ਬਾਈਬਲ ਆਇਤਾਂ ਦੀ ਸਮਝ
ਰੋਮੀਆਂ 10:13—“ਜਿਹੜਾ ਪ੍ਰਭੁ ਦਾ ਨਾਮ ਲਵੇਗਾ”
“ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।”—ਰੋਮੀਆਂ 10:13, ਨਵੀਂ ਦੁਨੀਆਂ ਅਨੁਵਾਦ।
“ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।”—ਰੋਮੀਆਂ 10:13, ਪੰਜਾਬੀ ਦੀ ਪਵਿੱਤਰ ਬਾਈਬਲ।
ਰੋਮੀਆਂ 10:13 ਦਾ ਮਤਲਬ
ਰੱਬ ਪੱਖਪਾਤ ਨਹੀਂ ਕਰਦਾ ਅਤੇ ਉਹ ਸਾਰੇ ਲੋਕਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣੀਆਂ ਜ਼ਿੰਦਗੀਆਂ ਬਚਾਉਣ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ, ਭਾਵੇਂ ਉਹ ਕਿਸੇ ਵੀ ਦੇਸ਼, ਜਾਤ ਜਾਂ ਸਮਾਜਕ ਰੁਤਬੇ ਦੇ ਹੋਣ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦਾ ਨਾਂ ਲਈਏ। a—ਜ਼ਬੂਰਾਂ ਦੀ ਪੋਥੀ 83:18.
ਜਦੋਂ ਬਾਈਬਲ ਵਿਚ ਕਿਹਾ ਜਾਂਦਾ ਹੈ ਕਿ ‘ਮੈਂ ਯਹੋਵਾਹ ਦੇ ਨਾਮ ਉੱਤੇ ਪੁਕਾਰਾਂਗਾ,’ ਤਾਂ ਇਸ ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਅਸੀਂ ਸਿਰਫ਼ ਉਸ ਦਾ ਨਾਂ ਜਾਣੀਏ ਅਤੇ ਭਗਤੀ ਕਰਦਿਆਂ ਉਸ ਦੇ ਨਾਂ ਦਾ ਇਸਤੇਮਾਲ ਕਰੀਏ। (ਜ਼ਬੂਰਾਂ ਦੀ ਪੋਥੀ 116:12-14) ਸਗੋਂ ਇਸ ਵਿਚ ਇਹ ਗੱਲ ਵੀ ਸ਼ਾਮਲ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ ਅਤੇ ਮਦਦ ਲਈ ਉਸ ਨੂੰ ਪੁਕਾਰੀਏ।—ਜ਼ਬੂਰਾਂ ਦੀ ਪੋਥੀ 20:7; 99:6.
ਯਿਸੂ ਲਈ ਰੱਬ ਦਾ ਨਾਂ ਬਹੁਤ ਖ਼ਾਸ ਸੀ। ਜਦੋਂ ਯਿਸੂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ, ਤਾਂ ਉਸ ਨੇ ਸਭ ਤੋਂ ਪਹਿਲਾ ਇਹ ਸ਼ਬਦ ਕਹੇ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਯਿਸੂ ਨੇ ਇਹ ਵੀ ਸਿਖਾਇਆ ਕਿ ਜੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਜਾਣੀਏ, ਉਸ ਦੇ ਆਗਿਆਕਾਰ ਰਹੀਏ ਅਤੇ ਉਸ ਨੂੰ ਪਿਆਰ ਕਰੀਏ।—ਯੂਹੰਨਾ 17:3, 6, 26.
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਰੋਮੀਆਂ 10:13 ਵਿਚ “ਪ੍ਰਭੁ” ਸ਼ਬਦ ਯਹੋਵਾਹ ਲਈ ਵਰਤਿਆ ਗਿਆ ਹੈ? ਕਿਉਂਕਿ ਇਹ ਆਇਤ ਯੋਏਲ 2:32 ਦਾ ਹਵਾਲਾ ਦਿੰਦੀ ਹੈ, ਜਿੱਥੇ ਮੁਢਲੀਆਂ ਇਬਰਾਨੀ ਲਿਖਤਾਂ ਵਿਚ ਖ਼ਿਤਾਬ “ਪ੍ਰਭੁ” ਦੀ ਬਜਾਇ ਰੱਬ ਦਾ ਨਾਂ ਵਰਤਿਆ ਗਿਆ ਹੈ। b
ਹੋਰ ਆਇਤਾਂ ਮੁਤਾਬਕ ਰੋਮੀਆਂ 10:13 ਦੀ ਸਮਝ
ਰੋਮੀਆਂ ਅਧਿਆਇ 10 ਵਿਚ ਦੱਸਿਆ ਗਿਆ ਹੈ ਕਿ ਜਿਹੜਾ ਵਿਅਕਤੀ ਰੱਬ ਦੀ ਮਨਜ਼ੂਰੀ ਪਾਉਣੀ ਚਾਹੁੰਦਾ ਹੈ ਉਸ ਲਈ ਜ਼ਰੂਰੀ ਹੈ ਕਿ ਉਹ ਯਿਸੂ ਮਸੀਹ ʼਤੇ ਨਿਹਚਾ ਕਰੇ। (ਰੋਮੀਆਂ 10:9) ਪੁਰਾਣੇ ਨੇਮ ਵਿਚ ਦੱਸੀਆਂ ਬਹੁਤ ਸਾਰੀਆਂ ਗੱਲਾਂ ਇਸ ਗੱਲ ਨਾਲ ਮੇਲ ਖਾਂਦੀਆਂ ਹਨ। ਇਕ ਵਿਅਕਤੀ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ ਜਦੋਂ ਉਹ ‘ਸਾਰਿਆਂ ਸਾਮ੍ਹਣੇ ਐਲਾਨ ਕਰਦਾ’ ਹੈ। ਇਸ ਵਿਚ ਅਵਿਸ਼ਵਾਸੀਆਂ ਸਾਮ੍ਹਣੇ ਮੁਕਤੀ ਪਾਉਣ ਲਈ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ ਵੀ ਸ਼ਾਮਲ ਹੈ। ਨਤੀਜੇ ਵਜੋਂ ਉਹ ਵਿਅਕਤੀ ਦੂਜਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ʼਤੇ ਨਿਹਚਾ ਕਰਨ ਦਾ ਮੌਕਾ ਦਿੰਦਾ ਹੈ।—ਰੋਮੀਆਂ 10:10, 14, 15, 17.
ਰੋਮੀਆਂ ਅਧਿਆਇ 10 ਪੜ੍ਹੋ।
a ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਰੱਬ ਦਾ ਨਾਂ ਲਗਭਗ 7,000 ਵਾਰੀ ਆਉਂਦਾ ਹੈ। ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਚਾਰ ਅੱਖਰਾਂ ਵਿਚ ਪਾਇਆ ਜਾਂਦਾ ਹੈ ਜਿਸ ਨੂੰ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ। ਅਕਸਰ ਪੰਜਾਬੀ ਵਿਚ ਇਸ ਨਾਂ ਦਾ ਅਨੁਵਾਦ “ਯਹੋਵਾਹ” ਕੀਤਾ ਜਾਂਦਾ ਹੈ। ਪਰ ਕੁਝ ਵਿਦਵਾਨ ਇਸ ਨਾਂ ਦਾ ਅਨੁਵਾਦ “ਯਾਹਵੇਹ” ਕਰਦੇ ਹਨ।
b ਜਦੋਂ ਮਸੀਹੀ ਬਾਈਬਲ ਲਿਖਾਰੀਆਂ ਨੇ “ਪੁਰਾਣੇ ਨੇਮ” ਵਿੱਚੋਂ ਉਹ ਹਵਾਲੇ ਦਿੱਤੇ ਜਿਨ੍ਹਾਂ ਵਿਚ ਰੱਬ ਦਾ ਨਾਂ ਸੀ, ਤਾਂ ਉਨ੍ਹਾਂ ਨੇ ਵੀ ਰੱਬ ਦੇ ਨਾਂ ਦਾ ਇਸਤੇਮਾਲ ਕੀਤਾ ਹੋਣਾ। ਦ ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਇਸ ਗੱਲ ਦਾ ਕੁਝ ਹੱਦ ਤਕ ਤਾਂ ਸਬੂਤ ਹੈ ਕਿ ਜਦੋਂ ਨਵਾਂ ਨੇਮ ਲਿਖਿਆ ਗਿਆ ਸੀ, ਤਾਂ ਇਸ ਵਿਚ ਦਿੱਤੇ ਪੁਰਾਣੇ ਨੇਮ ਦੇ ਹਵਾਲਿਆਂ ਵਿਚ ਪਰਮੇਸ਼ੁਰ ਦਾ ਨਾਂ ਯਾਹਵੇਹ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਗਿਆ ਸੀ।” (ਖੰਡ 6, ਸਫ਼ਾ 392) ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਨਾਂ ਦੀ ਪੁਸਤਿਕਾ ਵਿਚ “ਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ” ਭਾਗ 2 ਦੇਖੋ।