Skip to content

Skip to table of contents

ਕੀ ਪਰਉਪਕਾਰੀ ਕੰਮ ਕਰਨ ਨਾਲ ਸੰਸਾਰ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ?

ਕੀ ਪਰਉਪਕਾਰੀ ਕੰਮ ਕਰਨ ਨਾਲ ਸੰਸਾਰ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ?

ਕੀ ਪਰਉਪਕਾਰੀ ਕੰਮ ਕਰਨ ਨਾਲ ਸੰਸਾਰ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ?

ਭਾਵੇਂ ਕਿ ਬਿਪਤਾਵਾਂ, ਭੁੱਖਮਰੀਆਂ, ਬੀਮਾਰੀਆਂ ਤੇ ਧਰਤੀ ਦੀ ਦੁਰਦਸ਼ਾ ਬਾਰੇ ਰੋਜ਼-ਰੋਜ਼ ਖ਼ਬਰਾਂ ਸੁਣ ਕੇ ਸਾਡੇ ਕੰਨ ਪੱਕ ਗਏ ਹਨ, ਪਰ ਸੰਸਾਰ ਭਰ ਵਿਚ ਪਰਉਪਕਾਰੀ ਲੋਕਾਂ ਦੇ ਪੁੰਨ-ਦਾਨ ਬਾਰੇ ਸੁਣ ਕੇ ਸਾਨੂੰ ਖ਼ੁਸ਼ੀ ਵੀ ਹੁੰਦੀ ਹੈ। ਕਈ ਵਾਰ ਅਸੀਂ ਉਨ੍ਹਾਂ ਕਰੋੜਪਤੀਆਂ ਬਾਰੇ ਸੁਣਦੇ ਹਾਂ ਜੋ ਲੋੜਵੰਦਾਂ ਦੀ ਖ਼ਾਤਰ ਲੱਖਾਂ-ਕਰੋੜਾਂ ਰੁਪਏ ਦਾਨ ਕਰਦੇ ਹਨ। ਮਸ਼ਹੂਰ ਹਸਤੀਆਂ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਬਾਰੇ ਸੁਚੇਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਕਰਦੀਆਂ ਹਨ। ਆਮ ਲੋਕ ਵੀ ਦੂਸਰਿਆਂ ਦੇ ਭਲੇ ਲਈ ਦਾਨ ਕਰਦੇ ਹਨ। ਪਰ ਜੇ ਅਸੀਂ ਦੂਰ ਦੀ ਸੋਚੀਏ, ਤਾਂ ਕੀ ਪੁੰਨ-ਦਾਨ ਕਰਨ ਨਾਲ ਮਨੁੱਖਜਾਤੀ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ?

ਪੁੰਨ-ਦਾਨ ਕਰਨ ਦਾ ਯੁਗ?

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਲੋਕ ਅੱਜ-ਕੱਲ੍ਹ ਅੱਗੇ ਨਾਲੋਂ ਜ਼ਿਆਦਾ ਪੈਸਾ ਦਾਨ ਕਰਦੇ ਹਨ। ਇਕ ਕਿਤਾਬ ਅਨੁਸਾਰ “21ਵੀਂ ਸਦੀ ਦੇ ਸ਼ੁਰੂ ਵਿਚ ਅੱਗੇ ਨਾਲੋਂ ਜ਼ਿਆਦਾ ਪਰਉਪਕਾਰੀ ਸੰਸਥਾਵਾਂ ਬਣੀਆਂ ਹਨ ਜਿਨ੍ਹਾਂ ਕੋਲ ਕਾਫ਼ੀ ਸਾਰਾ ਧਨ ਹੈ। ” ਅਮੀਰਾਂ ਦੀ ਗਿਣਤੀ ਵਧਣ ਨਾਲ ਦਾਨ ਦੇਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਕਰੋੜਪਤੀਆਂ ਕੋਲ ਦਾਨ ਕਰਨ ਲਈ ਨਾ ਸਿਰਫ਼ ਜ਼ਿਆਦਾ ਪੈਸਾ ਹੈ, ਸਗੋਂ ਕਈ ਤਾਂ ਮਰਨ ਤੇ ਆਪਣੀ ਜਾਇਦਾਦ ਦਾ ਵੱਡਾ ਸਾਰਾ ਹਿੱਸਾ ਪਰਉਪਕਾਰੀ ਸੰਸਥਾਵਾਂ ਦੇ ਨਾਂ ਲਿਖ ਜਾਂਦੇ ਹਨ। ਇਸੇ ਕਾਰਨ ਬਰਤਾਨੀਆ ਦੀ ਇਕ ਅਖ਼ਬਾਰ ਦੀ ਇਕਾਨੋਮਿਸਟ ਕਹਿੰਦੀ ਹੈ ਕਿ ਅੱਜ ਦੇ ਜ਼ਮਾਨੇ ਨੂੰ “ਪੁੰਨ-ਦਾਨ ਕਰਨ ਦਾ ਯੁਗ” ਕਿਹਾ ਜਾ ਸਕਦਾ ਹੈ।

