Skip to content

Skip to table of contents

ਯਹੋਵਾਹ ਦੇ ਗਵਾਹ ਯੁੱਧਾਂ ਵਿਚ ਕਿਉਂ ਨਹੀਂ ਜਾਂਦੇ?

ਯਹੋਵਾਹ ਦੇ ਗਵਾਹ ਯੁੱਧਾਂ ਵਿਚ ਕਿਉਂ ਨਹੀਂ ਜਾਂਦੇ?

ਪਾਠਕਾਂ ਦੇ ਸਵਾਲ

ਯਹੋਵਾਹ ਦੇ ਗਵਾਹ ਯੁੱਧਾਂ ਵਿਚ ਕਿਉਂ ਨਹੀਂ ਜਾਂਦੇ?

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਯਹੋਵਾਹ ਦੇ ਗਵਾਹ ਚਾਹੇ ਜਿੱਥੇ ਮਰਜ਼ੀ ਰਹਿੰਦੇ ਹਨ, ਉਹ ਵੱਖੋ-ਵੱਖਰੀਆਂ ਕੌਮਾਂ ਜਾਂ ਇੱਕੋ ਕੌਮ ਦੇ ਲੋਕਾਂ ਵਿਚਕਾਰ ਹੁੰਦੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। ਤਕਰੀਬਨ 50 ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿਸ਼ਵ ਕੋਸ਼ ਨੇ ਕਿਹਾ: “ਯਹੋਵਾਹ ਦੇ ਗਵਾਹ ਜੰਗ ਸਮੇਂ ਪੂਰੀ ਤਰ੍ਹਾਂ ਨਿਰਪੱਖ ਰਹਿੰਦੇ ਹਨ।”

ਯੁੱਧਾਂ ਵਿਚ ਗਵਾਹਾਂ ਦੇ ਨਾ ਜਾਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਉਨ੍ਹਾਂ ਦੀ ਜ਼ਮੀਰ ਦੇ ਖ਼ਿਲਾਫ਼ ਹੈ ਜੋ ਬਾਈਬਲ ਦੇ ਅਸੂਲਾਂ ਮੁਤਾਬਕ ਢਲ਼ੀ ਹੋਈ ਹੈ। ਨਾਲੇ ਉਹ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਅਤੇ ਮਿਸਾਲ ਉੱਤੇ ਚੱਲਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਇਕ-ਦੂਸਰੇ ਨੂੰ ਪਿਆਰ ਕਰਨ ਲਈ ਕਿਹਾ ਸੀ। ਉਸ ਨੇ ਇਹ ਵੀ ਹੁਕਮ ਦਿੱਤਾ ਸੀ: “ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ।” (ਲੂਕਾ 6:27; ਮੱਤੀ 22:39) ਜਦੋਂ ਇਕ ਚੇਲੇ ਨੇ ਤਲਵਾਰ ਨਾਲ ਯਿਸੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯਿਸੂ ਨੇ ਉਸ ਨੂੰ ਕਿਹਾ ਸੀ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਇਸ ਤਰ੍ਹਾਂ ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਦਿਖਾਇਆ ਕਿ ਉਸ ਦੇ ਚੇਲੇ ਕਿਸੇ ਵੀ ਲੜਾਈ ਵਿਚ ਭਾਗ ਨਹੀਂ ਲੈਣਗੇ।

ਯੁੱਧਾਂ ਵਿਚ ਹਿੱਸਾ ਨਾ ਲੈਣ ਦਾ ਇਕ ਹੋਰ ਕਾਰਨ ਹੈ ਕਿ ਉਹ ਇੱਕੋ ਵਿਸ਼ਵ-ਵਿਆਪੀ ਭਾਈਚਾਰੇ ਦੇ ਮੈਂਬਰ ਹਨ। ਜੇ ਉਹ ਲੜਾਈ ਵਿਚ ਜਾਣਗੇ, ਤਾਂ ਉਹ ਆਪਣੇ ਹੀ ਭਰਾਵਾਂ ਦਾ ਕਤਲ ਕਰ ਰਹੇ ਹੋਣਗੇ ਜੋ ਕਿ ਯਿਸੂ ਦੇ ਇਸ ਹੁਕਮ ਦੇ ਖ਼ਿਲਾਫ਼ ਹੋਵੇਗਾ: “ਆਪੋ ਵਿੱਚ ਪ੍ਰੇਮ ਰੱਖੋ।”—ਯੂਹੰਨਾ 13:35.

