Skip to content

ਪਰਿਵਾਰ ਦੀ ਮਦਦ ਲਈ | ਮਾਪੇ

ਆਪਣੇ ਬੱਚਿਆਂ ਨੂੰ ਸ਼ੁਕਰਗੁਜ਼ਾਰ ਬਣਨਾ ਸਿਖਾਓ

ਆਪਣੇ ਬੱਚਿਆਂ ਨੂੰ ਸ਼ੁਕਰਗੁਜ਼ਾਰ ਬਣਨਾ ਸਿਖਾਓ

 ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਸ਼ੁਕਰਗੁਜ਼ਾਰ ਹੁੰਦੇ ਹਨ, ਉਹ ਜ਼ਿਆਦਾ ਖ਼ੁਸ਼ ਅਤੇ ਸਿਹਤਮੰਦ ਹੁੰਦੇ ਹਨ, ਮੁਸ਼ਕਲਾਂ ਦਾ ਵਧੀਆ ਤਰੀਕੇ ਨਾਲ ਸਾਮ੍ਹਣਾ ਕਰਦੇ ਹਨ ਅਤੇ ਉਨ੍ਹਾਂ ਦੇ ਚੰਗੇ ਦੋਸਤ ਹੁੰਦੇ ਹਨ। ਖੋਜਕਾਰ ਰੋਬਰਟ ਏ. ਏਮਨਸ ਨੇ ਕਿਹਾ ਕਿ ਜਿਹੜੇ ਲੋਕ ਸ਼ੁਕਰਗੁਜ਼ਾਰ ਹੁੰਦੇ ਹਨ, “ਉਹ ਆਪਣੇ ਦਿਲ ਵਿਚ ਵੈਰ, ਨਾਰਾਜ਼ਗੀ, ਲਾਲਚ ਤੇ ਕੁੜੱਤਣ ਪੈਦਾ ਨਹੀਂ ਹੋਣ ਦਿੰਦੇ।” a

 ਜੇ ਬੱਚੇ ਸ਼ੁਕਰਗੁਜ਼ਾਰ ਹੋਣਗੇ, ਤਾਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ? ਚਾਰ ਸਾਲਾਂ ਤਕ 700 ਨੌਜਵਾਨਾਂ ʼਤੇ ਇਕ ਅਧਿਐਨ ਕਰ ਕੇ ਦੇਖਿਆ ਗਿਆ ਕਿ ਜਿਨ੍ਹਾਂ ਨੌਜਵਾਨਾਂ ਦਾ ਰਵੱਈਆ ਸ਼ੁਕਰਗੁਜ਼ਾਰੀ ਦਿਖਾਉਣ ਵਾਲਾ ਸੀ, ਉਨ੍ਹਾਂ ਨੇ ਘੱਟ ਹੀ ਪੇਪਰਾਂ ਵਿਚ ਨਕਲ ਮਾਰੀ, ਨਸ਼ਿਆਂ ਤੇ ਸ਼ਰਾਬ ਦੀ ਵਰਤੋਂ ਨਹੀਂ ਕੀਤੀ ਜਾਂ ਫਿਰ ਇੱਦਾਂ ਦਾ ਰਵੱਈਆ ਨਹੀਂ ਦਿਖਾਇਆ ਜਿਸ ਨਾਲ ਉਨ੍ਹਾਂ ਨੂੰ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚ ਸਕਦਾ ਸੀ।

