ਨੌਜਵਾਨ ਪੁੱਛਦੇ ਹਨ
ਮੈਂ ਸੈਕਸ ਬਾਰੇ ਆਪਣੇ ਵਿਸ਼ਵਾਸ ਕਿਵੇਂ ਸਮਝਾਵਾਂ?
“ਕੀ ਤੂੰ ਅਜੇ ਤਕ ਸੈਕਸ ਨਹੀਂ ਕੀਤਾ?”
ਜੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣਾ ਪਵੇ ਅਤੇ ਤੁਹਾਡਾ ਜਵਾਬ ਹਾਂ ਵਿਚ ਹੈ, ਤਾਂ ਕੀ ਤੁਸੀਂ ਭਰੋਸੇ ਨਾਲ ਜਵਾਬ ਦੇਣਾ ਚਾਹੋਗੇ? ਇਹ ਲੇਖ ਇੱਦਾਂ ਕਰਨ ਵਿਚ ਤੁਹਾਡੀ ਮਦਦ ਕਰੇਗਾ!
ਸਿਰਫ਼ ਸਰੀਰਕ ਸੰਬੰਧ ਬਣਾਉਣ ਨਾਲ ਹੀ ਸੈਕਸ ਨਹੀਂ ਕੀਤਾ ਜਾਂਦਾ। ਸੈਕਸ ਕਰਨ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਸ਼ਾਇਦ ਕੁਝ ਜਣੇ ਆਪਣੇ ਆਪ ਨੂੰ ਕੁਆਰੇ ਕਹਿਣ ਕਿਉਂਕਿ ਉਨ੍ਹਾਂ ਨੇ ਕਿਸੇ ਨਾਲ ਸਰੀਰਕ ਸੰਬੰਧ ਨਹੀਂ ਬਣਾਏ, ਭਾਵੇਂ ਹੋਰ ਸਭ ਕੁਝ ਕੀਤਾ ਹੋਵੇ।
ਮੌਖਿਕ ਸੰਭੋਗ, ਗੁਦਾ-ਸੰਭੋਗ ਜਾਂ ਕਿਸੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਵੀ ਸੈਕਸ ਕਰਨਾ ਹੀ ਹੈ।
ਮੁੱਖ ਗੱਲ: ਜਿਨ੍ਹਾਂ ਨੇ ਮੌਖਿਕ ਸੰਭੋਗ, ਗੁਦਾ-ਸੰਭੋਗ ਤੇ ਹਥਰਸੀ ਕੀਤੀ ਹੈ, ਉਹ ਆਪਣੇ ਆਪ ਨੂੰ ਕੁਆਰੇ ਨਹੀਂ ਕਹਿ ਸਕਦੇ।
ਬਾਈਬਲ ਸੈਕਸ ਬਾਰੇ ਕੀ ਕਹਿੰਦੀ ਹੈ?
ਬਾਈਬਲ ਦੱਸਦੀ ਹੈ ਕਿ ਸਰੀਰਕ ਸੰਬੰਧ ਵਿਆਹ ਤੋਂ ਬਾਅਦ ਸਿਰਫ਼ ਇਕ ਔਰਤ ਤੇ ਇਕ ਆਦਮੀ ਵਿਚਕਾਰ ਹੀ ਹੋਣੇ ਚਾਹੀਦੇ ਹਨ। (ਕਹਾਉਤਾਂ 5:18) ਇਸ ਲਈ ਜਿਹੜਾ ਵਿਅਕਤੀ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਉਸ ਨੂੰ ਵਿਆਹ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਸੈਕਸ ਨਹੀਂ ਕਰਨਾ ਚਾਹੀਦਾ।—1 ਥੱਸਲੁਨੀਕੀਆਂ 4:3-5.