ਲੋਕ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਵਿਚ ਸਰਕਾਰਾਂ ਦੀ ਅਸਫ਼ਲਤਾ ਦੇਖ ਕੇ ਮਹਿਸੂਸ ਕਰਦੇ ਹਨ ਕਿ ਜਿੰਨਾ ਜ਼ਿਆਦਾ ਪੈਸਾ ਦਾਨ ਕੀਤਾ ਜਾਵੇ, ਉੱਨਾ ਹੀ ਘੱਟ ਹੈ। ਅਫ਼ਰੀਕਾ ਵਿਚ ਐੱਚ. ਆਈ. ਵੀ./ਏਡਜ਼ ਦੀ ਰੋਕਥਾਮ ਲਈ ਭੇਜੇ ਗਏ ਯੂ. ਐੱਨ. ਦੇ ਪ੍ਰਤਿਨਿਧ ਨੇ ਕਿਹਾ ਕਿ “ਸਿਆਸੀ ਆਗੂਆਂ ਦੀ ਬੇਪਰਵਾਹੀ” ਨੂੰ ਦੇਖਦਿਆਂ ਹੀ ਅੱਜ ਇੰਨੀਆਂ ਸਾਰੀਆਂ ਮਸ਼ਹੂਰ ਹਸਤੀਆਂ ਲੋਕਾਂ ਨੂੰ ਵਿਸ਼ਵ ਸਿਹਤ ਸਮੱਸਿਆਵਾਂ ਪ੍ਰਤੀ ਸੁਚੇਤ ਕਰਨ ਦਾ ਬੀੜਾ ਚੁੱਕ ਰਹੀਆਂ ਹਨ। ਇਕ ਲੇਖਕ ਨੇ ਕਿਹਾ ਕਿ ਸਮੱਸਿਆ ਭਾਵੇਂ ਗ਼ਰੀਬੀ, ਡਾਕਟਰੀ ਸਹੂਲਤਾਂ, ਗੰਦੇ ਮਾਹੌਲ, ਵਿੱਦਿਆ ਜਾਂ ਸਮਾਜਕ ਅਨਿਆਂ ਦੀ ਹੋਵੇ, ‘ਸਰਕਾਰਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਦੀ ਢਿੱਲ-ਮੱਠ ਤੋਂ ਅਮੀਰ ਲੋਕ ਕਾਫ਼ੀ ਖਿੱਝ ਜਾਂਦੇ ਹਨ।’ (ਦ ਫਾਉਂਡੇਸ਼ਨ: ਏ ਗ੍ਰੇਟ ਅਮੈਰੀਕਨ ਸੀਕ੍ਰੇਟ ਹਾਓ ਪ੍ਰਾਈਵੇਟ ਵੈਲਥ ਇਜ਼ ਚੇਂਜਿੰਗ ਦ ਵਰਲਡ) ਕਈ ਅਮੀਰ ਲੋਕ ਗ਼ਰੀਬਾਂ ਦੀ ਝੱਟ ਮਦਦ ਕਰਨੀ ਚਾਹੁੰਦੇ ਹਨ, ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਕਈ ਸਰਕਾਰੀ ਵਿਭਾਗਾਂ ਅਤੇ ਅਫ਼ਸਰਾਂ ਨੂੰ ਵੱਡੀ ਰਕਮ ਹੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਨੂੰ ਪਤਾ ਹੈ ਕਿ ਇੱਦਾਂ ਕੀਤੇ ਬਗੈਰ ਉਨ੍ਹਾਂ ਦਾ ਕੋਈ ਕੰਮ ਸਿਰ ਨਹੀਂ ਚੜ੍ਹਨਾ।

