ਨੌਜਵਾਨ ਪੁੱਛਦੇ ਹਨ
ਦੋਸਤੀ ਜਾਂ ਪਿਆਰ?—ਭਾਗ 2: ਮੇਰੇ ਮੈਸਿਜ ਤੋਂ ਉਸ ਨੂੰ ਕਿਹੜਾ ਇਸ਼ਾਰਾ ਮਿਲ ਰਿਹਾ ਹੈ?
ਤੁਸੀਂ ਚਾਹੁੰਦੇ ਹੋ ਕਿ ਜਦੋਂ ਤੁਹਾਡਾ ਦੋਸਤ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ, ਤਾਂ ਤੁਸੀਂ ਸੁਣਨ ਲਈ ਹਮੇਸ਼ਾ ਤਿਆਰ ਰਹੋ। ਹੋ ਸਕਦਾ ਹੈ ਕਿ ਤੁਸੀਂ ਕੁਝ ਸਮੇਂ ਤੋਂ ਆਪਣੇ ਇਕ ਦੋਸਤ ਨਾਲ ਕੁਝ ਜ਼ਿਆਦਾ ਹੀ ਗੱਲਾਂ ਕਰ ਰਹੇ ਹੋ। ਪਰ ਉਹ ਇਕ ਕੁੜੀ ਹੈ! ਤੁਸੀਂ ਸ਼ਾਇਦ ਕਹੋ, ‘ਅਸੀਂ ਤਾਂ ਬਸ ਵਧੀਆ ਦੋਸਤ ਹੀ ਹਾਂ।’ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਇਹੀ ਮੰਨਦੀ ਹੈ, ਤਾਂ ਫਿਰ ਇਸ ਵਿਚ ਕੀ ਬੁਰਾਈ ਹੈ?
ਕੀ ਹੋ ਸਕਦਾ ਹੈ
ਮੁੰਡੇ-ਕੁੜੀ ਵਿਚ ਦੋਸਤੀ ਹੋਣੀ ਕੋਈ ਬੁਰੀ ਗੱਲ ਨਹੀਂ ਹੈ। ਪਰ ਕੀ ਤੁਸੀਂ ਕਿਸੇ ਕੁੜੀ ਵੱਲ ਜ਼ਿਆਦਾ ਹੀ ਧਿਆਨ ਦੇ ਰਹੇ ਹੋ? ਜੇ ਇੱਦਾਂ ਹੈ, ਤਾਂ ਉਸ ਨੂੰ ਲੱਗ ਸਕਦਾ ਹੈ ਕਿ ਤੁਸੀਂ ਇਸ ਦੋਸਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ।
ਕੀ ਤੁਸੀਂ ਵੀ ਇਹੀ ਚਾਹੁੰਦੇ ਹੋ? ਕਿਹੜੀਆਂ ਗੱਲਾਂ ਕਰਕੇ ਉਸ ਕੁੜੀ ਨੂੰ ਇੱਦਾਂ ਲੱਗਾ? ਆਓ ਦੇਖੀਏ।
ਤੁਸੀਂ ਕਿਸੇ ਵੱਲ ਜ਼ਿਆਦਾ ਹੀ ਧਿਆਨ ਦੇ ਰਹੇ ਹੋ।
“ਭਾਵੇਂ ਤੁਸੀਂ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕਦੇ, ਪਰ ਉਨ੍ਹਾਂ ਨੂੰ ਵਧਾਓ ਵੀ ਨਾ। ਇਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਿਰਫ਼ ਦੋਸਤ ਹੀ ਹੋ, ਪਰ ਦੂਜੇ ਪਾਸੇ ਤੁਸੀਂ ਸਾਰਾ-ਸਾਰਾ ਦਿਨ ਉਸ ਨਾਲ ਗੱਲਾਂ ਕਰਦੇ ਰਹਿੰਦੇ ਹੋ।”—ਸੀਅਰਾ।
