Skip to content

Skip to table of contents

ਜਲਦੀ ਹੀ ਧਰਤੀ ਨੂੰ ਸੋਹਣਾ ਬਣਾਇਆ ਜਾਵੇਗਾ!

ਜਲਦੀ ਹੀ ਧਰਤੀ ਨੂੰ ਸੋਹਣਾ ਬਣਾਇਆ ਜਾਵੇਗਾ!

ਜਲਦੀ ਹੀ ਧਰਤੀ ਨੂੰ ਸੋਹਣਾ ਬਣਾਇਆ ਜਾਵੇਗਾ!

“ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.

ਦੁਨੀਆਂ ਵਿਚ ਬਹੁਤ ਸਾਰੇ ਲੋਕ ਬਾਈਬਲ ਵਿਚ ਦਰਜ ਇਹ ਪ੍ਰਾਰਥਨਾ ਜਾਣਦੇ ਹਨ ਜਿਸ ਤੋਂ ਉਨ੍ਹਾਂ ਨੂੰ ਇਕ ਉਮੀਦ ਮਿਲਦੀ ਹੈ। ਕਿਹੋ ਜਿਹੀ ਉਮੀਦ?

ਇਸ ਪ੍ਰਾਰਥਨਾ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਉਸ ਦੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਧਰਤੀ ’ਤੇ ਵੀ ਪੂਰੀ ਹੋਵੇਗੀ। ਪਰਮੇਸ਼ੁਰ ਧਰਤੀ ਨੂੰ ਸੋਹਣੀ ਬਣਾਉਣੀ ਚਾਹੁੰਦਾ ਹੈ ਜਿਵੇਂ ਇਹ ਸ਼ੁਰੂ-ਸ਼ੁਰੂ ਵਿਚ ਹੁੰਦੀ ਸੀ। (ਪਰਕਾਸ਼ ਦੀ ਪੋਥੀ 21:1-5) ਦਰਅਸਲ, ਇਹ ਰਾਜ ਕੀ ਹੈ ਅਤੇ ਪਰਮੇਸ਼ੁਰ ਇਸ ਦੇ ਜ਼ਰੀਏ ਧਰਤੀ ਨੂੰ ਕਿਵੇਂ ਸੋਹਣੀ ਬਣਾਵੇਗਾ?

ਰਾਜ—ਇਕ ਸਰਕਾਰ

ਪਰਮੇਸ਼ੁਰ ਦਾ ਰਾਜ ਇਕ ਸਰਕਾਰ ਹੈ। ਕੋਈ ਵੀ ਸਰਕਾਰ ਚਲਾਉਣ ਲਈ ਉਸ ਦੇ ਹਾਕਮ, ਕਾਇਦੇ-ਕਾਨੂੰਨ ਤੇ ਪਰਜਾ ਹੋਣੀ ਜ਼ਰੂਰੀ ਹੈ। ਕੀ ਪਰਮੇਸ਼ੁਰ ਦੇ ਰਾਜ ਵਿਚ ਇਹ ਸਭ ਕੁਝ ਹੈ? ਅੱਗੇ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬਾਂ ’ਤੇ ਧਿਆਨ ਦਿਓ ਜੋ ਬਾਈਬਲ ਵਿੱਚੋਂ ਦਿੱਤੇ ਗਏ ਹਨ:

ਪਰਮੇਸ਼ੁਰ ਦੇ ਰਾਜ ਦੇ ਸ਼ਾਸਕ ਕੌਣ ਹਨ? (ਯਸਾਯਾਹ 33:22) ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਆਪਣੇ ਰਾਜ ਦਾ ਰਾਜਾ ਚੁਣਿਆ ਹੈ। (ਮੱਤੀ 28:18) ਯਹੋਵਾਹ ਦੀ ਸੇਧ ਨਾਲ ਯਿਸੂ ਨੇ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਕੁਝ ਮਨੁੱਖਾਂ ਨੂੰ ਚੁਣਿਆ ਹੈ ਜੋ ਉਸ ਦੇ ਨਾਲ “ਧਰਤੀ ਉੱਤੇ ਰਾਜ” ਕਰਨਗੇ।—ਪਰਕਾਸ਼ ਦੀ ਪੋਥੀ 5:9, 10.

