ਪਰਿਵਾਰ ਦੀ ਮਦਦ ਲਈ
ਅਸਫ਼ਲਤਾ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ ਕਰੋ
ਕਦੇ-ਨਾ-ਕਦੇ ਤੁਹਾਡੇ ਬੱਚਿਆਂ ਨੂੰ ਅਸਫ਼ਲਤਾ ਜਾਂ ਹਾਰ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ?
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?
ਅਸਫ਼ਲਤਾ ਜ਼ਿੰਦਗੀ ਦਾ ਹਿੱਸਾ ਹੈ। ਬਾਈਬਲ ਕਹਿੰਦੀ ਹੈ ਕਿ “ਅਸੀਂ ਸਾਰੇ ਜਣੇ . . . ਗ਼ਲਤੀਆਂ ਕਰਦੇ ਹਾਂ।” (ਯਾਕੂਬ 3:2) ਸੋ ਬੱਚੇ ਵੀ ਗ਼ਲਤੀਆਂ ਕਰਦੇ ਹਨ। ਅਸਫ਼ਲਤਾ ਦਾ ਚੰਗਾ ਅਸਰ ਹੋ ਸਕਦਾ ਹੈ ਕਿਉਂਕਿ ਇਸ ਨਾਲ ਤੁਹਾਡਾ ਬੱਚਾ ਮੁਸ਼ਕਲਾਂ ਦੇ ਬਾਵਜੂਦ ਡਟੇ ਰਹਿਣਾ ਸਿੱਖੇਗਾ। ਬੱਚਿਆਂ ਵਿਚ ਜਨਮ ਤੋਂ ਹੀ ਇਹ ਕਾਬਲੀਅਤ ਨਹੀਂ ਹੁੰਦੀ, ਪਰ ਉਹ ਇਹ ਕਾਬਲੀਅਤ ਪੈਦਾ ਕਰ ਸਕਦੇ ਹਨ। ਲੌਰਾ ਦੱਸਦੀ ਹੈ: “ਮੇਰਾ ਤੇ ਮੇਰੇ ਪਤੀ ਦਾ ਮੰਨਣਾ ਹੈ ਕਿ ਸਾਨੂੰ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਅਸਫ਼ਲਤਾ ਨੂੰ ਕਬੂਲ ਕਰਨ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਸਿੱਖਣ। ਨਾਲੇ ਜਦੋਂ ਬੱਚਿਆਂ ਦੀਆਂ ਉਮੀਦਾਂ ਮੁਤਾਬਕ ਕੁਝ ਨਹੀਂ ਹੁੰਦਾ, ਤਾਂ ਵੀ ਉਹ ਅੱਗੇ ਵਧਦੇ ਰਹਿਣਗੇ।”
ਬਹੁਤ ਸਾਰੇ ਬੱਚੇ ਅਸਫ਼ਲਤਾ ਦਾ ਸਾਮ੍ਹਣਾ ਨਹੀਂ ਕਰ ਪਾਉਂਦੇ। ਕਈ ਬੱਚੇ ਅਸਫ਼ਲਤਾ ਦਾ ਸਾਮ੍ਹਣਾ ਕਰਨਾ ਨਹੀਂ ਸਿੱਖ ਪਾਉਂਦੇ ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਹਿਸਾਸ ਕਰਾਉਂਦੇ ਹਨ ਕਿ ਉਨ੍ਹਾਂ ਨੇ ਕੋਈ ਗ਼ਲਤੀ ਨਹੀਂ ਕੀਤੀ। ਮਿਸਾਲ ਲਈ, ਜੇ ਕਿਸੇ ਬੱਚੇ ਦੇ ਨੰਬਰ ਘੱਟ ਆਉਂਦੇ ਹਨ, ਤਾਂ ਕੁਝ ਮਾਪੇ ਸਾਰਾ ਦੋਸ਼ ਟੀਚਰਾਂ ਨੂੰ ਦਿੰਦੇ ਹਨ। ਜੇ ਕਿਸੇ ਬੱਚੇ ਦਾ ਆਪਣੇ ਦੋਸਤ ਨਾਲ ਝਗੜਾ ਹੋ ਜਾਂਦਾ ਹੈ, ਤਾਂ ਮਾਪੇ ਸਾਰਾ ਦੋਸ਼ ਉਸ ਦੋਸਤ ਦੇ ਮੱਥੇ ਮੜ੍ਹ ਦਿੰਦੇ ਹਨ।
ਪਰ ਜੇ ਮਾਪੇ ਬੱਚਿਆਂ ਨੂੰ ਗ਼ਲਤੀਆਂ ਦੇ ਨਤੀਜਿਆਂ ਤੋਂ ਬਚਾਉਣਗੇ, ਤਾਂ ਬੱਚੇ ਆਪਣੀਆਂ ਗ਼ਲਤੀਆਂ ਨੂੰ ਕਬੂਲ ਕਰਨਾ ਕਿਵੇਂ ਸਿੱਖਣਗੇ?
