Skip to content

ਪਰਿਵਾਰ ਦੀ ਮਦਦ ਲਈ | ਵਿਆਹ

ਪੋਰਨੋਗ੍ਰਾਫੀ ਕਰਕੇ ਤੁਹਾਡਾ ਵਿਆਹ ਟੁੱਟ ਸਕਦਾ ਹੈ

ਪੋਰਨੋਗ੍ਰਾਫੀ ਕਰਕੇ ਤੁਹਾਡਾ ਵਿਆਹ ਟੁੱਟ ਸਕਦਾ ਹੈ

 ਇਕ ਔਰਤ ਨੂੰ ਪਤਾ ਲੱਗ ਗਿਆ ਕਿ ਉਸ ਦਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ। ਉਸ ਦੇ ਪਤੀ ਨੇ ਉਸ ਤੋਂ ਦਿਲੋਂ ਮਾਫ਼ੀ ਮੰਗੀ ਅਤੇ ਵਾਅਦਾ ਕੀਤਾ ਕਿ ਉਹ ਇਸ ਤਰ੍ਹਾਂ ਕਰਨਾ ਛੱਡ ਦੇਵੇਗਾ। ਉਸ ਨੇ ਇੱਦਾਂ ਕੀਤਾ ਵੀ, ਪਰ ਸਿਰਫ਼ ਕੁਝ ਸਮੇਂ ਲਈ। ਬਾਅਦ ਵਿਚ ਉਹ ਫਿਰ ਤੋਂ ਪੋਰਨੋਗ੍ਰਾਫੀ ਦੇਖਣ ਲੱਗ ਪਿਆ ਤੇ ਇਹ ਸਿਲਸਿਲਾ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ।

 ਕੀ ਤੁਹਾਡੇ ਨਾਲ ਵੀ ਇੱਦਾਂ ਹੋ ਰਿਹਾ ਹੈ? ਜੇ ਹਾਂ, ਤਾਂ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੀ ਇਸ ਆਦਤ ਦਾ ਤੁਹਾਡੇ ਸਾਥੀ ʼਤੇ ਕੀ ਅਸਰ ਪੈ ਰਿਹਾ ਹੈ ਅਤੇ ਤੁਸੀਂ ਇਸ ਆਦਤ ਤੋਂ ਹਮੇਸ਼ਾ ਲਈ ਕਿਵੇਂ ਛੁਟਕਾਰਾ ਪਾ ਸਕਦੇ ਹੋ। a

ਇਸ ਲੇਖ ਵਿਚ ਦੇਖੋ:

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

 ਪੋਰਨੋਗ੍ਰਾਫੀ ਦੇਖਣ ਕਰਕੇ ਤੁਹਾਡਾ ਵਿਆਹੁਤਾ ਰਿਸ਼ਤਾ ਟੁੱਟ ਸਕਦਾ ਹੈ। ਤੁਹਾਡੇ ਜੀਵਨ ਸਾਥੀ ਦੇ ਦਿਲ ਵਿਚ ਤੁਹਾਡੇ ਲਈ ਨਾਰਾਜ਼ਗੀ ਪੈਦਾ ਹੋ ਸਕਦੀ ਹੈ ਅਤੇ ਉਸ ਦਾ ਤੁਹਾਡੇ ਤੋਂ ਭਰੋਸਾ ਉੱਠ ਸਕਦਾ ਹੈ। b

 ਜਿਸ ਔਰਤ ਦਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ, ਉਸ ਨੂੰ ਸ਼ਾਇਦ ਇਨ੍ਹਾਂ ਭਾਵਨਾਵਾਂ ਨਾਲ ਲੜਨਾ ਪਵੇ:

  •   ਸ਼ਾਇਦ ਉਸ ਨੂੰ ਲੱਗੇ ਕਿ ਉਸ ਨੂੰ ਧੋਖਾ ਦਿੱਤਾ ਗਿਆ ਹੈ। ਸੇਰਾਹ ਕਹਿੰਦੀ ਹੈ: “ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਮੇਰੇ ਪਤੀ ਨੇ ਵਾਰ-ਵਾਰ ਹਰਾਮਕਾਰੀ ਕੀਤੀ ਹੋਵੇ।”