ਕਈ ਕਹਿੰਦੇ ਹਨ ਕਿ ਬਾਈਬਲ ਪੁਰਾਣੇ ਜ਼ਮਾਨੇ ਦੀ ਕਿਤਾਬ ਹੈ ਅਤੇ ਇਹ ਅੱਜ ਦੇ ਜ਼ਮਾਨੇ ਲਈ ਢੁਕਵੀਂ ਨਹੀਂ ਹੈ। ਪਰ ਯਾਦ ਰੱਖੋ ਕਿ ਅੱਜ ਦੇ ਜ਼ਮਾਨੇ ਵਿਚ ਹੀ ਅਣਚਾਹੇ ਬੱਚੇ ਪੈਦਾ ਹੋ ਰਹੇ ਹਨ ਅਤੇ ਤਲਾਕ ਜਾਂ ਜਿਨਸੀ ਬੀਮਾਰੀਆਂ ਵਧ ਰਹੀਆਂ ਹਨ। ਵਾਕਈ, ਅੱਜ ਦੀ ਦੁਨੀਆਂ ਵਿਚ ਕੋਈ ਵੀ ਨੈਤਿਕ ਮਿਆਰਾਂ ਬਾਰੇ ਸਲਾਹ ਦੇਣ ਦੇ ਕਾਬਲ ਨਹੀਂ ਹੈ।—1 ਯੂਹੰਨਾ 2:15-17.
ਜਦੋਂ ਤੁਸੀਂ ਇਨ੍ਹਾਂ ਗੱਲਾਂ ਬਾਰੇ ਸੋਚਦੇ ਹੋ, ਤਾਂ ਬਾਈਬਲ ਦੇ ਅਸੂਲ ਸਹੀ ਲੱਗਦੇ ਹਨ। ਮੰਨ ਲਓ, ਕਿਸੇ ਨੇ ਤੁਹਾਨੂੰ 1,000 ਡਾਲਰ ਦਿੱਤੇ ਹਨ। ਕੀ ਤੁਸੀਂ ਕੋਠੇ ਤੋਂ ਉਹ ਪੈਸੇ ਥੱਲੇ ਸੁੱਟ ਦਿਓਗੇ ਤਾਂਕਿ ਕੋਈ ਵੀ ਉਨ੍ਹਾਂ ਨੂੰ ਚੁੱਕ ਲਵੇ?
ਸੈਕਸ ਕਰਨ ਬਾਰੇ ਵੀ ਤੁਸੀਂ ਇਸੇ ਤਰ੍ਹਾਂ ਦਾ ਫ਼ੈਸਲਾ ਕਰਨਾ ਹੁੰਦਾ ਹੈ। 14 ਸਾਲਾਂ ਦੀ ਸੀਐਰਾ ਟੈਮੀ ਕਹਿੰਦੀ ਹੈ: “ਮੈਂ ਕਿਸੇ ਵੀ ਐਸੇ ਵਿਅਕਤੀ ਲਈ ਆਪਣਾ ਕੁਆਰਾਪਣ ਐਵੇਂ ਨਹੀਂ ਗੁਆਉਣਾ ਚਾਹੁੰਦੀ ਜਿਸ ਦਾ ਸ਼ਾਇਦ ਸਾਲਾਂ ਬਾਅਦ ਮੈਨੂੰ ਨਾਮ ਵੀ ਯਾਦ ਨਾ ਰਹੇ। ਸੈਕਸ ਕਰਨ ਦਾ ਤੋਹਫ਼ਾ ਅਨਮੋਲ ਹੈ ਜਿਸ ਨੂੰ ਐਵੇਂ ਨਹੀਂ ਗੁਆਉਣਾ ਚਾਹੀਦਾ।”
ਮੁੱਖ ਗੱਲ: ਬਾਈਬਲ ਕੁਆਰੇ ਲੋਕਾਂ ਲਈ ਮਿਆਰ ਠਹਿਰਾਉਂਦੀ ਹੈ ਕਿ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਸੈਕਸ ਨਹੀਂ ਕਰਨਾ ਚਾਹੀਦਾ ਤੇ ਉਨ੍ਹਾਂ ਦਾ ਚਾਲ-ਚਲਣ ਸ਼ੁੱਧ ਹੋਣਾ ਚਾਹੀਦਾ ਹੈ।—1 ਕੁਰਿੰਥੀਆਂ 6:18; 7:8, 9.
ਤੁਹਾਡੇ ਕੀ ਵਿਸ਼ਵਾਸ ਹਨ?
ਕੀ ਤੁਸੀਂ ਮੰਨਦੇ ਹੋ ਕਿ ਸੈਕਸ ਸੰਬੰਧੀ ਬਾਈਬਲ ਦੇ ਵਿਚਾਰ ਸਹੀ ਹਨ ਜਾਂ ਬਹੁਤ ਸਖ਼ਤ ਹਨ?
