Skip to content

Skip to table of contents

ਬੱਚੇ ਅਤੇ ਇੰਟਰਨੈੱਟ—ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ

ਬੱਚੇ ਅਤੇ ਇੰਟਰਨੈੱਟ—ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ

ਬੱਚੇ ਅਤੇ ਇੰਟਰਨੈੱਟ​—ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ

ਮੰਨਿਆ ਜਾਂਦਾ ਸੀ ਕਿ ਜੇ ਕੰਪਿਊਟਰ ਨੂੰ ਘਰ ਦੀ ਅਜਿਹੀ ਜਗ੍ਹਾ ਰੱਖਿਆ ਜਾਵੇ ਜਿੱਥੇ ਸਾਰਾ ਪਰਿਵਾਰ ਆਉਂਦਾ-ਜਾਂਦਾ ਹੈ, ਤਾਂ ਮਾਪੇ ਆਪਣੇ ਬੱਚਿਆਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਤੋਂ ਬਚਾ ਸਕਣਗੇ। ਭਾਵੇਂ ਇਹ ਗੱਲ ਸੱਚ ਹੈ ਕਿ ਬੱਚਿਆਂ ਦੇ ਸੌਣ ਦੇ ਕਮਰੇ ਵਿਚ ਕੰਪਿਊਟਰ ਰੱਖਣਾ ਅਕਲਮੰਦੀ ਦੀ ਗੱਲ ਨਹੀਂ ਹੈ, ਫਿਰ ਵੀ ਸਿਰਫ਼ ਇਸ ਤਰ੍ਹਾਂ ਕਰਨਾ ਕਾਫ਼ੀ ਨਹੀਂ। ਹਕੀਕਤ ਤਾਂ ਇਹ ਹੈ ਕਿ ਵਾਇਰਲੈੱਸ ਕਨੈਕਸ਼ਨ ਹੋਣ ਕਰਕੇ ਅੱਜ-ਕੱਲ੍ਹ ਬੱਚੇ ਤਕਰੀਬਨ ਹਰ ਜਗ੍ਹਾ ਇੰਟਰਨੈੱਟ ਵਰਤ ਸਕਦੇ ਹਨ। ਮਿਸਾਲ ਲਈ, ਅਜਿਹੇ ਮੋਬਾਇਲ ਫ਼ੋਨ ਵੀ ਹਨ ਜਿਨ੍ਹਾਂ ’ਤੇ ਇੰਟਰਨੈੱਟ ਦੇਖਣ ਦੀ ਸਹੂਲਤ ਮੌਜੂਦ ਹੈ। ਇਸ ਦੇ ਨਾਲ-ਨਾਲ ਉਹ ਇੰਟਰਨੈੱਟ ਕੈਫੇ, ਲਾਇਬ੍ਰੇਰੀ ਜਾਂ ਆਪਣੇ ਕਿਸੇ ਦੋਸਤ ਦੇ ਘਰ ਇੰਟਰਨੈੱਟ ਦੇਖ ਸਕਦੇ ਹਨ। ਇਸ ਲਈ ਸ਼ਾਇਦ ਮਾਪਿਆਂ ਨੂੰ ਪਤਾ ਵੀ ਨਾ ਹੋਵੇ ਕਿ ਉਨ੍ਹਾਂ ਦੇ ਬੱਚੇ ਇੰਟਰਨੈੱਟ ਕਦੋਂ ਅਤੇ ਕਿਵੇਂ ਵਰਤ ਰਹੇ ਹਨ।

ਆਓ ਆਪਾਂ ਦੇਖੀਏ ਕਿ ਕਈ ਨੌਜਵਾਨ ਇੰਟਰਨੈੱਟ ’ਤੇ ਕੀ ਕਰਨਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਕਰਨ ਦੇ ਕੀ ਖ਼ਤਰੇ ਹੋ ਸਕਦੇ ਹਨ।

ਇਹ ਉਨ੍ਹਾਂ ਚੀਜ਼ਾਂ ਦਾ ਸਿਰਫ਼ ਇਕ ਛੋਟਾ ਜਿਹਾ ਨਮੂਨਾ ਹੈ ਜੋ ਨੌਜਵਾਨ ਇੰਟਰਨੈੱਟ ’ਤੇ ਕਰਨਾ ਪਸੰਦ ਕਰਦੇ ਹਨ। ਮਾਪੇ ਹੋਣ ਦੇ ਨਾਤੇ ਤੁਸੀਂ ਆਪਣੇ ਬੱਚਿਆਂ ਨੂੰ ਇੰਟਰਨੈੱਟ ਦੇ ਖ਼ਤਰਿਆਂ ਤੋਂ ਕਿਵੇਂ ਬਚਾ ਸਕਦੇ ਹੋ? (g08 10)

ਈ-ਮੇਲ

ਉਹ ਕੀ ਹਨ? ਇਲੈਕਟ੍ਰਾਨਿਕ ਡਾਕ ਰਾਹੀਂ ਭੇਜੇ ਜਾਂਦੇ ਸੁਨੇਹੇ।

ਇਹ ਬੱਚਿਆਂ ਨੂੰ ਕਿਉਂ ਪਸੰਦ ਹਨ? ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੁਨੇਹਾ ਭੇਜਣ ਲਈ ਈ-ਮੇਲ ਤੇਜ਼ ਅਤੇ ਸਸਤਾ ਤਰੀਕਾ ਹੈ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਕਈ ਵਾਰ ਲੋਕ ਤੁਹਾਡੀ ਇਜਾਜ਼ਤ ਬਿਨਾਂ ਤੁਹਾਨੂੰ ਈ-ਮੇਲ ਭੇਜ ਦਿੰਦੇ ਹਨ। ਇਨ੍ਹਾਂ ਨੂੰ ਸਪੈਮ ਕਿਹਾ ਜਾਂਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਵਿਚ ਗੰਦੀਆਂ ਗੱਲਾਂ ਜਾਂ ਤਸਵੀਰਾਂ ਹੋਣ। ਇਕ ਹੋਰ ਗੱਲ ਇਹ ਹੈ ਕਿ ਕਈ ਵਾਰ ਅਜਿਹੇ ਈ-ਮੇਲ ਭੇਜਣ ਵਾਲੇ ਤੁਹਾਡੇ ਜਾਂ ਤੁਹਾਡੇ ਬੱਚੇ ਬਾਰੇ ਨਿੱਜੀ ਜਾਣਕਾਰੀ ਲੈਣੀ ਚਾਹੁੰਦੇ ਹਨ ਜੋ ਉਹ ਕਿਸੇ ਨਾਜਾਇਜ਼ ਕੰਮ ਲਈ ਵਰਤ ਸਕਦੇ ਹਨ। ਤੁਹਾਡਾ ਬੱਚਾ ਸ਼ਾਇਦ ਬਿਨਾਂ ਸੋਚੇ-ਸਮਝੇ ਅਜਿਹੀ ਜਾਣਕਾਰੀ ਦੇ ਦੇਵੇ। ਜੇ ਤੁਸੀਂ ਈ-ਮੇਲ ਭੇਜ ਕੇ ਉਨ੍ਹਾਂ ਨੂੰ ਦੱਸੋ ਕਿ ਉਹ ਤੁਹਾਨੂੰ ਇਸ ਤਰ੍ਹਾਂ ਦੇ ਈ-ਮੇਲ ਨਾ ਭੇਜਣ, ਤਾਂ ਇਸ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਉਨ੍ਹਾਂ ਦੇ ਈ-ਮੇਲ ਪੜ੍ਹ ਰਿਹਾ ਹੈ ਅਤੇ ਨਤੀਜੇ ਵਜੋਂ ਉਹ ਤੁਹਾਨੂੰ ਈ-ਮੇਲ ਭੇਜਣ ਤੋਂ ਨਹੀਂ ਰੁਕਦੇ।

ਵੈੱਬ-ਸਾਈਟ

ਉਹ ਕੀ ਹਨ? ਜਿਸ ਤਰ੍ਹਾਂ ਇਕ ਕਿਤਾਬ ਦੇ ਸਫ਼ੇ ਹੁੰਦੇ ਹਨ ਉਸੇ ਤਰ੍ਹਾਂ ਮੰਨ ਲਓ ਕਿ ਇੰਟਰਨੈੱਟ ’ਤੇ ਵੀ ਸਫ਼ੇ ਹੁੰਦੇ ਹਨ ਜਿਨ੍ਹਾਂ ਨੂੰ ਵੈੱਬ-ਸਾਈਟ ਕਿਹਾ ਜਾਂਦਾ ਹੈ। ਆਮ ਲੋਕਾਂ, ਸੰਗਠਨਾਂ, ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਅਤੇ ਬਿਜ਼ਨਿਸਾਂ ਦੀਆਂ ਆਪੋ-ਆਪਣੀਆਂ ਵੈੱਬ-ਸਾਈਟਾਂ ਹੁੰਦੀਆਂ ਹਨ।

ਇਹ ਬੱਚਿਆਂ ਨੂੰ ਕਿਉਂ ਪਸੰਦ ਹਨ? ਲੱਖਾਂ ਹੀ ਵੈੱਬ-ਸਾਈਟਾਂ ਹਨ ਜਿਨ੍ਹਾਂ ਨੂੰ ਖੋਲ੍ਹ ਕੇ ਨੌਜਵਾਨ ਚੀਜ਼ਾਂ ਖ਼ਰੀਦ ਸਕਦੇ ਹਨ, ਰੀਸਰਚ ਕਰ ਸਕਦੇ ਹਨ, ਦੋਸਤਾਂ ਨਾਲ ਸੰਚਾਰ ਕਰ ਸਕਦੇ ਹਨ, ਗੇਮਾਂ ਖੇਡ ਸਕਦੇ ਹਨ, ਸੰਗੀਤ ਸੁਣ ਸਕਦੇ ਹਨ ਜਾਂ ਇਨ੍ਹਾਂ ਨੂੰ ਡਾਊਨਲੋਡ ਕਰ ਸਕਦੇ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਕਈ ਬੇਈਮਾਨ ਤੇ ਬੁਰੇ ਲੋਕਾਂ ਨੇ ਆਪਣੇ ਹੀ ਫ਼ਾਇਦੇ ਲਈ ਇੰਟਰਨੈੱਟ ਨੂੰ ਇਸਤੇਮਾਲ ਕੀਤਾ ਹੈ। ਅਜਿਹੀਆਂ ਲੱਖਾਂ ਵੈੱਬ ਸਾਈਟਾਂ ਹਨ ਜੋ ਲੋਕਾਂ ਨੂੰ ਸੈਕਸ ਕਰਦਿਆਂ ਦਿਖਾਉਂਦੀਆਂ ਹਨ। ਅਜਿਹੀਆਂ ਗੰਦੀਆਂ ਸਾਈਟਾਂ ਕਈ ਵਾਰੀ ਅਚਾਨਕ ਸਕ੍ਰੀਨ ਤੇ ਆ ਜਾਂਦੀਆਂ ਹਨ। ਅਮਰੀਕਾ ਦੀ ਮਿਸਾਲ ਲੈ ਲਓ। ਉੱਥੇ 8 ਤੋਂ 16 ਸਾਲਾਂ ਦੇ ਉਮਰ ਦੇ ਬੱਚਿਆਂ ਦਾ ਸਰਵੇਖਣ ਕੀਤਾ ਗਿਆ। 90 ਪ੍ਰਤਿਸ਼ਤ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਦਾ ਕੰਮ ਕਰਦਿਆਂ ਅਣਜਾਣੇ ਵਿਚ ਪੋਰਨੋਗ੍ਰਾਫੀ ਦੇਖੀ।

ਇੰਟਰਨੈੱਟ ’ਤੇ ਅਜਿਹੀਆਂ ਕਈ ਸਾਈਟਾਂ ਵੀ ਹਨ ਜੋ ਨੌਜਵਾਨਾਂ ਨੂੰ ਜੂਆ ਖੇਡਣ ਲਈ ਪ੍ਰੇਰਦੀਆਂ ਹਨ। ਕੈਨੇਡਾ ਵਿਚ 15 ਅਤੇ 16 ਸਾਲਾਂ ਦੇ ਮੁੰਡਿਆਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਅਜਿਹੇ ਸਾਈਟ ਦੇਖੇ ਹਨ? ਚੌਹਾਂ ਵਿੱਚੋਂ ਇਕ ਨੇ ਹਾਂ ਵਿਚ ਜਵਾਬ ਦਿੱਤਾ। ਕਈ ਮਾਹਰਾਂ ਨੂੰ ਇਸ ਬਾਰੇ ਫ਼ਿਕਰ ਹੈ ਕਿਉਂਕਿ ਜੂਆ ਖੇਡਣ ਦੀ ਆਦਤ ਛੇਤੀ ਪੱਕ ਜਾਂਦੀ ਹੈ। ਅਜਿਹੀਆਂ ਵੈੱਬ-ਸਾਈਟਾਂ ਵੀ ਹਨ ਜੋ ਲੋਕਾਂ ਨੂੰ ਐਨੋਰੇੱਕਸਿਕ ਹੋਣ ਦੀ ਹੱਲਾਸ਼ੇਰੀ ਦਿੰਦੀਆਂ ਹਨ। * ਕਈ ਸਾਈਟਾਂ ਲੋਕਾਂ ਨੂੰ ਕਿਸੇ ਜਾਤ ਜਾਂ ਮਜ਼ਹਬ ਦੇ ਲੋਕਾਂ ਨੂੰ ਨਫ਼ਰਤ ਕਰਨ ਨੂੰ ਉਕਸਾਉਂਦੀਆਂ ਹਨ। ਦੂਸਰੀਆਂ ਸਾਈਟਾਂ ਲੋਕਾਂ ਨੂੰ ਬੰਬ ਬਣਾਉਣੇ, ਜ਼ਹਿਰ ਬਣਾਉਣਾ ਅਤੇ ਅੱਤਵਾਦੀ ਹਮਲੇ ਕਰਨੇ ਸਿਖਾਉਂਦੀਆਂ ਹਨ। ਇਸ ਦੇ ਨਾਲ-ਨਾਲ ਇੰਟਰਨੈੱਟ ’ਤੇ ਕੁਝ ਗੇਮਾਂ ਵਿਚ ਖ਼ੂਨ ਦੀ ਹੋਲੀ ਖੇਡੀ ਜਾਂਦੀ ਹੈ।

ਚੈਟ ਰੂਮ

ਉਹ ਕੀ ਹਨ? ਇਹ ਇਕ ਜ਼ਰੀਆ ਹੈ ਜਿੱਥੇ ਤੁਸੀਂ ਛੋਟੇ-ਛੋਟੇ ਸੰਦੇਸ਼ ਟਾਈਪ ਕਰ ਕੇ ਮਾਨੋ ਇਕ ਖ਼ਾਸ ਵਿਸ਼ੇ ਉੱਤੇ ਹੋਰਨਾਂ ਨਾਲ ਰਲ-ਮਿਲ ਕੇ ਗੱਲਾਂ ਕਰ ਸਕਦੇ ਹੋ।

ਇਹ ਬੱਚਿਆਂ ਨੂੰ ਕਿਉਂ ਪਸੰਦ ਹਨ? ਤੁਹਾਡਾ ਬੱਚਾ ਅਜਿਹੇ ਕਈ ਲੋਕਾਂ ਨਾਲ ਉਸ ਵਿਸ਼ੇ ਬਾਰੇ ਗੱਲਾਂ ਕਰ ਸਕਦਾ ਹੈ ਜਿਸ ਵਿਚ ਉਸ ਨੂੰ ਅਤੇ ਉਨ੍ਹਾਂ ਨੂੰ ਵੀ ਦਿਲਚਸਪੀ ਹੈ, ਭਾਵੇਂ ਉਹ ਇਨ੍ਹਾਂ ਨੂੰ ਕਦੀ ਮਿਲਿਆ ਨਹੀਂ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਇੰਟਰਨੈੱਟ ਦੇ ਚੈਟ ਰੂਮ ਇਸਤੇਮਾਲ ਕਰਦੇ ਹਨ। ਕਈਆਂ ਨੇ ਇਸ ਜ਼ਰੀਏ ਬੱਚਿਆਂ ਨੂੰ ਸੈਕਸ ਕਰਨ ਲਈ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਧਿਆਨ ਦਿਓ ਕਿ ਇਕ ਤੀਵੀਂ ਨਾਲ ਕੀ ਹੋਇਆ ਜਦ ਉਹ ਇੰਟਰਨੈੱਟ ਦੇ ਖ਼ਤਰਿਆਂ ਬਾਰੇ ਇਕ ਕਿਤਾਬ ਲਈ ਰੀਸਰਚ ਕਰ ਰਹੀ ਸੀ। ਆਪਣੇ ਰੀਸਰਚ ਲਈ ਉਸ ਨੇ ਇਕ ਚੈਟ ਰੂਮ ਵਿਚ ਜਾ ਕੇ 12 ਸਾਲਾਂ ਦੀ ਲੜਕੀ ਹੋਣ ਦਾ ਦਾਅਵਾ ਕੀਤਾ। ਕਿਤਾਬ ਰਿਪੋਰਟ ਕਰਦੀ ਹੈ: “ਇਕਦਮ ਹੀ ਕਿਸੇ ਆਦਮੀ ਨੇ ਉਸ ਨੂੰ ਪ੍ਰਾਈਵੇਟ ਚੈਟ ਰੂਮ ਵਿਚ ਆਉਣ ਲਈ ਕਿਹਾ। ਇਸ ਤੀਵੀਂ ਨੇ ਬਹਾਨਾ ਬਣਾ ਕੇ ਕਿਹਾ ਕਿ ਉਸ ਨੂੰ ਪਤਾ ਨਹੀਂ ਕਿ ਉਹ ਉੱਥੇ ਕਿਵੇਂ ਪਹੁੰਚੇ। ਫਿਰ ਇਸ ਆਦਮੀ ਨੇ ਉਸ ਨੂੰ ਸਮਝਾਇਆ ਕਿ ਉਸ ਨੂੰ ਕੀ-ਕੀ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਆਦਮੀ ਨੇ ਉਸ ਨੂੰ ਪੁੱਛਿਆ ਕੀ ਉਹ ਆਨ-ਲਾਈਨ ਸੈਕਸ ਕਰਨਾ ਚਾਹੁੰਦੀ ਹੈ?”