  •   ਸ਼ਾਇਦ ਉਹ ਖ਼ੁਦ ਨੂੰ ਨਿਕੰਮੀ ਮਹਿਸੂਸ ਕਰਨ ਲੱਗੇ। ਇਕ ਔਰਤ ਦੱਸਦੀ ਹੈ ਕਿ ਉਸ ਦੇ ਪਤੀ ਦੇ ਪੋਰਨੋਗ੍ਰਾਫੀ ਦੇਖਣ ਦੀ ਆਦਤ ਕਰਕੇ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਹ ਸੋਹਣੀ ਨਹੀਂ ਹੈ।

  •   ਸ਼ਾਇਦ ਉਸ ਦਾ ਤੁਹਾਡੇ ਤੋਂ ਭਰੋਸਾ ਉੱਠਣ ਲੱਗੇ। ਹੈਲਨ ਕਹਿੰਦੀ ਹੈ: “ਮੈਨੂੰ ਆਪਣੇ ਪਤੀ ਦੀ ਹਰ ਹਰਕਤ ʼਤੇ ਸ਼ੱਕ ਰਹਿੰਦਾ ਹੈ।”

  •   ਸ਼ਾਇਦ ਉਹ ਹਮੇਸ਼ਾ ਚਿੰਤਾ ਵਿਚ ਰਹਿਣ ਲੱਗੇ। ਕੈਥਰੀਨ ਦੱਸਦੀ ਹੈ: “ਆਪਣੇ ਪਤੀ ਦੀ ਇਸ ਆਦਤ ਕਰਕੇ ਮੈਂ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ।”

 ਜ਼ਰਾ ਸੋਚੋ: ਬਾਈਬਲ ਕਹਿੰਦੀ ਹੈ ਕਿ ਇਕ ਪਤੀ ਨੂੰ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ। (ਅਫ਼ਸੀਆਂ 5:25) ਪਰ ਜੇ ਪਤੀ ਦੇ ਪੋਰਨੋਗ੍ਰਾਫੀ ਦੇਖਣ ਕਰਕੇ ਉਸ ਦੀ ਪਤਨੀ ਨੂੰ ਉੱਪਰ ਦੱਸੀਆਂ ਭਾਵਨਾਵਾਂ ਵਿੱਚੋਂ ਕਿਸੇ ਇਕ ਵੀ ਭਾਵਨਾ ਨਾਲ ਲੜਨਾ ਪੈਂਦਾ ਹੈ, ਤਾਂ ਕੀ ਉਹ ਕਹਿ ਸਕਦਾ ਹੈ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ?

 ਤੁਸੀਂ ਕੀ ਕਰ ਸਕਦੇ ਹੋ

 ਪੋਰਨੋਗ੍ਰਾਫੀ ਦੇਖਣ ਦੀ ਆਦਤ ਛੱਡਣੀ ਸੌਖੀ ਨਹੀਂ ਹੈ। ਸਟੇਸੀ ਦੱਸਦੀ ਹੈ: “ਮੇਰੇ ਪਤੀ ਨੇ ਸਿਗਰਟਾਂ ਪੀਣੀਆਂ, ਭੰਗ ਪੀਣੀ ਅਤੇ ਸ਼ਰਾਬ ਪੀਣੀ ਤਾਂ ਛੱਡ ਦਿੱਤੀ, ਪਰ ਉਹ ਅਜੇ ਤਕ ਪੋਰਨੋਗ੍ਰਾਫੀ ਦੇਖਣ ਦੀ ਆਦਤ ਨਹੀਂ ਛੱਡ ਸਕੇ।”

 ਜੇ ਤੁਸੀਂ ਵੀ ਪੋਰਨੋਗ੍ਰਾਫੀ ਦੇਖਣ ਦੀ ਆਦਤ ਛੱਡ ਨਹੀਂ ਪਾ ਰਹੇ, ਤਾਂ ਥੱਲੇ ਦਿੱਤੇ ਸੁਝਾਅ ਹਮੇਸ਼ਾ ਲਈ ਇਹ ਆਦਤ ਛੱਡਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

