ਪਰਿਵਾਰ ਦੀ ਮਦਦ ਲਈ
ਜਦੋਂ ਵਿਚਾਰ ਅਲੱਗ-ਅਲੱਗ ਹੋਣ
ਆਦਤਾਂ, ਰੁਚੀਆਂ ਤੇ ਸੁਭਾਅ ਵਿਚ ਫ਼ਰਕ ਹੋਣ ਕਰਕੇ ਵਿਆਹੁਤਾ ਜੋੜਿਆਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ। ਪਰ ਕੁਝ ਮਾਮਲੇ ਹੋਰ ਵੀ ਜ਼ਿਆਦਾ ਨਾਜ਼ੁਕ ਹੋ ਸਕਦੇ ਹਨ, ਜਿਵੇਂ:
ਰਿਸ਼ਤੇਦਾਰਾਂ ਨਾਲ ਕਿੰਨਾ ਸਮਾਂ ਬਿਤਾਈਏ?
ਖ਼ਰਚਾ ਕਿਵੇਂ ਚਲਾਈਏ?
ਬੱਚੇ ਪੈਦਾ ਕਰੀਏ ਜਾਂ ਨਾ?
ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਤੇ ਤੁਹਾਡੇ ਸਾਥੀ ਦੇ ਵਿਚਾਰ ਅਲੱਗ-ਅਲੱਗ ਹੋਣ?
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?
ਪਸੰਦ-ਨਾਪਸੰਦ ਇੱਕੋ ਜਿਹੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਹਰ ਨਿੱਕੀ-ਨਿੱਕੀ ਗੱਲ ਇਕ-ਦੂਜੇ ਨਾਲ ਮਿਲਦੀ-ਜੁਲਦੀ ਹੋਵੇ। ਇੱਥੋਂ ਤਕ ਕਿ ਜਿਨ੍ਹਾਂ ਪਤੀ-ਪਤਨੀਆਂ ਦੀ ਪਸੰਦ-ਨਾਪਸੰਦ ਜ਼ਿਆਦਾਤਰ ਇੱਕੋ ਜਿਹੀ ਹੁੰਦੀ ਹੈ, ਉਨ੍ਹਾਂ ਦੀ ਵੀ ਰਾਇ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ, ਇੱਥੋਂ ਤਕ ਕਿ ਗੰਭੀਰ ਮਾਮਲਿਆਂ ਬਾਰੇ ਵੀ।
“ਮੇਰੀ ਪਰਵਰਿਸ਼ ਇਸ ਤਰ੍ਹਾਂ ਦੇ ਪਰਿਵਾਰ ਵਿਚ ਹੋਈ ਜਿੱਥੇ ਇਕੱਠੇ ਸਮੇਂ ਗੁਜ਼ਾਰਿਆ ਜਾਂਦਾ ਸੀ। ਸ਼ਨੀ-ਐਤਵਾਰ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸਮਾਂ ਬਿਤਾਉਂਦੇ ਸੀ। ਮੇਰੇ ਪਤੀ ਦਾ ਪਰਿਵਾਰ ਇੱਦਾਂ ਨਹੀਂ ਕਰਦਾ ਸੀ। ਇਸ ਲਈ ਪਰਿਵਾਰ ਨਾਲ ਸਮਾਂ ਗੁਜ਼ਾਰਨ ਜਾਂ ਦੂਰ ਰਹਿੰਦੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਸੰਬੰਧੀ ਸਾਡੇ ਵਿਚਾਰ ਅਲੱਗ-ਅਲੱਗ ਸਨ।”—ਤਮਾਰਾ।