ਕੀ ਤੁਸੀਂ ਮੰਨਦੇ ਹੋ ਕਿ ਜੇ ਕੁੜੀ-ਮੁੰਡੇ ਦਾ ਵਿਆਹ ਨਹੀਂ ਹੋਇਆ, ਪਰ ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਤਾਂ ਸੈਕਸ ਕਰਨ ਵਿਚ ਕੋਈ ਖ਼ਰਾਬੀ ਨਹੀਂ ਹੈ?
ਧਿਆਨ ਨਾਲ ਸੋਚ-ਵਿਚਾਰ ਕਰਨ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੇ ਸੈਕਸ ਨਾ ਕਰਨ ਅਤੇ ਸ਼ੁੱਧ ਚਾਲ-ਚਲਣ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਨਾ ਤਾਂ ਕਦੇ ਆਪਣੇ ਫ਼ੈਸਲੇ ʼਤੇ ਪਛਤਾਉਣਾ ਪੈਣਾ ਤੇ ਨਾ ਹੀ ਕਿਸੇ ਗੱਲ ਦੀ ਘਾਟ ਮਹਿਸੂਸ ਹੋਣੀ। ਧਿਆਨ ਦਿਓ ਕਿ ਕਈਆਂ ਨੇ ਕੀ ਕਿਹਾ:
“ਮੈਂ ਖ਼ੁਸ਼ ਹਾਂ ਕਿ ਮੈਂ ਕਿਸੇ ਨਾਲ ਸੈਕਸ ਨਹੀਂ ਕੀਤਾ। ਵਿਆਹ ਤੋਂ ਪਹਿਲਾਂ ਸੈਕਸ ਕਰਨ ਕਰਕੇ ਮਾਨਸਿਕ, ਸਰੀਰਕ ਤੇ ਜਜ਼ਬਾਤੀ ਪੀੜਾ ਆਉਂਦੀ ਹੈ। ਇਨ੍ਹਾਂ ਤੋਂ ਬਚਣਾ ਕੋਈ ਮਾੜੀ ਗੱਲ ਤਾਂ ਨਹੀਂ ਹੈ।”—ਐਮਲੀ।
“ਮੈਨੂੰ ਖ਼ੁਸ਼ੀ ਹੈ ਕਿ ਮੈਂ ਕਿਸੇ ਨਾਲ ਵੀ ਸੈਕਸ ਨਹੀਂ ਕੀਤਾ। ਨਾਲੇ ਮੈਨੂੰ ਇਹ ਸੋਚ ਕੇ ਚੰਗਾ ਲੱਗਦਾ ਹੈ ਕਿ ਮੈਨੂੰ ਜਿਨਸੀ ਬੀਮਾਰੀਆਂ ਲੱਗਣ ਦਾ ਜ਼ਰਾ ਵੀ ਖ਼ਤਰਾ ਨਹੀਂ ਹੈ।”—ਈਲੇਨ।
“ਮੈਂ ਆਪਣੀਆਂ ਕਈ ਹਮਉਮਰ ਕੁੜੀਆਂ ਜਾਂ ਆਪਣੇ ਤੋਂ ਵੱਡੀਆਂ ਕੁੜੀਆਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਹ ਸੈਕਸ ਕਰਨ ਤੋਂ ਬਾਅਦ ਪਛਤਾ ਰਹੀਆਂ ਹਨ। ਨਾਲੇ ਉਹ ਕਹਿੰਦੀਆਂ ਹਨ ਕਿ ਕਾਸ਼ ਉਨ੍ਹਾਂ ਨੇ ਇੰਤਜ਼ਾਰ ਕੀਤਾ ਹੁੰਦਾ। ਮੈਂ ਉਨ੍ਹਾਂ ਵਾਂਗ ਗ਼ਲਤੀ ਨਹੀਂ ਕਰਨੀ ਚਾਹੁੰਦੀ।”—ਵੇਰਾ, 19.