ਪਰਉਪਕਾਰ ਦੀ ਤਾਕਤ

20ਵੀਂ ਸਦੀ ਦੇ ਪਹਿਲੇ ਕੁਝ ਦਹਾਕਿਆਂ ਵਿਚ ਵੀ ਕਈ ਅਮੀਰ ਬੰਦਿਆਂ ਨੇ ਲੋਕਾਂ ਦੀ ਭਲਾਈ ਲਈ ਕਾਫ਼ੀ ਪੈਸਾ ਦਾਨ ਕੀਤਾ। ਐਂਡਰੂ ਕਾਰਨੈਗੀ ਤੇ ਜੌਨ ਰੌਕਫੈਲਰ ਸੀਨੀਅਰ ਵਰਗੇ ਮੰਨੇ-ਪ੍ਰਮੰਨੇ ਸੇਠਾਂ ਨੇ ਗ਼ਰੀਬਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਦਾਨੀਆਂ ਨੇ ਦੇਖਿਆ ਕਿ ਆਮ ਖ਼ੈਰਾਤੀ ਸੰਸਥਾਵਾਂ ਭੁੱਖੇ-ਨੰਗੇ ਲੋਕਾਂ ਨੂੰ ਖਿਲਾਉਣ-ਪਿਲਾਉਣ ਵਿਚ ਰੁੱਝੀਆਂ ਹੋਈਆਂ ਸਨ, ਪਰ ਉਹ ਗ਼ਰੀਬੀ ਦੇ ਮੁੱਖ ਕਾਰਨਾਂ ਨੂੰ ਹਟਾਉਣ ਬਾਰੇ ਕੁਝ ਨਹੀਂ ਕਰ ਰਹੀਆਂ ਸਨ। ਸੋ ਉਨ੍ਹਾਂ ਨੇ ਅਜਿਹੀਆਂ ਪਰਉਪਕਾਰੀ ਸੰਸਥਾਵਾਂ ਸਥਾਪਿਤ ਕੀਤੀਆਂ ਜੋ ਸਮਾਜਕ ਤਬਦੀਲੀਆਂ ਲਿਆਉਣ ਦੇ ਨਾਲ-ਨਾਲ ਸਮੱਸਿਆਵਾਂ ਨੂੰ ਜੜ੍ਹੋਂ ਉਖਾੜਨ ਦੀ ਵੀ ਕੋਸ਼ਿਸ਼ ਕਰਨਗੀਆਂ। ਉਸ ਸਮੇਂ ਤੋਂ ਸੰਸਾਰ ਭਰ ਵਿਚ ਲੱਖਾਂ ਹੀ ਅਜਿਹੀਆਂ ਸੰਸਥਾਵਾਂ ਸਥਾਪਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 50 ਤੋਂ ਵੱਧ ਸੰਸਥਾਵਾਂ ਦੀ ਸੰਪਤੀ 40 ਅਰਬ ਰੁਪਏ ਤੋਂ ਵੀ ਜ਼ਿਆਦਾ ਹੈ।

