ਬਾਈਬਲ ਆਇਤਾਂ ਦੀ ਸਮਝ
ਮੱਤੀ 6:34—“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ”
“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34, ਨਵੀਂ ਦੁਨੀਆਂ ਅਨੁਵਾਦ।
“ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ।”—ਮੱਤੀ 6:34, ਪੰਜਾਬੀ ਦੀ ਪਵਿੱਤਰ ਬਾਈਬਲ।
ਮੱਤੀ 6:34 ਦਾ ਮਤਲਬ
ਯਿਸੂ ਦੇ ਇਨ੍ਹਾਂ ਸ਼ਬਦਾਂ ਨੇ ਉਸ ਦੇ ਸੁਣਨ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਆਉਣ ਵਾਲੇ ਕੱਲ੍ਹ ਦੀਆਂ ਮੁਸ਼ਕਲਾਂ ਬਾਰੇ ਚਿੰਤਾ ਜਾਂ ਹੱਦੋਂ ਵੱਧ ਫ਼ਿਕਰ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ, ਜੇ ਉਹ ਅੱਜ ਦੀਆਂ ਮੁਸ਼ਕਲਾਂ ਬਾਰੇ ਹੀ ਸੋਚਣਗੇ, ਤਾਂ ਉਹ ਆਪਣੇ ਕੰਮਾਂ ਵਿਚ ਸਫ਼ਲ ਹੋ ਸਕਣਗੇ।
ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਸਾਨੂੰ ਆਉਣ ਵਾਲੇ ਕੱਲ੍ਹ ਜਾਂ ਭਵਿੱਖ ਬਾਰੇ ਕੋਈ ਯੋਜਨਾ ਨਹੀਂ ਬਣਾਉਣੀ ਚਾਹੀਦੀ। (ਕਹਾਉਤਾਂ 21:5) ਇਸ ਦੀ ਬਜਾਇ, ਉਹ ਸਾਡੀ ਮਦਦ ਕਰ ਰਿਹਾ ਸੀ ਕਿ ਅਸੀਂ ਹੱਦੋਂ ਵੱਧ ਚਿੰਤਾ ਜਾਂ ਫ਼ਿਕਰ ਨਾ ਕਰੀਏ ਕਿ ਕੱਲ੍ਹ ਨੂੰ ਕੀ ਹੋਵੇਗਾ। ਅਜਿਹੀਆਂ ਚਿੰਤਾਵਾਂ ਸਾਡੀ ਖ਼ੁਸ਼ੀ ਖੋਹ ਸਕਦੀਆਂ ਹਨ ਅਤੇ ਸਾਡੇ ਕੰਮਾਂ ਤੋਂ ਸਾਡਾ ਧਿਆਨ ਭਟਕਾ ਸਕਦੀਆਂ ਹਨ। ਆਉਣ ਵਾਲੇ ਕੱਲ੍ਹ ਦੀਆਂ ਮੁਸ਼ਕਲਾਂ ਬਾਰੇ ਅੱਜ ਚਿੰਤਾ ਕਰਨ ਨਾਲ ਉਨ੍ਹਾਂ ਦਾ ਹੱਲ ਨਹੀਂ ਹੋ ਸਕਦਾ। ਨਾਲੇ ਅਕਸਰ ਅਸੀਂ ਜਿਨ੍ਹਾਂ ਗੱਲਾਂ ਬਾਰੇ ਚਿੰਤਾ ਕਰਦੇ ਹਾਂ, ਉਹ ਹੁੰਦੀਆਂ ਹੀ ਨਹੀਂ। ਪਰ ਜੇ ਹੋਣ ਵੀ, ਤਾਂ ਉੱਨਾ ਬੁਰਾ ਨਹੀਂ ਹੁੰਦਾ ਜਿੰਨਾ ਅਸੀਂ ਸੋਚਦੇ ਹਾਂ।
ਹੋਰ ਆਇਤਾਂ ਮੁਤਾਬਕ ਮੱਤੀ 6:34 ਦੀ ਸਮਝ
ਇਹ ਸ਼ਬਦ ਯਿਸੂ ਦੇ ਮਸ਼ਹੂਰ ਪਹਾੜੀ ਉਪਦੇਸ਼ ਵਿੱਚੋਂ ਹਨ ਜੋ ਕਿ ਮੱਤੀ ਅਧਿਆਇ 5-7 ਵਿਚ ਦਰਜ ਹਨ। ਉਸ ਨੇ ਆਪਣੇ ਪਹਾੜੀ ਉਪਦੇਸ਼ ਵਿਚ ਦੱਸਿਆ ਕਿ ਬੇਲੋੜੀਆਂ ਚਿੰਤਾਵਾਂ ਕਰਕੇ ਨਾ ਤਾਂ ਅਸੀਂ ਖ਼ੁਸ਼ ਰਹਿ ਸਕਾਂਗੇ ਤੇ ਨਾ ਹੀ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਾਂਗੇ। (ਮੱਤੀ 6:27) ਉਸ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਰੱਬ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ, ਤਾਂ ਸਾਨੂੰ ਆਉਣ ਵਾਲੇ ਕੱਲ੍ਹ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਰੱਬ ਪੇੜ-ਪੌਦਿਆਂ ਅਤੇ ਜਾਨਵਰਾਂ ਦੀ ਪਰਵਾਹ ਕਰਦਾ ਹੈ, ਤਾਂ ਕੀ ਉਹ ਉਨ੍ਹਾਂ ਦੀ ਪਰਵਾਹ ਨਹੀਂ ਕਰੇਗਾ ਜੋ ਉਸ ਦੀ ਸੇਵਾ ਕਰਦੇ ਹਨ?—ਮੱਤੀ 6:25, 26, 28-33.
ਮੱਤੀ ਅਧਿਆਇ 6 ਪੜ੍ਹੋ।