ਨੌਜਵਾਨ ਪੁੱਛਦੇ ਹਨ
ਕੀ ਮੈਨੂੰ ਟੈਟੂ ਬਣਾਉਣਾ ਚਾਹੀਦਾ?
ਲੋਕ ਟੈਟੂ ਕਿਉਂ ਬਣਾਉਂਦੇ ਹਨ?
ਰਾਇਨ ਨਾਂ ਦਾ ਨੌਜਵਾਨ ਕਹਿੰਦਾ ਹੈ: “ਮੈਨੂੰ ਲੱਗਦਾ ਕਿ ਕੁਝ ਟੈਟੂ ਸੋਹਣੀ ਕਲਾ ਦਾ ਕਮਾਲ ਹਨ।
ਜਦੋਂ ਤੁਸੀਂ ਦੇਖਦੇ ਹੋ ਕਿ ਦੂਸਰੇ ਕਿਸ ਇਰਾਦੇ ਨਾਲ ਟੈਟੂ ਬਣਾਉਂਦੇ ਹਨ, ਤਾਂ ਤੁਸੀਂ ਸ਼ਾਇਦ ਸੋਚੋ ਕਿ ਇਕ ਟੈਟੂ ਬਣਾਉਣ ਵਿਚ ਕੀ ਹਰਜ਼ ਹੈ। ਮਿਸਾਲ ਲਈ, ਜੀਲੀਅਨ ਨਾਂ ਨੌਜਵਾਨ ਕਹਿੰਦੀ ਹੈ: “ਛੋਟੇ ਹੁੰਦਿਆਂ ਮੈਂ ਜਿਸ ਕੁੜੀ ਨਾਲ ਸਕੂਲ ਜਾਂਦੀ ਸੀ, ਉਸ ਦੀ ਮੰਮੀ ਦੀ ਮੌਤ ਹੋ ਗਈ। ਜਦੋਂ ਉਹ ਕੁੜੀ 13-14 ਸਾਲਾਂ ਦੀ ਹੋਈ, ਤਾਂ ਉਸ ਨੇ ਆਪਣੀ ਗਰਦਨ ਦੇ ਪਿੱਛੇ ਮੰਮੀ ਦਾ ਨਾਂ ਗੁੰਦਵਾਂ ਲਿਆ। ਮੈਨੂੰ ਲੱਗਦਾ ਇਸ ਤਰ੍ਹਾਂ ਦੇ ਟੈਟੂ ਵਧੀਆ ਲੱਗਦੇ।”
ਚਾਹੇ ਤੁਹਾਡੇ ਇਰਾਦੇ ਜੋ ਮਰਜ਼ੀ ਹੋਣ, ਪਰ ਆਪਣੇ ਸਰੀਰ ʼਤੇ ਹਮੇਸ਼ਾ ਲਈ ਟੈਟੂ ਬਣਾਉਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ! ਜੇ ਤੁਸੀਂ ਟੈਟੂ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਨਾ ਚਾਹੀਦਾ ਹੈ? ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਸਹੀ ਫ਼ੈਸਲਾ ਲੈਣ ਵਿਚ ਮਦਦ ਕਰ ਸਕਦੇ ਹਨ?
ਤੁਹਾਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
ਤੁਹਾਡੀ ਸਿਹਤ ʼਤੇ ਇਸ ਦਾ ਕੀ ਅਸਰ ਪਵੇਗਾ? ਮੇਓ ਕਲਿਨਿਕ ਦੀ ਇਕ ਵੈੱਬਸਾਈਟ ਦੱਸਦੀ ਹੈ: “ਟੈਟੂ ਬਣਾਉਣ ਨਾਲ ਚਮੜੀ ਖ਼ਰਾਬ ਹੋ ਜਾਂਦੀ ਹੈ। ਮਤਲਬ ਇਸ ਨਾਲ ਇੰਨਫੈਕਸ਼ਨ ਜਾਂ ਹੋਰ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ। ਕਦੀ-ਕਦੀ ਟੈਟੂ ਦੀ ਸਿਆਹੀ ਨਾਲ ਫੋੜੇ ਹੋ ਜਾਂਦੇ ਹਨ। ਟੈਟੂ ਬਣਾਉਣ ਨਾਲ ਚਮੜੀ ਵਿਚ ਗੰਢਾਂ ਵੀ ਬੱਝ ਸਕਦੀਆਂ ਹਨ।” ਇਸ ਤੋਂ ਇਲਾਵਾ, ਵੈੱਬਸਾਈਟ ਦੱਸਦੀ ਹੈ: “ਜੇ ਟੈਟੂ ਬਣਾਉਣ ਵਾਲੀ ਮਸ਼ੀਨ ʼਤੇ ਕਿਸੇ ਹੋਰ ਦਾ ਖ਼ੂਨ ਲੱਗਾ ਹੋਵੇ, ਤਾਂ ਇਸ ਨਾਲ ਤੁਹਾਨੂੰ ਕਈ ਖ਼ੂਨ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ।”
ਇਸ ਨਾਲ ਤੁਹਾਡੀ ਨੇਕਨਾਮੀ ʼਤੇ ਕੀ ਅਸਰ ਪਵੇਗਾ? ਚਾਹੇ ਤੁਹਾਨੂੰ ਚੰਗਾ ਲੱਗੇ ਜਾਂ ਨਾ, ਪਰ ਤੁਹਾਡੀ ਦਿੱਖ ਤੋਂ ਦੂਜਿਆਂ ਨੂੰ ਤੁਹਾਡੇ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਮਝਦਾਰ ਹੋ ਜਾਂ ਨਾਸਮਝ, ਜ਼ਿੰਮੇਵਾਰ ਹੋ ਜਾਂ ਗ਼ੈਰ-ਜ਼ਿੰਮੇਵਾਰ। ਸਮੇਂਥਾ ਨਾਂ ਦੀ ਨੌਜਵਾਨ ਕਹਿੰਦੀ ਹੈ: “ਜਦੋਂ ਵੀ ਮੈਂ ਕਿਸੇ ਦੇ ਟੈਟੂ ਬਣਿਆ ਦੇਖਦੀ ਹਾਂ, ਤਾਂ ਮੈਨੂੰ ਇੱਦਾਂ ਲੱਗਦਾ ਜਿੱਦਾਂ ਉਹ ਵਿਅਕਤੀ ਸ਼ਰਾਬੀ ਜਾਂ ਮੌਜ-ਮਸਤੀ ਕਰਨ ਵਾਲਾ ਹੋਵੇ।
18 ਸਾਲਾਂ ਦੀ ਮਾਲਨੀ ਇਸ ਬਾਰੇ ਅਲੱਗ ਸੋਚਦੀ ਹੈ। ਉਹ ਕਹਿੰਦੀ ਹੈ: “ਮੈਨੂੰ ਲੱਗਦਾ ਕਿ ਟੈਟੂ ਬਣਾਉਣ ਨਾਲ ਤੁਹਾਡੀ ਅਸਲੀ ਸੁੰਦਰਤਾ ਲੁਕ ਜਾਂਦੀ ਹੈ। ਇਹ ਇੱਦਾਂ ਹੈ ਜਿਵੇਂ ਟੈਟੂ ਬਣਾਉਣ ਵਾਲੇ ਨਹੀਂ ਚਾਹੁੰਦੇ ਕਿ ਤੁਸੀਂ ਦੇਖੋ ਕਿ ਉਹ ਕਿਹੋ ਜਿਹੇ ਹਨ।”