ਇਨ੍ਹਾਂ ਪਰਉਪਕਾਰੀ ਸੰਸਥਾਵਾਂ ਨੇ ਢੇਰ ਸਾਰੇ ਸਕੂਲ, ਲਾਇਬ੍ਰੇਰੀਆਂ, ਪਾਰਕ ਤੇ ਮਿਊਜ਼ੀਅਮ ਬਣਵਾਏ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਬੇਹੱਦ ਲਾਭ ਹੋਇਆ ਹੈ। ਇਸ ਤੋਂ ਇਲਾਵਾ ਗ਼ਰੀਬ ਦੇਸ਼ਾਂ ਵਿਚ ਫ਼ਸਲਾਂ ਵਧਾਉਣ ਦੇ ਪ੍ਰੋਗ੍ਰਾਮਾਂ ਦੁਆਰਾ ਉਹ ਭੁੱਖੇ ਲੋਕਾਂ ਦੇ ਢਿੱਡ ਵੀ ਭਰ ਰਹੇ ਹਨ। ਡਾਕਟਰੀ ਖੋਜ ਲਈ ਦਿੱਤੇ ਗਏ ਪੈਸਿਆਂ ਨਾਲ ਬੀਮਾਰੀਆਂ ਦਾ ਵਧੀਆ ਇਲਾਜ ਕੀਤਾ ਜਾ ਰਿਹਾ ਹੈ ਤੇ ਪੀਲੇ ਤਾਪ ਵਰਗੀਆਂ ਕਈ ਬੀਮਾਰੀਆਂ ਹੁਣ ਖ਼ਤਮ ਹੋ ਚੁੱਕੀਆਂ ਹਨ।

ਅੱਜ ਸੰਸਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਾ ਤਾਂ ਪਰਉਪਕਾਰੀ ਸੰਸਥਾਵਾਂ ਦੀ ਘਾਟ ਹੈ ਤੇ ਨਾ ਹੀ ਸਾਧਨਾਂ ਦੀ। ਸੋ ਕਈ ਸੋਚਦੇ ਹਨ ਕਿ ਮਨੁੱਖ ਦਾ ਭਵਿੱਖ ਉੱਜਲ ਹੈ। 2006 ਵਿਚ ਅਮਰੀਕਾ ਦੇ ਇਕ ਸਾਬਕਾ ਰਾਸ਼ਟਰਪਤੀ ਨੇ ਦਾਨੀਆਂ ਦੇ ਇਕ ਸਮੂਹ ਨੂੰ ਕਿਹਾ: “ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਤੁਹਾਡੇ ਦਿੱਤੇ ਪੈਸੇ ਕਾਰਨ ਆਮ ਜਨਤਾ ਦਾ ਕਿੰਨਾ ਭਲਾ ਹੋ ਸਕਦਾ ਹੈ। ”

ਪਰ ਕਈਆਂ ਦਾ ਕੁਝ ਹੋਰ ਵਿਚਾਰ ਹੈ। ਡਾਕਟਰੀ ਸਹੂਲਤਾਂ ਦੇ ਖੇਤਰ ਵਿਚ ਮਾਹਰ ਲੌਰੀ ਗੈਰਟ ਨੇ ਲਿਖਿਆ: “ਇੰਨਾ ਪੈਸਾ ਹੋਣ ਨਾਲ ਤੁਸੀਂ ਸ਼ਾਇਦ ਸੋਚੋ ਕਿ ਸੰਸਾਰ ਭਰ ਵਿਚ ਗ਼ਰੀਬ ਲੋਕਾਂ ਨੂੰ ਘੱਟੋ-ਘੱਟ ਡਾਕਟਰੀ ਸਹੂਲਤਾਂ ਤਾਂ ਉਪਲਬਧ ਹੋਣਗੀਆਂ। ਪਰ ਇਹ ਤੁਹਾਡੀ ਗ਼ਲਤਫ਼ਹਿਮੀ ਹੋਵੇਗੀ। ” ਕਿਉਂ? ਕਿਉਂਕਿ ਗ਼ਰੀਬਾਂ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਕਰਾਉਣ ਲਈ ਜ਼ਰੂਰੀ ਕਾਗ਼ਜ਼ਾਤ ਤਿਆਰ ਕਰਨ ਵਿਚ ਹੀ ਢੇਰ ਸਾਰਾ ਪੈਸਾ ਲੱਗ ਜਾਂਦਾ ਹੈ ਤੇ ਨਾਲ ਹੀ ਹਰ ਸਰਕਾਰੀ ਅਫ਼ਸਰ ਦੀ ਮੁੱਠੀ ਵੀ ਗਰਮ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਮਦਦਗਾਰ ਏਜੰਸੀਆਂ ਦੇ ਆਪਸ ਵਿਚ ਤਾਲਮੇਲ ਨਹੀਂ ਹੈ। ਇਕ ਝੰਜਟ ਇਹ ਵੀ ਹੈ ਕਿ ਪਰਉਪਕਾਰੀ ਏਜੰਸੀਆਂ ਦੇ ਹੱਥ ਬੰਨ੍ਹੇ ਹੋਏ ਹੁੰਦੇ ਹਨ ਕਿਉਂਕਿ ਕਈ ਦਾਨੀ ਸੱਜਣ ਦਾਨ ਦਿੰਦੇ ਵੇਲੇ ਸ਼ਰਤਾਂ ਰੱਖ ਦਿੰਦੇ ਹਨ ਕਿ ਉਨ੍ਹਾਂ ਦਾ ਪੈਸਾ ਸਿਰਫ਼ ਖ਼ਾਸ ਮਕਸਦ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਏਡਜ਼ ਦੀ ਬੀਮਾਰੀ ਦੀ ਰੋਕਥਾਮ ਲਈ।

