Skip to content

Skip to table of contents

ਕੀ ਤੁਸੀਂ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਵਧ-ਚੜ੍ਹ ਕੇ ਪ੍ਰਚਾਰ ਕਰੋਗੇ?

ਕੀ ਤੁਸੀਂ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਵਧ-ਚੜ੍ਹ ਕੇ ਪ੍ਰਚਾਰ ਕਰੋਗੇ?

20ਵੀਂ ਸਦੀ ਦੇ ਸ਼ੁਰੂ ਵਿਚ ਲੋਕਾਂ ਨੂੰ ਇਕ ਮੂਕ ਅੰਗ੍ਰੇਜ਼ੀ ਫ਼ਿਲਮ ਬਹੁਤ ਚੰਗੀ ਲੱਗੀ ਜਿਸ ਦਾ ਨਾਂ ਸੀ ਏ ਟ੍ਰਿਪ ਡਾਉਨ ਮਾਰਕੀਟ ਸਟ੍ਰੀਟ। ਇਸ ਫ਼ਿਲਮ ਵਿਚ ਅਮਰੀਕਾ ਦਾ ਸਾਨ ਫ਼ਰਾਂਸਿਸਕੋ ਸ਼ਹਿਰ ਦਿਖਾਇਆ ਗਿਆ ਸੀ। ਫ਼ਿਲਮ ਬਣਾਉਣ ਵਾਲਿਆਂ ਨੇ ਇਕ ਟਰਾਮ ਦੇ ਮੋਹਰੇ ਕੈਮਰਾ ਲਾਇਆ ਤਾਂਕਿ ਸ਼ਹਿਰ ਵਿਚ ਹੁੰਦੇ ਕੰਮਾਂ-ਕਾਰਾਂ ਦੀ ਫ਼ਿਲਮ ਬਣਾਈ ਜਾਵੇ। ਇਸ ਫ਼ਿਲਮ ਵਿਚ ਉਸ ਸਮੇਂ ਦੇ ਟਾਂਗੇ, ਕਾਰਾਂ-ਗੱਡੀਆਂ, ਬਾਜ਼ਾਰਾਂ ਵਿਚ ਸ਼ਾਪਿੰਗ ਕਰਦੇ ਲੋਕ ਤੇ ਅਖ਼ਬਾਰਾਂ ਵੇਚਣ ਵਾਲੇ ਦਿਖਾਏ ਗਏ।

ਲੱਗਦਾ ਹੈ ਕਿ ਇਹ ਫ਼ਿਲਮ ਅਪ੍ਰੈਲ 1906 ਵਿਚ ਬਣਾਈ ਗਈ ਸੀ ਤੇ ਜੇ ਅਸੀਂ ਇਹ ਫ਼ਿਲਮ ਅੱਜ ਦੇਖੀਏ, ਤਾਂ ਸਾਡੇ ਦਿਲ ਭਰ ਆਉਣਗੇ ਕਿਉਂਕਿ ਕੁਝ ਹੀ ਸਮੇਂ ਬਾਅਦ 18 ਅਪ੍ਰੈਲ ਨੂੰ ਇਕ ਭਿਆਨਕ ਭੁਚਾਲ਼ ਆਇਆ ਤੇ ਸ਼ਹਿਰ ਨੂੰ ਅੱਗ ਲੱਗ ਗਈ। ਇਸ ਬਿਪਤਾ ਵਿਚ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋਈ ਤੇ ਸ਼ਹਿਰ ਦਾ ਇਕ ਹਿੱਸਾ ਤਕਰੀਬਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਫ਼ਿਲਮ ਵਿਚ ਹੱਸਦੇ-ਮੁਸਕਰਾਉਂਦੇ ਲੋਕਾਂ ਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਉਹ ਚੰਦ ਹੀ ਦਿਨਾਂ ਦੇ ਮਹਿਮਾਨ ਸਨ। ਫ਼ਿਲਮ ਬਣਾਉਣ ਵਾਲਿਆਂ ਦੇ ਖ਼ਾਨਦਾਨ ਵਿੱਚੋਂ ਸਕਾਟ ਮਾਏਲਜ਼ ਕਹਿੰਦਾ ਹੈ: “ਉਨ੍ਹਾਂ ਵਿਚਾਰੇ ਲੋਕਾਂ ਨੂੰ ਦੇਖ ਕੇ ਮੈਨੂੰ ਉਨ੍ਹਾਂ ’ਤੇ ਬਹੁਤ ਤਰਸ ਆਉਂਦਾ ਹੈ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ’ਤੇ ਕਿਹੜਾ ਕਹਿਰ ਆਉਣ ਵਾਲਾ ਸੀ।”