ਤੁਸੀਂ ਕੀ ਕਰ ਸਕਦੇ ਹੋ?
ਆਪਣੇ ਬੱਚਿਆਂ ਨੂੰ ਸਿਖਾਓ ਕਿ ਹਰ ਕੰਮ ਦੇ ਚੰਗੇ-ਮਾੜੇ ਨਤੀਜੇ ਨਿਕਲਦੇ ਹਨ।
ਬਾਈਬਲ ਕਹਿੰਦੀ ਹੈ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”—ਗਲਾਤੀਆਂ 6:7.
ਹਰ ਕੰਮ ਦਾ ਕੋਈ-ਨਾ-ਕੋਈ ਨਤੀਜਾ ਨਿਕਲਦਾ ਹੈ। ਜਦੋਂ ਅਸੀਂ ਕੋਈ ਨੁਕਸਾਨ ਕਰਦੇ ਹਾਂ, ਤਾਂ ਸਾਨੂੰ ਉਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਬੱਚਿਆਂ ਨੂੰ ਇਹ ਅਸੂਲ ਪਤਾ ਹੋਣਾ ਚਾਹੀਦਾ ਹੈ ਕਿ ਉਹ ਜੋ ਵੀ ਕੰਮ ਕਰਦੇ ਹਨ ਉਸ ਦੇ ਚੰਗੇ-ਮਾੜੇ ਨਤੀਜੇ ਨਿਕਲਦੇ ਹਨ। ਇਸ ਲਈ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਦਾ ਦੋਸ਼ ਦੂਸਰਿਆਂ ਦੇ ਮੱਥੇ ਨਾ ਮੜ੍ਹੋ ਅਤੇ ਨਾ ਹੀ ਬਹਾਨੇ ਬਣਾਓ। ਇਸ ਦੀ ਬਜਾਇ, ਬੱਚਿਆਂ ਦੀ ਉਮਰ ਮੁਤਾਬਕ ਉਨ੍ਹਾਂ ਨੂੰ ਨਤੀਜਾ ਭੁਗਤਣ ਦਿਓ। ਬਿਨਾਂ ਸ਼ੱਕ ਇਸ ਤਰ੍ਹਾਂ ਕਰਨ ਨਾਲ ਬੱਚੇ ਨੂੰ ਅਹਿਸਾਸ ਹੋਵੇਗਾ ਕਿ ਮਾੜੇ ਕੰਮਾਂ ਦੇ ਮਾੜੇ ਨਤੀਜੇ ਨਿਕਲਦੇ ਹਨ।
ਮੁਸ਼ਕਲਾਂ ਦਾ ਹੱਲ ਲੱਭਣ ਲਈ ਆਪਣੇ ਬੱਚਿਆਂ ਦੀ ਮਦਦ ਕਰੋ।
ਬਾਈਬਲ ਦਾ ਅਸੂਲ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।”—ਕਹਾਉਤਾਂ 24:16.