ਪਰਮੇਸ਼ੁਰ ਦੇ ਰਾਜ ਦੇ ਕਿਹੜੇ ਕਾਇਦੇ-ਕਾਨੂੰਨ ਹਨ ਜੋ ਪਰਜਾ ਮੰਨੇਗੀ? ਕੁਝ ਕਾਨੂੰਨਾਂ ਜਾਂ ਹੁਕਮਾਂ ਅਨੁਸਾਰ ਪਰਜਾ ਨੂੰ ਕੁਝ ਕਰਨ ਦੀ ਲੋੜ ਹੈ। ਯਿਸੂ ਨੇ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਹੁਕਮਾਂ ਬਾਰੇ ਦੱਸਦੇ ਹੋਏ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”—ਮੱਤੀ 22:37-39.

ਹੋਰ ਕਾਇਦੇ-ਕਾਨੂੰਨਾਂ ਦੇ ਅਨੁਸਾਰ ਪਰਜਾ ਨੂੰ ਕੁਝ ਕੰਮਾਂ ਤੋਂ ਦੂਰ ਰਹਿਣ ਦੀ ਲੋੜ ਹੈ। ਮਿਸਾਲ ਲਈ, ਬਾਈਬਲ ਵਿਚ ਸਾਫ਼-ਸਾਫ਼ ਇਹ ਗੱਲ ਕਹੀ ਗਈ ਹੈ: “ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।”—1 ਕੁਰਿੰਥੀਆਂ 6:9, 10.

ਪਰਮੇਸ਼ੁਰ ਦੇ ਰਾਜ ਦੀ ਪਰਜਾ ਕੌਣ ਹੈ? ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਪਰਜਾ ਦੀ ਤੁਲਨਾ ਭੇਡਾਂ ਨਾਲ ਕੀਤੀ। ਉਸ ਨੇ ਕਿਹਾ: “ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।” (ਯੂਹੰਨਾ 10:16) ਪਰਮੇਸ਼ੁਰ ਦੇ ਰਾਜ ਦੀ ਪਰਜਾ ਵਿਚ ਸ਼ਾਮਲ ਹੋਣ ਲਈ ਇਕ ਵਿਅਕਤੀ ਲਈ ਸਿਰਫ਼ ਇਹੀ ਕਹਿਣਾ ਕਾਫ਼ੀ ਨਹੀਂ ਹੈ ਕਿ ਉਹ ਯਿਸੂ ਦੇ ਮਗਰ ਚੱਲ ਰਿਹਾ ਹੈ, ਬਲਕਿ ਉਸ ਨੂੰ ਉਸ ਦੇ ਹੁਕਮਾਂ ’ਤੇ ਵੀ ਚੱਲਣ ਦੀ ਲੋੜ ਹੈ। ਯਿਸੂ ਨੇ ਕਿਹਾ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।”—ਮੱਤੀ 7:21.

ਪਰਮੇਸ਼ੁਰ ਦੇ ਰਾਜ ਦੀ ਪਰਜਾ ਯਿਸੂ ਵਾਂਗ ਪਰਮੇਸ਼ੁਰ ਦੇ ਨਾਂ ਯਹੋਵਾਹ ਨੂੰ ਵਰਤਦੀ ਹੈ ਤੇ ਇਸ ਦਾ ਆਦਰ ਕਰਦੀ ਹੈ। (ਯੂਹੰਨਾ 17:26) ਉਹ ਯਿਸੂ ਦੇ ਹੁਕਮ ਅਨੁਸਾਰ ਦੂਸਰਿਆਂ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ” ਬਾਰੇ ਦੱਸਦੇ ਹਨ। (ਮੱਤੀ 24:14; 28:19, 20) ਇਸ ਤੋਂ ਇਲਾਵਾ, ਉਹ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ।—ਯੂਹੰਨਾ 13:35.

‘ਧਰਤੀ ਦਾ ਨਾਸ ਕਰਨ ਵਾਲਿਆਂ’ ਦਾ ਨਾਸ਼

ਅੱਜ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਜਲਦੀ ਹੀ ਆਪਣੇ ਰਾਜ ਰਾਹੀਂ ਇਸ ਦੁਨੀਆਂ ਦੀ ਕਾਇਆ ਬਦਲ ਦੇਵੇਗਾ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਦੋ ਹਜ਼ਾਰ ਸਾਲ ਪਹਿਲਾਂ ਯਿਸੂ ਨੇ ਧਰਤੀ ਦੇ ਮਾੜੇ ਹਾਲਾਤਾਂ ਬਾਰੇ ਦੱਸਿਆ ਸੀ ਜਿਨ੍ਹਾਂ ਤੋਂ ਪਤਾ ਚੱਲੇਗਾ ਕਿ “ਪਰਮੇਸ਼ੁਰ ਦਾ ਰਾਜ ਨੇੜੇ ਹੈ।” (ਲੂਕਾ 21:31) ਅਸੀਂ ਪਿਛਲੇ ਲੇਖ ਵਿਚ ਦੁਨੀਆਂ ਦੇ ਮਾੜੇ ਹਾਲਾਤਾਂ ਬਾਰੇ ਦੇਖਿਆ ਸੀ।

ਇਸ ਤੋਂ ਬਾਅਦ ਕੀ ਹੋਵੇਗਾ? ਯਿਸੂ ਨੇ ਕਿਹਾ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਇਹ ਕਸ਼ਟ ਇਨਸਾਨਾਂ ਵੱਲੋਂ ਨਹੀਂ ਆਵੇਗਾ, ਸਗੋਂ ਪਰਮੇਸ਼ੁਰ ਵੱਲੋਂ ਹੋਵੇਗਾ ਅਤੇ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਦੇ ਹਨ।’ (ਪਰਕਾਸ਼ ਦੀ ਪੋਥੀ 11:18) ਬੁਰੇ ਲੋਕਾਂ ਨੂੰ ‘ਧਰਤੀ ਉੱਤੋਂ ਕੱਟਿਆ ਜਾਵੇਗਾ’ ਜਿਨ੍ਹਾਂ ਨੇ ਆਪਣੇ ਸੁਆਰਥੀ ਕੰਮਾਂ ਨਾਲ ਧਰਤੀ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜਾਾ ਕੀਤਾ ਹੈ। ਪਰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਾਲੇ ਲੋਕ ਧਰਤੀ ’ਤੇ ਸਦਾ ਲਈ ਰਹਿਣਗੇ।—ਕਹਾਉਤਾਂ 2:21, 22.

ਬੁਰੇ ਲੋਕਾਂ ਦਾ ਨਾਸ਼ ਕਰਨਾ ਯਹੋਵਾਹ ਲਈ ਜਾਇਜ਼ ਹੈ। ਕਿਉਂ? ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਮੰਨ ਲਓ ਕਿ ਤੁਸੀਂ ਇਕ ਛੋਟੇ ਜਿਹੇ ਅਪਾਰਟਮੈਂਟ ਦੇ ਮਾਲਕ ਹੋ। ਕੁਝ ਕਿਰਾਏਦਾਰ ਸੁਭਾਅ ਦੇ ਚੰਗੇ ਹਨ। ਉਹ ਕਿਰਾਇਆ ਦਿੰਦੇ ਹਨ ਤੇ ਘਰ ਦੀ ਚੰਗੀ ਦੇਖ-ਭਾਲ ਕਰਦੇ ਹਨ। ਪਰ ਕੁਝ ਕਿਰਾਏਦਾਰ ਗੁੱਸੇਖ਼ੋਰ ਤੇ ਸੁਆਰਥੀ ਹਨ, ਉਹ ਕਿਰਾਇਆ ਨਹੀਂ ਦਿੰਦੇ ਤੇ ਘਰ ਦੀ ਭੰਨ-ਤੋੜ ਕਰਦੇ ਹਨ। ਕਈ ਚੇਤਾਵਨੀਆਂ ਦੇਣ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਤੁਸੀਂ ਕੀ ਕਰੋਗੇ? ਮਾਲਕ ਹੋਣ ਦੇ ਨਾਤੇ ਤੁਸੀਂ ਕਿਰਾਏਦਾਰਾਂ ਨੂੰ ਅਪਾਰਟਮੈਂਟ ਵਿੱਚੋਂ ਕੱਢ ਦੇਵੋਗੇ।