ਕੋਈ ਤੁਹਾਡੇ ਵਿਚ ਦਿਲਚਸਪੀ ਲੈ ਰਿਹਾ ਹੈ ਤੇ ਜਾਣੇ-ਅਣਜਾਣੇ ਵਿਚ ਤੁਸੀਂ ਵੀ ਉਸ ਨੂੰ ਹਵਾ ਦੇ ਰਹੇ ਹੋ।
“ਇਕ ਕੁੜੀ ਮੈਨੂੰ ਬਹੁਤ ਸਾਰੇ ਮੈਸਿਜ ਭੇਜਦੀ ਸੀ। ਭਾਵੇਂ ਕਿ ਮੈਸਿਜ ਭੇਜਣ ਦਾ ਸਿਲਸਿਲਾ ਮੈਂ ਸ਼ੁਰੂ ਨਹੀਂ ਕੀਤਾ ਸੀ, ਪਰ ਮੈਂ ਉਸ ਦੇ ਹਰ ਮੈਸਿਜ ਦਾ ਹਮੇਸ਼ਾ ਜਵਾਬ ਦਿੰਦਾ ਸੀ। ਅੱਗੇ ਚੱਲ ਕੇ ਮੇਰੇ ਲਈ ਉਸ ਨੂੰ ਇਹ ਸਮਝਾਉਣਾ ਔਖਾ ਹੋ ਗਿਆ ਕਿ ਮੈਂ ਉਸ ਨੂੰ ਸਿਰਫ਼ ਇਕ ਦੋਸਤ ਹੀ ਸਮਝਦਾ ਸੀ।”—ਰਿਚਰਡ।
ਕੋਈ ਤੁਹਾਡੇ ਵਿਚ ਦਿਲਚਸਪੀ ਲੈ ਰਿਹਾ ਹੈ ਤੇ ਤੁਸੀਂ ਵੀ ਉਸ ਦੀਆਂ ਭਾਵਨਾਵਾਂ ਨੂੰ ਭੜਕਾ ਰਹੇ ਹੋ।
“ਕਈ ਲੋਕ ਇਸ਼ਕਬਾਜ਼ੀ ਨੂੰ ਖੇਡ ਸਮਝਦੇ ਹਨ। ਉਹ ਸਿਰਫ਼ ਪਿਆਰ ਕਰਨ ਦਾ ਨਾਟਕ ਕਰਦੇ ਹਨ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਮੈਂ ਬਹੁਤ ਵਾਰ ਇੱਦਾਂ ਹੁੰਦਾ ਦੇਖਿਆ ਹੈ ਅਤੇ ਹਰ ਵਾਰ ਕਿਸੇ-ਨਾ-ਕਿਸੇ ਦਾ ਦਿਲ ਟੁੱਟਦਾ ਹੈ।”—ਤਮਾਰਾ।
ਮੁੱਖ ਗੱਲ: ਜੇ ਤੁਸੀਂ ਕਿਸੇ ਨਾਲ ਹਰ ਰੋਜ਼ ਗੱਲ ਕਰਦੇ ਹੋ, ਤਾਂ ਇਸ ਤੋਂ ਉਸ ਨੂੰ ਇਹੀ ਇਸ਼ਾਰਾ ਮਿਲੇਗਾ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ।
ਇਸ ਬਾਰੇ ਕਿਉਂ ਸੋਚੀਏ
ਇਸ ਨਾਲ ਦੂਸਰੇ ਵਿਅਕਤੀ ਨੂੰ ਦੁੱਖ ਪਹੁੰਚ ਸਕਦਾ ਹੈ।
ਬਾਈਬਲ ਕਹਿੰਦੀ ਹੈ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” (ਕਹਾਉਤਾਂ 13:12) ਜੇ ਤੁਹਾਨੂੰ ਕਿਸੇ ਦੇ ਮੈਸਿਜਾਂ ਤੋਂ ਇਹ ਇਸ਼ਾਰਾ ਮਿਲੇ ਕਿ ਉਹ ਤੁਹਾਨੂੰ ਪਸੰਦ ਕਰਦਾ ਹੈ, ਤਾਂ ਤੁਸੀਂ ਕੀ ਉਮੀਦ ਕਰੋਗੇ?