1906 ਵਿਚ ਅਚਾਨਕ ਆਏ ਇਕ ਭੁਚਾਲ਼ ਕਾਰਨ ਸਾਨ ਫ਼ਰਾਂਸਿਸਕੋ ਸ਼ਹਿਰ ਵਿਚ ਅੱਗ ਲੱਗੀ ਜਿਸ ਨੇ ਸ਼ਹਿਰ ਦਾ ਇਕ ਵੱਡਾ ਹਿੱਸਾ ਤਬਾਹ ਕਰ ਦਿੱਤਾ

ਇਹ ਘਟਨਾ ਸਾਡੇ ਜ਼ਮਾਨੇ ਨਾਲ ਮਿਲਦੀ-ਜੁਲਦੀ ਹੈ ਜਿਸ ਕਰਕੇ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ। ਸਾਨੂੰ ਵੀ ਲੋਕਾਂ ’ਤੇ ਤਰਸ ਆਉਂਦਾ ਹੈ ਕਿਉਂਕਿ ਉਹ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਹ ਨਹੀਂ ਜਾਣਦੇ ਕਿ ਕਲ੍ਹ ਨੂੰ ਕੀ ਹੋਵੇਗਾ। ਹਾਂ, ਇਸ ਬੁਰੀ ਦੁਨੀਆਂ ਦੇ ਲੋਕਾਂ ਦਾ ਅੰਤ ਬਹੁਤ ਨੇੜੇ ਹੈ। ਭੁਚਾਲ਼ ਤੋਂ ਉਲਟ ਯਹੋਵਾਹ ਦੇ ਨਿਆਂ ਦਾ ਦਿਨ ਆਉਣ ਤੋਂ ਪਹਿਲਾਂ ਲੋਕਾਂ ਨੂੰ ਖ਼ਬਰਦਾਰ ਕੀਤਾ ਜਾ ਰਿਹਾ ਹੈ। ਪਰ ਇਹ ਕੰਮ ਪੂਰਾ ਕਰਨ ਲਈ ਸਾਡੇ ਕੋਲ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਸੋ ਹੋ ਸਕਦਾ ਹੈ ਕਿ ਤੁਸੀਂ ਹਰ ਹਫ਼ਤੇ ਘਰ-ਘਰ ਪ੍ਰਚਾਰ ਕਰਦੇ ਹੋ, ਪਰ ਕੀ ਤੁਸੀਂ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ?

ਯਿਸੂ ਹਮੇਸ਼ਾ ਪ੍ਰਚਾਰ ਕਰਨ ਲਈ ਤਿਆਰ ਰਿਹਾ

ਯਿਸੂ ਨੇ ਸਾਡੇ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਕਿ ਉਹ ਹਰ ਕਿਸੇ ਨੂੰ ਪ੍ਰਚਾਰ ਕਰਨ ਲਈ ਹਮੇਸ਼ਾ ਤਿਆਰ ਹੁੰਦਾ ਸੀ। ਜਦ ਉਸ ਨੂੰ ਸੜਕ ’ਤੇ ਇਕ ਟੈਕਸ ਵਸੂਲਣ ਵਾਲਾ ਮਿਲਿਆ ਜਾਂ ਦੁਪਹਿਰ ਨੂੰ ਖੂਹ ’ਤੇ ਤੀਵੀਂ ਮਿਲੀ, ਤਾਂ ਉਸ ਨੇ ਗਵਾਹੀ ਦੇਣ ਦੇ ਇਹ ਮੌਕੇ ਹੱਥੋਂ ਨਹੀਂ ਜਾਣ ਦਿੱਤੇ। (ਲੂਕਾ 19:1-5; ਯੂਹੰ. 4:5-10, 21-24) ਆਪਣੇ ਆਰਾਮ ਦੇ ਵੇਲੇ ਵੀ ਉਹ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਸਿਖਾਉਣ ਲਈ ਤਿਆਰ ਹੋ ਜਾਂਦਾ ਸੀ। ਉਸ ਨੂੰ ਲੋਕਾਂ ’ਤੇ ਬੜਾ ਤਰਸ ਆਉਂਦਾ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਸਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। (ਮਰ. 6:30-34) ਯਿਸੂ ਦੀ ਮਿਸਾਲ ’ਤੇ ਚੱਲਦੇ ਹੋਏ ਸਾਡੇ ਕੁਝ ਭੈਣ-ਭਰਾ ਕਿਵੇਂ ਦਿਖਾਉਂਦੇ ਹਨ ਕਿ ਉਹ ਹਮੇਸ਼ਾ ਪ੍ਰਚਾਰ ਕਰਨ ਲਈ ਤਿਆਰ ਹਨ?