“ਮੈਂ ਕਈ ਲੋਕਾਂ ਨੂੰ ਦੇਖਿਆ ਹੈ ਕਿ ਜੋ ਆਪਣੇ ਕੁਆਰੇਪਣ ਨੂੰ ਗੁਆਉਣ ਜਾਂ ਬਹੁਤ ਸਾਰੇ ਲੋਕਾਂ ਨਾਲ ਸੈਕਸ ਕਰਨ ਕਰਕੇ ਬਹੁਤ ਜ਼ਿਆਦਾ ਦੁਖੀ ਹਨ। ਮੇਰੇ ਖ਼ਿਆਲ ਮੁਤਾਬਕ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣਾ ਬੋਝ ਹੈ।”—ਡੀਨ।
ਮੁੱਖ ਗੱਲ: ਸੈਕਸ ਕਰਨ ਦਾ ਦਬਾਅ ਜਾਂ ਪਰਤਾਵਾ ਆਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ।—ਯਾਕੂਬ 1:14, 15.
ਤੁਸੀਂ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਸਮਝਾ ਸਕਦੇ ਹੋ?
ਜੇ ਕੋਈ ਤੁਹਾਨੂੰ ਸੈਕਸ ਬਾਰੇ ਤੁਹਾਡੇ ਵਿਸ਼ਵਾਸਾਂ ਬਾਰੇ ਪੁੱਛਦਾ ਹੈ, ਤਾਂ ਤੁਸੀਂ ਕੀ ਕਹੋਗੇ? ਇਹ ਤੁਹਾਡੇ ਹਾਲਾਤਾਂ ʼਤੇ ਨਿਰਭਰ ਕਰਦਾ ਹੈ।
“ਜੇ ਕੋਈ ਮੇਰਾ ਮਜ਼ਾਕ ਉਡਾ ਰਿਹਾ ਹੈ ਤੇ ਉਸ ਦਾ ਇਰਾਦਾ ਸਿਰਫ਼ ਮੇਰਾ ਮਜ਼ਾਕ ਉਡਾਉਣ ਦਾ ਹੈ, ਤਾਂ ਮੈਂ ਉੱਥੇ ਖੜ੍ਹੀ ਹੋ ਕੇ ਬਸ ਸੁਣਦੀ ਨਹੀਂ ਰਹਾਂਗੀ। ਮੈਂ ਕਹਾਂਗੀ, ‘ਤੈਨੂੰ ਇਸ ਨਾਲ ਕੀ? ਮੈਂ ਜੋ ਮਰਜ਼ੀ ਕਰਾਂ’ ਅਤੇ ਮੈਂ ਉੱਥੋਂ ਚਲੀ ਜਾਵਾਂਗੀ।”—ਕੋਰੀਨ।
“ਦੁੱਖ ਦੀ ਗੱਲ ਹੈ ਕਿ ਸਕੂਲ ਵਿਚ ਕੁਝ ਬੱਚਿਆਂ ਨੂੰ ਦੂਜਿਆਂ ʼਤੇ ਰੋਹਬ ਜਮਾ ਕੇ ਬੜਾ ਮਜ਼ਾ ਆਉਂਦਾ ਹੈ। ਜੇ ਉਹ ਇਸ ਇਰਾਦੇ ਨਾਲ ਮੇਰੇ ਤੋਂ ਸਵਾਲ ਪੁੱਛਦੇ ਹਨ, ਤਾਂ ਮੈਂ ਜਵਾਬ ਨਹੀਂ ਦੇਵਾਂਗਾ।”—ਡੇਵਿਡ।
ਕੀ ਤੁਹਾਨੂੰ ਪਤਾ ਹੈ? ਕਈ ਵਾਰ ਯਿਸੂ ਨੇ ਮਜ਼ਾਕ ਉਡਾਉਣ ਵਾਲਿਆਂ ਨੂੰ ਕੋਈ ਜਵਾਬ ਹੀ ਨਹੀਂ ਦਿੱਤਾ।—ਮੱਤੀ 26:62, 63.
