਰਾਣੀ ਨਾਲ ਹੋਈ। ਹਾਲਾਂਕਿ ਜੌਨੀ ਤੇ ਰਾਣੀ ਕੈਥੋਲਿਕ ਸਨ, ਪਰ ਫਿਰ ਵੀ ਉਹ ਅੰਤਰ-ਧਿਆਨ ਲਾਉਣ ਲਈ ਕਿਸੇ ਹੋਰ ਧਰਮ ਦੇ ਮੈਡੀਟੇਸ਼ਨ ਸੈਂਟਰ ਜਾਂਦੇ ਸਨ ਤੇ ਉੱਥੇ ਢੇਰ ਸਾਰਾ ਪੈਸਾ ਦਾਨ ਕਰਦੇ ਸਨ। ਜਦੋਂ ਜੌਨੀ ਨੇ ਬਾਈਬਲ ਦੀਆਂ ਸੱਚੀਆਂ ਸਿੱਖਿਆਵਾਂ ਬਾਰੇ ਸੁਣਿਆ, ਤਾਂ ਉਸ ਨੂੰ ਬਹੁਤ ਚੰਗਾ ਲੱਗਾ। ਸੋ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਜੋ ਕੁਝ ਉਹ ਸਿੱਖਦਾ, ਉਹ ਦੂਸਰਿਆਂ ਨੂੰ ਵੀ ਦੱਸਦਾ। ਜੌਨੀ ਨੂੰ ਬਹੁਤ ਜ਼ਿਆਦਾ ਸ਼ਰਾਬ ਤੇ ਸਿਗਰਟਾਂ ਪੀਣ ਦੀ ਆਦਤ ਸੀ, ਪਰ ਬਾਈਬਲ ਦੇ ਗਿਆਨ ਨੇ ਇਨ੍ਹਾਂ ਗੰਦੀਆਂ ਆਦਤਾਂ ਨੂੰ ਛੱਡਣ ਵਿਚ ਉਸ ਦੀ ਮਦਦ ਕੀਤੀ!

ਰੋਜ਼ੀ ਕਮਾਉਣ ਲਈ ਜੌਨੀ ਜੋ ਕੰਮ ਕਰ ਰਿਹਾ ਸੀ, ਉਹ ਬਾਈਬਲ ਦੇ ਸਿਧਾਂਤਾਂ ਦੇ ਉਲਟ ਸੀ। ਸੋ ਉਸ ਨੇ ਉਹ ਕੰਮ ਛੱਡ ਦਿੱਤਾ। ਇਸ ਨਾਲ ਉਸ ਦੇ ਪਰਿਵਾਰ ਨੂੰ ਕਾਫ਼ੀ ਤੰਗੀ ਸਹਿਣੀ ਪਈ। ਪਰ ਜਲਦੀ ਹੀ ਜੌਨੀ ਨੇ ਕੇਕੜੇ ਫੜਨ ਦਾ ਕੰਮ ਸ਼ੁਰੂ ਕਰ ਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਜੁਗਾੜ ਕਰ ਲਿਆ। ਸਾਲ 2006 ਦੇ ਸਤੰਬਰ ਮਹੀਨੇ ਵਿਚ ਜੌਨੀ ਨੇ ਬਪਤਿਸਮਾ ਲੈ ਲਿਆ ਅਤੇ ਇਕ ਸਾਲ ਬਾਅਦ ਉਸ ਦੀ ਪਤਨੀ ਤੇ ਦੋ ਬੱਚਿਆਂ ਨੇ ਵੀ ਬਪਤਿਸਮਾ ਲਿਆ। ਧਰਤੀ ਉੱਤੇ ਸਦਾ ਲਈ ਜੀਣ ਦੀ ਆਸ਼ਾ ਨੇ ਜ਼ਿੰਦਗੀ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।​—ਜ਼ਬੂਰਾਂ ਦੀ ਪੋਥੀ 97:1; 1 ਯੂਹੰਨਾ 2:17.

ਨਹਿਰਾਂ ਨਾਲ ਭਰੇ ਕੇਰਲਾ ਦੀ ਸੈਰ ਕਰ ਕੇ ਤੁਹਾਡਾ ਜੀ ਬਾਗ਼-ਬਾਗ਼ ਹੋ ਉੱਠੇਗਾ। ਇੱਥੇ ਤੁਸੀਂ ਨਾ ਕੇਵਲ ਮਛੇਰਿਆਂ ਦੇ ਚੀਨੀ ਜਾਲ, ਸਨੇਕ-ਬੋਟਾਂ ਅਤੇ ਹਾਊਸ-ਬੋਟਾਂ ਦੇਖੋਗੇ, ਸਗੋਂ ਤੁਸੀਂ ‘ਮਨੁੱਖਾਂ ਦੇ ਸ਼ਿਕਾਰੀਆਂ’ ਯਾਨੀ ਯਹੋਵਾਹ ਦੇ ਵਫ਼ਾਦਾਰ ਗਵਾਹਾਂ ਨੂੰ ਮਿਲਣ ਦਾ ਵੀ ਆਨੰਦ ਮਾਣ ਸਕੋਗੇ। (g 4/08)

[ਸਫ਼ੇ 10, 11 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਭਾਰਤ

ਕੇਰਲਾ

[ਸਫ਼ਾ 11 ਉੱਤੇ ਤਸਵੀਰ]

ਕੇਰਲਾ ਦੇ ਲੋਕਾਂ ਦਾ ਮੁੱਖ ਪੇਸ਼ਾ ਮੱਛੀਆਂ ਦਾ ਸ਼ਿਕਾਰ ਕਰਨਾ ਹੈ

[ਕ੍ਰੈਡਿਟ ਲਾਈਨ]

Top photo: Salim Pushpanath

[ਸਫ਼ਾ 11 ਉੱਤੇ ਤਸਵੀਰ]

ਹੱਥਾਂ ਨਾਲ ਮੱਛੀਆਂ ਫੜਦੀਆਂ ਔਰਤਾਂ

[ਸਫ਼ਾ 12 ਉੱਤੇ ਤਸਵੀਰ]

ਸਨੇਕ-ਬੋਟਾਂ ਦੀ ਦੌੜ

[ਸਫ਼ਾ 12 ਉੱਤੇ ਤਸਵੀਰ]

“ਕੇਟੂਵੱਲਮ”

[ਸਫ਼ੇ 12, 13 ਉੱਤੇ ਤਸਵੀਰ]

ਹਾਊਸ-ਬੋਟ

[ਸਫ਼ੇ 12, 13 ਉੱਤੇ ਤਸਵੀਰ]

ਜੌਨੀ ਆਪਣੀ ਬੀਵੀ ਰਾਣੀ ਨਾਲ

[ਸਫ਼ੇ 12, 13 ਉੱਤੇ ਕ੍ਰੈਡਿਟ ਲਾਈਨ]

Salim Pushpanath