“ਮੇਰੀ ਤੇ ਮੇਰੀ ਪਤਨੀ ਦੀ ਪਰਵਰਿਸ਼ ਜਿਸ ਤਰੀਕੇ ਨਾਲ ਹੋਈ, ਉਸ ਕਰਕੇ ਪੈਸਿਆਂ ਨੂੰ ਖ਼ਰਚਣ ਸੰਬੰਧੀ ਸਾਡੇ ਵਿਚਾਰ ਅਲੱਗ ਸਨ। ਵਿਆਹ ਦੇ ਸ਼ੁਰੂ ਦੇ ਮਹੀਨਿਆਂ ਦੌਰਾਨ ਇਸ ਬਾਰੇ ਸਾਡੀ ਕਈ ਵਾਰ ਬਹਿਸ ਹੋਈ। ਇਕ ਜਾਂ ਦੋ ਵਾਰ ਗੱਲ ਕਰਨ ʼਤੇ ਸਾਡੀ ਸਮੱਸਿਆ ਹੱਲ ਨਹੀਂ ਹੋਈ।”—ਟਾਈਲਰ।
ਕੁਝ ਸਮੱਸਿਆਵਾਂ ਸਮਝੌਤਾ ਕਰਨ ਨਾਲ ਹੱਲ ਨਹੀਂ ਕੀਤੀਆਂ ਜਾ ਸਕਦੀਆਂ। ਮਿਸਾਲ ਲਈ, ਉਦੋਂ ਕੀ ਜੇ ਸੱਸ ਜਾਂ ਸਹੁਰਾ ਬੀਮਾਰ ਹੋ ਜਾਵੇ ਤੇ ਉਸ ਦੀ ਦੇਖ-ਭਾਲ ਕਰਨ ਦੀ ਲੋੜ ਹੋਵੇ? ਜਾਂ ਉਦੋਂ ਕੀ ਜੇ ਇਕ ਸਾਥੀ ਬੱਚੇ ਚਾਹੁੰਦਾ ਹੋਵੇ, ਪਰ ਦੂਜਾ ਨਾ ਚਾਹੁੰਦਾ ਹੋਵੇ? a
“ਕਈ ਵਾਰ ਮੈਂ ਤੇ ਮੇਰੀ ਪਤਨੀ ਨੇ ਬੱਚੇ ਪੈਦਾ ਕਰਨ ਬਾਰੇ ਕਾਫ਼ੀ ਦੇਰ ਤਕ ਗੱਲਬਾਤ ਕੀਤੀ। ਮੇਰੀ ਪਤਨੀ ਜਿੰਨਾ ਜ਼ਿਆਦਾ ਇਸ ਬਾਰੇ ਸੋਚਦੀ ਹੈ, ਉੱਨਾ ਜ਼ਿਆਦਾ ਸਾਡੇ ਵਿਚਾਰ ਅਲੱਗ ਹੁੰਦੇ ਜਾ ਰਹੇ ਹਨ। ਮੈਨੂੰ ਸਮਝੌਤਾ ਕਰਨ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ।”—ਐਲਿਕਸ।
ਅਲੱਗ-ਅਲੱਗ ਵਿਚਾਰ ਹੋਣ ਦਾ ਮਤਲਬ ਨਹੀਂ ਕਿ ਤੁਹਾਡਾ ਵਿਆਹੁਤਾ ਰਿਸ਼ਤਾ ਸਫ਼ਲ ਨਹੀਂ ਹੋ ਸਕਦਾ। ਕੁਝ ਮਾਹਰ ਕਹਿੰਦੇ ਹਨ ਕਿ ਜੇ ਤੁਸੀਂ ਤੇ ਤੁਹਾਡਾ ਜੀਵਨ ਸਾਥੀ ਗੰਭੀਰ ਮਾਮਲਿਆਂ ʼਤੇ ਸਹਿਮਤ ਨਹੀਂ ਹੁੰਦੇ, ਤਾਂ ਤੁਹਾਨੂੰ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ ਚਾਹੇ ਇਸ ਲਈ ਤੁਹਾਨੂੰ ਆਪਣਾ ਵਿਆਹੁਤਾ ਰਿਸ਼ਤਾ ਹੀ ਖ਼ਤਮ ਕਿਉਂ ਨਾ ਕਰਨਾ ਪਵੇ। ਪਰ ਇਸ ਤਰ੍ਹਾਂ ਦੇ “ਹੱਲ” ਕਰਕੇ ਜ਼ਿਆਦਾ ਅਹਿਮੀਅਤ ਤੁਹਾਡੀਆਂ ਭਾਵਨਾਵਾਂ ਨੂੰ ਦਿੱਤੀ ਜਾਂਦੀ ਹੈ ਅਤੇ ਵਿਆਹ ਵਿਚ ਪਰਮੇਸ਼ੁਰ ਸਾਮ੍ਹਣੇ ਖਾਧੀ ਕਸਮ ਨੂੰ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਚਾਹੇ ਕੁਝ ਵੀ ਹੋਵੇ, ਤੁਸੀਂ ਆਪਣੇ ਜੀਵਨ ਸਾਥੀ ਨੂੰ ਨਹੀਂ ਛੱਡੋਗੇ।
ਤੁਸੀਂ ਕੀ ਕਰ ਸਕਦੇ ਹੋ?