ਅਸਫ਼ਲਤਾ ਦੁਖਦਾਇਕ ਹੋ ਸਕਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦਾ ਕੋਈ ਹੱਲ ਹੀ ਨਹੀਂ ਹੈ। ਆਪਣੇ ਬੱਚਿਆਂ ਦੀ ਮਦਦ ਕਰੋ ਕਿ ਉਹ ਆਪਣਾ ਸਾਰਾ ਧਿਆਨ ਮੁਸ਼ਕਲਾਂ ਦਾ ਹੱਲ ਲੱਭਣ ਉੱਤੇ ਲਾਉਣ ਨਾ ਕਿ ਮੁਸ਼ਕਲਾਂ ʼਤੇ। ਮਿਸਾਲ ਲਈ, ਜੇ ਤੁਹਾਡਾ ਮੁੰਡਾ ਸਕੂਲ ਦੇ ਕਿਸੇ ਟੈੱਸਟ ਵਿੱਚੋਂ ਫੇਲ੍ਹ ਹੋ ਜਾਂਦਾ ਹੈ, ਤਾਂ ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਹ ਸਖ਼ਤ ਮਿਹਨਤ ਕਰ ਕੇ ਅਗਲੀ ਵਾਰ ਚੰਗੇ ਨੰਬਰ ਲੈ ਸਕਦਾ ਹੈ। (ਕਹਾਉਤਾਂ 20:4) ਜੇ ਤੁਹਾਡੀ ਕੁੜੀ ਦੀ ਕਿਸੇ ਦੋਸਤ ਨਾਲ ਬਹਿਸ ਹੋ ਜਾਂਦੀ ਹੈ, ਤਾਂ ਉਸ ਦੀ ਮਦਦ ਕਰੋ ਕਿ ਉਹ ਮਾਫ਼ੀ ਮੰਗਣ ਵਿਚ ਪਹਿਲ ਕਰੇ, ਭਾਵੇਂ ਗ਼ਲਤੀ ਜਿਸ ਦੀ ਮਰਜ਼ੀ ਹੋਵੇ।—ਰੋਮੀਆਂ 12:18; 2 ਤਿਮੋਥਿਉਸ 2:24.
ਬੱਚਿਆਂ ਨੂੰ ਸਹੀ ਨਜ਼ਰੀਆ ਰੱਖਣਾ ਸਿਖਾਓ।
ਬਾਈਬਲ ਦਾ ਅਸੂਲ: “ਮੈਂ . . . ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ।”—ਰੋਮੀਆਂ 12:3.
ਆਪਣੇ ਬੱਚੇ ਨੂੰ ਇਹ ਕਹਿਣਾ ਕਿ ਉਹ “ਸਭ ਤੋਂ ਵਧੀਆ” ਹੈ, ਇਸ ਵਿਚ ਨਾਂ ਤਾਂ ਕੋਈ ਸੱਚਾਈ ਹੈ ਤੇ ਨਾ ਹੀ ਇਸ ਨਾਲ ਬੱਚੇ ਦੀ ਕੋਈ ਮਦਦ ਹੋਵੇਗੀ। ਜੇ ਦੇਖਿਆ ਜਾਵੇ, ਤਾਂ ਜਿਹੜੇ ਬੱਚੇ ਪੜ੍ਹਾਈ ਵਿਚ ਹੁਸ਼ਿਆਰ ਹੁੰਦੇ ਹਨ ਉਨ੍ਹਾਂ ਦੇ ਵੀ ਹਰ ਵਾਰ ਵਧੀਆ ਨੰਬਰ ਨਹੀਂ ਆਉਂਦੇ। ਨਾਲੇ ਜਿਹੜੇ ਬੱਚੇ ਖੇਡਾਂ ਵਿਚ ਵਧੀਆ ਹੁੰਦੇ ਹਨ ਉਨ੍ਹਾਂ ਨੂੰ ਵੀ ਕਦੇ-ਨਾ-ਕਦੇ ਹਾਰ ਦਾ ਮੂੰਹ ਦੇਖਣਾ ਹੀ ਪੈਂਦਾ। ਉਹ ਬੱਚੇ ਜੋ ਖ਼ੁਦ ਬਾਰੇ ਸਹੀ ਨਜ਼ਰੀਆ ਰੱਖਦੇ ਹਨ, ਉਹੀ ਸਹੀ ਤਰੀਕੇ ਨਾਲ ਅਸਫ਼ਲਤਾ ਅਤੇ ਹਾਰ ਦਾ ਸਾਮ੍ਹਣਾ ਕਰ ਪਾਉਂਦੇ ਹਨ।