  •   ਸਹੀ ਰਵੱਈਆ ਨਾ ਹੋਣ ਕਰਕੇ ਸ਼ੁਕਰਗੁਜ਼ਾਰੀ ਦਿਖਾਉਣੀ ਔਖੀ ਹੁੰਦੀ ਹੈ। ਬਹੁਤ ਸਾਰੇ ਬੱਚਿਆਂ ਨਾਲ ਜਦੋਂ ਕੁਝ ਵੀ ਚੰਗਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਦੇ ਹੱਕਦਾਰ ਹਨ। ਇਸ ਲਈ ਉਹ ਇਸ ਨੂੰ ਤੋਹਫ਼ਾ ਨਹੀਂ ਸਮਝਦੇ ਜਿਸ ਕਰਕੇ ਉਹ ਸ਼ੁਕਰਗੁਜ਼ਾਰੀ ਵੀ ਨਹੀਂ ਦਿਖਾ ਪਾਉਂਦੇ।

     ਅੱਜ ਦੁਨੀਆਂ ਵਿਚ ਇਸ ਤਰ੍ਹਾਂ ਦਾ ਰਵੱਈਆ ਬਹੁਤ ਆਮ ਹੈ। ਕੈਥਰੀਨ ਨਾਂ ਦੀ ਇਕ ਮਾਂ ਕਹਿੰਦੀ ਹੈ, “ਅੱਜ ਦੁਨੀਆਂ ਵਿਚ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਜੋ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਰਸਾਲਿਆਂ, ਟੈਲੀਵਿਯਨ ਅਤੇ ਇੰਟਰਨੈੱਟ ʼਤੇ ਅਜਿਹੀਆਂ ਚੀਜ਼ਾਂ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਅਸੀਂ ਇਨ੍ਹਾਂ ਦੇ ਹੱਕਦਾਰ ਹਾਂ ਤੇ ਬਾਕੀਆਂ ਨਾਲੋਂ ਪਹਿਲਾਂ ਇਹ ਸਾਡੇ ਕੋਲ ਹੋਣੀਆਂ ਚਾਹੀਦੀਆਂ ਹਨ।”

  •   ਬੱਚਿਆਂ ਨੂੰ ਛੋਟੇ ਹੁੰਦਿਆਂ ਸ਼ੁਕਰਗੁਜ਼ਾਰ ਬਣਨਾ ਸਿਖਾਇਆ ਜਾ ਸਕਦਾ ਹੈ। ਕਾਏ ਨਾਂ ਦੀ ਇਕ ਮਾਂ ਕਹਿੰਦੀ ਹੈ: “ਬੱਚੇ ਸਿੱਖ ਸਕਦੇ ਹਨ। ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੀਆਂ ਆਦਤਾਂ ਸਿਖਾਈਆਂ ਜਾਣੀਆਂ ਚਾਹੀਦੀਆਂ ਹਨ, ਬਿਲਕੁਲ ਉੱਦਾਂ ਹੀ ਜਿੱਦਾਂ ਇਕ ਛੋਟੇ ਪੌਦੇ ਨੂੰ ਸੋਟੀ ਦਾ ਸਹਾਰਾ ਦੇ ਕੇ ਸਿੱਧਾ ਰੱਖਿਆ ਜਾਂਦਾ ਹੈ।”

ਸ਼ੁਕਰਗੁਜ਼ਾਰ ਬਣਨਾ ਕਿੱਦਾਂ ਸਿਖਾਈਏ?

  •   ਸਿਖਾਓ ਕਿ ਉਨ੍ਹਾਂ ਨੇ ਕੀ ਕਹਿਣਾ ਹੈ। ਛੋਟੇ ਬੱਚੇ ਵੀ ਸ਼ੁਕਰੀਆ ਕਹਿਣਾ ਸਿੱਖ ਸਕਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਤੋਹਫ਼ਾ ਦਿੰਦਾ ਹੈ ਜਾਂ ਉਨ੍ਹਾਂ ਲਈ ਕੁਝ ਕਰਦਾ ਹੈ। ਇਸ ਤਰ੍ਹਾਂ ਉਹ ਜਿੱਦਾਂ-ਜਿੱਦਾਂ ਵੱਡੇ ਹੁੰਦੇ ਜਾਣਗੇ, ਉੱਦਾਂ-ਉੱਦਾਂ ਉਹ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰ ਬਣਨਾ ਸਿੱਖਣਗੇ।

     ਬਾਈਬਲ ਦਾ ਅਸੂਲ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।”​—ਕੁਲੁੱਸੀਆਂ 3:15.

     “ਸਾਡਾ ਤਿੰਨ ਸਾਲਾਂ ਦਾ ਪੋਤਾ ਬਿਨਾਂ ਝਿਜਕੇ ‘ਥੈਂਕਯੂ’ ਕਹਿੰਦਾ ਹੈ ਤੇ ਜਦੋਂ ਉਸ ਨੂੰ ਕੁਝ ਚਾਹੀਦਾ ਹੁੰਦਾ ਹੈ, ਤਾਂ ਉਹ ‘ਪਲੀਜ਼’ ਕਹਿ ਕੇ ਮੰਗਦਾ ਹੈ। ਇਹ ਸਭ ਉਸ ਨੇ ਆਪਣੇ ਮਾਪਿਆਂ ਤੋਂ ਸਿੱਖਿਆ ਹੈ। ਉਸ ਦੇ ਮਾਪੇ ਵੀ ਆਪਣੇ ਕੰਮਾਂ ਤੇ ਬੋਲੀ ਰਾਹੀਂ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ, ਇਸ ਤਰ੍ਹਾਂ ਮੇਰਾ ਪੋਤਾ ਸ਼ੁਕਰਗੁਜ਼ਾਰ ਬਣਨਾ ਸਿੱਖ ਰਿਹਾ ਹੈ।”​—ਜੈਫ਼ਰੀ।

  •   ਸਿਖਾਓ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜਦੋਂ ਕੋਈ ਤੁਹਾਡੇ ਬੱਚਿਆਂ ਨੂੰ ਤੋਹਫ਼ਾ ਦੇਵੇ, ਤਾਂ ਕਿਉਂ ਨਾ ਤੁਸੀਂ ਉਨ੍ਹਾਂ ਨੂੰ ਥੈਂਕਯੂ ਕਾਰਡ ਬਣਾਉਣ ਲਈ ਕਹੋ? ਤੁਸੀਂ ਉਨ੍ਹਾਂ ਨੂੰ ਘਰ ਦੇ ਕੰਮ ਕਰਨ ਲਈ ਵੀ ਕਹਿ ਸਕਦੇ ਹੋ। ਇਸ ਤਰ੍ਹਾਂ ਉਹ ਸਮਝ ਸਕਣਗੇ ਕਿ ਘਰ ਨੂੰ ਸਹੀ ਹਾਲਤ ਵਿਚ ਰੱਖਣ ਲਈ ਕਿੰਨੀ ਮਿਹਨਤ ਲੱਗਦੀ ਹੈ।

     ਬਾਈਬਲ ਦਾ ਅਸੂਲ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂਲਾਂ ਦੇ ਕੰਮ 20:35.

     “ਸਾਡੇ ਦੋਵੇਂ ਬੱਚੇ ਖਾਣਾ ਤਿਆਰ ਕਰਨ ਵਿਚ ਅਤੇ ਘਰ ਦੇ ਕੰਮ ਕਰਨ ਵਿਚ ਸਾਡੀ ਮਦਦ ਕਰਦੇ ਹਨ। ਇਸ ਤਰ੍ਹਾਂ ਉਹ ਦੇਖ ਪਾਉਂਦੇ ਹਨ ਕਿ ਅਸੀਂ ਉਨ੍ਹਾਂ ਲਈ ਕਿੰਨੀ ਮਿਹਨਤ ਕਰਦੇ ਹਾਂ ਅਤੇ ਉਹ ਇਨ੍ਹਾਂ ਕੰਮਾਂ ਲਈ ਹੋਰ ਵੀ ਜ਼ਿਆਦਾ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ।”​—ਬੈਵਰਲੀ।

  •   ਸਹੀ ਰਵੱਈਆ ਰੱਖਣਾ ਸਿਖਾਓ। ਸ਼ੁਕਰਗੁਜ਼ਾਰੀ ਦੀ ਤੁਲਨਾ ਪੌਦੇ ਨਾਲ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਇਕ ਪੌਦੇ ਦੇ ਵਧਣ-ਫੁੱਲਣ ਲਈ ਚੰਗੀ ਮਿੱਟੀ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਸ਼ੁਕਰਗੁਜ਼ਾਰ ਹੋਣ ਲਈ ਨਿਮਰ ਹੋਣਾ ਜ਼ਰੂਰੀ ਹੈ। ਨਿਮਰ ਲੋਕ ਸਮਝਦੇ ਹਨ ਕਿ ਕਿਸੇ ਵੀ ਕੰਮ ਵਿਚ ਸਫ਼ਲ ਹੋਣ ਲਈ ਉਨ੍ਹਾਂ ਨੂੰ ਦੂਸਰਿਆਂ ਦੀ ਮਦਦ ਦੀ ਲੋੜ ਹੁੰਦੀ ਹੈ। ਇਸ ਲਈ ਜਦੋਂ ਦੂਸਰੇ ਉਨ੍ਹਾਂ ਦੀ ਮਦਦ ਕਰਦੇ ਹਨ, ਤਾਂ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੁੰਦੇ ਹਨ।

     ਬਾਈਬਲ ਦਾ ਅਸੂਲ: “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”​—ਫ਼ਿਲਿੱਪੀਆਂ 2:3, 4.

     “ਕਦੇ-ਕਦੇ ਅਸੀਂ ਖਾਣਾ ਖਾਂਦੇ ਵੇਲੇ ਇਕ ਖੇਡ ਖੇਡਦੇ ਹਾਂ। ਸਾਰੇ ਜਣੇ ਵਾਰੀ-ਵਾਰੀ ਦੱਸਦੇ ਹਨ ਕਿ ਉਹ ਕਿਸ ਗੱਲ ਲਈ ਸ਼ੁਕਰਗੁਜ਼ਾਰ ਹਨ। ਇਸ ਤਰ੍ਹਾਂ ਅਸੀਂ ਬੁਰੀਆਂ ਗੱਲਾਂ ਦੀ ਬਜਾਇ ਚੰਗੀਆਂ ਗੱਲਾਂ ਉੱਤੇ ਧਿਆਨ ਲਾ ਪਾਉਂਦੇ ਹਾਂ ਅਤੇ ਸੁਆਰਥੀ ਹੋਣ ਦੀ ਬਜਾਇ ਸ਼ੁਕਰਗੁਜ਼ਾਰੀ ਦਿਖਾ ਪਾਉਂਦੇ ਹਾਂ।”​—ਤਮਾਰਾ।

 ਸੁਝਾਅ: ਖ਼ੁਦ ਇਕ ਚੰਗੀ ਮਿਸਾਲ ਬਣੋ। ਬੱਚੇ ਉਦੋਂ ਆਸਾਨੀ ਨਾਲ ਸ਼ੁਕਰਗੁਜ਼ਾਰ ਬਣਨਾ ਸਿੱਖਣਗੇ ਜਦੋਂ ਉਹ ਤੁਹਾਨੂੰ ਉਨ੍ਹਾਂ ਲਈ ਅਤੇ ਦੂਜਿਆਂ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਦੇਖਣਗੇ।

a ਇਹ ਜਾਣਕਾਰੀ ਸ਼ੁਕਰਗੁਜ਼ਾਰੀ ਦਿਖਾਉਣ ਨਾਲ ਤੁਸੀਂ ਜ਼ਿਆਦਾ ਖ਼ੁਸ਼ ਰਹਿ ਸਕਦੇ ਹੋ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਲਈ ਗਈ ਹੈ।