  •   ਸਮਝੋ ਕਿ ਪੋਰਨੋਗ੍ਰਾਫੀ ਦੇਖਣੀ ਇੰਨੀ ਬੁਰੀ ਕਿਉਂ ਹੈ। ਪੋਰਨੋਗ੍ਰਾਫੀ ਦੇਖਣ ਕਰਕੇ ਇਕ ਵਿਅਕਤੀ ਸਿਰਫ਼ ਉਹੀ ਕੰਮ ਕਰਨ ਬਾਰੇ ਸੋਚਦਾ ਹੈ ਜਿਸ ਤੋਂ ਸਿਰਫ਼ ਉਸ ਨੂੰ ਖ਼ੁਸ਼ੀ ਮਿਲਦੀ ਹੈ। ਇੱਦਾਂ ਕਰ ਕੇ ਉਹ ਆਪਣੇ ਵਿਆਹੁਤਾ ਰਿਸ਼ਤੇ ਵਿਚ ਪਿਆਰ, ਭਰੋਸੇ ਅਤੇ ਵਫ਼ਾਦਾਰੀ ਨੂੰ ਅਹਿਮੀਅਤ ਨਹੀਂ ਦਿੰਦਾ। ਇਹ ਤਿੰਨੇ ਗੁਣ ਖ਼ੁਸ਼ਹਾਲ ਵਿਆਹੁਤਾ ਰਿਸ਼ਤੇ ਲਈ ਬਹੁਤ ਜ਼ਰੂਰੀ ਹਨ। ਨਾਲੇ ਪੋਰਨੋਗ੍ਰਾਫੀ ਦੇਖ ਕੇ ਇਕ ਵਿਅਕਤੀ ਯਹੋਵਾਹ ਪਰਮੇਸ਼ੁਰ ਦਾ ਨਿਰਾਦਰ ਕਰ ਰਿਹਾ ਹੁੰਦਾ ਹੈ ਜਿਸ ਨੇ ਵਿਆਹ ਦੀ ਸ਼ੁਰੂਆਤ ਕੀਤੀ।

     ਬਾਈਬਲ ਦਾ ਅਸੂਲ: ‘ਵਿਆਹ ਨੂੰ ਆਦਰਯੋਗ ਸਮਝੋ।’​—ਇਬਰਾਨੀਆਂ 13:4.

  •   ਆਪਣੀ ਗ਼ਲਤੀ ਮੰਨੋ। ਇਹ ਨਾ ਕਹੋ ਕਿ ‘ਜੇ ਮੇਰੀ ਪਤਨੀ ਮੈਨੂੰ ਜ਼ਿਆਦਾ ਪਿਆਰ ਦਿਖਾਉਂਦੀ, ਤਾਂ ਮੈਨੂੰ ਪੋਰਨੋਗ੍ਰਾਫੀ ਦੇਖਣ ਦੀ ਲੋੜ ਹੀ ਨਹੀਂ ਸੀ।’ ਆਪਣੀ ਪਤਨੀ ʼਤੇ ਇਲਜ਼ਾਮ ਲਗਾਉਣਾ ਸਰਾਸਰ ਗ਼ਲਤ ਹੈ ਅਤੇ ਫਿਰ ਜਦੋਂ ਵੀ ਉਹ ਤੁਹਾਡੀਆਂ ਉਮੀਦਾਂ ʼਤੇ ਖਰੀ ਨਹੀਂ ਉਤਰੇਗੀ, ਤਾਂ ਤੁਹਾਨੂੰ ਫਿਰ ਤੋਂ ਪੋਰਨੋਗ੍ਰਾਫੀ ਦੇਖਣ ਦਾ ਬਹਾਨਾ ਮਿਲ ਜਾਵੇਗਾ।

     ਬਾਈਬਲ ਦਾ ਅਸੂਲ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।”​—ਯਾਕੂਬ 1:14.

  •   ਆਪਣੇ ਜੀਵਨ ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ। ਕੈਵਿਨ ਕਹਿੰਦਾ ਹੈ: “ਮੈਂ ਹਰ ਰੋਜ਼ ਆਪਣੀ ਪਤਨੀ ਨੂੰ ਦੱਸਦਾ ਹਾਂ ਕਿ ਜਦੋਂ ਮੇਰੇ ਸਾਮ੍ਹਣੇ ਕੋਈ ਅਸ਼ਲੀਲ ਤਸਵੀਰ ਆਈ, ਤਾਂ ਮੈਂ ਕੀ ਕੀਤਾ। ਕੀ ਮੈਂ ਉਸ ਨੂੰ ਦੇਖਦਾ ਰਿਹਾ ਜਾਂ ਇਕਦਮ ਨਜ਼ਰ ਘੁਮਾ ਲਈ? ਇੱਦਾਂ ਹਰ ਰੋਜ਼ ਗੱਲਬਾਤ ਕਰਨ ਕਰਕੇ ਸਾਡੇ ਵਿਚ ਕੁਝ ਵੀ ਲੁਕਿਆ ਨਹੀਂ ਰਹਿੰਦਾ।”

     ਬਾਈਬਲ ਦਾ ਅਸੂਲ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”​—ਇਬਰਾਨੀਆਂ 13:18.

