Skip to content

“ਆਓ ਆਪਾਂ ਬਾਈਬਲ ਦੀਆਂ ਗੱਲਾਂ ਦਾ ਮਤਲਬ ਬਾਈਬਲ ਵਿੱਚੋਂ ਹੀ ਜਾਣੀਏ”

“ਆਓ ਆਪਾਂ ਬਾਈਬਲ ਦੀਆਂ ਗੱਲਾਂ ਦਾ ਮਤਲਬ ਬਾਈਬਲ ਵਿੱਚੋਂ ਹੀ ਜਾਣੀਏ”

ਇਕ ਪਾਦਰੀ ਗੱਡੀ ਵਿਚ ਨਿਊਯਾਰਕ ਸਿਟੀ ਜਾ ਰਿਹਾ ਸੀ। ਉਸ ਨੂੰ ਥੱਲੇ ਇਕ ਟ੍ਰੈਕਟ ਪਿਆ ਨਜ਼ਰ ਆਇਆ ਜਿਸ ਦਾ ਵਿਸ਼ਾ ਸੀ: ‘ਇਨਸਾਨ ਅਮਰ ਨਹੀਂ ਹੈ।’ ਉਸ ਨੇ ਟ੍ਰੈਕਟ ਚੁੱਕ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਦੇ ਉਸ ਨੂੰ ਇਨਸਾਨ ਦੇ ਅਮਰ ਹੋਣ ਤੇ ਸ਼ੱਕ ਨਹੀਂ ਸੀ, ਪਰ ਟ੍ਰੈਕਟ ਪੜ੍ਹ ਕੇ ਉਹ ਹੈਰਾਨ ਹੋ ਗਿਆ। ਉਸ ਨੂੰ ਇਸ ਟ੍ਰੈਕਟ ਦੇ ਲੇਖਕ ਬਾਰੇ ਕੁਝ ਨਹੀਂ ਪਤਾ ਸੀ। ਪਰ ਉਸ ਵਿਚਲੀ ਗੱਲ ਉਸ ਨੂੰ ਸਹੀ ਤੇ ਬਾਈਬਲ ਮੁਤਾਬਕ ਲੱਗੀ ਅਤੇ ਉਸ ਨੇ ਇਸ ਬਾਰੇ ਹੋਰ ਜ਼ਿਆਦਾ ਸਟੱਡੀ ਕਰਨ ਦੀ ਠਾਣ ਲਈ।

ਉਸ ਪਾਦਰੀ ਦਾ ਨਾਂ ਜੋਰਜ ਸਟੋਰਜ਼ ਸੀ। ਉਸ ਨੂੰ ਇਹ ਟ੍ਰੈਕਟ 1837 ਵਿਚ ਮਿਲਿਆ ਸੀ। ਇਸੇ ਸਾਲ ਚਾਰਲਜ਼ ਡਾਰਵਿਨ ਨੇ ਵਿਕਾਸਵਾਦ ਬਾਰੇ ਆਪਣੇ ਵਿਚਾਰ ਲਿਖਣੇ ਸ਼ੁਰੂ ਕੀਤੇ ਸਨ। ਉਦੋਂ ਅਜੇ ਆਮ ਤੌਰ ਤੇ ਲੋਕ ਪਰਮੇਸ਼ੁਰ ਦੀ ਹੋਂਦ ਉੱਤੇ ਸ਼ੱਕ ਨਹੀਂ ਕਰਨ ਲੱਗੇ ਸਨ। ਜ਼ਿਆਦਾਤਰ ਲੋਕ ਬਾਈਬਲ ਪੜ੍ਹਿਆ ਕਰਦੇ ਸਨ ਅਤੇ ਉਸ ਤੇ ਵਿਸ਼ਵਾਸ ਕਰਿਆ ਕਰਦੇ ਸਨ।

ਕੁਝ ਸਮੇਂ ਬਾਅਦ ਜੋਰਜ ਸਟੋਰਜ਼ ਨੂੰ ਪਤਾ ਲੱਗਾ ਕਿ ਫ਼ਿਲਾਡੈਲਫ਼ੀਆ, ਪੈਨਸਿਲਵੇਨੀਆ ਦੇ ਹੈਨਰੀ ਗਰੂ ਨਾਂ ਦੇ ਆਦਮੀ ਨੇ ਇਸ ਟ੍ਰੈਕਟ ਨੂੰ ਲਿਖਿਆ ਸੀ। ਹੈਨਰੀ ਗਰੂ ਮੰਨਦਾ ਸੀ ਕਿ ‘ਬਾਈਬਲ ਦੀਆਂ ਗੱਲਾਂ ਦਾ ਮਤਲਬ ਬਾਈਬਲ ਵਿਚ ਹੀ ਦੱਸਿਆ ਗਿਆ ਹੈ।’ ਉਹ ਅਤੇ ਉਸ ਦੇ ਸਾਥੀ ਮਿਲ ਕੇ ਬਾਈਬਲ ਦਾ ਡੂੰਘਾ ਅਧਿਐਨ ਕਰਿਆ ਕਰਦੇ ਸਨ ਤਾਂਕਿ ਉਹ ਉਸ ਦੀ ਸਿੱਖਿਆ ਮੁਤਾਬਕ ਜੀ ਸਕਣ। ਬਾਈਬਲ ਦਾ ਅਧਿਐਨ ਕਰ ਕੇ ਉਹ ਕਈ ਅਹਿਮ ਗੱਲਾਂ ਬਾਰੇ ਸੱਚਾਈ ਜਾਣ ਪਾਏ।

ਹੈਨਰੀ ਗਰੂ ਦੁਆਰਾ ਲਿਖਿਆ ਟ੍ਰੈਕਟ ਪੜ੍ਹਨ ਮਗਰੋਂ ਜੋਰਜ ਸਟੋਰਜ਼ ਨੇ ਵੀ ਇਸ ਸਿੱਖਿਆ ਤੇ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਉਸ ਨੇ ਆਪਣੇ ਨਾਲ ਦੇ ਪਾਦਰੀਆਂ ਨਾਲ ਵੀ ਇਸ ਸਿੱਖਿਆ ਬਾਰੇ ਚਰਚਾ ਕੀਤੀ। ਪੰਜ ਸਾਲ ਮਿਹਨਤ ਨਾਲ ਸਟੱਡੀ ਕਰ ਕੇ ਉਸ ਨੇ ਜੋ ਕੁਝ ਬਾਈਬਲ ਵਿੱਚੋਂ ਇਸ ਵਿਸ਼ੇ ਬਾਰੇ ਸਿੱਖਿਆ ਸੀ, ਉਸ ਨੂੰ ਲੋਕਾਂ ਨਾਲ ਸਾਂਝਾ ਕਰਨਾ ਚਾਹਿਆ। ਸ਼ੁਰੂ ਵਿਚ ਉਸ ਨੇ 1842 ਦੇ ਇਕ ਐਤਵਾਰ ਲਈ ਭਾਸ਼ਣ ਤਿਆਰ ਕੀਤਾ। ਪਰ ਫਿਰ ਉਸ ਨੇ ਦੇਖਿਆ ਕਿ ਇਕ ਭਾਸ਼ਣ ਨਾਲ ਗੱਲ ਨਹੀਂ ਬਣਨੀ। ਉਹ ਚਾਹੁੰਦਾ ਸੀ ਕਿ ਸੁਣਨ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਣ। ਉਸ ਨੇ ਇਸ ਵਿਸ਼ੇ ਤੇ ਛੇ ਭਾਸ਼ਣ ਦਿੱਤੇ ਤੇ ਬਾਅਦ ਵਿਚ ਉਨ੍ਹਾਂ ਨੂੰ ਛਪਵਾਇਆ। ਜੋਰਜ ਸਟੋਰਜ਼ ਨੇ ਬਾਈਬਲ ਦੇ ਹਵਾਲਿਆਂ ਨੂੰ ਇਕ-ਦੂਜੇ ਨਾਲ ਮਿਲਾ ਕੇ ਇਸ ਅਹਿਮ ਸੱਚਾਈ ਤੋਂ ਪੜਦਾ ਹਟਾ ਦਿੱਤਾ ਜੋ ਈਸਾਈਆਂ ਦੀਆਂ ਪਰਮੇਸ਼ੁਰ ਨੂੰ ਬਦਨਾਮ ਕਰਨ ਵਾਲੀਆਂ ਝੂਠੀਆਂ ਸਿੱਖਿਆਵਾਂ ਥੱਲੇ ਦੱਬੀ ਹੋਈ ਸੀ।

ਬਾਈਬਲ ਮਰੇ ਹੋਏ ਲੋਕਾਂ ਬਾਰੇ ਕੀ ਸਿਖਾਉਂਦੀ ਹੈ?

ਬਾਈਬਲ ਵਿਚ ਕਿਹਾ ਗਿਆ ਹੈ ਕਿ ਸਵਰਗ ਵਿਚ ਰਾਜ ਕਰਨ ਲਈ ਚੁਣੇ ਗਏ ਯਿਸੂ ਦੇ ਵਫ਼ਾਦਾਰ ਚੇਲਿਆਂ ਨੂੰ ਇਨਾਮ ਵਜੋਂ ਅਮਰਤਾ ਮਿਲੇਗੀ। (1 ਕੁਰਿੰਥੀਆਂ 15:50-56) ਜੋਰਜ ਸਟੋਰਜ਼ ਨੇ ਸਮਝਾਇਆ ਕਿ ਜੇ ਵਫ਼ਾਦਾਰੀ ਦਾ ਇਨਾਮ ਅਮਰਤਾ ਹੈ, ਤਾਂ ਪਾਪੀਆਂ ਨੂੰ ਇਹ ਇਨਾਮ ਨਹੀਂ ਮਿਲ ਸਕਦਾ। ਆਪਣੇ ਹੀ ਖ਼ਿਆਲ ਪੇਸ਼ ਕਰਨ ਦੀ ਬਜਾਇ ਉਸ ਨੇ ਬਾਈਬਲ ਵਿੱਚੋਂ ਮੱਤੀ 10:28 ਅਤੇ ਹਿਜ਼ਕੀਏਲ 18:4 ਦੇ ਹਵਾਲੇ ਦੇ ਕੇ ਸਮਝਾਇਆ ਕਿ ਮੌਤ ਤੋਂ ਬਾਅਦ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। * ਜਦ ਉਸ ਨੇ ਪੂਰੀ ਬਾਈਬਲ ਦਾ ਅਧਿਐਨ ਕੀਤਾ, ਤਦ ਜਾ ਕੇ ਉਹ ਬਾਈਬਲ ਦੀ ਇਹ ਅਨਮੋਲ ਸੱਚਾਈ ਸਮਝ ਪਾਇਆ। ਅੰਤ ਵਿਚ ਜੋਰਜ ਸਟੋਰਜ਼ ਨੇ  ਲਿਖਿਆ: ‘ਜੇ ਮੇਰੀ ਸਮਝ ਸਹੀ ਹੈ ਕਿ ਮੌਤ ਹੋਣ ਤੇ ਇਨਸਾਨ ਦੀ ਹੋਂਦ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ, ਤਾਂ ਫਿਰ ਇਸ ਬੁਨਿਆਦ ਤੇ ਬਾਈਬਲ ਦੇ ਕਈ ਹੋਰ ਅਸਪੱਸ਼ਟ ਹਵਾਲੇ ਚੰਗੀ ਤਰ੍ਹਾਂ ਸਮਝ ਆਉਣ ਲੱਗਦੇ ਹਨ।’