ਗੈਰਟ ਦੇ ਅਨੁਸਾਰ ਪਰਉਪਕਾਰੀ ਏਜੰਸੀਆਂ ਆਪਸ ਵਿਚ ਮਿਲ-ਜੁਲ ਕੇ ਕੰਮ ਨਹੀਂ ਕਰਦੀਆਂ ਤੇ ਪੈਸੇ ਨੂੰ “ਆਮ ਸਿਹਤ ਸਮੱਸਿਆਵਾਂ ਲਈ ਵਰਤਣ ਦੀ ਥਾਂ ਉਨ੍ਹਾਂ ਬੀਮਾਰੀਆਂ ਲਈ ਹੀ ਵਰਤਦੇ ਹਨ ਜਿਨ੍ਹਾਂ ਬਾਰੇ ਮੀਡੀਆ ਵਿਚ ਜ਼ਿਆਦਾ ਗੱਲਬਾਤ ਕੀਤੀ ਜਾਂਦੀ ਹੈ। ਇਸ ਵਿਚ ਵੱਡਾ ਨੁਕਸਾਨ ਇਹ ਹੈ ਕਿ ਇੰਨੇ ਸਾਰੇ ਦਾਨ ਦੇ ਬਾਵਜੂਦ ਗ਼ਰੀਬਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਦੇ ਹਾਲਾਤ ਸ਼ਾਇਦ ਅੱਗੇ ਨਾਲੋਂ ਵੀ ਮਾੜੇ ਹੋ ਜਾਣ। ”

ਪੈਸਾ ਹੀ ਕਾਫ਼ੀ ਕਿਉਂ ਨਹੀਂ

ਪਰਉਪਕਾਰੀ ਲੋਕਾਂ ਦਾ ਜੋ ਮਰਜ਼ੀ ਟੀਚਾ ਹੋਵੇ, ਉਹ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਨਾ ਪੈਸਾ ਤੇ ਨਾ ਹੀ ਚੰਗੀ ਵਿੱਦਿਆ ਲੋਭ, ਨਫ਼ਰਤ, ਕੌਮੀ ਤੇ ਜਾਤੀ ਭੇਦ-ਭਾਵ ਤੇ ਝੂਠੇ ਧਾਰਮਿਕ ਵਿਸ਼ਵਾਸਾਂ ਵਰਗੀਆਂ ਚੀਜ਼ਾਂ ਨੂੰ ਖ਼ਤਮ ਕਰ ਸਕਦੀ ਹੈ। ਭਾਵੇਂ ਕਿ ਇਹ ਚੀਜ਼ਾਂ ਸਾਡੀਆਂ ਬਿਪਤਾਵਾਂ ਨੂੰ ਵਧਾਉਂਦੀਆਂ ਹਨ, ਪਰ ਇਹ ਦੁੱਖਾਂ ਦੀ ਅਸਲੀ ਜੜ੍ਹ ਨਹੀਂ ਹਨ। ਬਾਈਬਲ ਦੇ ਅਨੁਸਾਰ ਦੁੱਖਾਂ ਦੇ ਹੋਰ ਕਾਰਨ ਹਨ।