ਇੰਸਟੰਟ ਮੈਸਿਜਸ

ਉਹ ਕੀ ਹਨ? ਛੋਟੇ-ਛੋਟੇ ਸੰਦੇਸ਼ ਟਾਈਪ ਕਰ ਕੇ ਦੋ ਜਾਂ ਜ਼ਿਆਦਾ ਲੋਕਾਂ ਨਾਲ ਕੀਤੀ ਗਈ ਗੱਲਬਾਤ।

ਇਹ ਬੱਚਿਆਂ ਨੂੰ ਕਿਉਂ ਪਸੰਦ ਹਨ? ਇੰਸਟੰਟ ਮੈਸਿਜਿੰਗ ਨਾਲ ਤੁਹਾਡਾ ਬੱਚਾ ਦੋਸਤਾਂ ਦੀ ਆਪਣੀ ਬਣਾਈ ਹੋਈ ਲਿਸਟ ਤੋਂ ਚੁਣ ਸਕਦਾ ਹੈ ਕਿ ਉਹ ਕਿਸ ਨਾਲ ਗੱਲ ਕਰਨੀ ਚਾਹੁੰਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕੈਨੇਡਾ ਤੋਂ ਇਕ ਰਿਪੋਰਟ ਮੁਤਾਬਕ 16-17 ਸਾਲਾਂ ਦੇ ਨੌਜਵਾਨਾਂ ਵਿੱਚੋਂ 84 ਪ੍ਰਤਿਸ਼ਤ ਨੌਜਵਾਨ ਹਰ ਰੋਜ਼ ਘੱਟੋ-ਘੱਟ ਇਕ ਘੰਟੇ ਲਈ ਆਪਣੇ ਦੋਸਤਾਂ ਨੂੰ ਇੰਸਟੰਟ ਮੈਸਿਜਸ ਭੇਜਣ ਵਿਚ ਰੁੱਝੇ ਰਹਿੰਦੇ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਇੰਸਟੰਟ ਮੈਸਿਜਸ ਆਉਣ ਕਾਰਨ ਤੁਹਾਡੇ ਬੱਚੇ ਦਾ ਧਿਆਨ ਸਟੱਡੀ ਜਾਂ ਕਿਸੇ ਹੋਰ ਜ਼ਰੂਰੀ ਕੰਮ ਤੋਂ ਹਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਕੀ ਪਤਾ ਕਿ ਉਹ ਕਿਸ ਦੇ ਨਾਲ ਗੱਲ ਕਰ ਰਿਹਾ ਹੈ? ਤੁਸੀਂ ਉਨ੍ਹਾਂ ਦੀਆਂ ਗੱਲਾਂ ਸੁਣ ਤਾਂ ਨਹੀਂ ਸਕਦੇ।