ਪਰ ਅਸੀਂ ਯਹੂਦਾਹ 7 ਦੇ ਹਵਾਲੇ ਨੂੰ ਕਿਵੇਂ ਸਮਝ ਸਕਦੇ ਹਾਂ ਜਿੱਥੇ ਲਿਖਿਆ ਹੈ: “ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਲਾਂਭ ਛਾਂਭ ਦੇ ਨਗਰ ਏਹਨਾਂ ਵਾਂਙੁ ਹਰਾਮਕਾਰੀ ਕਰ ਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਹੋਏ ਹਨ।” ਇਸ ਆਇਤ ਨੂੰ ਪੜ੍ਹ ਕੇ ਕੋਈ ਸ਼ਾਇਦ ਸੋਚੇ ਕਿ ਸਦੂਮ ਅਤੇ ਅਮੂਰਾਹ ਵਿਚ ਮਾਰੇ ਗਏ ਲੋਕ ਅੱਗ ਵਿਚ ਹਮੇਸ਼ਾ ਲਈ ਤਸੀਹੇ ਝੱਲ ਰਹੇ ਹਨ। ਜੋਰਜ ਸਟੋਰਜ਼ ਨੇ ਲਿਖਿਆ: “ਆਓ ਆਪਾਂ ਬਾਈਬਲ ਦੀਆਂ ਗੱਲਾਂ ਦਾ ਮਤਲਬ ਬਾਈਬਲ ਵਿੱਚੋਂ ਹੀ ਜਾਣੀਏ।” ਉਸ ਨੇ 2 ਪਤਰਸ 2:5, 6 ਦਾ ਹਵਾਲਾ ਦਿੱਤਾ ਜਿੱਥੇ ਲਿਖਿਆ ਹੈ: “ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ . . . ਬਚਾ ਲਿਆ ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ ਹੈ।” ਜੀ ਹਾਂ, ਸਦੂਮ ਅਤੇ ਅਮੂਰਾਹ ਦੇ ਨਗਰ ਸਾੜ ਕੇ ਸੁਆਹ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਵਾਸੀ ਉਨ੍ਹਾਂ ਦੇ ਨਾਲ ਹੀ ਹਮੇਸ਼ਾ ਲਈ ਨਾਸ਼ ਹੋ ਚੁੱਕੇ ਹਨ।

ਜੋਰਜ ਸਟੋਰਜ਼ ਨੇ ਸਮਝਾਇਆ: ‘ਪਤਰਸ ਦੀ ਚਿੱਠੀ ਤੋਂ ਯਹੂਦਾਹ ਦੀ ਗੱਲ ਸਮਝ ਆਉਂਦੀ ਹੈ। ਦੋਹਾਂ ਚਿੱਠੀਆਂ ਨੂੰ ਮਿਲਾ ਕੇ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਪਾਪੀਆਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਹੈ। ਨੂਹ ਦੇ ਜ਼ਮਾਨੇ ਦੇ ਸੰਸਾਰ ਤੇ ਸਦੂਮ ਅਤੇ ਅਮੂਰਾਹ ਨੂੰ ਮਿਲੀਆਂ ਸਜ਼ਾਵਾਂ ਸਦੀਵੀ ਸਨ ਜੋ ਦੁਨੀਆਂ ਦੇ ਅੰਤ ਤਕ ਸਾਰੇ ਲੋਕਾਂ ਲਈ ਚੇਤਾਵਨੀਆਂ ਤੇ ਨਮੂਨਾ ਬਣੀਆਂ ਰਹਿਣਗੀਆਂ।’ ਇਸੇ ਕਰਕੇ ਯਹੂਦਾਹ ਨੇ ਸਦੂਮ ਅਤੇ ਅਮੂਰਾਹ ਦਾ ਨਾਸ਼ ਕਰਨ ਵਾਲੀ ਅੱਗ ਨੂੰ ਸਦੀਪਕ ਕਿਹਾ ਸੀ। ਇਸ ਦਾ ਇਹ ਮਤਲਬ ਨਹੀਂ ਕਿ ਉਹ ਲੋਕ ਹਮੇਸ਼ਾ ਲਈ ਅੱਗ ਵਿਚ ਜਲ਼ ਰਹੇ ਹਨ, ਪਰ ਇਹ ਹੈ ਕਿ ਉਹ ਹਮੇਸ਼ਾ ਲਈ ਭਸਮ ਹੋ ਚੁੱਕੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਅਮਰ ਨਹੀਂ ਹੈ।

ਜੋਰਜ ਸਟੋਰਜ਼ ਬਾਈਬਲ ਦੇ ਬਾਕੀ ਦੇ ਹਵਾਲਿਆਂ ਨੂੰ ਅੱਖੋਂ ਓਹਲੇ ਕਰ ਕੇ ਸਿਰਫ਼ ਉਹੀ ਹਵਾਲੇ ਨਹੀਂ ਵਰਤ ਰਿਹਾ ਸੀ ਜੋ ਉਸ ਦੀ ਗੱਲ ਦੀ ਹਾਮੀ ਭਰਦੇ ਸਨ। ਉਸ ਨੇ ਹਰ ਹਵਾਲੇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਅਤੇ ਬਾਈਬਲ ਦੇ ਭਾਵ ਨੂੰ ਵੀ ਧਿਆਨ ਵਿਚ ਰੱਖਿਆ। ਜੇ ਉਸ ਨੂੰ ਕੋਈ ਆਇਤ ਹੋਰਨਾਂ ਹਵਾਲਿਆਂ ਨਾਲ ਸਹਿਮਤ ਨਾ ਲੱਗਦੀ, ਤਾਂ ਉਸ ਨੂੰ ਸਮਝਣ ਲਈ ਉਹ ਬਾਈਬਲ ਵਿਚ ਛਾਣ-ਬੀਣ ਕਰਦਾ ਸੀ।