ਦੁੱਖਾਂ ਦਾ ਇਕ ਕਾਰਨ ਇਹ ਹੈ ਕਿ ਇਨਸਾਨ ਜਨਮ ਤੋਂ ਹੀ ਪਾਪੀ ਹੈ। (ਰੋਮੀਆਂ 3:23; 5:12) ਸਾਡੇ ਪਾਪੀ ਸੁਭਾਅ ਕਰਕੇ ਅਸੀਂ ਗ਼ਲਤ ਸੋਚਦੇ ਹਾਂ ਤੇ ਗ਼ਲਤੀਆਂ ਕਰਦੇ ਹਾਂ। ਉਤਪਤ 8:21 ਕਹਿੰਦਾ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ। ” ਗ਼ਲਤ ਸੋਚ ਕਰਕੇ ਲੱਖਾਂ ਹੀ ਲੋਕ ਬਦਚਲਣ ਜ਼ਿੰਦਗੀ ਜੀਉਂਦੇ ਹਨ ਤੇ ਨਸ਼ੇ ਕਰਦੇ ਹਨ। ਇਨ੍ਹਾਂ ਭੈੜੇ ਕੰਮਾਂ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਫੈਲਦੀਆਂ ਹਨ ਜਿਵੇਂ ਕਿ ਏਡਜ਼।​—ਰੋਮੀਆਂ 1:26, 27.

ਦੁੱਖਾਂ ਦਾ ਦੂਜਾ ਕਾਰਨ ਇਹ ਹੈ ਕਿ ਇਨਸਾਨ ਹੋਰਨਾਂ ਉੱਤੇ ਹਕੂਮਤ ਕਰਨ ਦੇ ਯੋਗ ਨਹੀਂ ਹੈ। ਯਿਰਮਿਯਾਹ 10:23 ਕਹਿੰਦਾ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਆਦਮੀ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ” ਪਹਿਲਾਂ ਜ਼ਿਕਰ ਕੀਤੀ ਗਈ “ਸਿਆਸੀ ਆਗੂਆਂ ਦੀ ਬੇਪਰਵਾਹੀ” ਇਕ ਕਾਰਨ ਹੈ ਕਿ ਪਰਉਪਕਾਰੀ ਸੰਸਥਾਵਾਂ ਕਿਉਂ ਪੁੰਨ-ਦਾਨ ਦਾ ਕੰਮ ਕਰਨ ਲਈ ਸਰਕਾਰੀ ਏਜੰਸੀਆਂ ਦੀ ਮਦਦ ਨਹੀਂ ਲੈਂਦੀਆਂ। ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਮਨੁੱਖੀ ਸਰਕਾਰਾਂ ਦੀ ਬਜਾਇ ਆਪਣੇ ਸ੍ਰਿਸ਼ਟੀਕਰਤਾ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।​—ਯਸਾਯਾਹ 33:22.

ਇਸ ਤੋਂ ਇਲਾਵਾ ਬਾਈਬਲ ਵਾਅਦਾ ਕਰਦੀ ਹੈ ਕਿ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਮਨੁੱਖ ਦੇ ਸਾਰੇ ਦੁੱਖ ਦੂਰ ਕਰੇਗਾ। ਉਸ ਨੇ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕੇ ਹਨ।