ਕੀ ਕੁਝ ਸਮੇਂ ਬਾਅਦ ਤੁਸੀਂ ਟੈਟੂ ਤੋਂ ਅੱਕ ਜਾਓਗੇ? ਸਮੇਂ ਦੀ ਬੀਤਣ ਨਾਲ ਮੋਟਾਪੇ ਜਾਂ ਬੁਢਾਪੇ ਕਰਕੇ ਚਮੜੀ ਢਿੱਲੀ ਪੈ ਜਾਂਦੀ ਹੈ ਅਤੇ ਟੈਟੂ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ। ਜੋਸਫ਼ ਨਾਂ ਦਾ ਨੌਜਵਾਨ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਕੁਝ ਸਾਲਾਂ ਬਾਅਦ ਟੈਟੂ ਕਿੰਨੇ ਭੈੜੇ ਲੱਗਦੇ ਹਨ।”
21 ਸਾਲਾਂ ਦਾ ਐਲਨ ਕਹਿੰਦਾ ਹੈ: “ਸਮੇਂ ਦੇ ਨਾਲ ਅਕਸਰ ਟੈਟੂਆਂ ਦਾ ਡੀਜ਼ਾਈਨ ਪੁਰਾਣਾ ਹੋ ਜਾਂਦਾ ਹੈ। ਇਕ ਸਮੇਂ ʼਤੇ ਜਿਹੜਾ ਟੈਟੂ ਬਹੁਤ ਵਧੀਆ ਲੱਗਦਾ, ਉਹ ਕੁਝ ਸਾਲਾਂ ਬਾਅਦ ਮਾਮੂਲੀ ਜਿਹਾ ਲੱਗਣ ਲੱਗ ਪੈਂਦਾ ਹੈ।”
ਐਲਨ ਨੇ ਬਿਲਕੁਲ ਸਹੀ ਕਿਹਾ। ਸੱਚ ਤਾਂ ਇਹ ਹੈ ਕਿ ਉਮਰ ਦੇ ਵਧਣ ਨਾਲ ਤੁਹਾਡੀ ਸੋਚ, ਨਜ਼ਰੀਆ ਅਤੇ ਪਸੰਦ-ਨਾਪਸੰਦ ਬਦਲ ਜਾਂਦੀ ਹੈ, ਪਰ ਟੈਟੂ ਉਹੀ ਰਹਿੰਦੇ ਹਨ। ਟੈਰਿਸਾ ਨਾਂ ਦੀ ਇਕ ਨੌਜਵਾਨ ਕਹਿੰਦੀ ਹੈ: “ਟੈਟੂ ਬਣਾਉਣ ਨਾਲ ਮੈਨੂੰ ਜ਼ਿੰਦਗੀ ਭਰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਰਹੇਗਾ। ਇਸ ਨਾਲੋਂ ਤਾਂ ਚੰਗਾ ਮੈਂ ਉਹ ਕੰਮ ਕਰਾਂ ਹੀ ਨਹੀਂ ਜਿਸ ਦਾ ਮੈਨੂੰ ਸਾਲਾਂ ਬਾਅਦ ਅਫ਼ਸੋਸ ਹੋਵੇ।”
ਬਾਈਬਲ ਦੇ ਕਿਹੜੇ ਅਸੂਲ ਲਾਗੂ ਹੁੰਦੇ ਹਨ?
ਸਮਝਦਾਰ ਵਿਅਕਤੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਗੱਲਾਂ ʼਤੇ ਚੰਗੀ ਸੋਚ-ਵਿਚਾਰ ਕਰਦਾ ਹੈ। (ਕਹਾਉਤਾਂ 21:5; ਇਬਰਾਨੀਆਂ 5:14) ਇਸ ਲਈ ਟੈਟੂ ਸੰਬੰਧੀ ਹੇਠ ਲਿਖੇ ਬਾਈਬਲ ਦੇ ਅਸੂਲਾਂ ʼਤੇ ਸੋਚ-ਵਿਚਾਰ ਕਰੋ।
ਕੁਲੁੱਸੀਆਂ 3:20: “ਬੱਚਿਓ, ਹਰ ਗੱਲ ਵਿਚ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ, ਕਿਉਂਕਿ ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ।”
ਜੇ ਤੁਸੀਂ ਆਪਣੇ ਮਾਪਿਆਂ ਦੇ ਘਰ ਰਹਿੰਦੇ ਹੋ, ਪਰ ਤੁਸੀਂ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ, ਤਾਂ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ?
