ਨੌਜਵਾਨ ਪੁੱਛਦੇ ਹਨ
ਮੈਂ ਚਿੰਤਾ ਦਾ ਸਾਮ੍ਹਣਾ ਕਿਵੇਂ ਕਰਾਂ?
ਤੁਸੀਂ ਚਿੰਤਾ ਕਿਉਂ ਕਰਦੇ ਹੋ?
ਹੇਠ ਲਿਖੀਆਂ ਗੱਲਾਂ ਪੜ੍ਹੋ ਤੇ ਸੋਚੋ ਕਿ ਤੁਸੀਂ ਵੀ ਕਈ ਵਾਰ ਇੱਦਾਂ ਹੀ ਮਹਿਸੂਸ ਕਰਦੇ ਹੋ।
“ਮੈਂ ਹਮੇਸ਼ਾ ਸੋਚਦਾ ਰਹਿੰਦਾ: ‘ਜੇ ਇੱਦਾਂ ਹੋ ਗਿਆ, ਤਾਂ . . .?’ ‘ਜੇ ਮੇਰਾ ਐਕਸੀਡੈਂਟ ਹੋ ਗਿਆ, ਤਾਂ?’ ‘ਜੇ ਸਾਡਾ ਜਹਾਜ਼ ਥੱਲੇ ਡਿਗ ਗਿਆ, ਤਾਂ?’ ਮੈਂ ਉਨ੍ਹਾਂ ਗੱਲਾਂ ਬਾਰੇ ਚਿੰਤਾ ਕਰਦਾ ਰਹਿੰਦਾ ਜਿਸ ਬਾਰੇ ਇਕ ਆਮ ਵਿਅਕਤੀ ਇੰਨੀ ਜ਼ਿਆਦਾ ਚਿੰਤਾ ਨਹੀਂ ਕਰਦਾ।”—ਚਾਰਲਜ਼।
“ਮੈਨੂੰ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਹੈ। ਮੈਂ ਹੈਮਸਟਰ (ਚੂਹੇ ਵਰਗਾ ਇਕ ਜੀਵ) ਵਾਂਗ ਹਾਂ ਜੋ ਪਹੀਏ ʼਤੇ ਘੁੰਮਦਾ ਤਾਂ ਰਹਿੰਦਾ ਹੈ, ਪਰ ਜਾਂਦਾ ਕਿਤੇ ਵੀ ਨਹੀਂ। ਮੈਂ ਮਿਹਨਤ ਤਾਂ ਬਹੁਤ ਕਰਦੀ ਹਾਂ, ਪਰ ਇਸ ਦਾ ਨਤੀਜਾ ਕੁਝ ਵੀ ਨਹੀਂ ਨਿਕਲਦਾ।”—ਐਨਾ।
“ਜਦੋਂ ਲੋਕ ਮੈਨੂੰ ਕਹਿੰਦੇ ਹਨ ਕਿ ‘ਤੈਨੂੰ ਤਾਂ ਮੌਜਾਂ ਆ ਤੂੰ ਸਕੂਲ ਵਿਚ ਹੈ,’ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ: ‘ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਸਕੂਲ ਵਿਚ ਕਿੰਨਾ ਔਖਾ ਹੁੰਦਾ।’”—ਡਾਨੀਏਲ।
“ਪ੍ਰੈਸ਼ਰ ਕੁੱਕਰ ਦੀ ਤਰ੍ਹਾਂ ਮੇਰੇ ਦਿਮਾਗ਼ ਵਿਚ ਕੁਝ-ਨ-ਕੁਝ ਚੱਲਦਾ ਰਹਿੰਦਾ। ਮੈਨੂੰ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ ਜਾਂ ਮੈਂ ਕਿਹੜਾ ਕੰਮ ਕਰਨਾ ਹੈ।”—ਲੌਰਾ।
ਜ਼ਿੰਦਗੀ ਦੀ ਸੱਚਾਈ: ਬਾਈਬਲ ਅਨੁਸਾਰ ਅਸੀਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਰਹਿ ਰਹੇ ਹਾਂ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋਥਿਉਸ 3:1) ਇਸ ਕਰਕੇ ਵੱਡਿਆਂ ਵਾਂਗ ਨੌਜਵਾਨਾਂ ਨੂੰ ਵੀ ਚਿੰਤਾ ਹੋ ਸਕਦੀ ਹੈ।
ਕੀ ਚਿੰਤਾ ਕਰਨੀ ਹਮੇਸ਼ਾ ਗ਼ਲਤ ਹੁੰਦੀ ਹੈ?