ਭਰਾ ਰਸਲ ਨੇ ਬਾਈਬਲ ਦਾ ਅਧਿਐਨ ਕੀਤਾ

ਜੋਰਜ ਸਟੋਰਜ਼ ਨੂੰ ਇਕ ਨੌਜਵਾਨ ਮਿਲਿਆ ਜੋ ਪਿਟੱਸਬਰਗ, ਪੈਨਸਿਲਵੇਨੀਆ ਵਿਚ ਲੋਕਾਂ ਨੂੰ ਇਕੱਠਾ ਕਰ ਕੇ ਬਾਈਬਲ ਦੀ ਸਟੱਡੀ ਕਰ ਰਿਹਾ ਸੀ। ਉਸ ਦਾ ਨਾਂ ਸੀ ਚਾਰਲਸ ਟੇਜ਼ ਰਸਲ। ਬਾਈਬਲ ਦੇ ਵਿਸ਼ਿਆਂ ਉੱਤੇ ਉਸ ਨੇ ਕਈ ਲੇਖ ਲਿਖੇ। ਉਸ ਦਾ ਇਕ ਲੇਖ ਜੋਰਜ ਸਟੋਰਜ਼ ਦੁਆਰਾ ਛਾਪੇ ਜਾਂਦੇ ਰਸਾਲੇ ਵਿਚ ਛਾਪਿਆ ਗਿਆ ਸੀ। ਭਰਾ ਰਸਲ ਨੇ ਇਹ ਗੱਲ ਲੁਕਾਈ ਨਹੀਂ ਸੀ ਕਿ ਉਸ ਨੇ ਬਾਈਬਲ ਦੇ ਪਹਿਲੇ ਗਿਆਨੀਆਂ ਤੋਂ ਬਹੁਤ ਕੁਝ ਸਿੱਖਿਆ ਸੀ। ਬਾਅਦ ਵਿਚ ਜਦ ਭਰਾ ਰਸਲ ਨੇ ਜ਼ਾਯੰਸ ਵਾਚ ਟਾਵਰ ਰਸਾਲਾ ਛਾਪਣਾ ਸ਼ੁਰੂ ਕੀਤਾ, ਤਾਂ ਜੋਰਜ ਸਟੋਰਜ਼ ਨੇ ਉਸ ਦੀ ਕਾਫ਼ੀ ਮਦਦ ਕੀਤੀ ਸੀ।

ਅਠਾਰਾਂ ਸਾਲ ਦੀ ਉਮਰ ਤੇ ਭਰਾ ਰਸਲ ਨੇ ਬਾਈਬਲ ਦੀ ਸਟੱਡੀ ਕਰਨ ਲਈ ਇਕ ਗਰੁੱਪ ਬਣਾ ਲਿਆ ਸੀ। ਭਰਾ ਰਸਲ ਦੇ ਇਕ ਦੋਸਤ ਏ. ਐੱਚ. ਮੈਕਮਿਲਨ ਨੇ ਉਨ੍ਹਾਂ ਦਿਨਾਂ ਵਿਚ ਬਾਈਬਲ ਦੀ ਸਟੱਡੀ ਕਰਨ ਦੇ ਤਰੀਕੇ ਬਾਰੇ ਦੱਸਿਆ: “ਇਕ ਜਣਾ ਸਵਾਲ ਪੁੱਛਦਾ ਸੀ। ਫਿਰ ਸਾਰੇ ਉਸ ਤੇ ਚਰਚਾ ਕਰਦੇ ਸਨ। ਉਹ ਉਸ ਸਵਾਲ ਨਾਲ ਸੰਬੰਧਿਤ ਬਾਈਬਲ ਦੇ ਵੱਖੋ-ਵੱਖਰੇ ਹਵਾਲੇ ਖੋਲ੍ਹ ਕੇ ਪੜ੍ਹਦੇ ਸਨ ਤੇ ਜਦ ਉਹ ਸਾਰੇ ਇੱਕੋ ਸਿੱਟੇ ਤੇ ਪਹੁੰਚਦੇ ਸਨ, ਤਦ ਉਹ ਇਸ ਨੂੰ ਲਿਖ ਲੈਂਦੇ ਸਨ।”

ਭਰਾ ਰਸਲ ਨੂੰ ਪੱਕਾ ਯਕੀਨ ਸੀ ਕਿ ਪੂਰੀ ਬਾਈਬਲ ਵਿਚ ਅਸਹਿਮਤੀ ਨਹੀਂ ਹੋ ਸਕਦੀ ਕਿਉਂਕਿ ਇਹ ਪਰਮੇਸ਼ੁਰ ਦਾ ਬਚਨ ਹੈ। ਜੇ ਕੋਈ ਆਇਤ ਸਮਝਣੀ ਔਖੀ ਲੱਗਦੀ ਸੀ, ਤਾਂ ਭਰਾ ਰਸਲ ਦਾ ਵਿਸ਼ਵਾਸ ਸੀ ਕਿ ਬਾਈਬਲ ਦੇ ਦੂਜੇ ਹਿੱਸਿਆਂ ਦੀ ਮਦਦ ਨਾਲ ਉਹ ਸਮਝੀ ਜਾ ਸਕਦੀ ਸੀ।

19ਵੀਂ ਸਦੀ ਵਿਚ ਰਹਿਣ ਵਾਲੇ ਬਾਈਬਲ ਦੇ ਵਿਦਿਆਰਥੀ ਜਿਨ੍ਹਾਂ ਨੇ ਬਾਈਬਲ ਦੀਆਂ ਗੱਲਾਂ ਦਾ ਮਤਲਬ ਬਾਈਬਲ ਵਿੱਚੋਂ ਹੀ ਭਾਲਿਆ: ਜੋਰਜ ਸਟੋਰਜ਼, ਹੈਨਰੀ ਗਰੂ, ਚਾਰਲਸ ਟੇਜ਼ ਰਸਲ, ਏ. ਐੱਚ. ਮੈਕਮਿਲਨ