ਯਹੋਵਾਹ ਦੇ ਗਵਾਹ ਪਿਆਰ ਕਰਨ ਬਾਰੇ ਦਿੱਤੇ ਇਨ੍ਹਾਂ ਹੁਕਮਾਂ ਨੂੰ ਨਾ ਸਿਰਫ਼ ਜਾਣਦੇ ਹਨ, ਸਗੋਂ ਇਨ੍ਹਾਂ ’ਤੇ ਚੱਲਦੇ ਵੀ ਹਨ। ਮਿਸਾਲ ਲਈ, ਆਓ ਦੇਖੀਏ ਕਿ ਦੂਜੀ ਵਿਸ਼ਵ-ਜੰਗ (1939-1945) ਦੌਰਾਨ ਯਹੋਵਾਹ ਦੇ ਗਵਾਹਾਂ ਨੇ ਕੀ ਕੀਤਾ ਸੀ। ਅਮਰੀਕਾ ਵਿਚ ਮਿਲਟਰੀ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਕਰਕੇ 4,300 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ। ਬ੍ਰਿਟੇਨ ਵਿਚ 1,500 ਤੋਂ ਜ਼ਿਆਦਾ ਗਵਾਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਸੀ ਜਿਨ੍ਹਾਂ ਵਿਚ 300 ਤੋਂ ਜ਼ਿਆਦਾ ਔਰਤਾਂ ਸਨ ਕਿਉਂਕਿ ਇਨ੍ਹਾਂ ਸਾਰਿਆਂ ਨੇ ਯੁੱਧ ਸੰਬੰਧੀ ਕੁਝ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਥਿਆਰ ਚੁੱਕਣ ਤੋਂ ਇਨਕਾਰ ਕਰਨ ਕਰਕੇ ਨਾਜ਼ੀ ਜਰਮਨੀ ਵਿਚ 270 ਤੋਂ ਜ਼ਿਆਦਾ ਗਵਾਹਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਨਾਜ਼ੀ ਸਰਕਾਰ ਨੇ 10,000 ਗਵਾਹਾਂ ਨੂੰ ਜਾਂ ਤਾਂ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂ ਤਸ਼ੱਦਦ ਕੈਂਪਾਂ ਵਿਚ ਭੇਜ ਦਿੱਤਾ। ਜਪਾਨ ਵਿਚ ਵੀ ਗਵਾਹਾਂ ਨੂੰ ਬਹੁਤ ਸਤਾਇਆ ਗਿਆ ਸੀ। ਦੂਜੇ ਵਿਸ਼ਵ ਯੁੱਧ ਵਿਚ ਜਾਂ ਉਸ ਤੋਂ ਬਾਅਦ ਹੋਏ ਕਿਸੇ ਹੋਰ ਯੁੱਧ ਵਿਚ ਜਿਸ ਕਿਸੇ ਨੇ ਵੀ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ, ਉਹ ਯਕੀਨ ਕਰ ਸਕਦੇ ਹਨ ਕਿ ਉਨ੍ਹਾਂ ਦੇ ਅਜ਼ੀਜ਼ਾਂ ਦੀ ਮੌਤ ਕਿਸੇ ਵੀ ਯਹੋਵਾਹ ਦੇ ਗਵਾਹ ਦੇ ਹੱਥੋਂ ਨਹੀਂ ਹੋਈ ਸੀ।

ਆਪਣੀ ਮੌਤ ਤੋਂ ਪਹਿਲਾਂ ਵੋਲਫਗਾਂਗ ਕੁਸਰੋ ਨੇ ਯੁੱਧਾਂ ਪ੍ਰਤੀ ਯਹੋਵਾਹ ਦੇ ਗਵਾਹਾਂ ਦੇ ਨਜ਼ਰੀਏ ਬਾਰੇ ਦੱਸਿਆ। 1942 ਵਿਚ ਨਾਜ਼ੀਆਂ ਨੇ ਇਸ 20 ਸਾਲ ਦੇ ਜਰਮਨ ਗੱਭਰੂ ਦਾ ਸਿਰ ਕਲਮ ਕਰ ਦਿੱਤਾ ਕਿਉਂਕਿ ਉਸ ਨੇ ਯੁੱਧ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। (ਯਸਾਯਾਹ 2:4) ਉਸ ਨੇ ਮਿਲਟਰੀ ਕਚਹਿਰੀ ਵਿਚ ਕਿਹਾ: “ਮੈਂ ਬਚਪਨ ਤੋਂ ਹੀ ਯਹੋਵਾਹ ਦਾ ਗਵਾਹ ਹਾਂ ਤੇ ਮੈਨੂੰ ਸ਼ੁਰੂ ਤੋਂ ਹੀ ਬਾਈਬਲ ਦੀ ਸਿੱਖਿਆ ਮਿਲੀ ਹੈ। ਪਰਮੇਸ਼ੁਰ ਨੇ ਇਨਸਾਨਾਂ ਨੂੰ ਸਭ ਤੋਂ ਵੱਡਾ ਤੇ ਪਵਿੱਤਰ ਹੁਕਮ ਦਿੱਤਾ ਹੈ: ‘ਤੂੰ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ ਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।’ ਹੋਰ ਵੀ ਹੁਕਮ ਹਨ ਜਿਵੇਂ ‘ਤੂੰ ਖ਼ੂਨ ਨਾ ਕਰ।’ ਕੀ ਸਾਡੇ ਸ੍ਰਿਸ਼ਟੀਕਰਤਾ ਨੇ ਇਹ ਸਾਰਾ ਕੁਝ ਰੁੱਖਾਂ ਲਈ ਲਿਖਵਾਇਆ ਸੀ?”—ਮਰਕੁਸ 12:29-31; ਕੂਚ 20:13.

ਯਹੋਵਾਹ ਦੇ ਗਵਾਹਾਂ ਦਾ ਮੰਨਣਾ ਹੈ ਕਿ ਸਿਰਫ਼ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਸਾਰੀ ਧਰਤੀ ਉੱਤੇ ਸ਼ਾਂਤੀ ਕਾਇਮ ਕਰੇਗਾ। ਉਹ ਉਸ ਦੇ ਇਸ ਵਾਅਦੇ ’ਤੇ ਭਰੋਸਾ ਰੱਖਦੇ ਹਨ ਕਿ ਉਹ ‘ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ।’—ਜ਼ਬੂਰਾਂ ਦੀ ਪੋਥੀ 46:9. (w08 7/1)