ਨਹੀਂ। ਦਰਅਸਲ ਬਾਈਬਲ ਕਹਿੰਦੀ ਹੈ ਕਿ ਜੇ ਅਸੀਂ ਆਪਣਿਆਂ ਨੂੰ ਖ਼ੁਸ਼ ਕਰਨ ਲਈ ਚਿੰਤਾ ਕਰਦੇ ਹਾਂ, ਤਾਂ ਵਧੀਆ ਗੱਲ ਹੈ।—1 ਕੁਰਿੰਥੀਆਂ 7:32-34; 2 ਕੁਰਿੰਥੀਆਂ 11:28.
ਨਾਲੇ ਯਾਦ ਰੱਖੋ ਕਿ ਚਿੰਤਾ ਕਰਨ ਨਾਲ ਇਕ ਵਿਅਕਤੀ ਸਹੀ ਕੰਮ ਕਰਨ ਲਈ ਵੀ ਪ੍ਰੇਰਿਤ ਹੋ ਸਕਦਾ ਹੈ। ਮਿਸਾਲ ਲਈ, ਅਗਲੇ ਹਫ਼ਤੇ ਸਕੂਲ ਵਿਚ ਤੁਹਾਡਾ ਟੈਸਟ ਹੈ। ਚਿੰਤਾ ਕਰਕੇ ਤੁਸੀਂ ਸ਼ਾਇਦ ਇਸ ਹਫ਼ਤੇ ਚੰਗੀ ਤਰ੍ਹਾਂ ਪੜ੍ਹਾਈ ਕਰੋ ਜਿਸ ਕਰਕੇ ਤੁਹਾਡੇ ਵਧੀਆ ਨੰਬਰ ਆਉਣ।
ਕੁਝ ਹੱਦ ਤਕ ਚਿੰਤਾ ਕਰਨ ਕਰਕੇ ਤੁਸੀਂ ਖ਼ਤਰਿਆਂ ਤੋਂ ਵੀ ਬਚ ਸਕਦੇ ਹੋ। ਸਰੀਨਾ ਨਾਂ ਦੀ ਨੌਜਵਾਨ ਦੱਸਦੀ ਹੈ: “ਤੁਸੀਂ ਸ਼ਾਇਦ ਚਿੰਤਾ ਵਿਚ ਹੋਵੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕੋਈ ਗ਼ਲਤ ਕੰਮ ਕਰ ਰਹੇ ਹੋ ਅਤੇ ਤੁਹਾਡਾ ਜ਼ਮੀਰ ਤੁਹਾਨੂੰ ਚੇਤਾਵਨੀ ਦੇ ਰਿਹਾ ਹੈ। ਇਸ ਤਰ੍ਹਾਂ ਦੀ ਚਿੰਤਾ ਕਰਨੀ ਗ਼ਲਤ ਨਹੀਂ ਹੈ।”—ਯਾਕੂਬ 5:14 ਵਿਚ ਨੁਕਤਾ ਦੇਖੋ।
ਜ਼ਿੰਦਗੀ ਦੀ ਸੱਚਾਈ: ਚਿੰਤਾ ਕਰਨੀ ਵਧੀਆ ਗੱਲ ਹੋ ਸਕਦੀ ਹੈ ਜੇ ਇਹ ਤੁਹਾਨੂੰ ਸਹੀ ਕੰਮ ਕਰਨ ਲਈ ਪ੍ਰੇਰਿਤ ਕਰੇ।
ਪਰ ਉਦੋਂ ਕੀ, ਜੇ ਚਿੰਤਾ ਕਰਕੇ ਤੁਹਾਡੇ ਮਨ ਵਿਚ ਪੁੱਠੇ-ਸਿੱਧੇ ਖ਼ਿਆਲ ਆਉਣ ਲੱਗ ਪੈਣ?