ਪੁਰਾਣੀ ਰਵਾਇਤ

ਭਰਾ ਰਸਲ, ਜੋਰਜ ਸਟੋਰਜ਼ ਜਾਂ ਹੈਨਰੀ ਗਰੂ ਪਹਿਲੇ ਇਨਸਾਨ ਨਹੀਂ ਸਨ ਜਿਨ੍ਹਾਂ ਨੇ ਬਾਈਬਲ ਦੇ ਕਿਸੇ ਹਵਾਲੇ ਨੂੰ ਦੂਸਰੇ ਹਵਾਲਿਆਂ ਦੀ ਮਦਦ ਨਾਲ ਸਮਝਾਇਆ ਸੀ। ਇਸ ਤਰ੍ਹਾਂ ਕਰਨ ਦੀ ਰਵਾਇਤ ਮਸੀਹੀਅਤ ਦੇ ਮੋਢੀ ਯਿਸੂ ਮਸੀਹ ਨੇ ਸ਼ੁਰੂ ਕੀਤੀ ਸੀ। ਉਸ ਨੇ ਵੱਖ-ਵੱਖ ਆਇਤਾਂ ਦੇ ਹਵਾਲੇ ਦੇ ਕੇ ਲੋਕਾਂ ਨੂੰ ਗੱਲ ਸਮਝਾਈ ਸੀ। ਮਿਸਾਲ ਲਈ ਜਦੋਂ ਸਬਤ ਦੇ ਦਿਨ ਯਿਸੂ ਦੇ ਚੇਲਿਆਂ ਨੇ ਖੇਤਾਂ ਵਿੱਚੋਂ ਕਣਕ ਦੇ ਸਿੱਟੇ ਤੋੜ ਕੇ ਖਾਧੇ ਸਨ ਤੇ ਫ਼ਰੀਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਸੀ, ਤਾਂ ਯਿਸੂ ਨੇ ਕੀ ਕੀਤਾ ਸੀ? ਉਸ ਨੇ ਸਬਤ ਦੇ ਦਿਨ ਦੇ ਨਿਯਮ ਦੇ ਸਹੀ ਮਾਅਨੇ ਨੂੰ ਸਮਝਾਉਣ ਲਈ 1 ਸਮੂਏਲ 21:6 ਵਿਚ ਦੱਸੀ ਘਟਨਾ ਬਾਰੇ ਗੱਲ ਕੀਤੀ। ਇਸ ਵਿਚ ਦੱਸਿਆ ਹੈ ਕਿ ਦਾਊਦ ਤੇ ਉਸ ਦੇ ਬੰਦਿਆਂ ਨੇ ਤੰਬੂ ਵਿਚ ਰੱਖੀਆਂ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ। ਯਹੂਦੀ ਧਾਰਮਿਕ ਆਗੂ ਉਸ  ਬਿਰਤਾਂਤ ਤੋਂ ਵਾਕਫ਼ ਸਨ। ਫਿਰ ਯਿਸੂ ਨੇ ਦੱਸਿਆ ਕਿ ਬਿਵਸਥਾ ਵਿਚ ਸਿਰਫ਼ ਹਾਰੂਨ ਅਤੇ ਉਸ ਦੇ ਘਰਾਣੇ ਦੇ ਜਾਜਕਾਂ ਨੂੰ ਇਹ ਰੋਟੀਆਂ ਖਾਣ ਦੀ ਇਜਾਜ਼ਤ ਸੀ, ਹੋਰ ਕਿਸੇ ਨੂੰ ਨਹੀਂ। (ਕੂਚ 29:32, 33; ਲੇਵੀਆਂ 24:9) ਪਰ ਇਸ ਦੇ ਬਾਵਜੂਦ ਵੀ ਦਾਊਦ ਨੂੰ ਇਹ ਰੋਟੀ ਖਾਣ ਦੀ ਇਜਾਜ਼ਤ ਦਿੱਤੀ ਗਈ ਸੀ। ਯਿਸੂ ਨੇ ਹੋਸ਼ੇਆ ਦੀ ਪੋਥੀ ਦਾ ਹਵਾਲਾ ਦੇ ਕੇ ਆਪਣੀ ਦਲੀਲ ਸਮਾਪਤ ਕੀਤੀ: “ਜੇ ਤੁਸੀਂ ਇਹ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ ਤਾਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।” (ਮੱਤੀ 12:1-8) ਯਿਸੂ ਨੇ ਸਾਡੇ ਲਈ ਕਿੰਨਾ ਵਧੀਆ ਨਮੂਨਾ ਰੱਖਿਆ ਕਿ ਅਸੀਂ ਬਾਈਬਲ ਦੀ ਕੋਈ ਗੱਲ ਸਮਝਣ ਲਈ ਉਸ ਦੇ ਹਵਾਲਿਆਂ ਨੂੰ ਆਪਸ ਵਿਚ ਮਿਲਾ ਕੇ ਦੇਖੀਏ!

ਪੌਲੁਸ ਰਸੂਲ ਨੇ ਕਈ ਆਇਤਾਂ ਦੇ ਅਰਥ ਖੋਲ੍ਹ ਕੇ ਆਪਣੀ ਗੱਲ ਸਮਝਾਈ

ਯਿਸੂ ਦੇ ਚੇਲਿਆਂ ਨੇ ਵੀ ਬਾਈਬਲ ਦੀਆਂ ਗੱਲਾਂ ਨੂੰ ਸਮਝਾਉਣ ਲਈ ਇਹੀ ਤਰੀਕਾ ਵਰਤਿਆ। ਜਦੋਂ ਪੌਲੁਸ ਰਸੂਲ ਥੱਸਲੁਨੀਕਾ ਦੇ ਲੋਕਾਂ ਨੂੰ ਸਿਖਾਉਂਦਾ ਸੀ, ਤਾਂ ਉਹ “ਲਿਖਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦਾ ਰਿਹਾ ਅਤੇ ਅਰਥ ਖੋਲ੍ਹ ਕੇ ਉਹ ਨੇ ਬਿਆਨ ਕੀਤਾ ਭਈ ਮਸੀਹ ਦਾ ਦੁਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜਰੂਰੀ ਸੀ।” (ਰਸੂਲਾਂ ਦੇ ਕਰਤੱਬ 17:2, 3) ਇਸ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੇ ਕਈ ਆਇਤਾਂ ਦੇ ਅਰਥ ਖੋਲ੍ਹ ਕੇ ਆਪਣੀ ਗੱਲ ਸਮਝਾਈ। ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖੀਆਂ ਚਿੱਠੀਆਂ ਵਿਚ ਵੀ ਬਾਈਬਲ ਦੇ ਹਵਾਲੇ ਵਰਤ ਕੇ ਹੀ ਦੂਜੇ ਹਵਾਲੇ ਸਮਝਾਏ ਸਨ। ਮਿਸਾਲ ਲਈ ਇਬਰਾਨੀਆਂ ਨੂੰ ਚਿੱਠੀ ਲਿਖਦੇ ਸਮੇਂ ਉਸ ਨੇ ਇਕ ਤੋਂ ਬਾਅਦ ਇਕ ਹਵਾਲਾ ਦੇ ਕੇ ਸਬੂਤ ਦਿੱਤਾ ਕਿ ਸ਼ਰਾ ਆਉਣ ਵਾਲੀਆਂ  ਚੰਗੀਆਂ ਵਸਤਾਂ ਦਾ ਪਰਛਾਵਾਂ ਸੀ।—ਇਬਰਾਨੀਆਂ 10:1-18.