ਉਹ ਹਰ ਮੌਕੇ ’ਤੇ ਪ੍ਰਚਾਰ ਕਰਦੇ ਹਨ

ਮੈਲੀਕਾ ਅਜਿਹੀ ਅਪਾਰਟਮੈਂਟ ਬਿਲਡਿੰਗ ਵਿਚ ਰਹਿੰਦੀ ਹੈ ਜਿੱਥੇ ਬਿਨਾਂ ਪੁੱਛੇ ਕੋਈ ਅੰਦਰ ਨਹੀਂ ਜਾ ਸਕਦਾ। ਉਸ ਬਿਲਡਿੰਗ ਵਿਚ ਵਿਦੇਸ਼ਾਂ ਤੋਂ ਆਏ ਕਈ ਸਟੂਡੈਂਟਸ ਰਹਿੰਦੇ ਹਨ ਜਿਨ੍ਹਾਂ ਦੇ ਮੋਬਾਇਲ ਨੰਬਰ ਫ਼ੋਨ ਦੀ ਡਾਇਰੈਕਟਰੀ ਵਿਚ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਨਾਮ ਬਿਲਡਿੰਗ ਦੀ ਡਾਇਰੈਕਟਰੀ ਵਿਚ ਹਨ। ਮੈਲੀਕਾ ਬਿਲਡਿੰਗ ਦੇ ਵਰਾਂਡੇ ਜਾਂ ਲਿਫਟ ਵਿਚ ਮਿਲਦੇ ਸਾਰੇ ਲੋਕਾਂ ਨਾਲ ਬਾਈਬਲ ਬਾਰੇ ਗੱਲਬਾਤ ਕਰਦੀ ਹੈ। ਉਹ ਕਹਿੰਦੀ ਹੈ, “ਇਹ ਮੇਰੇ ਪ੍ਰਚਾਰ ਦਾ ਖ਼ਾਸ ਇਲਾਕਾ ਹੈ।” ਮੈਲੀਕਾ ਕੋਲ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰਕਾਸ਼ਨ ਹੁੰਦੇ ਹਨ ਅਤੇ ਕਈਆਂ ਨੇ ਉਸ ਤੋਂ ਟ੍ਰੈਕਟ-ਮੈਗਜ਼ੀਨ ਲਏ ਹਨ। ਉਹ ਲੋਕਾਂ ਨੂੰ ਸਾਡੀ ਵੈੱਬਸਾਈਟ jw.org ਬਾਰੇ ਵੀ ਦੱਸਦੀ ਹੈ। ਇਸ ਤਰ੍ਹਾਂ ਉਸ ਨੇ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਹਨ।