ਬਲੋਗਜ਼

ਉਹ ਕੀ ਹਨ? ਇੰਟਰਨੈੱਟ ’ਤੇ ਡਾਇਰੀਆਂ।

ਇਹ ਬੱਚਿਆਂ ਨੂੰ ਕਿਉਂ ਪਸੰਦ ਹਨ? ਇਨ੍ਹਾਂ ਡਾਇਰੀਆਂ ਵਿਚ ਨੌਜਵਾਨ ਆਪਣੀਆਂ ਇੱਛਾਵਾਂ, ਆਪਣੇ ਸੋਚ-ਵਿਚਾਰ ਅਤੇ ਕੰਮਾਂ ਬਾਰੇ ਲਿਖ ਸਕਦੇ ਹਨ। ਇਨ੍ਹਾਂ ਵਿਚ ਜਗ੍ਹਾ ਹੁੰਦੀ ਹੈ ਤਾਂਕਿ ਡਾਇਰੀ ਪੜ੍ਹਨ ਵਾਲੇ ਆਪ ਵੀ ਕੁਝ ਲਿਖ ਸਕਦੇ ਹਨ। ਕਈ ਬੱਚੇ ਇਹ ਜਾਣ ਕੇ ਬਹੁਤ ਖ਼ੁਸ਼ ਹੁੰਦੇ ਹਨ ਕਿ ਕਿਸੇ ਨੇ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਹੈ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਕੋਈ ਵੀ ਤੁਹਾਡੇ ਬੱਚੇ ਦੀ ਡਾਇਰੀ ਦੇਖ ਸਕਦਾ ਹੈ। ਕਈ ਨੌਜਵਾਨ ਲਾਪਰਵਾਹੀ ਨਾਲ ਆਪਣੇ ਪਰਿਵਾਰ ਬਾਰੇ ਜਾਣਕਾਰੀ, ਆਪਣੇ ਸਕੂਲ ਦਾ ਨਾਂ ਜਾਂ ਘਰ ਦਾ ਪਤਾ ਲਿਖ ਦਿੰਦੇ ਹਨ। ਇਕ ਹੋਰ ਗੱਲ ਵੀ ਯਾਦ ਰੱਖੋ: ਬਲੋਗਜ਼ ਲਿਖਣ ਵਾਲਿਆਂ ਦਾ ਅਤੇ ਹੋਰਨਾਂ ਦਾ ਵੀ ਨੁਕਸਾਨ ਕਰ ਸਕਦੇ ਹਨ। ਮਿਸਾਲ ਲਈ, ਕਈ ਮਾਲਕ ਕਿਸੇ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਉਸ ਦਾ ਬਲੋਗ ਪੜ੍ਹ ਕੇ ਫ਼ੈਸਲਾ ਕਰਦੇ ਹਨ ਕਿ ਉਸ ਨੂੰ ਨੌਕਰੀ ਦਿੱਤੀ ਜਾਵੇਗੀ ਜਾਂ ਨਹੀਂ।

ਆਨ-ਲਾਈਨ ਸੋਸ਼ਲ ਨੈੱਟਵਰਕਜ਼

ਉਹ ਕੀ ਹਨ? ਇਹ ਅਜਿਹੀਆਂ ਸਾਈਟਾਂ ਹਨ ਜਿੱਥੇ ਨੌਜਵਾਨ ਆਪਣਾ ਵੈੱਬ ਪੇਜ ਬਣਾ ਕੇ ਉਸ ਉੱਤੇ ਤਸਵੀਰਾਂ, ਵਿਡਿਓ ਅਤੇ ਬਲੋਗ ਲਾ ਸਕਦੇ ਹਨ।

ਇਹ ਬੱਚਿਆਂ ਨੂੰ ਪਸੰਦ ਕਿਉਂ ਹਨ? ਅਜਿਹਾ ਵੈੱਬ ਪੇਜ ਬਣਾ ਕੇ ਨੌਜਵਾਨਾਂ ਨੂੰ ਹੋਰਨਾਂ ਨੂੰ ਆਪਣੇ ਬਾਰੇ ਦੱਸਣ ਦਾ ਮੌਕਾ ਮਿਲਦਾ ਹੈ। ਨਵੇਂ ਦੋਸਤਾਂ ਨੂੰ ਮਿਲਣ ਦਾ ਇਹ ਇਕ ਤਰੀਕਾ ਹੈ। ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਅਸਲ ਵਿਚ ਇਹ ਕਿਹੋ ਜਿਹੇ ਦੋਸਤ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ। ਜੋਆਨਾ ਨਾਂ ਦੀ ਲੜਕੀ ਕਹਿੰਦੀ ਹੈ: “ਅਜਿਹੀ ਸਾਈਟ ਇਕ ਆਨ-ਲਾਈਨ ਪਾਰਟੀ ਵਾਂਗ ਹੁੰਦੀ ਹੈ ਜਿੱਥੇ ਕਈ ਬੁਰੇ ਲੋਕ ਵੀ ਆ ਸਕਦੇ ਹਨ।” ਇਨ੍ਹਾਂ ਸਾਈਟਾਂ ਉੱਤੇ ਜਾ ਕੇ ਲੋਕ ਤੁਹਾਡੇ ਬੱਚਿਆਂ ਦੀ ਨਿੱਜੀ ਜਾਣਕਾਰੀ ਦਾ ਗ਼ਲਤ ਇਸਤੇਮਾਲ ਕਰ ਸਕਦੇ ਹਨ। ਇੰਟਰਨੈੱਟ ਦੇ ਇਕ ਮਾਹਰ ਨੇ ਕਿਹਾ ਕਿ “ਇਹ ਸਾਈਟ ਉਨ੍ਹਾਂ ਲੋਕਾਂ ਨੂੰ ਬਹੁਤ ਪਸੰਦ ਹਨ ਜੋ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ।”

ਆਮ ਤੌਰ ਤੇ ਇੰਟਰਨੈੱਟ ’ਤੇ ਮਿਲੇ ਦੋਸਤ ਦੋਸਤੀ ਦਾ ਦਿਖਾਵਾ ਹੀ ਕਰਦੇ ਹਨ। ਆਪਣੇ ਵੈੱਬ ਪੇਜ ਉੱਤੇ ਕਈ ਨੌਜਵਾਨਾਂ ਕੋਲ ਅਜਿਹੇ ਲੋਕਾਂ ਦੀ ਲਿਸਟ ਹੁੰਦੀ ਹੈ ਜਿਨ੍ਹਾਂ ਨੂੰ ਉਹ ਕਦੇ ਮਿਲੇ ਵੀ ਨਹੀਂ। ਉਹ ਲੰਬੀ ਲਿਸਟ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਦੂਜਿਆਂ ਨੂੰ ਲੱਗੇ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਹਨ। ਆਪਣੀ ਕਿਤਾਬ ਵਿਚ ਇਕ ਲੇਖਕ ਨੇ ਲਿਖਿਆ ਕਿ “ਅਸਲ ਵਿਚ ਨੌਜਵਾਨ ਤੁਹਾਡੀ ਲਿਸਟ ਦੇਖ ਕੇ ਫ਼ੈਸਲਾ ਕਰਦੇ ਹਨ ਕਿ ਉਹ ਤੁਹਾਡੇ ਦੋਸਤ ਬਣਨਾ ਚਾਹੁੰਦੇ ਹਨ ਕਿ ਨਹੀਂ।” ਉਸ ਨੇ ਅੱਗੇ ਕਿਹਾ: “ਜਦ ਕੋਈ ਸਿਰਫ਼ ਤੁਹਾਡੇ ਬੱਚੇ ਦੀ ਲਿਸਟ ਦੇਖ ਕੇ ਉਸ ਦਾ ਦੋਸਤ ਬਣਦਾ ਹੈ, ਤਾਂ ਉਹ ਉਸ ਦਾ ਅਸਲੀ ਦੋਸਤ ਨਹੀਂ ਹੋ ਸਕਦਾ। ਇਹ ਸਿਰਫ਼ ਦੋਸਤੀ ਦਾ ਦਿਖਾਵਾ ਹੁੰਦਾ ਹੈ। ਇਸ ਤਰ੍ਹਾਂ ਤੁਹਾਡੇ ਬੱਚਿਆਂ ਉੱਤੇ ਵੀ ਦਬਾਅ ਪੈਂਦਾ ਹੈ ਕਿ ਉਹ ਵੀ ਆਪਣੀ ਲਿਸਟ ਵਧਾਉਣ ਲਈ ਇਹੋ ਜਿਹਾ ਦਿਖਾਵਾ ਕਰਨ।” ਇਕ ਹੋਰ ਕਿਤਾਬ ਵਿਚ ਕਿਹਾ ਗਿਆ: “ਇਕ ਪਾਸੇ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੋ ਕਿ ਉਨ੍ਹਾਂ ਨੂੰ ਲੋਕਾਂ ਲਈ ਪਿਆਰ ਹੋਣਾ ਅਤੇ ਹਮਦਰਦੀ ਹੋਣੀ ਚਾਹੀਦੀ ਹੈ। ਪਰ ਦੂਜੇ ਪਾਸੇ ਇੰਟਰਨੈੱਟ ’ਤੇ ਉਹ ਲੋਕਾਂ ਦੀ ਕਦਰ ਕਰਨ ਦੀ ਬਜਾਇ ਇੱਕੋ ਬਟਨ ਦਬਾਅ ਕੇ ਉਨ੍ਹਾਂ ਦਾ ਨਾਂ ਆਪਣੀ ਲਿਸਟ ਤੋਂ ਆਸਾਨੀ ਨਾਲ ਕੱਟ ਦਿੰਦੇ ਹਨ।”

