ਭਾਰਤ ਬਾਰੇ ਸੰਖੇਪ ਜਾਣਕਾਰੀ
ਯਹੋਵਾਹ ਦੇ ਗਵਾਹ ਭਾਰਤ ਵਿਚ 1905 ਤੋਂ ਮੌਜੂਦ ਹਨ। ਉਨ੍ਹਾਂ ਨੇ 1926 ਵਿਚ ਬੰਬਈ (ਹੁਣ ਮੁੰਬਈ) ਵਿਚ ਆਪਣਾ ਆਫ਼ਿਸ ਖੋਲ੍ਹਿਆ ਅਤੇ 1978 ਵਿਚ ਗਵਾਹਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ। ਗਵਾਹਾਂ ਨੂੰ ਭਾਰਤ ਦੇ ਸੰਵਿਧਾਨ ਵਿਚ ਦਿੱਤੇ ਕਾਨੂੰਨੀ ਹੱਕਾਂ ਦਾ ਫ਼ਾਇਦਾ ਹੋ ਰਿਹਾ ਹੈ ਜਿਸ ਅਧੀਨ ਉਨ੍ਹਾਂ ਨੂੰ ਆਪਣੇ ਧਰਮ ਨੂੰ ਮੰਨਣ, ਉਸ ਅਨੁਸਾਰ ਚੱਲਣ ਅਤੇ ਇਸ ਦਾ ਪ੍ਰਚਾਰ ਕਰਨ ਦੀ ਪੂਰੀ-ਪੂਰੀ ਆਜ਼ਾਦੀ ਹੈ। ਭਾਰਤ ਦੀ ਸੁਪਰੀਮ ਕੋਰਟ ਵਿਚ ਬਿਜੋਏ ਇਮਾਨੁਏਲ ਬਨਾਮ ਕੇਰਲਾ ਰਾਜ ਮੁਕੱਦਮੇ ਵਿਚ ਗਵਾਹਾਂ ਦੀ ਵੱਡੀ ਜਿੱਤ ਹੋਈ। ਇਸ ਕਾਨੂੰਨੀ ਜਿੱਤ ਨੇ ਭਾਰਤ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਹੋਰ ਜਾਗਰੂਕ ਕੀਤਾ। ਭਾਰਤ ਵਿਚ ਯਹੋਵਾਹ ਦੇ ਗਵਾਹ ਬਿਨਾਂ ਕਿਸੇ ਰੁਕਾਵਟ ਦੇ ਭਗਤੀ ਕਰ ਰਹੇ ਹਨ। ਪਰ ਦੇਸ਼ ਦੇ ਕੁਝ ਰਾਜਾਂ ਵਿਚ ਗਵਾਹਾਂ ਨੂੰ ਭੀੜ ਵੱਲੋਂ ਹਮਲੇ ਅਤੇ ਧਾਰਮਿਕ ਅਸਹਿਣਸ਼ੀਲਤਾ ਕਰਕੇ ਹੋਰ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਹੈ।
1977 ਵਿਚ ਸੁਪਰੀਮ ਕੋਰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਆਪਣੇ ਧਰਮ ਦਾ ਪ੍ਰਚਾਰ ਕਰਨ ਅਤੇ ਦੂਜਿਆਂ ਦਾ ਧਰਮ-ਪਰਿਵਰਤਨ ਕਰਨ ਵਿਚ ਫ਼ਰਕ ਹੈ। ਕੋਰਟ ਨੇ ਅੱਗੇ ਕਿਹਾ ਕਿ ਕਿਸੇ ਨੂੰ ਵੀ ਦੂਜਿਆਂ ਦਾ ਧਰਮ-ਪਰਿਵਰਤਨ ਕਰਨ ਦਾ ਹੱਕ ਨਹੀਂ ਹੈ ਅਤੇ ਦੇਸ਼ ਦੇ ਜਿਹੜੇ ਰਾਜਾਂ ਨੇ ਧਰਮ-ਪਰਿਵਰਤਨ ਖ਼ਿਲਾਫ਼ ਕਾਨੂੰਨ ਪਾਸ ਕੀਤੇ ਹਨ, ਉਹ ਬਿਲਕੁਲ ਜਾਇਜ਼ ਹਨ। ਪਰ ਗਵਾਹਾਂ ʼਤੇ ਹਮਲਾ ਕਰਨ ਵਾਲੀਆਂ ਭੀੜਾਂ ਕੋਰਟ ਦੇ ਇਸ ਫ਼ੈਸਲੇ ਦਾ ਹਵਾਲਾ ਦਿੰਦਿਆਂ ਗਵਾਹਾਂ ʼਤੇ ਇਹ ਝੂਠਾ ਇਲਜ਼ਾਮ ਲਾਉਂਦੀਆਂ ਹਨ ਕਿ ਉਨ੍ਹਾਂ ਨੇ ਗਵਾਹਾਂ ਨੂੰ ਲੋਕਾਂ ਦਾ ਧਰਮ-ਪਰਿਵਰਤਨ ਕਰਦਿਆਂ ਫੜਿਆ ਹੈ। ਜਿਹੜੇ ਰਾਜਾਂ ਵਿਚ ਧਰਮ ਪਰਿਵਰਤਨ ਕਰਨ ਸੰਬੰਧੀ ਕੋਈ ਕਾਨੂੰਨ ਨਹੀਂ ਹੈ, ਉੱਥੇ ਵਿਰੋਧੀ ਇਹ ਇਲਜ਼ਾਮ ਲਾਉਂਦੇ ਹਨ ਕਿ ਗਵਾਹ ਰੱਬ ਦੀ ਨਿੰਦਿਆ ਕਰਦੇ ਹਨ ਅਤੇ ਅੰਗ੍ਰੇਜ਼ਾਂ ਦੇ ਸਮੇਂ ਵਿਚ ਬਣਾਏ ਕਾਨੂੰਨ ਦਾ ਗ਼ਲਤ ਇਸਤੇਮਾਲ ਕਰ ਕੇ ਜਨਤਕ ਥਾਵਾਂ ʼਤੇ ਪ੍ਰਚਾਰ ਕਰਦੇ ਹਨ। ਨਤੀਜੇ ਵਜੋਂ, ਸਾਲ 2002 ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਗਵਾਹਾਂ ʼਤੇ ਭੀੜ ਵੱਲੋਂ 150 ਤੋਂ ਜ਼ਿਆਦਾ ਹਮਲੇ ਹੋ ਚੁੱਕੇ ਹਨ। ਅਕਸਰ ਪੀੜਿਤ ਵਿਅਕਤੀ ਦੀ ਸੁਰੱਖਿਆ ਦਾ ਖ਼ਿਆਲ ਨਾ ਰੱਖ ਕੇ ਅਤੇ ਹਮਲਾਵਰਾਂ ʼਤੇ ਢੁਕਵੀਂ ਕਾਰਵਾਈ ਨਾ ਕਰ ਕੇ ਸਥਾਨਕ ਅਧਿਕਾਰੀ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ।
ਭਾਰਤ ਦੇ ਯਹੋਵਾਹ ਦੇ ਗਵਾਹ ਸਮੇਂ-ਸਮੇਂ ʼਤੇ ਸਰਕਾਰੀ ਅਧਿਕਾਰੀਆਂ ਨੂੰ ਮਿਲਦੇ ਹਨ ਅਤੇ ਆਪਣੇ ਧਰਮ ਨੂੰ ਮੰਨਣ ਸੰਬੰਧੀ ਆਪਣੇ ਹੱਕਾਂ ਦੀ ਰੱਖਿਆ ਕਰਨ ਲਈ ਕੋਰਟ ਵਿਚ ਅਰਜ਼ੀ ਭਰਦੇ ਰਹਿੰਦੇ ਹਨ। ਗਵਾਹ ਇਹ ਉਮੀਦ ਕਰਦੇ ਹਨ ਕਿ ਸਥਾਨਕ ਅਧਿਕਾਰੀ ਅਤੇ ਬਾਕੀ ਨਾਗਰਿਕ ਬਿਜੋਏ ਕੇਸ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਕਹੀ ਇਸ ਗੱਲ ਦੀ ਪਾਲਣਾ ਕਰਨਗੇ: “ਸਾਡੀ ਪਰੰਪਰਾ ਸਹਿਣਸ਼ੀਲਤਾ ਸਿਖਾਉਂਦੀ ਹੈ; ਸਾਡਾ ਫ਼ਲਸਫ਼ਾ ਸਹਿਣਸ਼ੀਲਤਾ ਸਿਖਾਉਂਦਾ ਹੈ; ਸਾਡਾ ਸੰਵਿਧਾਨ ਸਾਨੂੰ ਸਹਿਣਸ਼ੀਲ ਬਣਨਾ ਸਿਖਾਉਂਦਾ ਹੈ; ਆਓ ਆਪਾਂ ਇਸ ਨੂੰ ਕਮਜ਼ੋਰ ਨਾ ਹੋਣ ਦੇਈਏ।” ਗਵਾਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਭੀੜ ਦੇ ਹਮਲਿਆਂ ਨੂੰ ਖ਼ਤਮ ਕੀਤਾ ਜਾ ਸਕੇਗਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਮਾਹੌਲ ਪੈਦਾ ਹੋਵੇਗਾ।