ਵਿਆਹ ਦੀ ਕਸਮ ਨਿਭਾਉਣ ਦਾ ਪੱਕਾ ਇਰਾਦਾ ਕਰੋ। ਵਿਆਹ ਦੀ ਕਸਮ ਨਿਭਾਉਣ ਦਾ ਪੱਕਾ ਇਰਾਦਾ ਕਰਕੇ ਤੁਸੀਂ ਇਕੱਠੇ ਮਿਲ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਸਕੋਗੇ।
ਬਾਈਬਲ ਦਾ ਅਸੂਲ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”—ਮੱਤੀ 19:6.
ਸੋਚ-ਵਿਚਾਰ ਕੇ ਫ਼ੈਸਲਾ ਕਰੋ। ਮਿਸਾਲ ਲਈ, ਮੰਨ ਲਓ ਕਿ ਇਕ ਸਾਥੀ ਬੱਚੇ ਚਾਹੁੰਦਾ ਹਾਂ, ਪਰ ਦੂਜਾ ਨਹੀਂ ਚਾਹੁੰਦਾ। ਇਸ ਬਾਰੇ ਕਈ ਮਾਮਲਿਆਂ ʼਤੇ ਗੌਰ ਕਰਨ ਦੀ ਲੋੜ ਹੈ, ਜਿਵੇਂ:
ਤੁਹਾਡਾ ਵਿਆਹੁਤਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ।
ਕੀ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਵਿਚ ਬੱਚੇ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਪੂਰੀ ਕਰ ਸਕਦੇ ਹੋ?
ਮਾਪਿਆਂ ਦੀਆਂ ਜ਼ਿੰਮੇਵਾਰੀਆਂ।
ਰੋਟੀ, ਕੱਪੜਾ ਤੇ ਮਕਾਨ ਤੋਂ ਇਲਾਵਾ ਵੀ ਜ਼ਿੰਮੇਵਾਰੀਆਂ ਹਨ।
ਤੁਹਾਡੀ ਮਾਲੀ ਹਾਲਤ।
ਕੀ ਤੁਸੀਂ ਕੰਮ, ਪਰਿਵਾਰ ਅਤੇ ਹੋਰ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹੋ?
ਬਾਈਬਲ ਦਾ ਅਸੂਲ: “ਜੇ ਤੁਸੀਂ ਬੁਰਜ ਬਣਾਉਣ ਲੱਗੇ ਹੋ, ਤਾਂ ਕੀ ਤੁਸੀਂ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਹੀਂ ਲਾਓਗੇ?”—ਲੂਕਾ 14:28.
ਮਾਮਲੇ ਦੇ ਹਰ ਪਹਿਲੂ ʼਤੇ ਗੌਰ ਕਰੋ। ਤੁਸੀਂ ਸ਼ਾਇਦ ਕੁਝ ਮਾਮਲਿਆਂ ਵਿਚ ਸਹਿਮਤ ਹੋ ਜਾਓ। ਮਿਸਾਲ ਲਈ, ਜੇ ਮਾਮਲਾ ਬੱਚੇ ਪੈਦਾ ਕਰਨ ਜਾਂ ਨਾ ਕਰਨ ਦਾ ਹੋਵੇ, ਤਾਂ ਜਿਹੜਾ ਸਾਥੀ ਬੱਚੇ ਨਹੀਂ ਚਾਹੁੰਦਾ, ਉਹ ਆਪਣੇ ਆਪ ਨੂੰ ਪੁੱਛ ਸਕਦਾ ਹੈ:
‘ਜਦੋਂ ਮੈਂ ਕਹਿੰਦਾ ਹੈ ਕਿ ਮੈਂ ਬੱਚੇ ਨਹੀਂ ਚਾਹੁੰਦਾ, ਤਾਂ ਕੀ ਮੇਰਾ ਮਤਲਬ ਹੈ ਕਿ ਮੈਂ ਕਦੇ ਵੀ ਨਹੀਂ ਚਾਹੁੰਦਾ ਜਾਂ ਹੁਣੇ ਨਹੀਂ ਚਾਹੁੰਦਾ?’
‘ਕੀ ਮੈਂ ਇਸ ਕਰਕੇ ਹਿਚਕਿਚਾਉਂਦਾ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਇਕ ਚੰਗਾ ਮਾਪਾ ਨਹੀਂ ਬਣ ਸਕਦਾ?’