“ਇਕ ਕਹਾਵਤ ਕਹਿੰਦੀ ਹੈ, ‘ਕਿਸੇ ਨੂੰ ਕੁੰਡੀ ਵਿਚ ਫਸਾ ਕੇ ਰੱਖਣਾ’ ਜਿਸ ਦਾ ਮਤਲਬ ਹੈ ਕਿ ਜੇ ਤੁਹਾਡੀ ਕੁੰਡੀ ਵਿਚ ਮੱਛੀ ਫਸੀ ਹੋਈ ਹੈ, ਪਰ ਨਾ ਤਾਂ ਤੁਸੀਂ ਉਸ ਨੂੰ ਪਾਣੀ ਵਿਚ ਵਾਪਸ ਛੱਡ ਰਹੇ ਹੋ ਤੇ ਨਾ ਹੀ ਤੁਸੀਂ ਉਸ ਨੂੰ ਆਪਣੀ ਵੱਲ ਖਿੱਚ ਰਹੇ ਹੋ। ਰਿਸ਼ਤਿਆਂ ਵਿਚ ਵੀ ਇੱਦਾਂ ਹੋ ਸਕਦਾ ਹੈ। ਜੇ ਤੁਸੀਂ ਡੇਟਿੰਗ ਲਈ ਤਿਆਰ ਨਹੀਂ ਹੋ, ਪਰ ਤੁਸੀਂ ਕਿਸੇ ਨੂੰ ਕੁੰਡੀ ਵਿਚ ਫਸਾ ਕੇ ਰੱਖਿਆ ਹੋਇਆ ਹੈ, ਤਾਂ ਤੁਸੀਂ ਉਸ ਦਾ ਦਿਲ ਦੁਖਾ ਰਹੇ ਹੋ।”—ਜੈਸਿਕਾ।
ਇਸ ਨਾਲ ਤੁਹਾਡਾ ਨਾਂ ਬਦਨਾਮ ਹੋ ਸਕਦਾ ਹੈ।
ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿੱਪੀਆਂ 2:4) ਤੁਸੀਂ ਉਸ ਵਿਅਕਤੀ ਬਾਰੇ ਕੀ ਸੋਚੋਗੇ ਜੋ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ? ਇੱਦਾਂ ਕਰ ਕੇ ਉਹ ਕਿਹੋ ਜਿਹਾ ਨਾਂ ਕਮਾ ਰਿਹਾ ਹੈ?
“ਮੈਨੂੰ ਉਹ ਮੁੰਡੇ ਜ਼ਰਾ ਵੀ ਪਸੰਦ ਨਹੀਂ ਹਨ ਜੋ ਕੁੜੀਆਂ ਨਾਲ ਅੱਖ-ਮਟੱਕਾ ਕਰਦੇ ਹਨ। ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਉਹ ਦਿਖਾਉਂਦੇ ਹਨ ਕਿ ਉਹ ਅੱਗੇ ਚੱਲ ਕੇ ਆਪਣੀ ਪਤਨੀ ਦੇ ਵੀ ਵਫ਼ਾਦਾਰ ਨਹੀਂ ਰਹਿਣਗੇ। ਇੱਦਾਂ ਦੇ ਲੋਕ ਸੁਆਰਥੀ ਹੁੰਦੇ ਹਨ ਕਿਉਂਕਿ ਉਹ ਬਸ ਕੁੜੀਆਂ ਦੇ ਸਾਮ੍ਹਣੇ ਆਪਣੀ ਟੌਰ ਬਣਾਉਣ ਲਈ ਉਨ੍ਹਾਂ ਨੂੰ ਫਸਾਉਂਦੇ ਹਨ।”—ਜੂਲੀਆ।
ਮੁੱਖ ਗੱਲ: ਜੇ ਕੋਈ ਵਿਅਕਤੀ ਕਿਸੇ ਨੂੰ ਇਹ ਇਸ਼ਾਰਾ ਦਿੰਦਾ ਹੈ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਜਦ ਕਿ ਉਸ ਦੇ ਦਿਲ ਵਿਚ ਉਸ ਲਈ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੈ, ਤਾਂ ਉਹ ਖ਼ੁਦ ਨੂੰ ਅਤੇ ਉਸ ਨੂੰ ਦੁੱਖ ਪਹੁੰਚਾਉਂਦਾ ਹੈ।
ਤੁਸੀਂ ਕੀ ਕਰ ਸਕਦੇ ਹੋ?