ਅਸੀਂ ਕਹਿ ਸਕਦੇ ਹਾਂ ਕਿ 19ਵੀਂ ਤੇ 20ਵੀਂ ਸਦੀ ਵਿਚ ਰਹਿਣ ਵਾਲੇ ਬਾਈਬਲ ਦੇ ਵਿਦਿਆਰਥੀ ਉਸੇ ਨਮੂਨੇ ਦੀ ਨਕਲ ਕਰ ਰਹੇ ਸਨ ਜਿਸ ਤੇ ਪਹਿਲੀ ਸਦੀ ਦੇ ਮਸੀਹੀ ਚੱਲੇ ਸਨ। ਪਹਿਰਾਬੁਰਜ ਰਸਾਲੇ ਵਿਚ ਵੀ ਬਾਈਬਲ ਦੇ ਵੱਖ-ਵੱਖ ਹਵਾਲਿਆਂ ਦੀ ਇਕ ਦੂਜੇ ਨਾਲ ਤੁਲਨਾ ਕਰ ਕੇ ਸਮਝਾਉਣ ਦੀ ਰਵਾਇਤ ਜਾਰੀ ਹੈ। (2 ਥੱਸਲੁਨੀਕੀਆਂ 2:15) ਬਾਈਬਲ ਦੇ ਕਿਸੇ ਹਵਾਲੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਯਹੋਵਾਹ ਦੇ ਗਵਾਹ ਵੀ ਇਸੇ ਤਰ੍ਹਾਂ ਕਰਦੇ ਹਨ।

ਅਗਲੀਆਂ-ਪਿਛਲੀਆਂ ਆਇਤਾਂ ਵੀ ਦੇਖੋ

ਬਾਈਬਲ ਪੜ੍ਹਦੇ ਸਮੇਂ ਅਸੀਂ ਯਿਸੂ ਅਤੇ ਉਸ ਦੇ ਵਫ਼ਾਦਾਰ ਚੇਲਿਆਂ ਦੀ ਨਕਲ ਕਿਵੇਂ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਸਾਨੂੰ ਹਰ ਆਇਤ ਵਿਚ ਦੱਸੀ ਗੱਲ ਬਾਰੇ ਜਾਣਨਾ ਚਾਹੀਦਾ ਹੈ ਕਿ ਇਹ ਕਿਉਂ ਅਤੇ ਕਿਨ੍ਹਾਂ ਹਾਲਾਤਾਂ ਵਿਚ ਲਿਖੀ ਗਈ ਸੀ। ਪਰ ਇਸ ਤਰ੍ਹਾਂ ਕਰਨ ਨਾਲ ਸਾਡੀ ਮਦਦ ਕਿਵੇਂ ਹੋਵੇਗੀ? ਆਓ ਆਪਾਂ ਮੱਤੀ 16:28 ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿੱਥੇ ਯਿਸੂ ਨੇ ਕਿਹਾ ਸੀ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” ਇਸ ਨੂੰ ਪੜ੍ਹ ਕੇ ਕੁਝ ਲੋਕ ਸ਼ਾਇਦ ਸੋਚਣ ਕਿ ਇਹ ਭਵਿੱਖਬਾਣੀ ਤਾਂ ਪੂਰੀ ਨਹੀਂ ਹੋਈ। ਕਿਉਂ ਨਹੀਂ? ਕਿਉਂਕਿ ਸਵਰਗ ਵਿਚ ਯਿਸੂ ਦੇ ਰਾਜ ਸੰਭਾਲਣ ਤੋਂ ਪਹਿਲਾਂ ਹੀ ਉਸ ਦੇ ਸਾਰੇ ਚੇਲਿਆਂ ਦੀ ਮੌਤ ਹੋ ਚੁੱਕੀ ਸੀ ਜੋ ਉਸ ਵਕਤ ਉੱਥੇ ਸਨ। ਬਾਈਬਲ ਦੀ ਵਿਆਖਿਆ ਕਰਨ ਵਾਲੀ ਇਕ ਕਿਤਾਬ ਇਸ ਆਇਤ ਬਾਰੇ ਇਸ ਤਰ੍ਹਾਂ ਕਹਿੰਦੀ ਹੈ: “ਯਿਸੂ ਦੀ ਭਵਿੱਖਬਾਣੀ ਪੂਰੀ ਨਹੀਂ ਹੋਈ ਸੀ। ਬਾਅਦ ਵਿਚ ਮਸੀਹੀਆਂ ਨੇ ਇਸ  ਦਾ ਮਤਲਬ ਲਾਖਣਿਕ ਤਰੀਕੇ ਨਾਲ ਸਮਝਾਉਣਾ ਚਾਹਿਆ।”

ਪਰ ਜੇ ਅਸੀਂ ਇਸ ਆਇਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਅਤੇ ਮਰਕੁਸ ਤੇ ਲੂਕਾ ਦੀਆਂ ਇੰਜੀਲਾਂ ਵਿਚ ਇਹੀ ਬਿਰਤਾਂਤ ਪੜ੍ਹੀਏ, ਤਾਂ ਅਸੀਂ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਆਓ ਆਪਾਂ ਪੜ੍ਹੀਏ ਕਿ ਮੱਤੀ ਨੇ ਇਸ ਤੋਂ ਬਾਅਦ ਕੀ ਦੱਸਿਆ: “ਛਿਆਂ ਦਿਨਾਂ ਪਿੱਛੋਂ ਯਿਸੂ ਪਤਰਸ ਅਤੇ ਯਾਕੂਬ ਅਤੇ ਉਹ ਦੇ ਭਾਈ ਯੂਹੰਨਾ ਨੂੰ ਨਾਲ ਲੈਕੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ।” (ਮੱਤੀ 17:1, 2) ਮਰਕੁਸ ਅਤੇ ਲੂਕਾ ਨੇ ਵੀ ਯਿਸੂ ਦੀ ਇਸ ਭਵਿੱਖਬਾਣੀ ਦਾ ਸੰਬੰਧ ਉਸ ਦੇ ਰੂਪ ਬਦਲਣ ਦੇ ਦਰਸ਼ਣ ਨਾਲ ਜੋੜਿਆ ਸੀ। (ਮਰਕੁਸ 9:1-8; ਲੂਕਾ 9:27-36) ਯਿਸੂ ਦੇ ਤਿੰਨ ਰਸੂਲਾਂ ਨੇ ਉਸ ਦਰਸ਼ਣ ਵਿਚ ਯਿਸੂ ਦੀ ਰਾਜੇ ਵਜੋਂ ਮਹਿਮਾ ਹੁੰਦੀ ਦੇਖੀ ਸੀ। ਪਤਰਸ ਰਸੂਲ ਨੇ ਵੀ ਉਸ ਦਰਸ਼ਣ ਦਾ ਸੰਬੰਧ “ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ” ਨਾਲ ਜੋੜਿਆ ਸੀ।—2 ਪਤਰਸ 1:16-18.