  •   ਹਮੇਸ਼ਾ ਖ਼ਬਰਦਾਰ ਰਹੋ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਪੋਰਨੋਗ੍ਰਾਫੀ ਦੇਖਣ ਦੀ ਆਦਤ ʼਤੇ ਕਾਬੂ ਪਾ ਲਿਆ ਹੈ, ਪਰ ਸਾਲਾਂ ਬਾਅਦ ਵੀ ਤੁਸੀਂ ਫਿਰ ਤੋਂ ਇਸ ਆਦਤ ਵਿਚ ਫਸ ਸਕਦੇ ਹੋ। ਕੈਵਿਨ ਨੇ ਕਿਹਾ: “ਮੈਂ ਦਸ ਸਾਲ ਪਹਿਲਾਂ ਗੰਦੀਆਂ ਤਸਵੀਰਾਂ ਅਤੇ ਵੀਡੀਓ ਦੇਖਣੀਆਂ ਛੱਡ ਦਿੱਤੀਆਂ ਸਨ। ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਇਸ ਲਤ ʼਤੇ ਕਾਬੂ ਪਾ ਲਿਆ ਹੈ। ਪਰ ਅਸਲ ਵਿਚ ਇਹ ਲਤ ਮੇਰੇ ਅੰਦਰ ਕਿਤੇ ਲੁਕ ਕੇ ਬੈਠੀ ਹੋਈ ਸੀ ਅਤੇ ਸਮਾਂ ਆਉਣ ਤੇ ਉਸ ਨੇ ਮੈਨੂੰ ਦਬੋਚ ਲਿਆ।”

     ਬਾਈਬਲ ਦਾ ਅਸੂਲ: “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਉਹ ਖ਼ਬਰਦਾਰ ਰਹੇ ਕਿ ਕਿਤੇ ਡਿਗ ਨਾ ਪਵੇ।”​—1 ਕੁਰਿੰਥੀਆਂ 10:12.

  •   ਜੇ ਪੋਰਨੋਗ੍ਰਾਫੀ ਦੇਖਣ ਦਾ ਦਿਲ ਕਰੇ, ਤਾਂ ਆਪਣਾ ਧਿਆਨ ਕਿਸੇ ਹੋਰ ਗੱਲ ʼਤੇ ਲਾਓ। ਦਿਲ ਵਿਚ ਬੁਰੀਆਂ ਇੱਛਾਵਾਂ ਆਉਣੀਆਂ ਸਾਡੇ ਹੱਥ-ਵੱਸ ਨਹੀਂ ਹਨ, ਪਰ ਉਸ ਇੱਛਾ ਮੁਤਾਬਕ ਕੰਮ ਕਰਨਾ ਜਾਂ ਨਹੀਂ ਸਾਡੇ ਵੱਸ ਵਿਚ ਹੈ। ਜੇ ਤੁਸੀਂ ਆਪਣਾ ਧਿਆਨ ਹੋਰ ਚੀਜ਼ਾਂ ʼਤੇ ਲਾਉਣਾ ਸਿੱਖੋ, ਤਾਂ ਤੁਹਾਡੀ ਇਹ ਇੱਛਾ ਛੇਤੀ ਹੀ ਖ਼ਤਮ ਹੋ ਸਕਦੀ ਹੈ।

     ਬਾਈਬਲ ਦਾ ਅਸੂਲ: “ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਸਰੀਰ ਨੂੰ ਪਵਿੱਤਰ ਅਤੇ ਆਦਰਯੋਗ ਤਰੀਕੇ ਨਾਲ ਕਿਵੇਂ ਕਾਬੂ ਵਿਚ ਰੱਖਣਾ ਹੈ। ਤੁਸੀਂ ਲਾਲਚ ਵਿਚ ਆ ਕੇ ਆਪਣੀ ਕਾਮ-ਵਾਸ਼ਨਾ ਨੂੰ ਬੇਕਾਬੂ ਨਾ ਹੋਣ ਦਿਓ।”​—1 ਥੱਸਲੁਨੀਕੀਆਂ 4:4, 5.