ਬਾਈਬਲ ਕਹਿੰਦੀ ਹੈ ਕਿ ਸਾਨੂੰ “ਨੌਜਵਾਨਾਂ ਨੂੰ ਭਰਾ ਸਮਝ ਕੇ” ਅਤੇ “ਆਪਣੇ ਤੋਂ ਛੋਟੀਆਂ ਕੁੜੀਆਂ ਨੂੰ ਸਾਫ਼ ਦਿਲ ਨਾਲ ਭੈਣਾਂ ਸਮਝ ਕੇ” ਪੇਸ਼ ਆਉਣਾ ਚਾਹੀਦਾ ਹੈ। (1 ਤਿਮੋਥਿਉਸ 5:1, 2) ਜੇ ਤੁਸੀਂ ਇਸ ਸਲਾਹ ਅਨੁਸਾਰ ਚੱਲੋ, ਤਾਂ ਕੁੜੀਆਂ-ਮੁੰਡਿਆਂ ਨਾਲ ਤੁਹਾਡੀ ਦੋਸਤੀ ਕਦੇ ਨਹੀਂ ਟੁੱਟੇਗੀ।
“ਜੇ ਮੈਂ ਵਿਆਹੀ ਹੁੰਦੀ, ਤਾਂ ਮੈ ਕਿਸੇ ਹੋਰ ਦੇ ਜੀਵਨ ਸਾਥੀ ਨਾਲ ਅੱਖ-ਮਟੱਕਾ ਨਾ ਕਰਦੀ। ਇਸ ਲਈ ਵਧੀਆ ਹੈ ਕਿ ਮੈਂ ਹੁਣ ਤੋਂ ਹੀ ਇਹ ਆਦਤ ਪਾਵਾਂ ਕਿ ਮੈਂ ਕਿਸੇ ਨਾਲ ਅੱਖ-ਮਟੱਕਾ ਨਹੀਂ ਕਰਾਂਗੀ।”—ਲੇਆਹ।
ਬਾਈਬਲ ਕਹਿੰਦੀ ਹੈ: “ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ।” (ਕਹਾਉਤਾਂ 10:19) ਇਹ ਅਸੂਲ ਸਿਰਫ਼ ਗੱਲਬਾਤ ʼਤੇ ਹੀ ਨਹੀਂ, ਸਗੋਂ ਮੈਸਿਜ ਭੇਜਣ ʼਤੇ ਵੀ ਲਾਗੂ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਨੂੰ ਕਿੰਨੀ ਵਾਰ ਮੈਸਿਜ ਕਰਦੇ ਹਾਂ ਅਤੇ ਮੈਸਿਜ ਵਿਚ ਕੀ ਲਿਖਦੇ ਹਾਂ।
“ਇਕ ਕੁੜੀ ਨੂੰ ਬਿਨਾਂ ਡੇਟਿੰਗ ਦੇ ਇਰਾਦੇ ਨਾਲ ਹਰ ਰੋਜ਼ ਮੈਸਿਜ ਕਰਨਾ ਸਹੀ ਨਹੀਂ ਹੈ।”—ਬ੍ਰਾਈਅਨ।
ਬਾਈਬਲ ਕਹਿੰਦੀ ਹੈ: ‘ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਸਭ ਤੋਂ ਪਹਿਲਾਂ ਸ਼ੁੱਧ ਹੈ।’ (ਯਾਕੂਬ 3:17) ਤੁਸੀਂ ਸ਼ਾਇਦ ਨੇਕ ਇਰਾਦੇ ਨਾਲ ਕਿਸੇ ਨੂੰ ਜੱਫੀ ਪਾਓ, ਪਰ ਕਦੀ-ਕਦਾਈਂ ਸਾਮ੍ਹਣੇ ਵਾਲੇ ਨੂੰ ਲੱਗ ਸਕਦਾ ਹੈ ਕਿ ਤੁਸੀਂ ਉਸ ਵਿਚ ਦਿਲਚਸਪੀ ਲੈ ਰਹੇ ਹੋ।