ਮਿਸਾਲ ਲਈ: 19 ਸਾਲਾਂ ਦਾ ਰਿਚਰਡ ਕਹਿੰਦਾ ਹੈ: “ਜਦੋਂ ਮੈਂ ਸੋਚਦਾ ਹਾਂ ਕਿ ਮੁਸ਼ਕਲ ਹਾਲਾਤ ਹੋਰ ਕਿੰਨੇ ਜ਼ਿਆਦਾ ਮੁਸ਼ਕਲ ਹੋ ਸਕਦੇ ਹਨ, ਤਾਂ ਮੈਂ ਫ਼ਿਕਰਾਂ ਵਿਚ ਪੈ ਜਾਂਦਾ ਹੈ। ਮੈਂ ਉਸ ਹਾਲਾਤ ਬਾਰੇ ਵਾਰ-ਵਾਰ ਸੋਚਦਾ ਰਹਿੰਦਾ ਹਾਂ ਜਿਸ ਕਰਕੇ ਮੈਨੂੰ ਹੱਦੋਂ ਵੱਧ ਚਿੰਤਾ ਹੋਣ ਲੱਗ ਪੈਂਦੀ ਹੈ।”
ਬਾਈਬਲ ਕਹਿੰਦੀ ਹੈ ਕਿ “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾਉਤਾਂ 14:30) ਦੂਜੇ ਪਾਸੇ, ਚਿੰਤਾ ਕਰਨ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਸਿਰਦਰਦ ਹੋਣਾ, ਚੱਕਰ ਆਉਣੇ, ਪੇਟ ਖ਼ਰਾਬ ਹੋਣਾ ਅਤੇ ਦਿਲ ਦੀ ਧੜਕਣ ਤੇਜ਼ ਹੋਣੀ।
ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਚਿੰਤਾ ਕਰਨ ਨਾਲ ਤੁਹਾਨੂੰ ਫ਼ਾਇਦਾ ਨਹੀਂ, ਸਗੋਂ ਨੁਕਸਾਨ ਹੋ ਰਿਹਾ ਹੈ?
ਤੁਸੀਂ ਕੀ ਕਰ ਸਕਦੇ ਹੋ?
ਆਪਣੇ ਆਪ ਤੋਂ ਪੁੱਛੋ ਕਿ ਤੁਹਾਡੇ ਲਈ ਚਿੰਤਾ ਕਰਨੀ ਸਹੀ ਹੈ ਜਾਂ ਗ਼ਲਤ। “ਆਪਣੀਆਂ ਜ਼ਿੰਮੇਵਾਰੀਆਂ ਬਾਰੇ ਚਿੰਤਾ ਕਰਨੀ ਸਹੀ ਗੱਲ ਹੈ, ਪਰ ਹੱਦੋਂ ਵੱਧ ਚਿੰਤਾ ਕਰਨੀ ਗ਼ਲਤ। ਚਿੰਤਾ ਬਿਨਾਂ ਚੇਨ ਵਾਲੇ ਸਾਈਕਲ ਵਾਂਗ ਹੋ ਸਕਦੀ ਹੈ। ਤੁਸੀਂ ਇਸ ʼਤੇ ਬੈਠ ਕੇ ਘੰਟਿਆਂ-ਬੱਧੀ ਪੈਡਲ ਤਾਂ ਮਾਰ ਸਕਦੇ ਹੋ, ਪਰ ਅੱਗੇ ਨਹੀਂ ਵਧ ਸਕਦੇ!”—ਕੈਥਰੀਨ।
ਬਾਈਬਲ ਦੱਸਦੀ ਹੈ: “ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?”—ਮੱਤੀ 6:27.
ਇਸ ਦਾ ਕੀ ਮਤਲਬ ਹੈ? ਚਿੰਤਾ ਕਰਨ ਨਾਲ ਕੁਝ ਹੱਲ ਨਹੀਂ ਨਿਕਲੇਗਾ, ਸਗੋਂ ਇਸ ਕਰਕੇ ਸਮੱਸਿਆ ਵਿਚ ਵਾਧਾ ਹੀ ਹੋਵੇਗਾ ਹੈ ਜਾਂ ਤੁਹਾਡਾ ਆਪਣਾ ਨੁਕਸਾਨ ਹੋਵੇਗਾ।
ਇਕ ਸਮੇਂ ʼਤੇ ਇੱਕੋ ਕੰਮ ਕਰੋ। “ਚੰਗੀ ਤਰ੍ਹਾਂ ਸੋਚੋ। ਤੁਸੀਂ ਜਿਸ ਗੱਲ ਬਾਰੇ ਚਿੰਤਾ ਕਰ ਰਹੇ ਹੋ, ਕੀ ਉਹ ਗੱਲ ਕੱਲ੍ਹ ਨੂੰ, ਮਹੀਨੇ, ਸਾਲ ਜਾਂ ਪੰਜ ਸਾਲਾਂ ਬਾਅਦ ਮਾਅਨੇ ਰੱਖੇਗੀ?”—ਐਂਟਨੀ।
ਬਾਈਬਲ ਦੱਸਦੀ ਹੈ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34.
