ਬਾਈਬਲ ਆਇਤਾਂ ਦੀ ਸਮਝ
ਯਸਾਯਾਹ 41:10—“ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ”
“ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”—ਯਸਾਯਾਹ 41:10, ਪੰਜਾਬੀ ਦੀ ਪਵਿੱਤਰ ਬਾਈਬਲ।
“ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। . . ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ। ਮੈਂ ਤੈਨੂੰ ਮਜ਼ਬੂਤ ਬਣਾਵਾਂਗਾ। . . . ਮੈਂ ਤੇਰੀ ਸਹਾਇਤਾ ਕਰਾਂਗਾ। ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ।”—ਯਸਾਯਾਹ 41:10, ਈਜ਼ੀ ਟੂ ਰੀਡ ਵਰਯਨ।
ਯਸਾਯਾਹ 41:10 ਦਾ ਮਤਲਬ
ਯਹੋਵਾਹ a ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਚਾਹੇ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ, ਉਹ ਉਨ੍ਹਾਂ ਦੀ ਮਦਦ ਕਰੇਗਾ।
“ਮੈਂ ਤੇਰੇ ਅੰਗ ਸੰਗ ਜੋ ਹਾਂ।” ਯਹੋਵਾਹ ਆਪਣੇ ਸੇਵਕਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਕਿਉਂ ਨਹੀਂ ਡਰਨਾ ਚਾਹੀਦਾ। ਕਿਉਂਕਿ ਉਹ ਇਕੱਲੇ ਨਹੀਂ ਹਨ। ਉਹ ਆਪ ਉਨ੍ਹਾਂ ਦੇ ਨਾਲ ਹੈ। ਉਹ ਦੇਖਦਾ ਹੈ ਕਿ ਉਨ੍ਹਾਂ ʼਤੇ ਕੀ ਬੀਤਦੀ ਹੈ ਅਤੇ ਉਹ ਆਪ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ।—ਜ਼ਬੂਰ 34:15; 1 ਪਤਰਸ 3:12.
“ਮੈਂ ਤੇਰਾ ਪਰਮੇਸ਼ੁਰ ਜੋ ਹਾਂ।” ਯਹੋਵਾਹ ਅਜੇ ਵੀ ਆਪਣੇ ਆਪ ਨੂੰ ਉਨ੍ਹਾਂ ਦਾ ਪਰਮੇਸ਼ੁਰ ਕਹਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਸੇਵਕਾਂ ਵਜੋਂ ਕਬੂਲ ਕਰਦਾ ਹੈ। ਉਹ ਭਰੋਸਾ ਰੱਖ ਸਕਦੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਉਸ ਨੂੰ ਉਨ੍ਹਾਂ ਦੀ ਮਦਦ ਕਰਨ ਤੋਂ ਨਹੀਂ ਰੋਕ ਸਕਦੇ। ਯਹੋਵਾਹ ਇਹ ਗੱਲ ਯਾਦ ਕਰਾ ਕੇ ਆਪਣੇ ਸੇਵਕਾਂ ਨੂੰ ਦਿਲਾਸਾ ਦਿੰਦਾ ਹੈ।—ਜ਼ਬੂਰ 118:6; ਰੋਮੀਆਂ 8:32; ਇਬਰਾਨੀਆਂ 13:6.
“ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” ਇਹ ਤਿੰਨ ਗੱਲਾਂ ਕਹਿ ਕੇ ਯਹੋਵਾਹ ਇਸ ਗੱਲ ʼਤੇ ਜ਼ੋਰ ਦੇ ਰਿਹਾ ਹੈ ਕਿ ਉਹ ਜ਼ਰੂਰ ਆਪਣੇ ਲੋਕਾਂ ਦੀ ਮਦਦ ਕਰੇਗਾ। ਸੱਜੇ ਹੱਥ ਦੀ ਮਿਸਾਲ ਵਰਤ ਕੇ ਉਹ ਦੱਸਣਾ ਚਾਹੁੰਦਾ ਹੈ ਕਿ ਉਹ ਕਿਵੇਂ ਉਨ੍ਹਾਂ ਦੀ ਮਦਦ ਕਰਦਾ ਹੈ। ਜੇ ਕੋਈ ਡਿੱਗ ਜਾਂਦਾ ਹੈ, ਤਾਂ ਪਰਮੇਸ਼ੁਰ ਆਪਣਾ ਹੱਥ ਵਧਾ ਕੇ ਉਸ ਨੂੰ ਚੁੱਕਦਾ ਹੈ।—ਯਸਾਯਾਹ 41:13.