  •   ਉਨ੍ਹਾਂ ਹਾਲਾਤਾਂ ਤੋਂ ਦੂਰ ਰਹੋ ਜਿਨ੍ਹਾਂ ਵਿਚ ਤੁਹਾਡੇ ਅੰਦਰ ਇਹ ਇੱਛਾ ਫਿਰ ਤੋਂ ਜਾਗ ਸਕਦੀ ਹੈ। ਇਕ ਕਿਤਾਬ ਦੱਸਦੀ ਹੈ: ‘ਜੇ ਤੁਸੀਂ ਇੱਦਾਂ ਦੇ ਹਾਲਾਤਾਂ ਵਿਚ ਫਸ ਜਾਂਦੇ ਹੋ, ਤਾਂ ਇਹ ਇੱਦਾਂ ਹੈ ਜਿੱਦਾਂ ਤੁਸੀਂ ਤੀਲੀ ਬਾਲ਼ ਲਈ ਹੈ ਤੇ ਹੁਣ ਬੱਸ ਅੱਗ ਨੂੰ ਬਾਲ਼ਣ ਲਈ ਥੋੜ੍ਹੋ ਜਿਹੇ ਬਾਲਣ ਦੀ ਲੋੜ ਹੈ।’

     ਬਾਈਬਲ ਦਾ ਅਸੂਲ: “ਕਿਸੇ ਵੀ ਬੁਰੀ ਗੱਲ ਨੂੰ ਮੇਰੇ ʼਤੇ ਹਾਵੀ ਨਾ ਹੋਣ ਦੇ।”​—ਜ਼ਬੂਰ 119:133.

  •   ਉਮੀਦ ਨਾ ਛੱਡੋ। ਆਪਣੇ ਜੀਵਨ ਸਾਥੀ ਦਾ ਦੁਬਾਰਾ ਤੋਂ ਭਰੋਸਾ ਜਿੱਤਣ ਲਈ ਸ਼ਾਇਦ ਤੁਹਾਨੂੰ ਕਈ ਸਾਲ ਲੱਗ ਜਾਣ। ਪਰ ਬਹੁਤ ਸਾਰੇ ਜੋੜੇ ਇੱਦਾਂ ਕਰ ਸਕੇ ਹਨ।

     ਬਾਈਬਲ ਦਾ ਅਸੂਲ: ‘ਪਿਆਰ ਧੀਰਜਵਾਨ ਹੈ।’​—1 ਕੁਰਿੰਥੀਆਂ 13:4.

a ਚਾਹੇ ਕਿ ਇਸ ਲੇਖ ਵਿਚ ਪਤੀਆਂ ਦੇ ਪੋਰਨੋਗ੍ਰਾਫੀ ਦੇਖਣ ਬਾਰੇ ਗੱਲ ਕੀਤੀ ਗਈ ਹੈ, ਪਰ ਇਸ ਵਿਚ ਦੱਸੇ ਅਸੂਲ ਉਨ੍ਹਾਂ ਪਤਨੀਆਂ ਦੀ ਵੀ ਮਦਦ ਕਰ ਸਕਦੇ ਹਨ ਜੋ ਪੋਰਨੋਗ੍ਰਾਫੀ ਦੇਖਦੀਆਂ ਹਨ।

b ਕੁਝ ਵਿਆਹੇ ਜੋੜਿਆਂ ਦਾ ਕਹਿਣਾ ਹੈ ਕਿ ਇਕੱਠੇ ਪੋਰਨੋਗ੍ਰਾਫੀ ਦੇਖਣ ਨਾਲ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਮਜ਼ਬੂਤ ਹੋਵੇਗਾ। ਪਰ ਇੱਦਾਂ ਕਰਨਾ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ।​—ਕਹਾਉਤਾਂ 5:15-20; 1 ਕੁਰਿੰਥੀਆਂ 13:4, 5; ਗਲਾਤੀਆਂ 5:22, 23.