1 ਪਤਰਸ 3:3, 4: “ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਜਿਵੇਂ ਕਿ ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ ਅਤੇ ਸ਼ਾਨਦਾਰ ਕੱਪੜੇ ਪਾਉਣੇ, ਪਰ ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ, ਜਿਹੜਾ ਕਦੀ ਪੁਰਾਣਾ ਨਹੀਂ ਹੁੰਦਾ, ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ।”
ਤੁਹਾਨੂੰ ਕੀ ਲੱਗਦਾ ਕਿ ਬਾਈਬਲ ‘ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰਨ’ ʼਤੇ ਇੰਨਾ ਜ਼ੋਰ ਕਿਉਂ ਦਿੰਦੀ ਹੈ?
1 ਤਿਮੋਥਿਉਸ 2:9: “ਤੀਵੀਆਂ ਸੋਚ-ਸਮਝ ਕੇ . . . ਸਲੀਕੇਦਾਰ” ਤਰੀਕੇ ਨਾਲ ਆਪਣੇ ਮਨ ਦਾ ਸ਼ਿੰਗਾਰ ਕਰਨ।
“ਸਲੀਕੇਦਾਰ” ਤਰੀਕੇ ਨਾਲ ਮਨ ਦਾ ਸ਼ਿੰਗਾਰ ਕਰਨ ਦਾ ਕੀ ਮਤਲਬ ਹੈ? ਇਹ ਕਿਉਂ ਕਿਹਾ ਦਾ ਸਕਦਾ ਹੈ ਕਿ ਟੈਟੂ ਥੋੜ੍ਹੇ ਸਮੇਂ ਲਈ ਹੀ ਵਧੀਆ ਲੱਗਦੇ ਹਨ, ਪਰ ਮਨ ਦਾ ਸ਼ਿੰਗਾਰ ਹਮੇਸ਼ਾ ਰਹਿੰਦਾ ਹੈ?
ਰੋਮੀਆਂ 12:1: “ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।”
ਤੁਸੀਂ ਆਪਣੇ ਸਰੀਰ ਨਾਲ ਜੋ ਕਰਦੇ ਹੋ, ਉਸ ਨਾਲ ਯਹੋਵਾਹ ਨੂੰ ਕਿਉਂ ਫ਼ਰਕ ਪੈਂਦਾ ਹੈ?
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਟੈਟੂ ਨਹੀਂ ਬਣਾਉਣਗੇ। ਉਨ੍ਹਾਂ ਨੇ ਇਸ ਤੋਂ ਵੀ ਬਿਹਤਰ ਤਰੀਕਾ ਲੱਭਿਆ ਹੈ। ਟੇਰੇਸਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ, ਕਹਿੰਦੀ ਹੈ: “ਜੇ ਤੁਹਾਨੂੰ ਕੋਈ ਵਾਕ ਜਾਂ ਨਾਅਰਾ ਪਸੰਦ ਹੈ, ਤਾਂ ਇਸ ਦਾ ਟੈਟੂ ਬਣਾਉਣ ਦੀ ਬਜਾਇ ਕਿਉਂ ਨਾ ਇਸ ਮੁਤਾਬਕ ਜ਼ਿੰਦਗੀ ਜੀਓ। ਨਾਲੇ ਜੇ ਕੋਈ ਵਿਅਕਤੀ ਤੁਹਾਡੀ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ, ਤਾਂ ਉਸ ਦਾ ਟੈਟੂ ਬਣਾਉਣ ਦੀ ਬਜਾਇ ਉਸ ਨੂੰ ਦੱਸੋ ਕਿ ਉਹ ਤੁਹਾਡੇ ਲਈ ਕਿੰਨਾ ਅਹਿਮ ਹੈ। ਟੈਟੂ ਬਣਾਉਣ ਦੀ ਬਜਾਇ ਇਹ ਵਧੀਆ ਹੈ ਕਿ ਤੁਸੀਂ ਜੋ ਮੰਨਦੇ ਹੋ ਉਸ ਮੁਤਾਬਕ ਜ਼ਿੰਦਗੀ ਜੀਓ।”