ਕੀ ਤੁਸੀਂ ਬਾਈਬਲ ਦੀ ਇਸ ਰਵਾਇਤ ਤੇ ਚੱਲਦੇ ਹੋ?

ਜੇ ਤੁਹਾਨੂੰ ਕਿਸੇ ਹਵਾਲੇ ਦਾ ਪਿਛੋਕੜ ਪੜ੍ਹਨ ਦੇ ਬਾਵਜੂਦ ਮਤਲਬ ਸਮਝ ਨਾ ਆਵੇ, ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਪੂਰੀ ਬਾਈਬਲ ਦੇ ਮਾਅਨੇ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਉਸ ਹਵਾਲੇ ਦੀ ਹੋਰਨਾਂ ਹਵਾਲਿਆਂ ਨਾਲ ਤੁਲਨਾ ਕਰ ਸਕਦੇ ਹੋ। ਇਸ ਮਾਮਲੇ ਵਿਚ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਸਾਡੀ ਮਦਦ ਕਰ ਸਕਦੀ  ਹੈ। ਇਹ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ ਹੁਣ 57 ਭਾਸ਼ਾਵਾਂ ਵਿਚ ਮਿਲ ਸਕਦੇ ਹਨ। ਇਸ ਦੇ ਤਕਰੀਬਨ ਹਰ ਹਵਾਲੇ ਦੇ ਅਰਥ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਗੱਭਲੇ ਹਾਸ਼ੀਏ ਵਿਚ 1,25,000 ਤੋਂ ਜ਼ਿਆਦਾ ਹਵਾਲੇ ਦਿੱਤੇ ਗਏ ਹਨ। (ਰੈਫ਼ਰੈਂਸ ਬਾਈਬਲ) ਇਸ ਬਾਈਬਲ ਦੇ ਮੁਖਬੰਧ ਵਿਚ ਕਿਹਾ ਗਿਆ ਹੈ: “ਹਾਸ਼ੀਏ ਵਿਚ ਦਿੱਤੇ ਹਵਾਲਿਆਂ ਦੀ ਧਿਆਨ ਨਾਲ ਤੁਲਨਾ ਕਰ ਕੇ ਅਤੇ ਬਾਈਬਲ ਵਿਚ ਦਿੱਤੇ ਫੁਟਨੋਟਾਂ ਦੀ ਜਾਂਚ ਕਰ ਕੇ ਸਾਫ਼ ਜ਼ਾਹਰ ਹੋਵੇਗਾ ਕਿ ਬਾਈਬਲ ਦੀਆਂ 66 ਪੋਥੀਆਂ ਵਿਚ ਕੋਈ ਅਣਮੇਲ ਨਹੀਂ ਹੈ।”

ਆਓ ਆਪਾਂ ਦੇਖੀਏ ਕਿ ਇਨ੍ਹਾਂ ਹਵਾਲਿਆਂ ਦੀ ਮਦਦ ਨਾਲ ਅਸੀਂ ਹੋਰ ਸਮਝ ਕਿਵੇਂ ਪਾ ਸਕਦੇ ਹਾਂ। ਉਦਾਹਰਣ ਲਈ ਅਬਰਾਮ ਉਰਫ਼ ਅਬਰਾਹਾਮ ਦੀ ਜ਼ਿੰਦਗੀ ਤੇ ਗੌਰ ਕਰੋ। ਜਦ ਉਹ ਤੇ ਉਸ ਦਾ ਪਰਿਵਾਰ ਊਰ ਦੇਸ਼ ਤੋਂ ਤੁਰੇ ਸਨ, ਤਾਂ ਉਸ ਘਰਾਣੇ ਦੀ ਅਗਵਾਈ ਕਿਸ ਨੇ ਕੀਤੀ ਸੀ? ਉਤਪਤ 11:31 ਵਿਚ ਲਿਖਿਆ ਹੈ: “ਤਾਰਹ ਆਪਣੇ ਪੁੱਤ੍ਰ ਅਬਰਾਮ ਨੂੰ ਅਰ ਲੂਤ . . . ਅਰ ਸਾਰਈ ਆਪਣੀ ਨੂੰਹ . . . ਨੂੰ ਲੈਕੇ ਉਨ੍ਹਾਂ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ ਨੂੰ ਜਾਣ ਲਈ ਿਨੱਕਲਿਆ ਅਤੇ ਓਹ ਹਾਰਾਨ ਵਿੱਚ ਆਏ ਅਰ ਉੱਥੇ ਵੱਸ ਗਏ।” ਇਹ ਆਇਤ ਪੜ੍ਹ ਕੇ ਤਾਂ ਲੱਗਦਾ ਹੈ ਕਿ ਅਬਰਾਮ ਦੇ ਪਿਤਾ ਤਾਰਹ ਨੇ ਅਗਵਾਈ ਕੀਤੀ ਸੀ। ਪਰ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਵਿਚ ਇਸ ਆਇਤ ਨੂੰ ਸਮਝਣ ਲਈ ਹੋਰ 11 ਹਵਾਲੇ ਦਿੱਤੇ ਗਏ ਹਨ। ਅਖ਼ੀਰਲਾ ਹਵਾਲਾ ਰਸੂਲਾਂ ਦੇ ਕਰਤੱਬ 7:2 ਦਾ ਹੈ ਜਿੱਥੇ ਇਸਤੀਫ਼ਾਨ ਨੇ ਪਹਿਲੀ ਸਦੀ ਦੇ ਯਹੂਦੀਆਂ ਨੂੰ ਕਿਹਾ ਸੀ: ‘ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ ਤੇਜ ਰੂਪ ਪਰਮੇਸ਼ੁਰ ਵਿਖਾਈ ਦਿੱਤਾ ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਿਨੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ।’ (ਰਸੂਲਾਂ ਦੇ ਕਰਤੱਬ 7:2, 3) ਕੋਈ ਸ਼ਾਇਦ ਕਹੇ ਕਿ ਇਸਤੀਫ਼ਾਨ ਨੂੰ ਭੁਲੇਖਾ ਲੱਗਾ ਸੀ। ਉਹ ਅਬਰਾਮ ਦੇ ਹਾਰਾਨ ਤੋਂ ਤੁਰਨ ਬਾਰੇ ਗੱਲ ਕਰ ਰਿਹਾ ਸੀ, ਨਾ ਕਿ ਊਰ ਛੱਡਣ ਬਾਰੇ? ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਇਹ ਹਵਾਲਾ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖਿਆ ਗਿਆ ਸੀ।—ਉਤਪਤ 12:1-3.