ਸਭ ਤੋਂ ਮਹਾਨ ਪਰਉਪਕਾਰੀ ਕੰਮ

ਯੂਨਾਨੀ ਭਾਸ਼ਾ ਵਿਚ “ਪਰਉਪਕਾਰ” ਲਈ ਵਰਤੇ ਜਾਂਦੇ ਸ਼ਬਦ ਦਾ ਅਰਥ ਹੈ “ਮਨੁੱਖਜਾਤੀ ਲਈ ਪ੍ਰੇਮ। ” ਸਾਨੂੰ ਹੋਰ ਕੋਈ ਇੰਨਾ ਪਿਆਰ ਨਹੀਂ ਕਰਦਾ ਜਿੰਨਾ ਕਿ ਸਾਡਾ ਸ੍ਰਿਸ਼ਟੀਕਰਤਾ ਸਾਨੂੰ ਪਿਆਰ ਕਰਦਾ ਹੈ। ਯੂਹੰਨਾ 3:16 ਕਹਿੰਦਾ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ। ” ਸੱਚ-ਮੁੱਚ ਹੀ ਯਹੋਵਾਹ ਨੇ ਸਾਨੂੰ ਪਾਪ ਤੇ ਮੌਤ ਦੀ ਜਕੜ ਵਿੱਚੋਂ ਛੁਡਾਉਣ ਲਈ ਪੈਸੇ ਨਾਲੋਂ ਵੀ ਜ਼ਿਆਦਾ ਕੀਮਤ ਚੁਕਾਈ ਹੈ। ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ‘ਬਹੁਤਿਆਂ ਦੇ ਥਾਂ ਆਪਣੀ ਜਾਨ ਦੇਣ’ ਲਈ ਘੱਲਿਆ। (ਮੱਤੀ 20:28) ਪਤਰਸ ਰਸੂਲ ਨੇ ਲਿਖਿਆ: “ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ। ”​—1 ਪਤਰਸ 2:24.

ਯਹੋਵਾਹ ਨੇ ਧਰਤੀ ਉੱਤੇ ਹਕੂਮਤ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਕੁਝ ਕੀਤਾ ਹੈ। ਉਸ ਨੇ ਇਕ ਵਿਸ਼ਵ ਸਰਕਾਰ ਸਥਾਪਿਤ ਕੀਤੀ ਹੈ ਜਿਸ ਨੂੰ ਪਰਮੇਸ਼ੁਰ ਦਾ ਰਾਜ ਕਿਹਾ ਜਾਂਦਾ ਹੈ। ਸਵਰਗ ਤੋਂ ਹਕੂਮਤ ਕਰਦਿਆਂ ਇਹ ਰਾਜ ਦੁਸ਼ਟਤਾ ਨੂੰ ਖ਼ਤਮ ਕਰ ਕੇ ਧਰਤੀ ਉੱਤੇ ਸੁੱਖ-ਸ਼ਾਂਤੀ ਲਿਆਵੇਗਾ।​—ਜ਼ਬੂਰਾਂ ਦੀ ਪੋਥੀ 37:10, 11; ਦਾਨੀਏਲ 2:44; 7:13, 14.

ਦੁੱਖਾਂ ਨੂੰ ਜੜ੍ਹੋਂ ਉਖਾੜ ਕੇ ਪਰਮੇਸ਼ੁਰ ਸਾਡੀਆਂ ਉਹ ਸਾਰੀਆਂ ਖ਼ਾਹਸ਼ਾਂ ਪੂਰੀਆਂ ਕਰੇਗਾ ਜੋ ਕੋਈ ਵੀ ਇਨਸਾਨ ਜਾਂ ਸੰਸਥਾ ਪੂਰੀਆਂ ਨਹੀਂ ਕਰ ਸਕਦੀ। ਗ਼ਰੀਬਾਂ ਦੀ ਮਦਦ ਲਈ ਪਰਉਪਕਾਰੀ ਸੰਸਥਾਵਾਂ ਸਥਾਪਿਤ ਕਰਨ ਦੀ ਬਜਾਇ, ਯਹੋਵਾਹ ਦੇ ਗਵਾਹ ਯਿਸੂ ਮਸੀਹ ਦੀ ਰੀਸ ਕਰਦਿਆਂ ਆਪਣਾ ਸਮਾਂ ਤੇ ਪੈਸਾ ‘ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ’ ਦਾ ਪ੍ਰਚਾਰ ਕਰਨ ਵਿਚ ਲਾਉਂਦੇ ਹਨ।​—ਮੱਤੀ 24:14; ਲੂਕਾ 4:43. (g 5/08)

[ਸਫ਼ਾ 17 ਉੱਤੇ ਡੱਬੀ/ਤਸਵੀਰ]

“ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”