[ਫੁਟਨੋਟ]

^ ਪੈਰਾ 13 ਇਨ੍ਹਾਂ ਵਿੱਚੋਂ ਕਈ ਵੈੱਬ-ਸਾਈਟਾਂ ਦਾਅਵਾ ਕਰਦੀਆਂ ਹਨ ਕਿ ਉਹ ਲੋਕਾਂ ਨੂੰ ਐਨੋਰੇੱਕਸਿਕ ਹੋਣ ਦੀ ਹੱਲਾਸ਼ੇਰੀ ਨਹੀਂ ਦਿੰਦੀਆਂ। ਪਰ ਅਸਲ ਵਿਚ ਇਹ ਐਨੋਰੇੱਕਸੀਆ ਨੂੰ ਇਕ ਬੀਮਾਰੀ ਵਜੋਂ ਨਹੀਂ ਪੇਸ਼ ਕਰਦੀਆਂ। ਇਸ ਦੀ ਬਜਾਇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦਾ ਆਪਣਾ ਫ਼ੈਸਲਾ ਹੈ ਕਿ ਪਤਲੇ ਰਹਿਣ ਲਈ ਉਹ ਕੀ ਕਰਦੇ ਹਨ। ਇਨ੍ਹਾਂ ਸਾਈਟਾਂ ’ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਨੌਜਵਾਨ ਆਪਣਾ ਅਸਲੀ ਭਾਰ ਅਤੇ ਖਾਣ ਦੀਆਂ ਮਾੜੀਆਂ ਆਦਤਾਂ ਆਪਣੇ ਮਾਪਿਆਂ ਤੋਂ ਕਿਵੇਂ ਲੁਕਾ ਸਕਦੇ ਹਨ।

[ਸਫ਼ਾ 12 ਉੱਤੇ ਸੁਰਖੀ]

ਭਾਰਤ ਵਿਚ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ ਇੱਕੋ ਸਾਲ ਵਿਚ 54 ਪ੍ਰਤਿਸ਼ਤ ਵਧ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਗਿਣਤੀ ਵਿਚ ਜ਼ਿਆਦਾਤਰ ਨੌਜਵਾਨ ਹਨ

[ਸਫ਼ਾ 15 ਉੱਤੇ ਸੁਰਖੀ]

“ਮਾਪੇ ਸ਼ਾਇਦ ਸੋਚਣ ਕਿ ਆਪਣੇ ਬੱਚੇ ਲਈ ਵੈੱਬ ਕੈਮਰਾ ਖ਼ਰੀਦ ਕੇ ਬੱਚਾ ਆਸਾਨੀ ਨਾਲ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਦੇਖ ਵੀ ਸਕੇਗਾ। ਪਰ ਯਾਦ ਰੱਖੋ ਕਿ ਬੱਚਿਆਂ ਦਾ ਸ਼ਿਕਾਰ ਕਰਨ ਵਾਲੇ ਵੀ ਵੈੱਬ ਕੈਮਰਾ ਦਾ ਗ਼ਲਤ ਫ਼ਾਇਦਾ ਉਠਾ ਸਕਦੇ ਹਨ।”—ਫੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