ਬਾਈਬਲ ਕਹਿੰਦੀ ਹੈ ਕਿ ਮੁਸ਼ਕਲਾਂ ਸਾਨੂੰ ਮਜ਼ਬੂਤ ਕਰ ਸਕਦੀਆਂ ਅਤੇ ਧੀਰਜ ਦਾ ਗੁਣ ਪੈਦਾ ਕਰਨ ਵਿਚ ਮਦਦ ਕਰ ਸਕਦੀਆਂ ਹਨ। (ਯਾਕੂਬ 1:2-4) ਭਾਵੇਂ ਅਸਫ਼ਲਤਾ ਅਤੇ ਹਾਰ ਕਰਕੇ ਦੁੱਖ ਤਾਂ ਲੱਗਦਾ ਹੈ, ਪਰ ਤੁਸੀਂ ਆਪਣੇ ਬੱਚੇ ਦੀ ਮਦਦ ਕਰੋ ਤਾਂਕਿ ਉਹ ਨਿਰਾਸ਼ਾ ਵਿਚ ਨਾ ਡੁੱਬੇ।
ਬੱਚਿਆਂ ਨੂੰ ਮੁਸ਼ਕਲਾਂ ਦੇ ਬਾਵਜੂਦ ਡਟੇ ਰਹਿਣ ਦੀ ਸਿੱਖਿਆ ਦੇਣੀ ਇਕ ਹੁਨਰ ਸਿਖਾਉਣ ਵਾਂਗ ਹੈ ਜਿਸ ਵਿਚ ਸਮਾਂ ਅਤੇ ਤਾਕਤ ਤਾਂ ਲੱਗੇਗੀ ਹੀ। ਪਰ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਉਦੋਂ ਮਿਲੇਗਾ ਜਦੋਂ ਤੁਹਾਡੇ ਬੱਚੇ ਅੱਲੜ੍ਹ ਉਮਰ ਵਿਚ ਪੈਰ ਰੱਖਣਗੇ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਗੇ। ਪਿਆਰ ਅਤੇ ਵਿਸ਼ਵਾਸ ਨਾਲ ਆਪਣੇ ਬੱਚੇ ਨੂੰ ਆਜ਼ਾਦੀ ਦਿਓ (ਅੰਗ੍ਰੇਜ਼ੀ) ਕਿਤਾਬ ਕਹਿੰਦੀ ਹੈ, “ਜਿਨ੍ਹਾਂ ਨੌਜਵਾਨਾਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਕਾਬਲੀਅਤ ਹੁੰਦੀ ਹੈ, ਉਹ ਮੂਰਖਤਾ ਭਰੇ ਕੰਮ ਕਰਨ ਤੋਂ ਬਚ ਸਕਦੇ ਹਨ। ਨਾਲੇ ਉਹ ਅਚਾਨਕ ਪੈਦਾ ਹੋਏ ਕਿਸੇ ਵੀ ਹਾਲਾਤ ਦਾ ਸਹੀ ਢੰਗ ਨਾਲ ਸਾਮ੍ਹਣਾ ਕਰ ਸਕਦੇ ਹਨ।” ਬਿਨਾਂ ਸ਼ੱਕ ਮੁਸ਼ਕਲਾਂ ਦੇ ਬਾਵਜੂਦ ਡਟੇ ਰਹਿਣ ਦੇ ਫ਼ਾਇਦੇ ਉਨ੍ਹਾਂ ਨੂੰ ਵੱਡੇ ਹੋਣ ਤੇ ਵੀ ਹੁੰਦੇ ਰਹਿਣਗੇ।
ਸੁਝਾਅ: ਮਿਸਾਲ ਰੱਖੋ। ਤੁਸੀਂ ਜਿਸ ਤਰੀਕੇ ਨਾਲ ਨਿਰਾਸ਼ ਕਰਨ ਵਾਲੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹੋ, ਤੁਹਾਡੇ ਬੱਚੇ ਵੀ ਉਸੇ ਤਰੀਕੇ ਨਾਲ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਸਿੱਖਣਗੇ।