ਬਾਈਬਲ ਆਇਤਾਂ ਦੀ ਸਮਝ
ਜ਼ਬੂਰ 46:10—“ਥਮ੍ਹ ਜਾਓ ਅਤੇ ਜਾਣ ਲਓ ਭਈ ਮੈਂ ਹੀ ਪਰਮੇਸ਼ੁਰ ਹਾਂ”
“ਹਾਰ ਮੰਨ ਲਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ। ਕੌਮਾਂ ਵਿਚ ਮੈਨੂੰ ਉੱਚਾ ਕੀਤਾ ਜਾਵੇਗਾ; ਹਾਂ, ਪੂਰੀ ਧਰਤੀ ʼਤੇ ਮੇਰੀ ਵਡਿਆਈ ਕੀਤੀ ਜਾਵੇਗੀ।”—ਜ਼ਬੂਰ 46:10, ਨਵੀਂ ਦੁਨੀਆਂ ਅਨੁਵਾਦ।
“ਥਮ੍ਹ ਜਾਓ ਅਤੇ ਜਾਣ ਲਓ ਭਈ ਮੈਂ ਹੀ ਪਰਮੇਸ਼ੁਰ ਹਾਂ, ਮੈਂ ਕੌਮਾਂ ਵਿੱਚ ਵਡਿਆਇਆ ਜਾਵਾਂਗਾ, ਮੈਂ ਧਰਤੀ ਉੱਤੇ ਵਡਿਆਇਆ ਜਾਵਾਂਗਾ!”—ਜ਼ਬੂਰ 46:10, ਪੰਜਾਬੀ ਦੀ ਪਵਿੱਤਰ ਬਾਈਬਲ।
ਜ਼ਬੂਰ 46:10 ਦਾ ਮਤਲਬ
ਪਰਮੇਸ਼ੁਰ ਚਾਹੁੰਦਾ ਹੈ ਕਿ ਹਰ ਇਨਸਾਨ ਉਸ ਦੀ ਭਗਤੀ ਕਰੇ ਅਤੇ ਇਹ ਮੰਨੇ ਕਿ ਉਸ ਨੂੰ ਹੀ ਪੂਰੀ ਧਰਤੀ ʼਤੇ ਰਾਜ ਕਰਨ ਦਾ ਹੱਕ ਹੈ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਉਸ ਕੋਲ ਬੇਅੰਤ ਤਾਕਤ ਅਤੇ ਅਧਿਕਾਰ ਹੈ।—ਪ੍ਰਕਾਸ਼ ਦੀ ਕਿਤਾਬ 4:11.
“ਹਾਰ ਮੰਨ ਲਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ।” ਕੁਝ ਬਾਈਬਲ ਅਨੁਵਾਦਾਂ ਵਿਚ ਇਸ ਆਇਤ ਦੇ ਪਹਿਲੇ ਹਿੱਸੇ ਦਾ ਅਨੁਵਾਦ “ਥਮ੍ਹ ਜਾਓ” ਕੀਤਾ ਗਿਆ ਹੈ। ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਗ਼ਲਤ ਮਤਲਬ ਕੱਢਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇੱਥੇ ਚਰਚ ਵਿਚ ਆਦਰ ਦਿਖਾਉਣ ਜਾਂ ਚੁੱਪ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਪਰ ਜਿਨ੍ਹਾਂ ਇਬਰਾਨੀ ਸ਼ਬਦਾਂ ਦਾ ਅਨੁਵਾਦ “ਹਾਰ ਮੰਨ ਲਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ” ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਹੈ ਕਿ ਯਹੋਵਾਹ a ਪਰਮੇਸ਼ੁਰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਉਹ ਉਸ ਦਾ ਵਿਰੋਧ ਕਰਨਾ ਛੱਡ ਦੇਣ ਅਤੇ ਜਾਣ ਲੈਣ ਕਿ ਉਹੀ ਉਨ੍ਹਾਂ ਦੀ ਭਗਤੀ ਦਾ ਹੱਕਦਾਰ ਹੈ।
ਇਸੇ ਤਰ੍ਹਾਂ ਦੀ ਹੱਲਾਸ਼ੇਰੀ ਜ਼ਬੂਰ 2 ਵਿਚ ਵੀ ਦਿੱਤੀ ਗਈ ਹੈ। ਇਸ ਜ਼ਬੂਰ ਵਿਚ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਉਸ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਕਦਮ ਚੁੱਕੇਗਾ। ਦੂਜੇ ਪਾਸੇ, ਪਰਮੇਸ਼ੁਰ ਦੇ ਅਧਿਕਾਰ ਨੂੰ ਮੰਨਣ ਵਾਲੇ ਲੋਕ ਸੇਧ, ਤਾਕਤ ਅਤੇ ਬੁੱਧ ਲਈ ਉਸ ʼਤੇ ਭਰੋਸਾ ਕਰਦੇ ਹਨ। ਉਹ “ਉਸ ਕੋਲ ਪਨਾਹ ਲੈਂਦੇ ਹਨ।” ਇਸ ਕਰਕੇ ਉਹ ਖ਼ੁਸ਼ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ, ਖ਼ਾਸ ਕਰਕੇ ਔਖੀਆਂ ਘੜੀਆਂ ਦੌਰਾਨ।—ਜ਼ਬੂਰ 2:9-12.
“ਕੌਮਾਂ ਵਿਚ ਮੈਨੂੰ ਉੱਚਾ ਕੀਤਾ ਜਾਵੇਗਾ; ਹਾਂ, ਪੂਰੀ ਧਰਤੀ ʼਤੇ ਮੇਰੀ ਵਡਿਆਈ ਕੀਤੀ ਜਾਵੇਗੀ।” ਪੁਰਾਣੇ ਸਮੇਂ ਵਿਚ ਜਦੋਂ ਯਹੋਵਾਹ ਪਰਮੇਸ਼ੁਰ ਨੇ ਆਪਣੀ ਬੇਅੰਤ ਤਾਕਤ ਵਰਤ ਕੇ ਆਪਣੇ ਲੋਕਾਂ ਦੀ ਹਿਫਾਜ਼ਤ ਕੀਤੀ, ਤਾਂ ਉਸ ਦੀ ਵਡਿਆਈ ਹੋਈ। (ਕੂਚ 15:1-3) ਭਵਿੱਖ ਵਿਚ ਜਦੋਂ ਧਰਤੀ ʼਤੇ ਸਾਰੇ ਇਨਸਾਨ ਉਸ ਦਾ ਅਧਿਕਾਰ ਮੰਨਣਗੇ ਅਤੇ ਉਸ ਦੀ ਭਗਤੀ ਕਰਨਗੇ, ਤਾਂ ਉਸ ਦੀ ਹੋਰ ਵੀ ਜ਼ਿਆਦਾ ਵਡਿਆਈ ਹੋਵੇਗੀ।—ਜ਼ਬੂਰ 86:9, 10; ਯਸਾਯਾਹ 2:11.
ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਜ਼ਬੂਰ 46:10 ਦੀ ਸਮਝ
ਇਕ ਕਿਤਾਬ ਮੁਤਾਬਕ ਜ਼ਬੂਰ 46 “ਇਕ ਭਜਨ ਹੈ ਜਿਸ ਵਿਚ ਪਰਮੇਸ਼ੁਰ ਦੀ ਤਾਕਤ ਨੂੰ ਵਡਿਆਇਆ ਗਿਆ ਹੈ ਜੋ ਆਪਣੇ ਲੋਕਾਂ ਦਾ ਸ਼ਕਤੀਸ਼ਾਲੀ ਰੱਖਿਅਕ ਹੈ।” ਪਰਮੇਸ਼ੁਰ ਦੇ ਲੋਕ ਜ਼ਬੂਰ 46 ਗਾ ਕੇ ਯਹੋਵਾਹ ʼਤੇ ਆਪਣਾ ਭਰੋਸਾ ਜ਼ਾਹਰ ਕਰਦੇ ਸਨ ਕਿ ਉਹ ਉਨ੍ਹਾਂ ਦੀ ਹਿਫਾਜ਼ਤ ਅਤੇ ਮਦਦ ਕਰਨ ਦੀ ਕਾਬਲੀਅਤ ਰੱਖਦਾ ਹੈ। (ਜ਼ਬੂਰ 46:1, 2) ਇਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਨੂੰ ਯਾਦ ਆਉਂਦਾ ਸੀ ਕਿ ਯਹੋਵਾਹ ਹਮੇਸ਼ਾ ਉਨ੍ਹਾਂ ਨਾਲ ਹੈ।—ਜ਼ਬੂਰ 46:7, 11.
ਯਹੋਵਾਹ ਪਰਮੇਸ਼ੁਰ ਕੋਲ ਉਨ੍ਹਾਂ ਦੀ ਹਿਫਾਜ਼ਤ ਕਰਨ ਦੀ ਤਾਕਤ ਹੈ। ਇਸ ਗੱਲ ʼਤੇਉਨ੍ਹਾਂ ਦਾ ਭਰੋਸਾ ਪੱਕਾ ਕਰਨ ਲਈ ਇਸ ਜ਼ਬੂਰ ਵਿਚ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ʼਤੇ ਸੋਚ-ਵਿਚਾਰ ਕਰਨ ਲਈ ਕਿਹਾ ਗਿਆ ਹੈ। (ਜ਼ਬੂਰ 46:8) ਇਸ ਵਿਚ ਖ਼ਾਸ ਕਰਕੇ ਇਸ ਗੱਲ ʼਤੇ ਧਿਆਨ ਦਿਵਾਇਆ ਗਿਆ ਹੈ ਕਿ ਉਹ ਲੜਾਈਆਂ ਖ਼ਤਮ ਕਰਨ ਦੀ ਕਾਬਲੀਅਤ ਰੱਖਦਾ ਹੈ। (ਜ਼ਬੂਰ 46:9) ਯਹੋਵਾਹ ਨੇ ਬਾਈਬਲ ਦੇ ਜ਼ਮਾਨੇ ਵਿਚ ਦੁਸ਼ਮਣ ਕੌਮਾਂ ਤੋਂ ਆਪਣੇ ਲੋਕਾਂ ਦੀ ਹਿਫਾਜ਼ਤ ਕਰ ਕੇ ਇਕ ਤਰ੍ਹਾਂ ਨਾਲ ਲੜਾਈਆਂ ਖ਼ਤਮ ਕਰ ਦਿੱਤੀਆਂ ਸਨ। ਪਰ ਬਾਈਬਲ ਵਿਚ ਪਰਮੇਸ਼ੁਰ ਦੇ ਇਸ ਵਾਅਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਬਹੁਤ ਜਲਦ ਪੂਰੀ ਧਰਤੀ ਤੋਂ ਸਾਰੀਆਂ ਲੜਾਈਆਂ ਨੂੰ ਖ਼ਤਮ ਕਰ ਦੇਵੇਗਾ।—ਯਸਾਯਾਹ 2:4.
ਕੀ ਯਹੋਵਾਹ ਅੱਜ ਵੀ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ? ਜੀ ਹਾਂ, ਬਿਲਕੁਲ ਕਰਦਾ ਹੈ। ਪੌਲੁਸ ਰਸੂਲ ਨੇ ਵੀ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਮਦਦ ਲਈ ਪਰਮੇਸ਼ੁਰ ʼਤੇ ਭਰੋਸਾ ਰੱਖਣ। (ਇਬਰਾਨੀਆਂ 13:6) ਜ਼ਬੂਰ 46 ਵਿਚ ਦਰਜ ਗੱਲਾਂ ਕਰਕੇ ਸਾਡਾ ਭਰੋਸਾ ਪੱਕਾ ਹੁੰਦਾ ਹੈ ਕਿ ਪਰਮੇਸ਼ੁਰ ਕੋਲ ਸਾਡੀ ਹਿਫਾਜ਼ਤ ਕਰਨ ਦੀ ਤਾਕਤ ਹੈ। ਇਹ ਗੱਲਾਂ ਸਾਡੀ ਇਹ ਸਮਝਣ ਵਿਚ ਮਦਦ ਕਰਦੀਆਂ ਹਨ ਕਿ “ਪਰਮੇਸ਼ੁਰ ਸਾਡੀ ਪਨਾਹ ਅਤੇ ਤਾਕਤ ਹੈ।”—ਜ਼ਬੂਰ 46:1.
ਜ਼ਬੂਰਾਂ ਦੀ ਕਿਤਾਬ ਦੀ ਝਲਕ ਦੇਖਣ ਲਈ ਇਹ ਛੋਟੀ ਜਿਹੀ ਵੀਡੀਓ ਦੇਖੋ।
a ਯਹੋਵਾਹ ਰੱਬ ਦਾ ਨਾਂ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।