ਬਾਈਬਲ ਆਇਤਾਂ ਦੀ ਸਮਝ
ਯੂਹੰਨਾ 16:33—“ਮੈਂ ਦੁਨੀਆਂ ਨੂੰ ਜਿੱਤ ਲਿਆ ਹੈ”
“ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਮੇਰੇ ਰਾਹੀਂ ਤੁਹਾਨੂੰ ਸ਼ਾਂਤੀ ਮਿਲੇ। ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”—ਯੂਹੰਨਾ 16:33, ਨਵੀਂ ਦੁਨੀਆਂ ਅਨੁਵਾਦ।
“ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।”—ਯੂਹੰਨਾ 16:33, ਪਵਿੱਤਰ ਬਾਈਬਲ (OV).
ਯੂਹੰਨਾ 16:33 ਦਾ ਮਤਲਬ
ਇਨ੍ਹਾਂ ਸ਼ਬਦਾਂ ਨਾਲ ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਵੀ ਅਜ਼ਮਾਇਸ਼ਾਂ ਅਤੇ ਵਿਰੋਧਤਾ ਦੇ ਬਾਵਜੂਦ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਨ।
“ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਮੇਰੇ ਰਾਹੀਂ a ਤੁਹਾਨੂੰ ਸ਼ਾਂਤੀ ਮਿਲੇ।” ਬਾਕੀ ਦੀ ਆਇਤ ਤੋਂ ਪਤਾ ਲੱਗਦਾ ਹੈ ਕਿ ਇਸ ਸ਼ਾਂਤੀ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਇਸ ਦੀ ਬਜਾਇ, ਤੁਹਾਡੇ ਕੋਲ ਮਨ ਦੀ ਸ਼ਾਂਤੀ ਹੋਵੇਗੀ। ਇਹ ਮਨ ਦੀ ਸ਼ਾਂਤੀ ਯਿਸੂ “ਰਾਹੀਂ” ਮਿਲਦੀ ਹੈ ਜਿਸ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੇਗੀ। ਇਹ ਤਾਕਤਵਰ “ਮਦਦਗਾਰ” ਯਾਨੀ ਪਵਿੱਤਰ ਸ਼ਕਤੀ ਯਿਸੂ ਦੇ ਚੇਲਿਆਂ ਦੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦੀ ਹੈ।—ਯੂਹੰਨਾ 14:16, 26, 27.
“ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ!” ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ, ਜਿਵੇਂ ਅਨਿਆਂ ਤੇ ਅਤਿਆਚਾਰ। (ਮੱਤੀ 24:9; 2 ਤਿਮੋਥਿਉਸ 3:12) ਪਰ ਉਨ੍ਹਾਂ ਕੋਲ ‘ਹੌਸਲਾ ਰੱਖਣ’ ਦਾ ਕਾਰਨ ਸੀ।—ਯੂਹੰਨਾ 16:33.
“ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।” ਇੱਥੇ “ਦੁਨੀਆਂ” ਸ਼ਬਦ ਕੁਧਰਮੀ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਕਰੀਬੀ ਰਿਸ਼ਤਾ ਨਹੀਂ ਹੈ। b 1 ਯੂਹੰਨਾ 5:19 ਵਿਚ ਲਿਖਿਆ ਹੈ: “ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।” ਇਸ ਲਈ ਇਸ “ਦੁਨੀਆਂ” ਦੇ ਲੋਕਾਂ ਦੀ ਸੋਚ ਤੇ ਕੰਮ ਪਰਮੇਸ਼ੁਰ ਦੀ ਇੱਛਾ ਤੋਂ ਉਲਟ ਹਨ।—1 ਯੂਹੰਨਾ 2:15-17.
ਸ਼ੈਤਾਨ ਅਤੇ ਉਸ ਦੀ ਦੁਨੀਆਂ ਨੇ ਯਿਸੂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਪਰਮੇਸ਼ੁਰ ਬਾਰੇ ਦੂਜਿਆਂ ਨੂੰ ਸਿਖਾਉਣਾ ਅਤੇ ਆਪਣੀ ਮੁਕੰਮਲ ਜਾਨ ਕੁਰਬਾਨ ਕਰਨੀ ਸ਼ਾਮਲ ਸੀ। (ਮੱਤੀ 20:28; ਲੂਕਾ 4:13; ਯੂਹੰਨਾ 18:37) ਪਰ ਯਿਸੂ ਨੇ ਨਾ ਤਾਂ ਦੁਨੀਆਂ ਦੀ ਸੋਚ ਦਾ ਆਪਣੇ ʼਤੇ ਅਸਰ ਪੈਣ ਦਿੱਤਾ ਤੇ ਨਾ ਹੀ ਇਸ ਕਰਕੇ ਉਹ ਪਰਮੇਸ਼ੁਰ ਤੋਂ ਦੂਰ ਹੋਇਆ। ਉਹ ਮੌਤ ਤਕ ਵਫ਼ਾਦਾਰ ਰਿਹਾ। ਇਸ ਕਰਕੇ ਯਿਸੂ ਕਹਿ ਸਕਿਆ ਕਿ ਉਸ ਨੇ ਦੁਨੀਆਂ ਨੂੰ ਜਿੱਤ ਲਿਆ ਹੈ ਅਤੇ ‘ਇਸ ਦੁਨੀਆਂ ਦੇ ਹਾਕਮ’ ਸ਼ੈਤਾਨ ਦਾ ਉਸ ʼਤੇ “ਕੋਈ ਵੱਸ ਨਹੀਂ ਚੱਲਦਾ।”—ਯੂਹੰਨਾ 14:30.