‘ਕੀ ਮੈਨੂੰ ਡਰ ਹੈ ਕਿ ਮੇਰਾ ਸਾਥੀ ਮੈਨੂੰ ਨਜ਼ਰਅੰਦਾਜ਼ ਕਰੇਗਾ?’
ਦੂਜੇ ਪਾਸੇ, ਜਿਹੜਾ ਸਾਥੀ ਬੱਚੇ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪੁੱਛ ਸਕਦਾ ਹੈ, ਜਿਵੇਂ:
‘ਕੀ ਅਸੀਂ ਮਾਪਿਆਂ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹਾਂ?’
‘ਕੀ ਅਸੀਂ ਬੱਚੇ ਦੀ ਪਰਵਰਿਸ਼ ਦਾ ਖ਼ਰਚਾ ਚੁੱਕ ਸਕਦੇ ਹਾਂ?’
ਬਾਈਬਲ ਦਾ ਅਸੂਲ: ‘ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ।’—ਯਾਕੂਬ 3:17.
ਆਪਣੇ ਸਾਥੀ ਦੇ ਵਿਚਾਰਾਂ ਦੇ ਫ਼ਾਇਦਿਆਂ ਨੂੰ ਪਛਾਣੋ। ਜਿਸ ਤਰ੍ਹਾਂ ਇਕ ਚੀਜ਼ ਬਾਰੇ ਦੋ ਵਿਅਕਤੀਆਂ ਦੇ ਅਲੱਗ-ਅਲੱਗ ਵਿਚਾਰ ਹੋ ਸਕਦੇ ਹਨ, ਉਸੇ ਤਰ੍ਹਾਂ ਇਕ ਜੋੜੇ ਦੇ ਕਿਸੇ ਮਾਮਲੇ ਬਾਰੇ ਅਲੱਗ-ਅਲੱਗ ਵਿਚਾਰ ਹੋ ਸਕਦੇ ਹਨ, ਜਿਵੇਂ ਪੈਸੇ ਕਿਵੇਂ ਖ਼ਰਚੇ ਜਾਣੇ ਚਾਹੀਦੇ ਹਨ। ਜਿਸ ਮਾਮਲੇ ਬਾਰੇ ਤੁਹਾਡੇ ਵਿਚਾਰ ਅਲੱਗ-ਅਲੱਗ ਹੋਣ, ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਗੱਲਾਂ ʼਤੇ ਗੌਰ ਕਰੋ ਜਿਨ੍ਹਾਂ ਵਿਚ ਤੁਸੀਂ ਸਹਿਮਤ ਹੋ।
ਕਿਨ੍ਹਾਂ ਗੱਲਾਂ ʼਤੇ ਤੁਸੀਂ ਸਹਿਮਤ ਹੋ?
ਹਰੇਕ ਦੇ ਵਿਚਾਰ ਦਾ ਕੀ ਫ਼ਾਇਦਾ ਹੈ?
ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਲਈ, ਕੀ ਇਕ ਜਣਾ ਜਾਂ ਤੁਸੀਂ ਦੋਵੇਂ ਜਣੇ ਇਕ-ਦੂਜੇ ਮੁਤਾਬਕ ਆਪਣੇ ਵਿਚਾਰਾਂ ਨੂੰ ਢਾਲ਼ ਸਕਦੇ ਹੋ?
ਬਾਈਬਲ ਦਾ ਅਸੂਲ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।”—1 ਕੁਰਿੰਥੀਆਂ 10:24.
a ਗੰਭੀਰ ਮਾਮਲਿਆਂ ਬਾਰੇ ਵਿਆਹ ਤੋਂ ਪਹਿਲਾਂ ਗੱਲ ਕਰਨੀ ਚਾਹੀਦੀ ਹੈ। ਪਰ ਅਚਾਨਕ ਹਾਲਾਤ ਪੈਦਾ ਹੋ ਸਕਦੇ ਹਨ ਜਾਂ ਸਮੇਂ ਦੇ ਨਾਲ ਇਕ ਸਾਥੀ ਦੀਆਂ ਭਾਵਨਾਵਾਂ ਵਿਚ ਤਬਦੀਲੀ ਆ ਸਕਦੀ ਹੈ।—ਉਪਦੇਸ਼ਕ ਦੀ ਪੋਥੀ 9:11.