“ਮੈਂ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਪਰ ਮੈਂ ਇਸ ਗੱਲ ਦਾ ਖ਼ਿਆਲ ਰੱਖਦੀ ਹਾਂ ਕਿ ਮੈਂ ਕਿਸੇ ਮੁੰਡੇ ਨਾਲ ਗੱਲ ਕਰਦਿਆਂ ਨਾ ਉਹ ਦੇ ਜ਼ਿਆਦਾ ਨੇੜੇ ਖੜ੍ਹਾ ਤੇ ਨਾ ਹੀ ਜਜ਼ਬਾਤੀ ਤੌਰ ਤੇ ਨਜ਼ਦੀਕੀਆਂ ਵਧਾਵਾਂ।”—ਮਾਰੀਆ।
ਮੁੱਖ ਗੱਲ: ਧਿਆਨ ਨਾਲ ਖ਼ੁਦ ਦੀ ਜਾਂਚ ਕਰੋ ਕਿ ਤੁਸੀਂ ਕਿਸੇ ਕੁੜੀ ਜਾਂ ਮੁੰਡੇ ਨਾਲ ਕਿਵੇਂ ਪੇਸ਼ ਆਉਂਦੇ ਹੋ। ਜੈਨੀਫ਼ਰ ਨਾਂ ਦੀ ਨੌਜਵਾਨ ਕਹਿੰਦੀ ਹੈ: “ਚੰਗੇ ਦੋਸਤ ਸੌਖਿਆਂ ਹੀ ਨਹੀਂ ਮਿਲਦੇ। ਇਸ ਲਈ ਤੁਸੀਂ ਨਹੀਂ ਚਾਹੋਗੇ ਕਿ ਤੁਹਾਡੀਆਂ ਗੱਲਾਂ ਜਾਂ ਕੰਮਾਂ ਤੋਂ ਉਨ੍ਹਾਂ ਨੂੰ ਕੋਈ ਗ਼ਲਤ ਇਸ਼ਾਰਾ ਮਿਲੇ ਜਿਸ ਕਰਕੇ ਤੁਹਾਡੀ ਦੋਸਤੀ ਟੁੱਟ ਜਾਵੇ।”
ਸੁਝਾਅ
ਧਿਆਨ ਦਿਓ ਕਿ ਦੂਜੇ ਕੀ ਕਹਿੰਦੇ ਹਨ। ਜੇ ਕੋਈ ਤੁਹਾਨੂੰ ਪੁੱਛਦਾ ਹੈ, “ਕੀ ਤੁਸੀਂ ਦੋਵੇਂ ਡੇਟਿੰਗ ਕਰ ਰਹੇ ਹੋ?” ਫਿਰ ਸਮਝ ਜਾਓ ਕਿ ਸ਼ਾਇਦ ਤੁਸੀਂ ਉਸ ਨਾਲ ਕੁਝ ਜ਼ਿਆਦਾ ਹੀ ਘੁਲ-ਮਿਲ ਰਹੇ ਹੋ।
ਸਾਰੇ ਦੋਸਤਾਂ ਨਾਲ ਇੱਕੋ ਜਿਹਾ ਪੇਸ਼ ਆਓ। ਕਿਸੇ ਇਕ ਕੁੜੀ ਜਾਂ ਮੁੰਡੇ ਵੱਲ ਬਾਕੀਆਂ ਨਾਲੋਂ ਜ਼ਿਆਦਾ ਧਿਆਨ ਨਾ ਦਿਓ।
ਸੋਚ-ਸਮਝ ਕੇ ਮੈਸਿਜ ਭੇਜੋ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਮੈਸਿਜ ਭੇਜਦੇ ਹੋ, ਕਿੰਨੀ ਵਾਰ ਭੇਜਦੇ ਹੋ ਅਤੇ ਕਿਸ ਸਮੇਂ ʼਤੇ ਭੇਜਦੇ ਹੋ। ਅਲੀਸਾ ਕਹਿੰਦੀ ਹੈ, “ਅੱਧੀ ਰਾਤ ਨੂੰ ਕਿਸੇ ਮੁੰਡੇ ਨੂੰ ਮੈਸਿਜ ਭੇਜਣਾ ਠੀਕ ਨਹੀਂ ਹੋਵੇਗਾ।”