ਤਾਂ ਫਿਰ ਉਤਪਤ 11:31 ਵਿਚ ਕਿਉਂ ਕਿਹਾ ਗਿਆ ਹੈ ਕਿ “ਤਾਰਹ ਆਪਣੇ ਪੁੱਤ੍ਰ ਅਬਰਾਮ” ਅਤੇ ਘਰ ਦੇ ਹੋਰ ਜੀਆਂ ਨੂੰ ਊਰ ਦੇਸ਼ ਤੋਂ ਲੈ ਤੁਰਿਆ ਸੀ? ਕਿਉਂਕਿ ਉਸ ਸਮੇਂ ਅਜੇ ਤਾਰਹ ਘਰ ਦਾ ਮੁਖੀ ਸੀ। ਉਹ ਅਬਰਾਮ ਨਾਲ ਜਾਣ ਲਈ ਮੰਨ ਗਿਆ ਸੀ ਜਿਸ ਕਰਕੇ ਉਤਪਤ 11:31 ਵਿਚ ਕਿਹਾ ਗਿਆ ਹੈ ਕਿ ਤਾਰਹ ਪੂਰੇ ਟੱਬਰ ਨੂੰ ਹਾਰਾਨ ਲੈ ਕੇ ਗਿਆ ਸੀ। ਇਨ੍ਹਾਂ ਦੋ ਹਵਾਲਿਆਂ ਦੀ ਤੁਲਨਾ ਕਰ ਕੇ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਅਸਲ ਵਿਚ ਕੀ ਹੋਇਆ ਸੀ। ਅਬਰਾਮ ਨੇ ਆਪਣੇ ਪਿਤਾ ਨੂੰ ਮਨਾ ਲਿਆ ਸੀ ਕਿ ਉਹ ਪਰਮੇਸ਼ੁਰ ਦੇ ਹੁਕਮ ਮੁਤਾਬਕ ਊਰ ਦੇਸ਼ ਨੂੰ ਛੱਡ ਕੇ ਉਸ ਨਾਲ ਆ ਜਾਵੇ।

ਜਦੋਂ ਅਸੀਂ ਬਾਈਬਲ ਵਿਚ ਕੁਝ ਪੜ੍ਹਦੇ ਹਾਂ, ਤਾਂ ਸਾਨੂੰ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹਨ ਤੋਂ ਇਲਾਵਾ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪੂਰੀ ਬਾਈਬਲ ਦਾ ਭਾਵ ਕੀ ਹੈ। ਸਾਰੇ ਮਸੀਹੀਆਂ ਨੂੰ ਤਾਕੀਦ ਕੀਤੀ ਗਈ ਹੈ: “ਸਾਨੂੰ ਦੁਨੀਆਂ ਦਾ ਆਤਮਾ ਨਹੀਂ ਮਿਲਿਆ ਹੋਇਆ। ਪਰੰਤੂ ਸਾਨੂੰ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ੁਰ ਵੱਲੋਂ ਹੈ। ਅਸੀਂ ਉਹ ਆਤਮਾ ਇਸ ਲਈ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਨ੍ਹਾਂ ਅਸੀਸਾਂ ਬਾਰੇ ਜਾਣ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਬਿਨ ਕੀਮਤ ਦਿੱਤੀਆਂ ਹਨ। ਜਦੋਂ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸ਼ਬਦਾਂ ਦੀ ਵਰਤੋ ਨਹੀਂ ਕਰਦੇ ਜੋ ਸਾਨੂੰ ਮਨੁੱਖਾਂ ਦੀ ਸਿਆਣਪ ਵੱਲੋਂ ਸਿਖਾਏ ਗਏ ਹਨ। ਆਤਮਕ ਚੀਜਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ ਕਰਦੇ ਹਾਂ।” (1 ਕੁਰਿੰਥੀਆਂ 2:11-13, ਈਜ਼ੀ ਟੂ ਰੀਡ ਵਰਯਨ) ਬਾਈਬਲ ਸਮਝਣ ਲਈ ਸਾਨੂੰ ਯਹੋਵਾਹ ਨੂੰ ਮਦਦ ਲਈ ਬੇਨਤੀ ਕਰਨੀ ਚਾਹੀਦੀ ਹੈ। ਨਾਲ ਦੀ ਨਾਲ ਸਾਨੂੰ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹ ਕੇ ਅਤੇ ਹਾਸ਼ੀਏ ਵਿਚ ਦਿੱਤੇ ਹਵਾਲੇ ਮਿਲਾ ਕੇ “ਆਤਮਕ ਚੀਜਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ” ਕਰਨੀ ਚਾਹੀਦੀ ਹੈ। ਆਓ ਆਪਾਂ ਯਹੋਵਾਹ ਦੀ ਸਹਾਇਤਾ ਨਾਲ ਬਾਈਬਲ ਦੀਆਂ ਬਹੁਮੁੱਲੀਆਂ ਸੱਚਾਈਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ।

[ਫੁਟਨੋਟ]

^ ਪੇਰਗ੍ਰੈਫ 7 ਮਰੇ ਹੋਏ ਲੋਕਾਂ ਦੀ ਅਸਲੀ ਹਾਲਤ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਛੇਵਾਂ ਅਧਿਆਇ ਦੇਖੋ।