ਯਹੋਵਾਹ ਦੇ ਗਵਾਹ ਬਾਈਬਲ ਵਿਚ 2 ਕੁਰਿੰਥੀਆਂ 9:7 ਵਿਚ ਪਾਏ ਜਾਂਦੇ ਇਨ੍ਹਾਂ ਸ਼ਬਦਾਂ ਅਨੁਸਾਰ ਚੱਲਦੇ ਹਨ। ਦੂਸਰਿਆਂ ਦੀ ਮਦਦ ਕਰਨ ਵਿਚ ਆਪਣਾ ਸਮਾਂ, ਤਾਕਤ ਅਤੇ ਪੈਸਾ ਲਗਾਉਣ ਵੇਲੇ ਉਹ ਇਸ ਤਾਕੀਦ ਨੂੰ ਮੰਨਦੇ ਹਨ: “ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ। ”​—1 ਯੂਹੰਨਾ 3:18.

ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ, ਤਾਂ ਯਹੋਵਾਹ ਦੇ ਗਵਾਹ ਪੀੜਿਤਾਂ ਦੀ ਮਦਦ ਕਰਨੀ ਆਪਣਾ ਸਨਮਾਨ ਸਮਝਦੇ ਹਨ। ਮਿਸਾਲ ਲਈ, ਜਦੋਂ ਅਮਰੀਕਾ ਦੇ ਦੱਖਣੀ ਹਿੱਸਿਆਂ ਵਿਚ ਕੈਟਰੀਨਾ, ਰੀਟਾ ਅਤੇ ਵਿਲਮਾ ਨਾਮਕ ਹਰੀਕੇਨਾਂ ਨੇ ਵੱਡੀ ਤਬਾਹੀ ਮਚਾਈ, ਤਾਂ ਹਜ਼ਾਰਾਂ ਹੀ ਯਹੋਵਾਹ ਦੇ ਗਵਾਹ ਦੂਸਰੇ ਲੋਕਾਂ ਨੂੰ ਰਾਹਤ ਸਾਮੱਗਰੀ ਪਹੁੰਚਾਉਣ ਅਤੇ ਨੁਕਸਾਨੇ ਗਏ ਮਕਾਨਾਂ ਨੂੰ ਮੁੜ ਉਸਾਰਨ ਲਈ ਉੱਥੇ ਅੱਪੜੇ। ਸਥਾਨਕ ਰਾਹਤ ਕਮੇਟੀਆਂ ਦੀ ਨਿਗਰਾਨੀ ਹੇਠ ਇਨ੍ਹਾਂ ਵਲੰਟੀਅਰਾਂ ਨੇ ਯਹੋਵਾਹ ਦੇ ਗਵਾਹਾਂ ਦੇ ਨੁਕਸਾਨੇ ਗਏ 5,600 ਘਰਾਂ ਤੇ 90 ਕਿੰਗਡਮ ਹਾਲਾਂ ਦੀ ਮੁਰੰਮਤ ਕੀਤੀ।

ਕੁਝ ਚਰਚਾਂ ਦੇ ਉਲਟ ਯਹੋਵਾਹ ਦੇ ਗਵਾਹਾਂ ਲਈ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇਣਾ ਲਾਜ਼ਮੀ ਨਹੀਂ ਹੈ। ਨਾ ਹੀ ਉਹ ਕਿਸੇ ਤੋਂ ਚੰਦਾ ਮੰਗਦੇ ਹਨ। ਉਨ੍ਹਾਂ ਦਾ ਸਾਰਾ ਕੰਮ ਆਪਣੇ ਦਿਲੋਂ ਖ਼ੁਸ਼ੀ ਨਾਲ ਦਿੱਤੇ ਚੰਦਿਆਂ ਨਾਲ ਚੱਲਦਾ ਹੈ।​—ਮੱਤੀ 6:3, 4; 2 ਕੁਰਿੰਥੀਆਂ 8:12.

[ਸਫ਼ਾ 16 ਉੱਤੇ ਤਸਵੀਰਾਂ]

ਪੈਸਾ ਬੀਮਾਰੀਆਂ ਅਤੇ ਦੁੱਖ-ਦਰਦ ਨੂੰ ਜੜ੍ਹੋਂ ਨਹੀਂ ਉਖਾੜ ਸਕਦਾ

[ਸਫ਼ਾ 16 ਉੱਤੇ ਤਸਵੀਰ]

© Chris de Bode/Panos Pictures