ਉਹ ਖ਼ਾਸ ਕਰਕੇ ਆਪਣੇ ਬਚਨ ਬਾਈਬਲ ਦੇ ਜ਼ਰੀਏ ਆਪਣੇ ਸੇਵਕਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। (ਯਹੋਸ਼ੁਆ 1:8; ਇਬਰਾਨੀਆਂ 4:12) ਮਿਸਾਲ ਲਈ, ਜਿਹੜੇ ਲੋਕ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗ਼ਮ, ਗਰੀਬੀ, ਬੀਮਾਰੀ ਜਾਂ ਹੋਰ ਮੁਸ਼ਕਲਾਂ ਸਹਿ ਰਹੇ ਹਨ, ਉਨ੍ਹਾਂ ਨੂੰ ਰੱਬ ਦਾ ਬਚਨ ਸਲਾਹ ਦਿੰਦਾ ਹੈ ਕਿ ਉਹ ਕਿਵੇਂ ਇਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਨ। (ਕਹਾਉਤਾਂ 2:6, 7) ਰੱਬ ਆਪਣੀ ਪਵਿੱਤਰ ਸ਼ਕਤੀ ਦੇ ਕੇ ਆਪਣੇ ਸੇਵਕਾਂ ਨੂੰ ਮਾਨਸਿਕ ਅਤੇ ਭਾਵਾਤਮਕ ਤੌਰ ਤੇ ਮਜ਼ਬੂਤ ਕਰਦਾ ਹੈ ਤਾਂਕਿ ਉਹ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰ ਸਕਣ।—ਯਸਾਯਾਹ 40:29; ਲੂਕਾ 11:13.
ਹੋਰ ਆਇਤਾਂ ਮੁਤਾਬਕ ਯਸਾਯਾਹ 41:10 ਦੀ ਸਮਝ
ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਜਾਣਾ ਸੀ। ਇਸ ਆਇਤ ਦੇ ਸ਼ਬਦਾਂ ਤੋਂ ਵਫ਼ਾਦਾਰ ਯਹੂਦੀਆਂ ਨੂੰ ਬਹੁਤ ਦਿਲਾਸਾ ਮਿਲਿਆ ਹੋਣਾ। ਯਹੋਵਾਹ ਨੇ ਭਵਿੱਖਬਾਣੀ ਕੀਤੀ ਕਿ ਯਹੂਦੀ ਆਪਣੀ ਗ਼ੁਲਾਮੀ ਦੇ ਖ਼ਤਮ ਹੋਣ ਵੇਲੇ ਇਕ ਰਾਜੇ ਬਾਰੇ ਖ਼ਬਰਾਂ ਸੁਣਨਗੇ ਜੋ ਆਲੇ-ਦੁਆਲੇ ਦੀਆਂ ਕੌਮਾਂ ਨੂੰ ਤਬਾਹ ਕਰ ਦੇਵੇਗਾ ਅਤੇ ਬਾਬਲ ਨੂੰ ਧਮਕੀ ਦੇਵੇਗਾ। (ਯਸਾਯਾਹ 41:2-4; 44:1-4) ਭਾਵੇਂ ਬਾਬਲ ਅਤੇ ਆਲੇ-ਦੁਆਲੇ ਦੇ ਦੇਸ਼ ਅਜਿਹੀਆਂ ਖ਼ਬਰਾਂ ਸੁਣ ਕੇ ਕੰਬਣਗੇ, ਪਰ ਯਹੂਦੀਆਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਕਿਉਂਕਿ ਯਹੋਵਾਹ ਆਪ ਉਨ੍ਹਾਂ ਦੀ ਰਾਖੀ ਕਰੇਗਾ। ਉਨ੍ਹਾਂ ਨੂੰ ਭਰੋਸਾ ਦਿਵਾਉਣ ਲਈ ਉਸ ਨੇ ਤਿੰਨ ਵਾਰ ਇਹ ਸ਼ਬਦ ਵਰਤੇ: “ਨਾ ਡਰ।”—ਯਸਾਯਾਹ 41:5, 6, 10, 13, 14.
ਯਸਾਯਾਹ 41:10 ਦੇ ਸ਼ਬਦ ਪਰਮੇਸ਼ੁਰ ਨੇ ਚਾਹੇ ਬਾਬਲ ਦੀ ਗ਼ੁਲਾਮੀ ਵਿਚ ਗਏ ਵਫ਼ਾਦਾਰ ਯਹੂਦੀਆਂ ਨੂੰ ਕਹੇ ਸਨ, ਪਰ ਉਸ ਨੇ ਇਹ ਸ਼ਬਦ ਆਪਣੇ ਸਾਰੇ ਸੇਵਕਾਂ ਲਈ ਸੰਭਾਲ ਕੇ ਰੱਖੇ ਹਨ। (ਯਸਾਯਾਹ 40:8; ਰੋਮੀਆਂ 15:4) ਪੁਰਾਣੇ ਸਮੇਂ ਵਾਂਗ ਉਹ ਅੱਜ ਵੀ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ।
ਯਸਾਯਾਹ ਅਧਿਆਇ 41 ਪੜ੍ਹੋ।
a ਯਹੋਵਾਹ ਰੱਬ ਦਾ ਨਾਮ ਹੈ।—ਜ਼ਬੂਰ 83:18.