ਜ਼ਰਾ ਸੋਨੀਆ ਦੀ ਮਿਸਾਲ ਲਓ। ਉਹ ਪ੍ਰਚਾਰ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਉਸ ਦਾ ਟੀਚਾ ਸੀ ਕਿ ਉਹ ਮੈਡੀਕਲ ਕਲਿਨਿਕ ਵਿਚ ਆਪਣੇ ਨਾਲ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਗਵਾਹੀ ਦੇਵੇਗੀ। ਪਹਿਲਾਂ ਉਸ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਹਾਲਾਤ ਕਿੱਦਾਂ ਦੇ ਹਨ ਤੇ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਹੈ। ਫਿਰ ਉਸ ਨੇ ਦੁਪਹਿਰ ਦੇ ਖਾਣੇ ਵੇਲੇ ਇਕੱਲੇ-ਇਕੱਲੇ ਨਾਲ ਬਾਈਬਲ ਬਾਰੇ ਗੱਲ ਕੀਤੀ। ਨਤੀਜੇ ਵਜੋਂ ਉਸ ਨੇ ਦੋ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਉਸ ਨੇ ਇਹ ਵੀ ਇਰਾਦਾ ਕੀਤਾ ਹੈ ਕਿ ਉਹ ਕਲਿਨਿਕ ਦੇ ਵਰਾਂਡੇ ਵਿਚ ਬੈਠੇ ਮਰੀਜ਼ਾਂ ਨਾਲ ਗੱਲ ਕਰੇਗੀ।

ਕੋਈ ਵੀ ਮੌਕਾ ਨਾ ਗੁਆਓ

ਇਕ ਆਦਮੀ 1906 ਵਿਚ ਆਏ ਇਸ ਭੁਚਾਲ਼ ਤੋਂ ਬਚ ਨਿਕਲਿਆ ਅਤੇ ਉਸ ਨੇ ਕਿਹਾ, “ਇਹ ਕਿਸੇ ਵੀ ਸ਼ਹਿਰ ਜਾਂ ਰਾਜ ਉੱਤੇ ਆਈ ਸਭ ਤੋਂ ਭਿਆਨਕ ਆਫ਼ਤ ਸੀ।” ਪਰ ਦੁਨੀਆਂ ਦੀਆਂ ਸਾਰੀਆਂ ਆਫ਼ਤਾਂ ਉਸ ਦਿਨ ਦੇ ਸਾਮ੍ਹਣੇ ਕੁਝ ਵੀ ਨਹੀਂ ਹੋਣਗੀਆਂ ਜਦ ਪਰਮੇਸ਼ੁਰ ਉਨ੍ਹਾਂ ਕੋਲੋਂ ਬਦਲਾ ਲਵੇਗਾ ‘ਜਿਹੜੇ ਉਸ ਨੂੰ ਨਹੀਂ ਜਾਣਦੇ।’ (2 ਥੱਸ. 1:8) ਯਹੋਵਾਹ ਆਪਣੇ ਗਵਾਹਾਂ ਰਾਹੀਂ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਉਹ ਖ਼ੁਦ ਨੂੰ ਬਦਲਣ ਕਿਉਂਕਿ ਉਸ ਦੀ ਖ਼ਾਹਸ਼ ਹੈ ਕਿ ਸਾਰੇ ਲੋਕ ਬਚਾਏ ਜਾਣ।​—2 ਪਤ. 3:9; ਪ੍ਰਕਾ. 14:6, 7.

ਕੀ ਤੁਸੀਂ ਹਰ ਜਗ੍ਹਾ ਮੌਕੇ ਦਾ ਫ਼ਾਇਦਾ ਉਠਾ ਕੇ ਗਵਾਹੀ ਦਿੰਦੇ ਹੋ?

ਤੁਹਾਨੂੰ ਇਹ ਸਨਮਾਨ ਬਖ਼ਸ਼ਿਆ ਗਿਆ ਹੈ ਕਿ ਤੁਸੀਂ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਅਸੀਂ ਮੁਸੀਬਤਾਂ ਭਰੇ ਸਮੇਂ ਵਿਚ ਰਹਿ ਰਹੇ ਹਾਂ। ਲੋਕਾਂ ਨੂੰ ਦੱਸੋ ਕਿ ਉਹ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਦੀ ਬਜਾਇ ਯਹੋਵਾਹ ਦੇ ਸੇਵਕ ਬਣਨ। (ਸਫ਼. 2:2, 3) ਕੀ ਤੁਸੀਂ ਨੌਕਰੀ ਦੀ ਥਾਂ ’ਤੇ, ਆਪਣੇ ਗੁਆਂਢ ਵਿਚ ਅਤੇ ਹਰ ਜਗ੍ਹਾ ਗਵਾਹੀ ਦਿੰਦੇ ਹੋ? ਕੀ ਤੁਸੀਂ ਲੋਕਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰੋਗੇ?