ਬਾਈਬਲ ਆਇਤਾਂ ਦੀ ਸਮਝ
ਫ਼ਿਲਿੱਪੀਆਂ 4:6, 7—“ਕਿਸੇ ਗੱਲ ਦੀ ਚਿੰਤਾ ਨਾ ਕਰੋ”
“ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7, ਨਵੀਂ ਦੁਨੀਆਂ ਅਨੁਵਾਦ।
“ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7, ਪਵਿੱਤਰ ਬਾਈਬਲ (OV).
ਫ਼ਿਲਿੱਪੀਆਂ 4:6, 7 ਦਾ ਮਤਲਬ
ਜਦੋਂ ਪਰਮੇਸ਼ੁਰ ਦੇ ਸੇਵਕਾਂ ਨੂੰ ਹੱਦੋਂ ਵੱਧ ਚਿੰਤਾ ਹੁੰਦੀ ਹੈ, ਤਾਂ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਦਿਲਾਸਾ ਪਾ ਸਕਦੇ ਹਨ। ਉਹ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦੇਣ ਦਾ ਵਾਅਦਾ ਕਰਦਾ ਹੈ ਜੋ ਚਿੰਤਾ ਤੋਂ ਰਾਹਤ ਪਾਉਣ ਅਤੇ ਸੋਚਾਂ ਤੇ ਭਾਵਨਾਵਾਂ ਦੀ ਰਾਖੀ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗੀ। ਆਇਤ 6 ਵਿਚ ਅਲੱਗ-ਅਲੱਗ ਕਿਸਮ ਦੀ ਪ੍ਰਾਰਥਨਾ ਬਾਰੇ ਦੱਸਿਆ ਗਿਆ ਹੈ ਜੋ ਮਨ ਦੀ ਸ਼ਾਂਤੀ ਪਾਉਣ ਵਿਚ ਪਰਮੇਸ਼ੁਰ ਦੇ ਸੇਵਕਾਂ ਦੀ ਮਦਦ ਕਰ ਸਕਦੀ ਹੈ।
ਫ਼ਰਿਆਦ ਉਸ ਪ੍ਰਾਰਥਨਾ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਇਕ ਵਿਅਕਤੀ ਪਰਮੇਸ਼ੁਰ ਅੱਗੇ ਤਰਲੇ ਕਰਦਾ ਹੈ। ਉਹ ਯਿਸੂ ਵਾਂਗ ਸ਼ਾਇਦ ਤਣਾਅ ਜਾਂ ਕਿਸੇ ਖ਼ਤਰੇ ਵਿਚ ਹੁੰਦਿਆਂ ਪਰਮੇਸ਼ੁਰ ਨੂੰ ਫ਼ਰਿਆਦ ਕਰੇ। (ਇਬਰਾਨੀਆਂ 5:7) ਅਕਸਰ ਇਸ ਤਰ੍ਹਾਂ ਦੀ ਪ੍ਰਾਰਥਨਾ ਵਾਰ-ਵਾਰ ਕੀਤੀ ਜਾਂਦੀ ਹੈ।
ਪਰਮੇਸ਼ੁਰ ਨੂੰ ਖ਼ਾਸ ਚੀਜ਼ਾਂ ਲਈ ਬੇਨਤੀ ਕੀਤੀ ਜਾਂਦੀ ਹੈ। ਉਸ ਦੇ ਸੇਵਕ “ਹਰ ਗੱਲ ਬਾਰੇ” ਬੇਨਤੀ ਕਰ ਸਕਦੇ ਹਨ। ਪਰ ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਬਾਈਬਲ ਵਿਚ ਦੱਸੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਹੋਣੀਆਂ ਚਾਹੀਦੀਆਂ ਹਨ।—1 ਯੂਹੰਨਾ 5:14.
ਪਰਮੇਸ਼ੁਰ ਨੇ ਸਾਡੇ ਲਈ ਜੋ ਵੀ ਕੀਤਾ ਅਤੇ ਜੋ ਵੀ ਕਰੇਗਾ, ਉਸ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਧੰਨਵਾਦ ਦੀਆਂ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ। ਜਦੋਂ ਅਸੀਂ ਇਸ ਗੱਲ ʼਤੇ ਧਿਆਨ ਲਾਉਂਦੇ ਹਾਂ ਕਿ ਸਾਡੇ ਕੋਲ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣ ਦੇ ਕਿੰਨੇ ਕਾਰਨ ਹਨ, ਤਾਂ ਇਸ ਨਾਲ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਾਂ।—1 ਥੱਸਲੁਨੀਕੀਆਂ 5:16-18.
ਪ੍ਰਾਰਥਨਾਵਾਂ ਦੇ ਜਵਾਬ ਵਿਚ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਮਨ ਦੀ ਸ਼ਾਂਤੀ ਦਿੰਦਾ ਹੈ। “ਪਰਮੇਸ਼ੁਰ ਦੀ ਸ਼ਾਂਤੀ” ਸਿਰਫ਼ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦਾ ਉਸ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ। (ਰੋਮੀਆਂ 15:13; ਫ਼ਿਲਿੱਪੀਆਂ 4:9) ਇਹ ਸ਼ਾਂਤੀ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ” ਕਿਉਂਕਿ ਇਹ ਪਰਮੇਸ਼ੁਰ ਤੋਂ ਮਿਲਦੀ ਹੈ ਅਤੇ ਇਹ ਸਾਡੀ ਇੰਨੀ ਮਦਦ ਕਰ ਸਕਦੀ ਹੈ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ।
ਬਾਈਬਲ ਦੀ ਇਹ ਆਇਤ ਦੱਸਦੀ ਹੈ ਕਿ ਪਰਮੇਸ਼ੁਰ ਦੀ ਸ਼ਾਂਤੀ ਸਾਡੇ ਦਿਲਾਂ ਦੀ ਰਾਖੀ ਕਰ ਸਕਦੀ ਹੈ। ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਰਾਖੀ” ਕੀਤਾ ਗਿਆ ਹੈ, ਉਹ ਸ਼ਬਦ ਕਿਲੇਬੰਦ ਸ਼ਹਿਰ ਦੀ ਰਾਖੀ ਕਰ ਰਹੇ ਫ਼ੌਜੀਆਂ ਲਈ ਵਰਤਿਆ ਜਾਂਦਾ ਸੀ। ਇਸੇ ਤਰ੍ਹਾਂ ਪਰਮੇਸ਼ੁਰ ਦੀ ਸ਼ਾਂਤੀ ਇਕ ਵਿਅਕਤੀ ਦੀਆਂ ਸੋਚਾਂ ਅਤੇ ਭਾਵਨਾਵਾਂ ਦੀ ਰਾਖੀ ਕਰਦੀ ਹੈ। ਇਹ ਉਸ ਦੀ ਮਦਦ ਕਰਦੀ ਹੈ ਕਿ ਉਹ ਚਿੰਤਾਵਾਂ ਦੇ ਬੋਝ ਹੇਠ ਨਾ ਦੱਬ ਜਾਵੇ।
ਪਰਮੇਸ਼ੁਰ ਜਿਹੜੀ ਸ਼ਾਂਤੀ ਦਿੰਦਾ ਹੈ, ਉਹ “ਮਸੀਹ ਯਿਸੂ ਦੇ ਰਾਹੀਂ” ਸਾਡੀ ਰਾਖੀ ਕਰਦੀ ਹੈ। ਅਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹਾਂ? ਕਿਉਂਕਿ ਯਿਸੂ ਦੇ ਰਾਹੀਂ ਹੀ ਅਸੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਾਂ। ਯਿਸੂ ਨੇ ਸਾਡੇ ਪਾਪਾਂ ਕਰਕੇ ਆਪਣੀ ਜਾਨ ਕੁਰਬਾਨ ਕੀਤੀ। ਜੇ ਅਸੀਂ ਉਸ ʼਤੇ ਨਿਹਚਾ ਰੱਖਦੇ ਹਾਂ, ਤਾਂ ਪਰਮੇਸ਼ੁਰ ਸਾਨੂੰ ਬਰਕਤਾਂ ਦੇਵੇਗਾ। (ਇਬਰਾਨੀਆਂ 11:6) ਅਸੀਂ ਯਿਸੂ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਵੀ ਕਰਦੇ ਹਾਂ। ਯਿਸੂ ਨੇ ਕਿਹਾ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।”—ਯੂਹੰਨਾ 14:6; 16:23.
ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਫ਼ਿਲਿੱਪੀਆਂ 4:6, 7 ਦੀ ਸਮਝ
ਫ਼ਿਲਿੱਪੀਆਂ ਦੀ ਕਿਤਾਬ ਇਕ ਚਿੱਠੀ ਹੈ ਜੋ ਪੌਲੁਸ ਰਸੂਲ ਨੇ ਫ਼ਿਲਿੱਪੈ a ਸ਼ਹਿਰ ਦੇ ਮਸੀਹੀਆਂ ਨੂੰ ਲਿਖੀ ਸੀ। ਇਸ ਕਿਤਾਬ ਦੇ ਚੌਥੇ ਅਧਿਆਇ ਵਿਚ ਪੌਲੁਸ ਨੇ ਮੰਡਲੀ ਦੇ ਮਸੀਹੀਆਂ ਨੂੰ ਖ਼ੁਸ਼ ਰਹਿਣ ਦੀ ਹੱਲਾਸ਼ੇਰੀ ਦਿੱਤੀ। ਨਾਲੇ ਉਸ ਨੇ ਉਨ੍ਹਾਂ ਦੀ ਖੁੱਲ੍ਹ-ਦਿਲੀ ਦਾ ਧੰਨਵਾਦ ਕੀਤਾ ਜਿਸ ਕਰਕੇ ਪੌਲੁਸ ਨੂੰ ਖ਼ੁਸ਼ੀ ਮਿਲੀ ਸੀ। (ਫ਼ਿਲਿੱਪੀਆਂ 4:4, 10, 18) ਉਸ ਨੇ ਦਿਖਾਇਆ ਕਿ ਕਿਵੇਂ ਪ੍ਰਾਰਥਨਾ ਕਰਕੇ ਪਰਮੇਸ਼ੁਰ ਦੀ ਸ਼ਾਂਤੀ ਮਿਲਦੀ ਹੈ ਅਤੇ ਉਸ ਨੇ ਦੱਸਿਆ ਕਿ “ਪਰਮੇਸ਼ੁਰ ਦੀ ਸ਼ਾਂਤੀ” ਪਾਉਣ ਲਈ ਸਾਨੂੰ ਕੀ ਸੋਚਣਾ ਅਤੇ ਕਰਨਾ ਚਾਹੀਦਾ ਹੈ।—ਫ਼ਿਲਿੱਪੀਆਂ 4:8, 9.
a ਅੱਜ ਦੇ ਗ੍ਰੀਸ ਵਿਚ।