ਇਸ ਦਾ ਕੀ ਮਤਲਬ ਹੈ? ਕੱਲ੍ਹ ਦੀਆਂ ਗੱਲਾਂ ਬਾਰੇ ਚਿੰਤਾ ਕਰਨੀ ਬੇਵਕੂਫ਼ੀ ਹੈ ਕਿਉਂਕਿ ਸ਼ਾਇਦ ਕੁਝ ਗੱਲਾਂ ਕਦੇ ਹੋਣ ਹੀ ਨਾ।
ਜਿਹੜੇ ਹਾਲਾਤ ਤੁਹਾਡੇ ਹੱਥ-ਵੱਸ ਨਹੀਂ ਹਨ, ਉਨ੍ਹਾਂ ਵਿਚ ਰਹਿਣਾ ਸਿੱਖੋ: “ਕਿਸੇ ਹਾਲਾਤ ਦਾ ਸਾਮ੍ਹਣਾ ਕਰਨ ਲਈ ਆਪਣੇ ਵੱਲੋਂ ਪੂਰੀ ਵਾਹ ਲਾਓ, ਪਰ ਇਹ ਗੱਲ ਨੂੰ ਨਾ ਭੁੱਲੋ ਕਿ ਕੁਝ ਹਾਲਾਤ ਤੁਹਾਡੇ ਹੱਥ-ਵੱਸ ਨਹੀਂ ਹਨ।”—ਰੋਬਰਟ।
ਬਾਈਬਲ ਦੱਸਦੀ ਹੈ: “ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। . . . ਸਮਝਦਾਰ ਹਮੇਸ਼ਾ ਉੱਚੀ ਪਦਵੀ ਤੇ ਨਹੀਂ ਪਹੁੰਚਦਾ। ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, CL.
ਇਸ ਦਾ ਕੀ ਮਤਲਬ ਹੈ? ਕਈ ਵਾਰ ਤੁਸੀਂ ਆਪਣੇ ਹਾਲਾਤ ਨਹੀਂ ਬਦਲ ਸਕਦੇ, ਪਰ ਉਨ੍ਹਾਂ ਬਾਰੇ ਆਪਣਾ ਨਜ਼ਰੀਆ ਬਦਲ ਸਕਦੇ ਹੋ।
ਆਪਣੇ ਹਾਲਾਤਾਂ ਬਾਰੇ ਸਹੀ ਨਜ਼ਰੀਆ ਰੱਖੋ। “ਮੈਨੂੰ ਲੱਗਦਾ ਹੈ ਕਿ ਹਰ ਛੋਟੀ-ਛੋਟੀ ਗੱਲ ʼਤੇ ਜ਼ਿਆਦਾ ਧਿਆਨ ਦੇਣ ਦੀ ਬਜਾਇ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ। ਮੈਨੂੰ ਦੇਖਣਾ ਪੈਣਾ ਕਿ ਕਿਹੜੇ ਕੰਮ ਜ਼ਿਆਦਾ ਜ਼ਰੂਰੀ ਹਨ ਤੇ ਉਹ ਕੰਮ ਕਰਨ ਵਿਚ ਤਾਕਤ ਲਾਉਣੀ ਚਾਹੀਦੀ ਹੈ।—ਅਲੈਕਸਿਸ।
ਬਾਈਬਲ ਦੱਸਦੀ ਹੈ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.