ਪਰ ਉਦੋਂ ਕੀ, ਜੇ ਕੋਈ ਵਿਅਕਤੀ ਤੁਹਾਡੇ ਵਿਸ਼ਵਾਸਾਂ ਬਾਰੇ ਜਾਣਨ ਲਈ ਸਵਾਲ ਪੁੱਛਦਾ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਉਹ ਵਿਅਕਤੀ ਬਾਈਬਲ ਦਾ ਆਦਰ ਕਰਦਾ ਹੈ, ਤਾਂ ਤੁਸੀਂ ਉਸ ਨੂੰ 1 ਕੁਰਿੰਥੀਆਂ 6:18 ਦਾ ਹਵਾਲਾ ਦੇ ਸਕਦੇ ਹੋ ਜਿੱਥੇ ਲਿਖਿਆ ਹੈ ਕਿ ਜਿਹੜਾ ਵਿਅਕਤੀ ਵਿਆਹ ਤੋਂ ਪਹਿਲਾਂ ਸੈਕਸ ਕਰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ ਯਾਨੀ ਆਪਣੇ ਸਰੀਰ ਦਾ ਹੀ ਨੁਕਸਾਨ ਕਰਦਾ ਹੈ।
ਭਾਵੇਂ ਤੁਸੀਂ ਉਸੇ ਸਮੇਂ ਬਾਈਬਲ ਵਰਤੋ ਜਾਂ ਨਾ, ਪਰ ਜ਼ਰੂਰੀ ਹੈ ਕਿ ਤੁਸੀਂ ਪੂਰੇ ਭਰੋਸੇ ਨਾਲ ਗੱਲ ਕਰੋ। ਯਾਦ ਰੱਖੋ ਕਿ ਤੁਹਾਨੂੰ ਆਪਣੇ ਆਪ ʼਤੇ ਮਾਣ ਕਰਨ ਦਾ ਹੱਕ ਹੈ ਕਿਉਂਕਿ ਤੁਸੀਂ ਨੈਤਿਕ ਤੌਰ ʼਤੇ ਸ਼ੁੱਧ ਰਹਿਣ ਦਾ ਫ਼ੈਸਲਾ ਕੀਤਾ ਹੈ।—1 ਪਤਰਸ 3:16.
“ਭਰੋਸੇ ਨਾਲ ਜਵਾਬ ਦੇ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਆਪਣੇ ਵਿਸ਼ਵਾਸਾਂ ਅਤੇ ਆਪਣੇ ਕੰਮਾਂ ʼਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ ਅਤੇ ਤੁਸੀਂ ਜੋ ਕਰਦੇ ਹੋ, ਉਹ ਸਹੀ ਹੈ। ਨਾਲੇ ਤੁਸੀਂ ਇਹ ਸਭ ਇਸ ਕਰਕੇ ਨਹੀਂ ਕਰਦੇ ਕਿਉਂਕਿ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਗਿਆ ਹੈ।”—ਜਿਲ।
ਮੁੱਖ ਗੱਲ: ਜੇ ਤੁਹਾਨੂੰ ਭਰੋਸਾ ਹੈ ਕਿ ਸੈਕਸ ਬਾਰੇ ਤੁਸੀਂ ਜੋ ਫ਼ੈਸਲਾ ਕੀਤਾ ਹੈ, ਉਹ ਸਹੀ ਹੈ, ਤਾਂ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਸਕੋਗੇ। ਸ਼ਾਇਦ ਤੁਹਾਨੂੰ ਉਨ੍ਹਾਂ ਦੇ ਰਵੱਈਏ ਤੋਂ ਹੈਰਾਨੀ ਹੋਵੇ। 21 ਸਾਲਾਂ ਦੀ ਮਲਿੰਡਾ ਦੱਸਦੀ ਹੈ: “ਮੇਰੇ ਨਾਲ ਦੇ ਕੰਮ ਕਰਨ ਵਾਲੇ ਮੇਰੀ ਤਾਰੀਫ਼ ਕਰਦੇ ਹਨ ਕਿ ਮੈਂ ਅਜੇ ਤਕ ਸੈਕਸ ਨਹੀਂ ਕੀਤਾ। ਉਹ ਇਸ ਨੂੰ ਅਜੀਬ ਗੱਲ ਨਹੀਂ ਸਮਝਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸੰਜਮ ਤੇ ਨੇਕੀ ਦੀ ਨਿਸ਼ਾਨੀ ਹੈ।”
ਸੁਝਾਅ! ਜੇ ਤੁਹਾਨੂੰ ਸੈਕਸ ਸੰਬੰਧੀ ਆਪਣੇ ਵਿਸ਼ਵਾਸਾਂ ʼਤੇ ਆਪਣਾ ਭਰੋਸਾ ਹੋਰ ਪੱਕਾ ਕਰਨ ਦੀ ਲੋੜ ਹੈ, ਤਾਂ “ਮੈਂ ਸੈਕਸ ਬਾਰੇ ਆਪਣੇ ਵਿਸ਼ਵਾਸ ਕਿਵੇਂ ਸਮਝਾਵਾਂ?” ਨਾਂ ਦਾ ਅਭਿਆਸ ਡਾਊਨਲੋਡ ਕਰੋ। ਨਾਲੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਵੀ ਦੇਖੋ।
ਭਾਗ 1 ਦੇ 24ਵੇਂ ਅਧਿਆਇ ਦਾ ਵਿਸ਼ਾ ਹੈ, “ਕੀ ਸੈਕਸ ਨਾਲ ਸਾਡੇ ਰਿਸ਼ਤੇ ਵਿਚ ਸੁਧਾਰ ਹੋਵੇਗਾ?”