ਇਸ ਤਰ੍ਹਾਂ ਧਰਤੀ ਦੇ ਸਿਰਜਣਹਾਰ ਯਹੋਵਾਹ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਧਰਤੀ ’ਤੇ ਕੌਣ ਰਹੇਗਾ ਤੇ ਕੌਣ ਨਹੀਂ। (ਪਰਕਾਸ਼ ਦੀ ਪੋਥੀ 4:11) ਯਹੋਵਾਹ ਨੇ ਠਾਣ ਲਿਆ ਹੈ ਕਿ ਉਹ ਬੁਰੇ ਲੋਕਾਂ ਨੂੰ ਧਰਤੀ ਉੱਤੋਂ ਮਿਟਾ ਦੇਵੇਗਾ ਜੋ ਉਸ ਦੀ ਮਰਜ਼ੀ ਦੇ ਖ਼ਿਲਾਫ਼ ਚੱਲਦੇ ਹਨ ਅਤੇ ਦੂਸਰਿਆਂ ਦੇ ਹੱਕਾਂ ਨੂੰ ਮਾਰ ਲੈਂਦੇ ਹਨ।—ਜ਼ਬੂਰਾਂ ਦੀ ਪੋਥੀ 37:9-11.

ਸੋਹਣੀ ਧਰਤੀ

ਜਲਦੀ ਹੀ ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਰਾਹੀਂ ਧਰਤੀ ’ਤੇ ਰਾਜ ਕਰੇਗਾ। ਯਿਸੂ ਨੇ ਇਸ ਨਵੀਂ ਸ਼ੁਰੂਆਤ ਨੂੰ “ਨਵੀਂ ਸਰਿਸ਼ਟ” ਆਖਿਆ ਸੀ। (ਮੱਤੀ 19:28) ਉਸ ਵੇਲੇ ਧਰਤੀ ’ਤੇ ਕਿਹੋ ਜਿਹੇ ਹਾਲਾਤ ਹੋਣਗੇ? ਬਾਈਬਲ ਦੇ ਇਨ੍ਹਾਂ ਵਾਅਦਿਆਂ ’ਤੇ ਧਿਆਨ ਦਿਓ:

ਜ਼ਬੂਰਾਂ ਦੀ ਪੋਥੀ 46:9. “ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।”

ਯਸਾਯਾਹ 35:1. “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।”

ਯਸਾਯਾਹ 65:21-23. “ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ।”

ਯੂਹੰਨਾ 5:28, 29. “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”

ਪਰਕਾਸ਼ ਦੀ ਪੋਥੀ 21:4. “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”

ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ?

ਕੀ ਤੁਸੀਂ ਬਾਈਬਲ ਦੇ ਵਾਅਦਿਆਂ ’ਤੇ ਭਰੋਸਾ ਕਰਦੇ ਹੋ? ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਲੋਕ ਵਿਸ਼ਵਾਸ ਨਹੀਂ ਕਰਨਗੇ। ਇਸ ਵਿਚ ਲਿਖਿਆ ਹੈ: ‘ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।’ (2 ਪਤਰਸ 3:3, 4) ਪਰ ਅਜਿਹੇ ਲੋਕ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਨ। ਆਓ ਚਾਰ ਕਾਰਨਾਂ ’ਤੇ ਧਿਆਨ ਦੇਈਏ ਜਿਨ੍ਹਾਂ ਕਰਕੇ ਤੁਸੀਂ ਬਾਈਬਲ ਵਿਚ ਲਿਖੀਆਂ ਗੱਲਾਂ ’ਤੇ ਯਕੀਨ ਕਰੋਗੇ:

(1) ਪਰਮੇਸ਼ੁਰ ਨੇ ਪੁਰਾਣੇ ਸਮਿਆਂ ਵਿਚ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ। ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਇਸ ਦੀ ਇਕ ਮਿਸਾਲ ਹੈ।—2 ਪਤਰਸ 3:5-7.

(2) ਪਰਮੇਸ਼ੁਰ ਦੇ ਬਚਨ ਨੇ ਅੱਜ ਦੇ ਬੁਰੇ ਦਿਨਾਂ ਬਾਰੇ ਸਾਫ਼-ਸਾਫ਼ ਦੱਸਿਆ ਸੀ।

(3) ਸਾਰਾ ਕੁਝ “ਸ੍ਰਿਸ਼ਟੀ ਦੇ ਮੁੱਢੋਂ ਤਿਵੇਂ ਹੀ” ਨਹੀਂ ਹੋ ਰਿਹਾ ਜਿਵੇਂ ਠੱਠਾ ਕਰਨ ਵਾਲੇ ਕਹਿੰਦੇ ਹਨ। ਧਰਤੀ ਉੱਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਜਕ ਅਤੇ ਨੈਤਿਕ ਕਦਰਾਂ-ਕੀਮਤਾਂ ਡਿੱਗਦੀਆਂ ਜਾ ਰਹੀਆਂ ਹਨ ਤੇ ਵਾਤਾਵਰਣ ਵਿਗੜਦਾ ਜਾ ਰਿਹਾ ਹੈ।

(4) ਸਾਰੀ ਧਰਤੀ ਉੱਤੇ ਹੋ ਰਿਹਾ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ’ ਇਸ ਗੱਲ ਦਾ ਸਬੂਤ ਹੈ ਕਿ “ਅੰਤ” ਜਲਦੀ ਹੀ ਆਵੇਗਾ।—ਮੱਤੀ 24:14.

ਯਹੋਵਾਹ ਦੇ ਗਵਾਹ ਤੁਹਾਡੇ ਨਾਲ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਹਨ ਤਾਂਕਿ ਤੁਸੀਂ ਪਰਮੇਸ਼ੁਰ ਦੇ ਰਾਜ ਵਿਚ ਸਦਾ ਦੀ ਜ਼ਿੰਦਗੀ ਪਾਉਣ ਬਾਰੇ ਹੋਰ ਸਿੱਖ ਸਕੋ। (ਯੂਹੰਨਾ 17:3) ਸਾਰੇ ਇਨਸਾਨਾਂ ਅੱਗੇ ਕਿੰਨਾ ਸ਼ਾਨਦਾਰ ਭਵਿੱਖ ਪਿਆ ਹੈ! ਕੀ ਤੁਸੀਂ ਆਪਣੇ ਲਈ ਅਜਿਹਾ ਭਵਿੱਖ ਚਾਹੁੰਦੇ ਹੋ? (w08 8/1)

[ਸਫ਼ਾ 7 ਉੱਤੇ ਸੁਰਖੀ]

ਜੋ ਲੋਕ ਕਹਿੰਦੇ ਹਨ ਕਿ ਸਾਰਾ ਕੁਝ ਇੱਦਾਂ ਹੀ ਚੱਲਦਾ ਰਹੇਗਾ, ਉਹ ਗ਼ਲਤ ਕਹਿ ਰਹੇ ਹਨ

[ਸਫ਼ਾ 8 ਉੱਤੇ ਤਸਵੀਰ]

ਕੀ ਤੁਸੀਂ ਅਜਿਹੇ ਵਧੀਆ ਹਾਲਾਤਾਂ ਵਿਚ ਰਹਿਣਾ ਚਾਹੋਗੇ?