ਇਸ ਦਾ ਕੀ ਮਤਲਬ ਹੈ? ਜਿਹੜੇ ਲੋਕ ਹਰ ਗੱਲ ਬਾਰੇ ਸਹੀ ਨਜ਼ਰੀਆ ਰੱਖਦੇ ਹਨ, ਉਹ ਚਿੰਤਾਵਾਂ ਦੇ ਬੋਝ ਹੇਠ ਦੱਬਦੇ ਨਹੀਂ।
ਕਿਸੇ ਨਾਲ ਗੱਲ ਕਰੋ। “ਜਦੋਂ ਮੈਂ ਛੇਵੀਂ ਕਲਾਸ ਵਿਚ ਸੀ, ਤਾਂ ਮੈਨੂੰ ਸਕੂਲੋਂ ਘਰ ਆਉਂਦੀ ਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਸੀ ਤੇ ਅਗਲੇ ਦਿਨ ਬਾਰੇ ਸੋਚ ਕੇ ਡਰ ਲੱਗਦਾ ਸੀ। ਮੇਰੇ ਮਾਪੇ ਮੇਰੀ ਗੱਲ ਧਿਆਨ ਨਾਲ ਸੁਣਦੇ ਸਨ। ਉਹ ਮੇਰੇ ਨਾਲ ਸਨ। ਮੈਂ ਉਨ੍ਹਾਂ ʼਤੇ ਭਰੋਸਾ ਕਰਦੀ ਸੀ ਅਤੇ ਉਨ੍ਹਾਂ ਨਾਲ ਬੇਝਿਜਕ ਗੱਲ ਕਰਦੀ ਸੀ। ਇਸ ਤਰ੍ਹਾਂ ਮੈਂ ਅਗਲੇ ਦਿਨ ਦਾ ਸਾਮ੍ਹਣਾ ਕਰ ਸਕਦੀ ਸੀ।”—ਮੈਰਲਿਨ।
ਬਾਈਬਲ ਦੱਸਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।”—ਕਹਾਉਤਾਂ 12:25.
ਇਸ ਦਾ ਕੀ ਮਤਲਬ ਹੈ? ਮੰਮੀ-ਡੈਡੀ ਜਾਂ ਕੋਈ ਦੋਸਤ ਤੁਹਾਨੂੰ ਸਲਾਹ ਦੇ ਸਕਦਾ ਹੈ ਜਿਸ ਕਰਕੇ ਤੁਹਾਡੀ ਚਿੰਤਾ ਘੱਟ ਸਕਦੀ ਹੈ।
ਪ੍ਰਾਰਥਨਾ। “ਪ੍ਰਾਰਥਨਾ ਕਰਨ ਨਾਲ ਮੈਨੂੰ ਫ਼ਾਇਦਾ ਹੁੰਦਾ ਹੈ, ਖ਼ਾਸ ਕਰਕੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਨ ਕਰਕੇ। ਇਸ ਤਰ੍ਹਾਂ ਗੱਲਾਂ ਦਿਮਾਗ਼ ਵਿਚ ਘੁਮਾਉਣ ਦੀ ਬਜਾਇ ਮੈਂ ਬੋਲ ਕੇ ਆਪਣੀ ਚਿੰਤਾ ਦੱਸ ਸਕਦੀ ਹਾਂ। ਨਾਲੇ ਮੈਂ ਜਾਣ ਸਕਦੀ ਹਾਂ ਕਿ ਯਹੋਵਾਹ ਸਾਮ੍ਹਣੇ ਮੇਰੀਆਂ ਚਿੰਤਾਵਾਂ ਕੁਝ ਵੀ ਨਹੀਂ ਹਨ।”—ਲੌਰਾ।
ਬਾਈਬਲ ਦੱਸਦੀ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਇਸ ਦਾ ਕੀ ਮਤਲਬ ਹੈ? ਪ੍ਰਾਰਥਨਾ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਮੱਸਿਆਵਾਂ ਆਪਣੇ ਆਪ ਹੱਲ ਕਰ ਸਕਦੇ ਹਾਂ। ਪ੍ਰਾਰਥਨਾ ਕਰ ਕੇ ਅਸੀਂ ਅਸਲ ਵਿਚ ਯਹੋਵਾਹ ਪਰਮੇਸ਼ੁਰ ਨਾਲ ਗੱਲ ਕਰਦੇ ਹਾਂ ਜੋ ਵਾਅਦਾ ਕਰਦਾ ਹੈ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾਯਾਹ 41:10.