ਯਿਸੂ ਨੇ ਆਪਣੀ ਮਿਸਾਲ ਰਾਹੀਂ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਹ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦੇ ਹਨ, ਉਦੋਂ ਵੀ ਜਦੋਂ ਉਨ੍ਹਾਂ ਦੀ ਵਫ਼ਾਦਾਰੀ ਪਰਖੀ ਜਾਂਦੀ ਹੈ। ਸੋ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ “ਜੇ ਮੈਂ ਦੁਨੀਆਂ ਨੂੰ ਜਿੱਤ ਸਕਦਾ ਹਾਂ, ਤਾਂ ਤੁਸੀਂ ਵੀ ਜਿੱਤ ਸਕਦੇ ਹੋ।”
ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਯੂਹੰਨਾ 16:33 ਦੀ ਸਮਝ
ਯਿਸੂ ਨੇ ਇਹ ਸ਼ਬਦ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਕਹੇ ਸਨ। ਉਹ ਜਾਣਦਾ ਸੀ ਕਿ ਉਸ ਨੇ ਜਲਦੀ ਮਰ ਜਾਣਾ ਸੀ। ਇਸ ਲਈ ਉਸ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੇ ਵਫ਼ਾਦਾਰ ਰਸੂਲਾਂ ਨੂੰ ਆਖ਼ਰੀ ਸਲਾਹਾਂ ਦਿੱਤੀਆਂ। ਉਸ ਨੇ ਉਨ੍ਹਾਂ ਨੂੰ ਕੁਝ ਅਹਿਮ ਸੱਚਾਈਆਂ ਵੀ ਦੱਸੀਆਂ ਜਿਨ੍ਹਾਂ ʼਤੇ ਉਨ੍ਹਾਂ ਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਸੀ: ਉਹ ਯਿਸੂ ਨੂੰ ਦੁਬਾਰਾ ਨਹੀਂ ਦੇਖਣਗੇ ਅਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾਣਗੇ, ਇੱਥੋਂ ਤਕ ਕਿ ਉਨ੍ਹਾਂ ਨੂੰ ਮਾਰ ਵੀ ਦਿੱਤਾ ਜਾਵੇਗਾ। (ਯੂਹੰਨਾ 15:20; 16:2, 10) ਇਨ੍ਹਾਂ ਗੱਲਾਂ ਕਰਕੇ ਉਸ ਦੇ ਰਸੂਲ ਡਰ ਸਕਦੇ ਸਨ। ਇਸ ਲਈ ਯਿਸੂ ਨੇ ਅਖ਼ੀਰ ਵਿਚ ਯੂਹੰਨਾ 16:33 ਦੇ ਸ਼ਬਦਾਂ ਨਾਲ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਭਰੋਸਾ ਦਿਵਾਇਆ।
ਯਿਸੂ ਦੇ ਸ਼ਬਦਾਂ ਅਤੇ ਉਸ ਦੀ ਮਿਸਾਲ ਤੋਂ ਅੱਜ ਵੀ ਉਸ ਦੇ ਚੇਲਿਆਂ ਨੂੰ ਹੌਸਲਾ ਮਿਲ ਸਕਦਾ ਹੈ। ਮੁਸ਼ਕਲਾਂ ਦੇ ਬਾਵਜੂਦ ਵੀ ਸਾਰੇ ਮਸੀਹੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦੇ ਹਨ।
a ਜਿਨ੍ਹਾਂ ਯੂਨਾਨੀ ਸ਼ਬਦਾਂ ਦਾ ਅਨੁਵਾਦ “ਮੇਰੇ ਰਾਹੀਂ” ਕੀਤਾ ਗਿਆ ਹੈ, ਉਨ੍ਹਾਂ ਦਾ ਅਨੁਵਾਦ “ਮੇਰੇ ਨਾਲ ਏਕਤਾ ਵਿਚ ਬੱਝਾ” ਵੀ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਯਿਸੂ ਦੇ ਚੇਲੇ ਉਸ ਨਾਲ ਏਕਤਾ ਵਿਚ ਰਹਿ ਕੇ ਸ਼ਾਂਤੀ ਦਾ ਆਨੰਦ ਮਾਣ ਸਕਦੇ ਹਨ।
b ਯੂਹੰਨਾ 15:19 ਅਤੇ 2 ਪਤਰਸ 2:5 ਵਿਚ ਵਰਤੇ ਗਏ “ਦੁਨੀਆਂ” ਸ਼ਬਦ ਦਾ ਇੱਕੋ ਮਤਲਬ ਹੈ।