ਭਾਗ 2 ਦੇ ਪੰਜਵੇਂ ਅਧਿਆਇ ਦਾ ਵਿਸ਼ਾ ਹੈ, “ਵਿਆਹ ਤੋਂ ਪਹਿਲਾਂ ਮੈਂ ਸੈਕਸ ਕਿਉਂ ਨਾ ਕਰਾਂ?”
“ਮੈਨੂੰ ‘ਨੌਜਵਾਨਾਂ ਦੇ ਸਵਾਲ’ ਕਿਤਾਬਾਂ ਵਿਚ ਦਿੱਤੀਆਂ ਦਲੀਲਾਂ ਬਹੁਤ ਪਸੰਦ ਹਨ। ਮਿਸਾਲ ਲਈ, ਭਾਗ 1 ਦੇ ਸਫ਼ੇ 187 ʼਤੇ ਮਿਸਾਲ ਦਿੱਤੀ ਗਈ ਹੈ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਕਿਵੇਂ ਇਕ ਮਹਿੰਗੇ ਹਾਰ ਨੂੰ ਮੁਫ਼ਤ ਵਿਚ ਦੇਣ ਵਾਂਗ ਹੈ। ਤੁਸੀਂ ਆਪਣੇ ਆਪ ਨੂੰ ਕੌਡੀਆਂ ਦੇ ਭਾਅ ਵੇਚ ਦਿੰਦੇ ਹੋ। ਸਫ਼ਾ 177 ʼਤੇ ਦਿਖਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਸੋਹਣੀ ਪੇਂਟਿੰਗ ਨੂੰ ਪੈਰ ਸਾਫ਼ ਕਰਨ ਲਈ ਵਰਤਣਾ। ਪਰ ਮੈਨੂੰ ਭਾਗ 2 ਦੇ ਸਫ਼ੇ 54 ʼਤੇ ਦਿੱਤੀ ਮਿਸਾਲ ਬਹੁਤ ਪਸੰਦ ਹੈ। ਤਸਵੀਰ ਨਾਲ ਲਿਖਿਆ ਗਿਆ ਹੈ: ‘ਵਿਆਹ ਤੋਂ ਪਹਿਲਾਂ ਸੈਕਸ ਕਰਨਾ ਉਸ ਤੋਹਫ਼ੇ ਨੂੰ ਖੋਲ੍ਹਣ ਵਾਂਗ ਹੈ ਜੋ ਅਜੇ ਤੁਹਾਨੂੰ ਦਿੱਤਾ ਹੀ ਨਹੀਂ ਗਿਆ।’ ਇਹ ਇੱਦਾਂ ਹੈ ਜਿਵੇਂ ਤੁਸੀਂ ਉਹ ਚੀਜ਼ ਚੋਰੀ ਕਰ ਰਹੇ ਹੋ ਜੋ ਕਿਸੇ ਹੋਰ ਦੀ ਹੈ ਯਾਨੀ ਤੁਹਾਡੇ ਜੀਵਨ ਸਾਥੀ ਦੀ।”—ਵਿਕਟੋਰੀਆ।